ਵਿਦੇਸ਼ ਤੋਂ ਕਈ ਸਾਲਾਂ ਬਾਅਦ ਕਮਾਈ ਕਰਕੇ ਮੁੜੇ ਸੁੱਚਾ ਸਿੰਘ ਨੂੰ ਪਿੰਡ ਨਾਲੋਂ ਜਿਆਦਾ ਆਪਣੇ ਆਪ ਵਿਚ ਆਈ ਤਬਦੀਲੀ ਦਾ ਅਹਿਸਾਸ ਹੋ ਰਿਹਾ ਸੀ। ਏਨਾ ਅਰਸਾ ਮਾਂਬਾਪ ਤੇ ਸਕੇ ਸੰਬੰਧੀਆਂ ਤੋਂ ਦੂਰ ਰਹਿਣ ਨਾਲ ਉਸ ਦਾ ਉਨ੍ਹਾਂ ਪ੍ਰਤੀ ਮੋਹ ਕਈ ਗੁਣਾ ਵਧ ਗਿਆ ਸੀ। ਸੀਰੀ ਰੱਖੇ ਭੱਈਏ ਜਿਸ ਨੂੰ ਹਰ ਗੱਲ ‘ਤੇ ਝਿੜਕ ਦਿਆ ਕਰਦਾ ਸੀ ਅਤੇ ਥੋੜ੍ਹਾ ਬਹੁਤਾ ਵੀ ਗਲਤ ਕੰਮ ਕਰਨ ਤੇ ਚਾਰ ਲਾ ਵੀ ਦਿੰਦਾ ਸੀ, ਨਾਲ ਵਿਸ਼ੇਸ਼ ਤੌਰ ਤੇ ਮੋਹ ਜਾਗ ਪਿਆ ਸੀ।
ਕੱਲ ਦੇਸੀ ਘਿਉ ਨਾਲ ਭਰੀ ਪੀਪੀ ਠੇਡਾ ਵੱਜਣ ਨਾਲ ਭੱਈਏ ਹੱਥੋਂ ਛੁੱਟ ਕੇ ਦੂਰ ਜਾ ਡਿੱਗੀ ਸੀ ਅਤੇ ਸਾਰਾ ਘਿਉ ਜਮੀਨ ਤੇ ਢੇਰੀ ਹੋ ਗਿਆ ਸੀ। ਕੋਲ ਹੀ ਫਿਰਦੇ ਸੁੱਚਾ ਸਿੰਘਦੇ ਭਰਾ ਨੇ ਪੀਪੀ ਵਿਚਲਾ ਘਿਉ ਧਰਤੀ ਤੇ ਡੁੱਲਿਆ ਵੇਖ ਕੇ ਗਾਲਾਂ ਦੀ ਝੜੀ ਲਾ ਦਿੱਤੀ ਤੇ ਕੋਲ ਹੀ ਪਏ ਡੰਡੇ ਨੂੰ ਚੁੱਕ ਕੇ ਗੁੱਸੇ ਨਾਲ ਲਾਲ ਹੋਇਆ ਭਈਏ ਨੂੰ ਕੁੱਟਣ ਆਇਆ ਤਾਂ ਵਰਾਂਡੇ ਵਿਚ ਪੱਖੇ ਥੱਲੇ ਬੈਠੇ ਸੁੱਚਾ ਸਿੰਘ ਨੇ ਭਰਾ ਨੂੰ ਵਰਜਿਆ ਤੇ ਭੱਜ ਕੇ ਆ ਕੇ ਭੱਈਏ ਨੂੰ ਜੱਫੀ ਵਿਚ ਲੈ ਲਿਆ।
ਕਮਲਿਆ! ਤੂੰ ਕੀ ਜਾਣੇ ਇਹਦੇ ਦੁੱਖਾਂ ਨੂੰ? ਮੈਨੂੰ ਪੁੱਛ ਕੇ ਵੇਖ ਦੇਸ਼ਾਂ ਵਿਚ ਕਿਵੇ ‘ਦਿਨ ਕਟੀਆਂ ਕਰੀਦੀਆਂ ਨੇ। ਕਹਿ ਕੇ ਉਸ ਨੇ ਧਾਹ ਹੀ ਤਾਂ ਮਾਰ ਦਿੱਤੀ ਸੀ।
Jasmeet Kaur
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ, ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ।` ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ, ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ, ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ, ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।
ਸੀਰੀ
ਕੁੜੇ ਬਸੰਤ ਕੁਰੇ, ਸੁਣਿਐ ਕੁੱਛ? ਆਹ ਤਾਂ ਰੱਬ ਨੇ ਲੋਹੜਾ ਈ ਮਾਰਿਆ। ਅੰਦਰ ਵੜਦੀ ਗੁਆਂਢਣ ਨੇ ਗੱਲ ਸ਼ੁਰੂ ਕਰਦਿਆਂ ਕਿਹਾ।
ਕੀ ਹੋਇਆ ਭੈਣੇ?
ਬਸੰਤ ਕੌਰ ਦੇ ਗੱਲ ਸਮਝ ਨਾ ਆਈ ਤੇ ਉਸਨੇ ਅੱਗੋਂ ਜਾਨਣਾ ਚਾਹਿਆ।
ਹੋਣਾ ਕੀ ਸੀ, ਸਰਪੰਚ ਨੇ ਵੀਰੂ ਸਾਂਝੀ ਦੇ ਮੁੰਡੇ ਨੂੰ ਨਰਮੇ ਤੇ ਸਪਰੇ ਕਰਨ ਲਾਇਆ ਸੀ। ਉਸਨੂੰ ਦਵਾਈ ਚੜ੍ਹ ਗਈ ਤੇ ਉੱਥੇ ਹੀ ਬੇਹੋਸ਼ ਹੋ ਗਿਆ।
ਹਾਇ! ਹਾਇ! ਫੇਰ ਕੀ ਹੋਇਆ?
