ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ ਹਾਂ। ਫੇਰ ਮੈਨੂੰ ਕੀਹਨੇ ਰੋਕਣਾ ਸੀ। ਸੁਣਿਐ ਇਧਰਲੇ ਪੰਜਾਬ ਵਿੱਚ ਲੋਕ ਤੇਰੀ ਬੜੀ ਇੱਜ਼ਤ ਕਰਦੇ ਨੇ।’’ ਉਸ ਨੇ ਚਾਹ ਪੀਂਦੀ ਨੇ ਹੱਸ ਕੇ ਦੱਸਿਆ। ਫੇਰ ਅੱਗੋਂ ਆਖਣ ਲੱਗੀ, ‘‘ਜਲੰਧਰ ਕੋਲ ਸਾਡਾ ਪਿੰਡ ਹੈ। ਉੱਥੇ ਹੁਣ ਸਾਡਾ ਕੋਈ ਨਹੀਂ। ਹੱਲਿਆਂ ਵੇਲੇ ਮੇਰੇ ਸਾਰੇ ਘਰਦਿਆਂ ਨੂੰ ਵੱਢ ਕੇ ਖੂਹ ’ਚ ਸੁੱਟ ਦਿੱਤਾ ਸੀ। ਉਸ ਵੇਲੇ ਮੈਂ ਕਿਧਰੇ ਗਈ ਹੋਈ ਸੀ ਤਾਂ ਬਚ ਗਈ। ਬੜਾ ਜੀਅ ਕਰਦਾ ਸੀ ਕਿ ਆਪਣੇ ਪੇਕਿਆਂ ਦੀ ਧਰਤੀ ਨੂੰ ਦੇਖਣ ਦਾ। ਤੂੰ ਸੁਣਾ, ਤੇਰਾ ਕੀ ਹਾਲ ਐ। ਅੰਮ੍ਰਿਤਾ ਤੈਨੂੰ ਬੜਾ ਯਾਦ ਕਰਦੀ ਸੀ। ਉਸੇ ਨੂੰ ਮੈਂ ਪੁੱਛਿਆ ਸੀ ਕਿ ਹੋਰ ਮੈਂ ਕੀਹਨੂੰ ਮਿਲਣ ਜਾਵਾਂ। ਉਸ ਨੇ ਤੇਰਾ ਨਾਂ ਲਿਆ ਸੀ।’’
‘‘ਚੰਗਾ ਕੀਤਾ। ਹੁਣ ਸਾਡੇ ਕੋਲ ਰਹਿਣਾ ਦੋ ਚਾਰ ਦਿਨ,’’ ਮੈਂ ਕਿਹਾ।
‘‘ਟੈਕਸੀ ਵਾਲੇ ਨੂੰ ਮੈਂ ਮੋੜ ਦਿੱਤਾ। ਇੱਕ ਅੱਧ ਦਿਨ ਤਾਂ ਰਹਾਂਗੀ ਨਾ। ਤੇਰਾ ਸਰਦਾਰ ਜੀ ਤਾਂ ਨਹੀਂ ਗੁੱਸੇ ਹੋ ਸੀ?’’ ਉਸ ਨੇ ਪੁੱਛਿਆ। ਫੇਰ ਕਹਿਣ ਲੱਗੀ, ‘‘ਉਂਜ ਮੈਂ ਆਪੇ ਸੋਚ ਲਿਆ ਸੀ ਕਿ ਤੇਰਾ ਘਰਵਾਲਾ ਕੋਈ ਆਮ ਬੰਦਾ ਤਾਂ ਹੋਵੇਗਾ ਨਹੀਂ ਜਿਹੜਾ ਤੈਨੂੰ ਨਾਰਾਜ਼ ਹੋਵੇ ਬਈ ਇੱਕ ਮੁਸਲਮਾਨ ਔਰਤ ਨੂੰ ਘਰ ਰੱਖ ਲਿਐ। ਤੇਰਾ ਬਸ ਇੱਕੋ ਬੇਟਾ ਐ ਨਾ?’’
‘‘ਹਾਂ। ਬਹੁਤ ਸਾਊ ਹੈ,’’ ਮੈਂ ਕਿਹਾ।
ਉਹ ਹੱਸ ਪਈ ਤੇ ਕਹਿਣ ਲੱਗੀ, ‘‘ਮੇਰਾ ਵੀ ਇੱਕੋ ਬੇਟਾ ਐ। ਬਹੁਤ ਸ਼ਰੀਫ। ਉਸ ਦਾ ਮੈਂ ਬੜੇ ਚਾਵਾਂ ਨਾਲ ਵਿਆਹ ਕੀਤਾ, ਪਰ ਵਹੁਟੀ ਲੈ ਕੇ ਅੱਡ ਹੋ ਗਈ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਨੇ ਸੱਚ ਆਖਿਆ ਹੈ ‘ਨੋਟ ਤੁੜਵਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ।’ ਹੁਣ ਮੁੰਡਾ ਮੇਰਾ ਬੜਾ ਦੁਖੀ ਹੈ। ਵਹੁਟੀ ਉਸ ਦੀ ਨੂੰ ਆਪਣੇ ਆਪ ਤੋਂ ਬਿਨਾਂ ਕਿਸੇ ਦਾ ਖ਼ਿਆਲ ਹੀ ਨਹੀਂ। ਕੁੜੀਆਂ ਵਿਆਹ ਤੋਂ ਪਹਿਲਾਂ ਕੁਝ ਹੋਰ ਹੁੰਦੀਆਂ ਨੇ, ਵਿਆਹ ਤੋਂ ਮਗਰੋਂ ਹੋਰ ਹੋ ਜਾਂਦੀਆਂ ਨੇ। ਹਾਂ ਸੱਚ, ਤੂੰ ਮੇਰਾ ਕੁਝ ਪੜ੍ਹਿਆ ਵੀ ਹੈ ਕਿ ਨਹੀਂ।’’
‘‘ਮੈਂ ਕਹਾਣੀਆਂ ਦੀਆਂ ਤੁਹਾਡੀਆਂ ਤਿੰਨ ਕਿਤਾਬਾਂ ਪੜ੍ਹੀਆਂ ਨੇ,’’ ਮੈਂ ਕਿਹਾ।
‘‘ਮੈਨੂੰ ਪਤਾ ਐ ਮੈਂ ਚੰਗਾ ਲਿਖਦੀ ਹਾਂ। ਉਂਜ ਤਾਂ ਰੱਬ ਦਾ ਦਿੱਤਾ ਸਭ ਕੁਝ ਐ, ਪਰ ਫੇਰ ਵੀ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਐ। ਜੀਅ ਕਰਦੈ ਸਮਾਂ ਪੁੱਠਾ ਗਿੜ ਜਾਵੇ, ਮੁੜ ਕੇ ਉਹੀ ਆਪਣਾ ਗਰਾਂ, ਉਹੀ ਸਾਰੇ ਲੋਕ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਇਸ ਵਾਰੀ ਤਾਂ ਨਹੀਂ, ਅਗਲੀ ਵਾਰੀ ਵੀਜ਼ਾ ਲੈ ਕੇ ਮੈਂ ਆਪਣੇ ਪਿੰਡ ਜਾਵਾਂਗੀ ਤੇ ਉਹ ਖੂਹ ਵੀ ਦੇਖ ਕੇ ਆਵਾਂਗੀ ਜਿਸ ਵਿੱਚ ਮੇਰੇ ਸਾਰੇ ਘਰ ਦੇ ਵੱਢ ਕੇ ਸੁੱਟੇ ਸਨ। ਮੈਂ ਦੇਖਣਾ ਚਾਹਾਂਗੀ ਕਿ ਉੱਥੋਂ ਦੇ ਲੋਕ ਕਿਵੇਂ ਜਿਉਂਦੇ ਨੇ। ਸਾਨੂੰ ਯਾਦ ਕਰਦੇ ਨੇ ਕਿ ਨਹੀਂ। ਖਵਰਾ ਅਜੇ ਵੀ ਮੇਰੇ ਘਰਦਿਆਂ ਦੀਆਂ ਹੱਡੀਆਂ ਉਸੇ ਖੂਹ ’ਚ ਪਈਆਂ ਹੋਣ,’’ ਤੌਸੀਫ਼ ਨੇ ਕਿਹਾ।
‘‘ਤੌਸੀਫ਼, ਸੋਚ ਕੇ ਇਹ ਬਹੁਤ ਅਜੀਬ ਲੱਗਦੈ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਸੀ,’’ ਮੈਂ ਆਖਿਆ।
ਤੌਸੀਫ਼ ਨੇ ਕਿਹਾ, ‘‘ਦਿਨੇ ਤਾਂ ਕੰਮਾਂ-ਧੰਦਿਆਂ ਵਿੱਚ ਭੁੱਲ ਜਾਂਦੈ। ਰਾਤ ਨੂੰ ਜਦੋਂ ਕਦੇ ਅੱਖ ਖੁੱਲ੍ਹ ਜਾਵੇ ਤਾਂ ਮੈਂ ਇਧਰ ਆਪਣੇ ਪਿੰਡ ਤੁਰੀ ਫਿਰਦੀ ਰਹਿੰਦੀ ਹਾਂ। ਕਦੇ ਕਦੇ ਇਹ ਵੀ ਸੋਚੀਦੈ ਉਹ ਤਾਂ ਇੱਕ ਡਰਾਉਣਾ ਸੁਪਨਾ ਸੀ।’’
ਮੇਰੇ ਕੋਲ ਤੌਸੀਫ਼ ਦੀਆਂ ਗੱਲਾਂ ਦਾ ਕੋਈ ਜੁਆਬ ਨਹੀਂ ਸੀ। ਉਹ ਫਿਰ ਪੁੱਛਣ ਲੱਗੀ, ‘‘ਟਿਵਾਣਾ, ਜਦੋਂ ਬੰਦਿਆਂ ਦੀਆਂ ਆਪਸੀ ਲੜਾਈਆਂ ਹੁੰਦੀਆਂ ਨੇ ਤਾਂ ਗਾਲ੍ਹਾਂ ਔਰਤਾਂ ਨੂੰ ਕੱਢਦੇ ਨੇ, ਉਨ੍ਹਾਂ ਦਾ ਸਾਰਾ ਵਹਿਸ਼ੀਪਣ ਵੀ ਔਰਤਾਂ ਉਪਰ ਹੀ ਕਿਉਂ ਨਿਕਲਦੈ?”
‘‘ਇਸ ਲਈ ਕਿ ਆਦਮੀਆਂ ਦੇ ਮੁਕਾਬਲੇ ’ਚ ਔਰਤਾਂ ਕਮਜ਼ੋਰ ਹੁੰਦੀਆਂ ਨੇ, ਸੰਕਟ ਦੀ ਘੜੀ ਬਹੁਤ ਡਰ ਜਾਂਦੀਆਂ ਨੇ,’’ ਮੈਂ ਉੱਤਰ ਦਿੱਤਾ।
‘‘ਤੁਹਾਡੇ ਗੁਰੂ ਨੇ ਔਰਤਾਂ ਨੂੰ ਵੀ ਛੋਟੀ ਕਿਰਪਾਨ ਪਾ ਕੇ ਰੱਖਣ ਲਈ ਸ਼ਾਇਦ ਇਸੇ ਲਈ ਆਖਿਆ ਸੀ ਕਿ ਸੰਕਟ ਦੀ ਘੜੀ ਉਹ ਜ਼ਾਲਮ ਦਾ ਟਾਕਰਾ ਕਰ ਸਕਣ,’’ ਤੌਸੀਫ਼ ਬੋਲੀ।
ਉਸ ਰਾਤ ਤੌਸੀਫ਼ ਮੇਰੇ ਨਾਲ ਬੜੀ ਰਾਤ ਤਕ ਇਧਰ-ਓਧਰ ਦੀਆਂ ਗੱਲਾਂ ਕਰਦੀ ਰਹੀ। ਉਸ ਨੇ ਇਹ ਵੀ ਆਖਿਆ ਕਿ ਦੇਸ਼ ਦੀ ਵੰਡ ਕਰਕੇ ਅੰਗਰੇਜ਼ ਸਾਨੂੰ ਕਿੱਡਾ ਬੇਵਕੂਫ਼ ਬਣਾ ਗਏ ਨੇ ਬਈ ਆਪਸ ’ਚ ਲੜੀ ਜਾਓ, ਮਰੀ ਜਾਓ।
ਇਉਂ ਤੌਸੀਫ਼ ਸਾਡੇ ਕੋਲ ਦੋ ਦਿਨ ਰਹੀ। ਜਾਣ ਤੋਂ ਪਹਿਲਾਂ ਉਸ ਨੇ ਆਖਿਆ, ‘‘ਕਿੱਡੀ ਸ਼ਾਂਤੀ ਹੈ ਤੇਰੀ ਯੂਨੀਵਰਸਿਟੀ ’ਚ ਤੇ ਤੇਰੇ ਘਰ ਵਿੱਚ। ਤੂੰ ਮੈਨੂੰ ਹਮੇਸ਼ਾਂ ਲਈ ਇੱਥੇ ਰੱਖ ਲੈ,’’ ਉਸ ਨੇ ਜਿਵੇਂ ਤਰਲੇ ਵਾਂਗ ਆਖਿਆ।
‘‘ਮੇਰੇ ਜੇ ਵੱਸ ਹੋਵੇ ਮੈਂ ਪਾਰਟੀਸ਼ਨ ਵਾਲੀ ਲਕੀਰ ਨੂੰ ਹੀ ਮਿਟਾ ਦਿਆਂ,’’ ਮੈਂ ਕਿਹਾ।
‘‘ਹੋ ਸਕਦੈ ਸੌ ਦੋ ਸੌ ਸਾਲਾਂ ਨੂੰ ਸਾਡੇ ਨਾਲੋਂ ਵੱਧ ਸਿਆਣੇ ਤੇ ਸਾਡੇ ਨਾਲੋਂ ਵੱਧ ਚੰਗੇ ਲੋਕ ਇਸ ਧਰਤੀ ’ਤੇ ਵਸਦੇ ਹੋਣ। ਫੇਰ ਉਹ ਪਾਰਟੀਸ਼ਨ ਨੂੰ ਬੇਵਕੂਫ਼ੀ ਸਮਝ ਪਾਰਟੀਸ਼ਨ ਵਾਲੀ ਲਕੀਰ ਨੂੰ ਮੇਟ ਦੇਣ,’’ ਮੈਂ ਆਖਿਆ।
ਤੀਜੇ ਦਿਨ ਜਦ ਉਹ ਜਾਣ ਲੱਗੀ ਤਾਂ ਮੈਂ ਉਸ ਨੂੰ ਦੋ ਸਿਲਕ ਦੇ ਸੂਟ, ਇੱਕ ਲੱਡੂਆਂ ਦਾ ਡੱਬਾ ਦਿੱਤਾ।
‘‘ਇਹ ਕੀ?’’ ਉਸ ਨੇ ਪੁੱਛਿਆ।
‘‘ਪਰਲੇ ਪਾਰ ਜੇ ਤੇਰੇ ਸਹੁਰੇ ਨੇ ਤਾਂ ਉਰਲੇ ਪਾਰ ਤੇਰੇ ਪੇਕੇ ਨੇ। ਪੇਕਿਆਂ ਦੇ ਘਰੋਂ ਧੀ ਖਾਲੀ ਨਹੀਂ ਜਾਂਦੀ ਹੁੰਦੀ,’’ ਇਹ ਸੁਣ ਕੇ ਉਸ ਦੀਆਂ ਅੱਖਾਂ ਛਲਕ ਪਈਆਂ ਤੇ ਕਿਹਾ, ‘‘ਤੂੰ ਵੀ ਕਦੇ ਉਧਰ ਮੇਰੇ ਘਰ ਆ।’’
‘‘ਠੀਕ ਹੈ, ਮੈਂ ਵੀ ਆਵਾਂਗੀ,’’ ਮੈਂ ਇਹ ਕਹਿ ਕੇ ਉਸ ਨੂੰ ਆਪਣੀ ਕਾਰ ’ਚ ਦਿੱਲੀ ਭੇਜ ਦਿੱਤਾ ਕਿਉਂਕਿ ਉਸ ਨੇ ਦਿੱਲੀ ਤੋਂ ਹੀ ਵਾਪਸ ਜਾਣਾ ਸੀ।
ਕੁਝ ਸਾਲਾਂ ਮਗਰੋਂ ਮੇਰਾ ਉਧਰ ਪਾਕਿਸਤਾਨ ਜਾਣ ਦਾ ਸਬੱਬ ਬਣ ਗਿਆ। ਆਲਮੀ ਪੰਜਾਬੀ ਕਾਨਫਰੰਸ ਉਦੋਂ ਲਾਹੌਰ ਵਿੱਚ ਹੋਣੀ ਸੀ। ਇਸ ਦਾ ਪ੍ਰਬੰਧ ਫਖ਼ਰ ਜ਼ਮਾਨ ਨੇ ਕੀਤਾ ਸੀ। ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਮੈਨੂੰ ਵੀ ਉਸ ਕਾਨਫਰੰਸ ’ਚ ਸੱਦਿਆ ਗਿਆ ਸੀ। ਅੰਗਰੇਜ਼ਾਂ ਵੇਲੇ ਦੇ ਇੱਕ ਆਲੀਸ਼ਾਨ ਮਹਿੰਗੇ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ। ਉੱਥੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਕਾਨਫਰੰਸ ਵਾਲਿਆਂ ਦਾ ਸੀ, ਸਿਰਫ਼ ਬੈੱਡ ਟੀ ਅਸੀਂ ਪੱਲਿਓਂ ਪੀਣੀ ਸੀ। ਮੈਨੂੰ ਤੇ ਹਰਜਿੰਦਰ ਕੌਰ ਨੂੰ ਇੱਕ ਕਮਰੇ ਵਿੱਚ ਠਹਿਰਾਇਆ ਗਿਆ ਸੀ। ਸਵੇਰੇ ਸਵੇਰੇ ਬੈਰਾ ਦੋ ਕੱਪ ਚਾਹ ਦੇ ਲੈ ਆਇਆ। ਕੱਪ ਲੈਣ ਆਏ ਬੈਰੇ ਦੀ ਟਰੇਅ ਵਿੱਚ ਮੈਂ ਸੌ ਦਾ ਨੋਟ ਰੱਖ ਦਿੱਤਾ ਤੇ ਉਹ ਸਲਾਮ ਕਰਕੇ ਚਲਿਆ ਗਿਆ। ਹਰਜਿੰਦਰ ਕੌਰ ਮੈਨੂੰ ਪੁੱਛਣ ਲੱਗੀ ਕਿ ਇਹ ਬਾਕੀ ਦੇ ਪੈਸੇ ਦੇਣ ਨਹੀਂ ਆਊਗਾ। ਮੈਂ ਆਖਿਆ ਕਿ ਪਤਾ ਨਹੀਂ। ਉਸ ਨੇ ਟੈਲੀਫੋਨ ਕਰਕੇ ਇੱਕ ਡੈਲੀਗੇਟ ਤੋਂ ਪੁੱਛਿਆ ਕਿ ਬੈੱਡ ਟੀ ਦਾ ਕੱਪ ਕਿੰਨੇ ਦਾ ਹੈ। ਪਤਾ ਲੱਗਣ ’ਤੇ ਉਸ ਨੇ ਮੈਨੂੰ ਹੈਰਾਨ ਹੋ ਕੇ ਦੱਸਿਆ ਕਿ ਇੱਥੇ ਇੱਕ ਚਾਹ ਦਾ ਕੱਪ ਚਾਲੀ ਰੁਪਏ ਦਾ ਹੈ। ਮੈਂ ਹੱਸ ਕੇ ਕਿਹਾ ਕਿ ਤਾਂ ਹੀ ਸਵੇਰੇ ਬੈਰਾ ਅੱਸੀ ਰੁਪਏ ਦੇ ਚਾਹ ਦੇ ਦੋ ਕੱਪ ਤੇ ਵੀਹ ਰੁਪਏ ਟਿੱਪ ਦੇ ਸਮਝ ਕੇ ਲੈ ਕੇ ਸਲਾਮ ਕਰਕੇ ਚਲਿਆ ਗਿਆ।
