• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Lakhwinder Singh

Lakhwinder Singh

ਸੂਰਤ

by Lakhwinder Singh March 17, 2021
ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!
ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ ਰੰਗ ਤੋਂ ਘਿਰਣਾ ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ ਅਤੇ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਏ ! ਇਹਨਾਂ ਤੰਗੀਆਂ ਤੁਰਸ਼ੀਆਂ ਵਿੱਚੋ ਗੁਜਰਦੀ ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ ਲੱਗੀ ਸਲੰਡਰ ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ ! ਜਦੋ ਪਤੀ ਦੇ ਮੂੰਹ ਤੇ ਪਈ ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ
ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!!
ਲੇਖਕ ਜਗਜੀਤ ਡੱਲ

ਰੱਖੜੀ

by Lakhwinder Singh August 1, 2020

ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ।

ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ। ਉਹਦੇ ਪਿਆਰ ਅੱਗੇ ਬਾਕੀ ਸਭ ਦਾ ਪਿਆਰ ਫਿੱਕਾ-ਫਿੱਕਾ ਜਿਹਾ ਲੱਗਦਾ ਸੀ।

ਉਹ ਮੈਨੂੰ ਜਿੱਥੇ ਵੀ ਮਿਲਣ ਬੁਲਾਉਦਾਂ, ਮੈਂ ਬਿਨ੍ਹਾਂ ਕੋਈ ਸਵਾਲ ਕੀਤੇ ਪਹੁੰਚ ਜਾਂਦੀ ਸੀ। ਪਰ ਫਿਰ ਵੀ ਮੈਨੂੰ ਉਹਦਾ ਪਿਆਰ ਜਿਸਮਾਨੀ ਨਾ ਹੋ ਕੇ ਰੂਹਾਨੀ ਲੱਗਦਾ।ਘਰ ਲੈਂਡਲਾਇਨ ਫੋਨ ਤੇ ਗੱਲ ਕਰਨੀ ਔਖੀ ਲੱਗਦੀ ਸੀ, ਤਾਂ ਉਹਨੇ ਮੋਬਾਇਲ ਲੈ ਦਿੱਤਾ। ਸਭ ਤੋਂ ਚੋਰੀ ਛੁਪਾ ਕੇ ਰੱਖਦੀ। ਪਰ ਕਹਿੰਦੇ ਹਨ ਕਿ ਆਸ਼ਿਕ ਅੰਨ੍ਹੇ ਹੁੰਦੇ ਹਨ, ਪਰ ਆਸਪਾਸ ਵਾਲੇ ਨਹੀ। ਵੈਸੇ ਵੀ ਮਾਂਵਾਂ ਦੀਆਂ ਅੱਖਾਂ ਤੋ ਬਹੁਤੀ ਦੇਰ ਕੁੱਝ ਲੁਕ ਨਹੀ ਸਕਦਾ। ਮਾਂ ਨੂੰ ਥੌੜਾ ਸ਼ੱਕ ਹੋਇਆ ਕਿ ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਕੀ ਕਰਦੀ ਰਹਿੰਦੀ ਹਾਂ।

ਉਹਨੇ ਡੈਡੀ ਨੂੰ ਬਿਨ੍ਹਾਂ ਦੱਸੇ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਿਆਰ ਤਾਂ ਚੰਗਿਆਂ-ਚੰਗਿਆਂ ਦੀ ਮੱਤ ਤੇ ਪਰਦਾ ਪਾ ਦਿੰਦਾ, ਮੈਂ ਤਾਂ ਹੈ ਹੀ ਨਿਆਣੀ ਮੱਤ ਸੀ। ਉਹ ਹੁਣ ਮੇਰੇ ਅਉਣ-ਜਾਣ ਦੇ ਟਾਇਮ ਦਾ ਖਿਆਲ ਰੱਖਦੀ। ਪਰ ਆਜਾਦ ਪਰਦਿੰਆਂ ਨੂੰ ਬੰਧਨ ਕਿੱਥੇ ਚੰਗੇ ਲੱਗਦੇ ਹਨ।ਇਸ ਟੋਕਾ-ਟਾਕੀ ਤੋਂ ਅਸੀ ਦੋਨੋ ਤੰਗ ਆ ਗਏ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਮੇਰਾ ਸੱਚਾ ਪਿਆਰ ਇਹਨਾਂ ਨੂੰ ਕਦੇ ਸਮਝ ਨਹੀ ਆ ਸਕਣਾ।

ਉਹ ਮੇਰੇ ਤੋ ਵੱਡਾ ਸੀ, ਉਹਦੀ ਗ੍ਰੈਜੁਏਸ਼ਨ ਤਾਂ ਪੂਰੀ ਹੋ ਹੀ ਗਈ ਸੀ, ਮੇਰਾ ਹੀ ਇੱਕ ਸਾਲ ਬਾਕੀ ਸੀ। ਪਰ ਉਹਦੇ ਲਈ ਤਾਂ ਮੈਂ ਸਭ ਕੁਰਬਾਨ ਕਰਨ ਨੂੰ ਤਿਆਰ ਸੀ ਅਸੀ ਦੋਵਾਂ ਨੇ ਘਰੋ ਭੱਜਣ ਦੀ ਸਕੀਮ ਬਣਾ ਲਈ। ਇੰਨੀ ਖੁਸ਼ੀ ਮੈਨੂੰ ਕਦੇ ਨਹੀ ਹੋਈ ਸੀ, ਜਿੰਨੀ ਕਿ ਸਿਰਫ ਉਹਦੇ ਨਾਲ ਰਹਿਣ ਦੀ ਕਲਪਨਾ ਕਰਕੇ ਹੀ ਹੋ ਰਹੀ ਸੀ।
ਰਾਤ ਨੂੰ ਹੀ ਮੈਂ ਸਭ ਤਿਆਰੀ ਕਰ ਲਈ ਸੀ।

ਪਹਿਲੀ ਬੱਸ ਸਾਡੇ ਸ਼ਹਿਰ ਤੋਂ ਚਾਰ ਵਜੇ ਚੱਲਦੀ ਸੀ ਤੇ ਫਿਰ ਸਾਢੇ-ਚਾਰ। ਮੈਂ ਚਾਰ ਵਜੇ ਚੁੱਪ-ਚਾਪ ਘਰੋ ਨਿਕਲ ਪਈ, ਕੁੱਝ ਕੱਪੜੇ ਤੇ ਪੈਸੇ ਮੈਂ ਰੱਖ ਲਏ ਸੀ ਕਾਲਜ ਬੈੱਗ ਵਿੱਚ। ਘਰ ਦੀ ਇੱਕ ਚਾਬੀ ਮੇਰੇ ਕੋਲ ਹੁੰਦੀ ਹੀ ਸੀ, ਕਿਉਕਿ ਮੰਮੀ-ਡੈਡੀ ਦੋਨੋ ਨੌਕਰੀ ਕਰਦੇ ਸਨ ਅਤੇ ਕਈ ਵਾਰ ਮੈਂ ਜਲਦੀ ਘਰ ਆ ਜਾਂਦੀ ਸੀ। ਮੈਨੂੰ ਇਹ ਵੀ ਪਤਾ ਸੀ ਕਿ ਮੰਮੀ-ਡੈਡੀ 5:30 ਉੱਠਦੇ ਹਨ ਅਤੇ ਮੈਨੂੰ ਤਾਂ 6:30 ਤੱਕ ਕੋਈ ਉਠਾਉਣ ਵੀ ਨਹੀ ਅਉਦਾ। ਉਦੋਂ ਤੱਕ ਤਾਂ ਅਸੀ ਬਹੁਤ ਦੂਰ ਨਿਕਲ ਚੁੱਕੇ ਹੋਵਾਂਗੇ।

ਮੇਰੇ ਕਦਮਾਂ ਵਿੱਚ ਕਾਹਲ ਸੀ ਅਤੇ ਦਿਲ ਵਿੱਚ ਡਰ ਦਾ ਨਾਮੋ-ਨਿਸ਼ਾਨ ਵੀ ਨਹੀ ਸੀ। ਬੱਸ ਸਟੈਂਡ ਪਹੁੰਚ ਜਦੋ ਮੈਂ ਬੱਸ ਵਿੱਚ ਚੜ੍ਹੀ ਤਾਂ 10-12 ਹੀ ਸਵਾਰੀਆਂ ਸਨ, ਜੋ ਮੈਨੂੰ ਕਾਲਜ ਵਿਦਿਆਰਥੀ ਹੀ ਸਮਝ ਕੇ ਆਪਣੇ ਧਿਆਨ ਬੈਠੀਆਂ ਸਨ। ਮੈਂ ਆਪਣੇ ਹੀ ਸੰਤਰੰਗੇ ਸੁਪਨਿਆਂ ਵਿੱਚ ਗਵਾਚੀ ਸੀਟ ਉੱਪਰ ਬੈਠ ਗਈ। ਬੱਸ ਚੱਲਣ ਵਿੱਚ ਅਜੇ ਸਮਾਂ ਸੀ ਪਰ ਕਡੰਕਟਰ ਨੇ ਟਿਕਟਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਉਹ ਜਦੋ ਟਿਕਟ ਕੱਟਣ ਲਈ ਮੇਰੇ ਕੋਲ ਆ ਕੇ ਹੱਥ ਅੱਗੇ ਵਧਾਇਆ ਹੀ ਸੀ ਕਿ ਇੱਕ-ਦੱਮ ਮੇਰਾ ਧਿਆਨ ਉਹਦੇ ਸੱਜੇ ਗੁੱਟ ਉੱਪਰ ਬੱਧੀ ਰੱਖੜੀ ਤੇ ਗਿਆ। ਹੂ-ਬ-ਹੂ ਇਹੋ ਜਿਹੀ ਰੱਖੜੀ ਤਾਂ ਮੈਂ ਵੀ ਨਿੱਕੇ ਦੇ ਬੰਨ੍ਹੀ ਸੀ। ਰੱਖੜੀ ਲੰਘੀ ਨੂੰ ਤਾਂ ਦੋ ਮਹੀਨੇ ਹੋ ਚੱਲੇ ਸੀ ਪਰ ਉਹਦੇ ਗੁੱਟ ਤੇ ਬੰਨ੍ਹੀ ਰੱਖੜੀ ਨੇ ਨਿੱਕਾ ਯਾਦ ਕਰਵਾ ਦਿੱਤਾ। ਉਹ ਵੀ ਤਾਂ ਛੇ-ਛੇ ਮਹੀਨੇ ਬੰਨ੍ਹੀ ਰੱਖਦਾ, ਜਦੋ ਤੱਕ ਧਾਗਾ ਆਪ ਨਹੀ ਘੱਸ ਕੇ ਟੁੱਟ ਜਾਂਦਾਂ।
ਉਸ ਗੁੱਟ, ਉਸ ਰੱਖੜੀ ਨੇ ਇੱਕ ਪਲ ਵਿੱਚ ਹੀ ਮੇਰੇ ਦਿਮਾਗ ਵਿੱਚ ਤੂਫਾਨ ਲੈ ਆਂਦਾ। ਮੈਨੂੰ ਇੰਜ ਹੱਕੀ-ਬੱਕੀ ਦੇਖ ਕੰਡਕਟਰ ਨੇ ਦੁਬਾਰਾ ਆਵਾਜ ਦਿੱਤੀ ਪਰ ਮੈਂ ਕਾਹਲੀ ਨਾਲ ਇਹ ਕਹਿੰਦੀ ਹੋਈ ਬੱਸ ਤੋ ਉੱਤਰ ਗਈ ਕਿ ਮੈਂ ਆਵਦਾ ਆਈ-ਕਾਰਡ ਘਰ ਭੁੱਲ ਆਈ ਹਾਂ।
ਮੈਂ ਵਾਪਸ ਘਰ ਵੱਲ ਤੁਰ ਪਈ, ਇੰਨੇ ਨੂੰ ਮੇਰਾ ਮੋਬਾਇਲ ਵੀ ਵੱਜ ਪਿਆ। ਮੈਂ ਫੌਨ ਨਾਲੀ ਵਿੱਚ ਸੁੱਟ, ਜਿਵੇਂ ਚੁੱਪ-ਚੁੱਪੀਤੇ ਘਰੋਂ ਤੁਰੀ ਸੀ, ਉਵੇਂ ਹੀ ਜਾ ਕੇ ਪੈ ਗਈ। ਉਸ ਇੱਕ ਘੰਟੇ ਨੇ ਮੇਰੀ ਜਿੰਦਗੀ ਹੀ ਬਦਲ ਦਿੱਤੀ ਸੀ।
ਅੱਜ 9 ਸਾਲ ਹੋ ਗਏ ਉਸ ਘਟਨਾ ਨੂੰ। ਬਾਲ-ਬੱਚਿਆਂ ਵਾਲੀ ਹੋ ਗਈ ਹਾਂ ਪਰ ਅੱਜ ਵੀ ਹਰ-ਰੋਜ ਉਸ ਰੱਖੜੀ ਵਾਲੇ ਗੁੱਟ ਦਾ ਸ਼ੁਕਰੀਆ ਅਦਾ ਕਰਦੀ ਹਾਂ, ਜਿਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ, ਅਣਜਾਣੇ ਵਿੱਚ ਹੀ ਨਮੋਸ਼ੀ ਭਰੀ ਜਿੰਦਗੀ ਤੋ ਬਚਾ ਲਿਆ।
ਪ੍ਰਮਾਤਮਾ ਸਲਾਮਤ ਰੱਖੇ ਅਜਿਹੇ ਗੁੱਟਾਂ ਨੂੰ ਤੇ ਰੱਖੜੀ ਬੰਨਣ ਵਾਲੇ ਹੱਥਾਂ ਨੂੰ।

ਹਰਪ੍ਰੀਤ ਬਰਾੜ ਸਿੱਧੂ

ਅਸਲੀ ਕਾਰਾਮਾਤ

by Lakhwinder Singh July 31, 2020

ਅਸਲੀ ਕਾਰਾਮਾਤ
। ਕਰਾਮਾਤੀ ਬਾਬੇ ਦੇ ਚਰਚੇ , ਦਿਨੋ ਦਿਨ ਵਧਦੇ ਜਾ ਰਹੇ ਸੀ। ਮੇਰੀ ਵੀ ਮੰਨਤ ਸੀ। ਮੈਨੂੰ ਸਾਈਕਲ ਤੇ ਫੁੱਟਬਾਲ ਮਿਲੇ।
ਮੇਰਾ ਡੈਡੀ ਦਿਹਾੜੀ ਲਗਾਉਂਦਾ ਸੀ ਜ਼ਿਮੀਦਾਰਾਂ ਦੇ । ਪਰ ਮੇਰੀ ਜ਼ਿੱਦ ਕਰਕੇ ਮੰਮੀ ਦੀ ਹਾਮੀ ਨਾਲ ਮੈਂਨੂੰ ਸਾਈਕਲ ਮਿਲ ਗਿਆ। ਜਦ ਸਾਈਕਲ ਘਰ ਆਇਆ ਮੰਮੀ ਨੇ ਅੰਦਰ ਆਉਂਦਿਆਂ ਹੀ ਬੂਹੇ ਅੱਗੇ ਤੇਲ ਚੋਇਆ। ਮੈਂ ਵੀ ਇਨਾਂ ਖੁਸ਼ ਸੀ ਕਿ ਇੱਕ ਹਫਤਾ ਤਾਂ ਸਾਈਕਲ ਤੋਂ ਲਿਫਾਫੇ ਤੱਕ ਨਾ ਲਾਏ। ਮੈਨੂੰ ਹੁਣ ਫੁੱਟਬਾਲ ਵੀ ਚਾਹੀਦਾ ਸੀ। ਪਰ ਮੰਗਣ ਤੋਂ ਝਕਦਾ ਸੀ। ਕਿਉਂਕਿ ਹੁਣੇ ਤਾਂ ਡੈਡੀ ਨੇ ਸਾਈਕਲ ਲੈ ਕੇ ਦਿੱਤਾ।
ਮੈਨੂੰ ਫੁੱਟਬਾਲ ਤਾਂ ਚਾਹੀਦਾ ਸੀ ਕਿਉਂਕਿ ਫੁੱਟਬਾਲ ਅਕੈਡਮੀ ਚ ਫੁੱਟਬਾਲ ਨਹੀਂ ਖੇਡਣ ਦਿੱਤਾ ਜਾਂਦਾ ਸੀ। ਸਾਰਿਆਂ ਕੋਲ ਆਪਣੇ ਫੁੱਟਬਾਲ ਹੋਣ ਦੇ ਬਾਵਜੂਦ ਵੀ ਨਹੀਂ ।
ਰੋਜ਼ ਦੀ ਤਰ੍ਹਾਂ ਨਰਾਜ਼ ਹੋ ਕਿ ਗਰਾਊਂਡ ਤੋਂ ਵਾਪਿਸ ਘਰ ਜਾ ਰਿਹਾਂ। ਰਸਤੇ ਤੇ ਇਕ ਬਜ਼ੁਰਗ ਕੁੱਬਾ ਹੋ ਕਿ ਡਾਂਗ ਦੇ ਸਹਾਰੇ ਖਲੋਤਾ। ਉਮਰ ੬੦ ਸਾਲ ਦੇ ਕਰੀਬ ਦੇਖਣ ਨੂੰ ਚਮਤਕਾਰੀ ਤੇ ਮਨੋਕਾਮਨਾ ਪੂਰੀ ਕਰਨ ਵਾਲਾ ਬਾਬਾ ਲੱਗਦਾ ਸੀ। ਉਸਨੇ ਮੈਂਨੂੰ ਰੋਕਿਆ ਤੇ ਕਿਹਾ।
ਪੁੱਤਰ ਮੈਨੂੰ ਅਗਲੇ ਪਿੰਡ ਵਾਲੇ ਮੋੜ ਤੇ ਲਾਹ ਦੇ। ਮੈਂ ਸੋਚਾਂ ਸਾਈਕਲ ਵੀ ਨਿੱਕਾ ਤੇ ਇਸ ਬਾਬੇ ਦਾ ਭਾਰ ਖਿੱਚ ਲਊਂਗਾ ? ਪਰ ਓਨੇ ਨੂੰ ਉਹ ਮਗਰ ਬੈਠ ਗਿਆ।ਮੇਰੀ ਢੂੰਗੀ ਕਿੱਥੇ ਫਿਰ ਸੀਟ ਤੇ ਲੱਗੇ । ਸਾਰਾ ਸਾਈਕਲ ਖਲੋ ਕੇ ਚਲਾਇਆ। ਸ਼ਾਮ ਦਾ ਵੇਲਾ ਸੀ। ਹੁਣ ਓਸ ਬਾਬੇ ਦਾ ਪਿੰਡ ਵਾਲਾ ਮੋੜ ਵੀ ਆਗਿਆ ।
ਬਾਬਾ ਜੀ ਆਗਿਆ ਮੋੜ।
-ਪੁੱਤਰ ਮੇਰੇ ਕੋਲੋ ਚੱਲਿਆ ਬਿਲਕੁਲ ਨੀ ਜਾਂਦਾ। ਹਾਂ ਅਗਲਾ ਪਿੰਡ ਮੇਰਾ ਵਾ ਓਥੇ ਕਰ ਆ।
ਮੈਨੂੰ ਹੁਣ ਘਰੋਂ ਲੇਟ ਹੋਣ ਦਾ ਡਰ ਵੀ ਸੀ। ਪਰ ਪਤਾਂ ਨੀ ਕਿਓਂ ਮੇਰਾ ਮਨ ਮਨ ਗਿਆ ਕਿ ਚਲੋ ਜਿੱਥੇ ਇਨਾਂ ਓਥੇ ਹੋਰ ਸਹੀ,ਹੁਣ ਫਿਰ ਦੁਬਾਰਾ ਪਿੰਡ ਤਕ ਸਾਈਕਲ ਨਿੱਕੇ-ਨਿੱਕੇ ਪੈਂਡਲ ਮਾਰ ਕੇ ਤੇ ਖਲੋ ਕਿ ਚਲਾਇਆ। ਰਾਤ ਵੀ ਪੈ ਗਈ ਪਿੰਡ ਵੀ ਆਗਿਆ।
ਬਾਬਾ ਜੀ ਆਗਿਆ ਤੁਹਾਡਾ ਪਿੰਡ
– ਪੁੱਤਰ ਤੂੰ ਸੱਚੀ ਬਹੁਤ ਚੰਗਾ ਰੱਬ ਤੇਰੀ ਹਰ ਮੰਨਤ ਪੂਰੀ ਕਰੇ। ਪਰ ਪੁੱਤਰ ਜੀ ਥੋੜ੍ਹੀ ਜੀ ਦੂਰ ਅੱਗੇ ਮੇਰਾ ਘਰ ਆ।
-ਬਾਬਾ ਮੇਰੇ ਬਾਰੇ ਵੀ ਸੋਚੋ ਘਰੋਂ ਲੇਟ ਹੋ ਰਿਹਾ। ਚਲੋ ਬੈਜੋ ਫਿਰ।
-ਸਾਬਾਸ਼ ਮੇਰਾ ਪੁਤ।
ਮੈਂ ਫਿਰ ਅੱਗੇ ਨਾਲੋਂ ਵੀ ਤੇਜ਼ ਤੇ ਮੈੰ ਚਲਦੇ ਸਾਈਕਲ ਤੋਂ ਬੋਲਿਆ ਬਾਬਾ ਜੀ ਆ ਗਿਆ ਤੁਹਾਡਾ ਘਰ ਫ਼ਿਰ ਬੋਲਿਆ ਬਾਬਾ ਜੀ ਆ ਗਿਆ ਤੁਹਾਡਾ ਘਰ।
ਪਰ ਮਗਰੋਂ ਅਵਾਜ਼ ਨਾ ਆਈ। ਉਸ ਨੇ ਸਾਈਕਲ ਰੋਕਿਆ ਤੇ ਦੇਖਿਆ ਕਿ ਮਗਰ ਉਹ ਬੈਠਾ ਨਹੀਂ ਸੀ ਤੇ ਦੇਖਿਆ ਕਿ ਮਗਰ ਵਾਲੀ ਕਾਠੀ ਤੇ ਫੁੱਟਬਾਲ ਪਿਆ ਸੀ।
ਤੇ ਉਹ ਬਜ਼ੁਰਗ ਚੰਗਾ ਭਲਾ ਚੱਲ ਕੇ ਘਰ ਨੂੰ ਜਾ ਰਿਹਾ ਸੀ।
ਮੈਂ ਬਹੁਤ ਖੁਸ਼ , ਹਾਂ ਬਹੁਤ ਜ਼ਿਆਦਾ ਖੁਸ਼
ਕਿ ਮੇਰੇ ਨਾਲ ਕਰਾਮਾਤ ਹੋ ਗਈ। ਮੈਨੂੰ ਯਕੀਨ ਹੋਗਿਆ ਸੀ ਕਿ ਇਹ ਓਹੀ ਬਾਬਾ ਸੀ ਜਿਸ ਦੇ ਬਾਰੇ ਪਿੰਡ ਦੇ ਲੋਕ ਗੱਲਾਂ ਕਰਦੇ ਸੀ।
ਮੈਂ ਬਹੁਤ ਖੁਸ਼ ,
ਪਰ ਏਦਾਂ ਕੁਝ ਨਹੀਂ ਹੋਇਆ ਉਹ ਬਜ਼ੁਰਗ ਚੰਗਾ ਭਲਾ ਸੀ। ਜਦੋਂ ਓਹ ਸਾਈਕਲ ਤੋਂ ਉੱਤਰਿਆ। ਤੇ ਨਾ ਹੀ ਕੋਈ ਫੁੱਟਬਾਲ ਮਿਲਿਆ। ਤੇ ਨਾ ਹੀ ਕੋਈ ਕਰਾਮਾਤ ਹੋਈ। ਮੇਰੀਆ ਆਸਾਂ ਤੇ ਪਾਣੀ ਫਿਰ ਗਿਆ ।
ਰਾਤ 9 ਵਜੇ ਮੈਂ ਘਰ ਪਹੁੰਚਾ। ਮਾਂ ਮੇਰੀ ਗੁੱਸੇ ਚ ਲੱਗ ਰਹੀ ਸੀ,। ਫ਼ਿਰ ਉਹਨਾਂ ਨੇ ਮੇਰੇ ਨਾਲ ਉਹ ਕਰਾਮਾਤ ਵਖਾਈ ਕਿ ਮੈਂ ਹੁਣ ਤੱਕ ਵੀ ਰਾਤ ਘਰ ਲੇਟ ਨਾ ਆਇਆ।
ਜਦ ਮੇਰਾ ਰੋਣਾ ਬੰਦ ਨਾ ਹੋਇਆ ਤਾਂ ਮਾਂ ਮੇਰੀ ਨੇ ਮੈਨੂੰ ਬੁੱਕਲ ਚ ਲਿਆ ਤੇ ਕਿਹਾ ਕਿ ਅੱਖਾਂ ਬੰਦ ਕਰ ਮੈਂ ਬੰਦ ਕੀਤੀਆਂ ,
ਤੇ ਫ਼ਿਰ ਕਿਹਾ ਹੌਲੀ-ਹੌਲੀ ਖੋਲ੍ਹ। ਮੈਂ ਪਹਿਲਾਂ ਅੱਥਰੂ ਪੂੰਝੇ ਤੇ ਫ਼ਿਰ ਅੱਖਾਂ ਖੋਲ੍ਹੀਆਂ। ਮੰਮੀ ਨੇ ਮੇਰੇ ਹੱਥਾਂ ਚ ਫੁੱਟਬਾਲ ਰੱਖ ਦਿੱਤਾ, ਬੱਚੇ ਨੇ ਮੰਮੀ ਨੂੰ ਕੁੱਟ ਕੇ ਜੱਫੀ ਪਾ ਲਈ। ਪੁੱਤ ਮੈਨੂੰ ਠੰਡ ਨਾ ਪਾ। ਜਾ ਆਪਣੇ ਪਿਓੁ ਨੂੰ ਠੰਡ ਪਾ ਜਾਕੇ ਉਹਨੇ ਅੱਜ ਤੇਰੇ ਫੁੱਟਬਾਲ ਕਰਕੇ ਡਬਲ ਸ਼ਿਫਟ ਲਾ ਕੇ ਆਇਆ ਤੇ ਬਿਮਾਰ ਹੋ ਕੇ ਲੰਮੇ ਪਿਆ। ਮੈ ਭੱਜ ਕੇ ਡੈਡੀ ਵੱਲ ਗਿਆ। ਤੇ ਇਕਦਮ ਲਾਗੇ ਜਾ ਕੇ ਰੁਕ ਗਿਆ। ਮੇਰਾ ਧਿਆਨ ਉਸਦੇ ਹੱਥਾਂ ਵਲ ਗਿਆ। ਹੱਥ ਪੱਕੇ ਤੇ ਛਾਲੇ ਪਏ । ਓਸ ਦਿਨ ਤੋਂ ਮੈਨੂੰ ਅਹਿਸਾਸ ਹੋਇਆ ਕਿ ਮਾਂ ਬਾਪ ਸਾਡੀ ਮਨੋਕਾਮਨਾਵਾਂ ਪੂਰੀਆਂ ਕਰਨ ਵੇਲੇ ਸੰਤ ਦਾ ਰੂਪ ਧਾਰਦੇ ਨੇ ਤੇ ਕਦੀ ਸਿਦੇ ਰਸਤੇ ਪਾਓਣ ਲਈ ਦੇਵੀ ਦੇਵਤੇ ਬਣ ਕੇ ਕਰਾਮਾਤਾ ਵੀ ਦਖਾਓੁਂਦੇ ਨੇ।
ਫਿਰ ਡੈਡੀ ਦੀ ਨੀਂਦ ਨਾ ਖਰਾਬ ਹੋਏ ਤੇ ਠੰਡੀ ਪਾਉਣ ਦੀ ਬਜਾਏ। ਚਾਦਰ ਉੱਪਰ ਦੇ ਕੇ ਚਲਾ ਗਿਆਂ।