ਸਰਪੰਚ ਮੁੰਡੇ ਨੂੰ ਟਰਾਲੀ ‘ਚ ਪਾ ਕੇ ਸ਼ਹਿਰ ਲੈ ਗਿਆ। ਪਰ ਉਹ ਤਾਂ ਵਿਚਾਰਾ ਰਾਹ ਚ ਈ ਪੂਰਾ ਹੋ ਗਿਆ।
ਗੁਆਂਢਣ ਨੇ ਦਰਦ ਭਰੇ ਮਨ ਨਾਲ ਦੱਸਦਿਆਂ ਤੇ ਹਮਦਰਦੀ ਜਤਾਉਂਦਿਆਂ ਕਿਹਾ,
ਵਿਚਾਰੇ ਗਰੀਬ ਨਾਲ ਤਾਂ ਬਹੁਤਾ ਈ ਧੱਕਾ ਹੋਇਆ। ਕੱਲਾ ਕੱਲਾ ਜਵਾਕ ਸੀ ਵੀਰੁ ਦੇ।
ਤਾਂ ਈ ਤਾਂ ਮੈਂ ਨੀ ਅਪਣੇ ਗੁਰਿੰਦਰ ਨੂੰ ਸਪਰੇ ਤੇ ਲੱਗਣ ਦਿੰਦੀ, ਭਾਵੇਂ ਇਹਦਾ ਬਾਪੂ ਕਈ ਵਾਰ ਕਹਿੰਦਾ ਵੀ ਹੁੰਦਾ। ਮੈਂ ਖਹਿੜੇ ਪੈ ਜਾਂਦੀ ਆਂ ਬਈ ਭਈਏ ਥੋੜੇ ਨੇ ਸਪਰੇਆਂ ਨੂੰ। ਰੱਬ ਨਾ ਕਰੇ, ਜੇ ਮੈਂ ਚੰਗੀ ਮਾੜੀ ਹੋ ਜੇ। ਨਾਲੇ ਪੁੱਤ ਕਿਹੜਾ ਲੱਖੀ ਹਜ਼ਾਰੀ ਮਿਲਦੇ ਨੇ
ਬਸੰਤ ਕੌਰ ਨੇ ਆਪਣਾ ਪੱਖ ਦਰਸਾਉਂਦਿਆਂ ਕਿਹਾ।
ਇਨ੍ਹਾਂ ਦੋਹਾਂ ਦੀਆਂ ਗੱਲਾਂ ਸੁਣ ਵਿਹੜੇ ਵਾਲੀ ਕਰਮੋ ਗੋਹਾ ਕੂੜਾ ਕਰਨੋਂ ਰੁਕ ਗਈ। ਉਸਦੀਆਂ ਅੱਖਾਂ ਵਿੱਚੋਂ ਛਮ ਛਮ ਹੰਝੂ ਚੋਣ ਲੱਗੇ। ਕਈ ਸਾਲ ਪਹਿਲਾਂ ਦੀ ਘਟਨਾ ਫਿਰ ਤਾਜ਼ਾ ਹੋ ਗਈ। ਉਸਦਾ ਇਕਲੌਤਾ ਪੁੱਤਰ ਵੀ ਇੰਝ ਹੀ ਅਜਾਈਂ ਮੌਤ ਦੇ ਮੂੰਹ ਜਾ ਪਿਆ ਸੀ। ਘੱਟ ਕੇ ਕਲੇਜਾ ਫੜੀ ਕਰਮੋਂ, ਬਸੰਤ ਕੌਰ ਦੀਆਂ ਗੱਲਾਂ ਸੁਣ ਤੜਪ ਉੱਠੀ। ਉਸਦਾ ਰੋਹ ਆਪ ਮੁਹਾਰੇ ਫੁੱਟ ਪਿਆ
ਜਿਹੜਾ ਮਰ ਗਿਆ, ਉਹ ਕਿਹੜਾ ਕਿਸੇ ਮਾਂ ਦਾ ਪੁੱਤ ਸੀ, ਸੀਰੀ ਈ ਸੀ ਨਾ।
ਸ਼ਾਮ ਦੀ ਰੋਟੀ ਸਾਰਾ ਪਰਿਵਾਰ ਰਸੋਈ ਦੇ ਸਾਹਮਣੇ ਵੱਡੇ ਕਮਰੇ ਵਿਚ ਬੈਠ ਕੇ ਖਾਂਦਾ ਹੈ ਜਿੱਥੇ ਟੀ.ਵੀ. ਰੱਖਿਆ ਹੋਇਆ ਹੈ। ਨੂੰਹ ਤੇ ਪੁੱਤ ਆਪੋ ਆਪਣੇ ਦਫਤਰ ਤੋਂ ਆ ਕੇ ਅਰਾਮ ਕਰਨ ਲੱਗ ਜਾਂਦੇ ਹਨ। ਮਾਂ ਉਨ੍ਹਾਂ ਦੀ ਲੋੜ ਮੁਤਾਬਕ ਪਾਣੀ, ਚਾਹ ਕਦੇ ਦੁੱਧ ਗਰਮ ਕਰਦੀ ਹੈ। ਕਦੇ ਪੋਤਾ-ਪੋਤੀ ਆਪਣੀ ਪਸੰਦ ਦੀਆਂ ਚੀਜ਼ਾਂ ਬਣਵਾਉਂਦੇ ਹਨ। ਮਾਂ ਦਾ ਕੰਮ ਸਾਰਾ ਦਿਨ ਨਹੀਂ ਮੁੱਕਦਾ। ਨੌਕਰ ਰੱਖਣ ਦਾ ਰਿਵਾਜ ਇਸ ਘਰ ਵਿੱਚ ਸ਼ੁਰੂ ਤੋਂ ਹੀ ਨਹੀਂ ਹੈ।
ਸ਼ਨੀਵਾਰ ਨੂੰ ਸਾਰੇ ਜਾਣੇ ਦੇਰ ਰਾਤ ਤੱਕ ਟੀ.ਵੀ. ਤੇ ਚੱਲਦੀ ਫਿਲਮ ਦੇਖਦੇ ਰਹੇ ਇੱਕ ਮਾਂ ਤੋਂ ਸਿਵਾਏ। ਨੂੰਹ, ਰਸੋਈ ਚ ਗੇੜਾ ਜਿਹਾ ਮਾਰਦੀ ਫਿਰ ਟੀ.ਵੀ. ਅੱਗੇ ਆ ਬਹਿੰਦੀ।