‘‘ਮੈਂ ਤਾਂ ਸੋਚਿਆ ਸੀ ਕਿ ਕੱਲ੍ਹ ਨੂੰ ਬੈੱਡ ਟੀ ਦੇ ਪੈਸੇ ਮੈਂ ਦੇ ਦਿਆਂਗੀ। ਪਰ ਨਾ ਬਾਬਾ ਨਾ ਕੱਲ੍ਹ ਆਪਾਂ ਬੈੱਡ ਟੀ ਮੰਗਵਾਉਣੀ ਹੀ ਨਹੀਂ। ਕਿਹੜਾ ਸੌ ਰੁਪਏ ਵਿੱਚ ਚਾਹ ਦੇ ਦੋ ਕੱਪ ਮੰਗਵਾਏ,’’ ਹਰਜਿੰਦਰ ਕੌਰ ਨੇ ਦਲੀਲ ਦਿੱਤੀ।
‘‘ਇਸ ਹਿਸਾਬ ਨਾਲ ਸਾਡੀ ਰਿਹਾਇਸ਼ ਤੇ ਰੋਟੀ-ਪਾਣੀ ’ਤੇ ਕਿੰਨਾ ਖ਼ਰਚ ਕਰਦੇ ਹੋਣਗੇ ਤੇ ਸੌ ਰੁਪਏ ਬਚਾਉਣ ਲਈ ਬੈੱਡ ਟੀ ਨਾ ਪੀਈਏ, ਇਹ ਚੰਗਾ ਨਹੀਂ ਲੱਗਣਾ,’’ ਮੈਂ ਕਿਹਾ।
ਕਾਨਫਰੰਸ ਦਾ ਪਹਿਲਾ ਸੈਸ਼ਨ ਖ਼ਤਮ ਹੋਣ ਨੂੰ ਸੀ। ਮੈਨੂੰ ਦੱਸਿਆ ਗਿਆ ਕਿ ਅਖ਼ਬਾਰ ਵਿੱਚ ਡੈਲੀਗੇਟਾਂ ਦੀ ਲਿਸਟ ਵਿੱਚ ਤੁਹਾਡਾ ਨਾਂ ਪੜ੍ਹ ਕੇ ਇਧਰਲੇ ਕੁਝ ਟਿਵਾਣੇ ਤੁਹਾਨੂੰ ਮਿਲਣ ਆਏ ਨੇ।
‘‘ਅਸੀਂ ਤੇ ਬੜੇ ਖੁਸ਼ ਹੋਏ ਜਦ ਪਤਾ ਲੱਗਿਐ ਸਾਡੀ ਆਪਾ ਆਈ ਐ। ਇਸੇ ਲਈ ਮਿਲਣ ਆ ਗਏ ਹਾਂ।’’ ਦਾਨੇ ਸਿਆਣੇ ਤੇ ਕਈ ਨੌਜਵਾਨ ਇੱਕ ਵੱਡਾ ਸਾਰਾ ਗੁਲਾਬ ਦੀਆਂ ਡੋਡੀਆਂ ਦਾ ਗੁਲਦਸਤਾ ਤੇ ਇੱਕ ਵੱਡਾ ਸਾਰਾ ਕੇਕ ਲੈ ਕੇ ਆਏ ਸਨ।
ਇੱਕ ਨੇ ਕਿਹਾ, ‘‘ਕੋਈ ਅਜਿਹਾ ਸਿਲਸਿਲਾ ਬਣਾਓ ਕਿ ਆਪਾਂ ਇਧਰ-ਓਧਰ ਆਉਂਦੇ ਜਾਂਦੇ ਰਹੀਏ ਤੇ ਮਿਲਦੇ ਜੁਲਦੇ ਰਹੀਏ।’’
ਮੈਂ ਦੱਸਿਆ, ‘‘ਉਧਰ ਟਿਵਾਣਾ ਬ੍ਰਦਰਹੁੱਡ ਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ। ਤੁਸੀਂ ਉਸ ਦੇ ਮੈਂਬਰ ਬਣ ਜਾਓ। ਫੇਰ ਆਉਣਾ-ਜਾਣਾ ਸੌਖਾ ਹੋ ਜਾਵੇਗਾ।’’
‘‘ਠੀਕ ਹੈ ਫਾਰਮ ਸਾਨੂੰ ਭਿਜਵਾ ਦਿਓ,’’ ਇੱਕ ਬੋਲਿਆ। ਫੇਰ ਕਾਫ਼ੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ।
ਮੈਂ ਕਿਹਾ, ‘‘ਇਹ ਕੇਕ ਹੁਣੇ ਕੱਟ ਲੈਂਦੇ ਹਾਂ। ਮੈਂ ਲੈ ਕੇ ਨਹੀਂ ਜਾ ਸਕਣਾ।’’ ‘‘ਤੁਸੀਂ ਹੇਠਾਂ ਦੇ ਦੇਣਾ। ਉਹ ਸਾਰੇ ਡੈਲੀਗੇਟਸ ਨੂੰ ਦੇ ਦੇਣਗੇ,’’ ਇੱਕ ਬੋਲਿਆ।
ਫੇਰ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ‘‘ਆਪਾ, ਕੱਲ੍ਹ ਆਪਾਂ ਸਰਗੋਧੇ ਚਲਦੇ ਹਾਂ ਮੇਰੇ ਪਿੰਡ।’’
‘‘ਮੇਰੇ ਕੋਲ ਤਾਂ ਵੀਜ਼ਾ ਸਿਰਫ਼ ਲਾਹੌਰ ਦਾ ਹੈ,’’ ਮੈਂ ਦੱਸਿਆ। ‘‘ਜਦ ਇਹ ਤੁਹਾਡੇ ਨਾਲ ਹੋਣਗੇ ਵੀਜ਼ਾ ਪੁੱਛਣ ਦੀ ਕਿਸ ਦੀ ਮਜ਼ਾਲ ਐ। ਪੁਲੀਸ ਵਾਲੇ ਤੁਹਾਨੂੰ ਆਪ ਐਸਕੋਰਟ ਕਰਕੇ ਲੈ ਕੇ ਜਾਣਗੇ,” ਉਸ ਨੇ ਕਿਹਾ।
ਉਹ ਸ਼ਾਇਦ ਆਪਣੇ ਇਲਾਕੇ ਦਾ ਕੋਈ ਵੱਡਾ ਬੰਦਾ ਸੀ। ਮੈਂ ਆਖਿਆ, ‘‘ਅਗਲੀ ਵਾਰੀ ਆਵਾਂਗੀ ਸਰਗੋਧੇ।’’
ਜਾਣ ਲੱਗਿਆਂ ਉਨ੍ਹਾਂ ਵਿੱਚੋਂ ਇੱਕ ਤਕੜੇ ਜਿਹੇ ਚਾਲੀਆਂ ਤੋਂ ਉਪਰ ਟੱਪੇ ਬੰਦੇ ਵੱਲ ਹੱਥ ਕਰਕੇ ਇੱਕ ਨੇ ਕਿਹਾ, ‘‘ਇਨ੍ਹਾਂ ਦੀ ਗੱਡੀ ਹਰ ਵੇਲੇ ਤੁਹਾਡੇ ਲਈ ਏਥੇ ਰਹੇਗੀ। ਫੰਕਸ਼ਨ ਤੋਂ ਮਗਰੋਂ ਜਿੱਥੇ ਜਿੱਥੇ ਆਖਿਆ ਕਰੋਗੇ ਲੈ ਜਾਇਆ ਕਰੇਗੀ।’’
ਮੈਂ ਧੰਨਵਾਦ ਕੀਤਾ ਤੇ ਉਹ ਬੜੇ ਆਦਰ ਨਾਲ ਸਲਾਮ ਆਖ ਕੇ ਚਲੇ ਗਏ।
ਅਗਲੇ ਦਿਨ ਦੇ ਸੈਸ਼ਨ ਮਗਰੋਂ ਉਹ ਬੰਦਾ ਵੱਡੀ ਸਾਰੀ ਕਾਰ ਲਈ ਉਸ ਹੋਟਲ ਦੇ ਸਾਹਮਣੇ ਮੈਨੂੰ ਤੇ ਹਰਜਿੰਦਰ ਕੌਰ ਨੂੰ ਮਿਲਿਆ ਤੇ ਪੁੱਛਿਆ, ‘‘ਆਪਾ, ਕਿੱਥੇ ਜਾਣਾ ਚਾਹੋਗੇ? ਉਂਜ ਮਲਿਕ ਸਾਬ੍ਹ ਨੇ ਵੀ ਤੁਹਾਨੂੰ ਆਪਣੇ ਘਰ ਸੱਦਿਆ ਹੋਇਆ ਹੈ। ਪਹਿਲਾਂ ਕੁਝ ਥਾਵਾਂ ਦੇਖ ਲਓ। ਫੇਰ ਉਧਰ ਚਲੇ ਚਲਾਂਗੇ।’’
ਉਸ ਨੇ ਸਾਨੂੰ ਲਾਹੌਰ ਦਾ ਮਿਊਜ਼ੀਅਮ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਕੁੜੀਆਂ ਦੇ ਕਾਲਜ ਲੈ ਕੇ ਗਿਆ, ਫੇਰ ਕਿਸੇ ਦੇ ਘਰ ਲੈ ਗਿਆ ਜਿੱਥੇ ਉਸ ਪਰਿਵਾਰ ਨੇ ਕੁਝ ਇਤਿਹਾਸਕ ਚੀਜ਼ਾਂ ਸਾਂਭੀਆਂ ਹੋਈਆਂ ਸਨ। ਇਸ ਮਗਰੋਂ ਉਹ ਮਲਿਕ ਸਾਬ੍ਹ ਦੇ ਘਰ ਲੈ ਗਿਆ। ਘਰ ਕੀ ਸੀ, ਪੂਰਾ ਮਹਿਲ ਸੀ। ਮਹਿਲ ਵਾਂਗ ਹੀ ਪਹਿਰੇਦਾਰ-ਗਾਰਡ, ਮਹਿਲ ਵਰਗੀ ਹੀ ਘਰ ਦੀ ਸਜਾਵਟ ਤੇ ਫਰਨੀਚਰ। ਡਰਾਇੰਗ ਰੂਮ ’ਚ ਤਿੰਨ ਚਾਰ ਬੰਦੇ ਸਨ ਜੋ ਤਪਾਕ ਨਾਲ ਮਿਲੇ- ‘‘ਵੂਈ ਆਰ ਪਰਾਊਡ ਆਫ ਆਪਾ।’’ ਚਾਂਦੀ ਦੇ ਬਰਤਨਾਂ ਵਿੱਚ ਚਾਹ ਆ ਗਈ। ਮੈਂ ਇਧਰ ਓਧਰ ਝਾਕੀ ਤਾਂ ਘਰ ਦਾ ਮਾਲਕ ਸਮਝ ਗਿਆ ਤੇ ਆਖਣ ਲੱਗਿਆ; ‘‘ਆਪਾ, ਭਾਬੀ ਨੂੰ ਜ਼ਨਾਨਖਾਨੇ ਵਿੱਚ ਜਾ ਕੇ ਮਿਲਣਾ ਪਵੇਗਾ।’’ ਚਾਹ ਪੀਣ ਮਗਰੋਂ ਬੈਰਾਨੁਮਾ ਬੰਦਾ ਮੈਨੂੰ ਅੰਦਰ ਲੈ ਗਿਆ। ਅਤਿ ਸੁੰਦਰ ਬੇਗਮ ਨੇ ਸਲਾਮ ਅਰਜ਼ ਕੀਤੀ। ਬੇਗਮ ਨੇ ਛੋਟੇ-ਛੋਟੇ ਦੋ ਬੱਚਿਆਂ ਨੂੰ ਆਖਿਆ, ‘‘ਆਪਕੀ ਬੂਆ ਇੰਡੀਆ ਸੇ ਆਈ ਹੈ।’’ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਘਰਾਂ ਦੀਆਂ ਔਰਤਾਂ ਖੁੱਲ੍ਹੇਆਮ ਨਹੀਂ ਵਿਚਰਦੀਆਂ।
‘‘ਆਪ ਕੁਛ ਦਿਨ ਹਮਾਰੇ ਪਾਸ ਹੀ ਰਹੀਏ,’’ ਉਸ ਨੇ ਮੇਰਾ ਹੱਥ ਫੜਦਿਆਂ ਆਖਿਆ।
‘‘ਹੁਣ ਤਾਂ ਵੀਜ਼ਾ ਮੇਰਾ ਕਾਨਫਰੰਸ ਤਕ ਦਾ ਹੀ ਹੈ। ਤੁਹਾਡੇ ਕੋਲ ਰਹਿਣ ਲਈ ਫੇਰ ਆਵਾਂਗੀ,’’ ਮੈਂ ਕਿਹਾ।
‘‘ਤੁਸੀਂ ਵੀ ਕਦੇ ਆਓ,’’ ਮੈਂ ਫੇਰ ਕਿਹਾ।
‘‘ਹਮ ਗਏ ਹੈਂ ਦੋ ਬਾਰ। ਮਗਰ ਦੇਹਲੀ ਸੇ ਹੀ ਘੂਮ ਫਿਰ ਕੇ ਵਾਪਸ ਆ ਜਾਤੇ ਹੈਂ। ਹਮਾਰਾ ਉਧਰ ਕੋਈ ਹੈ ਹੀ ਨਹੀਂ। ਹਮ ਤੋ ਸ਼ੁਰੂ ਸੇ ਹੀ ਇਧਰ ਹੈਂ,’’ ਬੇਗਮ ਬੋਲੀ।
ਫੇਰ ਉਸ ਨੇ ਖਾਨਸਾਮੇ ਨੂੰ ਆਖਿਆ ਕਿ ਆਪਾ ਕੋ ਕੁਛ ਖਿਲਾਓ। ਮੂੰਹ ਮੀਠਾ ਕਰਾਓ।
ਖਾਨਸਾਮਾ ਇੱਕ ਪਲੇਟ ਵਿੱਚ ਪਿਸਤੇ ਕਾਜੂ ਦੀ ਵਰਕਾਂ ਵਾਲੀ ਬਰਫੀ ਲੈ ਆਇਆ। ਫਿਰ ਬੇਗਮ ਉੱਠ ਕੇ ਅੰਦਰੋਂ ਮੇਰੇ ਲਈ ਸਿਲਕ ਦਾ ਜ਼ਰੀ ਨਾਲ ਕੱਢਿਆ ਸੂਟ ਲੈ ਆਈ ਤੇ ਕਿਹਾ, ‘‘ਯੇ ਹਮਾਰੀ ਤਰਫ਼ ਸੇ। ਆਪ ਕਾ ਸ਼ੁਕਰੀਆ ਆਪ ਹਮਾਰੇ ਘਰ ਮੇਂ ਆਈ।’’
ਮੈਂ ਉਸ ਔਰਤ ਨੂੰ ਦੇਖਦੀ ਰਹਿ ਗਈ।
ਅਗਲੇ ਦਿਨ ਸੈਸ਼ਨ ਮਗਰੋਂ ਉਹੀ ਵੱਡੀ ਸਾਰੀ ਕਾਰ ਵਾਲਾ ਭਾਈ ਮੈਨੂੰ ਤੇ ਹਰਜਿੰਦਰ ਕੌਰ ਨੂੰ ਪੁੱਛਣ ਲੱਗਿਆ, ‘‘ਅੱਜ ਕਿਥੇ ਚਲਨਾ ਜੇ।’’
ਹਰਜਿੰਦਰ ਨੇ ਕਿਹਾ, ‘‘ਕੱਪੜੇ ਦੀਆਂ ਦੁਕਾਨਾਂ ਵੱਲ ਲੈ ਚਲੋ। ਉੱਥੋਂ ਅਸੀਂ ਚਿਕਨ ਦੇ ਸੂਟ ਖ਼ਰੀਦਣੇ ਨੇ।’’
ਸਾਨੂੰ ਉਹ ਕੱਪੜੇ ਦੀਆਂ ਦੁਕਾਨਾਂ ਵੱਲ ਲੈ ਗਿਆ।
ਉਸ ਨੇ ਕਿਹਾ, ‘‘ਅੱਗੇ ਸੜਕ ਭੀੜੀ ਹੈ, ਕਾਰ ਅੱਗੇ ਨਹੀਂ ਜਾ ਸਕਣੀ। ਮੈਂ ਇੱਥੇ ਵੇਟ ਕਰਾਂਗਾ। ਤੁਸੀਂ ਅੱਗੇ ਜਾ ਕੇ ਸੂਟ ਲੈ ਆਓ।’’
ਉਸ ਭੀੜੀ ਸੜਕ ਦੇ ਦੋਵੇਂ ਪਾਸੇ ਕੱਪੜੇ ਦੀਆਂ ਦੁਕਾਨਾਂ ਸਨ। ਅਸੀਂ ਦੋ ਤਿੰਨ ਦੁਕਾਨਾਂ ’ਤੇ ਚਿਕਨ ਦੇਖੀ, ਚੰਗੀ ਸੀ ਪਰ ਮਹਿੰਗੀ ਬਹੁਤ ਸੀ।
ਹਰਜਿੰਦਰ ਨੇ ਆਖਿਆ, ‘‘ਏਡੀ ਮਹਿੰਗੀ ਚਿਕਨ ਕੀ ਕਰਨੀ ਐ।’’ ਅਸੀਂ ਵਾਪਸ ਆ ਗਈਆਂ। ਸਾਨੂੰ ਖਾਲੀ ਮੁੜੀਆਂ ਆਉਂਦੀਆਂ ਨੂੰ ਦੇਖ ਕਾਰ ਵਾਲੇ ਭਾਈ ਨੇ ਆਖਿਆ, ‘‘ਤੁਸੀਂ ਪੰਜ ਮਿੰਟ ਬੈਠੋ। ਮੈਂ ਹੁਣੇ ਆਇਆ।’’
ਸਾਨੂੰ ਉੱਥੇ ਬਿਠਾ ਕੇ ਉਹ ਬਾਜ਼ਾਰ ਵੱਲ ਗਿਆ।
‘‘ਆਪਾਂ ਅੱਜ ਸ਼ਾਮ ਨੂੰ ਤੁਹਾਡੇ ਉਸ ਕਰਨਲ ਟਿਵਾਣੇ ਵੱਲ ਡਿਨਰ ’ਤੇ ਵੀ ਜਾਣਾ, ਭੁੱਲ ਨਾ ਜਾਇਓ,’’ ਹਰਜਿੰਦਰ ਕੌਰ ਨੇ ਮੈਨੂੰ ਆਖਿਆ।
‘‘ਭੁੱਲਣਾ ਕੀ ਐ। ਉਹ ਕਾਰ ਵਾਲੇ ਭਾਈ ਨੂੰ ਪੱਕਾ ਕਰ ਕੇ ਗਿਆ ਕਿ ਸੱਤ ਵਜੇ ਸਾਨੂੰ ਉਸ ਦੇ ਘਰ ਲੈ ਜਾਵੇ।’’
‘‘ਵੈਸੇ ਕਿੰਨਾ ਚੰਗਾ ਹੈ ਇਹ ਭਾਈ,’’ ਮੈਂ ਕਿਹਾ।
‘‘ਇੱਥੋਂ ਦੇ ਲੋਕਾਂ ਦਾ ਮੋਹ-ਪਿਆਰ ਦੇਖ ਕੇ ਇੱਥੇ ਰਹਿਣ ਨੂੰ ਜੀ ਕਰ ਰਿਹਾ ਹੈ,’’ ਹਰਜਿੰਦਰ ਨੇ ਕਿਹਾ।
‘‘ਫੇਰ ਤਾਂ ਮੈਨੂੰ ਤੇਰੀ ਰਾਖੀ ਕਰਨੀ ਪੈਣੀ ਐ ਕਿਸੇ ਨਾਲ ਭੱਜ ਹੀ ਨਾ ਜਾਵੇਂ,’’ ਮੈਂ ਹੱਸ ਕੇ ਕਿਹਾ।
ਏਨੇ ਨੂੰ ਕਾਰ ਵਾਲਾ ਭਾਈ ਵਾਪਸ ਆ ਗਿਆ।
ਉਸ ਦੇ ਹੱਥ ਵਿੱਚ ਦੋ ਲਿਫ਼ਾਫ਼ੇ ਸਨ। ਉਸ ਨੇ ਕਾਰ ’ਚ ਬੈਠਣ ਤੋਂ ਪਹਿਲਾਂ ਉਹ ਲਿਫ਼ਾਫ਼ੇ ਮੈਨੂੰ ਫੜਾਉਂਦੇ ਆਖਿਆ ਕਿ ਆਪਾ ਇਹ ਸੂਟ ਤੁਹਾਡੇ ਦੋਵਾਂ ਲਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਦਾ ਧੰਨਵਾਦ ਕਿਵੇਂ ਕਰਾਂ।
ਹਰਜਿੰਦਰ ਨੇ ਦੋਵੇਂ ਲਿਫ਼ਾਫ਼ੇ ਖੋਲ੍ਹ ਕੇ ਵੇਖੇ। ਉਹ ਵਧੀਆ ਚਿਕਨ ਦੇ ਇੱਕੋ ਜਿਹੇ ਦੋ ਸੂਟ ਸਨ। ਉਦੋਂ ਹੀ ਤੌਸੀਫ਼ ਦਾ ਫੋਨ ਆਇਆ ਕਿ ਤੁਸੀਂ ਕਿੱਥੇ ਹੋ। ਅੱਜ ਤਾਂ ਤੁਸੀਂ ਮੇਰੇ ਵੱਲ ਆਉਣਾ ਸੀ।