ਗੁਰਜਿੰਦਰ

ਪ੍ਰੇਮ ਦੀ ਭਾਵਨਾ

by Lakhwinder Singh July 30, 2020

ਪ੍ਰੇਮ ਦੀ ਭਾਵਨਾ

ਸਵੇਰੇ ਸੁਵੱਖਤੇ ਇੱਕ ਬਜ਼ੁਰਗ ਦਰਵਾਜ਼ੇ ਦੀ ਘੰਟੀ ਵਜਾਉਣ ਲੱਗਾ। ਮੈਂ ਸੋਚਿਆ ਕਿ ਇੰਨੀ ਸਵੇਰ ਕੌਣ ਹੋ ਸਕਦਾ ਹੈ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ, ਬਜ਼ੁਰਗ ਇਨਸਾਨ ਨੂੰ ਵੇਖ ਕੇ ਪੁੱਛਿਆ ਕਿ ਇੰਨੀ ਸਵੇਰੇ ? ਉਸ ਨੇ ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ ਤੇ ਕਿਹਾ ਕਿ ਟਾਂਕੇ ਕਟਵਾਉਣ ਲਈ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਕਿ ਇੰਨੀ ਸਵੇਰੇ, ਕਹਿਣ ਲੱਗਾ ਕਿ ਸਾਢੇ ਅੱਠ ਵਜੇ ਮੈਂ ਕਿਸੇ ਹੋਰ ਪਾਸੇ ਜਾਣਾ ਹੁੰਦਾ ਹੈ, ਇਸ ਲਈ ਸੁਵੱਖਤੇ ਆਇਆ ਹਾਂ। ਮੁਆਫ ਕਰਨਾ ।
ਉਸ ਦਾ ਘਰ ਮੇਰੇ ਘਰ ਤੋਂ ਕਾਫੀ ਦੂਰ ਸੀ ਪਰ ਜਰੂਰਤ ਪੈਣ ਤੇ ਮੇਰੇ ਕੋਲ ਆ ਜਾਦੇ ਸੀ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
ਮੈਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਬੈਠੋ ਅਤੇ ਹੱਥ ਵਿਖਾਉਣ ਲਈ ਕਿਹਾ। ਮੈਂ ਟਾਂਕੇ ਖੋਲ੍ਹੇ ਤੇ ਕਿਹਾ ਕਿ ਜਖ਼ਮ ਭਰ ਗਿਆ ਹੈ ਪਰ ਫਿਰ ਵੀ ਪੱਟੀ ਕਰ ਦਿੰਦਾ ਹਾਂ ਤਾਂ ਜੋ ਇਸ ਤੇ ਅਚਾਨਕ ਦੁਆਰਾ ਚੋਟ ਨਾ ਲੱਗ ਜਾਵੇ।
ਪੱਟੀ ਕਰਨ ਤੋਂ ਬਾਅਦ ਮੈਂ ਪੁੱਛਿਆ ਕਿ ਤੁਸੀਂ ਸਾਢੇ ਅੱਠ ਵਜੇ ਕਿੱਥੇ ਜਾਣਾ ਹੁੰਦਾ ਹੈ, ਜੇ ਤੁਹਾਨੂੰ ਦੇਰੀ ਹੋ ਗਈ ਹੈ ਤਾਂ ਕੀ ਮੈਂ ਤੁਹਾਨੂੰ ਛੱਡ ਆਵਾਂ? ਉਨ੍ਹਾਂ ਕਿਹਾ ਕਿ ਨਹੀਂ ਨਹੀਂ ਡਾਕਟਰ ਸਾਹਿਬ, ਅਜੇ ਤਾਂ ਮੈਂ ਘਰ ਜਾਣਾ ਹੈ, ਨਾਸ਼ਤਾ ਤਿਆਰ ਕਰਨਾ ਹੈ ਤੇ ਠੀਕ ਨੌ ਵਜੇ ਉੱਥੇ ਪਹੁੰਚ ਜਾਵਾਂਗਾ।
ਉਹ ਜਾਣ ਲਈ ਉੱਠ ਕੇ ਖੜ੍ਹਾ ਹੋ ਗਿਆ। ਮੈਂ ਕਿਹਾ ਕਿ ਨਾਸ਼ਤਾ ਇੱਥੇ ਕਰ ਲਵੋ ਤਾਂ ਬਜ਼ੁਰਗ ਨੇ ਕਿਹਾ ਕਿ ਮੈਂ ਤਾਂ ਨਾਸ਼ਤਾ ਇੱਥੇ ਕਰ ਲਵਾਂਗਾ ਪਰ ਉਸ ਨੂੰ ਨਾਸ਼ਤਾ ਕੌਣ ਕਰਵਾਏਗਾ। ਮੈਂ ਪੁੱਛਿਆ ਕਿ ਉਹ ਕੌਣ ਹੈ ਜਿਸ ਨੂੰ ਨਾਸ਼ਤਾ ਕਰਵਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਬਜ਼ੁਰਗ ਨੇ ਕਿਹਾ ਕਿ ਮੇਰੀ ਪਤਨੀ।
ਮੈਂ ਪੁੱਛਿਆ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਤੁਸੀਂ ਨੌ ਵਜੇ ਕਿੱਥੇ ਪਹੁੰਚਣਾ ਹੈ। ਬਜ਼ੁਰਗ ਨੇ ਕਿਹਾ ਕਿ ਉਹ ਮੇਰੇ ਬਗੈਰ ਰਹਿੰਦੀ ਨਹੀਂ ਸੀ ਪਰ ਹੁਣ ਉਹ ਬਿਮਾਰ ਹੈ ਤੇ ਇੱਕ ਨਰਸਿੰਗ ਹੋਮ ਵਿੱਚ ਭਰਤੀ ਹੈ। ਮੈਂ ਪੁੱਛਿਆ ਕਿ ਕੀ ਤਕਲੀਫ਼ ਹੈ ਉਨ੍ਹਾਂ ਨੂੰ ?
ਉਸ ਨੇ ਦੱਸਿਆ ਕਿ ਮੇਰੀ ਪਤਨੀ ਅਲਜ਼ਾਇਮਰ ਤੋਂ ਪੀੜਿਤ ਹੈ ਤੇ ਉਸ ਦੀ ਯਾਦਦਾਸ਼ਤ ਚਲੀ ਗਈ ਹੈ। ਉਹ ਪਿਛਲੇ ਪੰਜ ਸਾਲ ਤੋਂ ਇਸ ਬਿਮਾਰੀ ਨਾਲ ਜੂਝ ਰਹੀ ਹੈ। ਉਸ ਨੇ ਦੱਸਿਆ ਕਿ ਹੁਣ ਉਹ ਮੈਨੂੰ ਪਹਿਚਾਣਦੀ ਵੀ ਨਹੀਂ ਹੈ ਪਰ ਮੈਂ ਹਰ ਰੋਜ਼ ਉਸ ਨੂੰ ਨਾਸ਼ਤਾ ਕਰਵਾਉਦਾ ਹਾਂ ਪਰ ਉਹ ਮੇਰੇ ਵੱਲ ਇੰਝ ਵੇਖਦੀ ਹੈ ਜਿਵੇਂ ਮੈਂ ਕੋਈ ਗੈਰ ਹੋਵਾਂ। ਇੰਨਾ ਕਹਿੰਦਿਆਂ ਹੀ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਵੱਲ ਵੇਖ ਕੇ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ।
ਮੈਂ ਪੁੱਛਿਆ ਤੁਸੀਂ ਆਪ ਇੰਨੇ ਬਜ਼ੁਰਗ ਹੋ , ਪਿਛਲੇ ਪੰਜ ਸਾਲ ਤੋਂ ਇਸ ਤਰ੍ਹਾਂ ਨਾਸ਼ਤਾ ਕਰਵਾਉਣ ਜਾਣ ਨਾਲ ਤੁਸੀਂ ਥੱਕਦੇ ਨਹੀਂ ਹੋ ?
ਬਜ਼ੁਰਗ ਨੇ ਕਿਹਾ ਕਿ ਮੈਂ ਦਿਨ ਵਿੱਚ ਤਿੰਨ ਵਾਰ ਉੱਥੇ ਜਾਦਾ ਹੈ।
ਉਸ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਪਤਨੀ ਨੇ ਪੂਰੀ ਜਿੰਦਗੀ ਮੇਰੀ ਬਹੁਤ ਸੇਵਾ ਕੀਤੀ ਹੈ ਅਤੇ ਅੱਜ ਵੀ ਮੈਂ ਉਸ ਦੇ ਸਹਾਰੇ ਹੀ ਜੀਅ ਰਿਹਾ ਹਾਂ। ਉਸ ਨੂੰ ਦੇਖਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ। ਜਦੋਂ ਮੈਂ ਉਸ ਦੇ ਕੋਲ ਬੈਠਦਾ ਹਾਂ ਤਾਂ ਪਤਾ ਨਹੀਂ ਮੇਰੇ ਵਿੱਚ ਐਨਰਜੀ ਕਿੱਥੋਂ ਆ ਜਾਦੀ ਹੈ।
ਅਗਰ ਉਹ ਨਾ ਹੁੰਦੀ ਤਾਂ ਪਤਾ ਨਹੀਂ ਮੈਂ ਵੀ ਕਦੋਂ ਦਾ ਮੰਜੇ ਤੇ ਡਿੱਗ ਗਿਆ ਹੋਣਾ ਸੀ। ਪਰ ਉਸ ਨੂੰ ਠੀਕ ਕਰਨਾ ਹੈ, ਉਸ ਦੀ ਸੰਭਾਲ ਕਰਨੀ ਹੈ।
ਉਸ ਦੇ ਕਰਕੇ ਹੀ ਮੇਰੇ ਵਿੱਚ ਐਨਰਜੀ ਭਰ ਜਾਦੀ ਹੈ। ਸਵੇਰੇ ਉੱਠਦੇ ਹੀ ਕੰਮ ਤੇ ਲੱਗ ਜਾਂਦਾ ਹਾਂ। ਦਿਲ ਵਿੱਚ ਆਸ ਹੁੰਦੀ ਹੈ ਕਿ ਉਸ ਨੂੰ ਮਿਲਣ ਜਾਣਾ ਹੈ, ਉਸ ਨਾਲ ਨਾਸ਼ਤਾ ਕਰਨਾ ਹੈ ਅਤੇ ਨਾਸ਼ਤਾ ਕਰਵਾਉਣਾ ਹੈ। ਉਸ ਨਾਲ ਨਾਸ਼ਤਾ ਕਰਨ ਨਾਲ ਆਨੰਦ ਮਿਲਦਾ ਹੈ। ਮੈਂ ਉਸਨੂੰ ਆਪਣੇ ਹੱਥਾਂ ਨਾਲ ਨਾਸ਼ਤਾ ਕਰਵਾਉਦਾ ਹਾਂ।
ਮੈਂ ਕਿਹਾ ਕਿ ਇੱਕ ਗੱਲ ਪੁੱਛ ਸਕਦਾ ਹਾਂ, ਕਹਿੰਦੇ ਕਿ ਹਾਂ ਕਿਉਂ ਨਹੀਂ ?
ਮੈਂ ਕਿਹਾ ਕਿ ਤੁਹਾਡੀ ਪਤਨੀ ਤੁਹਾਨੂੰ ਪਹਿਚਾਣਦੀ ਨਹੀਂ, ਨਾ ਤਾਂ ਕੁੱਝ ਬੋਲਦੀ ਹੈ, ਨਾ ਹੱਸਦੀ ਹੈ ਤਾਂ ਫਿਰ ਵੀ ਤੁਸੀਂ ਉਸ ਨੂੰ ਮਿਲਣ ਜਾਦੇ ਹੋ। ਉਸ ਤੋਂ ਬਾਅਦ ਬਜ਼ੁਰਗ ਨੇ ਜੋ ਸ਼ਬਦ ਕਹੇ ਉਹ ਦਿਲ ਨੂੰ ਛੂਹ ਲੈਣ ਵਾਲੇ ਸਨ। ਉਸ ਨੇ ਕਿਹਾ ਕਿ ਡਾਕਟਰ ਸਾਹਿਬ ਉਹ ਨਹੀਂ ਜਾਣਦੀ ਕਿ “ਮੈਂ ਕੌਣ ਹਾਂ ਪਰ ਮੈਂ ਤਾਂ ਜਾਣਦਾ ਹਾਂ ਕਿ ਉਹ ਕੌਣ ਏ”। ਇੰਨਾ ਕਹਿੰਦਿਆਂ ਹੀ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰਾ ਵਹਿ ਤੁਰੀ। ਮੇਰੀਆਂ ਵੀ ਅੱਖਾਂ ਭਰ ਆਈਆਂ।
ਪਰਿਵਾਰਕ ਜੀਵਨ ਵਿਚ ਸਵਾਰਥ ਅਭਿਸ਼ਾਪ ਹੈ ਤੇ ਪ੍ਰੇਮ ਆਸ਼ੀਰਵਾਦ। ਪ੍ਰੇਮ ਘੱਟ ਜਾਵੇ ਤਾਂ ਪਰਿਵਾਰ ਟੁੱਟ ਜਾਂਦਾ ਹੈ। ਇਸ ਲਈ ਜਰੂਰੀ ਹੈ ਪਰਿਵਾਰ ਵਿੱਚ ਪ੍ਰੇਮ ਦੀ ਭਾਵਨਾ ਬਣਾਈ ਰੱਖੀ ਜਾਵੇ ਤਾਂ ਜੋ ਪਰਿਵਾਰ ਵਿੱਚ ਏਕਤਾ ਬਣੀ ਰਹੇ।

“ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰ ਵਿੱਚ ਨਾਲ ਦਿਖਾਈ ਦੇਣ,

ਆਪਣੇ ਤਾਂ ਉਹ ਹੁੰਦੇ ਹਨ ਜੋ ਮੁਸੀਬਤ ਵਿੱਚ ਨਾਲ ਖੜੇ ਹੋਣ”

ਡਾ. ਸੁਮਿਤ

ਮਕਾਨ ਕੇ ਘਰ

by Lakhwinder Singh July 29, 2020

ਮਕਾਨ ਕੇ ਘਰ
ਮੇਰਾ ਘਰ ਬਹੁਤ ਕਰਮਾ ਵਾਲਾ ਹੈ, ਪਿਛਲੇ ਕੁਝ ਕੋ ਸਾਲਾ ਤੋਂ ਏਸੇ ਰੁੱਤੇ ਚਿੱੜੀਆਂ ਆਲਣਾ ਪਾਉਦੀਆ ਨੇ ਤੇ ਫੇਰ ਆਡੇ ਦੇ ਕੇ ਬੱਚੇ ਪਾਲ ਕੇ ਉੱਡ ਜਾਂਦੀਆਂ ਨੇ । ਪੰਜਾਬ ਚ ਪੱਖਿਆਂ ਨਾਲ ਪਤਾ ਨਹੀਂ ਕਿੰਨੀਆਂ ਕੋ ਚਿੱੜੀਆਂ ਤੇ ਚਿੱੜੇ ਮਾਰ ਦਿੱਤੇ । ਹੁਣ ਕਦੇ ਕਦੇ ਸੋਚਦੀ ਹਾਂ ਜੇ ਮੇਜ਼ ਤਾਂ ਰੱਖਣ ਵਾਲੇ ਪੱਖਿਆਂ ਦੇ ਆਸੇ ਪਾਸੇ ਜੰਗਲ਼ਾ ਲੱਗ ਸਕਦਾ ਸੀ ਆਪਣੇ ਪਰਿਵਾਰ ਨੂੰ ਬਚਾਉਣ ਲਈ , ਤਾਂ ਛੱਤ ਦੇ ਪੱਖਿਆਂ ਤੇ ਵੀ ਲੱਗ ਸਕਦਾ ਸੀ ਬੇਕਸੂਰ ਚਿੱੜੀਆ ਨੂੰ ਬਚਾਉਣ ਲਈ । ਪਰ ਸਾਨੂੰ ਕੁਦਰਤ ਨਾਲ ਏਨਾ ਕੋ ਹੀ ਪਿਆਰ ਹੈ , ਤਦੇ ਤਾਂ ਪੰਜਾਬ ਦੇ ਦੇਹ ਹਾਲਤ ਹੋ ਗਏ ।ਪਰਦੇਸਾ ਚ ਘਰਾਂ ਚ ਚਿੱੜੀਆਂ ਉਡਦੀਆ ਫਿਰਦੀਆਂ ਹੀ ਨਹੀਂ, ਨਹੀਂ ਤਾਂ ਜਾਨਵਰਾਂ ਦੀ ਦੇਖ ਭਾਲ ਕਰਣ ਵਾਲ਼ਿਆਂ ਨੇ ਉਹਨਾ ਪੱਖਿਆਂ ਤੇ ਹੀ ban ਲਵਾ ਦੇਣਾ ਸੀ ।ਭਾਰਤ ਚ ਮੇਨਕਾ ਗਾਂਧੀ ਨੇ ਕੁੱਤੇ ਨਾ ਮਾਰਨ ਦਾ ਕਾਨੂੰਨ ਬਣਾ ਦਿੱਤਾ ਪਰ ਉਹਨਾ ਨੂੰ ਸਾਂਭਣ ਲਈ ਕੱਖ ਹੀ ਨਹੀਂ ਕੀਤਾ ਤੇ ਉਹ ਲੋਕਾਂ ਦੀ ਜਾਨ ਦਾ ਖੌਅ ਬਣੇ ਨੇ । ਪਰ ਮੇਰਾ ਅੱਜ ਦਾ ਵਿਸ਼ਾ ਕੁਝ ਹੋਰ ਹੈ ।
ਚਿੜੀਆਂ ਤੀਲਾ ਤੀਲਾ ਚੁਣ ਕੇ ਘਰ ਬਣਾਇਆ ਤੇ ਹਰ ਹੀਲਾ ਕਰਕੇ ਉਸ ਦੀ ਹਿਫ਼ਾਜ਼ਤ ਕੀਤੀ । ਉਹਨਾ ਦੇ ਆਸੇ ਪਾਸੇ ਰਹਿ ਕੇ ਦਾਣਾ ਚੁੰਗਾਂ ਕੇ ਉਡਣਾ ਸਿਖਾਇਆ ।
ਆਲਣਾਂ ਮਨੁੱਖ ਵੀ ਬਣਾਉਦਾ ਹੈ , ਤੀਲਾ ਤੀਲਾ ਜੋੜ ਕਾ ਆਪਣੀ ਪਹੁੰਚ ਅਨੁਸਾਰ ਆਪੀਆ ਲੋੜਾਂ ਲਈ … ਚਲੋ ਅੱਜ ਉਹਨਾ ਦੀ ਗੱਲ ਨਹੀ ਕਰਦੇ ਜੋ ਵੱਡਾ ਘਰ , ਵੱਡੀ ਗੱਡੀ ਬੱਲੇ ਬੱਲੇ ਲਈ ਬਣਾਉਦੇ ਨੇ। ਅਲਾਣਾ ਵੀ ਬਣਾ ਲਿਆ, ਸੋਹਣਾ ਫ਼ਰਨੀਚਰ ਵੀ ਲੈ ਲਿਆ ਮਹਿੰਗੀ ਤੋਂ ਮਹਿੰਗੀ ਵਸਤੂ ਵੀ ਰੱਖ ਲਈ ਕੀ ਉਹ ਘਰ ਬਣ ਗਿਆ … ਨਾ ਬਿਲਕੁਲ ਨਹੀਂ ਮਕਾਨ ਬਣ ਗਿਆ ਪਰ ਘਰ ਨਹੀਂ ਜੇ ਬਣਿਆ । ਘਰ ਬਣਦਾ ਉਸ ਦੇ ਅੰਦਰ ਦੇ ਮਾਹੌਲ ਨਾਲ । ਜੇ ਘਰ ਵਿੱਚ ਚਾਰ ਜੀਅ ਨੇ ਚਾਰੇ ਇਕ ਦੂਜੇ ਦੀ ਜ਼ਿੰਦਗੀ ਮੁਸ਼ਕਲ ਕਰ ਰਹੇ ਨੇ ਤਾਂ ਉਹ ਘਰ ਨਹੀਂ ਨਰਕ ਦਾ ਸਾਖਸਾਤ ਰੂਪ ਹੈ । ਮਸਲਾ ਹੈ ਕੀ – ਸਿਰਫ ਮੈ ਦਾ ਹੰਕਾਰ ਦਾ। ਮੇਰੇ ਤੋਂ ਵੱਧ ਚੰਗਾ ਕੋਈ ਨਹੀਂ ਹੀ, ਟਟੀਰੀ ਵਾਂਗ ਲੱਤਾਂ ਤੇ ਅਸਮਾਨ ਥੰਮ੍ਹਿਆ ਹੈ । ਆਕੜ , ਹੰਕਾਰ ਤੇ ਬੇਲੋੜੀ ਨਫਰਤ । ਬੰਦਾ ਦੇ ਅੰਦਰ ਗਏ ਸਾਹ ਨੇ ਪਤਾ ਨਹੀਂ ਬਾਹਰ ਆਓਣਾ ਵੀ ਹੈ ਕੇ ਨਹੀਂ – ਬੰਦੇ ਦੀ ਸਚਾਈ ਸਿਰਫ ਏਨੀ ਹੈ, ਫੇਰ ਵੀ ਅਸੀਂ ਆਪਣੇ ਆਪਚ ਰੱਬ ਬਣੇ ਫਿਰਦੇ ਹਾਂ।
ਅਸੀਂ ਸਾਂਝੇ ਘਰਾਂ ਦੇ ਸਭਿਆਚਾਰ ਚੋ ਆਏ ਹਾਂ , ਸਾਡੇ ਬਜ਼ੁਰਗ ਸਾਡੇ ਨਾਲ ਹੀ ਰਹਿੰਦੇ ਨੇ । ਪਰ ਬਹੁਤ ਘਰਾਂ ਚ ਸੱਸ ਤੇ ਨੂੰਹ ਇਕ ਦੂਜੇ ਨੂੰ ਅੱਖੀਂ ਵੇਖ ਨਹੀਂ ਸਕਦੀਆਂ। ਉਸ ਨੂੰ ਤੁਸੀ ਮਕਾਨ ਹੀ ਆਖ ਸਕਦੇ ਜੇ ਘਰ ਨਹੀਂ। ਜੇ ਪਤਨੀ ਤੇ ਪਤੀ ਦਾ ਆਪਸ ਵਿੱਚ ਪਿਆਰ ਨਹੀਂ ਤਾਂ ਉਸ ਘਰ ਦੇ ਬੱਚੇ ਭਾਵੇਂ ਛੋਟੀ ਉਮਰ ਦੇ ਹੀ ਹੋਣ ਉਹ ਮਾਨਸਿਕ ਤੋਰ ਤੇ ਡਿਪਰੈਸਨ ਤੇ ਚਿੰਤਾ ਰੋਗ ਤੋਂ ਪੀੜਤ ਜ਼ਰੂਰ ਹੋਣਗੇ ਜੇ ਤੁਸੀ ਵਾਕਿਆ ਹੀ ਬਚਿੱਆ ਨੂੰ ਪਿਆਰ, ਸਤਿਕਾਰ ਤੇ ਜੀਵਨ ਜਾਂਚ ਸਿਖਾਉਣਾ ਚਾਹੁੰਦੇ ਜੇ ਤਾਂ ਗੱਲਾਂ ਨਾਲ ਕੁਝ ਨਹੀਂ ਹੋਣਾ ਉਹਨਾ ਨੂੰ ਪ੍ਰੈਕਟੀਕਲ ਕਰ ਕੇ ਵਿਖਾਓ ।ਜੋ ਪਤੀ ਪਤਨੀ ਇਕ ਦੂਸਰੇ ਨਾਲ ਕਿਸੇ ਤਰਾਂ ਦਾ ਉਹਲਾ ਰੱਖਦੇ ਨੇ ਕੁਝ ਬੱਚੇ ਉਸ ਆਦਤ ਦਾ ਦੁਰਉਪਯੋਗ ਵੀ ਕਰਨਗੇ । ਕੁਝ ਮਾਂਵਾਂ ਆਪਣੇ ਬਚਿਆਂ ਦੀਆ ਗਲਤ ਹਰਕਤਾਂ ਨੂੰ ਪਤੀ ਤੋਂ ਛੁਪਾ ਕੇ ਰੱਖਦੀਆਂ ਨੇ ਜਿਸ ਦੇ ਨਤੀਜੇ ਬਹੁਤ ਮਾੜੇ ਵੇਖੇ ਨੇ । ਜਿਸਤਰਾਂ ਮੈ ਅੱਗੇ ਵੀ ਬਹੁਤ ਵਾਰ ਲਿਖਿਆਂ ਹੈ ਗੁਰੂ ਜਾ ਪਰਮਾਤਮਾ ਤੋਂ ਬਿਨਾ ਅਸੀਂ ਸਭ ਅਉਗੁਣਾ ਦੇ ਹੀ ਪੁਤਲੇ ਹਾਂ ਕੋਈ ਮਾਸਾ ਘੱਟ ਤੇ ਕੋਈ ਮਾਸਾ ਵੱਧ । ਦੂਸਰੇ ਦੇ ਅਵਗੁਣ ਜਾਹਿਰ ਕਰਣੇ ਬਹੁਤ ਸੌਖੇ ਨੇ ਪਰ ਜੇ ਅਸੀਂ ਆਪਣੀਆਂ ਕਮਜ਼ੋਰੀਆਂ ਵੀ ਮੰਨ ਲਈਏ ਤਾਂ ਜ਼ਿੰਦਗੀ ਸੋਖੀ ਹੋ ਜਾਂਦੀ ਹੈ । ਜਦ ਪਤੀ ਪਤਨੀ ਕਿਸੇ ਗਲਤੀ ਤੇ ਬੱਚਿਆ ਸਾਹਮਣੇ ਇੱਕ ਦੂਸਰੇ ਤੋਂ ਮੁਆਫੀ ਮੰਗਦੇ ਨੇ , ਉਹ ਬੱਚੇ ਵੀ ਗਲਤੀ ਛੁਪਾਉਣ ਦੀ ਥਾਂ ਗਲਤੀ ਮੰਨ ਲੈਣਾ ਸਿੱਖ ਲੈਣਗੇ । ਜੋ ਪਰਿਵਾਰ ਕਿਸੇ ਵੀ ਮਸਲੇ ਨੂੰ ਬੈਠ ਕੇ ਸੁਲਝਉਦੇ ਨੇ ਉਸ ਘਰ ਦੇ ਬੱਚੇ ਵੀ ਸੁਲਝੇ ਹੋਏ ਹੁੰਦੇ ਨੇ । ਮਾਂ ਬਾਪ ਵੀ ਹੱਡ ਮਾਸ ਦਾ ਪੁਤਲਾੇ ਨੇ ਗਲਤੀਆਂ ਉਹਨਾ ਕੋਲੋਂ ਵੀ ਹੋ ਜਾਂਦੀਆਂ ਨੇ – ਬੱਚਿਆਂ ਤੋਂ ਮੁਆਫੀ ਮੰਗਣ ਚ ਕੋਈ ਸ਼ਰਮਿੰਦਗੀ ਨਾ ਮਹਿਸੂਸ ਕਰੋ। ਦੋਸਤ ਮਿੱਤਰ ਸਭ ਨੂੰ ਪਿਆਰੇ ਹੁੰਦੇ ਨੇ ਪਰ ਜੇ ਤੁਸੀ ਬੱਚੇ ਪੈਦਾ ਕੀਤੇ ਨੇ ਤਾਂ ਤੁਹਾਡਾ ਪਰਿਵਾਰ ਸਭ ਤੋਂ ਪਹਿਲਾ ਅਓੁਣਾ ਚਾਹੀਦਾ ਹੈ ।ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿਓ – ਵੈਸੇ ਵੀ ਬੱਚੇ ਅੱਖ ਝਪਕਦਿਆਂ ਹੀ ਵੱਡੇ ਹੋ ਜਾਂਦੇ ਨੇ । ਹਰ ਇਨਸਾਨ ਦੇ ਬਣਨ ਚ ਕੁਦਰਤ ਤੇ ਉਸ ਦੀ ਪਰਵਰਸ਼ ਦੋਹਾ ਦਾ ਹੱਥ ਹੁੰਦਾ ਹੈ । ਪਰਵਰਸ਼ ਸਾਡੇ ਹੱਥ ਚ ਹੈ ਅਸੀਂ ਉਸ ਤੇ ਤਾਂ ਪੂਰੀ ਤਵੱਜੋ ਦੇ ਸਕਦੇ ਨੇ । ਮਾਂ ਬਾਪ ਦਾ ਇੱਕ ਦੂਸਰੇ ਪ੍ਰਤੀ ਪਿਆਰ, ਸਤਿਕਾਰ ਤੇ ਵਿਸ਼ਵਾਸ ਬਚਿਆਂ ਵਿੱਚ ਬਹੁਤ ਆਤਮ ਵਿਸ਼ਵਾਸ ਪੈਦਾ ਕਰਦਾ ਹੈ । ਆਓ ਆਪਣੇ ਬਚਿਆਂ ਦੇ ਸੋਹਣੇ ਭਵਿਖ ਲਈ ਮੈ ਤੇ ਬੇਲੋੜੀ ਹਸਦ ਨੂੰ ਮਾਰ ਕੇ ਪਰਿਵਾਰ ਚ ਪਿਆਰ, ਇਤਫਾਕ ਤੇ ਸਤਿਕਾਰ ਪੈਦਾ ਕਰੀਏ । ਜਿਸ ਘਰ ਚ ਨਿੱਕੀ ਗੱਲ ਤੇ ਸ਼ੁਕਰ ਤੇ ਕਹਿਕਹੇ ਵਜਦੇ ਨੇ ਉਸ ਘਰ ਦੇ ਬੱਚੇ ਉਸ ਘਰ ਨਾਲ ਜੁੜੇ ਰਹਿੰਦੇ ਨੇ । ਜਿੱਥੇ ਬੇਲੋੜੀ ਨਫ਼ਰਤ ਤੇ ਮੈ ਦੀ ਤੂਤੀ ਵੱਜਦੀ ਹੈ ਉਸ ਘਰ ਦੇ ਬੱਚੇ ਮੌਕਾ ਮਿਲਣ ਤੇ ਬਾਹਰ ਨੂੰ ਭੱਜ ਪੈਣਗੇ। ਫੇਰ ਖਾਲ਼ੀ ਘਰ ਦੀਆ ਕੰਧਾਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ।ਆਓ ਮਕਾਨਾਂ ਨੂੰ ਘਰ ਬਣਾਈਏ । ਘਰ ਬੰਦੇ ਦਾ ਸਵਰਗ ਨੇ ਇਸ ਨੂੰ ਨਰਕ ਨਾ ਬਨਣ ਦਿਓ , ਇਹ ਜ਼ੁਮੇਵਾਰੀ ਪਰਿਵਾਰ ਦੇ ਹਰ ਜੀਅ ਦੀ ਹੈ।