ਮਾਂ ਨੇ ਇਕੱਲੀ ਨੇ ਹੀ ਰੋਟੀ ਬਣਾ ਕੇ ਸਭ ਨੂੰ ਖਵਾਈ। ਗਿਆਰਾਂ ਕੁ ਵਜੇ ਫਿਲਮ ਖਤਮ ਹੋਈ।
ਪਾਪਾ ਸੌਣ ਵਾਲੇ ਕਮਰੇ ਵੱਲ ਜਾਂਦਿਆਂ ਆਖਣ ਲੱਗੇ, “ਮੈਨੂੰ ਸਵੇਰੇ ਅੱਠ ਵਜੇ ਤੱਕ ਨਾ ਜਗਾਉਣਾ, ਐਤਵਾਰ ਦੀ ਛੁੱਟੀ ਹੈ, ਰੱਜ ਕੇ ਨੀਂਦ ਲਾਹਵਾਂਗੇ।”
ਨੂੰਹ ਤੇ ਪੁੱਤ ਵੀ ਛੁੱਟੀ ਵਾਲੇ ਦਿਨ ਲੇਟ ਉੱਠਣ ਦੀ ਗੱਲ ਕਰਕੇ ਸੌਣ ਚਲੇ ਗਏ। ਪੋਤਾ ਤੇ ਪੋਤੀ ਬੋਲੇ, “ਸਾਨੂੰ ਵੀ ਛੇਤੀ ਨਾ ਜਗਾਇਓ, ਅਸੀਂ ਕਿਹੜਾ ਕੱਲ ਸਕੂਲ ਜਾਣਾ? ?
ਸਭ ਦੀਆਂ ਗੱਲਾਂ ਸੁਣਦੀ ਮਾਂ ਅਜੇ ਵੀ ਕੰਮ ਵਿੱਚ ਮਸ਼ਰੂਫ ਸੀ ਰਸੋਈ ਵਿਚ ਭਾਂਡਿਆਂ ਦਾ ਢੇਰ ਪਿਆ ਸੀ। ਸੌਣ ਲਈ ਉਸਨੂੰ ਘੰਟਾ ਲੱਗ ਜਾਣਾ ਸੀ। ਤੜਕੇ ਵੀ ਸਾਰਿਆਂ ਤੋਂ ਪਹਿਲਾਂ ਉੱਠਕੇ ਉਸਨੇ ਹੀ ਚਾਹ ਬਨਾਉਣੀ ਸੀ। ਕੰਮ ਕਰਦੀ ਮਾਂ ਨੂੰ ਅਚਾਨਕ ਖਿਆਲ ਆਇਆ ਭਲਾ ਮੈਨੂੰ ਛੁੱਟੀ ਕਿਹੜੇ ਦਿਨ ਹੋਵੇਗੀ?
ਖ਼ਬਰ
ਗਰਮੀ ਦੇ ਸਤਾਏ ਤੇ ਦਿਨ ਭਰ ਦੀ ਹੱਡ ਭੰਨਵੀਂ ਮਿਹਨਤ ਦੇ ਬਕਾਏ ਮਜ਼ਦੂਰ ਝੁੱਗੀਆਂ ਦੇ ਸਾਹਮਣੇ ਤੂਤ ਦੇ ਕੋਲ ਬੈਠੇ ਬੀੜੀਆਂ ਪੀ ਕੇ ਸਰੀਰ ‘ਚ ਥੋੜ੍ਹੀ ਤਾਕਤ ਇਕੱਠੀ ਕਰਨ ਦਾ ਯਤਨ ਕਰ ਰਹੇ ਸਨ। ਬੱਚੇ ਥੋੜਾ ਹੱਟ ਕੇ ਹੀ `ਚ ਖੇਲ ਰਹੇ ਸਨ ਜਿਨ੍ਹਾਂ ਦੇ ਨੰਗੇ ਸਰੀਰ ਭੱਠੇ ਦੀ ਧੂੜ ਨਾਲ ਭਰੇ ਪਏ ਸਨ। ਔਰਤਾਂ ਥਕਾਵਟ ਦੇ ਬਾਵਜੂਦ ਵੀ ਰੋਟੀਆਂ ਪਕਾਉਣ ਦੇ ਆਹਰ `ਚ ਜੁੱਟੀਆਂ ਹੋਈਆਂ ਸਨ।
ਉਨ੍ਹਾਂ ਸੜਕ ਵੱਲੋਂ ਆਉਂਦੀ ਮੋਟਰ ਸਾਈਕਲ ਦੀ ਅਵਾਜ਼ ਸੁਣੀ। ਹਾਲੇ ਉਨ੍ਹਾਂ ਨੇ ਆਉਣ ਵਾਲੇ ਦੋ ਮੋਟਰ ਸਾਈਕਲਾਂ ਤੇ ਬੈਠੇ ਚਾਰ ਸਵਾਰਾਂ ਨੂੰ ਦੇਖਿਆ ਹੀ ਸੀ ਕਿ ਤੜਾਤੜ ਗੋਲੀਆਂ ਚੱਲਣ ਲੱਗ ਪਈਆਂ। ਸਕਿੰਟਾਂ ਵਿਚ ਮਜ਼ਦੂਰਾਂ ਦੇ ਖੂਨ ਦਾ ਛੱਪੜ ਲੱਗ ਗਿਆ, ਸਵਾਰ ਜਿਵੇ ਤੂਫਾਨ ਵਾਂਗੂ ਆਏ ਸਨ, ਧੂੰਏ ਦੇ ਬੱਦਲਾਂ ਵਾਂਗ ਅਲੋਪ ਹੋ ਗਏ।
“ਸਾਰਾ ਕੰਮ ਠੀਕ ਠਾਕ ਹੋਇਆ ਕਿ ਨਹੀਂ!” ਨੇਤਾ ਨੇ ਬਾਹਰੋਂ ਆਏ ਦੋ ਬੰਦਿਆਂ ਕੋਲੋਂ ਪੁੱਛਿਆ।
