ਮਨਹੂਸ

by Lakhwinder Singh

ਮਨਹੂਸ

ਮੇਰੇ ਮੁਤਾਬਿਕ ਇੱਕ ਅਜਿਹਾ ਸ਼ਬਦ ਜਿਸ ਨੂੰ ਸੁਣ ਕੇ ਸ਼ਾਇਦ ਅਰਸ਼ ਤੇ ਜ਼ਮੀਨ ਵੀ ਹਿੱਲ ਜਾਣ, ਤਾਂ ਫਿਰ ਉਸ ਕੁੜੀ ਜਾਂ ਉਸਦੇ ਮਾਪਿਆਂ ਤੇ ਕੀ ਬੀਤਦੀ ਹੋਵੇਗੀ ਜਿਸਨੂੰ ਲੋਕਾਂ ਦੁਆਰਾ ਮਨਹੂਸ ਕਿਹਾ ਜਾਂਦਾ ਹੈ??
ਇਹ ਕਹਾਣੀ ਹੈ ਇੱਕ ਅਜਿਹੀ ਕੁੜੀ ਦੀ ਜਿਸਨੇ ਹੋਰ ਕੁੜੀਆਂ ਵਾਂਗ ਕਈ ਸੁਪਨੇ ਸਜਾਏ ਸੀ। ਕਿ ਉਹ ਵੀ ਆਪਣੇ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ਖ਼ੁਸ਼ ਰਹੇਗੀ, ਸਭ ਦੀ ਸੇਵਾ ਕਰੇਗੀ, ਉਸ ਘਰ ਨੂੰ ਸਜਾਏਗੀ, ਹਰ ਇੱਕ ਦੇ ਦਿਲ ਵਿੱਚ ਆਪਣੀ ਜਗ੍ਹਾ ਇਸ ਤਰ੍ਹਾਂ ਬਣਾ ਲਵੇਗੀ ਜਿਵੇਂ ਮਿੱਟੀ ਵਿੱਚ ਪਾਣੀ ਸਮੋ ਕੇ ਆਪਣੀ ਜਗ੍ਹਾ ਬਣਾ ਲੈਂਦਾ ਹੈ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਜ਼ੂਰ ਸੀ। ਜੋ ਉਸਨੇ ਸੋਚਿਆ ਉਹ ਹੋਇਆ ਜ਼ਰੂਰ ਪਰ ਸਿਰਫ਼ ਇੱਕ ਮਹੀਨੇ ਲਈ। ਕਿਉਂਕਿ ਉਸ ਤੋਂ ਬਾਅਦ ਅਚਾਨਕ ਇੱਕ ਰਾਤ ਉਸਦੇ ਸਹੁਰਾ ਸਾਹਿਬ ਦੀ ਮੌਤ ਹੋ ਗਈ। ਉਸਨੂੰ ਆਪਣੀ ਧੀ ਬਣਾ ਕੇ ਲਿਆਉਣ ਵਾਲਾ ਇਨਸਾਨ ਖ਼ੁਦ ਇਸ ਦੁਨੀਆ ਵਿਚੋਂ ਚਲਾ ਗਿਆ। ਹਾਲੇ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ, ਚੂੜੇ ਦੀ ਚਮਕ ਉਸੇ ਤਰ੍ਹਾਂ ਕਾਇਮ ਸੀ। ਜਿਸ ਦੇ ਅਜੇ ਸਜਣ-ਬਣਨ ਦੇ ਦਿਨ ਸਨ, ਲਾਡਾਂ ਚਾਵਾਂ ਦੇ ਦਿਨ ਸਨ, ਉਹ ਦਿਨ ਮਾਤਮ ਵਿੱਚ ਬਦਲ ਗਏ।
ਘਰ ਵਿੱਚ ਵੀ ਉਸਨੂੰ ਆਪਣੇ ਸਹੁਰੇ ਕੋਲੋਂ ਬਾਪ ਵਰਗਾ ਪਿਆਰ ਮਿਲਿਆ। ਬੱਸ ਇਹੀ ਉਹ ਦਿਨ ਸੀ ਜਿਸ ਤੋਂ ਬਾਅਦ ਇੰਨੀ ਹਸੀਨ ਜ਼ਿੰਦਗੀ ਨੇ ਮੋੜ ਲੈ ਲਿਆ। ਮਾਪਿਆਂ ਦਾ ਇੱਕੋ ਇੱਕ ਮੁੰਡਾ ਹੋਣ ਕਰ ਕੇ ਸਾਰੀ ਜ਼ਿੰਮੇਵਾਰੀ ਉਹਨਾਂ ਦੋਵਾਂ ਜੀਆਂ ਦੇ ਸਿਰ ਆ ਗਈ। ਇੱਕ ਕਹਾਵਤ ਹੈ ਕਿ ਸਿਰ ਮੁੰਡਾਉਂਦੇ ਹੀ ਓਲੇ ਪੈ ਗਏ, ਸ਼ਾਇਦ ਉਹ ਕਹਾਵਤ ਸੱਚ ਸਾਬਿਤ ਹੋ ਗਈ ਸੀ।