ਕੰਵਲ

ਪਿੰਡਾਂ ਵਾਲਿਆਂ ਦੀ ਫੀਲਿੰਗ

by Lakhwinder Singh July 28, 2020

ਪਿੰਡਾਂ ਵਾਲਿਆਂ ਦੀ ਫੀਲਿੰਗ

ਬਾਟੀ ਵਿੱਚ ਚਾਹ ਤਾਂ ਬਹੁਤ ਪੀਤੀ ਆ…ਪਰ,ਕੀ ਕਦੇ ਬਾਟੀ ਚ’ ਕੋਕਾ ਕੋਲਾ ਪੀਤਾ?
ਚਾਹ ਦੀ ਤਰਾਂ ਸੂੜਕੇ ਮਾਰ ਮਾਰ ਕੇ…ਮੈਂ ਤਾਂ ਬਹੁਤ ਪੀਤਾ ।

ਅਸੀਂ ਉਦੋਂ ਕੋਲੇ ਦਾ ਪੂਰਾ ਨਾਂ ਲਈ ਦਾ ਸੀ ….ਆਹੋ ਜੀ ਕੋਕਾ ਕੋਲਾਦੂਰ ਦਰਸ਼ਨ ਟੀ ਵੀ ਦੀਆਂ ਮਸ਼ਹੂਰੀਆਂ ਦਾ ਪੂਰਾ ਪੂਰਾ ਅਸਰ ਸੀ ।

ਕੋਕਾ ਕੋਲਾ ਜਦ ਕਦੇ ਭੁੱਲ ਭੁਲੇਖੇ ਘਰ ਆ ਜਾਂਦਾ ਸੀ..ਫਿਰ ਪਤਾ ਨੀ ਕਿਉਂ ਅਚਾਨਕ ਪੈਂਡੂ ਪੁਣੇ ਦੀ ਫੀਲਿੰਗ ਬਲੈਤੀਏ ਹੋਣ ਚ ਬਦਲ ਜਾਂਦੀ ਸੀ। ਜਿੱਦਾਂ ਹੁਣੇ ਹੁਣੇ ਜਹਾਜੋਂ ਉਤਰੇ ਹੋਈਏ ।
ਬਲੈਤੀਏ ਪਿੰਡ ਆ ਕੇ ਕੋਲਾ ਬਹੁਤ ਪੀਂਦੇ ਸੀ ਤਾਂ ਕਰਕੇ।

ਇਸ ਗੱਲ ਨੂੰ ਤੁਸੀਂ ਮੰਨੋ ਭਾਵੇਂ ਨਾ ਮੰਨੋ ਉਹ ਗੱਲ ਵੱਖਰੀ ਆ
ਮੰਨਣ ਨੂੰ ਦਿਲ ਤਾਂ ਕਰਦਾ….ਹੁਣਾਂ …ਪਰ…ਸੰਗ ਜਹੀ ਆਉਂਦੀ ਹੁਣੀਂ ਆ……. ਕਿ ਹਾਏ -ਹਾਏ ਉਦੋਂ ਅਸੀਂ ਕੀ ਕਰਦੇ ਤੇ ਕੀ ਸੋਚਦੇ ਹੁੰਦੇ ਸੀ ।

ਓ …ਪਿੰਡਾਂ ਵਾਲੇ ਇੱਦਾਂ ਦੇ ਈ ਹੁੰਦੇ ਆ ਭੋਲੇ ਤੇ ਸਾਦੇ …..ਜਿੱਦਾਂ ਦਾ ਮਹੌਲ ਦੇਖ ਲੈਣ ਉਦਾਂ ਦੀ ਫੀਲਿੰਗ ।

ਬਾਟੀ ਚ ਕੋਲਾ ਪੀਣ ਵਾਲੀ ਗੱਲ ਬਾਅਦ ਚ ਦੱਸਦੀ ਆਂ….ਪਹਿਲਾਂ ਆਹ ਸੁਣਾ ਲਵਾਂ ।

ਜਦ ਪਿੰਡ ਚ ਆਏ ਕਿਸੇ ਬਲੈਤੀਏ ਨੇ ਅੰਗਰੇਜੀ ਬੋਲਣੀ ਉਹਦਾ ਮੂੰਹ ਈਂ ਨਾ ਦੇਖਣੋ ਹਟਣਾ ਕਿ ਅੰਗਰੇਜੀ ਕਿੱਦਾ ਬੋਲਦਾ/ਬੋਲਦੀ ਆ…ਸਾਡੀ ਅੰਗਰੇਜ਼ੀ ਤਾਂ ….ਵਟ ਈਜ਼ ਯੂਅਰ ਨੇਮ ਤੋਂ ਮਗਰੋਂ ਈ ਖਤਮ ਹੋ ਜਾਂਦੀ ਸੀ .ਭਾਵੇਂ ਰੋਜ ਮਾਸਟਰ ਨੇ ਅੰਗਰੇਜ਼ੀ ਦੇ ਰੱਟੇ ਲਵੌਣੇ ਬੋਲਣ ਵੇਲੇ ਢੀਂ ਬੋਲ ਜਾਣੀ ।

ਉਦਾਂ ਤਾਂ ਅੰਗਰੇਜੀ ਬੋਲਣੀ ਸਿੱਖਣ ਲਈ ਭਾਰਗੋ ਅੰਕਲ ਕੋਲ ਤੇ ਫਿਰ ਗਿਆਨੀ ਮਾਸਟਰ ਕੋਲ ਟਿਊਸ਼ਨ ਵੀ ਰੱਖੀ ਹੋਣੀ ਜਦ ਬੋਲਣ ਦਾ ਟੈਮ ਆਉਣਾ , ਬਲੈਤੀਆਂ ਮੋਹਰੇ ਅੈਵੇਂ Excited ਜਿਹੇ ਹੋ ਕਿ ਪੰਜਾਬੀ ਨੂੰ ਈ ਅੰਗਰੇਜੀ ਵਾਂਗੂੰ (ਪੋਲੀ ਪੋਲੀ )ਬੋਲ ਬੋਲ …ਅੰਗਰੇਜ ਹੋਣ ਦੀ ਫੀਲਿੰਗ ਲਈ ਜਾਣੀ ।

ਜਦ ਕਦੇ Lux ਸਾਬਣ ਨਾਲ ਨਹਾ ਲੈਣਾ… ਫਿਰ ਬਲੈਤੀਆਂ ਵਾਲੀ ਫੀਲਿੰਗ ਲਈ ਦੀ ਸੀ।
ਉਹਦੀ ਮਹਿਕ ਵਰਗੀ ਮਹਿਕ ਬਲੈਤੀਆਂ ਦੇ ਕੱਪੜਿਆਂ ਚੋਂ ਭਿੰਨੀ ਭਿੰਨੀ ਜਿਹੀ ਆਉਂਦੀ ਹੁੰਦੀ ਸੀ।ਕਦੇ ਸੈੰਟਾਂ ਦੀ ਕਦੇ ਵਧੀਆ ਵਧੀਆ ਸ਼ਾਪੂਆਂ ਦੀ ।

ਤੇ ਸ਼ਾਡੇ ਧੋਤੇ ਹੋਏ ਕੱਪੜਿਆਂ ਚੋਂ ਕਦੇ …ਖਾਰੇ ਸਾਬਣ ਦੀ ਕਦੇ ਸੋਡੇ ਦੀ ਕਦੇ TINOPAL ਦੀ ਨੀਲ ਦੀ ਜਾਂ ਫਿਰ ਫਰਨੈਲ ਦੀਆਂ ਗੋਲੀਆਂ ਦੀ Smell ਆਉਣੀ ।

ਤਾਂ ਹੀ ਤਾਂ Lux ਨਾਲ ਨਾਹ ਕੇ ਕਿਸੇ ਹੋਰ ਹੀ ਦੁਨੀਆਂ ਚ ਪੁਹੰਚ ਜਾਈ ਦਾ ਸੀ।

ਖਾਸ ਕਰਕੇ ਜਦ ਨੀਲੀਆਂ ਅੱਖਾਂ ਵਾਲੀ ਗੋਰੀ ਜਿਹੀ ਨੇ Lux ਸਾਬਣ ਨਾਲ ਪਾਣੀ ਚੋਂ ਨਹਾ ਕੇ ਨਿਕਲਣਾ….ਸੋਚਣਾ ਖਬਰੈ lux ਨਾਲ ਨਾਹ ਕੇ ਅਸੀਂ ਵੀ ਇਦਾਂ ਦੇ ਗੋਰੇ ਹੋ ਜਾਣਾ।
ਵਧੀਆ ਜਿਹੀ ਫੀਲਿੰਗ ਲੈ ਕੇ ਹਫਤੇ ਚ ਸਾਬਣ ਦੀ ਚਾਕੀ ਘਸਾ ਦਈ ਦੀ ਸੀ।

ਹੁਣ ਵੀ ਨੀ ਮੰਨਦੇ ,ਤਾਂ ਨਾ ਮੰਨੋ… ਮੈਂ ਤਾਂ ਮੰਨਦੀ ਆਂ ਕਿ ਅਸੀਂ ਪਿੰਡਾ ਵਾਲੇ ਇੱਦਾਂ ਦੀ ਫੀਲਿੰਗ ਲੈਂਦੇ ਸੀ।

ਮੱਖੀਆਂ ਵਾਲਾ ਮਰੂੰਡਾ ਖਾਣ ਵਾਲਿਆਂ ਨੇ ਜੇ ਕਦੇ ਕੀਤੇ Horlicks ਪੀ ਲੈਣਾ….ਫਿਰ ਬੌਲੀਵੁੱਡ ਦੇ ਅਮੀਰ ਨਿਆਣਿਆਂ ਦੀ ਫੀਲਿੰਗ ਲੈਣੀ …ਕਿ ਅਸੀਂ ਬਹੁਤ ਅਮੀਰ ਹੈਗੇ ਆਂ ।

ਅਮੀਰੀ ਦਾ ਭੁਲੇਖਾ ਉਦੋਂ ਟੁੱਟਦਾ ਸੀ ਜਦ ਮਾਂ ਦਾ ਕਰਾਰਾ ਜਿਹਾ ਹੱਥ ਗਿੱਚੀ ਨੂੰ ਪੈਂਦਾ ਸੀ…ਅਖੇ…ਆ ਹ Horlicks ਪੀ ਕੇ ਕੱਚ ਦਾ ਗਲਾਸ ਕਿਹਨੇ ਤੋੜਿਆ ?

ਮਾਂ ਨੂੰ ਸਾਡੀ ਫੀਲਿੰਗ ਨਾਲ ਕੋਈ ਲੈਣ ਦੇਣ ਨੀ ਹੁੰਦਾ ਸੀ ।ਜਾਂ ਤਾਂ ਉਹ ਛਾਣ ਬੂਰਾ ਵੇਚ ਵੇਚ ਕੇ ਖਰੀਦੇ ਕੱਚ ਦੇ ਗਲਾਸਾਂ ਦੀ ਗਿਣਤੀ ਕਰਦੀ ਰਹਿੰਦੀ ਸੀ,ਜਿਹੜੀ ਕਦੇ ਪੂਰੀ ਹੋਈ ਨੀ ਸੀ ।
ਹਰ ਬਾਰ ਇੱਕ ਅੱਧਾ ਗਲਾਸ ਟੁੱਟਿਆ ਹੁੰਦਾ ਸੀ।

ਜਾਂ ਇੱਕ ਬਾਰ lux ਦਾ ਸਾਬਣ ਲਿਆ ਕੇ ਦੂਜੀ ਬਾਰੀਂ ਨੂੰ ਕਹਿੰਦੀ..ਇਹ ਚਾਕੀ ਬਹੁਤ ਘੱਸਦੀ ਆ ਡੰਡੇ ਮਾਰਕਾ ਨਾਲ ਹੀ ਮੂੰਹ ਸਿਰ ਧੋਵੋ…ਨਾਲੇ ਵਾਲ ਵਧੀਆ ਨਿਖਰਦੇ ਆ ਅਸੀਂ ਫਿਰ ਪੈੰਡੂ ਜਿਹੇ ਫੀਲ ਕਰਨਾ ।

ਬੜੀ ਬਗਾਵਤ ਕਰਨ ਮਗਰੋਂ ਘਰ ਵਿੱਚ ਕੇਸ ਨਿਖਾਰ ਅਤੇ ਨਾਰੀਅਲ ਪੈਰਾਸ਼ੂਟ ਦਾ ਤੇਲ ਆਇਆ ।ਫਿਰ ਡਾਬਰ ਆਂਵਲਾ ਕੇਸ਼ ਤੇਲ।

ਟੀ ਵੀ ਦੀਆਂ ਮਸ਼ਹੂਰੀਆਂ ਨੇ ਨਵਾਂ ਜਮਾਨਾ ਪਿੰਡ ਦੇ ਘਰਾਂ ਚ ਲਿਆ ਦਿੱਤਾ ਸੀ ।

ਘਰ ਟੀ ਵੀ ਕੀ ਆਇਆ … ਮੁਸੀਬਤ ਆ ਗਈ ਬਸ …ਜਦ ਕਦੇ ਦੂਰਦਰਸ਼ਨ ਦੇ ਪ੍ਰੋਗਰਾਮ ਜਦ ਝੌਲੇ ਜਿਹੇ ਹੋਣੇ…ਮੈਂ ਭੱਜ ਕੇ ਜਾ ਕੇ ਏਰੀਅਲ ਨੂੰ ਘੁੰਮਾਉਣਾ…ਚਾਅ ਵਿੱਚ …ਕਿ ਸਾਡੇ ਘਰ ਟੀ ਵੀ ਆ “ਫੁੱਕਰੇ ਪਨ ਦੀ ਫੀਲਿੰਗ”

ਜਦ ਮੈਂ ਦੌੜ ਕੇ ਪੌੜੀਆਂ ਚੜਨੀਆਂ ਬਾਪ ਦਾ ਦਿਲ ਨਾਲੇ ਬਾਹਰ ਨੂੰ ਆ ਜਾਣਾ….ਅਖੇ ਤੂੰ ਜੋਰ ਨਾਲ ਏਰੀਅਲ ਘੁੰਮਾ ਦਿੰਦੀ ਆ…ਜੇ ਟੁੱਟ ਗਿਆ । ਮੈਂ ਨਹੀਓਂ ਨਵਾਂ ਟੀ ਵੀ ਖਰੀਦਣਾ।
ਬਾਪ ਨੂੰ ਨੁਕਸਾਨ ਦਾ ਡਰ ਰਹਿਣਾ,ਸਾਡਾ ਵਿਕਰਮ ਬੈਤਾਲ ਹਵਾ ਦੇ ਝੋਂਕੇ ਨਾਲ ਹਿੱਲ ਜਾਂਦਾ ਸੀ ਸਾਡੀ ਉਹ ਜਾਨ ਕੱਢਦਾ ਹੁੰਦਾ ਸੀ।

ਬਾਪ ਦਾ ਬੱਸ ਚੱਲਦਾ ਤਾਂ ਕਹਿੰਦਾ.. ਬੰਦ ਟੀ ਵੀ ਦੇ ਮੂਹਰੇ ਬੈਠ ਕੇ ਫੀਲਿੰਗ ਲਵੋ ਕਿ ਟੀ ਵੀ ਚੱਲਦਾ ਹੈਗਾ।

ਜਿਸ ਦਿਨ ਸਾਡੇ ਘਰ ਟੀ ਵੀ ਆਇਆ ਸੀ ..ਓ ਏ ਹੋਏ…ਮੇਰੇ ਬਾਪ ਦਾ ਮੂੰਹ ਦੇਖਣ ਵਾਲਾ ਸੀ….ਗੁੱਸੇ ਚ ਲਾਲ ਪੀਲਾ ਸੀ…ਅਖੇ…ਹੁਣ ਗਈਆਂ ਤੁਹਾਡੀਆਂ ਪੜਾਈਆਂ…ਖਰਚਾ ਵਾਧੂ ਦਾ।

ਅੈਤਵਾਰ ਨੂੰ ਥੋੜੀ ਥੋੜੀ ਦੇਰ ਮਗਰੋਂ ਸਾਨੂੰ ਅੈਵੇਂ ਕਹੀ ਜਾਣਾ…ਓ ਏ… ਟੀ ਵੀ ਬੰਦ ਕਰ ਦਿਉ ਬਿਜਲੀ ਦਾ ਬਿੱਲ ਬਹੁਤ ਆਉਣਾ…ਹੈਂ ਲੈ ਦੱਸ ਭਲਾ ।
ਬੈਸੇ ਪਿਉ ਇੱਦਾਂ ਦੇ ਕਾਹਤੇ ਹੁੰਦੇ ਆ ਕੰਜੂਸ ਜਿਹੇ।

ਜਦ ਘਰ ਵਿੱਚ ਫਰਿਜ ਆਈ …ਪੁੱਛੋ ਨਾ…..ਪਹਿਲਾਂ ਤਾਂ ਦੋ ਦਿਨ ਲੰਗੇ ਡੰਗ ਬੱਤੀ ਆਈ ,ਉਹ ਦੋ ਦਿਨ ਅਸੀਂ ਤਾਂ ਫਰਿਜ ਦੀ ਜੱਗਦੀ ਬੁੱਝਦੀ ਬੱਤੀ ਦੇਖ ਦੇਖ ਖੁਸ਼ ਹੁੰਦੇ ਰਹੇ ,ਕਿ ਕਮਾਲ ਹੈ ਦਰਵਾਜਾ ਖੋਲਣ ਤੇ ਆਪੇ ਬੱਤੀ ਜੱਗ ਪੈਂਦੀ ਆ।

ਜੇ ਕੀਤੇ ਬੱਤੀ ਆਈ ਆਈ ਹੁੰਦੀ ਸੀ.. ..ਸਿਵਾਏ ਪਾਣੀ ਦੀਆਂ ਬੋਤਲਾਂ ਤੋਂ ਦੂਜੀ ਕੋਈ ਸ਼ੈ ਈ ਨਈ ਸੀ ਫਰਿਜ ਵਿੱਚ ਰੱਖਣ ਨੂੰ ਹੁੰਦੀ।

ਪਾਣੀ ਵੀ…ਬਾਪ ਦੀਆਂ ਰੰਮ ਤੇ ਬਰਾਂਡੀ ਦੀਆਂ ਖਾਲੀ ਬੋਤਲਾਂ ਵਿੱਚ ਭਰ ਭਰ ਰੱਖਿਆ ਹੁੰਦਾ ਸੀ।

ਮਾਂ ਨੂੰ ਕਹਿਣਾ ਆਟਾ ਘੁੰਨ ਕੇ ਸਬਜੀ ਬਣਾ ਕੇ ਰੱਖ ਦਿਆ ਕਰੋ ਫਰਿਜ ਵਿੱਚ ਦੂਜੇ ਦਿਨ ਤੱਕ ਚੀਜ ਖਰਾਬ ਨੀ ਹੁੰਦੀ।

ਮਾਂ ਸ਼ੈਦ ਫਰਿਜ ਤੇ ਬੋਝ ਨੀ ਪਾਉਣਾ ਚਾਹੁੰਦੀ ਸੀ,ਬਸ ਪਾਣੀ ਭਰ ਭਰ ਰੱਖੀ ਜਾਣਾ। ਇੱਕ ਦਿਨ ਮੇਰਾ ਗੁੱਸੇ ਵਿੱਚ ਦਿਲ ਕੀਤਾ ਕਿ ਮਾਂ ਨੂੰ ਕਹਾਂ ਫਰਿਜ ਚ ਨਲਕਾ ਲਵਾ ਦੇ ਬੋਤਲਾਂ ਭਰ ਭਰ ਰੱਖਣ ਨਾਲੋਂ ।

ਮੇਰੇ ਨਾਨਕੇ ਲੁਧਿਆਣੇ ਆ…ਜਦ ਉਨਾਂ ਦੇ ਜਾਣਾ…ਫਰਿਜ ਚ ਕਦੇ ਫਰੂਟ ਹੋਣਾ..ਕਦੇ ਮਿਠਾਈ ਦੇ ਡੱਬੇ…ਦਾਲ ਸਬਜੀ ..ਤਾਜੀਆਂ ਸਬਜੀਆਂ ਹੋਣੀਆਂ ਜਾਣੀ ਫਰਿਜ ਫਰਿਜ ਵਰਗੀ ਲੱਗਦੀ ਸੀ।ਉਧਰੋਂ ਸਾਡੇ ਪਿੰਡਾਂ ਵਾਲਿਆਂ ਦੇ ਘਰ ਬਾਪ ਦੀਆਂ ਰੰਗ ਬਰੰਗੀਆਂ ਕੰਟੀਨ ਦੀਆਂ ਰੰਮ ਤੇ ਬਰਾਂਡੀ ਦੀਆਂ ਪਾਣੀ ਨਾਲ ਭਰੀਆਂ ਬੋਤਲਾ , ਤੋਂ ਸਿਵਾਏ ਕੁਝ ਨੀ ਜਾਂ ਉਪਰਲੇ ਖਾਨੇ ਚ ਬਰਫ ਜੰਮੀ ਹੋਣੀ ।

ਉਧਰੋਂ….ਬਾਪ ਨੇ ਦੂਜੇ ਕੁ ਦਿਨ ਫੌਜੀਆਂ ਵਾਲੀ ਗਾਲ ਕੱਢ ਕੇ ਮਾਂ ਨੂੰ ਕਹਿਣਾ ਮੇਰਾ ਪੰਜ ਹਜਾਰ ਖੂਹ ਵਿੱਚ ਸੁੱਟ ਦਿੱਤਾ…ਹੁਣ ਫਰਿਜ ਵਿੱਚ ਕੁਝ ਰੱਖਦੀ ਕਾਸਤੋਂ ਨੀ ।

ਮਾਂ ਨੇ ਸਗੋਂ ਜਿੱਦ ਚ ਆ ਕੇ ਦੁੱਧ ਨੂੰ ਉਬਾਲ ਕੇ ਪਰਾਂਤ ਚ ਪਾਣੀ ਪਾ ਕੇ ਸਾਰੀ ਰਾਤ ਠੰਢਾ ਹੋਣ ਨੂੰ ਰੱਖਣਾ ।

ਅਖੇ ਲਾ ਲੈ ਜੋਰ
ਵਜਾ ਲੈ ਢੋਲ
ਲੈ ਆ ਥਾਣਾ
ਬਹਿ ਜਾ ਕੋਲ..

ਇੱਕ ਦਿਨ ਮਾਂ ਨੇ ਕਸਟਡ ਬਣਾ ਕੇ ਜਮਾਉਣ ਨੂੰ ਕੀ ਰੱਖ ਦਿੱਤਾ….ਅਸੀਂ ਬੇਸਬਰੇ ਥੋੜ੍ਹੀ ਥੋੜ੍ਹੀ ਦੇਰ ਮਗਰੋਂ ਫਰਿਜ ਖੋਲ ਖੋਲ ਦੇਖੀਏ ਕਿ ਕਸਟਡ ਜੰਮਿਆ ਕੇ ਹਾਲੇ ਨਹੀਂ ।

ਉਧਰੋਂ ਬਾਪ ….ਸਾਨੂੰ ਉੱਡ ਉੱਡ ਪਵੇ ਕਿ ਪੰਜ ਹਜਾਰ ਲਾਇਆ ਏਦੇ ਤੇ…ਤੁਸੀਂ ਖੋਲੀ ਕਦੇ ਬੰਦ ਕਰੀ ਜਾਂਦੇ ਹੋ ਜੇ ਬੱਤੀ ਖਰਾਬ ਹੋ ਗਈ …ਫਿਰ ਕੀ ਕਰਾਂਗੇ? ਹੈਂ ਲੈ ਦੱਸ …ਅਮੀਰਾਂ ਵਾਲੀ ਫੀਲਿੰਗ ਝੱਟ ਖਤਮ ਹੋ ਜਾਂਦੀ ਸੀ।

ਗੱਲ ਕੋਕਾ ਕੋਲੇ ਦੀ ਆ ।

ਸਾਡੇ ਪਿੰਡਾ ਵਾਲਿਆਂ ਦੇ ਜਦ ਬਲੈਤੀਏ ਆਉੰਦੇ ਸੀ ਸਰਦੀਆਂ ਚ ਵੀ ਕੋਕਾ ਕੋਲਾ ਪੀਂਦੇ ਸੀ ਤੇ ਘਰ ਵਿੱਚ ਡਾਲੇ ਦੇ ਡਾਲੇ ਕੋਕਾ ਕੋਲੇ ਦੇ ਆਉੰਦੇ ਸੀ।
ਕਮਾਲ ਦੇ ਹੁੰਦੇ ਸੀ ਬਲੈਤੀਏ…ਸਾਡਾ ਸਰਦੀਆਂ ਵੇਲੇ ਨੱਕ ਵੱਗਣੋਂ ਨਾ ਹੱਟਣਾ…ਉਹ ਠੰਡਾ ਕੋਲਾ ਪੀਂਦੇ ਸੀ ।

ਸਾਡੇ ਆਮ ਘਰ ਚ’ ਜਾਂ ਤਾਂ ਕੱਚੀ ਲੱਸੀ ਚ ਸ਼ੱਕਰ ਘੋਲ ਕੇ ਬਣਾਉਂਦੇ ਸੀ….ਜਾਂ ਮਿੱਠੀ ਸ਼ਕੰਜ਼ਮੀ ਬਣਦੀ ਸੀ।

ਕੋਕਾ ਕੋਲਾ ਤਾਂ ਉਦਾ਼ ਕਦੇ ਆਇਆ ਹੀ ਨਹੀਂ ਸੀ ।
ਜਾਂ ਕਦੇ ,ਗੋਲੀ ਵਾਲਾ ਬੱਤਾ ਜਿਹੜਾ ਸਸਤਾ…ਜਿਹਾ ਆ ਜਾਂਦਾ ਸੀ।

ਜੇ ਕਦੇ ਆਏ ਗਏ ਤੋਂ Limca ਘਰ ਆਉਣਾ…ਫਿਰ ਕੋਸ਼ਿਸ਼ ਹੋਣੀ ਕਿ ਦੋ ਘੁੱਟ ਵਿੱਚੋਂ ਆਪ ਵੀ ਪੀ ਲਈਏ ।

ਇੱਕ ਸਾਡਾ ਰਿਸ਼ਤੇਦਾਰ ਦੂਰ ਦਾ ਸੀ..ਪਰ ਸੀ ਸ਼ਹਿਰੀਆ..ਮੈਨੂੰ ਉਹ ਪਸੰਦ ਨਹੀਂ ਸੀ..ਕਿਉਂਕਿ ਕਿ ਉਹ ਸਾਡੇ ਕੋਲ ਆ ਕੇ ਸ਼ਹਿਰੀ ਪੂਣਾ ਬਹੁਤ ਦਿਖਾਉਂਦਾ ਸੀ।

ਉਹ ਚੱਪਲਾ ਘੜੀਸ ਕੇ ਤੁਰਦਾ ਸੀ। ਮੈਂ ਉਹਦਾ ਨਾਂ ਚੱਪਲਾਂ ਘੜੀਸ ਰੱਖਿਆ ਸੀ।
ਇੱਕ ਦਿਨ ਸਿੱਖਰ ਦੁਪਿਹਰੇ ਚੱਪਲਾਂ ਘੜੀਸਦਾ ਪਿੰਡ ਆ ਗਿਆ।
ਹੁਣ ਖਾਤਰਦਾਰੀ ਤਾਂ ਕਰਨੀ ਸੀ।
ਮਾਂ ਨੇ ਛੋਟੇ ਨੂੰ ਮੁੱਲਖੇ ਦੀ ਦੁਕਾਨ ਤੇ ਭੇਜਿਆ ..ਕਿ ਜਾਹ ਜਾ ਕੇ Limca ਲੈ ਆ।