“ਹਾਂ ਸਾਹਬ! ਬਿਲਕੁਲ। ਸਾਡੇ ਵਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। ਅਸੀਂ ਮੁੜਣ ਲਗਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾਏ ਤੇ ਇਕ ਚਿੱਠੀ ਛੱਡ ਆਏ।” ਇਕ ਨੇ ਵੇਰਵਾ ਦੱਸਿਆ।
‘‘ਸਾਹਬ, ਆਉਂਦਿਆਂ ਅਖ਼ਬਾਰ ਦੇ ਦਫਤਰ ਫੋਨ ਵੀ ਕਰ ਦਿੱਤਾ ਕਿ ਕਾਤਲਾਂ ਦੀ ਜ਼ਿੰਮੇ ਵਾਰੀ ਆਪਣੇ ਸਿਰ ਲੈਂਦੇ ਹਾਂ।”
“ਸ਼ਾਬਾਸ਼! ਮੇਰੇ ਸ਼ੇਰੋ। ਹੁਣ ਦੇਖਿਓ ਡਰਦਿਆਂ ਭਈਆਂ ਯੂ.ਪੀ. ਨੂੰ ਨੱਠ ਜਾਣਾ। ਕਾਰਖਾਨਿਆਂ ਤੇ ਖੇਤਾਂ ਲਈ ਮਜ਼ਦੂਰ ਲੱਭਣੇ ਨਹੀਂ ਤੇ ਲੋਕਾਂ ਇਨ੍ਹਾਂ ਦੇ ਵਿਰੁੱਧ ਹੋ ਜਾਣਾ। ਅਸੀਂ ਇਸਨੂੰ ਚੋਣ ਮੁਦਾ ਬਣਾਵਾਂਗੇ ਤੇ ਅਗਲੀਆਂ ਚੋਣਾਂ ‘ਚ ਆਪਣੀ ਪਾਰਟੀ ਦੀ ਜਿੱਤ ਯਕੀਨੀ ਹੈ। ਮੈਂ ਮੰਤਰੀ ਤਾਂ ਬਣ ਹੀ ਜਾਣਾ ਹੈ, ਤੁਹਾਨੂੰ ਵੀ ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਜ਼ਰੂਰ ਦਿਵਾਵਾਂਗਾ। ਮੈਂ ਤੁਹਾਡੀ ਵਫਾਦਾਰੀ ਦੀ ਤਾਰਫੀ ਮਹਾਂ ਮੰਤਰੀ ਕੋਲ ਕਰਾਂਗਾ।” ਸਾਬਕਾ ਮੰਤਰੀ ਆਪਣੀ ਚਾਲ ਦੀ ਕਾਮਯਾਬੀ ‘ਚ ਫੁੱਲਿਆ ਨਹੀਂ ਸੀ ਸਮਾਉਂਦਾ।
ਅਗਲੀ ਸਵੇਰ ਅਖ਼ਬਾਰ ਦੀ ਸੁਰਖੀ ਸੀ, ਅਤਿਵਾਦੀਆਂ ਇਕ ਭੱਠੇ ਦੇ ਮਜ਼ਦੂਰਾਂ ‘ਤੇ ਅੰਧਾਧੁੰਧ ਗੋਲੀਆਂ ਚਲਾ ਕੇ ਬਾਰਾਂ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਅਤੇ ਛੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਕੇ.ਐਲ.ਐਫ. ਨੇ ਆਪਣੇ ਸਿਰ ਲਈ ਹੈ।
ਮੁੱਲ
ਗਰੀਬੂ ਦੀ ਮੌਤ ‘ਤੇ ਅਫਸੋਸ ਪ੍ਰਗਟਾਉਣ ਗਏ ਸਰਵਣ ਨੇ ਸੱਥਰ `ਤੇ ਬੈਠੇ ਆਪਣੇ ਭਤੀਜੇ ਨੂੰ ਹੌਲੀ ਜਿਹਾ ਕਿਹਾ, “ਸੁਣਿਐ ਸਰਕਾਰ ਹਾਦਸੇ ‘ਚ ਮਰਨ ਵਾਲਿਆਂ ਨੂੰ ਦੋ-ਦੋ ਲੱਖ ਰੁਪਏ ਦੇ ਰਹੀ ਐ। ਗਰੀਬੂ ਮਰ ਕੇ ਘਰਦਿਆਂ ਨੂੰ ਤਾਂ ਲਖਪਤੀ ਬਣਾ ਗਿਆ।”
“ਨਾ ਚਾਚਾ, ਦੋ ਲੱਖ ਤਾਂ ਹਵਾਈ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣੇ ਐ। ਗਰੀਬੂ ਤਾਂ ਰੇਲ ਹਾਦਸੇ ‘ਚ ਮਰਿਐ।”