‘‘ਬਸ ਹੁਣ ਅਸੀਂ ਤੇਰੇ ਵੱਲ ਹੀ ਆ ਰਹੇ ਹਾਂ,’’ ਮੈਂ ਕਿਹਾ। ਇਸ ਮਗਰੋਂ ਅਸੀਂ ਤੌਸੀਫ਼ ਦੇ ਘਰ ਗਏ। ਸਾਦਾ ਜਿਹਾ ਸਲੀਕੇ ਨਾਲ ਰੱਖਿਆ ਸੀ ਘਰ। ‘‘ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕੀ ਖਾਤਿਰਦਾਰੀ ਕਰਾਂ। ਮੇਰੇ ਪੇਕਿਆਂ ਤੋਂ ਆਏ ਹੋ,’’ ਉਸ ਨੇ ਕਿਹਾ।
‘‘ਸੂਟ ਸਾਨੂੰ ਮਿਲ ਗਏ ਨੇ। ਤੁਹਾਡਾ ਪਿਆਰ ਹੀ ਬਹੁਤ ਹੈ,’’ ਮੈਂ ਕਿਹਾ। ਉਸ ਨੇ ਪਲਾਸਟਿਕ ਦੇ ਸੱਚੀਮੁੱਚੀ ਦੇ ਦਿਸਦੇ ਫਲਾਂ ਦੀ ਟੋਕਰੀ ਦਿੱਤੀ।
ਸੁਨਹਿਰੀ ਕਢਾਈ ਵਾਲੀਆਂ ਗੱਦੀਆਂ ਦਿੱਤੀਆਂ ਤੇ ਆਪਣੀ ਪਸੰਦ ਦਾ ਅਤਿ ਸੁਆਦ ਖਾਣਾ ਖੁਆਇਆ ਤੇ ਅੱਖਾਂ ਭਰ ਕੇ ਆਖਣ ਲੱਗੀ, ‘‘ਮੇਰਾ ਜੀਅ ਕਰਦਾ, ਮੇਰਾ ਕੀ ਸਭ ਦਾ ਜੀਅ ਕਰਦਾ ਕਿ ਸਾਨੂੰ ਚੀਰ ਕੇ ਅੱਡ ਕਰਨ ਵਾਲੀ ਵੰਡ ਦੀ ਲੀਕ ਮਿਟ ਜਾਵੇ। ਮੁੜ ਕੇ ਪਹਿਲਾਂ ਵਾਲਾ ਪੰਜਾਬ ਬਣ ਜਾਵੇ। ਜਿਹੜੇ ਵੱਢੇ ਟੁੱਕੇ ਤੇ ਮਾਰੇ ਗਏ ਨੇ ਮੁੜ ਕੇ ਜਿਉਂਦੇ ਹੋ ਜਾਣ। ਅਸੀਂ ਉਵੇਂ ਰਲ ਮਿਲ ਕੇ ਰਹੀਏ। ਹੁਣ ਵਾਲਾ ਜਿਉਣਾ ਕੀ ਜਿਉਣਾ ਹੋਇਆ।’’ ‘‘ਤੌਸੀਫ਼ ਇਧਰਲੇ ਲੋਕ ਵੀ ਤੇ ਓਧਰਲੇ ਲੋਕ ਵੀ ਦੁਆ ਕਰਦੇ ਨੇ। ਖਵਰੇ ਰੱਬ ਕਦੇ ਸੁਣ ਹੀ ਲਵੇ,’’ ਮੈਂ ਉਸ ਦਾ ਹੱਥ ਫੜ ਕੇ ਦਿਲਾਸਾ ਦੇਣਾ ਚਾਹਿਆ, ਪਰ ਉਸ ਦਾ ਰੋਣਾ ਥੰਮਦਾ ਹੀ ਨਹੀਂ ਸੀ।
ਕਰਨਲ ਟਿਵਾਣੇ ਦੇ ਘਰ ਰਾਤ ਨੂੰ ਜਾਣਾ ਸੀ। ਮੈਨੂੰ ਤੌਸੀਫ਼ ਕੋਲ ਛੱਡ ਹਰਜਿੰਦਰ ਨੇ ਹੋਰ ਕਈ ਥਾਵਾਂ ’ਤੇ ਜਾਣਾ ਸੀ। ਉਹ ਕਾਰ ਵਾਲੇ ਭਾਈ ਨਾਲ ਚਲੀ ਗਈ।
ਆਥਣੇ ਜਦੋਂ ਹਰਜਿੰਦਰ ਮੁੜ ਕੇ ਆਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਬੜਾ ਪਿਆਰ ਕਰਦੇ ਨੇ ਇੱਥੋਂ ਦੇ ਲੋਕ। ਜਿੱਥੇ ਵੀ ਗਈ ਲੋਕਾਂ ਨੇ ਮੱਲੋਮੱਲੀ ਤੋਹਫ਼ੇ ਫੜਾ ਦਿੱਤੇ। ਅਗਲੀ ਵਾਰੀ ਆਪਾਂ ਜਦੋਂ ਕਦੇ ਆਏ, ਅਸੀਂ ਇਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਲੈ ਕੇ ਆਵਾਂਗੇ।’’
ਤੌਸੀਫ਼ ਨੂੰ ਨਾਲ ਲਿਜਾ ਕੇ ਅਸੀਂ ਕਰਨਲ ਦੇ ਘਰ ਵੱਲ ਜਾ ਰਹੇ ਸੀ ਤਾਂ ਕਰਨਲ ਦਾ ਫੋਨ ਆਇਆ ਕਿ ਡਿਨਰ ਮੈੱਸ ਵਿੱਚ ਹੈ ਉੱਥੇ ਆ ਜਾਇਓ।
ਮੈਂ ਸੋਚਿਆ ਕਿ ਘਰੇ ਵਹੁਟੀ ਦੀ ਖੇਚਲ ਬਚਾਉਣ ਲਈ ਖਾਣਾ ਮੈੱਸ ਵਿੱਚ ਕਰ ਦਿੱਤਾ ਹੋਣਾ।
ਉੱਥੇ ਪਹੁੰਚ ਕੇ ਪਤਾ ਲੱਗਾ ਕਿ ਕਰਨਲ ਨੇ 100-150 ਲੋਕਾਂ ਨੂੰ ਖਾਣੇ ’ਤੇ ਬੁਲਾਇਆ ਹੋਇਆ ਸੀ। ਬਹੁਤ ਸਾਰੇ ਵਿੱਚੋਂ ਟਿਵਾਣੇ ਹੀ ਸਨ ਤੇ ਮੈਨੂੰ ਮਿਲਣ ਆਏ ਸਨ। ਪਤਾ ਲੱਗਿਆ ਕਿ ਇਧਰ ਪਾਕਿਸਤਾਨ ਵਿੱਚ ਟਿਵਾਣੇ ਬਹੁਤ ਹਨ। ਮੈਂ ਕਰਨਲ ਟਿਵਾਣੇ ਨੂੰ ਆਖਿਆ, ‘‘ਅਸੀਂ ਤਾਂ ਗਰੇਟਫੁੱਲ ਹਾਂ ਏਸ ਟਿਵਾਣੇ ਦੇ ਜਿਹੜਾ ਕੰਮਕਾਰ ਛੱਡ ਕੇ ਸਾਰਾ ਵੇਲਾ ਸਾਡਾ ਡਰਾਈਵਰ ਬਣਿਆ ਰਹਿੰਦਾ ਹੈ।’’ ਉਹ ਮੇਰੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, ‘‘ਆਪਾ ਜਾਣਦੇ ਓ ਉਹ ਕੌਣ ਐ। ਪੰਜਾਬ ਦਾ ਸਭ ਤੋਂ ਅਮੀਰ ਬੰਦਾ। ਅੱਠ ਹਜ਼ਾਰ ਏਕੜ ਭੋਇੰ ਦਾ ’ਕੱਲਾ ਮਾਲਕ। ਸਭ ਤੋਂ ਮਹਿੰਗੀ ਕਾਰ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਸੇ ਦੇ ਘਰ ਆਉਂਦੀ ਐ। ਆਪਣੇ ਗਾਰਡਾਂ ਤੋਂ ਬਿਨਾਂ ਤੁਹਾਡਾ ਡਰਾਈਵਰ ਬਣਿਆ ਪੁਰਾਣੀ ਕਾਰ ’ਚ ਤੁਹਾਡੇ ਨਾਲ ਇਸ ਕਰਕੇ ਤੁਰਿਆ ਫਿਰਦੈ ਕਿ ਕੋਈ ਇਸ ਨੂੰ ਪਹਿਚਾਣ ਨਾ ਲਵੇ। ਉੱਥੇ ਜਦੋਂ ਅਸੀਂ ਸਾਰੇ ਹੋਟਲ ਵਿੱਚ ਤੁਹਾਨੂੰ ਮਿਲਣ ਗਏ ਸੀ ਤਾਂ ਉਸ ਨੇ ਆਪ ਹੀ ਆਖਿਆ ਸੀ ਆਪਾ ਜਿੰਨੇ ਦਿਨ ਇੱਥੇ ਰਹਿਣਗੇ ਮੈਂ ਇਨ੍ਹਾਂ ਨਾਲ ਰਹਾਂਗਾ।’’
ਡਿਨਰ ਤੋਂ ਮਗਰੋਂ ਤੌਸੀਫ਼ ਸਾਨੂੰ ਫੂਡ ਸਟਰੀਟ ਦਿਖਾਉਣ ਲੈ ਗਈ। ਉੱਥੇ ਸੜਕ ਦੇ ਦੋਵੇਂ ਪਾਸੀਂ ਖਾਣ-ਪੀਣ ਦੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਸਨ। ਦੁਕਾਨਦਾਰ ਵਾਰ-ਵਾਰ ਆਪਣੀਆਂ ਦੁਕਾਨਾਂ ਵੱਲ ਸੱਦ ਰਹੇ ਸਨ ਤੇ ਆਖਦੇ ਸਨ, ‘‘ਤੁਸੀਂ ਜੋ ਮਰਜ਼ੀ ਖਾਓ ਜੋ ਮਰਜ਼ੀ ਪੀਓ ਅਸੀਂ ਪੈਸੇ ਕੋਈ ਨਹੀਂ ਲੈਣੇ, ਤੁਸੀਂ ਸਾਡੇ ਭੈਣ ਭਾਈ ਓਧਰਲੇ ਪੰਜਾਬ ਤੋਂ ਆਏ ਹੋ।’’
ਜਿਸ ਦੁਕਾਨ ਅੱਗੇ ਵੀ ਮਾੜਾ ਜਿਹਾ ਅਸੀਂ ਰੁਕਦੇ, ਦੁਕਾਨਦਾਰ ਕਦੇ ਰਸਮਲਾਈ, ਕਦੇ ਗਰਮ-ਗਰਮ ਜਲੇਬੀਆਂ, ਕਿਤੇ ਚਾਟ, ਕਿਤੇ ਪੀਲੇ ਖ਼ੁਸ਼ਬੂਦਾਰ ਚਾਵਲ ਆਦਿ ਚੀਜ਼ਾਂ ਪਲੇਟਾਂ ਵਿੱਚ ਪਾ ਕੇ ਕਾਹਲੀ ਕਾਹਲੀ ਲੈ ਆਉਂਦੇ ਤੇ ਮਿੰਨਤ ਵਾਂਗ ਆਖਦੇ: ਜ਼ਰੂਰ ਕੁਝ ਨਾ ਕੁਝ ਖਾ ਲਓ। ਉਨ੍ਹਾਂ ਨੂੰ ਦੇਖ ਕੇ ਇਉਂ ਲੱਗਦਾ ਸੀ ਜਿਵੇਂ ਅਸੀਂ ਉਨ੍ਹਾਂ ਨੂੰ ਮਸਾਂ ਮਿਲੇ ਸੀ।
ਜਿਸ ਦਿਨ ਅਸੀਂ ਵਾਪਸ ਆਉਣਾ ਸੀ ਗੱਡੀ ਚੜ੍ਹਾਉਣ ਆਏ ਲੋਕਾਂ ਦੀ ਬੇਸ਼ੁਮਾਰ ਭੀੜ ਸੀ। ਫੇਰ ਆਉਣ ਲਈ ਤਾਕੀਦਾਂ ਕਰ ਰਹੇ ਸਨ। ਕਈ ਤਾਂ ਹੌਲੀ ਤੁਰਦੀ ਗੱਡੀ ਦੇ ਨਾਲ ਹੱਥ ਹਿਲਾਉਂਦੇ ਭੱਜੇ ਆ ਰਹੇ ਸਨ।
ਇੱਕ ਨੌਜਵਾਨ, ਜੋ ਹਰਜਿੰਦਰ ਕੋਲ ਬੈਠਾ ਸੀ, ਗੱਡੀ ਚੱਲਣ ਵੇਲੇ ਨਾ ਉੱਠਿਆ, ਨਾ ਗੱਡੀ ਵਿੱਚੋਂ ਉਤਰਿਆ। ਉਹ ਬਹੁਤ ਉਦਾਸ ਸੀ, ‘‘ਉਤਰਨਾ ਨਹੀਂ?” ਹਰਜਿੰਦਰ ਨੇ ਹੱਸ ਕੇ ਪੁੱਛਿਆ।
‘‘ਮੈਂ ਇਸੇ ਗੱਡੀ ਵਿੱਚ ਬੈਠਾ ਇਉਂ ਹੀ ਮੁੜ ਆਵਾਂਗਾ। ਇਉਂ ਮੈਂ ਉਧਰਲੀ ਧਰਤੀ ਨੂੰ ਗੱਡੀ ਵਿੱਚ ਬੈਠਾ ਹੀ ਨੇੜਿਓਂ ਹੀ ਤੱਕ ਲਵਾਂਗਾ,” ਉਸ ਨੇ ਕਿਹਾ।
ਤੌਸੀਫ਼ ਕਈ ਵਰ੍ਹੇ ਹੋਏ ਇਹ ਦੁਨੀਆਂ ਛੱਡ ਕੇ ਜਾ ਚੁੱਕੀ ਹੈ। ਮੈਂ ਹੁਣ ਵੀ ਕਈ ਵਾਰੀ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਇੱਕ ਦੂਜੇ ਲਈ ਮੋਹ ਦੇਖ ਕੇ ਹੈਰਾਨ ਹੁੰਦੀ ਹਾਂ ਕਿ ਕਿਵੇਂ ਵੰਡ ਵੇਲੇ ਇਹ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਕਈ ਵਰ੍ਹੇ ਲੰਘ ਜਾਣ ਮਗਰੋਂ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਕਸ਼ਮੀਰ ਦਾ ਮੁੱਦਾ ਖੜ੍ਹਾ ਕਰਕੇ ਇੱਕ ਦੂਜੇ ਨੂੰ ਦੁਸ਼ਮਣ ਬਣਾਉਣ ਦਾ ਕਾਰਜ ਆਰੰਭਿਆ ਹੋਇਆ ਹੈ। ਵੰਡ ਵਾਲੀ ਲਕੀਰ ਉੱਪਰ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਹਨ ਤੇ ਫ਼ੌਜ ਦੇ ਪਹਿਰੇ ਲਗਾ ਦਿੱਤੇ ਹਨ। ਫੇਰ ਵੀ ਵੇਲੇ-ਕੁਵੇਲੇ ਪਰਲੇ ਪਾਰ ਦੀ ਕੋਈ ਗੋਲੀ ਇਧਰਲੇ ਕਿਸੇ ਫ਼ੌਜੀ ਨੂੰ ਢੇਰ ਕਰ ਦਿੰਦੀ ਹੈ ਤਾਂ ਰਾਜਸੀ ਪਾਰਟੀਆਂ ਦੇ ਹਮਾਇਤੀ, ਅਖ਼ਬਾਰ ਅਤੇ ਟੀ.ਵੀ. ਚੈਨਲ ਉਸ ਮਰੇ ਬੰਦੇ ਦੇ ਰੋਂਦੇ ਕੁਰਲਾਉਂਦੇ ਪਰਿਵਾਰ, ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਤੇ ਰੋਹ ’ਚ ਆਏ ਲੋਕਾਂ ਦੇ ਪਾਕਿਸਤਾਨ ਵਿਰੁੱਧ ਨਾਅਰੇ ਦਿਖਾ ਕੇ ਪਾਕਿਸਤਾਨ ਵਿਰੁੱਧ ਨਫ਼ਰਤ ਪੈਦਾ ਕਰਦੇ ਹਨ। ਇਸੇ ਤਰ੍ਹਾਂ ਇਧਰਲੀ ਗੋਲੀ ਨਾਲ ਜਦੋਂ ਕੋਈ ਉਧਰਲਾ ਮਰਦਾ ਹੈ ਤਾਂ ਉਹ ਲੋਕ ਵੀ ਭਾਰਤ ਵਿਰੁੱਧ ਨਾਅਰੇ ਲਾਉਂਦੇ ਹਨ ਤੇ ਨਫ਼ਰਤਾਂ ਉਗਲਦੇ ਹਨ।
ਇਹ ਨਫ਼ਰਤਾਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ। ਵਿਦੇਸ਼ੀ ਲੋਕ ਜਿਨ੍ਹਾਂ ਨੂੰ ਇਨ੍ਹਾਂ ਨਫ਼ਰਤਾਂ ਵਿੱਚ ਜੰਗ-ਯੁੱਧ ਦੀ ਸੰਭਾਵਨਾ ਦਿਸਦੀ ਹੈ, ਜੰਗ ਯੁੱਧ ਵਿੱਚ ਆਪਣਾ ਫ਼ਾਇਦਾ ਤੇ ਨਫ਼ਾ ਦੇਖ ਕੇ ਕਦੇ ਇੱਕ ਪਾਸੇ ਤੇ ਕਦੇ ਦੂਜੇ ਪਾਸੇ ਦਾ ਪੱਖ ਪੂਰ ਕੇ ਦੋਵਾਂ ਦੇਸ਼ਾਂ ਨੂੰ ਲੜਨ ਲਈ ਹੋਰ ਉਕਸਾਉਂਦੇ ਤੇ ਬੇਵਕੂਫ਼ ਬਣਾਉਂਦੇ ਹਨ।
ਮੈਂ ਇਸ ਗੱਲ ਦੇ ਸਖ਼ਤ ਖ਼ਿਲਾਫ਼ ਹਾਂ ਕਿ ਰੋਟੀ ਰੋਜ਼ੀ ਲਈ ਫ਼ੌਜ ’ਚ ਭਰਤੀ ਹੋਏ ਬੇਲੋੜੀ ਮੌਤ ਮਰੇ ਨੂੰ ਸ਼ਹੀਦ ਆਖ ਕੇ ਹੋਰ ਲੋਕਾਂ ਨੂੰ ਵੀ ਇਸ ਰਾਹ ਉੱਤੇ ਤੁਰਨ ਲਈ ਉਕਸਾਇਆ ਜਾਂਦਾ ਹੈ। ਇਸ ਤਰ੍ਹਾਂ ਪਾਕਿਸਤਾਨ ਵਿੱਚ ਵੀ ਜੰਗਾਂ-ਯੁੱਧਾਂ ਵਿੱਚ ਮਾਰੇ ਗਏ ਲੋਕਾਂ ਨੂੰ ਜੰਨਤ ਦੇ ਲਾਰੇ ਲਾ ਕੇ ਇਸ ਜੀਵਨ ਨੂੰ ਭੁੱਲ ਕੇ ਹਕੂਮਤਾਂ ਦੇ ਮੋਹਰੇ ਬਣ ਕੇ ਜਾਨਾਂ ਗੁਆਉਣ ਲਈ ਪ੍ਰੇਰਿਆ ਜਾਂਦਾ ਹੈ।