ਜਦ Limca ਰਸੋਈ ਚ ਆਇਆ ਮੈਂ ਛੋਟੇ ਨੂੰ ਕਿਹਾ…ਮੈਂ ਆਪੇ ਗਲਾਸ ਚ ਪਾ ਕੇ ਚੱਪਲਾਂ ਘੜੀਸ ਨੂੰ Limca ਕਮਰੇ ਚ ਫੜਾ ਆਉਂਦੀ ਆਂ ।
ਮੇਰੀ ਸਕੀਮ ਨੂੰ ਵਿਚਕਾਰਲਾ ਭਰਾ ਸਮਝ ਗਿਆ।
ਅਸੀਂ ਤਿੰਨੇ limce ਦੀ ਬੋਤਲ ਦੇ ਆਲ ਦੁਆਲ ਬਹਿ ਗਏ।

ਫਿਰ ਕੀ ਸੀ…ਇੱਕ ਸੀ Limca ਅਸੀਂ ਸੀ ਚਾਰ….ਦੋ ਭਰਾ ਇੱਕ ਮੈਂ …ਇੱਕ ਚੱਪਲਾਂ ਘੜੀਸ…ਮੈਂ ਚਾਰ ਗਲਾਸਾਂ ਚ limca ਬਰਾਬਰ ਬਰਾਬਰ ਪਾ ਕੇ…ਚੱਪਲਾਂ ਘੜੀਸ ਦੇ ਗਲਾਸ ਚ ਬਾਕੀ ਦਾ ਪਾਣੀ ਪਾ ਕੇ ਗਲਾਸ ਉਪਰ ਤੱਕ ਭਰ ਕੇ ਮੇਜ਼ ਤੇ ਰੱਖ ਦਿੱਤਾ…ਬਾਕੀ ਦਾ ਹਿੱਸੇ ਆਇਆ Limca ਗਲਾਸਾਂ ਚ ਪਾ ਪਾ ਅਸੀਂ ਪੀ ਕੇ ਟੀ ਵੀ ਦੀ ਮਸ਼ਹੂਰੀ ਵਾਲੀ ਫੀਲਿੰਗ ਲਈ ।

ਕੋਕਾ ਕੋਲਾ….ਪੀਣ ਲਈ ਬੜਾ ਸੰਘਰਸ਼ ਕਰਨਾ ਪੈਂਦਾ ਸੀ। ਜੇ ਕੀਤੇ ਕੋਕਾ ਕੋਲਾ ਆ ਜਾਣਾ ….ਓ ਏ ਹੋਏ …ਲੜ ਲੜ ਮਰ ਜਾਣਾ ਕਿ ਦੂਜਾ ਜਣਾ ..ਘੁੱਟ ਜਿਆਦਾ ਨਾ ਭਰ ਲਵੇ।

ਮੈਂ ਤਾਂ ਇੱਕ ਬਾਰ ਆਪਣੇ ਭਰਾ ਦੇ ਗਲ ਤੇ ਮੁੱਕੀਆਂ ਵੀ ਮਾਰੀਆਂ ਸੀ ਕਿ ਇੱਕ ਦੀ ਬਜਾਏ ਦੋ ਘੁੱਟ ਭਰੇ ਇਹਨੇ।
ਜਿਹੜੇ ਮੇਰੇ ਬਾਅਦ ਵਿੱਚ ਮਾਂ ਤੋਂ ਮੁੱਕੇ ਵੱਜੇ ਉਹਦਾ ਹਿਸਾਬ ਕੋਈ ਨੀ ।
ਮਾਂ ਕੱਚ ਦੇ ਗਲਾਸਾਂ ਨੂੰ ਹੱਥ ਨੀ ਲਾਉਣ ਦਿੰਦੀ ਸੀ… ਕਿਉਂਕਿ ਉਹਨੇ ਮਸੀਂ ਛੇ ਗਲਾਸਾਂ ਦੀ ਜੋੜੀ ਜੋੜ ਕੇ ਆਏ ਗਏ ਲਈ ਰੱਖੇ ਹੁੰਦੇ ਸੀ।

ਜਦ ਕਦੇ ਮਾਂ ਨੇ ਖੱਪ ਕੇ ਕਹਿਣਾ …ਲਿਆ ਵੋ ਮੈਨੂੰ ਕੋਕੇ ਕੋਲੇ ਦੀ ਬੋਤਲ ਫੜਾਵੋ..ਮੈਂ ਬਰਾਬਰ ਦਾ ਵੰਡ ਦੀਂ ਆਂ….ਮੇਰੇ ਵਰਗੀ ਨੇ ਬਾਟੀ ਚੁੱਕ ਲਿਆਉਣੀ ,ਕਿ ਉਸ ਵਿੱਚ ਜਿਆਦਾ ਕੋਕਾ ਕੋਲਾ ਪਉਗਾ….ਫਿਰ ਕਾਲਾ ਲੂਣ ਪਾ ਪਾ ਬਾਟੀ ਚੋਂ ਕੋਲਾ ਇੱਦਾਂ ਪੀਣਾ ਜਿੱਦਾਂ ਗੁੜ ਵਾਲੀ ਚਾਹ ਦੇ ਸੂੜਕੇ ਮਾਰ ਮਾਰ ਪੀ ਦਾ ਸੀ ।
ਪੈਂਡੂ …ਪਰ ਫੀਲਿੰਗ ਬੌਲੀਬੁੱਡ ਦੇ ਸੁਪਰ ਸਟਾਰਾਂ ਵਰਗੀ ਜਾਂ
ਬਲੈਤੀਏ ਹੋਣ ਵਰਗੀ।

ਕਈ ਬਾਰ ਤਾਂ ਲੱਸੀ ਵਾਂਗੂੰ ..ਕੋਕੇ ਕੋਲੇ ਦਾ …ਗਟਾ-ਗੱਟ..-ਘੁੱਟ ਭਰ ਲੈਣਾ।
ਉਹ ਦੇ ਵਿਚਲੀ ਗੈਸ ਸਿੱਧੀ ਹਿੱਕ ਚ ਵੱਜਦੀ ਫਿਰ ਨੱਕ ਨੂੰ ਚੜਨੀ ਫਿਰ ਹੀਰੋਸ਼ੀਮਾ ਤੇ ਅਟੈਕ ਦੀ ਤਰਾਂ ਠਾਹ ਕਰਕੇ ਦਿਮਾਗ ਚ ਵੱਜਣੀ….ਅੱਖਾਂ ਚ ਹੰਝੂ ਕਢਾ ਛੱਡਣੇ…..ਜਿੱਦਾਂ ਕਿਤੇ ਮਰਨੋ ਬਚੇ ਹੋਣਾ ।

ਕਹਿਣ ਨੂੰ ਉਦਾਂ ਕੋਕਾ ਕੋਲਾ ਹੋਣਾ ।

ਫੀਲਿੰਗ ਦੀ ਗੱਲ ਆ…..ਉਹ ਦਿਨ ਸੋਹਣੇ ਸੀ ਤਰਸ ਤਰਸ ਕੇ ਹਾੜੇ ਕੱਢ ਕੱਢ ਚੀਜਾਂ ਮਿਲਦੀਆਂ ਸਨ ਪਰ ਕਦਰ ਅਤੇ ਸਕੂਨ ਸੀ।
ਹੁਣ ਸਭ ਕੁਝ ਹੈ ਦੁਨੀਆਂ ਦੀ ਹਰ ਨਵੀ ਤੋਂ ਨਵੀ ਸ਼ੈ ਖਰੀਦਣ ਦੀ ਹੈਸੀਅਤ ਵੀ ਰੱਖਦੇ ਹਾਂ …ਉਸਨੂੰ ਵਰਤਣ ਦੀ ਸੋਝ ਵੀ ਆ ਪਰ …ਉਹ ਚਾਅ ਉਹ ਖਿੱਚ ਨਹੀਂ ਹੈਗੀ।ਜਿਹੜੇ ਚਾਅ ਜਿਹੜੀ ਫੀਲਿੰਗ ਸਾਦੇ ਜੀਵਣ ਵਿੱਚ ਸੀ ਪਿੰਡ ਦੇ ਮਹੌਲ ਵਿੱਚ ਸੀ।

ਅੰਜੂਜੀਤ ਸ਼ਰਮਾ ਜਰਮਨੀ 

ਓਪਰਾ ਘਰ

by Lakhwinder Singh July 26, 2020

ਓਪਰਾ ਘਰ

“ਜਿਹੜਾ ਧੀ-ਪੁੱਤ ਜੁਆਨ ਜਹਾਨ, ਖਾਣੋਂ ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਏ ਬਹੂ ਰਾਣੀਏਂ!” ਬੋਬੀ ਨੰਤੀ ਨੇ ਖ਼ਚਰੀ ਅੱਖ ਨਾਲ਼ ਸਵਿਤਰੀ ਵੱਲ ਤੱਕਿਆ ਤੇ ਆਪਣੀ ਕਥ-ਕਲਾ ਦਾ ਅਸਰ ਹੁੰਦਾ ਵੇਖ ਕੇ ਉਹਦੀਆਂ ਵਰਾਛਾਂ ਦੀਆਂ ਬਰੀਕ ਝੁਰੜੀਆਂ ਕੰਬਣ ਲੱਗ ਪਈਆਂ।

“ਨਾਲ਼ੇ ਬੱਚੇ ਜਿਹੜੇ ਧੀ-ਪੁੱਤ ਦੀ ਸੁਤਾ ਜਿਊਂਦੇ ਜੀ, ਸਭ ਕੁਸ਼ ਹੁੰਦਿਆਂ-ਸੁੰਦਿਆਂ ਖਾਣ-ਪਹਿਨਣੋਂ ਤੜਫ਼ਦੀ ਰਹੀ, ਉਹਨੇ ਤਾਂ ਭਟਕਣਾ ਈ ਹੋਇਆ”, ਬੋਬੀ ਨੇ ਵਲ਼ੇਵੇਂ ਢੰਗ ਨਾਲ ਗੱਲ ਸ਼ੁਰੂ ਕੀਤੀ। “ਭਾਂਤ ਭਾਂਤ ਦੇ ਲੋਕ ਦੁਨੀਆਂ ‘ਚ ਪਏ ਐ ਬੀਬਾ! ਕਈ ਤਾਂ ਬਾਲ-ਬੱਚੇ ਨੂੰ ਖੁਆ ਪਿਆ ਕੇ ਖੁਸ਼ ਹੁੰਦੇ ਐ, ਕਈ ਕਈ ਚੰਦਰੇ ਖਾਂਦਿਆਂ ਦੇ ਮੂੰਹੋਂ ਬੁਰਕੀਆਂ ਖੋਂਹਦੇ ਐ। ਪਰ ਮੈਂ ਕਹਿੰਨੀ ਐਂ ਜਿਹੜੇ ਅਉਂਤਰੇ ਆਵਦੀ ਅਣਸ ਨੂੰ ਖਾਣ-ਹੰਢੌਣ ਨ੍ਹੀਂ ਦਿੰਦੇ ਉਹ ਦਿਨ-ਰਾਤ ਧੰਦ ਕਾਹਦੀ ਖ਼ਾਤਰ ਪਿਟਦੇ ਫਿਰਦੇ ਐ? ਜੇ ਆਵਦਾ ਢਿੱਡ ਈ ਬੰਦੇ ਨੇ ਭਰ ਕੇ ਸੌਣੈ ਤਾਂ ਬੰਦਿਆਂ ਤੇ ਕੁੱਤਿਆਂ ਬਿੱਲਿਆਂ’ਚ ਕੀ ਫ਼ਰਕ ਹੋਇਆ? ……ਸੁੱਖ ਨਾਲ ਤਿੰਨ ਨੂੰਹੈਂ, ਕਦੇ ‘ਓਇ’ ਨਹੀਂ ਆਖੀ। ਮੈਂ, ਬੱਚਾ, ਵਰਜਾਂ ਵੀ ਕਿਉਂ? ਅੱਜ ਵੀ, ਉਹਨਾਂ ਦਾ, ਕਲ੍ਹ ਨੂੰ ਵੀ ਉਹਨਾਂ ਦਾ, ਚਾਹੇ ਖਾਣ ਚਾਹੇ ਲੁਟੌਣ। ਆਪਾਂ ਤਾਂ ਦੋ ਮੰਨੀਆਂ ਖਾਣੀਐਂ। ਜਿੰਨਾ ਚਿਰ ਦੇਣਗੇ ਦੇਣ ਨਹੀਂ ਗੁਰਦੁਆਰੇ ਜਾ ਬੈਠੂੰ। ਮੈਂ ਤਾਂ ਕਹਿੰਨੀ ਐਂ ਬੱਚਾ ਬਈ ਜਿਹੜੇ ਚੰਦਰੇ ਮਾਪੇ ਸਹੁਰੇ ਧੀਆਂ ਪੁੱਤਾਂ ਤੋਂ ਲਕੋ ਲਕੋ ਰੱਖਦੇ ਐ, ਅਗਲੀ ਦਰਗਾਹ ਉਹਨਾਂ ਨੂੰ ਮੈਲ਼ੇ ਦੀਆਂ ਰੋੜੀਆਂ ਚੁਗ-ਚੁਗ ਖਾਣੀਆਂ ਪੈਣ! ……ਹੇ……ਰਾਮ! ਆਵਦਿਆਂ ਨਾਲ ਵੀ ਦਰੈਤ! ਦੁਨੀਆਂ ਦਾ ਹਾਲ ਕੀ ਹੋਊ! ………ਅੱਛਾ ਜੋ ਉਹਨੂੰ ਭਾਵੇ।”

ਦੋਵੇਂ ਹੱਥ ਜੋੜ ਕੇ ਨੰਤੀ ਬੋਬੀ ਨੇ ਮੱਥੇ ਨੂੰ ਲਾਏ ਤੇ ਇੱਕ ਲੰਮਾ ਹਉਕਾ ਭਰ ਕੇ ਉੱਠ ਖੜੋਤੀ। ਸਵਿਤਰੀ ਨੂੰ ਕੋਈ ਪਤਾ ਨਹੀਂ ਸੀ ਕਿ ਬੋਬੀ ਨੇ ਖ਼ਚਰੀ ਅੱਖ ਨਾਲ, ਇਸ ਵਾਰ ਹੋਰ ਆਪਣੀ ਕੱਥ-ਕਲਾ ਦਾ ਅਸਰ ਉਹਦੇ ਮੂੰਹੋਂ ਪੜ੍ਹ ਲਿਆ ਸੀ ਤੇ ਪਹਿਲਾਂ ਵਰਗੀ ਗੁੱਝੀ ਮੁਸਕਰਾਹਟ ਨਾਲ ਉਹਦੀਆਂ ਡੂੰਘੀਆਂ ਝੁਰੜੀਆਂ ਕੰਬ ਰਹੀਆਂ ਸਨ।

“ਬੋਬੀ ਬੈਠ ਕੁਸ਼ ਚਿਰ ਤਾਂ, ਰੋਟੀ ਖਾ ਕੇ ਜਾਈਂ।”

“ਬਸ! ਜਿਊਂਦੀ ਰਹਿ! ਤੇਰੇ ਵੀਰ ਜਿਊਣ! ਮਾਪਿਆਂ ਵੰਨੀਓਂ ਠੰਢੀ ਵਾ ਆਵੇ! ਤੇਰਾ ਈ ਖਾਈਦੈ ਬੱਚਾ। ਜਾਨੀ ਐਂ ਨਿਆਣੀਆਂ ਔਖੀਆਂ ਹੁੰਦੀਆਂ ਹੋਣਗੀਆਂ- ਨਿਆਣੇ ਸਾਰਾ ਦਿਨ ਵਿਚਾਰੀਆਂ ਨੂੰ ਸਾਹ ਕਿਹੜਾ ਲੈਣ ਦਿੰਦੇ ਐ। ਜਾ ਕੇ ਖੇਡ ਲਾਊਂ ਤਾਂ ਰੋਟੀ-ਟੁੱਕ ਦਾ ਕੰਮ ਨਿਬੇੜਣਗੀਆਂ। ਤੇ ਨਾਲ਼ੇ ਮੈਂ ਆਹਰ ਲੱਗੀ ਰਹਿਨੀਂ ਐਂ। ਵਿਹਲਾ ਬੰਦਾ ਤਾਂ ਊਂ-ਈਂ ਕੋੜ੍ਹੀ ਹੋ ਜਾਂਦੈ।”

ਤੇ ਚੜ੍ਹੇ ਸਾਹ, ਉਂਜ ਈ ਬੋਲਦੀ, ਨੰਤੀ ਚਲੀ ਗਈ। ਸਵਿਤਰੀ ਉਹਦੀ ਕਾਲੀ ਲੌਣ ਵਾਲੀ ਖੱਟੇ ਰੰਗ ਦੀ ਘੱਗਰੀ ਵੱਲ ਤੇ ਉਹਦੀ ਖੁੱਸੀ, ਪੁਰਾਣੀ ਚੁੰਨੀ ਵੱਲ ਵਿੰਹਦੀ ਰਹੀ। ਸਵਿਤਰੀ ਨੂੰ ਬੋਬੀ ਸੱਚੀਂ ‘ਦਿਉਤਾ ਰੂਪ’ ਲਗਦੀ ਸੀ। ਜਿਵੇਂ ਲੋਕ ਬੋਬੀ ਦੀ ਨਿੰਦਿਆ ਕਰਦੇ ਸਨ, ਉਹਨੂੰ ਫਫਾ-ਕੁੱਟਣੀ, ਕਲ਼-ਮੂੰਹੀਂ ਤੇ ਕਲ਼-ਜੋਗਣ ਆਖਦੇ ਸਨ, ਅਜੇਹੀ ਕੋਈ ਗੱਲ ਉਸਨੂੰ ਨਹੀਂ ਸੀ ਲਗਦੀ। ਅੱਜ ਕੱਲ੍ਹ ਕਿਹੜੀ ਸੱਸ ਆਪਣੀਆਂ ਨੂੰਹਾਂ ਦਾ ਇੰਜ ਖਿ਼ਆਲ ਰੱਖਦੀ ਸੀ? ……ਸਵਿਤਰੀ ਦੀ ਆਪਣੀ ਵੀ ਤਾਂ ਸੱਸ ਈ ਸੀ ਨਾ! ਤੁਰਦੇ ਨੈਣ-ਪਰਾਣੀ ਉਹ ਕਦੇ ਮੰਜਿਓਂ ਪੈਰ ਨਹੀਂ ਸੀ ਲਾਹੁੰਦੀ, ਸਾਰਾ ਦਿਨ ਬੈਠੀ-ਬਿਠਾਈ ਹੁਕਮ ਚਲਾਉਂਦੀ ਰਹਿੰਦੀ। ਉਹ ਇੰਜ ਹੁਕਮ ਦਿੰਦੀ ਜਿਵੇਂ ਸਵਿਤਰੀ ਏਸ ਘਰ ਦੀ ਨੂੰਹ ਨਹੀਂ ਗੋਲੀ ਹੋਵੇ। ਸਭ ਕੁਝ ਹੁੰਦਿਆਂ-ਸੁੰਦਿਆਂ ਉਹਨੇ ਕਿੰਨੀ ਵੇਰੀ ਸਵਿਤਰੀ ਤੋਂ ਚੱਕੀ ਉੱਤੇ ਪਸੇਰੀ-ਪਸੇਰੀ ਪਿਹਾਇਆ ਸੀ। ਸਾਰਾ ਦਿਨ ਉਹਨੂੰ ਘਰ ਦੀ ਚੱਕ-ਧਰ ਵਿਚ ਇੰਜ ਲਾਈ ਰੱਖਦੀ ਕਿ ਸਵਿੱਤਰੀ ਨੂੰ ਬਿੰਦ ਪਿੱਠ ਸਿੱਧੀ ਕਰਨ ਦੀ ਵਿਹਲ ਨਹੀਂ ਸੀ ਮਿਲਦੀ। ਪਹਿਲੇ ਪਹਿਰ ਉਹ ਉੱਠ ਕੇ ਸਭ ਤੋਂ ਮਗਰੋਂ ਸੌਂਦੀ ਪਰ ਕੰਮ ਅਜੇ ਵੀ ਨਹੀਂ ਸੀ ਮੁੱਕਦਾ। ਜੇ ਕਿਤੇ ਬਿੰਦ-ਝੱਟ ਉਹ ਪੀੜ੍ਹੀ ਡਾਹ ਕੇ ਬਹਿ ਜਾਂਦੀ ਤਾਂ ਉਹਦੀ ਸੱਸ ਰਾਣੀ ਵਿੰਗੇ-ਟੇਢੇ ਢੰਗ ਨਾਲ ਕੁਝ ਕਹਿ-ਕੁਹਾ ਕੇ ਕਿਸੇ ਨਾ ਕਿਸੇ ਕੰਮ ਲਾ ਦਿੰਦੀ।

 

“………ਘਰਾਂ ਦੇ ਕੰਮ ਕਦੇ ਮੁਕਦੇ ਐ। ਤੀਵੀਂ ਦੇ ਐਨੇ ਕੰਮ ਐਂ ਜਿੰਨੇ ਉਹਦੇ ਸਿਰ ਦੇ ਵਾਲ। ਇੱਕ ਇੱਕ ਕਰਕੇ ਚੁਗਣ ਲੱਗੇ ਤਾਂ ਵੀ ਮੁੱਕਦੇ ਈ ਮੁੱਕਣਗੇ ਨਾ।”

 

ਜਦੋਂ ਦੀ ਸਵਿਤਰੀ ਏਸ ਘਰ ਆਈ ਸੀ ਉਹਨੇ ਕਦੇ ਚੰਗੀ ਤਰ੍ਹਾਂ ਨਹਾ ਕੇ ਨਹੀਂ ਸੀ ਵੇਖਿਆ। ਆਪਣੀਆਂ ਤਿੱਖੇ ਕੋਇਆਂ ਵਾਲੀਆਂ, ਨੀਲੀਆਂ ਅੱਖਾਂ ਵਿੱਚ ਸੁਰਮਾ ਪਾ ਕੇ ਨਹੀਂ ਸੀ ਵੇਖਿਆ। ਲੰਮੇ ਕੂਲ਼ੇ ਵਾਲ ਰੀਝ ਨਾਲ ਵਾਹ ਕੇ ਨਹੀਂ ਸਨ ਵੇਖੇ।

‘ਕੋਈ ਵਾਹੇ ਵੀ ਕੀਹਦੀ ਖਾਤਰ!’ ਕਦੇ ਕਦੇ ਸਵਿਤਰੀ ਸੋਚਦੀ, ‘ ਉਹ ਵੀ ਤਾਂ ਇਹਨਾਂ ਮਾਪਿਆਂ ਦਾ ਪੁੱਤ ਐ-ਏਸੇ ਘਰ ਦਾ ਜੰਮ-ਪਲ’। ਤੇ ਇਹ ‘ਘਰ’ ਖ਼ਬਰੇ ਕਿਹੋ ਜਿਹਾ ਸੀ ਜਿੱਥੇ ਕੰਮ ਤੋਂ ਬਿਨਾਂ ਕੋਈ ਗੱਲ ਕਿਸੇ ਨੂੰ ਅਹੁੜਦੀ ਈ ਨਹੀਂ ਸੀ। ਸਾਰੇ ਨਿਰੀਆਂ ‘ਕੰਮ ਦੀਆਂ’ ਗੱਲਾਂ ਈ ਕਰਦੇ। ਸਵਿਤਰੀ ਨੂੰ ਇਹ ਵੀ ਸਮਝ ਅੱਜ ਤਾਈਂ ਨਹੀਂ ਸੀ ਪਈ ਕਿ ਇਹ ਘਰ ਸੀ ਕਿ ਹੱਟੀ ਜਿੱਥੇ ਅੱਧ ਅੱਧੀ ਰਾਤ ਤਾਈਂ ਉਹਦਾ ਸਹੁਰਾ ਤੇ ਉਹਦਾ ਪਤੀ ਮੂਲ ਚੰਦ (ਉਹਨੂੰ ਇਹ ਨਾਂ ਈ ‘ਮੂਲ-ਵਿਆਜ’ ਸ਼ਬਦ ਵਰਗਾ ਲਗਦਾ- ਹੱਟੀ ਦੀ ਬੋਲੀ ਦਾ ਇੱਕ ਸ਼ਬਦ) ਦੀਵਾ ਬਾਲ ਕੇ ਵਹੀਆਂ ਦੇ ਘਸਮੈਲੇ ਵਰਕਿਆਂ ਉੱਤੇ ਅੱਖਰ ਲਿਖਦੇ ਰਹਿੰਦੇ। ਉਹ ਮੈਲੀਆਂ ਤਪੜੀਆਂ ਉੱਤੇ ਚੁੱਪ-ਚਾਪ, ਵਹੀਆਂ ਦੇ ਢੇਰ ਵਿਚਕਾਰ ਬੈਠੇ ਇੰਜ ਲਗਦੇ ਜਿਵੇਂ ਧਰਮਰਾਜ ਦੇ ਖੱਬੇ ਪਾਸੇ (ਜਿੱਧਰ ਕਹਿੰਦੇ ਸਨ ਨਰਕਾਂ ਦਾ ਬੂਹਾ ਹੈ) ਲੇਖਾ ਕਰਨ ਵਾਲੇ ਜਮ ਬੈਠੇ ਹੋਣ। ਕਈ ਵਾਰ ਇੰਜ ਕੌਡੇ ਹੋ ਕੇ ਕੀੜੀਆਂ ਵਰਗੇ ਅੱਖਰਾਂ ਨਾਲ ਅੱਖਾਂ ਜੋੜੀ ਬੈਠੇ ਦੋਵੇਂ ਪਿਉ-ਪੁੱਤਾਂ ਦੀਆਂ ਸ਼ਕਲਾਂ ਉਹਨੂੰ ਬੜੀਆਂ ਡਰਾਉਣੀਆਂ ਲਗਦੀਆਂ, ਤੇ ਸੱਚੀਂ ਈ ਉਹ ਡਰ ਜਾਂਦੀ (ਇੰਜ ਰਾਤਾਂ ਨੂੰ ਉਹਨੂੰ ਬੜੇ ਡਰਾਉਣੇ ਸੁਪਨੇ ਵੀ ਆਏ ਸਨ)।

 