“ਫੇਰ ਤਾਂ ਪੱਚੀ ਹਜ਼ਾਰ ਈ ਮਿਲੂ। ਮੈਨੂੰ ਯਾਦ ਐ ਪਿਛਲੇ ਮਹੀਨੇ ਗੱਡੀ ‘ਚ ਮਰਨ ਵਾਲਿਆਂ ਨੂੰ ਸਰਕਾਰ ਨੇ ਪੱਚੀ-ਪੱਚੀ ਹਜ਼ਾਰ ਦਿੱਤੇ ਸੀ। ਚਲੋ ਪੱਚੀ ਹਜ਼ਾਰ ਨਾਲ ਮੁੰਡਾ ਕੋਈ ਕੰਮ ਕਰ ਚੁ।” ਸਰਵਣ ਨੇ ਤਸੱਲੀ ਜਿਹੀ ਪ੍ਰਗਟਾਉਂਦਿਆਂ ਕਿਹਾ।
“ਚਾਚਾ, ਇਨ੍ਹਾਂ ਨੂੰ ਤਾਂ ਪੰਜ ਹਜ਼ਾਰ ਈ ਮਿਲੂ। ਗਰੀਬੂ ਪਸੰਜਰ ਗੱਡੀ `ਚ ਮਰਿਐ। ਪੱਚੀ ਹਜ਼ਾਰ ਤਾਂ ਮੇਲ ਗੱਡੀ ’ਚ ਮਰਨ ਵਾਲਿਆਂ ਨੂੰ ਮਿਲੇ ਸੀ।” ਭਤੀਜੇ ਨੇ ਸਰਵਣ ਨੂੰ ਸਮਝਾਉਂਦਿਆਂ ਕਿਹਾ।
ਸੰਨੀ ਇਕ ਲਾਇਕ ਮਾਸਟਰ ਦਾ ਮੁੰਡਾ..ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ….ਤੀਸਰੀ ਜਮਾਤ ਤੱਕ ਉਹ ਸਕੂਲ ਵਿਚੋਂ ਅੱਵਲ ਆਉਂਦਾ ਰਿਹਾ। ਫਿਰ ਉਸ ਬਾਰੇ ਮੁਹੱਲੇ ਵਿਚ ਚਰਚਾ ਚਲੀ ਸੰਨੀ ਗੁਰ ਭਗਤ ਹੋ ਗਿਆ ਹੈ। ਸਵੇਰੇ ਸ਼ਾਮ ਆਪਣੇ ਪਿਉ ਨਾਲ ਧਾਰਮਿਕ ਸਥਾਨ ਤੇ ਜਾਣਾ..ਪਾਠ ਕਰਨਾ ਉਸੇ ਕਦੇ ਨਹੀਂ ਸੀ ਖੁੰਝਾਇਆ। ਖੇਡਣਾ ਕੁਦਣਾ ਬੰਦ। ਭਜਨ ਹੀ ਭਜਨ। ਪਾਠ ਹੀ ਪਾਠ।
ਫੇਰ ਸਾਲ ਬਾਅਦ ਸਾਰੇ ਮੁਹੱਲੇ ਵਿਚ ਚਰਚਾ ਛਿੜੀ। ਸੰਨੀ ਨਾਸਤਕ ਹੋ ਗਿਆ ਹੈ। ਪੂਜਾ ਪਾਠ ਭਜਨ ਬੰਦਗੀ ਪ੍ਰਸਿੱਧ ਧਾਰਮਿਕ ਸਥਾਨਾਂ ਦੀ ਸੇਵਾ, ਸਭ ਬੰਦ ਕਰ ਦਿੱਤੀਆਂ ਨੇ …ਆਪਣੇ ਪਿਉ ਨੂੰ ਵੀ ਇਸ ਰਸਤੇ ਤੋਂ ਰੋਕਣ ਲੱਗ ਪਿਆ ਹੈ। ਸਿਰਫ ਪੜ੍ਹਾਈ ਜਾਂ ਖੇਡਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦਾ।
“ਸੰਨੀ ਕੀ ਗੱਲ ਬੇਟੇ ਅੱਜ ਕਲ ਬੜੀ ਪੜ੍ਹਾਈ ਕਰ ਰਿਹੈਂ? ਭਜਨ ਬੰਦਗੀ ਛੱਡ ਦਿੱਤੀ??? ਇਕ ਦਿਨ ਉਸਨੂੰ ਆਪਣੇ ਬੂਹੇ ਅੱਗਿਓਂ ਲੰਘਦੇ ਨੂੰ ਮੈਂ ਪੁੱਛਿਆ।
“ਅੰਕਲ ਮੇਰੇ ਡੈਡੀ ਨੇ ਕਿਹਾ ਸੀ ਕਿ ਜੇ ਪ੍ਰਮਾਤਮਾ ਦੀ ਸੱਚੇ ਦਿਲੋਂ ਭਜਨ ਬੰਦਗੀ ਕਰੋ ਗੁਰੂ ਘਰ ਦੀ ਸੇਵਾ ਕਰੋ ਤਾਂ ਗੁਰੂ ਘਰ `ਚੋਂ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਹਨ….