ਇਹ ਸਾਰਾ ਕੁਝ ਸਾਡੀਆਂ ਅੱਖਾਂ ਅੱਗੇ ਵਾਪਰ ਰਿਹਾ ਹੈ। ਫਿਰ ਵੀ ਅਸੀਂ ਅਸਲੀਅਤ ਨੂੰ ਨਹੀਂ ਸਮਝਦੇ। ਸ਼ਹੀਦ ਉਹ ਹੁੰਦਾ ਹੈ ਜਿਹੜਾ ਕਿਸੇ ਰੱਬੀ ਕੰਮ ਲਈ ਰੱਬ ਦੇ ਬੰਦਿਆਂ ਦੇ ਹਿੱਤ ਲਈ ਸਭ ਕੁਝ ਜਾਣਦਿਆਂ ਬੁੱਝਦਿਆਂ ਖ਼ਤਰੇ ਵਾਲਾ ਰਾਹ ਚੁਣਦਾ ਹੈ ਤੇ ਫੇਰ ਮਾਰਿਆ ਜਾਂਦਾ ਹੈ। ਫ਼ੌਜ ਅਤੇ ਪੁਲੀਸ ਦਾ ਬੰਦਾ ਕਿਸੇ ਨੂੰ ਮਾਰਦਾ ਹੈ ਜਾਂ ਕਿਸੇ ਤੋਂ ਮਾਰਿਆ ਜਾਂਦਾ ਹੈ, ਇਹ ਉਸੇ ਤਰ੍ਹਾਂ ਹੈ ਜਿਵੇਂ ਦੋ ਭਰਾ ਲੜ ਪੈਣ; ਤੇ ਲੜਾਈ ਦਾ ਕਾਰਨ ਜ਼ਰ, ਜੋਰੂ ਤੇ ਜ਼ਮੀਨ ਕੁਝ ਵੀ ਹੋ ਸਕਦਾ ਹੈ; ਲੜਦਿਆਂ ਜਿਹੜਾ ਮਰ ਜਾਂਦਾ ਹੈ ਉਸ ਨੂੰ ਅਸੀਂ ਸ਼ਹੀਦ ਨਹੀਂ ਆਖ ਸਕਦੇ। ਠੀਕ ਹੈ, ਉਸ ਦੀ ਮੌਤ ਘਰਦਿਆਂ, ਮਿੱਤਰਾਂ, ਦੇਸ਼ ਲਈ ਘਾਟਾ ਜ਼ਰੂਰ ਹੁੰਦਾ ਹੈ, ਪਰ ਉਸ ਨੂੰ ਈਦ ’ਤੇ ਵੱਢੇ ਜਾਂਦੇ ਬੱਕਰੇ ਵਾਂਗ ਅਸੀਂ ਸ਼ਹੀਦ ਹੋਇਆ ਨਹੀਂ ਆਖ ਸਕਦੇ।’’
ਇਹ ਤਾਂ ਚਲਾਕ ਧਿਰਾਂ ਸਾਨੂੰ ਵਡਿਆ ਕੇ ਮਰਨ-ਮਾਰਨ ਲਈ ਤਿਆਰ ਕਰਦੀਆਂ ਹਨ।
ਨਾ ਲੜਾਈ ਪਰਲੇ ਪਾਸੇ ਦੇ ਪੰਜਾਬੀ ਲੋਕ ਚਾਹੁੰਦੇ ਹਨ ਤੇ ਨਾ ਹੀ ਉਰਲੇ ਪਾਸੇ ਦੇ ਪੰਜਾਬੀ ਚਾਹੁੰਦੇ ਹਨ, ਫ਼ੌਜੀ ਸਿਰਫ਼ ਕੁਰਬਾਨੀ ਦੇ ਬੱਕਰੇ ਬਣਦੇ ਹਨ। ਮੇਰੀ ਇਹ ਗੱਲ ਦੇਸ਼ਧਰੋਹ ਦੀ ਗੱਲ ਨਹੀਂ। ਦੇਸ਼ ਨੇ ਕਿਧਰੇ ਚਲਿਆ ਨਹੀਂ ਜਾਣਾ, ਇੱਥੇ ਹੀ ਰਹੇਗਾ। ਇਹ ਉਨ੍ਹਾਂ ਬਾਰੇ ਹੈ ਜਿਹੜੇ ਇਸ ਸਭ ਤੋਂ ਬੇਖ਼ਬਰ ਹੀ ਮਾਰੇ ਜਾਂਦੇ ਹਨ।
(ਤੰਦਾਂ ਮੋਹ ਦੀਆਂ-ਡਾ. ਦਲੀਪ ਕੌਰ ਟਿਵਾਣਾ)
Sandeep Kaur
ਈਸ਼ਰ ਸਿੰਘ ਦੇ ਹੋਟਲ ਦੇ ਕਮਰੇ ਵਿਚ ਵੜਦਿਆਂ ਸਾਰ ਈ ਕੁਲਵੰਤ ਕੌਰ ਪਲੰਘ ਤੋਂ ਉਠੀ। ਤਿੱਖੀ ਤੱਕਣੀ ਨਾਲ ਉਹਨੂੰ ਘੂਰਿਆ ਤੇ ਬੂਹੇ ਦੀ ਚਿਟਕਣੀ ਲਾ ਦਿੱਤੀ। ਰਾਤ ਦੇ ਬਾਰਾਂ ਵੱਜ ਗਏ ਸੀ। ਸ਼ਹਿਰ ਦਾ ਆਲ ਦੁਆਲਾ ਕਿਸੇ ਅਵੱਲੀ ਜਿਹੀ ਚੁੱਪ ਵਿਚ ਡੁੱਬਾ ਹੋਇਆ ਸੀ।
ਕੁਲਵੰਤ ਕੌਰ ਪਲੰਘ ਤੇ ਚੌਂਕੜੀ ਮਾਰ ਕੇ ਬੈਠ ਗਈ। ਈਸ਼ਰ ਸਿੰਘ ਖ਼ੌਰੇ ਆਪਣੇ ਖ਼ਿਆਲਾਂ ਦੀਆਂ ਗੰਢਾਂ ਖੋਲ੍ਹਣ ਵਿਚ ਰੁੱਝਾ ਹੋਇਆ ਸੀ, ਹੱਥੀਂ ਕਿਰਪਾਣ ਫੜੀ ਇਕ ਨੁਕਰੇ ਲੱਗ ਕੇ ਖਲੋਤਾ ਸੀ। ਝੱਟ-ਪਲ ਇੰਜ ਈ ਚੁੱਪ ਚਾਂ ਵਿਚ ਲੰਘ ਗਿਆ। ਕੁਲਵੰਤ ਕੌਰ ਨੂੰ ਅਪਣਾ ਆਸਨ ਪਸੰਦ ਨਾ ਆਇਆ ਤੇ ਉਹ ਪਲੰਘ ਤੋਂ ਲੱਤਾਂ ਲਿਮਕਾ ਕੇ ਹਿਲਾਉਣ ਲੱਗ ਪਈ। ਈਸ਼ਰ ਸਿੰਘ ਫਿਰ ਵੀ ਕੁੱਝ ਨਾ ਬੋਲਿਆ।
ਕੁਲਵੰਤ ਕੌਰ ਚੰਗੇ ਹੱਡਾਂ ਪੈਰਾਂ ਵਾਲ਼ੀ ਭਰਵੀਂ ਜ਼ਨਾਨੀ ਸੀ। ਚੌੜਾ ਥੱਲਾ, ਥਲ ਥਲ ਕਰਦੇ ਗੋਸ਼ਤ ਦਾ ਭਰਿਆ ਕੁੱਝ ਵਾਹਵਾ ਈ ਉਭਰਿਆ ਹੋਇਆ ਸੀਨਾ, ਤੇਜ਼ ਅੱਖਾਂ, ਉਤਲੇ ਬੁੱਲ੍ਹਾਂ ਦੇ ਉਤੇ ਵਾਲਾਂ ਦਾ ਸੁਰਮਈ ਗ਼ੁਬਾਰ, ਠੋਡੀ ਦੀ ਬਣਤ ਤੋਂ ਪਤਾ ਲਗਦਾ ਸੀ ਪਈ ਬੜੀ ਧੜੱਲੇ ਵਾਲ਼ੀ ਜ਼ਨਾਨੀ ਏ।
ਈਸ਼ਰ ਸਿੰਘ ਸਿਰ ਨਿਵਾਈਂ ਇਕ ਨੁਕਰੇ ਚੁੱਪ-ਚਾਪ ਖਲੋਤਾ ਸੀ, ਸਿਰ ਤੇ ਕੱਸ ਕੇ ਬੰਨ੍ਹੀ ਪੱਗ ਢਿੱਲੀ ਹੋ ਰਹੀ ਸੀ, ਜਿਸ ਹਥ ਵਿਚ ਕ੍ਰਿਪਾਣ ਫੜੀ ਸੀ ਉਹ ਹੌਲੀ ਹੌਲੀ ਕੰਬ ਰਿਹਾ ਸੀ। ਪਰ ਉਹਦੇ ਕੱਦ-ਕਾਠ ਤੋਂ ਜਾਪਦਾ ਸੀ ਪਈ ਉਹ ਕੁਲਵੰਤ ਕੌਰ ਵਰਗੀ ਜ਼ਨਾਨੀ ਲਈ ਚੰਗਾ ਤੇ ਵਧੀਆ ਜਣਾ ਸੀ।
ਕੁੱਝ ਵੇਲ਼ਾ ਹੋਰ ਚੁੱਪ-ਚਾਂ ਵਿਚ ਲੰਘਿਆ ਤੇ ਕੁਲਵੰਤ ਕੌਰ ਤ੍ਰਭਕ ਪਈ। ਪਰ ਤੇਜ਼ ਤੱਕਣੀ ਨਾਲ ਤੱਕਦਿਆਂ ਏਨਾ ਈ ਆਖ ਸਕੀ ”ਈਸ਼ਰ ਸਿਆਂ!”
ਈਸ਼ਰ ਸਿੰਘ ਨੇ ਧੌਣ ਚੁਕ ਕੇ ਕੁਲਵੰਤ ਕੌਰ ਵੱਲ ਵੇਖਿਆ, ਪਰ ਉਹਦੀਆਂ ਨਜ਼ਰਾਂ ਦੀਆਂ ਗੋਲੀਆਂ ਨੂੰ ਜਰ ਨਾ ਸਕਿਆ ਤੇ ਮੂੰਹ ਭੁਆਂ ਲਿਆ।
ਕੁਲਵੰਤ ਕੌਰ ਚੀਕੀ: ”ਈਸ਼ਰ ਸਿਆਂ!” ਪਰ ਫਿਰ ਅੱਚਣ-ਚੇਤੀ ਵਾਜ ਘੁੱਟ ਲਈ ਤੇ ਪਲੰਘ ਤੋਂ ਉਠ ਕੇ ਉਹਦੇ ਵੱਲ ਜਾਂਦਿਆਂ ਬੋਲੀ: ”ਕਿੱਥੇ ਰਿਹੈਂ ਤੂੰ ਏਨੇ ਦਿਨ?”
ਈਸ਼ਰ ਸਿੰਘ ਨੇ ਸੁੱਕੇ ਬੁਲ੍ਹਾਂ ਤੇ ਜੀਭ ਫੇਰੀ: ”ਮੈਨੂੰ ਨਹੀਂ ਪਤਾ।”
ਕੁਲਵੰਤ ਕੌਰ ਨੂੰ ਕਾਵੜ ਚੜ੍ਹ ਗਈ: ”ਇਹ ਵੀ ਮਾਂ ਯਾ ਜਵਾਬ ਏ?”
ਈਸ਼ਰ ਸਿੰਘ ਨੇ ਕ੍ਰਿਪਾਣ ਇਕ ਪਾਸੇ ਸੁਟ ਦਿੱਤੀ ਤੇ ਪਲੰਘ ਤੇ ਲੰਮਾਂ ਪੇ ਗਿਆ। ਇੰਜ ਜਾਪਦਾ ਸੀ ਜਿਵੇਂ ਕਈ ਦਿਨਾਂ ਦਾ ਬੀਮਾਰ ਹੋਵੇ। ਕੁਲਵੰਤ ਕੌਰ ਨੇ ਪਲੰਘ ਵੱਲ ਵੇਖਿਆ ਜਿਹੜਾ ਹੁਣ ਈਸ਼ਰ ਸਿੰਘ ਦੇ ਜੁੱਸੇ ਨਾਲ ਭਰਿਆ ਹੋਇਆ ਸੀ। ਉਹਦਾ ਦਿਲ ਪੋਲਾ ਪੈ ਗਿਆ। ਉਹਦੇ ਮੱਥੇ ਤੇ ਹਥ ਰੱਖ ਕੇ ਉਹਨੇ ਬੜੇ ਮੋਹ ਨਾਲ ਪੁੱਛਿਆ: ”ਜਾਨੀ ਕੀ ਹੋਇਆ ਏ ਤੈਨੂੰ?”
ਈਸ਼ਰ ਸਿੰਘ ਛੱਤ ਵੱਲ ਘੂਰ ਰਿਹਾ ਸੀ। ਉਧਰੋਂ ਨਜ਼ਰਾਂ ਫੇਰ ਕੇ ਉਹਨੇ ਕੁਲਵੰਤ ਕੌਰ ਦੇ ਜਾਣੇ-ਪਛਾਣੇ ਮੁਹਾਂਦਰੇ ਨੂੰ ਫਰੋਲਣਾ ਸ਼ੁਰੂ ਕੀਤਾ: ”ਕੁਲਵੰਤ!”
ਵਾਜ ਵਿਚ ਪੀੜ ਸੀ। ਕੁਲਵੰਤ ਕੌਰ ਸਾਰੀ ਦੀ ਸਾਰੀ ਆਪਣੇ ਉਤਲੇ ਬੁੱਲਾਂ ਵਿਚ ਆ ਗਈ ”ਹਾਂ ਜਾਨੀ!” ਆਖ ਕੇ ਉਹ ਬੁੱਲ੍ਹਾਂ ਨੂੰ ਦੰਦਾਂ ਨਾਲ ਚਿੱਥਣ ਲੱਗ ਪਈ।
ਈਸ਼ਰ ਸਿੰਘ ਨੇ ਪੱਗ ਲਾਹ ਦਿੱਤੀ। ਕੁਲਵੰਤ ਨੂੰ ਸਹਾਰਾ ਦੇਣ ਵਾਲੀ ਤੱਕਣੀ ਨਾਲ ਤੱਕਿਆ। ਉਹਦੇ ਮਾਸ ਭਰੇ ਚੁੱਤੜਾਂ ਤੇ ਜ਼ੋਰ ਦਾ ਧੱਫਾ ਮਾਰਿਆ ਤੇ ਸਿਰ ਨੂੰ ਝਟਕਾ ਕੇ ਆਪਣੇ ਆਪ ਨੂੰ ਆਖਿਆ : ”ਇਹ ਕੁੜੀ ਦਾ ਦਿਮਾਗ਼ ਈ ਖ਼ਰਾਬ ਏ।”
ਝਟਕਾ ਦੇਣ ਨਾਲ ਉਹਦੇ ਕੇਸ ਖੁਲ੍ਹ ਗਏ। ਕੁਲਵੰਤ ਕੌਰ ਉਂਗਲਾਂ ਨਾਲ ਉਨ੍ਹਾਂ ਵਿਚ ਕੰਘੀ ਕਰਨ ਲੱਗੀ। ਇੰਜ ਕਰਦਿਆਂ ਉਹਨੇ ਬੜੇ ਮੋਹ ਨਾਲ ਪੁੱਛਿਆ: ”ਈਸ਼ਰ ਸਿਆਂ ਕਿੱਥੇ ਰਿਹੈਂ ਤੂੰ ਏਨੇ ਦਿਨ?”
”ਬੁਰੇ ਦੀ ਮਾਂ ਦੇ ਘਰ” ਈਸ਼ਰ ਸਿੰਘ ਨੇ ਕੁਲਵੰਤ ਨੂੰ ਘੂਰੀ ਵੱਟੀ ਤੇ ਅੱਚਨ-ਚੇਤੀ ਦੋਹਾਂ ਹੱਥਾਂ ਨਾਲ ਉਹਦੇ ਭਰੇ ਭਰੇ ਸੀਨੇ ਨੂੰ ਮਚੋੜਨ ਲੱਗਾ : ”ਸੌਂਹ ਵਾਹਿਗੁਰੂ ਦੀ! ਬੜੀ ਭਰਵੀਂ ਜ਼ਨਾਨੀ ਏਂ ਤੂੰ।”
ਕੁਲਵੰਤ ਕੌਰ ਨੇ ਬੜੀ ਮੜਕ ਨਾਲ ਈਸ਼ਰ ਸਿੰਘ ਦੇ ਹਥ ਝਟਕ ਦਿੱਤੇ ਤੇ ਪੁੱਛਿਆ:” ਤੈਨੂੰ ਮੇਰੀ ਸੌਂਹ! ਦੱਸ ਕਿੱਥੇ ਰਿਹੈਂ । ਸ਼ਹਿਰ ਗਿਆ ਸੀ?”
ਈਸ਼ਰ ਸਿੰਘ ਨੇਂ ਇਕੋ ਲਪੇਟ ਵਿਚ ਆਪਣੇ ਵਾਲ਼ਾਂ ਦਾ ਜੂੜਾ ਬਣਾਉਂਦਿਆਂ ਜਵਾਬ ਦਿੱਤਾ:
”ਨਹੀਂ।”
ਕੁਲਵੰਤ ਕੌਰ ਚਿੜ੍ਹ ਗਈ: ”ਨਹੀਂ ਤੂੰ ਜ਼ਰੂਰ ਸ਼ਹਿਰ ਈ ਗਿਆ ਸੀ । ਤੇ ਤੂੰ ਬੜਾ ਪੈਸਾ ਲੁੱਟਿਆ ਏ ਜਿਹੜਾ ਹੁਣ ਮੈਥੋਂ ਲੁਕੋ ਰਿਹਾ ਏਂ।”
”ਉਹ ਆਪਣੇ ਪਿਓ ਦਾ ਨਹੀਂ ਜਿਹੜਾ ਤੇਰੇ ਨਾਲ ਝੂਠ ਬੋਲੇ।”
ਕੁਲਵੰਤ ਕੌਰ ਝੱਟ ਇਕ ਲਈ ਚੁੱਪ ਹੋ ਗਈ, ਪਰ ਫਿਰ ਭਖ਼ ਪਈ ”ਪਰ ਮੈਨੂੰ ਸਮਝ ਨਹੀਂ ਆਉਂਦੀ ਉਸ ਰਾਤ ਤੈਨੂੰ ਹੋਇਆ ਕੀ ਸੀ । ਚੰਗਾ ਭਲਾ ਮੇਰੇ ਨਾਲ ਲੰਮਾ ਪਿਆ ਸੀ, ਮੈਨੂੰ ਉਹ ਸਾਰੇ ਗਹਿਣੇ ਪਵਾਏ ਹੋਏ ਸਨ ਜਿਹੜੇ ਸ਼ਹਿਰੋਂ ਲੁੱਟ ਕੇ ਲਿਆਇਆ ਸੀ। ਮੇਰੀਆਂ ਭਪੀਆਂ ਲੈ ਰਿਹਾ ਸੀ, ਰੱਬ ਜਾਣੇ ਇਕਵਾਰੀ ਤੈਨੂੰ ਕੀ ਹੋ ਗਿਆ, ਉਠਿਆ ਤੇ ਕੱਪੜੇ ਪਾ ਕੇ ਬਾਹਰ ਨਿਕਲ ਗਿਆ।”
ਈਸ਼ਰ ਸਿੰਘ ਦਾ ਰੰਗ ਪੀਲ਼ਾ ਫਟਕ ਹੋ ਗਿਆ। ਕੁਲਵੰਤ ਕੌਰ ਨੇ ਇਹ ਬਦਲੀ ਵੇਖਦਿਆਂ ਈ ਆਖਿਆ: ”ਵੇਖਿਆ, ਕਿਵੇਂ ਰੰਗ ਪੀਲ਼ਾ ਪੇ ਗਿਆ । ਈਸ਼ਰ ਸਿਆਂ, ਸੌਂਹ ਵਾਹਿਗੁਰੂ ਦੀ, ਜ਼ਰੂਰ ਦਾਲ ਵਿਚ ਕੁੱਝ ਕਾਲ਼ਾ ਏ।”
”ਤੇਰੀ ਜਾਨ ਦੀ ਸੌਂਹ , ਕੁੱਝ ਵੀ ਨਹੀਂ।”
ਈਸ਼ਰ ਸਿੰਘ ਦੀ ਵਾਜ ਬੇ-ਜਾਨ ਸੀ, ਕੁਲਵੰਤ ਕੌਰ ਦਾ ਸ਼ੁਬ੍ਹਾ ਹੋਰ ਪੱਕਾ ਹੋ ਗਿਆ। ਉਤਲਾ ਬੁੱਲ੍ਹ ਚਿੱਥ ਕੇ ਉਹਨੇ ਇਕ ਇਕ ਫ਼ਿਕਰੇ ਤੇ ਜ਼ੋਰ ਦਿੰਦਿਆਂ ਆਖਿਆ: ”ਈਸ਼ਰ ਸਿਆਂ! ਕੀ ਗੱਲ ਐ, ਤੂੰ ਉਹ ਨਹੀਂ ਏਂ ਜਿਹੜਾ ਅੱਜ ਤੋਂ ਅਠ ਦਿਹਾੜੇ ਪਹਿਲਾਂ ਸੀ?”
ਈਸ਼ਰ ਸਿੰਘ ਤ੍ਰਭਕ ਕੇ ਉਠਿਆ ਜਿਵੇਂ ਉਹਦੇ ਤੇ ਕਿਸੇ ਨੇ ਧਾੜਾ ਮਾਰ ਦਿੱਤਾ ਹੋਵੇ। ਕੁਲਵੰਤ ਕੌਰ ਨੂੰ ਆਪਣੀਆਂ ਤਗੜਿਆਂ ਬਾਹਾਂ ਵਿਚ ਨੱਪ ਕੇ ਉਹਨੇ ਮਧੋਲਣਾ ਸ਼ੁਰੂ ਕਰ ਦਿੱਤਾ: ”ਜਾਨੀ ਮੈਂ ਉਹੋ ਈ ਆਂ । ਘੁੱਟ ਘੁੱਟ ਪਾ ਜੱਫੀਆਂ, ਤੇਰੀ ਨਿਕਲੇ ਹੱਡਾਂ ਦੀ ਗਰਮੀ।”
ਕੁਲਵੰਤ ਕੌਰ ਨੇ ਅੱਗੋਂ ਉਹਨੂੰ ਡੱਕਿਆ ਤੇ ਨਾ, ਪਰ ਸ਼ਿਕਾਇਤ ਕਰਦੀ ਰਹੀ: ”ਤੈਨੂੰ ਉਸ ਰਾਤ ਹੋ ਕੀ ਗਿਆ ਸੀ?”