‘ਘਰ ਵੀ ਏਹੋ ਜਿਹੇ ਹੁੰਦੇ ਐ’ ਸਵਿਤਰੀ ਸੋਚਦੀ। ਉਹਨਾਂ ਦਾ- ਉਹਦੇ ਮਾਪਿਆਂ ਦਾ ਵੀ ਤਾਂ ਘਰ ਸੀ। ਖੁੱਲ੍ਹਾ ਵਿਹੜਾ, ਪਿੱਛੇ ਦੋ ਖੁਲ੍ਹੇ ਕੋਠੇ ਜਿਨ੍ਹਾਂ ਵਿਚ ਕੱਪੜੇ-ਲੀੜੇ, ਸੰਦੂਕ, ਟਰੰਕ ਤੇ ਭਾਂਡੇ ਪਏ ਹੁੰਦੇ ਸਨ। ਪਰ ਏਥੇ ਚਹੁੰ ਮੰਜੀਆਂ ਦਾ ਵਿਹੜਾ ਤੇ ਪਿਛਲੇ ਪਾਸੇ ਚਾਰ, ‘ਵਹੀਣਾ ਵਰਗੇ’ ਭੀੜੇ ਬੂਹਿਆਂ ਵਾਲੀਆਂ ਘਚੋਰ-ਕੋਠੜੀਆਂ ਸਨ ਜਿਹੜੀਆਂ ਬੋਰੀਆਂ, ਪੀਪਿਆਂ, ਖ਼ਾਲੀ ਡੱਬਿਆਂ ਤੇ ਚਾਹ ਵਾਲੀਆਂ ਪੇਟੀਆਂ ਨਾਲ ਤੂੜੀਆਂ ਹੋਈਆਂ ਸਨ। ਛੱਤਾਂ ਵਿੱਚ ਚਾਮ-ਚੜਿੱਕਾਂ ਦੀਆਂ ਤੇ ਹੇਠਾਂ ਚੂਹਿਆਂ ਦੀਆਂ ਖੁੱਡਾਂ ਸਨ। ਕੋਠੜੀਆਂ ਦੇ ਚਾਰੇ ਬੂਹੇ ਖੁੱਲ੍ਹੇ ਹੁੰਦੇ ਤਾਂ ਸਵਿਤਰੀ ਨੂੰ ਹੱਟੀ ਦੇ ਥੜ੍ਹੇ ਉੱਤੇ ਬੈਠੇ ਬੰਦੇ ਉਹਨਾਂ ਇੱਲ੍ਹਾਂ, ਕਾਂਵਾਂ ਵਰਗੇ ਦਿਸਦੇ ਜਿਹੜੇ ਉਹ ਨਿੱਕੀ ਹੁੰਦੀ, ਪਿੱਤਲ ਦੀ ਫੂਕਣੀ ਵਿੱਚੋਂ ਇੱਕ ਅੱਖ ਨਾਲ, ਗਲੀ ਦੇ ਸਿਰੇ ਉੱਤੇ, ਸ਼ਾਹਾਂ ਦੀ ਤਿਮੰਜ਼ਲੀ ਹਵੇਲੀ ਦੀਆਂ ਮਮਟੀਆਂ ਉੱਤੇ ਬੈਠੇ ਵੇਖਦੀ ਹੁੰਦੀ। ਵਿਹੜੇ ਦੇ ਦੂਜੇ ਪਾਸੇ ਇਹਨਾਂ ਈ ਕੋਠੜੀਆਂ ਵਰਗੀ ਇੱਕ ਚਹੁੰ ਕੁ ਮੰਜਿਆਂ ਦੀ ਦਰਵਾਜੜੀ ਸੀ- ਡਿਉਢੀ, ਜੀਹਦਾ ਇੱਕ ਬੂਹਾ ਗਲ੍ਹੀ ਉੱਤੇ ਖੁਲ੍ਹਦਾ ਸੀ ਤੇ ਦੂਜਾ ਵਿਹੜੇ ਦੀ ਖੱਬੀ ਕੰਧ ਨਾਲ। ਵਿਹੜੇ ਵਿਚ ਫਿ਼ਰਦਿਆਂ ਉਹਨੂੰ ਗਲੀ ਵਿਚ ਆਉਂਦਾ ਜਾਂਦਾ ਕੋਈ ਬੰਦਾ ਨਹੀਂ ਸੀ ਦਿੱਸ ਸਕਦਾ। ਦਰਵਾਜੜੀ ਵਿਚ ਸਾਰਾ ਦਿਨ ਉਹਦੀ ਸੱਸ ਮੰਜਾ ਡਾਹ ਕੇ ਪਈ ਰਹਿੰਦੀ, ਜਿਵੇਂ ਉਹਦੀ ਰਾਖੀ ਬਹਿੰਦੀ ਹੋਵੇ। ਜਦੋਂ ਕਿਤੇ ਦੂਜੇ ਪਾਸੇ ਦੀਆਂ ਘਚੋਰ ਕੋਠੜੀਆਂ ਦੇ ਬੂਹੇ ਬੰਦ ਹੁੰਦੇ ਤਾਂ ਇਹ ਹਨੇਰਾ-ਭੀੜਾ ਵਿਹੜਾ ਉਹਨੂੰ ਸੱਚੀਂ ਇੱਕ ਜੇਲ੍ਹ ਵਰਗਾ ਲੱਗਦਾ। ਕਦੇ ਕਦੇ ਉਹ ਡਰ ਕੇ ਕੋਠੇ ਉੱਤੇ, ਇਹਨਾਂ ਈ ਕੋਠੜੀਆਂ ਵਰਗੇ ਕੱਚੇ, ਭੀੜੇ ਚੁਬਾਰੇ ਵਿਚ ਜਾ ਵੜਦੀ। ਏਸ ਚੁਬਾਰੇ ਵਿੱਚੋਂ ਸਾਹਮਣੇ ਘਰ ਦੀਆਂ ਛੱਤਾਂ ਤੇ ਉੱਚੀਆਂ ਹਵੇਲੀਆਂ ਦਿੱਸ ਪੈਂਦੀਆਂ। ਇੱਕ ਸਾਹਮਣੇ ਚੁਬਾਰੇ ਦੀ ਖਿੜਕੀ ਵਿਚ ਕਿਤਾਬ ਪੜ੍ਹੀ ਜਾਂਦਾ ਉਹ ਮੁੰਡਾ……(ਪਤਾ ਨਹੀਂ ਜਦੋਂ ਉਹ ਉੱਤੇ ਚੜ੍ਹਦੀ ਸੀ ਓਦੋਂ ਜਾਂ ਹਰ ਵੇਲੇ ਈ, ਕਿਤਾਬ ਉਹਦੇ ਹੱਥ ਵਿੱਚ ਹੁੰਦੀ, ਪਰ ਝਾਕਦਾ ਉਹ ਏਧਰ ਰਹਿੰਦਾ) ਕੁਝ ਚਿਰ ਉਹਦੇ ਵੱਲ ਝਾਕਦੀ ਰਹਿੰਦੀ। ਅੱਗੋਂ ਉਹ ਕਿਤਾਬ ਨੂੰ ਉਂਜ ਈ ਪੁੱਠੀ ਸਿੱਧੀ ਕਰੀ ਜਾਂਦਾ; ਪੱਤਰੇ ਪੁੱਠੇ-ਸਿੱਧੇ ਈ ਉਲੱਦੀ ਜਾਂਦਾ। ਇੰਜ ਕਰਦਾ ਉਹ ਉਹਨੂੰ ਚੰਗਾ ਲਗਦਾ। ਪਰ ਬਿੰਦ ਕੁ ਮਗਰੋਂ ਜਾਪਦਾ ਉਹ ਜਿਵੇਂ ਫੇਰ ਫੂਕਣੀ ਵਿੱਚੋਂ ਇੱਲ੍ਹ-ਕਾਂ ਵੇਖਣ ਲੱਗ ਪਈ ਹੋਵੇ। ਉਹਨੂੰ ਆਪਣੀਆਂ ਅੱਖਾਂ ਥੱਕੀਆਂ ਜਾਪਦੀਆਂ ਤੇ ਕਾਹਲੀ ਕਾਹਲੀ ਦੂਰ ਤੱਕ ਖਿੱਲਰੇ, ਢੱਠੇ-ਪੁਰਾਣੇ ਖੋਲ੍ਹਿਆਂ ਤੇ ਚੁਬਾਰਿਆਂ ਵੱਲ ਇੰਜ ਨਿਗ੍ਹਾ ਮਾਰਨ ਲੱਗ ਪੈਂਦੀ ਜਿਵੇਂ ਉਹ ਨਵੀਂ ਨਵੀਂ ਪਿੰਜਰੇ ਪਾਈ ਘੁੱਗੀ ਹੋਵੇ ਤੇ ਮਾਲਕ ਨੇ ਲੱਤ ਨੂੰ ਡੋਰ ਬੰਨ੍ਹ ਛੱਡੀ ਹੋਵੇ; ਇਹ ਡੋਰ ਪਤਾ ਨਹੀਂ ਉਹ ਕਦੋਂ ਖਿੱਚ ਲਏ।

“ਕੁੜੇ ਬਹੂ!……ਕੀ ਕਰਦੀ ਐਂ ਭਾਈ?”

ਸਵਿਤਰੀ ਦਾ ਡਰ ਉਹਦੇ ਅੱਗੇ ਆ ਜਾਂਦਾ; ਡੋਰ ਖਿੱਚੀ ਜਾਂਦੀ। ਉਹ ਸੱਸ ਨੂੰ ਬਿਨਾਂ ਪਤਾ ਲੱਗਣ ਦਿੱਤਿਆਂ, ਤੀਜੀ ਆਵਾਜ਼ ਤੋਂ ਪਹਿਲਾਂ, ਪੋਲੇ-ਪੈਰੀਂ ਹੇਠ ਉੱਤਰ ਆਉਂਦੀ। ਪਰ ਵਿਹੜੇ ਵਿੱਚ ਆਉਣ ਤਾਈਂ ਉਹਦਾ ਸਾਹ ਚੜ੍ਹ ਜਾਂਦਾ। ਦਮ ਘੁਟਣ ਲੱਗ ਪੈਂਦਾ ਤੇ ਅੱਖਾਂ ਅੱਗੇ ਧੂੰਏਂ ਵਾਂਗ ਕੁਝ ਪਸਰ ਜਾਂਦਾ।

 

‘ਏਹੋ ਜਿਹੇ ਘਰ ਵਿੱਚ ਕੋਈ ਕਦੋਂ ਤਾਈਂ ਰਹਿ ਸਕਦੈ’।

ਸਵਿਤਰੀ ਸੋਚਦੀ ਤੇ ਉਹਨੂੰ ਜਾਪਦਾ ਉਹ ਏਸ ਘਰ ਵਿੱਚ ਬਹੁਤਾ ਚਿਰ ਨਹੀਂ ਰਹਿ ਸਕੇਗੀ।

ਪਰ ਅੱਜ……? ਅੱਜ ਦੀ ਗੱਲ ਹੋਰ ਸੀ। ਉਹਦੀ ਸੱਸ ਤੇ ਸਹੁਰਾ ਹਰਦੁਆਰ ਨਹਾਉਣ ਗਏ ਸਨ। ਉਹਤੋਂ ਤੇ ਉਹਦੇ ਪਤੀ ਤੋਂ ਬਿਨਾਂ ਤੀਜਾ ਹੋਰ ਕੋਈ ਘਰ ਨਹੀਂ ਸੀ। ਏਹੋ ਘਰ ਅੱਜ ਜਿਵੇਂ ਉਸਨੂੰ ਖੁੱਲ੍ਹਾ ਖੁੱਲ੍ਹਾ ਲਗਣ ਲੱਗ ਪਿਆ ਸੀ। ਬੋਬੀ ਨੰਤੀ ਵੀ ਅੱਜ ਉਸ ਕੋਲ ਆਪੇ ਆ ਗਈ ਸੀ (ਸਵਿਤਰੀ ਦੀ ਸੱਸ ਦੇ ਹੁੰਦਿਆਂ, ਉਹਦੇ ਖਰ੍ਹਵੇ ਬੋਲ ਤੇ ਖਰਵ੍ਹੇ ਸੁਭਾ ਕਰਕੇ, ਕੋਈ ਤੀਵੀਂ ਘੱਟ-ਵੱਧ ਈ ੳਹਨਾਂ ਦੇ ਘਰ ਆਉਂਦੀ ਸੀ; ਤੇ ਜੇ ਆਉਂਦੀ ਵੀ ਤਾਂ ਉਹਦੀ ਸੱਸ ਨਾਲ ਈ ਗੱਲਾਂ ਕਰ ਕੇ ਮੁੜ ਜਾਂਦੀ।

ਤੇ ਅੱਜ ਤਾਂ ਸਵਿਤਰੀ ਜਿਵੇਂ ‘ਘਰ-ਬਾਰਨ’ ਸੀ।

ਕੁਝ ਤਸੱਲੀ ਨਾਲ ਉਹਨੇ ਸਿਰ ਉੱਤੇ ਚੁੰਨੀ ਸੂਤ ਕੀਤੀ ਤੇ ਡਿਉਢੀ ਦਾ ਬੂਹਾ ਭੀੜ ਕੇ ਵਿਹੜੇ ਵਿੱਚ ਆ ਗਈ। ਉਹਨੂੰ ਆਪਣੀ ਤੋਰ ਵੀ ਕੁਝ ਓਪਰੀ, ਪਰ ਚੰਗੀ ਚੰਗੀ ਲਗਦੀ ਸੀ।

ਵਿਹੜੇ ਵਿਚ ਆ ਕੇ ਉਹ ਮੂਹੜੇ ‘ਤੇ ਬਹਿ ਗਈ। ਘਚੋਰ-ਕੋਠੜੀਆਂ ਦੇ ਸਾਰੇ ਬੂਹੇ ਖੁਲ੍ਹੇ ਸਨ। ਉਹਦਾ ‘ਮੂਲ-ਵਿਆਜ’ (ਤੇ ਇਹ ਨਾਂ ਸੋਚ ਕੇ ਉਹਨੂੰ ਮੱਲੋਮੱਲੀ ਹਾਸੀ ਆ ਗਈ) ਵਹੀਆਂ ਦੇ ਢੇਰ ਵਿੱਚ ਧਰਮਰਾਜ ਦੇ ਮੁਨਸ਼ੀ ਵਾਂਗ ਗੱਦੀ ਉੱਤੇ ਬੈਠਾ ਨਾਵੇਂ ਖਤਾਈ ਜਾਂਦਾ ਸੀ। ਉਹ ਕਦੇ ਸਿੱਧਾ ਹੋ ਜਾਂਦਾ, ਕਦੇ ਫੇਰ ਕੁੱਬ ਕੱਢ ਕੇ ਵਹੀ ਦੇ ਪੰਨੇ ਨਾਲ ਅੱਖਾਂ ਜੋੜ ਕੇ ਲਿਖਣ ਲੱਗ ਪੈਂਦਾ- ਇੰਜ ਈ ਜਿਵੇਂ, ਸ਼ਾਹਾਂ ਦੀ ਹਵੇਲੀ ਦੀ ਮਮਟੀ ਉੱਤੇ ਬੈਠੀ ਇੱਲ੍ਹ ਆਪਣੇ ਪੌਂਚਿਆਂ ਵਿਚ ਫੜੀ ਰੋਟੀ ਨੂੰ ਤੋੜ-ਤੋੜ ਖਾਂਦੀ ਹੋਵੇ। ਸਵਿਤਰੀ ਗੋਡਿਆਂ ਉੱਤੇ ਠੋਡੀ ਰੱਖੀ ਕਿੰਨਾ ਚਿਰ ਬੈਠੀ ਉਹਦੇ ਵੱਲ ਵਿੰਹਦੀ ਰਹੀ। (ਤੇ ਉਹਨੂੰ ਨਹੀਂ ਪਤਾ ਕਿ ਉਹਦੇ ਹੋਠਾਂ ਉੱਤੇ ਓਨਾ ਚਿਰ ਮੁਸਕਰਾਹਟ ਖਿੱਲਰੀ ਰਹੀ ਜਿਸਨੂੰ ਵੇਖ ਕੇ ਉਹਦੀ ਚਾਚੀ ਆਖਦੀ ਹੁੰਦੀ, ‘ਨੀਂ ਇਉਂ ਨਾ ਮੂੰਹ ਕਰਿਆ ਕਰ ਭੱਜੜਾਂ-ਪਿੱਟੀਏ, ਨਜ਼ਰ ਲੱਗ ਜਾਂਦੀ ਹੁੰਦੀ ਐ’।)

ਬੈਠਿਆਂ ਬੈਠਿਆਂ ਸਵਿਤਰੀ ਨੇ ਉਂਗਲ ਨਾਲ ਆਪਣੀਆਂ ਦੋਵੇਂ ਗੱਲ੍ਹਾਂ ਟੋਹ ਕੇ ਵੇਖੀਆਂ, ਨਿੱਕੇ ਨਿੱਕੇ ਟੋਏ ਪਏ ਹੋਏ ਸਨ। ਦੋਵਾਂ ਹੱਥਾਂ ਦੀਆਂ ਚੀਚ੍ਹੀਆਂ ਉਹਨੇ ਡੂੰਘਾਂ ਵਿੱਚ ਪਾ ਲਈਆਂ ਤੇ ਮੱਲੋਮੱਲੀ ਹੱਸਦਿਆਂ ਉੱਠ ਕੇ ਵਿਹੜੇ ਨਾਲ ਲੱਗਵੀਂ, ਪਹਿਲੀ ਕੋਠੜੀ ਅੰਦਰ ਚਲੀ ਗਈ (ਚੀਚ੍ਹੀਆਂ ਉਹਨੇ ਉਂਝ ਦੀ ਉਂਝ ਦੱਬੀ ਰੱਖੀਆਂ ਸਨ ਜਿਵੇਂ ਉਹਨਾਂ ਦੇ ਚੁੱਿਕਆਂ ਇਹ ਡੂੰਘ ਕਾਸੇ ਨਾਲ ਭਰ ਜਾਣਗੇ)। ਥਿੰਦੀ ਚੁਗਾਠ ਵਾਲੇ ਘਸਮੈਲੇ ਸ਼ੀਸ਼ੇ ਅੱਗੇ ਖੜੋ ਕੇ ਡਰਦਿਆਂ ਡਰਦਿਆਂ ਉਹਨੇ ਚੀਚ੍ਹੀਆਂ ਪਰੇ ਹਟਾਈਆਂ, ਪਰ ਡੂੰਘ ਅਜੇ ਓਵੇਂ ਪਏ ਹੋਏ ਸਨ।

ਉਹ ਖਿੜ-ਖਿੜਾ ਕੇ ਹੱਸ ਪਈ।

‘ਨਹੀਂ ਮੇਰੀਏ ਬੱਗੀਏ ਕਬੂਤਰੀਏ! ਏਨੀਆਂ ਖਿੱਲਾਂ ਨਾ ਡੋਹਲਿਆ ਕਰ, ਅਗਲੀ ਦਰਗਾਹ ਅੱਖਾਂ ਨਾਲ ਚੁਗਣੀਆਂ ਪੈਣਗੀਆਂ।’ ਸਵਿਤਰੀ ਨੂੰ ਆਪਣੀ ਚਾਚੀ ਦੀ ਉਹ ਆਵਾਜ਼ ਪ੍ਰਤੱਖ ਸੁਣੀ ਜਿਹੜੀ ਉਹਨੇ, ਆਪਣੇ ‘ਪੇਕੇ ਘਰ’ ਇੰਜ ਹੱਸਦਿਆਂ ਕਿੰਨੇ ਵਾਰੀਂ ਸੁਣੀਂ ਸੀ। (ਨਾਲ ਈ ਚਾਚੀ ਦੀ ਗਲਵਕੜੀ ਦੇ ਨਿੱਘ ਨਾਲ ਉਹ ਨਿਢਾਲ ਜਿਹੀ ਹੋ ਗਈ।)

ਬਿੰਦ ਕੁ ਮਗਰੋਂ ਇੰਜ ਜਾਪਿਆ ਜਿਵੇਂ ਉਹਦੇ ਸਹੁਰੇ ਨੇ ਉਹਨੂੰ ਇੰਜ ਹੱਸਦਿਆਂ ਵੇਖ ਲਿਆ ਸੀ। ਸਿਰੋਂ ਲੱਥੀਂ ਚੁੰਨੀ ਸੂਤ ਕੀਤੀ ਤੇ ਪਿਛਾਂਹ ਹੋ ਕੇ ਘਚੋਰ-ਕੋਠੜੀਆਂ ਦੇ ਬੂਹਿਆਂ ਵਿੱਚੋਂ ਦੀ ਤੱਕਿਆ; ਅਜੇ ਮੂਲ-ਚੰਦ ਉਂਜ ਈ ਬੈਠਾ ਬਹੀਆਂ ਖਤਾਈ ਜਾਂਦਾ ਸੀ। ਪਰ ਸਵਿਤਰੀ ਦਾ ਚਿੱਤ ਜਿਵੇਂ ਟਿਕਾਣੇ ਨਾ ਰਿਹਾ ਹੋਵੇ। ਬੇਹਿਸ ਜਿਹੀ ਹੋ ਕੇ ਮੰਜੀ ਉੱਤੇ ਲੰਮੀ ਪੈ ਗਈ ਤੇ ਸਿਰ ਮੂੰਹ ਚੁੰਨੀ ਨਾਲ ਵਲ਼ੇਟ ਲਿਆ। ਉਹਦੇ ਸਿਰ ਨੂੰ ਘੂਕੀ ਚੜ੍ਹਣ ਲੱਗ ਪਈ ਸੀ। ਮੰਜੀ ਉੱਤੇ ਮੂੰਹ ਉਤਾਣੇ ਪਈ ਉਹ ਛੱਤ ਦੀਆਂ ਸਿਰਕੀਆਂ ਵੱਲ ਝਾਕਣ ਲੱਗ ਪਈ। ਬਰੀਕ ਚੁੰਨੀ ਵਿੱਚੋਂ ਚਾਮਚੜਿੱਕਾਂ ਦੀਆਂ ਖੁੱਡਾਂ ਵਿੱਚੋਂ ਕਿਰਦੀ ਮਿੱਟੀ ਆਪਣੀਆਂ ਅੱਖਾਂ ਵਿੱਚ ਪੈਂਦੀ ਜਾਪੀ। ਸਰ੍ਹੋਂ ਦੇ ਤੇਲ ਦੇ ਦੀਵਿਆਂ ਨਾਲ ਥਿੰਦੇ ਆਲਿਆਂ ਦੇ ਗਲ-ਘੋਟੂ ਮੁਸ਼ਕ ਨਾਲ ਉਹਦਾ ਸਾਹ ਔਖਾ-ਔਖਾ ਆਉਣ ਲੱਗ ਪਿਆ ਤੇ ਉਹਦਾ ਜੀਅ ਕੀਤਾ ਉਹ ਬਾਹਰ ਨੱਸ ਜਾਏ।

‘ਪਰ ਦੁਨੀਆਂ ਵਿੱਚ ਹੋਰ ਬਾਣੀਆਂ ਦੇ ਸਭ ਘਰ ਉੱਜੜ ਗਏ ਸੀ? ……ਤੂੰ ਉਹ ਘਰ ਤਾਂ ਜਾ ਕੇ ਇੱਕ ਵਾਰ ਅੱਖੀਂ ਦੇਖ ਆਉਂਦੀ……’

‘ਨਾ ਮੇਰੀ ਰਾਣੀ ਧੀ’, ਮਾਂ ਨੇ ਉਹਦੇ ਮੱਥੇ ਉੱਤੇ ਹੱਥ ਫੇਰਦਿਆਂ ਆਖਿਆ, ‘ਮਾਪੇ ਕੋਈ ਧੀਆਂ ਦੇ ਵੈਰੀ ਤਾਂ ਨਹੀਂ ਹੁੰਦੇ- ਤੇਰੇ ਜੋਰਾਵਰ ਸੰਜੋਗਾਂ ਮੂਹਰੇ ਕਿਸੇ ਦਾ ਕਾਹਦਾ ਜੋਰ ਸੀ! ਅਸੀਂ ਤਾਂ ਮਰਨ ਵਾਲੀ ਦੇ ਮਰਨ ਤੋਂ ਦੋ ਵਰ੍ਹੇ ਪਹਿਲਾਂ ਦੇ ਭੱਜੇ ਫਿਰਦੇ ਸੀ, ਤੇਰੀ ਖ਼ਾਤਰ। ਤੈਨੂੰ ਕੀ ਪਤੈ ਤੇਰੇ ਪਿਉ ਨੇ ਤੇਰੀ ਖ਼ਾਤਰ ਕਿਹੜਾ ਦਿੱਲੀ ਦੱਖਣ ਗਾਹਿਐ ਧੀਏ! ਪਰ ਕਰਮ ਬਲੀ ਕੀਹਦੀ ਪੇਸ਼ ਜਾਣ ਦਿੰਦੇ ਐ। ਅਖੇ ‘ਮੈਂ ਆਵਦੀ ਏਸ ਧੀ ਨੂੰ ਕੋਈ ਚੰਦ ਵਰਗਾ ਮੁੰਡਾ ਭਾਲ ਕੇ ਦਿਊਂ ਜੀਹਨੂੰ ਦੁਨੀਆਂ ਦੋ ਘੜੀ ਖੜੋ ਖੜੋ ਵੇਖੇ।’ ਪਰ ਬਿਧ-ਮਾਤਾ ਦੀ ਲਿਖੀ ਕੌਣ ਟਾਲੇ? ਨਾ ਉਹ ਮਰਦੀ, ਨਾ ਤੈਨੂੰ……’

ਤੇ ਸਵਿਤਰੀ ਦੀ ਮਾਂ ਤੋਂ ਅੱਗੋਂ ਬੋਲਿਆ ਨਹੀਂ ਸੀ ਗਿਆ।

ਜਦੋਂ ਸਵਿਤਰੀ ਇਹਨਾਂ ਤੀਆਂ ਨੂੰ ਆਪਣੇ ਪੇਕੀਂ ਗਈ ਸੀ ਓਦੋਂ ਉਹਨੇ ਆਪਣੀ ਮਾਂ ਅੱਗੇ ਇਹ ਰੋਣੇ ਰੋਏ ਸਨ ਪਰ ਬੇਵੱਸ ਮਾਂ ਕਰਦੀ ਵੀ ਕੀ। ਜਦੋਂ ਉਹਨੇ ਸਵਿਤਰੀ ਨੂੰ ਤੋਰਿਆ ਸੀ ਓਦੋਂ ਈ ਉਹ ਮਣ-ਮਣ ਰੋਈ ਸੀ, ਤੇ ਉਸ ਪਿੱਛੋਂ ਅੱਜ ਤਾਈਂ ਉਹ ਆਪਣੀ ਏਸ ਧੀ ਦੇ ਦੁੱਖ ਨਾਲ ਈ ਅੱਧੀ ਰਹਿ ਗਈ ਸੀ। ਭਾਵੇਂ ਸਵਿਤਰੀ ਦੇ ਪਿਉ ਤੋਂ ਡਰਦੀ ਉਹ ਕਦੀ ਉਭਾਸਰਦੀ ਨਹੀਂ ਸੀ ਪਰ ਫੇਰ ਵੀ ਜਦੋਂ ਕਿਤੇ ਉਹਦਾ ਮਨ ਉਛਲਦਾ ਉਹ ਖਹਿਬੜ ਪੈਂਦੀ।

‘ਜਾਏ ਨੂੰ ਖਾਂਦੇ ਇਹ ਨੱਕ-ਨਮੂਜ! ਮੇਰੀ ਸਿਉਨੇ ਵਰਗੀ ਧੀ ਤੂੰ ਖੂਹ ਵਿੱਚ ਸਿੱਟ ‘ਤੀ। ਅਗਲੀ ਤਾਂ ਵਚਾਰੀ ਵੱਜੋ-ਵੱਤੀ ਸੀ ਉਹਨੂੰ ਤਾਂ ਕੋਈ ਝੱਲਦਾ ਨਹੀਂ ਸੀ; ਇਹਨੂੰ ਖੂਹ ਵਿੱਚ ਧੱਕਾ ਕਿਉਂ ਦਿੱਤਾ?’