ਮੈਂ ਸਾਰਾ ਸਾਲ ਰੱਜ ਕੇ ਭਜਨ ਬੰਦਗੀ ਕੀਤੀ। ਗੁਰੂ ਘਰ ਦੀ ਸੇਵਾ ਕਰਕੇ ਪ੍ਰਮਾਤਮਾ ਤੋਂ ਮੰਗ ਕੀਤੀ ਕਿ ਮੈਂ ਪੰਜਵੀਂ ਵਿੱਚੋਂ ਫਸਟ ਆ ਜਾਵਾਂ ਪਰ ਹੋ ਗਿਆ ਫੇਲ….”
“ਅੱਛਾ…ਫੇਰ ਹੁਣ ਕੀ ਸਲਾਹ ਹੈ?”
“ਸਲਾਹ ਕੀ ਐ ਜਿਹੜਾ ਸਮਾਂ ਮੈਂ ਇਧਰ ਬਰਬਾਦ ਕੀਤਾ ਉਨਾਂ ਸਮਾਂ ਲਾ ਕੇ ਤਾਂ ਮੈਂ ਸਾਰੇ ਪੰਜਾਬ ਵਿੱਚੋਂ ਫਸਟ ਆ ਜਾਵਾਂਗਾ।”
ਕਾਫੀ ਭੀੜ ਹੋਣ ਕਾਰਨ ਬੁੱਢੇ ਕੋਲੋਂ ਸਾਈਕਲ ਨਾ ਸੰਭਾਲਿਆ ਗਿਆ। ਤੇ ਇੱਕ ਛੋਟੀ ਜਿਹੀ ਕੁੜੀ ਦੇ ਜਾ ਲੱਗਾ ਜੋ ਸ਼ਾਇਦ ਸਕੂਲੇ ਜਾ ਰਹੀ ਸੀ। ਭਾਵੇਂ ਸਾਈਕਲ ਜ਼ਿਆਦਾ ਨਹੀਂ ਲੱਗਾ ਸੀ, ਪਰ ਫਿਰ ਵੀ ਉਸ ਕੁੜੀ ਨੇ ਗੁੱਸੇ ਨਾਲ ਬੁੱਢੇ ਵੱਲ ਵੇਖਦੇ ਹੋਏ ਕਿਹਾ, “ਬਦਤਾਮੀਜ਼! ਦਿਸਦਾ ਨਹੀਂ ਤੈਨੂੰ, ਤਾਂ ਐਨਕਾਂ ਲਗਵਾ ਲੈ।” ਪਰ ਬੁੱਢਾ ਚੁੱਪਚਾਪ ਉਸ ਵੱਲ ਵੇਂਹਦਾ ਹੋਇਆ ਮੁਸਕਰਾ ਰਿਹਾ ਸੀ। ਇਕੱਠੇ ਹੋਏ ਲੋਕ ਕਹਿ ਰਹੇ ਸਨ, “ਕਿੱਡੀ ਬਦਮੀਜ਼ ਕੁੜੀ ਹੈ, ਰਤਾ ਨਹੀਂ ਛੋਟੇ ਵੱਡੇ ਦਾ ਕੋਈ ਲਿਹਾਜ਼ ਇਹਨੂੰ।” ਪਰ ਬੁੱਢਾ ਅਜੇ ਵੀ ਅਡੋਲ ਪਿਆ ਮੁਸਕਰਾ ਰਿਹਾ ਸੀ ਤੇ ਆਪ ਮੁਹਾਰੇ ਬੁੜਬੁੜਾ ਰਿਹਾ ਸੀ, “ਤੂੰ ਠੀਕ ਹੀ ਕਿਹਾ ਪੁੱਤ! ਮੇਰੀ ਆਪਣੀ ਪੋਤੀ ਵੀ ਤਾਂ ਅਕਸਰ ਏਦਾਂ ਕਹਿੰਦੀ ਰਹਿੰਦੀ ਏ ਮੈਨੂੰ!”