”ਬੁਰੇ ਦੀ ਮਾਂ ਦਾ ਉਹ ਹੋ ਗਿਆ ਸੀ।”
”ਦੱਸੇਂਗਾ ਨਹੀਂ?”
”ਕੋਈ ਗੱਲ ਹੋਵੇ ਤੇ ਦਸਾਂ।”
”ਮੈਨੂੰ ਆਪਣੇ ਹੱਥੀਂ ਸਾੜੇਂ ਜੇ ਝੂਠ ਬੋਲੇਂ।”
ਈਸ਼ਰ ਸਿੰਘ ਨੇ ਆਪਣੀਆਂ ਬਾਹਾਂ ਉਹਦੀ ਧੌਣ ਦੁਆਲੇ ਪਾ ਲਈਆਂ ਤੇ ਬੁੱਲ੍ਹ ਉਹਦੇ ਬੁੱਲ੍ਹਾਂ ਤੇ ਗੱਡ ਦਿੱਤੇ। ਮੁੱਛਾਂ ਦੇ ਵਾਲ਼ ਕੁਲਵੰਤ ਕੌਰ ਦੀਆਂ ਨਾਸਾਂ ਵਿਚ ਚੁਭੇ ਤੇ ਉਹਨੂੰ ਛਿੱਕ ਆ ਗਈ। ਦੋਵੇਂ ਹੱਸ ਪਏ।
ਈਸ਼ਰ ਸਿੰਘ ਨੇ ਅਪਣੀ ਸਦਰੀ ਲਾਹ ਦਿੱਤੀ ਤੇ ਕੁਲਵੰਤ ਕੌਰ ਨੂੰ ਸ਼ਹਿਵਾਨੀ ਨਜ਼ਰਾਂ ਨਾਲ ਵੇਖ ਕੇ ਆਖਿਆ: ”ਚੱਲ ਆਜਾ ਤਾਸ਼ ਦੀ ਇਕ ਬਾਜ਼ੀ ਹੋ ਜਾਵੇ!”
ਕੁਲਵੰਤ ਕੌਰ ਦੇ ਉਤਲੇ ਬੁੱਲ੍ਹਾਂ ਤੇ ਮੁੜ੍ਹਕੇ ਦੇ ਨਿੱਕੇ ਨਿੱਕੇ ਤੁਬਕੇ ਨਿਕਲ ਆਏ। ਬੜੀ ਮੜ੍ਹਕ ਨਾਲ ਉਹਨੇ ਡੇਲੇ ਘੁਮਾ ਕੇ ਆਖਿਆ : ”ਚੱਲ, ਦਫ਼ਾ ਹੋ।”
ਈਸ਼ਰ ਸਿੰਘ ਨੇ ਉਹਦੇ ਭਰੇ ਹੋਏ ਚੁੱਤੜਾਂ ਤੇ ਭਰਵੀਂ ਚੂੰਢੀ ਵੱਢੀ ਤੇ ਕੁਲਵੰਤ ਕੌਰ ਤੜਫ਼ ਕੇ ਪਾਸੇ ਹੋ ਗਈ। ”ਨਾ ਕਰ ਈਸ਼ਰ ਸਿਆਂ ਮੈਨੂੰ ਪੀੜ ਹੁੰਦੀ ਏ।”
ਈਸ਼ਰ ਸਿੰਘ ਨੇ ਅਗਾਂਹ ਵਧ ਕੇ ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਦੰਦਾਂ ਹੇਠ ਲਿਆ ਤੇ ਚਿੱਥਣ ਲੱਗ ਪਿਆ। ਕੁਲਵੰਤ ਕੌਰ ਉੱਕਾ ਈ ਪੰਘਰ ਗਈ। ਈਸ਼ਰ ਸਿੰਘ ਨੇ ਅਪਣਾ ਕੁਰਤਾ ਲਾਹ ਕੇ ਸੁੱਟ ਦਿੱਤਾ ਤੇ ਆਖਿਆ : ”ਲੈ ਫਿਰ ਹੋ ਜਾਵੇ ਤੁਰਪ ਚਾਲ।”
ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਕੰਬਣ ਲੱਗਾ। ਈਸ਼ਰ ਸਿੰਘ ਨੇ ਦੋਹਾਂ ਹੱਥਾਂ ਨਾਲ ਕੁਲਵੰਤ ਕੌਰ ਦੇ ਝੱਗੇ ਦਾ ਘੇਰਾ ਫੜਿਆ ਤੇ ਜਿਵੇਂ ਬੱਕਰੇ ਦੀ ਖੱਲ ਲਾਹੀ ਦੀ ਏ, ਇੰਜ ਉਹਨੂੰ ਲਾਹ ਕੇ ਇਕ ਪਾਸੇ ਰੱਖ ਦਿੱਤਾ। ਫਿਰ ਉਹਨੇ ਘੂਰ ਕੇ ਉਹਦੇ ਨੰਗੇ ਪਿੰਡੇ ਨੂੰ ਵੇਖਿਆ ਤੇ ਬਾਂਹ ਤੇ ਕੱਸ ਕੇ ਚੂੰਢੀ ਵਢਦੀਆਂ ਆਖਿਆ: ”ਕੁਲਵੰਤ! ਸੌਂਹ ਵਾਹਿਗੁਰੂ ਦੀ, ਬੜੀ ਕਰਾਰੀ ਜ਼ਨਾਨੀ ਏਂ ਤੂੰ।”
ਕੁਲਵੰਤ ਕੌਰ ਅਪਣੀ ਬਾਂਹ ਤੇ ਬਣੇ ਲਾਲ ਨਿਸ਼ਾਨ ਨੂੰ ਵੇਖਣ ਲੱਗੀ: ”ਬੜਾ ਜ਼ਾਲਮ ਏਂ ਤੂੰ ਈਸ਼ਰ ਸਿਆਂ!”
ਈਸ਼ਰ ਸਿੰਘ ਆਪਣੀਆਂ ਸੰਘਣੀਆਂ ਕਾਲੀਆਂ ਮੁੱਛਾਂ ਵਿਚ ਮੁਸਕਾਇਆ: ”ਹੋਣ ਦੇ ਫਿਰ ਅੱਜ ਜ਼ੁਲਮ!” ਇਹ ਆਖ ਕੇ ਉਹਨੇ ਲੋੜ੍ਹਾ ਈ ਪਾ ਦਿੱਤਾ। ਕੁਲਵੰਤ ਕੌਰ ਦਾ ਉਤਲਾ ਬੁੱਲ੍ਹ ਦੰਦਾਂ ਵਿੱਚ ਲੈ ਕੇ ਚਿਥੀਆ। ਕੰਨ ਤੇ ਦੰਦੀ ਵੱਢੀ। ਉਭਰੇ ਹੋਏ ਸੀਨੇ ਨੂੰ ਮਧੋਲਿਆ। ਭਰੇ ਹੋਏ ਚੁੱਤੜਾਂ ਤੇ ਤਾੜ ਤਾੜ ਚਪੇੜਾਂ ਮਾਰੀਆਂ। ਗੱਲ੍ਹਾਂ ਤੇ ਮੂੰਹ ਭਰ ਭਰ ਚੁੰਮੀਆਂ ਲਈਆਂ। ਚੂਸ ਚੂਸ ਕੇ ਉਹਦੀ ਸਾਰੀ ਛਾਤੀ ਥੁੱਕ ਨਾਲ ਲਬੇੜ ਦਿੱਤੀ।
ਕੁਲਵੰਤ ਕੌਰ ਅੱਗ ਦੇ ਭਾਂਬੜ ਤੇ ਚੜ੍ਹੀ ਹਾਂਡੀ ਵਾਂਗ ਉਬਲਣ ਲੱਗ ਪਈ। ਪਰ ਈਸ਼ਰ ਸਿੰਘ ਇਹ ਸਾਰਾ ਕੁੱਝ ਕਰਣ ਮਗਰੋਂ ਵੀ ਆਪਣੇ ਅੰਦਰ ਗਰਮੀ ਨਾ ਲਿਆ ਸਕਿਆ।
ਜਿੰਨੇ ਗੁਰ ਤੇ ਦਾਅ ਉਹਨੂੰ ਚੇਤੇ ਸਨ, ਸਾਰੇ ਉਹਨੇ ਢੈਣ ਵਾਲੇ ਪਹਿਲਵਾਨ ਵਾਂਗੂੰ ਵਰਤ ਲਏ ਪਰ ਕੋਈ ਵੀ ਦਾਅ ਨਾ ਚੱਲਿਆ। ਕੁਲਵੰਤ ਕੌਰ ਨੇ ਜਿਹਦੇ ਪਿੰਡੇ ਦੀਆਂ ਸਾਰੀਆਂ ਤਾਰਾਂ ਆਪਣੇ ਆਪ ਵੱਜਣ ਲੱਗ ਪਈਆਂ ਸੀ, ਵਾਧੂ ਦੀ ਛੇੜ ਛਾੜ ਤੋਂ ਤੰਗ ਆ ਕੇ ਆਖਿਆ: ”ਈਸ਼ਰ ਸਿਆਂ, ਬੜਾ ਫੈਂਟ ਲਿਆ ਏ, ਹੁਣ ਪੱਤਾ ਸੁਟ!”
ਇਹ ਸੁਣਦਿਆਂ ਈ ਈਸ਼ਰ ਸਿੰਘ ਦੇ ਹੱਥੋਂ ਜਿਵੇਂ ਤਾਸ਼ ਦੀ ਸਾਰੀ ਗੱਡੀ ਤਿਲਕ ਗਈ। ਹਫ਼ਦਾ ਹੋਇਆ ਉਹ ਕੁਲਵੰਤ ਕੌਰ ਦੇ ਪਾਸੇ ਤੇ ਨਾਲ ਲੰਮਾਂ ਪੈ ਗਿਆ ਤੇ ਉਹਦੇ ਮੱਥੇ ਤੇ ਠੰਢੇ ਮੁੜ੍ਹਕੇ ਦੇ ਲੇਪ ਹੋਣ ਲੱਗੇ। ਕੁਲਵੰਤ ਕੌਰ ਨੇ ਉਹਨੂੰ ਗਰਮਾਉਣ ਦਾ ਬੜਾ ਵਾਹ ਲਾਇਆ। ਪਰ ਕੋਈ ਗੱਲ ਨਾ ਬਣੀ। ਹੁਣ ਤੀਕਰ ਸਾਰਾ ਕੁੱਝ ਮੂੰਹੋਂ ਬੋਲੇ ਬਿਨਾਂ ਈ ਹੁੰਦਾ ਰਿਹਾ ਸੀ। ਪਰ ਜਦੋਂ ਕੁਲਵੰਤ ਕੌਰ ਦੇ ਉਡੀਕਣਹਾਰੇ ਅੰਗਾਂ ਨੂੰ ਬੜੀ ਨਾ-ਉਮੀਦੀ ਹੋਈ ਤੇ ਉਹ ਕਾਵੜ ਕੇ ਪਲੰਘ ਤੋਂ ਹੇਠਾਂ ਉੱਤਰ ਗਈ। ਸਾਹਮਣੇ ਕਿੱਲੀ ਤੇ ਚਾਦਰ ਟੰਗੀ ਸੀ, ਉਹਨੂੰ ਲਾਹ ਕੇ ਉਹਨੇ ਛੇਤੀ ਛੇਤੀ ਉੱਤੇ ਲਿਆ ਤੇ ਨਾਸਾਂ ਫੁਲਾ ਕੇ ਆਫਰੀ ਹੋਈ ਬੋਲੀ: ”ਈਸ਼ਰ ਸਿਆਂ! ਉਹ ਕੌਣ ਹਰਾਮ ਦੀ ਜਣੀ ਏਂ ਜਿਹਦੇ ਕੋਲ਼ ਤੂੰ ਏਨੇ ਦਿਨ ਰਹਿ ਕੇ ਆਇਆ ਏਂ ਤੇ ਜਿਹਨੇ ਤੈਨੂੰ ਨਿਚੋੜ ਲਿਆ ਏ।”
ਈਸ਼ਰ ਸਿੰਘ ਪਲੰਘ ਤੇ ਪਿਆ ਹਫ਼ਦਾ ਰਿਹਾ ਤੇ ਕੁੱਝ ਨਾ ਬੋਲਿਆ।
ਕੁਲਵੰਤ ਕੌਰ ਗ਼ੁੱਸੇ ਨਾਲ ਉਬਲਣ ਲੱਗ ਪਈ: ”ਮੈਂ ਪੁੱਛਨੀ ਆਂ ਕੌਣ ਏ ਉਹ ਚੁਡੂ । ਕੌਣ ਏ ਉਹ ਅਲਿਫ਼ਤੀ । ਕੌਣ ਏ ਉਹ ਚੋਰ। ਦੱਸ।”
ਈਸ਼ਰ ਸਿੰਘ ਨੇ ਥੱਕੇ ਲਹਿਜੇ ਵਿਚ ਜਵਾਬ ਦਿੱਤਾ ”ਕੋਈ ਵੀ ਨਹੀਂ ਕੁਲਵੰਤ ਕੌਰੇ, ਕੋਈ ਵੀ ਨਹੀਂ।”
ਕੁਲਵੰਤ ਕੌਰ ਨੇ ਆਪਣੇ ਭਾਰੇ ਚੁੱਤੜਾਂ ਤੇ ਹਥ ਰੱਖ ਕੇ ਬੋਲ ਮਾਰਿਆ: ”ਈਸ਼ਰ ਸਿਆਂ, ਮੈਂ ਅੱਜ ਸੱਚ ਝੂਠ ਨਿਤਾਰ ਕੇ ਰਹਾਂਗੀ । ਵਾਹਿਗੁਰੂ ਜੀ ਦੀ ਸੌਂਹ । ਕੀ ਇਹਦੇ ਪਿੱਛੇ ਕੋਈ ਜ਼ਨਾਨੀ ਨਹੀਂ ਏ?”
ਈਸ਼ਰ ਸਿੰਘ ਕੁੱਝ ਬੋਲਣ ਈ ਲੱਗਾ ਸੀ ਪਰ ਕੁਲਵੰਤ ਕੌਰ ਨੇ ਬੋਲਣ ਨਾ ਦਿੱਤਾ: ”ਸੌਂਹ ਚੁੱਕਣ ਤੋਂ ਪਹਿਲਾਂ ਸੋਚ ਲਵੀਂ ਇਕ ਵਾਰੀ ਪਈ ਮੈਂ ਵੀ ਸਰਦਾਰ ਨਿਹਾਲ ਸਿੰਘ ਦੀ ਧੀ ਆਂ । ਡੱਕਰੇ ਕਰ ਦੇਵਾਂਗੀ ਜੇ ਤੂੰ ਝੂਠ ਬੋਲਿਆ ਤੇ । ਲੈ ਹੁਣ ਚੁਕ ਵਾਹਿਗੁਰੂ ਜੀ ਦੀ ਸੌਂਹ । ਕਿ ਇਹਦੇ ਪਿੱਛੇ ਕੋਈ ਜ਼ਨਾਨੀ ਨਹੀਂ ਏ?”
ਈਸ਼ਰ ਸਿੰਘ ਨੇ ਬੜੇ ਹਿਰਖ ਨਾਲ ਹਾਂ ਵਿਚ ਸਿਰ ਮਾਰਿਆ। ਕੁਲਵੰਤ ਕੌਰ ਹਥੀਓਂ ਈ ਉਖੜ ਗਈ। ਨੱਸ ਕੇ ਨੁੱਕਰ ਵਿਚ ਪਈ ਕ੍ਰਿਪਾਨ ਚੱਕੀ, ਮਿਆਨ ਨੂੰ ਕੇਲੇ ਦੇ ਛਿੱਲੜ ਵਾਂਗੂੰ ਲਾਹ ਕੇ ਪਾਸੇ ਸੁੱਟਿਆ ਤੇ ਈਸ਼ਰ ਸਿੰਘ ਤੇ ਵਾਰ ਕਰ ਦਿੱਤਾ।
ਵੇਖਦਿਆਂ ਈ ਵੇਖਦਿਆਂ ਲਹੂ ਦੇ ਫ਼ਵਾਰੇ ਛੁੱਟ ਪਏ। ਕੁਲਵੰਤ ਕੌਰ ਦਾ ਇੰਜ ਵੀ ਦਿਲ ਨਾ ਠਰਿਆ ਤੇ ਉਹਨੇ ਵਹਿਸ਼ੀ ਬਿੱਲੀਆਂ ਵਾਂਗੂੰ ਈਸ਼ਰ ਸਿੰਘ ਦੇ ਕੇਸ ਪੱਟਣੇ ਸ਼ੁਰੂ ਕਰ ਦਿੱਤੇ। ਨਾਲੋ ਨਾਲ ਉਹ ਅਪਣੀ ਅਣ-ਪਛਾਤੀ ਸੌਂਕਣ ਨੂੰ ਮੋਟੀਆਂ ਮੋਟੀਆਂ ਗਾਹਲਾਂ ਵੀ ਕੱਢਦੀ ਰਹੀ। ਈਸ਼ਰ ਸਿੰਘ ਨੇ ਕੁੱਝ ਚਿਰ ਮਗਰੋਂ ਬੜੀ ਔਖ ਨਾਲ ਤਰਲਾ ਪਾਇਆ: ”ਜਾਣ ਦੇ ਹੁਣ ਕੁਲਵੰਤ ਕੌਰੇ! ਜਾਣ ਦੇ।” ਵਾਜ ਵਿਚ ਲੋੜ੍ਹੇ ਦੀ ਪੀੜ ਸੀ। ਕੁਲਵੰਤ ਕੌਰ ਪਿਛਾਂਹ ਹੱਟ ਗਈ।
ਲਹੂ ਈਸ਼ਰ ਸਿੰਘ ਦੇ ਗਲ਼ ਤੋਂ ਉਡ ਉਡ ਉਹਦੀਆਂ ਮੁੱਛਾਂ ਤੇ ਡਿੱਗ ਰਿਹਾ ਸੀ। ਉਹਨੇ ਆਪਣੇ ਕੰਬਦੇ ਬੁੱਲ੍ਹ ਖੋਲ੍ਹੇ ਤੇ ਕੁਲਵੰਤ ਕੌਰ ਵੱਲ ਸ਼ੁਕਰੀਏ ਤੇ ਗਿਲੇ ਵਾਲੀ ਤੱਕਣੀ ਤੱਕੀ : ”ਮੇਰੀ ਜਾਨ! ਤੂੰ ਬੜੀ ਕਾਹਲ਼ ਕੀਤੀ । ਪਰ ਜੋ ਹੋਇਆ ਚੰਗਾ ਹੋਇਆ।”
ਕੁਲਵੰਤ ਕੌਰ ਦਾ ਜੁੱਸਾ ਫੜਕਿਆ:”ਪਰ ਉਹ ਹੈ ਕੌਣ? ਤੇਰੀ ਮਾਂ!”
ਲਹੂ ਈਸ਼ਰ ਸਿੰਘ ਦੀ ਜੀਭ ਤੀਕਰ ਅੱਪੜ ਗਿਆ। ਜਦੋਂ ਉਹਨੇ ਉਹਦਾ ਸਵਾਦ ਚੱਖਿਆ ਤੇ ਉਹਦੇ ਪਿੰਡੇ ਵਿਚ ਝੁਰਝੁਰੀ ਜਿਹੀ ਦੌੜ ਗਈ।
”ਤੇ ਮੈਂ । ਤੈ ਮੈਂ । ਭੈਣ ਯਾ ਛੇ ਬੰਦਿਆਂ ਨੂੰ ਕਤਲ ਕੀਤਾ ਏ । ਇਸ ਕ੍ਰਿਪਾਨ ਨਾਲ।”
ਕੁਲਵੰਤ ਕੌਰ ਦੇ ਦਿਮਾਗ਼ ਵਿੱਚ ਸਿਰਫ਼ ਦੂਜੀ ਜ਼ਨਾਨੀ ਸੀ: ”ਮੈਂ ਪੁੱਛਨੀ ਆਂ, ਕੌਣ ਏ ਉਹ ਹਰਾਮ ਦੀ ਜਣੀ?”