ਧੰਨਾ ਮੱਲ ਆਪ ਇੰਜ ਮਹਿਸੂਸ ਕਰਦਾ ਸੀ ਜਿਵੇਂ ਉਹ ਕੋਈ ਵੱਡਾ ਪਾਪ ਕਰ ਬੈਠਾ ਹੋਵੇ। ਪਰ ਉਹਦੀ ਬੇਵੱਸੀ ਅੱਖੋਂ ਓਹਲੇ ਕਰਕੇ ਏਹੋ ਜਿਹੀਆਂ ਸਲਾਵਤਾਂ ਸੁਣਾਉਂਦੀ ਸਵਿਤਰੀ ਦੀ ਮਾਂ ਉਹਤੋਂ ਜਰੀ ਨਹੀਂ ਸੀ ਜਾਂਦੀ। ਹਿਰਖ ਵਿਚ ਆਇਆ ਉਹ ਵੀ ਅੱਗੋਂ ਤੱਤਾ ਹੋ ਪੈਂਦਾ।

‘ਤੇਰੇ ਧਗੜੇ ਮਹਾਜਨਾਂ ਦੇ ਮਗਰ-ਮੱਛਾਂ ਜਿੱਡੇ-ਜਿੱਡੇ ਮੂੰਹ ਐਂ! ਜੀਹਦਾ ਕੋਈ ਨਲ਼ੀਮਾਰ ਜਿਆ ਚਾਰ ਅੱਖਰ ਪੜ੍ਹ ਜਾਂਦੈ ਉਹ ਵੀਹ ਤੀਹ ਹਜ਼ਾਰ ਨਕਦ ਮੰਗ ਲੈਂਦੈ। ਨੂਣ-ਤੇਲ ‘ਚੋਂ ਦਮੜੀ-ਦਮੜੀ ਬਚਾ ਕੇ ਮੈਂ ਕਿਹੜੇ- ਕਿਹੜੇ ਕੰਜਰ ਦੀਆਂ ਪੇਟੀਆਂ ਭਰੀ ਜਾਵਾਂ। ਅਜੇ ਅਹੁ ਜਿਹੜੀਆਂ ਤਿੰਨਾਂ ਛੋਟੀਆਂ ਨੂੰ ਆਏ ਦਿਨ ਨਵਾਂ ਵਾਰ ਆਉਂਦੈ ਉਹਨਾਂ ਨੂੰ ਵੀ ਤੋਰਨੈਂ ਕਿ ਨਹੀਂ? ਸਾਰਾ ਝੁੱਗਾ ਜੇ ਇੱਕੋ ਤੇ ਲੁਟਾ ਬਹਿੰਦਾ ਤਾਂ ਉਹਨਾਂ ਨੂੰ ਦੱਸ ਕਿਹੜੇ ਖੂਹ ‘ਚ ਸਿੱਟਦਾਂ? ਨਾਲੇ ਜੇ ਘਰ ਆਇਆਂ ਨੂੰ ਜੁਆਬ ਦੇ ਦਿੰਦੇ ਸਾਰੇ ਸਰੀਕੇ-ਕਬੀਲੇ ਨੇ ਮੂੰਹ ਵਿੱਚ ਉਂਗਲਾਂ ਦੇਣੀਆਂ ਸੀ। ਫੇਰ ਤੂੰਹੀਂ ਏਸੇ ਮੂੰਹ ਨਾਲ ਆਖਣਾ ਸੀ, “ਮੈਥੋਂ ਨਹੀਂ ਨਮੋਸ਼ੀ ਝੱਲੀ ਜਾਂਦੀ।’

ਉਂਜ ਭਾਵੇਂ ਦੋਵੇਂ ਜਾਣਦੇ ਸਨ ਕਿ ਦੋਸ਼ ਕਿਸੇ ਦਾ ਨਹੀਂ ਸੀ। ਉਹਨਾਂ ਦੇ ਸ਼ਰੀਕੇ-ਕਬੀਲੇ ਦੇ ਰਿਵਾਜਾਂ ਦੇ ਅਧੀਨ ਉਹ ਸਵਿਤਰੀ ਦਾ ਸਾਕ ਦੇ ਬੈਠੇ ਸਨ।

ਉਹਨਾਂ ਦੀ ਵੱਡੀ ਧੀ ਕਲ੍ਹੋ, ਜਿਹਦੀ ਨਿੱਕੀ ਜਿਹੀ ਉਮਰ ਵਿੱਚ ਮਾਤਾ ਦੇ ਨਾਲ ਇੱਕ ਅੱਖ ਜਾਂਦੀ ਰਹੀ, ਤੀਹ ਤੋਲੇ ਸਿਉਨਾ ਤੇ ਚਾਰ ਹਜ਼ਾਰ ਨਕਦ ਦੇਣਾ ਕਰ ਕੇ ਉਹਨਾਂ ਨੇ ਏਸੇ ਘਰ ਤੋਰੀ ਸੀ। ਪਰ ਅਜੇ ਦੋ ਵਰ੍ਹੇ ਉਹਨੂੰ ਵਿਅਹੀ ਨੂੰ ਪੂਰੇ ਨਹੀਂ ਸਨ ਹੋਏ, ਕਿਸੇ ਕਸਰ ਨਾਲ ਮਰ ਗਈ। ਉਹਦੇ ਸੱਥਰ ਉੱਤੇ ਸ਼ਰੀਕੇ ਦੇ ਸਾਰੇ ਸਿਆਣਿਆਂ ਨੇ ਆਖ ਵੇਖ ਕੇ, ਧੰਨੇ ਨੂੰ ਸਵਿਤਰੀ ਦਾ ਸਾਕ ਕਰਨ ਲਈ ਮਨਾ ਲਿਆ- ਨਾਲ਼ੇ ਪਹਿਲੇ ਦਿਨੋਂ ਇਹ ਰੀਤ ਤੁਰੀ ਆਉਂਦੀ ਸੀ, ਕੋਈ ਨਵੀਂ ਗੱਲ ਥੋੜ੍ਹਾ ਉਹ ਕਰਨ ਲੱਗੇ ਸਨ। ਜੇ ਉਹ ਨਾ ਕਰਦੇ ਤਾਂ ਸਾਰੇ ਅੰਗਾਂ-ਸਾਕਾਂ ਵਿੱਚ ਚਰਚਾ ਹੋਣੀ ਸੀ ਤੇ ਜਿਹੜੀ ‘ਤੋਏ-ਤੋਏ’ ਆਸਿਆਂ-ਪਾਸਿਆਂ ਵਾਲੇ ਕਰਦੇ ਉਹ ਵਾਧੇ ਦੀ। ਏਹੋ ਸਾਰਾ ਕੁਝ ਸੋਚ ਕੇ ਧੰਨੇ ਮੱਲ ਨੇ ਮੂਲ ਚੰਦ ਨੂੰ ਸ਼ਗਨ ਦਿੱਤਾ ਸੀ।

‘ਖੂਹ ਵਿੱਚ ਡਿੱਗਦਾ ਥੋਡਾ ਸ਼ਰੀਕਾ ਕਬੀਲਾ, ਪਰ ਮੈਂ ਥੋਡਾ ਕੀ ਵਗਾੜਿਆ ਸੀ!…’

ਤੇ ਸਵਿਤਰੀ ਦੀ ਏਸ ਗੱਲ ਦਾ ਉਹਦੀ ਮਾਂ ਕੋਲ ਪਛਤਾਵੇ ਤੋਂ ਬਿਨਾਂ ਕੋਈ ਜੁਆਬ ਨਹੀਂ ਸੀ ਹੁੰਦਾ।

‘……ਪਛਤਾਵੇ ਦੇ ਹੰਝੂਆਂ ਤੋਂ ਵੱਧ ਬੇ-ਅਰਥ ਸ਼ੈਅ ਸ਼ਾਇਦ ਦੁਨੀਆਂ ਵਿੱਚ ਹੋਰ ਕੋਈ ਨਹੀਂ!’ ਸਵਿਤਰੀ ਸੋਚਦੀ ਤੇ ਅੱਖਾਂ ਪੂੰਝ ਕੇ ਉੱਠ ਖਲੋਂਦੀ (ਅੱਜ ਤਾਈਂ ਉਹ ਆਪਣੀ ਮਾਂ ਤੋਂ ਬਿਨਾਂ ਕਿਸੇ ਦੇ ਸਾਹਮਣੇ, ਆਪਣੇ ਦੁੱਖ ਫੋਲ ਕੇ ਰੋਈ ਵੀ ਨਹੀਂ ਸੀ)।

ਹੁਣ ਵੀ ਜਦੋਂ ਉਹਨੂੰ ਆਪਣੀਆਂ ਅੱਖਾਂ ਸਿੱਲ੍ਹੀਆਂ ਹੁੰਦੀਆਂ ਜਾਪੀਆਂ ਤਾਂ ਉਹ ਉੱਠ ਕੇ ਬਹਿ ਗਈ। ਬੈਠਿਆਂ ਬੈਠਿਆਂ ਉਹਨੇ ਜ਼ੋਰ ਲਾ ਕੇ ਮੁਸਕਰਾਉਣ ਦਾ ਯਤਨ ਕੀਤਾ ਤੇ ਪਹਿਲਾਂ ਵਾਂਗ ਦੋਏ ਚੀਚ੍ਹੀਆਂ, ਦੋਹਾਂ ਗੱਲ੍ਹਾਂ ਦੇ ਵਿਚਕਾਰ ਖੋਭ ਲਈਆਂ। ਸਾਹਮਣੇ ਟੰਗੇ ਪੁਰਾਣੇ ਛੱਜ ਵੱਲ ਵਿੰਹਦਿਆਂ ਉਹਨੂੰ ਇੰਜ ਜਾਪਿਆ ਜਿਵੇਂ ਉਹ ਵੱਡੇ ਸਾਰੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਰਹੀ ਹੋਵੇ। ਤੇ ਆਪਣੀ ਮੁਸਕਰਾਹਟ ਉਹਨੂੰ ਏਡੀ ਓਪਰੀ ਲੱਗੀ ਕਿ ਉਹਨੂੰ ਸੱਚੀਂ ਹਾਸੀ ਆ ਗਈ। ਛੱਜ ਵੱਲ ਵਿੰਹਦਿਆਂ ਉਹ ਏਨੀ ਉੱਚੀ ਹੱਸੀ ਜਿੰਨੀ ਉੱਚੀ ਉਹ ਏਸ ਘਰ ਆ ਕੇ ਕਦੇ ਨਹੀਂ ਸੀ ਹੱਸੀ।

“ਹਿੰਹ……! ਮੰੈਂ ਆਖਿਆ ਕੀ ਹੋ ਗਿਆ!” ਭੀੜੇ ਬੂਹੇ ‘ਚੋਂ ਆਪਣੀ ਘਸੀ ਐਨਕ ਬੋਚਦਾ ਮੂਲ-ਚੰਦ ਜਦੋਂ ਅਗਾਂਹ ਹੋਇਆ ਤਾਂ ਸਵਿਤਰੀ ਸਹਿਮ ਕੇ ਚੁੱਪ ਹੋ ਗਈ।

ਦੂਜੇ ਪਲ ਸਵਿਤਰੀ ਨੂੰ ਮੂਲ ਚੰਦ ਇੰਜ ਲੱਗਾ ਜਿਵੇਂ ਉਹ ਉਹਦਾ ਪਤੀ ਨਹੀਂ ‘ਕੁਝ ਹੋਰ’ ਹੋਵੇ। ‘ਪਰ ਕੁਝ ਹੋਰ ਕੀ?’ ਬਿੰਦ ਦਾ ਬਿੰਦ ਉਹਨੇ ਸੋਚਿਆ ਤੇ ਫੇਰ ਪਹਿਲਾਂ ਨਾਲੋਂ ਵੀ ਉੱਚੀ ਉੱਚੀ ਹੱਸਣ ਲੱਗ ਪਈ। ਮੂਲ ਚੰਦ ਉਸ ਮਿੱਟੀ ਦੇ ਬੁੱਢੇ ਬਾਵੇ ਵਰਗਾ ਲੱਗਿਆ ਸੀ ਜਿਹੜਾ ਉਸਨੇ ਇੱਕ ਵਾਰੀ ਕਿਸੇ ਵੱਡੇ ਸ਼ਹਿਰ, ਵੱਡੀ ਸਾਰੀ ਸ਼ੀਸ਼ੇ ਦੀ ਅਲਮਾਰੀ ਵਿੱਚ ਪਿਆ ਵੇਖਿਆ ਸੀ। ਉਹਦੇ ਨਿੱਕੀ ਜਿਹੀ ਧੋਤੀ ਬੰਨ੍ਹੀ ਹੋਈ ਸੀ ਤੇ ਹੱਥ ਵਿੱਚ ਸੋਟੀ ਫੜੀ ਉਹ ਕੁੱਬਾ ਹੋਇਆ ਜਿਵੇਂ, ਬੋੜੇ ਮੂੰਹ ਨਾਲ ਮੁਸਕਰਾ ਰਿਹਾ ਸੀ; ਆਪੇ ਈ ਕਿਵੇਂ ਹਿੱਲੀ ਜਾਂਦਾ ਸੀ; ਇੱਕ ਬਿੰਦ ਵੀ ਨਹੀਂ ਸੀ ਟਿਕਦਾ।

“ਹਿੰਹ……! ਅੱਜ ਕਿਤੇ ਕਮਲੀ ਤਾਂ ਨਹੀਂ ਹੋਗੀ!” ਮੂਲ ਚੰਦ ਨੇ ਆਪਣੇ ਅਗਲੇ ਵਿਰਲੇ ਦੰਦ ਕੱਢ ਕੇ ਓਪਰੀ ਹਾਸੀ ਹੱਸਦਿਆਂ ਆਖਿਆ। ਪਰ ਸਵਿਤਰੀ ਨੇ ਜਦੋਂ ਉਹਦੀਆਂ ਕੱਚੀਆਂ ਗੰਨੀਆਂ ਵਾਲੀਆਂ ਅੱਖਾਂ ਵੱਲ ਤੱਕਿਆ ਤਾਂ ਉਹਨੂੰ ਕਚਿਆਣ ਜਿਹੀ ਆਉਣ ਲੱਗ ਪਈ।

ਪਰ ਸੱਚੀਂ ਅੱਜ ਉਹਨੂੰ ਕੁਝ ਹੋ ਜ਼ਰੂਰ ਗਿਆ ਸੀ। ਉਹ ਮੂਲ ਚੰਦ ਦੇ ਮੂੰਹ ਵੱਲ ਝਾਕ ਝਾਕ ਕੇ ਝੱਲਿਆਂ ਵਾਂਗ ਈ ਹੱਸੀ ਜਾਂਦੀ ਸੀ।

“ਸੱਚੀਂ…ਹਿੰਹ…ਅੱਜ ਤੈਨੂੰ ਕੀ ਹੋਈ ਜਾਂਦੈ?” ਮੂਲ ਚੰਦ ਨੇ ਤੀਜੀ ਵਾਰ ਕੁਝ ਡਰੀ ਆਵਾਜ਼ ਵਿੱਚ ਪੁੱਛਿਆ।“ਕੁਸ਼ ਨਹੀਂ,” ਸਵਿਤਰੀ ਨੇ ਹਾਸੀ ਰੋਕ ਕੇ ਮੁਸਕਰਾਉਂਦਿਆਂ ਬੜੀ ਬੇਝਿਜਕ ਹੋ ਕੇ ਮੂਲ-ਚੰਦ ਦੀ ਬਾਂਹ ਫੜ੍ਹ ਲਈ। “ਤੂੰ ਮੇਰੇ ਕੋਲ ਬਹਿ ਜਾ।”

ਮੂਲ ਚੰਦ ਦੀਆਂ ਅੱਖਾਂ ਜਿਵੇਂ ਤਾੜੇ ਲੱਗ ਗਈਆਂ ਹੋਣ। ਉਹ ਸਵਿਤਰੀ ਦੇ ਮੂੰਹ ਵੱਲ, ਉਹਦੀਆਂ ਦੋਹਾਂ ਗੱਲਾਂ ਦੇ ਡੂੰਘਾਂ ਵੱਲ, ਬਿਤਰ ਬਿਤਰ ਝਾਕਦਾ ਹੌਲੀ ਦੇਣੇ ਮੰਜੇ ਦੀ ਬਾਹੀ ਉੱਤੇ ਬਹਿ ਗਿਆ। ਪਰ ਉਹਨੂੰ ਜਾਪਿਆ ਉਹਦੀਆਂ ਐਨਕਾਂ ਬੜੀਆਂ ਮੈਲੀਆਂ ਹੋ ਗਈਆਂ ਸਨ ਕਿ ਉਹਨੂੰ ਐਵੇਂ ਧੁੱਪ ਛਾਂ ਈ ਦਿਸਦੀ ਸੀ।“ਵੇਖੀਂ ਮੇਰੀਆਂ ਗੱਲ੍ਹਾਂ ਵਿੱਚ ਟੋਏ ਪੈਂਦੇ ਐ?” ਸਵਿਤਰੀ ਨੇ ਉਂਜ ਈ ਮੁਸਕਰਾਉਂਦਿਆਂ, ਮੂਲ ਚੰਦ ਦੀਆਂ ਐਨਕਾਂ ਵਿੱਚੋਂ ਈ ਸਿੱਧਾ ਉਹਦੀਆਂ ਅੱਖਾਂ ਵਿੱਚ ਤੱਕਦਿਆਂ, ਆਪਣੀ ਸੱਜੀ ਗੱਲ੍ਹ ਨੂੰ ਚੀਚ੍ਹੀ ਲਾ ਕੇ ਏਡੇ ਸਿੱਧੇ ਸ਼ਬਦਾਂ ਵਿੱਚ ਪੁੱਛਿਆ ਕਿ ਮੂਲ ਚੰਦ ਨੇ ਸੰਗ ਨਾਲ ਅੱਖਾਂ ਨੀਵੀਆਂ ਪਾ ਲਈਆਂ; ਤੇ ਖ਼ਾਸਾ ਚਿਰ ਉਹਤੋਂ ਬੋਲਿਆ ਨਾ ਗਿਆ।

“ਦੱਸ ਵੀ?……ਤੂੰ ਤਾਂ ਕੁੜੀਆਂ ਆਂਗੂੰ ਸੰਗਦੈਂ!” ਸਵਿਤਰੀ ਠਹਾਕਾ ਮਾਰ ਕੇ ਹੱਸ ਪਈ।

“ਪੈਂਦੇ ਐ…ਹਿੰਹ……ਹਾਂ!” ਮੂਲ ਚੰਦ ਨੇ ਓਵੇਂ ਅੱਖਾਂ ਨੀਵੀਆਂ ਪਾਈਂ ਆਖਿਆ।

“ਸੁਹਣੇ ਲਗਦੇ ਐ?”

ਮੂਲ ਚੰਦ ਦਾ ਦਿਲ ਬੜੀ ਕਾਹਲੀ ਕਾਹਲੀ ਧੜਕਣ ਲੱਗ ਪਿਆ ਸੀ। ਉਹਨੇ ਸਵਿਤਰੀ ਤੋਂ ਛੇਤੀ ਦੇਣੇ ਆਪਣੀ ਬਾਂਹ ਛੁਡਾ ਲਈ ਤੇ ਉੱਠ ਕੇ ਭਵੰਤਰੀਆਂ ਅੱਖਾਂ ਨਾਲ ਘਚੋਰ-ਕੋਠੜੀਆਂ ਦੇ ਬੂਹਿਆਂ ਵਿੱਚੋਂ ਦੀ ਹੱਟੀ ਵੱਲ ਵੇਖਣ ਲੱਗ ਪਿਆ। ਤੇ ਫੇਰ ਕੁੜੀਆਂ ਵਾਂਗ ਸੰਗਦਿਆਂ, ਇੱਕ ਚੋਰ-ਨਜ਼ਰ ਸਵਿਤਰੀ ਵੱਲ ਝੁਕਿਆ ਤੇ ਨੀਵੀਂ ਪਾ ਕੇ ਬੋਲਿਆ-

“ਹੱਟੀ ਸੁੰਨੀ ਐ; ਕੋਈ ਆ ਜਾਂਦੈ।”

“ਕੋਈ ਨਹੀਂ ਆਉਂਦਾ, ਤੂੰ ਬਿੰਦ ਬਹਿ ਤਾਂ ਜਾ।” ਸਵਿਤਰੀ ਨੇ ਫੇਰ ਉਹਦੀ ਬਾਂਹ ਫੜ ਕੇ ਖਿੱਚ ਲਈ।

“ਠਹਿਰ, ਠਹਿਰ……ਹਿੰਹ……! ਅੱਜ ਤੈਨੂੰ ਹੋਇਆ ਕੀ ਐ? ਕਮਲੀ ਨਾ ਸਿਆਣੀ!” ਗੁੱਝੇ ਹਿਰਖ਼ ਵਾਲੀ ਮੁਸਕਰਾਹਟ ਉਹਨੇ ਆਪਣੇ ਅਧਖੜ ਚਿਹਰੇ ਉੱਤੇ ਲਿਆ ਕੇ ਆਪਣੀ ਬਾਂਹ ਛੁਡਾਉਂਦਿਆਂ ਆਖਿਆ, “ਮੈਂ ਡਿਉਢੀ ਦਾ ਬਾਰ ਵੇਖ ਆਵਾਂ।”

ਆਪਣਾ ਅੱਧ-ਗੰਜਾ ਸਿਰ ਖੁਰਕਦਿਆਂ ਉਹ ਕਾਹਲੀ ਕਾਹਲੀ ਗਲੀ ਵਾਲੇ ਪਾਸੇ ਦਰਵਾਜੜੀ ਵੱਲ ਚਲਾ ਗਿਆ। ਜਦੋਂ ਬੂਹਾ ਅੜਾ ਕੇ ਵਾਪਸ ਮੁੜਿਆ ਤਾਂ ਉਹਦਾ ਚਿਹਰਾ ਡਰ ਅਤੇ ਗੁੱਸੇ ਨਾਲ ਅਜਿਹਾ ਘਿਨਾਉਣਾ ਹੋ ਗਿਆ ਲਗਦਾ ਸੀ ਕਿ ਸਵਿਤਰੀ ਦਾ ਉਹਨੂੰ ਵੇਖਣ ਨੂੰ ਜੀਅ ਨਾ ਕੀਤਾ।

“ਕਮਲੀ ਨਾ ਸਿਆਣੀ!” ਉਹਦੇ ਕੋਲ ਆ ਕੇ ਮੂਲ-ਚੰਦ ਨੇ ਆਖਿਆ, “ਅੱਜੇ ਘਰ ਸਾਂਭਣਾ ਪਿਆ ਸੀ, ਅੱਜ ਸਾਰੇ ਬਾਰ ਚੌੜ-ਚਪੱਟ ਕਰ ਛੱਡੇ ਐ। ਜੇ ਭਲਾ ਕੋਈ ਬੰਦਾ ਅੰਦਰ ਵੜ ਕੇ ਬਹਿ ਜੇ ਫੇਰ?”

ਸਵਿਤਰੀ ਦੀਆਂ ਗੱਲ੍ਹਾਂ ਦੇ ਡੂੰਘ ਪੋਚੇ ਗਏ। ਉਹਦੀਆਂ ਤਿੱਖੇ ਕੋਇਆਂ ਵਾਲੀਆਂ ਮੋਟੀਆਂ ਕਾਲੀਆਂ ਅੱਖਾਂ ਦੇ ਦੋਏ ਪਾਸੀਂ ਰਤਾ ਲਾਲੀ ਆ ਗਈ। ਬਿੰਦ ਦਾ ਬਿੰਦ ਮੂਲ ਚੰਦ ਦੇ ਕਰੇੜੇ ਖਾਧੇ ਦੰਦਾਂ ਵੱਲ ਉਹ ਵਿੰਹਦੀ ਰਹੀ ਤੇ ਫੇਰ ਬੜੀ ਓਪਰੀ ਤਰ੍ਹਾਂ ਮੁਸਕਰਾਉਂਦਿਆਂ (ਜਿਸ ਨਾਲ ਉਹਦੀਆਂ ਗੱਲ੍ਹਾਂ ਵਿੱਚ ਉਹ ਡੂੰਘ ਨਹੀਂ ਸਨ ਪਏ) ਬੋਲੀ, “ਬੰਦਾ ਏਥੋਂ ਜੂੰਆਂ ਲੈ ਕੇ ਜਾਊ!……”

ਮੂਲ ਚੰਦ ਨੂੰ ਜਾਪਿਆ ਜਿਵੇਂ ਸਵਿਤਰੀ ਨੇ ਉਹਦੇ ਸਾਹਮਣੇ ਬੋਲ ਕੇ ਬੜੀ ਗੁਸਤਾਖੀ ਕੀਤੀ ਸੀ। ਗੁੱਸੇ ਨਾਲ ਉਹਦੀਆਂ ਕੱਚੀਆਂ ਅੱਖਾਂ ਦੀਆਂ ਗੰਨੀਆਂ ਸਖ਼ਤ ਹੋ ਗਈਆਂ।

“ਕੀ ਆਖਿਐ?” ਉਹਨੇ ਰੋਹਬ-ਭਰੇ ਲਹਿਜੇ ਵਿੱਚ ਆਖਿਆ।

ਪਰ ਸਵਿਤਰੀ ਦਾ ਚਿਹਰਾ ਓਸ ਓਪਰੀ ਮੁਸਕਰਾਹਟ ਨਾਲ ਬੇ-ਸਿਆਣ ਹੋ ਗਿਆ ਲਗਦਾ ਸੀ।

“ਤੂੰ ਅੱਜ ਭੰਗ ਪੀਤੀ ਐ?” ਮੂਲ ਚੰਦ ਹੋਰ ਉੱਚੀ ਬੋਲਿਆ।

“ਏਸ ਘਰ ‘ਚ ਤਾਂ ਚੂਹੇ ਕੁਚਲਿਆਂ ਨੂੰ ਤਰਸਦੇ ਐ, ਮੈਨੂੰ ਭੰਗ ਕਿੱਥੇ!”

“ਹਿੰਹ!…ਇਹ ਘਰ ਲੱਖਪਤੀਆਂ ਦੈ, ਤੇਰੇ ਪੇਕਿਆਂ ਆਂਗੂੰ ਧੇਲੇ ਧੇਲੇ ਦਾ ਤੇਲ ਵੇਚਣ ਵਾਲਿਆਂ ਦਾ ਨਹੀਂ……ਹਾਂ!”

“ਥੋਡੇ ਲੱਖਾਂ ਨੂੰ ਨਾਲੇ ਲੱਖਾਂ ਦੇ ‘ਪਤੀਆਂ’ ਨੂੰ ਕਿਸੇ ਨੇ ਥੇਲ਼ੀ ‘ਤੇ ਰੱਖ ਕੇ ਚੱਟਣੈਂ?”

“ਤੇਰੀ ਜਬਾਨ ਨੂੰ ਅੱਜ ਕੀ ਹੋਇਐ?”

“ਮੇਰੀ ਜਬਾਨ ਨੂੰ ਤਾਂ ਕੁਸ਼ ਨਹੀਂ ਹੋਇਆ……ਚੰਗੀ ਭਲੀ ਐ।” ਸਵਿਤਰੀ ਅਜੇ ਵੀ ਓਵੇਂ ਮੁਸਕਰਾਉਂਦੀ ਦਿੱਸ ਰਹੀ ਸੀ।

“ਥੋਡਾ ਕੋੜਮਾ ਕਬੀਲਾ ਈ ਸਾਰਾ ਕੰਜਰਾਂ ਦੈ……ਏਵੇਂ ਓਹੋ……ਬਸ……”

ਗੁੱਸੇ ਵਿਚ ਮੂਲ ਚੰਦ ਤੋਂ ਓਥੇ ਖੜੋਤਾ ਨਾ ਗਿਆ। ਉਹ ਸਵਿਤਰੀ ਦੀ ਹੋਰ ਕੋਈ ਗੱਲ ਸੁਣੇ ਬਿਨਾਂ, ਘਚੋਰ-ਕੋਠੜੀਆਂ ਦੇ ਨੀਵੇਂ ਬੂਹਿਆਂ ਵਿੱਚੋਂ ਦੀ ਕੋਡਾ ਕੋਡਾ ਹੋ ਕੇ ਹੱਟੀ ਅੰਦਰ ਜਾ ਵੜਿਆ (ਤੇ ਹੱਟੀ ਵੜਨ ਲੱਗਿਆਂ ਉਹਨੇ ਅਖ਼ੀਰਲੀ ਘਚੋਰ-ਕੋਠੜੀ ਦਾ ਬੂਹਾ ਵੀ ਅੜਾ ਲਿਆ)।

ਸਵਿਤਰੀ ਨੇ ਉਹਨੂੰ ਇੰਜ ਜਾਂਦਿਆਂ ਵੇਖ ਕੇ ਇੱਕ ਹੋਰ ਠਹਾਕਾ ਮਾਰਿਆ ਤੇ ਫੇਰ ਚੁੰਨੀ ਨਾਲ ਮੂੰਹ-ਸਿਰ ਵਲੇਟ ਕੇ ਪੈ ਗਈ।

ਆਥਣ ਤਾਈਂ ਨਾ ਮੂਲ-ਚੰਦ ਘਰ ਆਇਆ, ਨਾ ਉਹ ਮੰਜੀਓਂ ਉੱਠੀ। ਉਹਦੇ ਸਿਰ ਨੂੰ ਨੀਂਦ ਵਰਗੀ ਘੂਕੀ ਚੜ੍ਹਣ ਲੱਗ ਪਈ ਸੀ। ਨਿਢਾਲ ਹੋਈ ਉਹ ਅੱਧ-ਸੁਰਤੀ ਵਿੱਚ ਪਈ ਰਹੀ।

ਆਥਣੇ ਜਦੋਂ ਉਹ ਮੰਜੀਓਂ ਉੱਠੀ ਤਾਂ ਉਹਨੂੰ ਇੰਜ ਲੱਗਿਆ ਜਿਵੇਂ ਉਹ ਓਪਰੇ ਘਰ ਫਿਰਦੀ ਹੋਵੇ। ਰੋਟੀ ਦਾ ਵੇਲਾ ਸੀ। ਨਾ ਉਹਨੂੰ ਭਾਂਡਿਆਂ ਵਾਲੀ ਟੋਕਰੀ ਲੱਭਦੀ ਸੀ, ਨਾ ਦਾਲ ਵਾਲਾ ਕੁੱਜਾ। ਚੁੱਲ੍ਹਾ, ਹਾਰਾ, ਮੂੜ੍ਹੇ ਸਭ ਇੰਜ ਲਗਦੇ ਸਨ ਜਿਵੇਂ ਉਹਨੇ ਇਹ ਅੱਗੇ ਕਦੇ ਨਹੀਂ ਸਨ ਵੇਖੇ। ਇੰਜ ਈ ਘਾਂਊਂ ਮਾਊਂ ਹੋਈ ਉਹ ਤੁਰੀ ਫਿ਼ਰੀ ਤੇ ਪਤਾ ਨਹੀਂ ਕਦੋਂ ਰੋਟੀ-ਟੁੱਕ ਦਾ ਕੰਮ ਨਿਬੇੜ ਲਿਆ, ਤੇ ਰੋਟੀਆਂ ਵਾਲਾ ਛਾਬਾ ਅੱਗੇ ਰੱਖ ਕੇ ਕੰਧ ਨਾਲ ਢੋ ਲਾ ਕੇ, ਚੁੱਪ-ਚੁਪੀਤੀ ਬੈਠੀ, ਡਿਉਢੀ ਦੇ ਬੂਹੇ ਵੱਲ ਝਾਕਣ ਲੱਗ ਪਈ। ਬਾਹਰੋਂ ਉਹਨੂੰ, ਇੱਕ ਵਾਰ ਇੰਜ ਭੁਲੇਖਾ ਪਿਆ ਜਿਵੇਂ ਡਿਉਢੀ ਦਾ ਬੂਹਾ ਬੋਬੀ ਨੰਤੀ ਨੇ ਖੜਕਾਇਆ ਹੋਵੇ। ਉੱਠਣ ਦੀ ਹਿੰਮਤ ਈ ਨਾ ਪਈ।