ਹੱਕ
ਇਮਤਿਹਾਨ ਵਿਚ ਡਿਊਟੀ ਦੇ ਰਹੇ ਧੰਨਾ ਸਿੰਘ ਸੁਪਰਵਾਈਜ਼ਰ ਨੇ ਕਮਰੇ ਵਿਚ ਵੜਦਿਆਂ ਸਾਰ ਸਾਰੇ ਪ੍ਰੀਖਿਆਰਥੀਆਂ ਨੂੰ ਗਹੁ ਨਾਲ ਵੇਖਿਆ। ਇਕ ਤਾਂ ਉਸਦਾ ਦੂਰੋਂ ਰਿਸ਼ਤੇ ਦਾਰ ਹੀ ਸੀ, ਦੋ ਉਹ ਸਨ ਜਿਨ੍ਹਾਂ ਨੇ ਰਾਤ ਉਸਨੂੰ ਮੱਲੋ ਜੋਰੀ ਵਿਸਕੀ ਪਿਲਾਈ ਸੀ ਅਤੇ ਉਹ ਦੋਵੇਂ ਵੀ ਬੈਠੇ ਸਨ ਜਿਨ੍ਹਾਂ ਨੇ ਉਸਨੂੰ ਸਵੇਰੇ ਧਮਕੀ ਦਿੱਤੀ ਸੀ, “ਜੇ ਨਕਲ ਨਾ ਮਾਰਨ ਦਿੱਤੀ ਤਾਂ ਤੂੰ ਹੈ ਨੀਂ।
ਪਰਚਾ ਸ਼ੁਰੂ ਹੋਇਆ। ਕਈਆਂ ਨੇ ਹੌਲੀ ਹੌਲੀ ਪਰਚੀਆਂ ਕੱਢੀਆਂ ਅਤੇ ਨਕਲ ਮਾਰਕੇ ਲਿਖਣ ਲੱਗ ਪਏ। ਧੰਨਾ ਸਿੰਘ ਕਿਸੇ ਕੋਲੋਂ ਪਰਚੀਆਂ ਖੋਹ ਲੈਂਦਾ ਤੇ ਕਿਸੇ ਕੋਲ ਦੀ ਚੁੱਪ ਚਾਪ ਲੰਘ ਜਾਂਦਾ। ਪਹਿਲੀ ਲਾਈਨ ਵਿਚ ਬੈਠੇ ਲੜਕੇ ਕੋਲੋਂ ਜਦ ਉਸਨੇ ਪਰਚੀਆਂ ਫੜੀਆਂ ਤਾਂ ਉਹ ਖੜ੍ਹਾ ਹੋ ਗਿਆ ਅਤੇ ਕੁਝ ਲੜਕਿਆਂ ਵਲ ਉਂਗਲ ਕਰਦਾ ਕਹਿਣ ਲੱਗਿਆ, “ਜੇ ਔਹ ਤੇਰੀ ਮਰਜ਼ੀ ਨਾਲ ਨਕਲ ਕਰ ਰਹੇ ਨੇ ਤਾਂ ਮੇਰਾ ਵੀ ਹੱਕ ਐ ਨਕਲ ਕਰਨ ਦਾ।” ਧੰਨਾ ਸਿੰਘ ਛਿੱਥਾ ਪੈ ਗਿਆ ਅਤੇ ਉਹ ਲੜਕੇ ਦੀਆਂ ਪਰਚੀਆਂ ਮੋੜ ਕੇ ਅੱਗੇ ਤੁਰ ਪਿਆ।
ਸ਼ੇਰ ਨੇ ਸਾਰੇ ਜਾਨਵਰਾਂ ਨੂੰ ਸੋਮਵਾਰ ਦਾ ਸੱਦਾ ਦਿੰਦੇ ਹੋਏ ਕਿਹਾ, “ਤੁਹਾਡੇ ਸਭ ਵਿੱਚੋਂ ਇਕ ਮੇਰਾ ਪੀ.ਏ.. ਤੇ ਬਾਕੀਆਂ ਨੂੰ ਉਹਨਾਂ ਦੀ ਯੋਗਤਾ ਅਣੁਸਾਰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ ਤੇ ਬਾਅਦ ਵਿੱਚ ਮੈਂ ਭਾਸ਼ਣ ਦੇਵਾਂਗਾ?”
ਸੋਮਵਾਰ ਵਾਲੇ ਦਿਨ ਸਾਰੇ ਜਾਨਵਰ ਖੂਬ ਤਿਆਰੀਆਂ ਕਰਕੇ ਪਧਾਰੇ। ਬੱਕਰੀ ਤੇ ਲੂੰਬੜੀ ਨੇ ਰੰਗੀਨ ਐਨਕਾਂ ਲਾਈਆਂ ਹੋਈਆਂ ਸਨ। ਬਾਂਦਰ, ਖੋਤਾ, ਰਿੱਛ ਆਦਿ ਪਰੈਸ ਕੀਤੇ ਕਪੜੇ ਪਾਈ ਮੂੰਹ ’ਚ ਮੁਕਸਰਾ ਰਹੇ ਸਨ।
ਸਮਾਗਮ ਸ਼ੁਰੂ ਹੋ ਗਿਆ। ਖੋਤਾ ਪਹਿਲਾਂ ਹੀ ਖੜ੍ਹਾ ਹੋ ਗਿਆ, “ਮੈਂ ਪੀ.ਏ. ਬਣਾਂਗਾ??? “ਨਹੀਂ ਮੈਂ ਬਣਾਂਗਾ???
ਨਹੀਂ ਮੈਂ ਬਣੂ?”