ਪਹਿਲਾਂ-ਪਹਿਲਾਂ ਤਾਂ ਸਭ ਠੀਕ ਰਿਹਾ। ਪਰ ਕੁਝ ਦਿਨਾਂ ਪਿੱਛੋਂ
ਪਿੰਡਾਂ ਦੀਆਂ ਔਰਤਾਂ ਨੇ ਨਵੀਆਂ-ਨਵੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸਦੀ ਸੱਸ ਨੂੰ ਵੀ ਚੁੱਕ-ਚੁਕਾ ਸ਼ੁਰੂ ਹੋ ਗਿਆ। ਉਸਦੀ ਨਨਾਣ ਜੋ ਕਿ ਪਹਿਲਾਂ ਪਹਿਲ ਉਸਦਾ ਮੱਥਾ ਚੁੰਮਦੀ ਸੀ ਹੁਣ ਉਸਨੇ ਵੀ ਆਪਣੀ ਮਾਂ ਨੂੰ ਹੋਰਾਂ ਵਾਂਗ ਪੁੱਠੀਆਂ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਤਾਂ ਮਨਹੂਸ ਹੈ। ਇਸ ਦੇ ਆਉਣ ਨਾਲ ਸਾਡਾ ਬਾਪ ਮਰ ਗਿਆ। ਇਹ ਗੱਲ ਸੁਣ ਕੇ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ।
ਇਹ ਉਹੀ ਕੁੜੀ ਸੀ ਜੋ ਆਪਣੇ ਮਾਪਿਆਂ ਨਾਲ 23 ਸਾਲ ਰਹਿ ਕੇ ਆਈ ਸੀ, ਉਹਨਾਂ ਦੀ ਲਾਡਲੀ, ਉਹਨਾਂ ਦੇ ਲਈ ਉਸ ਦੇ ਆਉਣ ਨਾਲ ਖ਼ੁਸ਼ੀਆਂ ਦੁੱਗਣੀਆਂ ਚੌਗਣੀਆਂ ਹੋ ਜਾਂਦੀਆਂ ਸੀ।ਇਹ ਉਹੀ ਸੀ ਜਿਸਨੇ ਜਦੋਂ ਜਨਮ ਲਿਆ ਸੀ ਤਾਂ ਉਸਦੇ ਦਾਦਾ ਜੀ ਨੇ ਤੇ ਪਾਪਾ ਨੇ ਮਠਿਆਈਆਂ ਵੰਡੀਆਂ ਸੀ। ਕਿਹਾ ਸੀ ਕਿ ਜਿਸ ਘਰ ਪਹਿਲਾਂ ਬੇਟੀ ਆਵੇ ਉਸ ਘਰ ਵਿੱਚ ਬਰਕਤ ਆ ਜਾਂਦੀ ਹੈ।
ਫਿਰ ਇਸ ਘਰ ਵਿੱਚ ਇੰਝ ਕਿਉਂ ਨਹੀਂ ਹੋਇਆ?? ਇਸ ਸਵਾਲ ਨੇ ਉਸਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਸਦੇ ਪਤੀ ਨੇ ਹਮੇਸ਼ਾਂ ਹੀ ਉਸਦਾ ਸਾਥ ਦਿੱਤਾ ਪਰ ਆਪਣੀ ਸੱਸ ਤੇ ਨਨਾਣ ਦੇ ਮਨਹੂਸ ਕਹੇ ਜਾਣ ਵਾਲੇ ਸ਼ਬਦ ਹਮੇਸ਼ਾਂ ਹੀ ਉਸਦੇ ਦਿਮਾਗ ਵਿਚ ਘੁੰਮਦੇ ਰਹਿੰਦੇ ਤੇ ਉਸਦਾ ਕਲੇਜਾ ਫਟ ਜਾਂਦਾ ਕਿ ਕੋਈ ਕਿਵੇਂ ਕਿਸੇ ਧੀ ਨੂੰ ਇਸ ਤਰ੍ਹਾਂ ਦੇ ਲਫ਼ਜ਼ ਕਹਿ ਸਕਦਾ ਹੈ??