“ਲਿਆ ਰੋਟੀ ਪਾ।”

ਕੁਝ ਰੁੱਖੀ ਆਵਾਜ਼ ਸਵਿਤਰੀ ਨੇ ਸੁਣੀ ਤੇ ਜਦੋਂ ਉਤਾਂਹ ਝਾਕੀ ਤਾਂ ਆਥਣ ਦੇ ਘਸਮੈਲੇ ਚਾਨਣ ਵਿੱਚ, ਮੂਲ ਚੰਦ ਦੀ ਸ਼ਕਲ ਉਹਨੂੰ ਓਪਰੀ, ਡਰਾਉਣੀ ਜਿਹੀ ਲੱਗੀ। ਸਵਿਤਰੀ ਨੇ ਚੁੱਪ-ਚੁਪੀਤਿਆਂ ਰੋਟੀ ਪਾ ਕੇ ਉਹਦੇ ਅੱਗੇ ਧਰ ਦਿੱਤੀ। ਓਵੇਂ ਚੁੱਪ-ਚੁਪੀਤਿਆਂ ਮੂਲ-ਚੰਦ ਨੇ ਖਾ ਲਈ।

“ਅੱਜ ਵੀ ਹੱਟੀ ਸਾਉਣੈ?” ਰੋਟੀ ਖਾ ਕੇ ਹੱਥ ਧੋਂਦੇ ਮੂਲ-ਚੰਦ ਤੋਂ ਸਵਿਤਰੀ ਨੇ ਜਿਵੇਂ ਸੁਤੇ ਈ ਪੁੱਛ ਲਿਆ।

“ਹੁੰ!……ਹੱਟੀ ਸੁੰਨੀ ਐਂ।”

ਮੂਲ ਚੰਦ ਜਿਵੇਂ ਆਇਆ ਸੀ ਓਵੇਂ ਹੱਟੀ ਨੂੰ ਮੁੜ ਗਿਆ।

ਸਵਿਤਰੀ ਸਾਰੇ ਭਾਂਡੇ ਥਾਂਓਂ-ਥਾਈਂ ਖਿੱਲਰੇ ਛੱਡ ਕੇ ਮੰਜੀ ਉੱਤੇ ਪੈ ਗਈ। ਕੱਤੇ ਦੀ ਮੱਠੀ ਠੰਢ, ਸੰਘਣੇ ਖਿੜੇ ਤਾਰਿਆਂ ਭਰੀ ਰਾਤ ਵਿੱਚ ਉਹ ਮੂੰਹ-ਉਤਾਣੇ, ਅਲਾਣੀ ਮੰਜੀ ਉੱਤੇ, ਏਸ ਕਾਲ-ਕੋਠੜੀ ਵਰਗੇ ਵਿਹੜੇ ਵਿੱਚ, ਕੱਲ-ਮੁਕੱਲੀ ਪਈ ਸੀ। ਉਹਨੂੰ ਸੰਘਣੇ ਨੀਲੇ ਅਸਮਾਨ ਵਿਚ ਜੜੇ ਤਾਰੇ, ਭੀੜੇ ਵਿਹੜੇ ਦੀਆਂ ਕੰਧਾਂ ਦੇ ਬਨੇਰਿਆਂ ਦੇ ਨਾਲ ਇੰਜ ਲਗਦੇ ਸਨ ਜਿਵੇਂ ਕਿਸੇ ਨੇ ਕੱਚ ਭੰਨ ਕੇ ਖਿੰਡਾਇਆ ਹੋਵੇ।

ਫੇਰ ਉਹਨੂੰ ਬੋਬੀ ਨੰਤੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ‘ਜਿਹੜਾ ਧੀ-ਪੁੱਤ, ਜੁਆਨ-ਜਹਾਨ ਖਾਣ-ਪਹਿਨਣੋਂ ਬੰਜਾ ਜਾਏ, ਉਹਦੀ ਸੁਤਾ ਮਗਰੇ ਪਈ ਰਹਿੰਦੀ ਐ ਪੁੱਤ!’…

ਸਵਿਤਰੀ ਨੂੰ ਡਰ ਲੱਗਣ ਲੱਗ ਪਿਆ ਸੀ। ਮਾਤਾ ਨਾਲ ਦਾਗਿ਼ਆ, ਇੱਕ ਅੱਖੋਂ ਸੱਖਣਾ ਆਪਣੀ ਭੈਣ ਕਲ੍ਹੋ ਦਾ ਚਿਹਰਾ ਉਹਨੂੰ ਦਿੱਸਿਆ ਤੇ ਢੇਰ ਸਾਰੇ ਤਾਰੇ ਮਾਤਾ ਦੇ ਦਾਗਾਂ ਵਾਂਗ ਦਿੱਸਣ ਲੱਗੇ।

ਅਗਲੀ ਸਵੇਰ ਸਵਿਤਰੀ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਗੁੰਮ-ਸੁੰਮ ਹੋ ਕੇ ਪੈ ਗਈ। ਨਾ ਬੋਲਦੀ ਸੀ, ਨਾ ਹਿਲਦੀ ਸੀ; ਨਾ ਕੁਝ ਖਾਂਦੀ ਸੀ, ਨਾ ਪੀਂਦੀ ਸੀ। ਪਥਰਾਈਆਂ ਅੱਖਾਂ ਨਾਲ ਬਿਟ ਬਿਟ ਛੱਤ ਵੱਲ ਤੱਕੀ ਜਾਂਦੀ ਸੀ।

ਫੇਰ ਚਾਰ ਦਿਨ ਉਹ ਇੰਜ ਈ ਪਈ ਰਹੀ। ਉਹਦੀ ਸੱਸ ਤੇ ਸਹੁਰਾ ਹਰਦੁਆਰੋਂ ਮੁੜ ਆਏ ਸਨ। ਸਹੁਰੇ ਨੇ ਉਹਦੀ ਹਾਲਤ ਵੇਖ ਕੇ ਚੇਲੇ ਤੋਂ ਪੁੱਛ ਲਿਆਂਦੀ। ਚੇਲੇ ਨੇ ਦੱਸਿਆ ਉਹਨੂੰ ਉਹਦੀ ਵੱਡੀ ਭੈਣ ਦੀ ਰੁਨ੍ਹਣ ਹੋ ਗਈ ਸੀ। ਚੇਲੇ ਨੇ ਉਪਾਅ ਵੀ ਕੀਤਾ, ਪਰ ‘ਸ਼ੈ’ ਦੀ ਪਕੜ ਕਰੜੀ ਸੀ, ਚੇਲੇ ਦੀ ਪੇਸ਼ ਨਾ ਗਈ।

 

ਪੰਜਵੇਂ ਦਿਨ ਸਵਿਤਰੀ ਦੀ ਮਾਂ ਆ ਗਈ। ਉਹਨੇ ਹਲੂਣ-ਹਲੂਣ ਕੇ ਸਵਿਤਰੀ ਨੂੰ ਬੁਲਾਇਆ। ਉਹਨੇ ਮਾਂ ਦੇ ਮੂੰਹ ਨੂੰ ਦੋਹਾਂ ਹੱਥਾਂ ਨਾਲ ਟੋਹਿਆ ਤੇ ਅੱਖਾਂ ਝਮਕਣ ਲੱਗ ਪਈ।

“ਮਾਂ!……” ਜਦੋਂ ਉਹਦੇ ਮੂੰਹੋਂ ਆਵਾਜ਼ ਨਿਕਲੀ ਤਾਂ ਮਾਂ ਧਾਹ ਮਾਰ ਕੇ ਉਹਦੇ ਗਲ ਨੂੰ ਚੰਬੜ ਗਈ।

ਪਰ ਸਵਿਤਰੀ ਦੀਆਂ ਅੱਖਾਂ ਫੇਰ ਉਂਜ ਦੀਆਂ ਉਂਜ ਖੜੋ ਗਈਆਂ। ਅਚਾਨਕ ਉਹ ਇੰਜ ਬੋਲਣ ਲੱਗ ਪਈ ਜਿਵੇਂ ਕਾਠ ਦੀ ਗੁੱਡੀ ਦਾ ਮੂੰਹ ਹਿੱਲਦਾ ਹੋਵੇ; ਅੱਖਾਂ ਉਹਦੀਆਂ ਓਵੇਂ ਅਹਿੱਲ ਰਹੀਆਂ।

“ਮੈਂ ਤੇਰੀ ਕਲੋ……ਪਰ ਤੂੰ ,ਮਾਏ ਮੇਰੀ ਏਸ ਭੈਣ ਨੂੰ ਕਿਉਂ ਕਸਾਈਆਂ ਦੇ ਦਿੱਤਾ? ਮੈਂ ਅੱਗੇ ਏਸ ਘਰੇ ਕਿਹੜਾ ਸੁਰਗ ਭੋਗ ਕੇ ਮਰੀ ਸੀ!…ਇਹਨਾਂ ਤੇਰੇ ਵੱਡੇ ਸਹੇੜਾਂ ਨੇ ਨਾ ਮੈਨੂੰ ਜਿਊਂਦੀ ਨੂੰ ਰੱਜਵੀਂ ਰੋਟੀ ਦਿੱਤੀ, ਨਾ ਮੰਜੇ ‘ਚ ਪਈ ਨੂੰ ਦੋ ਪੈਸਿਆਂ ਦੀ ਦਵਾਈ ਲਿਆ ਕੇ ਦਿੱਤੀ……ਤੇ ਤੂੰ ਮਾਂ ਕੀ ਵੇਖਿਆ ਸੀ? ਅੱਗ ਲੌਣੈ ਕਿਸੇ ਨੇ ਇਹਨਾਂ ਦੇ ਲੱਖਾਂ ਨੂੰ! ਹੈਂ- ਤੂੰ ਮੈਨੂੰ ਇਹ ਦੱਸ!”

ਇੱਕ ਬਿੰਦ ਹੋਰ ਤੇ ਸਵਿਤਰੀ ਦੀ ਜੀਭ ਫਿਰ ਠਾਕੀ ਗਈ। ਅੱਖਾਂ ਸੁੱਕਣ ਸੁੱਕੀਆਂ, ਉਂਜ ਈ ਪੱਥਰ ਦੇ ਵੱਟਿਆਂ ਵਾਂਗ ਟਿਕੀਆਂ, ਛੱਤ ਵੱਲ ਵਿੰਹਦੀਆਂ ਰਹੀਆਂ।

ਤੇ ਅਗਲੇ ਦਿਨ ਸਵਿਤਰੀ ਪੂਰੀ ਹੋ ਗਈ। ਜਦੋਂ ਨੁਹਾ-ਧੁਆ ਕੇ, ਰੇਸ਼ਮੀ ਸੂਟ ਪੁਆ ਕੇ ਉਹਨੂੰ ਸਿੜ੍ਹੀ ਉੱਤੇ ਪਾਇਆ ਤਾਂ ਉਸਦਾ ਸਹੁਰਾ ਅੰਦਰੋਂ ਹੱਥ ਵਿੱਚ ਕੌਲੀ ਫੜ੍ਹੀ ਵਿਹੜੇ ਵਿਚ ਆ ਕੇ ਉਹਦੀ ਸਿੜ੍ਹੀ ਕੋਲ ਖੜ੍ਹਾ ਹੋ ਗਿਆ। ਕੌਲੀ ਵਿੱਚ ਰਗੜੇ ਹੋਏ ਨੀਲੇ-ਥੋਥੇ ਦੀਆਂ ਦੋ ਚੂੰਢੀਆਂ ਭਰ ਕੇ ਉਹਨੇ ਸਵਿਤਰੀ ਦੀਆਂ, ਤਿੱਖੇ ਕੋਇਆਂ ਵਾਲੀਆਂ ਰਤਾ ਕੁ ਖੁਲ੍ਹੀਆਂ ਰਹਿ ਗਈਆਂ ਅੱਖਾਂ ਵਿੱਚ ਪਾ ਦਿੱਤੀਆਂ।

“ਹੁਣ ਆਵਦੀ ਭੈਣ ਵਾਂਗੂੰ, ਮਗਰ ਨਿਗ੍ਹਾ ਨਾ ਰੱਖੀਂ- ਸਾਡੀ ਜੜ੍ਹ ਵੀ ਲੱਗ ਲੈਣ ਦਿਉ, ਕਿਉਂ ਸਾਡੇ ਮਗਰ ਪਈਓਂ!”

ਤੇ ਉਸੇ ਵੇਲੇ ਸਵਿਤਰੀ ਦੀਆਂ ਪੰਜਾਂ ਦਿਨਾਂ ਦੀਆਂ ਸੁੱਕਣ-ਸੁੱਕੀਆਂ ਅੱਖਾਂ ਦੇ ਬਾਹਰਲੇ , ਤਿੱਖੇ ਕੋਇਆਂ ਵਿੱਚੋਂ ਪਤਾ ਨਹੀਂ ਪਾਣੀ ਕਿਵੇਂ ਸਿੰਮ ਪਿਆ।

 

ਗੁਰਦਿਆਲ ਸਿੰਘ

ਸਕੀਮੀ ਤਾਇਆ

by Lakhwinder Singh July 25, 2020

ਕਰਤਾਰ ਕੁੜੇ ਆਹ ਮਾਲ੍ਹ ਪੂੜੇ ਤੇ ਖੀਰ ਲਿਆਈ ਸੀ। ਮਖਿਆ ਡੀਸੀ ਖੁਸ਼ ਹੋਕੇ ਖਾਂਦਾ ਹੈ। ਗੁਆਂਢਣ ਤਾਈ ਜੀਤੋ ਨੇ ਮੇਰੀ ਮਾਂ ਨੂੰ ਕਿਹਾ।
ਤੁਸੀਂ ਵਾਹਵਾ ਇੰਨੀ ਹੁੰਮਸ ਵਿੱਚ ਮਾਲ੍ਹ ਪੂੜੇ ਬਣਾ ਲਏ ਮੈਥੋਂ ਤਾਂ ਚਾਹ ਨਹੀਂ ਬਣਦੀ। ਗਿੱਲੇ ਬਾਲਣ ਨਾਲ। ਮੇਰੀ ਮਾਂ ਨੇ ਦਿਲ ਦੀ ਗੱਲ ਆਖੀ।
ਣੀ ਕਾਹਨੂੰ ਕਰਤਾਰੋ ਮੈਥੋਂ ਵੀ ਕਾਹਨੂੰ ਇਹ ਯੱਭ ਹੁੰਦਾ ਹੈ। ਇਹ ਤਾਂ ਕੱਲ੍ਹ ਵੱਡੇ ਬਾਪੂ ਜੀ ਆਗੇ ਓਹਨਾ ਨੇ ਕਿਹਾ ਸੀ।
ਵੱਡੇ ਬਾਪੂ ਜੀ?
ਹਾਂ ਕਲ੍ਹ ਡੀਸੀ ਦਾ ਤਾਇਆ ਮੰਜੇ ਤੇ ਬੈਠਾ ਬੈਠਾ ਸਿਰ ਘਮਾਉਣ ਲੱਗ ਪਿਆ। ਬਾਹਲੀ ਜ਼ੋਰ ਜ਼ੋਰ ਦੀ। ਪੱਗ ਭੁੰਜੇ ਡਿਗ ਪਈ। ਹੌਰੋਂ ਜਿਹੇ ਵਾਜਾਂ ਕੱਢੇ। ਅਸੀਂ ਸਾਰਾ ਟੱਬਰ ਮੂਹਰੇ ਹੱਥ ਜੋੜਕੇ ਖੜੇ ਬੀ ਕੀ ਗਲਤੀ ਹੋਗੀ। ਉੱਚੀ ਉੱਚੀ ਬੋਲੇ ਕਹਿੰਦਾ ਮੈਂ ਸੰਦੂਰਾ ਬੋਲਦਾ ਹਾਂ। ਤੁਸੀਂ ਕਿਹਾ ਬਾਬਾ ਜੀ ਮੀਂਹ ਪਵਾ ਦਿਓਂ। ਮੈਂ ਮੀਂਹ ਪਵਾਤਾ।
ਦੱਸੋ ਪਵਾਇਆ ਕਿ ਣੀ?
ਹਾਂ ਬਾਬਾ ਜੀ ਪਵਾਇਆ ਜੀ ਪਵਾਇਆ। ਫਿਰ ਤੁਸੀਂ ਮੇਰੀ ਮੜ੍ਹੀ ਤੇ ਖੀਰ ਪੂੜੇ ਦਾ ਮੱਥਾ ਕਿਓੰ ਨਹੀਂ ਟੇਕਣ ਆਏ। ਫਿਰ ਮੈਂ ਮੀਂਹ ਵਿੱਚ ਤੁਹਾਡਾ ਛੱਤੜਾ ਡੇਗਿਆ। ਤੁਸੀਂ ਫਿਰ ਨਹੀਂ ਸਮਝੇ। ਸੰਦੂਰਾ ਉਸ ਦਾ ਵੱਡਾ ਜੇਠ ਸੀ ਜੋ ਆਂਓਂਤ ਹੀ ਮਰਿਆ ਸੀ। ਤਾਈ ਕਿਆਂ ਨੇ ਖੇਤ ਉਸਦੀ ਮੜ੍ਹੀ ਬਣਾਈ ਹੋਈ ਸੀ।ਉਸਨੂੰ ਪੂਜਦੇ ਸਨ। ਉਸਦੀ ਜਮੀਨ ਵੀ ਇਹੀ ਵਾਹੁੰਦੇ ਸਨ।
ਵੱਡੀ ਬਹੂ ਕਿੱਥੇ ਹੈ?
ਮਖਿਆ ਜੀ ਉਹ ਤਾਂ ਆਪਣੇ ਕਮਰੇ ਵਿੱਚ ਟੀਵੀ ਦੇਖ ਰਹੀ ਹੈ।
ਤਾਹੀਓਂ ਤਾਂ ਓਹਦੇ ਜੁਆਕ ਨਹੀਂ ਹੁੰਦਾ। ਉਹ ਵੀ ਮੱਥਾ ਟੇਕਣ ਣੀ ਆਉਂਦੀ। ਤੇ ਛੋਟੀ ਬਹੂ?
ਬਾਬਾ ਜੀ ਉਹ ਜੁਆਕਾਂ ਨੂੰ ਪੜ੍ਹਾਈ ਜਾਂਦੀ ਹੈ।
ਜੁਆਕ ਪੜ੍ਹਾ ਲੋ। ਬਾਬੇ ਨੂੰ ਭੁੱਲਗੇ। ਤਾਹੀਓਂ ਉਸਦੀ ਮਾਂ ਬੀਮਾਰ ਰਹਿੰਦੀ ਹੈ। ਫਿਰ ਅਸੀਂ ਤਿੰਨੇ ਜਣੀਆਂ ਨੇ ਉਸਦੇ ਪੈਰੀਂ ਹੱਥ ਲਗਾਏ। ਮਾਫ਼ੀ ਮੰਗੀ । ਤੇ ਅਗਲੇ ਦਿਨ ਮੜ੍ਹੀ ਤੇ ਮੱਥਾ ਟੇਕਕੇ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਕਰਨ ਦੀ ਗੱਲ ਆਖੀ।
ਫਿਰ ਕਰਤਾਰ ਕੁਰੇ ਅੱਜ ਵੱਡੀ ਬਹੂ ਨੇ ਸੁਵੱਖਤੇ ਹੀ ਗੁੜ ਭਿਓਂ ਦਿੱਤਾ। ਛੋਟੀ ਨੇ ਖੀਰ ਰੱਖਤੀਂ ਚੁੱਲ੍ਹੇ ਤੇ। ਤੇ ਭਾਈ ਫਿਰ ਅਸੀਂ ਮਰਦੀਆਂ ਨੇ ਅੱਕ ਚੱਬਿਆ। ਲੋਹੜੇ ਦੀ ਭੜਾਸ ਸੀ। ਓਹਨੂੰ ਵੀ ਤਾਂ ਪੂਜਣਾ ਜਰੂਰੀ ਸੀ। ਫਿਰ ਬਣਾਕੇ ਸਿਖਰ ਦੁਪਹਿਰੇ ਅਸੀ ਬਾਬਾ ਜੀ ਦੀ ਮੜ੍ਹੀ ਤੇ ਮੱਥਾ ਟੇਕਕੇ ਆਈਆਂ। ਡੀਸੀ ਦਾ ਤਾਇਆ ਵੀ ਮਾਲ੍ਹ ਪੂੜੇ ਖੁਸ਼ ਹੀ ਕੇ ਖਾ ਲੈਂਦਾ ਹੈ।
ਪਹਿਲਾ ਉਸ ਨੂੰ ਦਿੱਤੇ ਤੇ ਫਿਰ ਮੈਂ ਤੁਹਾਡੇ ਦੇਣ ਆਗੀ। ਸਾਰੀ ਕਹਾਣੀ ਸੁਣਾਕੇ ਤਾਈ ਚਲੀ ਗਈ। ਮੈਂ ਸਾਰੀ ਕਹਾਣੀ ਸਮਝ ਗਿਆ ਮੈਨੂੰ ਤਾਇਆ ਵਾਹਵਾ ਸਕੀਮੀ ਲੱਗਿਆ।
ਰਮੇਸ਼ ਸੇਠੀ ਬਾਦਲ

ਮਨਹੂਸ

by Lakhwinder Singh July 24, 2020

ਮਨਹੂਸ

ਮੇਰੇ ਮੁਤਾਬਿਕ ਇੱਕ ਅਜਿਹਾ ਸ਼ਬਦ ਜਿਸ ਨੂੰ ਸੁਣ ਕੇ ਸ਼ਾਇਦ ਅਰਸ਼ ਤੇ ਜ਼ਮੀਨ ਵੀ ਹਿੱਲ ਜਾਣ, ਤਾਂ ਫਿਰ ਉਸ ਕੁੜੀ ਜਾਂ ਉਸਦੇ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਜਿਸਨੂੰ ਲੋਕਾਂ ਦੁਆਰਾ ਮਨਹੂਸ ਕਿਹਾ ਜਾਂਦਾ ਹੈ??
ਇਹ ਕਹਾਣੀ ਹੈ ਇੱਕ ਅਜਿਹੀ ਕੁੜੀ ਦੀ ਜਿਸਨੇ ਹੋਰ ਕੁੜੀਆਂ ਵਾਂਗ ਕਈ ਸੁਪਨੇ ਸਜਾਏ ਸੀ। ਕਿ ਉਹ ਵੀ ਆਪਣੇ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ਖ਼ੁਸ਼ ਰਹੇਗੀ, ਸਭ ਦੀ ਸੇਵਾ ਕਰੇਗੀ, ਉਸ ਘਰ ਨੂੰ ਸਜਾਏਗੀ, ਹਰ ਇੱਕ ਦੇ ਦਿਲ ਵਿੱਚ ਆਪਣੀ ਜਗ੍ਹਾ ਇਸ ਤਰ੍ਹਾਂ ਬਣਾ ਲਵੇਗੀ ਜਿਵੇਂ ਮਿੱਟੀ ਵਿੱਚ ਪਾਣੀ ਸਮੋ ਕੇ ਆਪਣੀ ਜਗ੍ਹਾ ਬਣਾ ਲੈਂਦਾ ਹੈ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਜ਼ੂਰ ਸੀ। ਜੋ ਉਸਨੇ ਸੋਚਿਆ ਉਹ ਹੋਇਆ ਜ਼ਰੂਰ ਪਰ ਸਿਰਫ਼ ਇੱਕ ਮਹੀਨੇ ਲਈ। ਕਿਉਂਕਿ ਉਸ ਤੋਂ ਬਾਅਦ ਅਚਾਨਕ ਇੱਕ ਰਾਤ ਉਸਦੇ ਸਹੁਰਾ ਸਾਹਿਬ ਦੀ ਮੌਤ ਹੋ ਗਈ। ਉਸਨੂੰ ਆਪਣੀ ਧੀ ਬਣਾ ਕੇ ਲਿਆਉਣ ਵਾਲਾ ਇਨਸਾਨ ਖ਼ੁਦ ਇਸ ਦੁਨੀਆ ਵਿਚੋਂ ਚਲਾ ਗਿਆ। ਹਾਲੇ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ, ਚੂੜੇ ਦੀ ਚਮਕ ਉਸੇ ਤਰ੍ਹਾਂ ਕਾਇਮ ਸੀ। ਜਿਸ ਦੇ ਅਜੇ ਸਜਣ-ਬਣਨ ਦੇ ਦਿਨ ਸਨ, ਲਾਡਾਂ ਚਾਵਾਂ ਦੇ ਦਿਨ ਸਨ, ਉਹ ਦਿਨ ਮਾਤਮ ਵਿੱਚ ਬਦਲ ਗਏ।
ਘਰ ਵਿੱਚ ਵੀ ਉਸਨੂੰ ਆਪਣੇ ਸਹੁਰੇ ਕੋਲੋਂ ਬਾਪ ਵਰਗਾ ਪਿਆਰ ਮਿਲਿਆ। ਬੱਸ ਇਹੀ ਉਹ ਦਿਨ ਸੀ ਜਿਸ ਤੋਂ ਬਾਅਦ ਇੰਨੀ ਹਸੀਨ ਜ਼ਿੰਦਗੀ ਨੇ ਮੋੜ ਲੈ ਲਿਆ। ਮਾਪਿਆਂ ਦਾ ਇੱਕੋ ਇੱਕ ਮੁੰਡਾ ਹੋਣ ਕਰ ਕੇ ਸਾਰੀ ਜ਼ਿੰਮੇਵਾਰੀ ਉਹਨਾਂ ਦੋਵਾਂ ਜੀਆਂ ਦੇ ਸਿਰ ਆ ਗਈ। ਇੱਕ ਕਹਾਵਤ ਹੈ ਕਿ ਸਿਰ ਮੁੰਡਾਉਂਦੇ ਹੀ ਓਲੇ ਪੈ ਗਏ, ਸ਼ਾਇਦ ਉਹ ਕਹਾਵਤ ਸੱਚ ਸਾਬਿਤ ਹੋ ਗਈ ਸੀ।
ਪਹਿਲਾਂ-ਪਹਿਲਾਂ ਤਾਂ ਸਭ ਠੀਕ ਰਿਹਾ। ਪਰ ਕੁਝ ਦਿਨਾਂ ਪਿੱਛੋਂ
ਪਿੰਡਾਂ ਦੀਆਂ ਔਰਤਾਂ ਨੇ ਨਵੀਆਂ-ਨਵੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸਦੀ ਸੱਸ ਨੂੰ ਵੀ ਚੁੱਕ-ਚੁਕਾ ਸ਼ੁਰੂ ਹੋ ਗਿਆ। ਉਸਦੀ ਨਨਾਣ ਜੋ ਕਿ ਪਹਿਲਾਂ ਪਹਿਲ ਉਸਦਾ ਮੱਥਾ ਚੁੰਮਦੀ ਸੀ ਹੁਣ ਉਸਨੇ ਵੀ ਆਪਣੀ ਮਾਂ ਨੂੰ ਹੋਰਾਂ ਵਾਂਗ ਪੁੱਠੀਆਂ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਤਾਂ ਮਨਹੂਸ ਹੈ। ਇਸ ਦੇ ਆਉਣ ਨਾਲ ਸਾਡਾ ਬਾਪ ਮਰ ਗਿਆ। ਇਹ ਗੱਲ ਸੁਣ ਕੇ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ।
ਇਹ ਉਹੀ ਕੁੜੀ ਸੀ ਜੋ ਆਪਣੇ ਮਾਪਿਆਂ ਨਾਲ 23 ਸਾਲ ਰਹਿ ਕੇ ਆਈ ਸੀ, ਉਹਨਾਂ ਦੀ ਲਾਡਲੀ, ਉਹਨਾਂ ਦੇ ਲਈ ਉਸ ਦੇ ਆਉਣ ਨਾਲ ਖ਼ੁਸ਼ੀਆਂ ਦੁੱਗਣੀਆਂ ਚੌਗਣੀਆਂ ਹੋ ਜਾਂਦੀਆਂ ਸੀ।ਇਹ ਉਹੀ ਸੀ ਜਿਸਨੇ ਜਦੋਂ ਜਨਮ ਲਿਆ ਸੀ ਤਾਂ ਉਸਦੇ ਦਾਦਾ ਜੀ ਨੇ ਤੇ ਪਾਪਾ ਨੇ ਮਠਿਆਈਆਂ ਵੰਡੀਆਂ ਸੀ। ਕਿਹਾ ਸੀ ਕਿ ਜਿਸ ਘਰ ਪਹਿਲਾਂ ਬੇਟੀ ਆਵੇ ਉਸ ਘਰ ਵਿੱਚ ਬਰਕਤ ਆ ਜਾਂਦੀ ਹੈ।
ਫਿਰ ਇਸ ਘਰ ਵਿੱਚ ਇੰਝ ਕਿਉਂ ਨਹੀਂ ਹੋਇਆ?? ਇਸ ਸਵਾਲ ਨੇ ਉਸਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਸਦੇ ਪਤੀ ਨੇ ਹਮੇਸ਼ਾਂ ਹੀ ਉਸਦਾ ਸਾਥ ਦਿੱਤਾ ਪਰ ਆਪਣੀ ਸੱਸ ਤੇ ਨਨਾਣ ਦੇ ਮਨਹੂਸ ਕਹੇ ਜਾਣ ਵਾਲੇ ਸ਼ਬਦ ਹਮੇਸ਼ਾਂ ਹੀ ਉਸਦੇ ਦਿਮਾਗ ਵਿਚ ਘੁੰਮਦੇ ਰਹਿੰਦੇ ਤੇ ਉਸਦਾ ਕਲੇਜਾ ਫਟ ਜਾਂਦਾ ਕਿ ਕੋਈ ਕਿਵੇਂ ਕਿਸੇ ਧੀ ਨੂੰ ਇਸ ਤਰ੍ਹਾਂ ਦੇ ਲਫ਼ਜ਼ ਕਹਿ ਸਕਦਾ ਹੈ??
ਉਸਦੇ ਦਿਲ ਵਿਚ ਇਹ ਸਵਾਲ ਹਮੇਸ਼ਾਂ ਉੱਠਦੇ। ਉਹ ਹਮੇਸ਼ਾਂ ਆਪਣੇ ਰੱਬ ਅੱਗੇ ਇਹੀ ਸਵਾਲ ਕਰਦੀ ਕਿ ਕੀ ਉਸਦੀ ਬਣਾਈ ਕਾਇਨਾਤ ਦੀ ਕੋਈ ਵੀ ਚੀਜ਼ ਮਨਹੂਸ ਹੋ ਸਕਦੀ ਹੈ??
ਉਹ ਕੁੜੀ ਜੋ ਕਦੇ ਕਿਸੇ ਲਈ ਲਾਡੋ ਸੀ, ਖ਼ੁਸ਼ਨਸੀਬ ਸੀ, ਬਰਕਤ ਸੀ ਉਹ ਮਨਹੂਸ ਕਿਵੇਂ ਹੋ ਗਈ?? ਕਹਿੰਦੇ ਨੇ ਜੀਵਨ, ਮੌਤ ਸਭ ਰੱਬ ਦੇ ਹੱਥ ਹੈ ਫਿਰ ਉਹ ਜੋ ਕਦੇ ਉਸ ਘਰ ਦੀ ਖ਼ੁਸ਼ੀ ਦਾ ਕਾਰਨ ਸੀ ਆਪਣੇ ਸਹੁਰੇ ਦੀ ਮੌਤ ਦਾ ਕਾਰਨ ਕਿਵੇਂ ਹੋ ਗਈ??
ਜਿੰਨ੍ਹਾ ਦੀਆਂ ਆਪਣੀਆਂ ਵੀ ਧੀਆਂ ਹੋਣ ਉਹ ਕਿਸੇ ਦੀ ਧੀ ਲਈ ਇਹ ਸਭ ਅਲਫ਼ਾਜ਼ ਕਿਵੇਂ ਕਹਿ ਸਕਦੇ ਨੇ??
ਇਹਨਾਂ ਗੱਲਾਂ ਦਾ ਜਵਾਬ ਅਜੇ ਵੀ ਨਹੀਂ ਮਿਲਿਆ ਉਸਨੂੰ। ਉਹ ਬੱਸ ਸਬਰ ਨਾਲ ਇਹੀ ਦੁਆ ਕਰਦੀ ਹੈ ਕਿ ਉਸਨੂੰ ਇੱਕ ਨਾ ਇੱਕ ਦਿਨ ਇਸ ਗੱਲ ਦਾ ਜਵਾਬ ਜ਼ਰੂਰ ਮਿਲੇ ਤਾਂ ਕਿ ਅੱਗੇ ਨੂੰ ਹੋਰ ਕਈ ਕੁੜੀਆਂ ਜੋ ਕਿ ਉਸ ਵਰਗੀਆਂ ਹੀ ਹੋ ਸਕਦੀਆਂ ਨੇ ਉਹਨਾਂ ਨੂੰ ਉਹ ਇਸਦਾ ਜਵਾਬ ਦੇਣ ਵਿਚ ਸਮਰੱਥ ਹੋਵੇ।
ਭਾਵੇਂ ਉਹ ਹਮੇਸ਼ਾਂ ਇਹੀ ਦੁਆ ਕਰਦੀ ਹੈ ਕਿ ਅੱਗੇ ਤੋਂ ਅੱਲਾਹ ਕਿਸੇ ਵੀ ਕੁੜੀ ਨੂੰ ਇਹ ਸਮਾਂ ਨਾ ਦਿਖਾਵੇ। ਉਸਨੂੰ ਹਰ ਉਹ ਚੀਜ਼ ਮਿਲੇ ਜੋ ਉਸਨੂੰ ਆਪਣੇ ਵਿਆਹ ਤੋਂ ਬਾਅਦ ਚਾਹੀਦੀ ਹੁੰਦੀ ਹੈ ਭਾਵ ਇੱਜ਼ਤ ਤੇ ਪਿਆਰ, ਕਿਉਂਕਿ ਉਹ ਆਪਣਾ ਸਭ ਕੁੱਝ ਇੱਕ ਨਵੇਂ ਘਰ ਅਤੇ ਨਵੇਂ ਮੈਂਬਰਾਂ ਕਰ ਕੇ ਛੱਡ ਕੇ ਆਈ ਹੁੰਦੀ ਹੈ…
ਉਮੀਦ ਹੈ ਹਰ ਕੁੜੀ ਨੂੰ ਉਹ ਇੱਜ਼ਤ ਤੇ ਪਿਆਰ ਮਿਲੇ ਜਿਸਦੇ ਉਹ ਕਾਬਿਲ ਹੈ, ਆਮੀਨ!!!