ਈਸ਼ਰ ਸਿੰਘ ਦੀਆਂ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ। ਇਕ ਮਾੜੀ ਜਿਹੀ ਚਮਕ ਉਨ੍ਹਾਂ ਵਿਚ ਆਈ ਤੇ ਉਹਨੇ ਕੁਲਵੰਤ ਕੌਰ ਨੂੰ ਆਖਿਆ: ”ਗਾਹਲ਼ ਨਾ ਕੱਢ ਉਸ ਭੜਵੀ ਨੂੰ।”
ਕੁਲਵੰਤ ਚੀਕੀ: ”ਮੈਂ ਪੁੱਛਨੀ ਆਂ, ਉਹ ਹੈ ਕੌਣ?”
ਈਸ਼ਰ ਸਿੰਘ ਰੋਣ ਹਾਕਾ ਹੋ ਗਿਆ: ”ਦੱਸਨਾਂ।” ਇਹ ਕਹਿ ਕੇ ਉਹਨੇ ਆਪਣੇ ਗਲ਼ ਤੇ ਹਥ ਫੇਰਿਆ ਤੇ ਉਹਦੇ ਤੇ ਅਪਣਾ ਜਿਊਂਦਾ ਲਹੂ ਵੇਖ ਕੇ ਮੁਸਕਾਇਆ : ”ਬੰਦਾ ਮਾਂ ਯਾ ਵੀ ਇਕ ਔਂਤਰੀ ਸ਼ੈ ਆ।”
ਕੁਲਵੰਤ ਕੌਰ ਉਹਦਾ ਜਵਾਬ ਉਡੀਕ ਰਹੀ ਸੀ: ”ਈਸ਼ਰ ਸਿਆਂ ਤੂੰ ਮਤਲਬ ਦੀ ਗੱਲ ਕਰ!”
ਈਸ਼ਰ ਸਿੰਘ ਦੀ ਮੁਸਕਾਨ ਉਹਦੀਆਂ ਲਹੂ ਭਰੀਆਂ ਮੁੱਛਾਂ ਵਿਚ ਹੋਰ ਖਿਲਰ ਗਈ । ”ਮਤਲਬ ਦੀ ਗੱਲ ਈ ਕਰ ਰਿਹਾਂ । ਗਲ਼ ਚੀਰਿਆ ਏ ਮਾਂ ਯਾ ਮੇਰਾ । ਹੁਣ ਹੌਲ਼ੀ ਹੌਲ਼ੀ ਈ ਦੱਸਾਂਗਾ ਸਾਰੀ ਗੱਲ।”
ਤੇ ਜਦੋਂ ਉਹ ਗੱਲ ਦੱਸਣ ਲੱਗਾ ਤੇ ਉਹਦੇ ਮੱਥੇ ਤੇ ਠੰਢੇ ਮੁੜ੍ਹਕੇ ਦੇ ਲੇਪ ਹੋਣ ਲੱਗੇ: ”ਕੁਲਵੰਤ! ਮੇਰੀ ਜਾਨ । ਮੈਂ ਤੈਨੂੰ ਦਸ ਨਹੀਂ ਸਕਦਾ, ਮੇਰੇ ਨਾਲ ਕੀ ਬੀਤੀ । ਬੰਦਾ ਕੁੜੀ ਯਾ ਵੀ ਇਕ ਔਂਤਰੀ ਸ਼ੈ ਆ । ਸ਼ਹਿਰ ਵਿਚ ਲੁੱਟ ਮਚੀ ਤੇ ਸਾਰਿਆਂ ਵਾਂਗੂੰ ਮੈਂ ਵੀ ਵਿੱਚ ਰਲ਼ ਗਿਆ । ਗਹਿਣੇ ਤੇ ਰੁਪਈਆ ਪੈਸਾ ਜੋ ਵੀ ਹਥ ਲੱਗਾ ਉਹ ਮੈਂ ਤੈਨੂੰ ਦੇ ਦਿੱਤਾ । ਪਰ ਇਕ ਗੱਲ ਤੈਥੋਂ ਲੁਕਾ ਲਈ।”
ਈਸ਼ਰ ਸਿੰਘ ਨੇ ਫੱਟ ਵਿਚ ਪੀੜ ਮਹਿਸੂਸ ਕੀਤੀ ਤੇ ਹਾਏ ਹਾਏ ਕਰਣ ਲੱਗਾ। ਕੁਲਵੰਤ ਕੌਰ ਨੇ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਬੜੀ ਬੇ-ਰਹਿਮੀ ਨਾਲ ਪੁੱਛਿਆ : ”ਕਿਹੜੀ ਗੱਲ?”
ਈਸ਼ਰ ਸਿੰਘ ਨੇ ਮੁੱਛਾਂ ਤੇ ਜੰਮਦੇ ਲਹੂ ਨੂੰ ਫੂਕ ਮਾਰ ਕੇ ਉਡਾਉਂਦਿਆਂ ਆਖਿਆ: ”ਜਿਸ ਮਕਾਨ ਤੇ । ਮੈਂ ਧਾੜਾ ਮਾਰਿਆ ਸੀ । ਉਹਦੇ ਵਿਚ ਸੱਤ । ਉਹਦੇ ਵਿਚ ਸੱਤ ਜੀ ਸਨ । ਛੇ ਮੈਂ । ਕਤਲ ਕਰ ਦਿੱਤੇ । ਇਸੇ ਕ੍ਰਿਪਾਨ ਨਾਲ ਜਿਹਦੇ ਨਾਲ ਤੂੰ ਮੈਨੂੰ । ਛੱਡ ਇਹਨੂੰ । ਸੁਣ । ਇਕ ਕੁੜੀ ਸੀ । ਅੱਤ ਸੋਹਣੀ । ਉਹਨੂੰ ਚੁੱਕ ਕੇ ਮੈਂ ਨਾਲ਼ ਲੈ ਆਇਆ।”
ਕੁਲਵੰਤ ਕੌਰ ਚੁੱਪ ਕਰ ਕੇ ਸੁਣਦੀ ਰਹੀ। ਈਸ਼ਰ ਸਿੰਘ ਨੇ ਇਕ ਵਾਰੀ ਫਿਰ ਫੂਕ ਮਾਰ ਕੇ ਮੁੱਛਾਂ ਤੋਂ ਲਹੂ ਉਡਾਇਆ : ”ਕੁਲਵੰਤ ਜਾਨੀ, ਕੀ ਦੱਸਾਂ ਮੈਂ ਤੈਨੂੰ ਉਹ ਕਿੰਨੀ ਸੋਹਣੀ ਸੀ । ਮੈਂ ਉਹਨੂੰ ਵੀ ਮਾਰ ਦਿੰਦਾ, ਪਰ ਮੈਂ ਆਖਿਆ:”ਨਹੀਂ ਈਸ਼ਰ ਸਿਆਂ, ਕੁਲਵੰਤ ਕੌਰ ਦਾ ਸਵਾਦ ਤੇ ਤੂੰ ਰੋਜ਼ ਈ ਲੈਨਾਂ ਏਂ, ਇਹ ਮੇਵਾ ਵੀ ਚੱਖ ਕੇ ਵੇਖ।”
ਕੁਲਵੰਤ ਕੌਰ ਨੇ ਬੱਸ ਏਨਾ ਈ ਆਖਿਆ ”ਹੂੰ।”
ਤੇ ਮੈਂ ਉਹਨੂੰ ਮੋਢੇ ਤੇ ਸੁੱਟ ਕੇ ਤੁਰ ਪਿਆ । ਰਾਹ ਵਿਚ । ਕੀ ਕਹਿ ਰਿਹਾ ਸੀ ਮੈਂ । ਹਾਂ ਰਾਹ ਵਿਚ । ਨਹਿਰ ਦੀ ਡੰਡੀ ਕੋਲ, ਥੋਹਰ ਦੀਆਂ ਝਾੜੀਆਂ ਹੇਠਾਂ ਮੈਂ ਉਹਨੂੰ ਲੰਮਾ ਪਾ ਦਿੱਤਾ । ਪਹਿਲੇ ਸੋਚਿਆ ਫੈਂਟਾਂ, ਫਿਰ ਖ਼ਿਆਲ ਆਇਆ ਪਈ ਨਹੀਂ । ਇਹ ਕਹਿੰਦਿਆਂ ਕਹਿੰਦਿਆਂ ਈਸ਼ਰ ਸਿੰਘ ਦੀ ਜੀਭ ਸੁੱਕ ਗਈ।
ਕੁਲਵੰਤ ਕੌਰ ਨੇ ਥੁੱਕ ਨਿਗਲ਼ਦਿਆਂ ਅਪਣਾ ਸੰਘ ਤਰ ਕੀਤਾ ਤੇ ਪੁੱਛਿਆ : ”ਫਿਰ ਕੀ ਹੋਇਆ?”
ਈਸ਼ਰ ਸਿੰਘ ਦੇ ਸੰਘ ਵਿਚੋਂ ਬੜੇ ਔਖੇ ਇਹ ਲਫ਼ਜ਼ ਨਿਕਲੇ:”ਮੈਂ । ਪੱਤਾ ਸੁੱਟਿਆ ।ਪਰ..ਪਰ”
ਉਹਦੀ ਵਾਜ ਡੁੱਬ ਗਈ।
ਕੁਲਵੰਤ ਕੌਰ ਨੇ ਉਹਨੂੰ ਹਲੂਣਿਆ:”ਫਿਰ ਕੀ ਹੋਇਆ?”
ਈਸ਼ਰ ਸਿੰਘ ਨੇ ਬੰਦ ਹੁੰਦੀਆਂ ਅੱਖਾਂ ਖੋਲ੍ਹੀਆਂ ਤੇ ਕੁਲਵੰਤ ਕੌਰ ਦੇ ਪਿੰਡੇ ਨੂੰ ਵੇਖਿਆ ਜਿਹਦੀ ਬੋਟੀ ਬੋਟੀ ਥਿਰਕ ਰਹੀ ਸੀ । ”ਉਹ । ਉਹ ਮਰੀ ਹੋਈ ਸੀ । ਲੋਥ ਸੀ ਬਿਲਕੁਲ ਠੰਡਾ ਗੋਸ਼ਤ । ਜਾਨੀ ਮੈਨੂੰ ਅਪਣਾ ਹੱਥ ਦੇ।”
ਕੁਲਵੰਤ ਕੌਰ ਨੇ ਅਪਣਾ ਹਥ ਈਸ਼ਰ ਸਿੰਘ ਦੇ ਹਥ ਤੇ ਰਖਿਆ ਜਿਹੜਾ ਬਰਫ਼ ਨਾਲੋਂ ਵੀ ਵੱਧ ਠੰਡਾ ਸੀ।
ਸਆਦਤ ਹਸਨ ਮੰਟੋ
1. ਬੇਖ਼ਬਰੀ ਦਾ ਫਾਇਦਾ
ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ।
ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ।
ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ ਦਫਫ਼ਨ ਹੋ ਗਈ।
ਚੌਥੀ ਗੋਲ਼ੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲ਼ੀ ਬੇਕਾਰ ਗਈ, ਨਾ ਕੋਈ ਮਰਿਆ, ਨਾ ਜਖ਼ਮੀ ਹੋਇਆ।
ਗੋਲ਼ੀਆਂ ਚਲਾਉਣ ਵਾਲ਼ਾ ਹੈਰਾਨ ਹੋ ਗਿਆ।
ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲ਼ੀਆਂ ਚਲਾਉਣ ਵਾਲ਼ੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ।
ਉਸਦੇ ਸਾਥੀ ਨੇ ਕਿਹਾ – “ਇਹ ਕੀ ਕਰਦੈਂ?”
ਗੋਲ਼ੀਆਂ ਚਲਾਉਣ ਵਾਲ਼ੇ ਨੇ ਪੁੱਛਿਆ, “ਕਿਉਂ?”
“ਗੋਲ਼ੀਆਂ ਤਾਂ ਖਤਮ ਹੋ ਚੁੱਕੀਆਂ ਨੇ।”
“ਤੂੰ ਚੁੱਪ ਰਹਿ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ?”
2. ਹਲਾਲ ਅਤੇ ਝਟਕਾ
“ਮੈਂ ਉਹਦੇ ਗਲ਼ੇ ‘ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।”
“ਇਹ ਤੂੰ ਕੀ ਕੀਤਾ?”
“ਕਿਉਂ?”
“ਉਹਨੂੰ ਹਲਾਲ ਕਿਉਂ ਕੀਤਾ?”
“ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ ‘ਚ”
“ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।”
ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ।
3. ਕਰਾਮਾਤ
ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।
ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ।
ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ-ਧੂਹ ਤੋਂ ਬਚੇ ਰਹਿਣ।
ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ। ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜਿਹੜੀਆਂ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ।
ਇੱਕ ਬੋਰੀ ਤਾਂ ਉਹ ਰਾਤ ਦੇ ਹਨੇਰੇ ’ਚ ਨੇੜਲੇ ਖੂਹ ਵਿੱਚ ਸੁੱਟ ਆਇਆ ਪਰ ਜਦੋਂ ਉਹ ਦੂਜੀ ਚੁੱਕ ਕੇ ਸੁੱਟਣ ਲੱਗਾ ਤਾਂ ਨਾਲ ਹੀ ਆਪ ਵੀ ਖੂਹ ਵਿੱਚ ਜਾ ਪਿਆ।
ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਖੂਹ ਵਿੱਚ ਰੱਸੇ ਸੁੱਟੇ ਗਏ। ਦੋ ਨੌਜਵਾਨ ਥੱਲੇ ਉਤਰੇ ਅਤੇ ਉਸ ਆਦਮੀ ਨੂੰ ਬਾਹਰ ਕੱਢ ਲਿਆ ਪਰ ਕੁਝ ਘੰਟਿਆਂ ਬਾਅਦ ਉਹ ਮਰ ਗਿਆ।
ਦੂਜੇ ਦਿਨ ਲੋਕਾਂ ਨੇ ਵਰਤੋਂ ਲਈ ਜਦ ਉਸ ਖੂਹ ਵਿੱਚੋਂ ਪਾਣੀ ਕੱਢਿਆ ਤਾਂ ਉਹ ਮਿੱਠਾ ਸੀ। ਉਸੇ ਰਾਤ ਤੋਂ ਉਸ ਆਦਮੀ ਦੀ ਕਬਰ ’ਤੇ ਦੀਵੇ ਜਗ ਰਹੇ ਹਨ।
ਅਨੁਵਾਦ: ਬਿਕਰਮਜੀਤ ਨੂਰ
4. ਜੈਲੀ
ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ
ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ।
ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ
ਪਈ ਰਹੀ, ਅਤੇ ਉਸ ‘ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ।
ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ
ਬਰਫ਼ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ।
ਫੇਰ ਟਾਂਗਾ ਕੋਲੋਂ ਲੰਘਿਆ
ਬੱਚੇ ਨੇ ਸੜਕ ਉੱਤੇ ਤਾਜ਼ੇ ਖੂਨ ਦੇ ਜੰਮੇ ਹੋਏ ਚਮਕੀਲੇ
ਲੋਥੜੇ ਨੂੰ ਦੇਖਿਆ, ਉਸਦੇ ਮੂੰਹ ਵਿਚ ਪਾਣੀ ਭਰ ਆਇਆ।
ਆਪਣੀ ਮਾਂ ਦੀ ਬਾਂਹ ਖਿੱਚਕੇ ਬੱਚੇ ਨੇ ਆਪਣੀ ਉਂਗਲੀ ਨਾਲ ਉੱਧਰ
ਇਸ਼ਾਰਾ ਕੀਤਾ – “ਦੇਖੋ ਮੰਮੀ, ਜੈਲੀ….।”
5. ਦਾਵਤੇ-ਅਮਲ
ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
“ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।”
6. ਪਠਾਨੀਸਤਾਨ
“ਖੂੰ , ਇਕਦਮ ਜਲਦੀ ਬੋਲੋ, ਤੂੰ ਕੌਣ ਏਂ?”
“ਮੈਂ….ਮੈਂ…।”
“ਖੂੰ, ਸ਼ੈਤਾਨ ਦਾ ਬੱਚਾ, ਜਲਦੀ ਬੋਲੋ…. ਹਿੰਦੂ ਏ ਯਾਂ ਮੁਸਲਮਾਨ?”
“ਮੁਸਲਮਾਨ ।”
“ਖੂੰ, ਤੇਰਾ ਰਸੂਲ ਕੌਣ ਏ?”