ਬੱਕਰੀ, ਬਾਂਦਰ ਤੇ ਲੂੰਬੜੀ ਆਪਣਾ ਦਬਾਅ ਪਾ ਰਹੇ ਸਨ। ਅਖੀਰ ਜਦੋਂ ਗੱਲ ਵਧਦੀ ਗਈ ਤਾਂ ਹੱਥੋਂ ਪਾਈ ਸ਼ੁਰੂ ਹੋ ਗਈ। ਮੇਜ਼, ਕੁਰਸੀਆਂ ਟੁਟਣੀਆਂ ਸ਼ੁਰੂ ਹੋ ਗਈਆਂ। ਲੂੰਬੜੀ ਤੇ ਬੱਕਰੀ ਐਨਕਾਂ ਤੁੜਾ ਕੇ ਬਹਿ ਗਈਆਂ। ਘਸੁੰਨ, ਮੁੱਕੀਆਂ ਨਾਲ ਕਈਆਂ ਦੇ ਨੀਲੇ ਨੀਲ ਪੈ ਗਏ। ਸ਼ੇਰ ਨੇ ਮਸਾਂ ਹੀ ਸ਼ਾਂਤੀ ਕਰਾਈ ਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ।
“ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਅਨੁਸ਼ਾਸ਼ਨ ਨਹੀਂ ਰੱਖ ਸਕੇ , ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਤੁਸੀਂ ਖੁਦ ਸਿਆਣੇ ਸੀ…??? ਇਸ ਤੋਂ ਬਾਅਦ ਸ਼ੇਰ ਚੁਪ ਕਰ ਗਿਆ। ਖੋਤਾ, ਬਾਂਦਰ ਫਿਰ ਬਹਿਸਣ ਲੱਗੇ।
‘ਲੱਖ ਲਾਹਨਤ ਆ ਤੁਹਾਡੇ ਤੇ ਜਿਹੜੀ ਮੈਂ ਗੱਲ ਨਹੀਂ ਕਹਿਣੀ ਚਾਹੁੰਦਾ ਸੀ ਕਹਿਣੀ ਪੈ ਰਹੀ ਹੈ, ਤੁਸੀਂ ਵੀ ਭਾਰਤ ਦੇ ਮੰਤਰੀਆਂ ਦੀ ਜੂਠ ਖਾ ਈ ਲਈ।”
ਹੁਣ ਸਾਰੇ ਜਾਨਵਰ ਬਿਲਕੁਲ ਸ਼ਾਂਤ ਹੋ ਗਏ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਸ਼ੇਰ ਬਹੁਤ ਵੱਡੀ ਗੱਲ ਕਹਿ ਗਿਆ ਹੋਵੇ।
ਅਨਪੜ ਬਾਪ ਹਾੜੀ ਸਉਣੀ ਦੁਕਾਨਦਾਰ ਦਾ ਹਿਸਾਬ ਵਿਆਜ ਸਮੇਤ ਨਬੇੜ ਜਾਂਦਾ। ਐਤਕੀਂ ਉਸ ਦੇ ਦਸਵੀਂ ਕੀਤੇ ਮੁੰਡੇ ਨੇ ਕਬੀਲਦਾਰੀ ਸੰਭਾਲ ਲਈ। ਦੁਕਾਨਦਾਰ ਦੀ ਹੇਰਾ ਫੇਰੀ ਵੇਖ ਉਨ੍ਹਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਹੋਈ। ਆਖਿਰ ਹਿਸਾਬ ਤਾਂ ਨਿਬੜ ਗਿਆ, ਪਰ ਦੁਕਾਨਦਾਰ ਕਾਫੀ ਅਕਿਆ ਹੋਇਆ ਉਚੀ ਅਵਾਜ਼ ਵਿਚ ਬੋਲ ਰਿਹਾ ਸੀ।
“ਪਤਾ ਨੀਂ ਇਹ ਅੱਜਕਲ ਦੇ ਛੋਕਰੇ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਸਮਝਣ ਕੀ ਲੱਗ ਜਾਂਦੇ ਨੇ, ਸਾਡੇ ਵੀ ਪਿਉ ਬਨਣ ਦੀ ਕੋਸ਼ਿਸ਼ ਕਰਦੇ ਨੇ। ਇਹਦਾ ਪਿਉ ਕਿੰਨਾ ਚੰਗਾ ਐ, ਕਦੇ ਚੂੰ ਨੀਂ ਸੀ ਕੀਤੀ। ਏਸੇ ਕਰ ਕੇ ਪੜੇ ਲਿਖੇ ਮੁੰਡੇ ਮੈਨੂੰ ਹਮੇਸ਼ਾ ਈ ਬੁਰੇ ਲੱਗਦੇ ਐ।”
ਕਾਪੀ ਜੋੜਨ ਲੱਗਿਆਂ ਅਚਾਨਕ ਹੀ ਉਸ ਦੀ ਨਜ਼ਰ ਸ਼ੱਕੀ ਹੋ ਗਈ। ਇਹ ਕਹਾਣੀ ਤਾਂ ਪਹਿਲਾਂ ਵੀ ਛਪੀ ਲਗਦੀ ਸੀ। ਫੇਰ ਵੀ ਸ਼ੱਕ ਨੂੰ ਅਸਲੀਅਤ ਵਿਚ ਦੇਖਣ ਲਈ ਉਸ ਸਾਰੀਆਂ ਅਖ਼ਬਾਰਾਂ ਦੀਆਂ ਫਾਈਲਾਂ ਮੰਗਾ ਲਈਆਂ। ਕਹਾਣੀ ਤਾਂ ਤਿੰਨ ਵਾਰ ਵੱਖ ਵੱਖ ਅਖਬਾਰਾਂ ਵਿਚ ਛੱਪ ਚੁੱਕੀ ਸੀ। ਉਸ ਅੱਧ-ਜੂੜੀ ਕਾਪੀ ਚੁੱਕੀ ਤੇ ਸੰਪਾਦਕ ਦੇ ਕਮਰੇ ‘ਚ ਜਾਂਦਿਆਂ ਹੀ ਕਿਹਾ, “ਆ…ਕਹਾਣੀ ਤਾਂ ਪਹਿਲਾਂ ਛਪੀ ਸੀ?
“ਕਿਹੜੀ?”
‘ਕਾਂ, ਕੁੱਤੇ ਤੇ ਗਿੱਦੜ..”
“ਕਿਹਦੀ ਲਿਖੀ?”
‘‘ਬਲਬੀਰ ਚੰਦ ਸੂਦਨ ਪੀ.ਸੀ.ਐਸ. ਦੀ…”
“ਲਾ ਦੇ ਇਸੇ ਅੰਕ ਵਿਚ।”
“ਪਰ…”
‘‘ਪਰ ਪੁਰ ਨੂੰ ਰੱਖ ਆਪਣੇ ਕੋਲ..ਆਖਿਰ ਬੰਦੇ ਨੂੰ ਉਵਲਾਈਜ਼ ਵੀ ਕਰਨਾ। ਪੀ.ਸੀ.ਐਸ. ਅਫਸਰ ਹੈ। ਕਿਸੇ ਵੇਲੇ ਵੀ ਕੰਮ ਆ ਸਕਦਾ ਹੈ।