ਮੁਨੱਜ਼ਾ ਇਰਸ਼ਾਦ

ਦਾਦੀ ਬੋਲੀ

by Lakhwinder Singh July 23, 2020

ਦਾਦੀ ਬੋਲੀ

ਸੰਨ 1995 ਵਿਚ ਇਕ ਵਾਰੀ ਮੈਂ ਬੱਸ ਰਾਹੀਂ ਰੋਪੜ ਤੋਂ ਜਲੰਧਰ ਜਾ ਰਿਹਾ ਸੀ, ਤਾਂ ਨਵਾਂ ਸ਼ਹਿਰ ਦੇ ਅੱਡੇ ਉਤੇ ਸਾਡੀ ਬੱਸ ਰੁਕੀ। ਉਸ ਬੱਸ ਵਿੱਚ ਅੱਡੇ ਤੋਂ ਇਕ ਪੜ੍ਹੀ-ਲਿਖੀ ਔਰਤ ਸਵਾਰ ਹੋਈ ਜਿਸਦੇ ਨਾਲ ਉਸਦੀ ਇੱਕ ਤਿੰਨ ਕੁ ਸਾਲ ਦੀ ਧੀ ਵੀ ਸੀ। ਉਸ ਔਰਤ ਨੇ ਮੈਨੂੰ ਨਮਸਤੇ ਬੁਲਾਈ ਤੇ ਆਪਣੀ ਧੀ ਨੂੰ ਕਿਹਾ,”ਬੇਟਾ ਯੇ ਅੰਕਲ ਮੇਰੇ ਟੀਚਰ ਥੇ ਇਨਕੋ ਵਿਸ਼ ਕਰੋ। ਉਸ ਕੁੜੀ ਨੇ ਮੈਨੂੰ ਵਿਸ਼ ਕੀਤੀ ਤੇ ਮੇਰੇ ਕੋਲ ਆ ਕੇ ਬਾਰੀ ਨੇੜੇ ਬੈਠ ਗਈ। ਉਹ ਮੇਰੇ ਨਾਲ ਪਿਆਰੀਆਂ-ਪਿਆਰੀਆਂ ਗੱਲਾਂ ਕਰਨ
ਲੱਗ ਪਈ ।ਮੈਂ ਪੰਜਾਬੀ ਵਿੱਚ ਬੋਲਦਾ ਅਤੇ ਉਹ ਅੱਗੋਂ ਹਿੰਦੀ ਵਿਚ ਜਵਾਬ ਦੇਂਦੀ। ਕੁਝ ਚਿਰ ਬਾਅਦ ਉਸ ਦੀ ਮਾਂ ਨੇ ਉਸ ਨੂੰ ਬੁਲਾ ਲਿਆ ਤੇ ਕਿਹਾ,,” ਬੇਟਾ ਅਬ ਇਧਰ ਆ ਜਾਓ ਅੰਕਲ ਕੋ ਤੰਗ ਮਤ ਕਰੋ”। ਪਰ ਉਸ ਦੀ ਧੀ ਨੇ ਝੱਟ ਜਵਾਬ ਦਿੱਤਾ ,ਮੰਮੀ ਮੈਂ ਆਪ ਕੇ ਪਾਸ ਨਹੀਂ ਆਉਂਗੀ ,ਯੇ ਅੰਕਲ ਦਾਦੀ ਜੈਸਾ ਬੋਲਤੇ ਮੁਝੇ ਅੱਛੇ ਲਗਤੇ ਹੈਂ।
ਉਸ ਦਾ ਉੱਤਰ ਸੁਣ ਕੇ ਮੈਨੂੰ ਲੱਗਿਆ ਕਿ ਸੱਚ-ਮੁੱਚ ਸਾਡੀ ਬੋਲੀ ਹੁਣ ਦਾਦੀ ਬੋਲੀ ਹੀ ਬਣਦੀ ਜਾ ਰਹੀ ਹੈ।

ਡਾ ਵਿਦਵਾਨ ਸਿੰਘ ਸੋਨੀ( ਲੇਖਕ)

ਇੱਕ ਸੱਚੀ ਘਟਨਾ

by Lakhwinder Singh July 20, 2020

“ਇੱਕ ਸੱਚੀ ਘਟਨਾ,

ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ ਨਸ਼ਿਆਂ ਤੋਂ ਪਰਹੇਜ਼ ਕਰਦੇ ਹੋਣ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਨੂੰ ਅਜਿਹੇ ਮਿੱਤਰ ਮਿਲ ਵੀ ਗਏ ਅਤੇ ਮੈਂ ਉਹਨਾਂ ਦੇ ਕਲੱਬ ਵਿੱਚ ਸ਼ਾਮਿਲ ਹੋ ਗਿਆ ਜਿਥੋਂ ਤੱਕ ਸੰਭਵ ਹੋ ਸਕਦਾ ਅਸੀਂ ਤਨ ਮਨ ਅਤੇ ਸਮਰੱਥਾ ਅਨੁਸਾਰ ਧਨ ਨਾਲ ਕਿਸੇ ਮੁਸੀਬਤ ਵਿੱਚ ਫ਼ਸੇ ਵਿਅਕਤੀ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਹੁਣ ਮੈਂ ਜਿਸ ਘਟਨਾ ਬਾਰੇ ਇਸ ਲੇਖ ਵਿੱਚ ਲਿਖ ਰਿਹਾ ਹਾਂ ਉਹ ਬਿਲਕੁੱਲ ਸੱਚ ਦੇ ਅਧਾਰਿਤ ਹੈ।
ਸ਼ਹਿਰਾਂ ਵਿੱਚ ਲੋਕ ਆਪਣੇ ਕੰਮਾਂ ਕਾਰਾ ਵਿੱਚ ਇੰਨੇ ਰੁੱਝੇ ਹੁੰਦੇ ਹਨ ਗਵਾਂਢ ਵਿੱਚ ਕੀ ਹੋ ਰਿਹਾ ਹੈ ਇਸ ਬਾਰੇ ਕੁੱਝ ਪਤਾ ਨਹੀਂ ਹੁੰਦਾ ਕਈਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਆਪਣੇ ਗੁਆਂਢ ਵਿੱਚ ਕੋਣ ਰਹਿ ਰਿਹਾ ਹੈ ! ਅਜਿਹਾ ਹੀ ਇੱਕ ਕੇਸ ਸਾਡੇ ਕੋਲ ਆਇਆ ਬਜ਼ਾਰ ਵਿੱਚ ਦੁਕਾਨਾਂ ਦੇ ਪਿੱਛੇ ਇੱਕ ਖੰਡਰ ਬਣੇ ਮਕਾਨ ਨੇੜੇ ਕੁੱਝ ਬੱਚੇ ਕ੍ਰਿਕਟ ਖੇਡ ਰਹੇ ਸੀ ਉਨ੍ਹਾਂ ਕੋਲੋਂ ਬਾਲ ਅਚਾਨਕ ਉਸ ਖੰਡਰ ਬਣੇ ਮਕਾਨ ਅੰਦਰ ਚਲੀ ਗਈ ਜਦੋਂ ਉਹ ਬਾਲ ਲੱਭਣ ਲਈ ਮਕਾਨ ਅੰਦਰ ਗਏ ਤਾਂ ਚੀਕਾਂ ਮਾਰਦੇ ਬਹਾਰ ਵੱਲ ਨੂੰ ਭੱਜੇ ਅਤੇ ਰੌਲਾ ਪਾਉਣ ਲੱਗੇ ਕਿ ਅੰਦਰ ਕੋਈ ਭੂਤ ਹੈ ਕਿਸੇ ਸਿਆਣੇ ਬੰਦੇ ਨੇ ਹੌਸਲਾ ਜਿਹਾ ਕਰ ਜਾਕੇ ਵੇਖਿਆ ਕਿ ਇੱਕ ਡਰਾਵਣੀ ਜਿਹੀ ਸ਼ਕਲ ਦਾ ਬਜ਼ੁਰਗ ਜਿਸ ਦੇ ਸਿਰ ਦੇ ਵਾਲ ਅਤੇ ਦਾੜੀ ਬਹੁਤ ਵਧੇ ਹੋਏ ਸਨ ਇੱਕ ਫਟੀ ਹੋਈ ਰਜਾਈ ਲੈ ਮੰਜੇ ਤੇ ਕੰਧ ਨਾਲ ਢੂ ਲਾਈ ਬੈਠਾ ਸੀ ਉਹ ਵਿਅਕਤੀ ਉਸ ਨੂੰ ਦੇਖ ਬਾਹਰ ਆ ਗਿਆ ਪਰ ਉਸਨੇ ਕਿਸੇ ਤਰ੍ਹਾਂ ਇਹ ਗੱਲ ਸਾਡੇ ਕੋਲ ਪਹੁੰਚਦੀ ਕਰ ਦਿੱਤੀ ਜਦੋਂ ਅਸੀ ਜਾ ਕੇ ਵੇਖਿਆ ਤਾਂ ਉਸ ਬਜ਼ੁਰਗ ਦੀ ਹਾਲਤ ਬਹੁਤ ਖਰਾਬ ਸੀ ਉਸ ਦਾ ਮਲ ਮੂਤਰ ਸਭ ਬਿਸਤਰੇ ਵਿੱਚ ਹੀ ਸੀ ਸਿਰ ਅਤੇ ਦਾੜੀ ਵਿਚ ਬਹੁਤ ਸਾਰੀਆਂ ਜੂਆਂ ਨੇ ਵਾਸ ਕੀਤਾ ਹੋਇਆ ਸੀ ਸਰੀਰ ਦੇ ਤੇ ਜਖਮਾਂ ਨਾਲ ਟਾਕੀਆਂ ਬਣੀਆਂ ਹੋਈਆਂ ਸਨ ਉਸ ਕੋਲ ਅੱਧਾ ਪੈਕਟ ਖ਼ਰਾਬ ਹੋਏ ਰਸ ਅਤੇ ਖਾਲੀ ਜੱਗ ਗਲਾਸ ਤੋਂ ਬਿਨਾਂ ਉਸ ਨੇ ਇੱਕ ਘਸਮੇਲੀ ਜਿਹੀ ਲੀਰ ਵਿੱਚ ਲਪੇਟੇ ਦਸ- ਦਸ ਦੇ ਦੋ ਨੋਟ ਆਪਣੀ ਮੁੱਠੀ ਵਿੱਚ ਘੁੱਟ ਕੇ ਫੜ੍ਹੇ ਹੋਏ ਸੀ ਜੋ ਉਹ ਛੱਡਣਾ ਨਹੀਂ ਸੀ ਚਹੁੰਦਾ ਸ਼ਾਇਦ ਬੁਰੇ ਵਕਤ ਲਈ ਸੰਭਾਲ ਕੇ ਰੱਖੇ ਹੋਣ , ਹੋ ਸਕਦਾ ਸਾਡੇ ਤੋਂ ਪਹਿਲਾਂ ਵੀ ਕੋਈ ਭਲਾ ਪੁਰਸ਼ ਇਹਦੇ ਲਈ ਕੁੱਝ ਖਾਣ ਨੂੰ ਲੈ ਕੇ ਆਉਂਦਾ ਰਿਹਾ ਹੋਵੇ ਕਿਉਂਕਿ ਬਿਨਾਂ ਕੁੱਝ ਖਾਧੇ ਜਿਆਦਾ ਦਿਨ ਜਿੰਦਾ ਰਹਿਣਾ ਸੰਭਵ ਨਹੀਂ ਅਸੀਂ ਸੱਭ ਤੋਂ ਪਹਿਲਾਂ ਤਾਂ ਉਸ ਦੇ ਵਾਲਾ ਦੀ ਕਟਿੰਗ ਕਰ ਗਰਮ ਪਾਣੀ ਅਤੇ ਡੇਟੋਲ ਨਾਲ ਉਹਦੇ ਸਰੀਰ ਦੀ ਸਫ਼ਾਈ ਕੀਤੀ ਜਿਨ੍ਹਾਂ ਸੰਭਵ ਹੋ ਸਕਿਆ ਦਵਾਈ ਬੂਟੀ ਦਾ ਪ੍ਰਬੰਧ ਵੀ ਕੀਤਾ ਹੌਲੀ ਹੌਲੀ ਉਸ ਦੀ ਸਿਹਤ ਵਿੱਚ ਸੁਧਾਰ ਹੁੰਦਾ ਗਿਆ ਗਵਾਂਢੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਇਸ ਘਰ ਦਾ ਮਾਲਿਕ ਹੀ ਹੈ ਕੁੱਝ ਸਮਾਂ ਪਹਿਲਾਂ ਇਹਦੇ ਬੇਟੇ ਇਹ ਘਰ ਛੱਡ ਕਿਸੇ ਹੋਰ ਸ਼ਹਿਰ ਚਲੇ ਗਏ ਪਰ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹਨੂੰ ਇਥੇ ਹੀ ਛੱਡ ਗਏ ਨੇ, ਅਸੀ ਉਸ ਦੇ ਕਮਰੇ ਦੀ ਸਫ਼ਾਈ ਵੀ ਕੀਤੀ ਅਤੇ ਸਵੇਰੇ ਸ਼ਾਮ ਉਸ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਰਦੇ ਰਹੇ ਇੱਕ ਦੋ ਵਾਰ ਫੋਨ ਤੇ ਉਸ ਦੇ ਬੇਟਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਹੀ ਢੰਗ ਨਾਲ ਗੱਲ ਨਹੀਂ ਸਨ ਕਰਦੇ, ਕੁੱਝ ਸਮਾਂ ਬੀਤਣ ਮਗਰੋਂ ਜਦੋਂ ਹਰ ਰੋਜ਼ ਦੀ ਤਰ੍ਹਾਂ ਸਵੇਰੇ ਉਸ ਦਾ ਖਾਣਾ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਸੀਂ ਰੱਲ ਮਿਲ ਕੇ ਉਸ ਦੇ ਸੰਸਕਾਰ ਦਾ ਪ੍ਰਬੰਧ ਕੀਤਾ ਬੇਟਿਆਂ ਨੂੰ ਵਾਰ- ਵਾਰ ਫ਼ੋਨ ਕਰਨ ਤੇ, ਕਿ ਯਾਰ ਤੁਹਾਡਾ ਪਿਓ ਸੀ ਉਹ, ਕਹਿਣ ਤੇ ਆ ਤਾਂ ਗਏ ਪਰ ਬੇਗਾਨਿਆਂ ਵਾਂਗੂੰ ਅਰਥੀ ਤੋਂ ਦੂਰ ਹੀ ਰਹੇ ਕਿਸੇ ਨੇ ਮੋਢਾ ਤੱਕ ਨਹੀਂ ਦਿੱਤਾ।

ਪਤਾ ਨਹੀਂ ਇਹੋ ਜਿਹੀ ਕਿਹੜੀ ਮਜਬੂਰੀ ਹੋ ਜਾਂਦੀ ਹੈ ਜਿਸ ਔਲਾਦ ਦੇ ਭਵਿੱਖ ਲਈ ਇਨਸਾਨ ਨੇ ਦਿਨ ਰਾਤ ਇੱਕ ਕੀਤੀ ਹੋਵੇ ਉਹ ਹੀ ਔਲਾਦ ਆਪਣੇ ਉਸ ਮਾਂ ਪਿਉ ਦੀ ਸ਼ਕਲ ਤੱਕ ਦੇਖਣਾ ਪਸੰਦ ਨਹੀਂ ਕਰਦੀ।

ਮਾਂ ਪਿਓ ਦੀ ਜਿੰਨੀ ਵੀ ਸੇਵਾ ਕੀਤੀ ਜਾਵੇ, ਉਹ ਵੀ ਘੱਟ ਹੈ , ਕਿਉਂਕਿ ਔਲਾਦ ਉਨ੍ਹਾਂ ਦਾ ਇਹ ਦੁਨੀਆਂ ਦਿਖਾਉਣ ਦਾ ਹੀ ਕਰਜ ਨਹੀਂ ਉਤਾਰ ਸਕਦੀ। ਸੋ ਆਪਣੇ ਮਾਂ ਬਾਪ ਦਾ ਖ਼ਿਆਲ ਰੱਖਿਆ ਕਰੋ।

“ਦਵਿੰਦਰ ਸਿੰਘ ਰਿੰਕੂ,

ਸੱਚੇ ਪਿਆਰ ਦੀ ਪਰਖ

by Lakhwinder Singh July 19, 2020

ਇੱਕ ਪਿੰਡ ਵਿੱਚ ਗਰੀਬ ਪਰਿਵਾਰ ਚ੍ਹ ਇੱਕ ਕੁੜੀ ਨੇ ਜਨਮ ਲਿਆ ਤੇ ਜਨਮ ਲੈਦਿਆ ਸਾਰ ਹੀ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਅਪਣੀ ਪਤਨੀ ਦੇ ਮਰਨ ਦਾ ਦੁੱਖ ਸੀ ਉਥੇ ਹੀ ਅਪਣੀ ਧੀ ਨੂੰ ਪਾਲਣ ਦੀ ਵੀ ਚਿੰਤਾਂ ਖਾਣ ਲੱਗੀ ਗਰੀਬੀ ਹੋਣ ਕਰਕੇ ਵੀ ਉਸ ਨੇ ਅਪਣੀ ਧੀ ਨੂੰ ਬਹੁਤ ਲਾਡਾਂ ਤੇ ਚਾਵਾਂ ਨਾਲ ਪਾਲਿਆ ਕੁੱਝ ਸਮਾ ਲੱਗਣ ਤੇ ਕੁੜੀ ਪਿੰਡ ਦੇ ਸਕੂਲ ਚ੍ਹ ਪੜਕੇ ਪਿੰਡ ਨਾਲ ਲੱਗਦੇ ਸਹਿਰ ਦੇ ਕਾਲਜ ਚ੍ਹ ਪੜਨ ਲੱਗੀ ਤੇ ਉਸ ਕਾਲਜ ਵਿੱਚ ਉਸਨੂੰ ਕਈ ਸਹੇਲੀਆ ਵੀ ਮਿਲ ਗਈਆ ਸਨ ਤੇ ਇਸ ਤਰਾਂ ਹੀ ਚੱਲਦਾ ਗਿਆ ਕਿ ਉਸਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਤੇ ਕਾਫੀ ਸਮਾਂ ਇੱਦਾਂ ਹੀ ਚੱਲਦਾ ਰਿਹਾ ਆਖਿਰਕਾਰ ਮੁੰਡੇ ਨੇ ਕੁੜੀ ਨੂੰ ਇੱਕ ਗੁਪਤ ਜਗਾਂ ਤੇ ਮਿਲਣ ਲਈ ਕਿਹਾ ਤਾ ਕੁੜੀ ਬਹੁਤ ਡਰ ਨਾਲ ਕਹਿਣ ਲੱਗੀ ਕੇ ਆਪਾਂ ਵਿਆਹ ਕਰਵਾ ਕੇ ਹੀ ਮਿਲਾਗੇ ਤਾ ਮੁੰਡਾ ਰੁੱਸਣ ਦੇ ਬਹਾਨੇ ਜਿਹੇ ਲਾਉਣ ਲੱਗਾ ਕੁੱਝ ਸਮਾ ਦੋਹਾ ਚ੍ਹ ਬਹਿਸ ਹੋਣ ਮਗਰੋ ਗੱਲ ਘਰੋ ਭੱਜਣ ਤੱਕ ਦੀ ਆ ਗਈ ਤੇ ਕੁੜੀ ਕੋਲ ਸਿਰਫ 2 ਦਿਨ ਦਾ ਸਮਾਂ ਸੀ ਤੇ ਕੁੱਝ ਸਮਾਂ ਸੋਚਣ ਤੋ ਮਗਰੋ ਕੁੜੀ ਨੇ ਅਪਣੇ ਪਿਤਾ ਤੇ ਉਹ ਮੁੰਡੇ ਦੀ ਪਰਖ ਕਰਨ ਦੀ ਸੋਚੀ ਤਾ ਜੋ ਉਹ ਸਹੀ ਫੈਸਲਾ ਲੈ ਸਕੇ ਉਹ ਕੁੜੀ ਮੁੰਡੇ ਕੋਲ ਗਈ ਤੇ ਕਹਿਣ ਲੱਗੀ ਕੇ ਉਸਦੇ ਪਿਤਾ ਦੇ ਕਿਡਣੀ ਦੀ ਪਰੋਬਲਮ ਹੈ ਤੇ ਉਸਨੂੰ ਕਿਡਣੀ ਦੀ ਲੋੜ ਹੈ ਤਾ ਮੁੰਡਾ ਕੰਬਦੀ ਜਿਹੀ ਜੀਬ ਨਾਲ ਕੁੱਝ ਕਹਿੰਦਾ ਤੇ ਕਦੇ ਕੁੱਝ ਕਹਿੰਦਾ ਪਰ ਅਸਲ ਗੱਲ ਤੇ ਨਾ ਆ ਸਕਿਆ ਤੇ ਉਥੋਂ ਚਲਾ ਗਿਆ ਤੇ ਕੁੜੀ ਘਰ ਆਕੇ ਅਪਣੇ ਪਿਤਾ ਨੂੰ ਕਹਿਣ ਲੱਗੀ ਕੇ ਜੇਕਰ ਮੈਨੂੰ ਕਿਡਣੀ ਚਾਹੀਦੀ ਹੋਵੇ ਤਾ ਤੁਸੀ ਕੀ ਕਰੋਗੇ ਐਨੀ ਗੱਲ ਸੁਣਕੇ ਪਿਤਾ ਕਹਿਣ ਲੱਗਾ ਕੇ ਪੁੱਤ ਜਦੋ ਤੇਰਾ ਜਨਮ ਹੋੲਆ ਸੀ ਤਾ ਤੇਰੀ ਮਾ ਮਰ ਗਈ ਸੀ ਤੇ ਪੁੱਤ ਜੇਕਰ ਤੇਰੇ ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾ ਮੈ ਅਪਣੀ ਜਾਨ ਦੇ ਦਵਾਂਗਾ ਐਨੀ ਗੱਲ ਸੁਣਕੇ ਕੁੜੀ ਅਪਣੇ ਪਿਤਾ ਦੇ ਗਲ ਲੱਗਕੇ ਰੋਣ ਲੱਗੀ ਤੇ ਅੰਦਰੋ ਅੰਦਰੀ ਮਾਫੀ ਮੰਗ ਰਹੀ ਸੀ ਤੇ ਇੱਕ ਸੱਚੇ ਪਿਆਰ ਦੀ ਪਰਖ ਹੋ ਗਈ ਸੀ

  • 1
  • 2
  • 3
  • 4

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close