“ਮੁਹੰਮਦ ਖਾਨ ।”
“ਠੀਕ ਏ… ਜਾਓ।”
7. ਖ਼ਬਰਦਾਰ
ਦੰਗਈ, ਮਾਲਿਕ ਮਕਾਨ ਨੂੰ
ਬੜੀ ਮੁਸ਼ਕਿਲ ਨਾਲ ਘਸੀਟ ਕੇ ਬਾਹਰ ਲੈ ਆਏ।
ਕਪੜੇ ਝਾੜ ਕੇ ਉਹ ਉੱਠ ਖੜ੍ਹਾ ਹੋਇਆ,
ਅਤੇ ਦੰਗਈਆਂ ਨੂੰ ਕਹਿਣ ਲੱਗਾ –
“ਤੁਸੀਂ ਮੈਨੂੰ ਮਾਰ ਸੁੱਟੋ, ਲੇਕਿਨ ਖ਼ਬਰਦਾਰ,
ਜੇ ਮੇਰੇ ਰੁਪਏ-ਪੈਸੇ ਨੂੰ ਹੱਥ ਲਾਇਆ…।”
8. ਹਮੇਸ਼ਾ ਦੀ ਛੁੱਟੀ
“ਫੜ ਲਓ… ਫੜ ਲਓ… ਵੇਖਿਓ ਜਾਵੇ ਨਾ।”
ਸ਼ਿਕਾਰ ਥੋੜ੍ਹੀ ਜਿਹੀ ਦੂਰ ਦੌੜਣ ਤੋਂ ਬਾਅਦ ਫੜਿਆ ਗਿਆ।
ਜਦੋਂ ਭਾਲਾ ਉਸਦੇ ਆਰਪਾਰ ਹੋਣ ਲਈ ਅੱਗੇ ਵਧਿਆ ਤਾਂ
ਉਸਨੇ ਕੰਬਦੀ ਆਵਾਜ਼ ਵਿਚ ਗਿੜਗਿੜਾ ਕੇ ਕਿਹਾ –
“ਮੈਨੂੰ ਨਾ ਮਾਰੋ… ਮੈਂ ਛੁੱਟੀਆਂ ਵਿਚ ਆਪਣੇ ਘਰ ਜਾ ਰਿਹਾ ਹਾਂ।”
9. ਸਾਅਤੇ ਸ਼ੀਰੀਂ
ਨਵੀਂ ਦਿੱਲੀ, ਜਨਵਰੀ 31 (ਏ.ਪੀ.) ਨਰਸੰਹਾਰ ਹੋਇਆ,
ਕਿ ਮਹਾਤਮਾ ਗਾਂਧੀ ਦੀ ਮੌਤ ਉੱਤੇ ਬੇਰਹਮੀ ਨਾਲ ਪ੍ਰਗਟਾਵੇ ਲਈ
ਅਮ੍ਰਿਤਸਰ, ਗਵਾਲੀਅਰ ਅਤੇ ਬੰਬਈ ਵਿਚ ਕਈ ਥਾਵਾਂ ਤੇ,
ਲੋਕਾਂ ਵਿਚ ਸ਼ੀਰੀਂ (ਮੁਸਲਮਾਨੀ ਖੀਰ) ਵੰਡੀ ਗਈ।
10. ਹੈਵਾਨੀਅਤ
ਬੜੀ ਮੁਸ਼ਕਿਲ ਨਾਲ ਮੀਆਂ-ਬੀਵੀ ਘਰ ਦਾ ਥੋੜ੍ਹਾ ਜਿਹਾ ਸਮਾਨ ਬਚਾਉਣ ਵਿਚ ਕਾਮਯਾਬ ਹੋ ਗਏ।
ਇਕ ਜਵਾਨ ਲੜਕੀ ਸੀ, ਉਸ ਦਾ ਪਤਾ ਨਾ ਚੱਲਿਆ।
ਇਕ ਛੋਟੀ ਜਿਹੀ ਬੱਚੀ ਸੀ, ਉਸਨੂੰ ਮਾਂ ਨੇ ਆਪਣੀ ਛਾਤੀ ਨਾਲ ਚਿਪਕਾ ਕੇ ਰੱਖਿਆ।
ਇਕ ਬੂਰੀ ਮੱਝ ਸੀ, ਉਸਨੂੰ ਬਦਮਾਸ਼ ਹੱਕ ਕੇ ਲੈ ਗਏ।
ਇਕ ਗਊ ਸੀ, ਉਹ ਬਚ ਗਈ ਪਰ ਉਸਦਾ ਵੱਛਾ ਨੀ ਮਿਲਿਆ
ਮੀਆਂ-ਬੀਵੀ, ਉਸਦੀ ਛੋਟੀ ਲੜਕੀ ਅਤੇ ਗਊ ਇਕ ਜਗ੍ਹਾ ਲੁਕੇ ਹੋਏ ਸਨ।
ਸਖ਼ਤ ਹਨੇਰੀ ਰਾਤ ਸੀ, ਬੱਚੀ ਨੇ ਡਰ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਇੰਝ ਲੱਗ ਰਿਹਾ ਸੀ ਕਿ ਕੋਈ ਖ਼ਾਮੋਸ਼ ਵਾਤਾਵਰਣ ਵਿਚ ਢੋਲ ਵਜਾ ਰਿਹਾ ਹੋਵੇ।
ਮਾਂ ਨੇ ਘਬਰਾ ਕੇ ਬੱਚੀ ਦੇ ਮੂੰਹ ਉੱਤੇ ਹੱਥ ਰੱਖ ਦਿੱਤਾ, ਕਿ ਦੁਸ਼ਮਣ ਸੁਣ ਨਾ ਲੈਣ, ਆਵਾਜ਼ ਦਬ ਗਈ –
ਬਾਪ ਨੇ ਜ਼ਰੂਰੀ ਸਮਝਦੇ ਹੋਏ ਬੱਚੀ ਦੇ ਮੂੰਹ ਉੱਪਰ ਮੋਟੀ ਚਾਦਰ ਪਾ ਦਿੱਤੀ।
ਥੋੜ੍ਹੀ ਦੂਰ ਜਾਣ ਦੇ ਬਾਅਦ ਦੂਰੋਂ ਕਿਸੇ ਵੱਛੇ ਦੀ ਆਵਾਜ਼ ਆਈ, ਗਊ ਦੇ ਕੰਨ ਖੜ੍ਹੇ ਹੋ ਗਏ –
ਉਹ ਉੱਠੀ ਤੇ ਪਾਗਲਾਂ ਦੀ ਤਰ੍ਹਾਂ ਦੌੜਦੀ ਹੋਈ ਰੀਂਗਣ ਲੱਗੀ,ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਬੇਕਾਰ।
ਰੌਲਾ ਸੁਣ ਕੇ ਦੁਸ਼ਮਣ ਕਰੀਬ ਆ ਗਏ, ਮਸ਼ਾਲਾਂ ਦੀ ਰੌਸ਼ਨੀ ਦਿਖਣ ਲੱਗੀ।
ਬੀਵੀ ਨੇ ਆਪਣੇ ਮੀਆਂ ਨੂੰ ਬੜੇ ਗੁੱਸੇ ਨਾਲ ਕਿਹਾ : “ਤੂੰ ਕਿਉਂ ਇਸ ਹੈਵਾਨ ਨੂੰ ਆਪਣੇ ਨਾਲ ਲੈ ਆਇਆ ਸੀ ।
11. ਪੂਰਵ ਪ੍ਰਬੰਧ
ਪਹਿਲੀ ਵਾਰਦਾਤ ਨਾਕੇ ਦੇ ਹੋਟਲ ਦੇ ਨੇੜੇ ਹੋਈ।
ਫ਼ੌਰਨ ਹੀ ਉੱਥੇ ਇਕ ਸਿਪਾਹੀ ਦਾ ਪਹਿਰਾ ਲਗਾ ਦਿੱਤਾ ਗਿਆ।
ਦੂਜੀ ਵਾਰਦਾਤ, ਦੂਜੇ ਹੀ ਦਿਨ ਸ਼ਾਮ ਨੂੰ ਸਟੋਰ ਸਾਹਮਣੇ ਹੋਈ।
ਸਿਪਾਹੀ ਨੂੰ ਪਹਿਲੀ ਜਗ੍ਹਾ ਤੋਂ ਹਟਾ ਕੇ ਦੂਜੀ ਵਾਰਦਾਤ ਦੇ ਮੁਕਾਮ ਉੱਪਰ ਨਿਯੁਕਤ ਕਰ ਦਿੱਤਾ ਗਿਆ।
ਤੀਸਰਾ ਕੇਸ ਰਾਤ ਦੇ ਬਾਰਾਂ ਵਜੇ ਲਾਂਡਰੀ ਨੇੜੇ ਹੋਇਆ।
ਜਦੋਂ ਇੰਸਪੈਕਟਰ ਨੇ ਸਿਪਾਹੀ ਨੂੰ ਇਸ ਨਵੀਂ ਜਗ੍ਹਾ ਤੇ ਪਹਿਰਾ ਦੇਣ ਦਾ ਹੁਕਮ ਦਿੱਤਾ ਤਾਂ ਉਸ ਨੇ ਕੁਝ ਦੇਰ ਗ਼ੌਰ ਕਰਨ ਦੇ ਬਾਅਦ ਕਿਹਾ –
“ਮੈਨੂੰ ਉਥੇ ਖੜ੍ਹਾ ਕਰੋ ਜਿਥੇ ਨਵੀਂ ਵਾਰਦਾਤ ਹੋਣ ਵਾਲੀ ਹੈ।”
12. ਘਾਟੇ ਦਾ ਸੌਦਾ
ਦੋ ਦੋਸਤਾਂ ਨੇ ਮਿਲਕੇ ਦਸ-ਵੀਹ ਲੜਕੀਆਂ ਵਿਚੋਂ ਇਕ ਲੜਕੀ ਚੁਣੀ
ਅਤੇ ਬਿਆਲੀ ਰੁਪਏ ਦੇ ਕੇ ਉਸਨੰ ਖ਼ਰੀਦ ਲਿਆ।
ਰਾਤ ਗੁਜ਼ਾਰ ਕੇ ਇਕ ਦੋਸਤ ਨੇ ਉਸ ਲੜਕੀ ਨੂੰ ਪੁੱਛਿਆ, “ਤੇਰਾ ਨਾਂ ਕੀ ਐ ?”
ਲੜਕੀ ਨੇ ਆਪਣਾ ਨਾਂ ਦੱਸਿਆ ਤਾਂ ਉਹ ਚੌਂਕ ਉੱਠਿਆ,
“ਸਾਨੂੰ ਤਾਂ ਕਿਹਾ ਗਿਆ ਸੀ ਕਿ ਤੂੰ ਦੂਜੇ ਧਰਮ ਦੀ ਐਂ..”
ਲੜਕੀ ਨੇ ਜਵਾਬ ਦਿੱਤਾ – “ਉਸਨੇ ਝੂਠ ਬੋਲਿਆ ਸੀ।”
ਇਹ ਸੁਣ ਕੇ ਉਹ ਦੌੜਿਆ ਦੌੜਿਆ ਆਪਣੇ ਦੋਸਤ ਕੋਲ ਗਿਆ ਅਤੇ ਕਹਿਣ ਲੱਗਾ –
“ਉਸ ਹਰਾਮਜ਼ਾਦੇ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਾਡੇ ਹੀ ਧਰਮ ਦੀ ਲੜਕੀ ਫੜਾ ਦਿੱਤੀ..
ਚਲੋ ਵਾਪਿਸ ਕਰ ਆਈਏ…!
13. ਯੋਗ ਕਾਰਵਾਈ
ਜਦੋਂ ਹਮਲਾ ਹੋਇਆ ਤਾਂ ਮੁਹੱਲੇ ਵਿਚ ਘੱਟ ਗਿਣਤੀ ਦੇ ਕੁਝ ਲੋਕ ਤਾਂ ਕਤਲ ਹੋ ਗਏ,
ਜੋ ਬਾਕੀ ਬਚੇ ਜਾਨ ਬਚਾਕੇ ਭੱਜ ਗਏ। ਇਕ ਆਦਮੀ ਅਤੇ ਉਸਦੀ ਪਤਨੀ ਕਿਸੇ ਵਸ ਆਪਣੇ ਘਰ ਦੇ ਤਹਿਖਾਨੇ ਵਿਚ ਲੁਕ ਗਏ,
ਦੋ ਦਿਨ ਅਤੇ ਦੋ ਰਾਤ ਛੁਪ ਕੇ ਰਹਿਣ ਪਿਛੋਂ ਪਤੀ ਪਤਨੀ ਨੇ ਹਮਲਾਵਰਾ ਦੇ ਆਉਣ ਦੀ ਆਸ ਵਿਚ ਗੁਜ਼ਾਰ ਦਿੱਤੇ ਪਰ ਕੋਈ ਨਾ ਆਇਆ।
ਦੋ ਦਿਨ ਹੋਰ ਕੱਢ ਦਿੱਤੇ, ਮੌਤ ਦਾ ਡਰ ਘਟਣ ਲੱਗਾ, ਭੁੱਖ ਤੇ ਪਿਆਸ ਨੇ ਜਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਚਾਰ ਦਿਨ ਹੋਰ ਬੀਤ ਗਏ, ਪਤੀ ਪਤਨੀ ਨੂੰ ਜਿੰਦਗੀ ਅਤੇ ਮੌਤ ਨਾਲ ਕੋਈ ਪਿਆਰ ਨਾ ਰਿਹਾ, ਦੋਵੇਂ ਪਨਾਹ ਦੀ ਜਗ੍ਹਾ ਤੋਂ ਬਾਹਰ ਨਿੱਕਲ ਆਏ।
ਪਤੀ ਨੇ ਹਲੀਮੀ ਨਾਲ ਆਵਾਜ਼ ਦਿੰਦਿਆਂ ਲੋਕਾਂ ਵੱਲ ਸੰਬੋਧਿਤ ਹੁੰਦਿਆਂ ਕਿਹਾ – “ਅਸੀਂ ਦੋਵੇਂ ਆਪਣਾ ਆਪ ਤੁਹਾਡੇ ਸਪੁਰਦ ਕਰਦੇ ਹਾਂ.. ਸਾਨੂੰ ਮਾਰ ਦਿਓ।”
ਜਿਨ੍ਹਾਂ ਨੂੰ ਸੰਬੋਧਿਤ ਕੀਤਾ ਸੀ ਉਹ ਸੋਚੀਂ ਪੈ ਗਏ – “ਸਾਡੇ ਧਰਮ ਵਿਚ ਤਾਂ ਜੀਵ-ਹੱਤਿਆ ਪਾਪ ਹੈ।”
ਉਨ੍ਹਾਂ ਆਪਸ ਵਿਚ ਸਲਾਹ ਕੀਤੀ ਅਤੇ ਪਤੀ-ਪਤਨੀ ਨੂੰ ਯੋਗ ਕਾਰਵਾਈ ਲਈ ਦੂਜੇ ਮੁਹੱਲੇ ਦੇ ਆਦਮੀਆਂ ਦੇ ਹਵਾਲੇ ਕਰ ਦਿੱਤਾ।
14. ਨਿਮਰਤਾ
ਚੱਲਦੀ ਗੱਡੀ ਰੋਕ ਲਿੱਤੀ ਗਈ, ਜਿਹੜੇ ਦੂਜੇ ਧਰਮ ਦੇ ਸਨ,
ਉਨ੍ਹਾਂ ਨੂੰ ਕੱਢ ਕੇ ਤਲਵਾਰਾਂ ਅਤੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ।
ਇਸਤੋਂ ਵਿਹਲੇ ਹੋ ਕੇ ਗੱਡੀ ਦੇ ਬਾਕੀ ਮੁਸਾਫਿਰਾਂ ਦੀ ਕੜਾਹ, ਦੁੱਧ ਅਤੇ ਫਲਾਂ ਨਾਲ ਖਾਤਿਰ ਕੀਤੀ ਗਈ।
ਗੱਡੀ ਚੱਲਣ ਤੋਂ ਪਹਿਲਾਂ, ਖਾਤਿਰ ਵਾਲੇ ਪ੍ਰਬੰਧਕਾਂ ਨੇ ਮੁਸਾਫਿਰਾਂ ਨਾਲ ਸੰਬੋਧਤ ਹੁੰਦਿਆਂ ਕਿਹਾ,
“ਭਰਾਵੋ, ਅਤੇ ਭੈਣੋ, ਸਾਨੂੰ ਗੱਡੀ ਦੀ ਆਮਦ ਦੀ ਸੂਚਨਾ ਬਹੁਤ ਦੇਰ ਨਾਲ ਮਿਲੀ,
ਇਹੀ ਵਜ੍ਹਾ ਹੈ ਕਿ ਅਸੀਂ ਜਿਸ ਤਰ੍ਹਾਂ ਚਾਹੁੰਦੇ ਸਾਂ, ਉਸ ਤਰ੍ਹਾਂ ਤੁਹਾਡੀ ਸੇਵਾ ਨਾ ਕਰ ਸਕੇ…।”
15. ਸੇਵਾ
ਉਸਦੀ ਖੁਦਕੁਸ਼ੀ ਉੱਤੇ
ਉਸਦੇ ਇਕ ਦੋਸਤ ਨੇ ਕਿਹਾ –
“ਬਹੁਤ ਹੀ ਬੇਵਕੂਫ ਸੀ ਜੀ…
ਮੈਂ ਲੱਖ ਸਮਝਾਇਆ ਕਿ
ਦੇਖੋ ਜੇਕਰ ਤੇਰੇ ਕੇਸ ਕੱਟ ਦਿੱਤੇ ਗਏ ਹਨ
ਅਤੇ ਦਾੜ੍ਹੀ ਮੁੰਨ ਦਿੱਤੀ ਗਈ ਹੈ
ਤਾਂ ਇਸਦਾ ਇਹ ਮਤਲਬ ਨਹੀਂ
ਕਿ ਤੇਰਾ ਧਰਮ ਖ਼ਤਮ ਹੋ ਗਿਆ..
ਰੋਜ ਦਹੀਂ ਇਸਤੇਮਾਲ ਕਰੋ..
ਵਾਹਿਗੁਰੂ ਜੀ ਨੇ ਚਾਹਿਆ
ਤਾਂ ਇਕ ਹੀ ਸਾਲ ਵਿਚ ਉਦਾਂ ਦੇ ਹੋ ਜਾਓਗੇ….।”
16. ਨਿਗਰਾਨੀ ਵਿਚ
“ਕ” ਆਪਣੇ ਦੋਸਤ “ਖ” ਆਪਣਾ ਹਮਧਰਮ ਜਾਹਿਰ ਕਰਕੇ
ਉਸਨੂੰ ਸੁਰੱਖਿਅਤ ਸਥਾਨ ਉੱਤੇ ਪਹੁਚਾਉਣ ਦੇ ਲਈ
ਮਿਲਟਰੀ ਦੇ ਇਕ ਦਸਤੇ ਨਾਲ ਰਵਾਨਾ ਹੋਇਆ।
ਰਸਤੇ ਵਿਚ “ਖ” ਨੇ ਜਿਸਦਾ ਧਰਮ ਕਾਰਣਵਸ ਬਦਲ ਗਿਆ ਸੀ, ਨੂੰ
ਮਿਲਟਰੀ ਵਾਲਿਆਂ ਨੇ ਪੁੱਛਿਆ, “ਕਿਓਂ ਜਨਾਬ, ਆਸਪਾਸ ਕੋਈ ਵਾਰਦਾਤ ਤਾਂ ਨਹੀਂ ਹੋਈ?”
ਜਵਾਬ ਮਿਲਿਆ, “ਕੋਈ ਖਾਸ ਨਹੀਂ.. ਫਲਾਨੇ ਮੁਹੱਲੇ ਵਿਚ ਸ਼ਾਇਦ ਇਕ ਕੁੱਤਾ ਮਾਰਿਆ ਗਿਆ।”
ਸਹਿਮ ਕੇ “ਕ” ਨੇ ਪੁੱਛਿਆ, “ਕੋਈ ਹੋਰ ਖ਼ਬਰ?”
ਜਵਾਬ ਮਿਲਿਆ, “ਖਾਸ ਨਹੀਂ.. ਨਹਿਰ ਵਿਚ ਤਿੰਨ ਕੁੱਤਿਆਂ ਦੀਆਂ ਲਾਸ਼ਾ ਮਿਲੀਆਂ ਹਨ।”
“ਕ” ਨੇ “ਖ” ਦੀ ਖ਼ਾਤਿਰ ਮਿਲਟਰੀ ਵਾਲਿਆਂ ਨੂੰ ਕਿਹਾ, “ਮਿਲਟਰੀ ਕੁਝ ਇੰਤਜ਼ਾਮ ਨਹੀਂ ਕਰਦੀ?”
ਜਵਾਬ ਮਿਲਿਆ, “ਕਿਉਂ ਨਹੀਂ, ਸਭ ਕੰਮ ਉਸਦੀ ਨਿਗਰਾਨੀ ਵਿਚ ਹੁੰਦਾ ਹੈ…।”
17. ਦ੍ਰਿੜ੍ਹਤਾ
“ਮੈਂ ਸਿੱਖ
ਬਨਣ ਦੇ ਲਈ
ਹਰਗਿਜ਼
ਤਿਆਰ ਨਹੀਂ ..
ਮੇਰਾ
ਉਸਤਰਾ
ਵਾਪਸ ਕਰ ਦਿਓ
ਮੈਨੂੰ…।”
18. ਜੁੱਤਾ
ਹਜ਼ੂਮ ਨੇ ਪਾਸਾ ਮੋੜਿਆ, ਅਤੇ ਸਰ ਗੰਗਾ ਰਾਮ ਦੇ ਬੁੱਤ ਉੱਤੇ ਟੁੱਟ ਪਿਆ।
ਲਾਠੀਆਂ ਵਰਸਾਈਆਂ ਗਈਆਂ,
ਇੱਟਾਂ ਅਤੇ ਪੱਥਰ ਸੁੱਟੇ ਗਏ,
ਇੱਕ ਨੇ ਮੂੰਹ ਉੱਤੇ ਤਾਰਕੋਲ ਮਲ ਦਿੱਤਾ,
ਦੂਜੇ ਨੇ ਬਹੁਤ ਸਾਰੇ ਪੁਰਾਣੇ ਜੁੱਤੇ ਜਮ੍ਹਾਂ ਕੀਤੇ
ਅਤੇ ਉਨ੍ਹਾਂ ਦਾ ਹਾਰ ਬਣਾ ਕੇ ਬੁੱਤ ਦੇ ਗਲੇ ਵਿਚ
ਪਾਉਣ ਲਈ ਅੱਗੇ ਵਧਿਆ
ਕਿ ਪੁਲਿਸ ਆ ਗਈ ਅਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ
ਜੁੱਤੀਆਂ ਦਾ ਹਾਰ ਪਹਿਣਾਉਣ ਵਾਲਾ ਜਖ਼ਮੀ ਹੋ ਗਿਆ,
ਸੋ ਮਲ੍ਹਮ ਪੱਟੀ ਦੇ ਲਈ ਉਸਨੂੰ
ਸਰ ਗੰਗਾ ਰਾਮ ਹਸਪਤਾਲ ਵਿਚ ਭੇਜ ਦਿੱਤਾ ਗਿਆ।
19. ਰਿਆਇਤ
“ਮੇਰੀਆਂ ਅੱਖਾਂ ਸਾਹਮਣੇ
ਮੇਰੀ ਜਵਾਨ ਬੇਟੀ ਨੂੰ
ਨਾ ਮਾਰੋ…. ”
“ਚਲੋ, ਇਸਦੀ ਮੰਨ ਲਵੋ..
ਕਪੜੇ ਉਤਾਰ ਕੇ
ਹੱਕ ਦਿਓ ਇੱਕ ਪਾਸੇ ਨੂੰ…।”
20. ਸੌਰੀ
ਛੁਰੀ
ਪੇਟ ਚੀਰਦੀ ਹੋਈ
ਨੇਫ਼ੇ ਦੇ ਥੱਲੇ ਤੱਕ ਚਲੀ ਗਈ
ਨਾਜ਼ੁਕ ਸ਼ੈਅ ਕਟ ਗਈ।
ਛੁਰੀ ਮਾਰਨ ਵਾਲੇ ਦੇ
ਮੂੰਹ ਤੋਂ
ਅਚਾਨਕ
ਆਇਤ ਨਿੱਕਲੀ,
“ਚ..ਚ..ਚ.. ਮਿਸਟੇਕ ਹੋ ਗਿਆ।”
21. ਸਲਾਹ
“ਕੌਣ ਹੋ ਤੁਸੀਂ?”
“ਤੁਸੀਂ ਕੌਣ ਹੋ?”
“ਹਰ-ਹਰ ਮਹਾਂਦੇਵ.. ਹਰ-ਹਰ ਮਹਾਂਦੇਵ।”
“ਹਰ-ਹਰ ਮਹਾਂਦੇਵ।”
“ਸਬੂਤ ਕੀ ਹੈ?”
“ਸਬੂਤ… ਮੇਰਾ ਨਾਂ ਧਰਮ ਚੰਦ ਹੈ?”
“ਇਹ ਕੋਈ ਸਬੂਤ ਨਹੀਂ।”
“ਚਾਰ ਵੇਦਾਂ ਵਿਚੋਂ ਕੋਈ ਗੱਲ ਮੈਨੂੰ ਪੁੱਛ ਲਵੋ।”
“ਅਸੀਂ ਵੇਦਾਂ ਨੂੰ ਨਹੀਂ ਜਾਣਦੇ.. ਸਬੂਤ ਦਿਓ”
“ਕੀ?”
“ਪਜਾਮਾ ਢਿੱਲਾ ਕਰੋ?”