ਉਸਦੇ ਦਿਲ ਵਿਚ ਇਹ ਸਵਾਲ ਹਮੇਸ਼ਾਂ ਉੱਠਦੇ। ਉਹ ਹਮੇਸ਼ਾਂ ਆਪਣੇ ਰੱਬ ਅੱਗੇ ਇਹੀ ਸਵਾਲ ਕਰਦੀ ਕਿ ਕੀ ਉਸਦੀ ਬਣਾਈ ਕਾਇਨਾਤ ਦੀ ਕੋਈ ਵੀ ਚੀਜ਼ ਮਨਹੂਸ ਹੋ ਸਕਦੀ ਹੈ??
ਉਹ ਕੁੜੀ ਜੋ ਕਦੇ ਕਿਸੇ ਲਈ ਲਾਡੋ ਸੀ, ਖ਼ੁਸ਼ਨਸੀਬ ਸੀ, ਬਰਕਤ ਸੀ ਉਹ ਮਨਹੂਸ ਕਿਵੇਂ ਹੋ ਗਈ?? ਕਹਿੰਦੇ ਨੇ ਜੀਵਨ, ਮੌਤ ਸਭ ਰੱਬ ਦੇ ਹੱਥ ਹੈ ਫਿਰ ਉਹ ਜੋ ਕਦੇ ਉਸ ਘਰ ਦੀ ਖ਼ੁਸ਼ੀ ਦਾ ਕਾਰਨ ਸੀ ਆਪਣੇ ਸਹੁਰੇ ਦੀ ਮੌਤ ਦਾ ਕਾਰਨ ਕਿਵੇਂ ਹੋ ਗਈ??
ਜਿੰਨ੍ਹਾ ਦੀਆਂ ਆਪਣੀਆਂ ਵੀ ਧੀਆਂ ਹੋਣ ਉਹ ਕਿਸੇ ਦੀ ਧੀ ਲਈ ਇਹ ਸਭ ਅਲਫ਼ਾਜ਼ ਕਿਵੇਂ ਕਹਿ ਸਕਦੇ ਨੇ??
ਇਹਨਾਂ ਗੱਲਾਂ ਦਾ ਜਵਾਬ ਅਜੇ ਵੀ ਨਹੀਂ ਮਿਲਿਆ ਉਸਨੂੰ। ਉਹ ਬੱਸ ਸਬਰ ਨਾਲ ਇਹੀ ਦੁਆ ਕਰਦੀ ਹੈ ਕਿ ਉਸਨੂੰ ਇੱਕ ਨਾ ਇੱਕ ਦਿਨ ਇਸ ਗੱਲ ਦਾ ਜਵਾਬ ਜ਼ਰੂਰ ਮਿਲੇ ਤਾਂ ਕਿ ਅੱਗੇ ਨੂੰ ਹੋਰ ਕਈ ਕੁੜੀਆਂ ਜੋ ਕਿ ਉਸ ਵਰਗੀਆਂ ਹੀ ਹੋ ਸਕਦੀਆਂ ਨੇ ਉਹਨਾਂ ਨੂੰ ਉਹ ਇਸਦਾ ਜਵਾਬ ਦੇਣ ਵਿਚ ਸਮਰੱਥ ਹੋਵੇ।
ਭਾਵੇਂ ਉਹ ਹਮੇਸ਼ਾਂ ਇਹੀ ਦੁਆ ਕਰਦੀ ਹੈ ਕਿ ਅੱਗੇ ਤੋਂ ਅੱਲਾਹ ਕਿਸੇ ਵੀ ਕੁੜੀ ਨੂੰ ਇਹ ਸਮਾਂ ਨਾ ਦਿਖਾਵੇ। ਉਸਨੂੰ ਹਰ ਉਹ ਚੀਜ਼ ਮਿਲੇ ਜੋ ਉਸਨੂੰ ਆਪਣੇ ਵਿਆਹ ਤੋਂ ਬਾਅਦ ਚਾਹੀਦੀ ਹੁੰਦੀ ਹੈ ਭਾਵ ਇੱਜ਼ਤ ਤੇ ਪਿਆਰ, ਕਿਉਂਕਿ ਉਹ ਆਪਣਾ ਸਭ ਕੁੱਝ ਇੱਕ ਨਵੇਂ ਘਰ ਅਤੇ ਨਵੇਂ ਮੈਂਬਰਾਂ ਕਰ ਕੇ ਛੱਡ ਕੇ ਆਈ ਹੁੰਦੀ ਹੈ…
ਉਮੀਦ ਹੈ ਹਰ ਕੁੜੀ ਨੂੰ ਉਹ ਇੱਜ਼ਤ ਤੇ ਪਿਆਰ ਮਿਲੇ ਜਿਸਦੇ ਉਹ ਕਾਬਿਲ ਹੈ, ਆਮੀਨ!!!

ਮੁਨੱਜ਼ਾ ਇਰਸ਼ਾਦ

Munazza Irshad

You may also like