ਪਜਾਮਾ ਢਿੱਲਾ ਹੋਇਆ.. ਤਾਂ ਸ਼ੋਰ ਮਚ ਗਿਆ, “ਮਾਰ ਦਿਓ.. ਮਾਰ ਦਿਓ”
“ਠਹਿਰੋ, ਠਹਿਰੋ.. ਮੈਂ ਤੁਹਾਡਾ ਭਰਾ ਹਾਂ.. ਰੱਬ ਦੀ ਸਹੁੰ, ਤੁਹਾਡਾ ਭਰਾ ਹਾਂ।”
“ਤਾਂ ਇਹ ਕੀ ਸਿਲਸਿਲਾ ਹੈ?”
“ਜਿਸ ਇਲਾਕੇ ਤੋਂ ਆ ਰਿਹਾ ਹਾਂ, ਉਹ ਸਾਡੇ ਦੁਸ਼ਮਣਾਂ ਦਾ ਹੈ,
ਇਸ ਲਈ ਮਜਬੂਰਨ ਮੈਨੂੰ ਅਜਿਹਾ ਕਰਨਾ ਪਿਆ, ਸਿਰਫ ਆਪਣੀ ਜਾਨ ਬਚਾਉਣ ਲਈ..
ਇਕ ਇਹੋ ਗ਼ਲਤੀ ਹੋ ਗਈ,ਬਾਕੀ ਮੈਂ ਬਿਲਕੁਲ ਠੀਕ ਹਾਂ..।”
“ਉਡਾ ਦਿਓ ਗ਼ਲਤੀ ਨੂੰ”
ਗ਼ਲਤੀ ਉਡਾ ਦਿੱਤੀ ਗਈ, ਧਰਮਚੰਦ ਵੀ ਨਾਲ ਹੀ ਉੱਡ ਗਿਆ।
22. ਸਫ਼ਾਈ ਪਸੰਦ
ਗੱਡੀ ਰੁਕੀ ਹੋਈ ਸੀ।
ਤਿੰਨ ਬੰਦੂਕਚੀ ਇਕ ਡੱਬੇ ਕੋਲ ਆਏ।
ਖਿੜਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਕੋਲੋਂ ਪੁੱਛਿਆ –
“ਕਿਉਂ ਜਨਾਬ, ਕੋਈ ਮੁਰਗਾ ਹੈ?”
ਇਕ ਮੁਸਾਫਰ ਕੁਝ ਕਹਿੰਦਾ ਕਹਿੰਦਾ ਰੁਕ ਗਿਆ।
ਬਾਕੀਆਂ ਨੇ ਜਵਾਬ ਦਿੱਤਾ, “ਜੀ ਨਹੀਂ।”
ਥੋੜ੍ਹੀ ਦੇਰ ਬਾਅਦ ਚਾਰ ਭਾਲਿਆਂ ਨਾਲ ਲੈਸ ਵਿਅਕਤੀ ਆਏ,
ਖਿੜਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਨੂੰ ਪੁੱਛਿਆ –
“ਕਿਉਂ ਜਨਾਬ ਕੋਈ ਮੁਰਗਾ – ਵੁਰਗਾ ਹੈ?”
ਉਸ ਮੁਸਾਫਰ ਨੇ ਜੋ ਪਹਿਲਾਂ ਕੁਝ ਕਹਿੰਦਾ-ਕਹਿੰਦਾ ਰੁਕ ਗਿਆ ਸੀ,
ਜਵਾਬ ਦਿੱਤਾ, “ਜੀ ਪਤਾ ਨਹੀਂ.. ਤੁਸੀਂ ਅੰਦਰ ਆਕੇ ਪੇਟੀ ਵਿਚ ਵੇਖ ਲਵੋ।”
ਭਾਲਿਆਂ ਵਾਲੇ ਅੰਦਰ ਦਾਖਲ ਹੋਏ, ਪੇਟੀ ਤੋੜੀ ਗਈ ਤਾਂ ਉਸ ਵਿਚੋਂ ਇਕ ਮੁਰਗਾ ਨਿੱਕਲ ਆਇਆ।
ਇਕ ਭਾਲੇ ਵਾਲੇ ਨੇ ਕਿਹਾ – “ਕਰ ਦਿਓ ਹਲਾਲ।”
ਦੂਜੇ ਨੇ ਕਿਹਾ – “ਨਹੀਂ ਇਥੇ ਨਹੀਂ… ਡੱਬਾ ਖਰਾਬ ਹੋ ਜਾਊ.. ਬਾਹਰ ਲੈ ਚੱਲੋ।
23. ਸਦਕੇ ਉਸਦੇ
ਰਾ ਖ਼ਤਮ ਹੋਇਆ।
ਤਮਾਸ਼ਬੀਨ ਵਿਦਾ ਹੋ ਗਏ।
ਉਸਤਾਦ ਜੀ ਨੇ ਕਿਹਾ-
“ਸਭ ਕੁਝ ਲੁਟਵਾ ਕੇ
ਐਥੇ ਆਏ ਸੀ,
ਲੇਕਿਨ ਅੱਲਾ ਮੀਆਂ ਨੇ
ਕੁਝ ਦਿਨਾਂ ਵਿਚ ਹੀ
ਵਾਰੇ-ਨਿਆਰੇ ਕਰ ਦਿੱਤੇ।”
24. ਸਮਾਜਵਾਦ
ਉਹ ਆਪਣੇ ਘਰ ਦਾ ਤਮਾਮ ਜ਼ਰੂਰੀ ਸਮਾਨ
ਇਕ ਟਰੱਕ ਵਿਚ ਲੱਦ ਕੇ
ਦੂਜੇ ਸ਼ਹਿਰ ਜਾ ਰਿਹਾ ਸੀ
ਕਿ ਰਸਤੇ ਵਿਚ
ਲੋਕਾਂ ਨੇ ਉਸਨੂੰ ਰੋਕ ਲਿਆ।
ਟਰੱਕ ਦੇ ਮਾਲ-ਸਮਾਨ ਉੱਪਰ ਲਾਲਚੀਆਂ ਨੇ ਨਜ਼ਰਾਂ ਗੱਡਦਿਆਂ ਕਿਹਾ –
“ਦੇਖੋ ਯਾਰ, ਕਿਸ ਮਜ਼ੇ ਨਾਲ ਐਨਾ ਮਾਲ ਇੱਕਲਾ ਹੀ ਉਡਾ ਕੇ ਲੈ ਜਾ ਰਿਹਾ ਹੈ”
ਸਮਾਨ ਦੇ ਮਾਲਕ ਨੇ ਮੁਸਕੁਰਾ ਕੇ ਕਿਹਾ – “ਜਨਾਬ, ਇਹ ਮੇਰਾ ਆਪਣਾ ਹੈ”
ਦੋ-ਤਿੰਨ ਆਦਮੀ ਹੱਸੇ – “ਅਸੀਂ ਸਭ ਜਾਣਦੇ ਹਾਂ”
ਇੱਕ ਆਦਮੀ ਚੀਕਿਆ- “ਲੁੱਟ ਲਓ.. ਇਹ ਅਮੀਰ ਆਦਮੀ ਹੈ.. ਟਰੱਕ ਲੈ ਕੇ ਚੋਰੀਆਂ ਕਰਦੈ।”
25. ਉਲ੍ਹਾਮਾ
“ਦੇਖ ਯਾਰ,
ਤੂੰ ਬਲੈਕ ਮਾਰਕੀਟ
ਦਾ ਮੁੱਲ ਵੀ ਲਿਆ
ਅਤੇ ਅਜਿਹਾ ਰੱਦੀ
ਪੈਟ੍ਰੋਲ ਦਿੱਤਾ
ਕਿ
ਇਕ ਦੁਕਾਨ
ਵੀ ਨਾ ਜਲੀ।”
26. ਆਰਾਮ ਦੀ ਜ਼ਰੂਰਤ
“ਮਰਿਆ ਨਹੀਂ.. ਦੋਖੋ, ਅਜੇ ਜਾਨ ਬਾਕੀ ਹੈ।”
“ਰਹਿਣ ਦੇ ਯਾਰ.. ਮੈਂ ਥੱਕ ਗਿਆ ਹਾਂ।”
27. ਕਿਸਮਤ
“ਕੁਝ ਨੀ ਦੋਸਤ..
ਐਨੀ ਮਿਹਨਤ
ਕਰਨ ਉੱਤੇ ਵੀ ਸਿਰਫ
ਇੱਕ ਡੱਬਾ ਹੱਥ
ਲੱਗਿਆ ਸੀ, ਪਰ ਉਸ
ਵਿਚ ਵੀ ਸਾਲਾ ਸੂਅਰ
ਦਾ ਗੋਸ਼ਤ ਨਿੱਕਲਿਆ.. ।”
28. ਅੱਖਾਂ ਉੱਤੇ ਚਰਬੀ
“ਸਾਡੀ ਕੌਮ ਦੇ ਲੋਕ ਵੀ ਕੈਸੇ ਨੇ..
ਪੰਜਾਹ ਸੂਅਰ ਐਨੀਆਂ ਮੁਸ਼ਕਲਾਂ ਦੇ ਬਾਅਦ
ਤਲਾਸ਼ ਕਰਕੇ ਇਸ ਮਸਜਿਦ ਵਿਚ ਕੱਟੇ ਸਨ…
ਉਧਰ ਮੰਦਰਾਂ ਵਿਚ ਧੜਾ-ਧੜ
ਗਊ ਦਾ ਗੋਸ਼ਤ ਵਿਕ ਰਿਹਾ ਹੈ…
ਲੇਕਿਨ ਐਥੇ ਸੂਅਰ ਦਾ ਮਾਸ ਖਰੀਦਣ
ਦੇ ਲਈ ਕੋਈ ਆਉਂਦਾ ਹੀ ਨਹੀਂ…।”
ਸਆਦਤ ਹਸਨ ਮੰਟੋ
ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’
ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤਕ ਇਸ ਦਾ ਇਲਾਜ ਔਖੈ।’’ ਹੁਣ ਕਿਉਂਕਿ ਲੋਕ ਜ਼ਿੰਦਗੀ ਲਈ ਅਤਿ ਜ਼ਰੂਰੀ ਦੋ ਚੀਜ਼ਾਂ ਰੱਬ ਅਤੇ ਮੌਤ ਨੂੰੂ ਭੁੱਲ ਗਏ ਹਨ, ਇਸ ਲਈ ਕਿਸੇ ਵੀ ਗੱਲ ਦੇ ਕੋਈ ਅਰਥ ਨਹੀਂ ਰਹਿ ਗਏ। ਇਸ ਬਾਰੇ ਸੋਚਦੀ ਤਾਂ ਮੈਂ ਬਹੁਤ ਆਂ। ਇਕ ਵਾਰੀ ਮੈਂ ਨਵੇਂ ਸ਼ਹਿਰ ਕੋਲ ਢਾਹਾਂ ਕਲੇਰਾਂ ਪਿੰਡ ਦੇ ਬੜੇ ਵੱਡੇ ਹਸਪਤਾਲ ਵਿਚ ਗਈ ਜਿੱਥੇ ਨਸ਼ਾ ਛੁਡਾਊ ਕੇਂਦਰ ਹੈ। ਉੱਥੇ ਅਮੀਰਾਂ ਲਈ ਪੰਜ ਸੌ ਰੁਪਏ ਰੋਜ਼ਾਨਾ ’ਤੇ ਕਮਰਾ, ਵਿਚੇ ਖਾਣਾ, ਦਵਾਈਆਂ ਤੇ ਇਲਾਜ। ਦੂਸਰਾ ਆਮ ਲੋਕਾਂ ਲਈ ਸੌ ਰੁਪਏ ਰੋਜ਼ਾਨਾ ’ਤੇ ਕਮਰਾ ਹੈ। ਤੀਸਰਾ ਗਰੀਬ ਲੋਕਾਂ ਲਈ ਮੁਫ਼ਤ ਵਾਰਡ ਜਿੱਥੇ ਡਾਕਟਰੀ ਸਹਾਇਤਾ, ਦਵਾਈਆਂ ਤੇ ਰੋਟੀ ਸਭ ਮੁਫ਼ਤ ਹਨ। ਸਭ ਲਈ ਰੋਟੀ ਇੱਕੋ ਜਿਹੀ ਗੁਰਦੁਆਰਿਓਂ ਬਣ ਕੇ ਆਉਂਦੀ ਹੈ। ਯੋਗ ਤੇ ਵਰਜਿਸ਼ ਵੀ ਕਰਵਾਈ ਜਾਂਦੀ ਹੈ। ਆਥਣ ਸਵੇਰ ਗੁਰਦੁਆਰੇ ਵੀ ਲੈ ਕੇ ਜਾਂਦੇ ਨੇ ਤੇ ਮਨੋਵਿਗਿਆਨੀ ਵੀ ਸਮਝਾਉਂਦੇ ਹਨ। ਮੈਂ ਬੇਨਤੀ ਕੀਤੀ ‘‘ਬਾਬਾ ਜੀ ਜ਼ਮੀਨ ਅਸੀਂ ਦੇ ਦਿਆਂਗੇ ਸਾਡੇ ਪਿੰਡ ਵੀ ਨਸ਼ਾ ਛੁਡਾਊ ਕੇਂਦਰ ਖੋਲ੍ਹ ਦੇਵੋ।’’ ਉਹ ਆਖਣ ਲੱਗੇ, ‘‘ਬੀਬੀ ਇਹ ਵੱਡਾ ਕੰਮ ਹੈ ਜਿਹੜਾ ਵੀ ਤੁਹਾਡੇ ਪਿੰਡ ਦਾ ਬੰਦਾ ਤੁਹਾਡਾ ਨਾਂ ਲੈ ਕੇ ਆਏਗਾ ਅਸੀਂ ਪੂਰੀ ਮਦਦ ਕਰਾਂਗੇ।’’ ਸਾਨੂੰ ਚਾਹੀਦਾ ਹੈ ਕਿ ਸਰਕਾਰ ’ਤੇ ਦਬਾਅ ਪਾ ਕੇ ਅਜਿਹੇ ਨਸ਼ਾ ਛੁਡਾਊ ਕੇਂਦਰ ਖੁੱਲ੍ਹਵਾਏ ਜਾਣ, ਨਸ਼ੇ ਦੇ ਕਾਰਨ ਸਮਝ ਕੇ ਉਹ ਹੱਲ ਕੀਤੇ ਜਾਣ। ਆਲਾ-ਦੁਆਲਾ ਤੇ ਘਰ ਦੇ ਨਸ਼ੱਈ ਨੂੰ ਝਿੜਕਣ ਦੀ ਥਾਂ ਉਸ ਨੂੰ ਇਕ ਰੋਗੀ ਸਮਝ ਕੇ ਉਸ ਦੀ ਸਹਾਇਤਾ ਕੀਤੀ ਜਾਵੇ। ਸੂਬੇ ਅੰਦਰ ਨਸ਼ਿਆਂ ਦੇ ਦਾਖਲੇ ਉੱਤੇ ਚੌਕਸੀ ਵਧਾਈ ਜਾਵੇ ਤੇ ਸਾਰੇ ਲੋਕ ਇਸ ਪੱਖੋਂ ਚੇਤੰਨ ਹੋਣ ਖਾਸ ਕਰ ਨੌਜਵਾਨ ਪੀੜ੍ਹੀ। ਉਨ੍ਹਾਂ ਨੂੰ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਜਾਵੇ ਫੇਰ ਹੀ ਕੁਝ ਹੋ ਸਕਦੈ। ਮੇਰੇ ਕੋਲ ਆਏ ਨੌਜਵਾਨ ਮੈਨੂੰ ਆਖਣ ਲੱਗੇ, ‘‘ਤੁਸੀਂ ਇਕ ਸੁਨੇਹਾ ਸਾਨੂੰ ਲਿਖ ਕੇ ਦੇ ਦਿਓ ਜਿਹੜਾ ਅਸੀਂ ਪਿੰਡ-ਪਿੰਡ ਪਹੁੰਚਾ ਦੇਈਏ। ਇਸ ਤਰ੍ਹਾਂ ਵੱਖਰੇ-ਵੱਖਰੇ ਵੱਡੇ ਲੋਕਾਂ ਤੋਂ ਮਿਲੇ ਸੁਨੇਹੇ ਸ਼ਾਇਦ ਦੋਸ਼ੀ ਕਰਤੇ ਧਰਤਿਆਂ ਦੀ ਪਾਪੀ ਆਤਮਾ ਨੂੰ ਹਲੂਣ ਸਕਣ ਤੇ ਨੌਜਵਾਨਾਂ ਨੂੰ ਕੋਈ ਸੇਧ ਦੇ ਸਕਣ।
ਨਸ਼ਿਆਂ ਦੀ ਗ੍ਰਿਫਤ ’ਚ ਆਏ ਉਨ੍ਹਾਂ ਲੜਕਿਆਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦੀ ਹਾਂ: ‘‘ਜਿਊਣ ਜੋਗਿਓ! ਨਸ਼ਿਆਂ ਦੀ ਖਾਤਰ ਕਿਉਂ ਮੜੀਆਂ ਦੇ ਰਾਹ ਪੈ ਗਏ ਹੋ।’’ ਕੁਦਰਤ ਦੀਆਂ ਕਿੱਡੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਧਰਤੀ, ਸੂਰਜ, ਹਵਾ, ਪਾਣੀ ਤੁਹਾਨੂੰ ਜਿਊਂਦਿਆਂ ਰੱਖਣ ਲਈ ਆਹਰੇ ਲੱਗੀਆਂ ਹੋਈਆਂ ਨੇ। ਦੇਹ ਨੂੰ ਨਸ਼ਿਆਂ ’ਚ ਗਾਲ਼ ਕੇ ਉਨ੍ਹਾਂ ਦਾ ਕਰਜ਼ਾ ਕਦੋਂ ਉਤਾਰੋਗੇ? ਸਰਾਧਾਂ ਦੇ ਦਿਨਾਂ ਵਿਚ ਪਿੱਤਰ ਆਪਣੇ ਆਪਣੇ ਘਰਾਂ ਨੂੰ ਮੁੜਦੇ ਨੇ, ਆਪਣੇ ਵਾਰਸਾਂ ਅਤੇ ਕੁਲ ਦੇ ਦੀਵਿਆਂ ਨੂੰ ਦੇਖਣ ਲਈ। ਤੁਹਾਨੂੰ ਨਸ਼ੇ ਵਿਚ ਧੁੱਤ ਦੇਖ ਕੇ ਉਹ ਕਿੱਡੇ ਉਦਾਸ ਮੁੜਦੇ ਹੋਣਗੇ। ਸਾਹ, ਸਾਹ ਨਾਲ ਸੁੱਖ ਮਨਾਉਂਦੇ ਮਾਪਿਆਂ ਦੇ ਬੈਠਿਆਂ ਜਦੋਂ ਪੁੱਤਰ ਤੁਰ ਜਾਣ ਤਾਂ ਉਹ ਨਾ ਮਰਿਆਂ ’ਚ ਤੇ ਨਾ ਜਿਊਂਦਿਆਂ ’ਚ ਰਹਿ ਜਾਂਦੇ ਨੇ। ਭੈਣਾਂ ਦੀ ਤਾਂ ਤਾਕਤ ਹੀ ਭਰਾ ਹੁੰਦੇ ਨੇ। ਜਦੋਂ ਮੇਰਾ ਭਰਾ ਮਰਿਆ ਸੀ ਤਾਂ ਮੈਂ ਰੋ-ਰੋ ਕੇ ਹਾਕਾਂ ਮਾਰੀਆਂ ਸੀ ਕਿ ‘‘ਮੈਨੂੰ ਮਰੀ ਪਈ ਨੂੰ ਆਜੂ ਦੁਪਹਿਰਾ, ਵੇ ਭੁੱਲਗੇ ਜੇ ਚੇਤੇ ਵਾਲਿਆ’’ ਕਿਉਂਕਿ ਭਰਾ ਦੇ ਕਫ਼ਨ ਲਿਆਉਣ ਤੋਂ ਮਗਰੋਂ ਹੀ ਭੈਣ ਦੀ ਅਰਥੀ ਉੱਠਦੀ ਹੈ। ਉਨ੍ਹਾਂ ਮਛੋਹਰਾਂ ਨੂੰ ਕੌਣ ਗਲ ਲਾਊ, ਕੌਣ ਅੱਥਰੂ ਪੂੰਝੂ ਜਿਨ੍ਹਾਂ ਦੇ ਪਿਓ ਨਸ਼ੇ ਨੇ ਖਾ ਲਏ।
ਨਸ਼ੇ ਛੱਡਣਾ ਔਖਾ ਕੰਮ ਨਹੀਂ। ਅਨੇਕਾਂ ਨਸ਼ਾ ਛੁਡਾਊ ਕੇਂਦਰ ਤੁਹਾਡੀ ਮਦਦ ਕਰ ਸਕਦੇ ਨੇ। ਉੱਥੇ ਜਾਣਾ ਸ਼ਰਮ ਦੀ ਗੱਲ ਨਹੀਂ, ਸਿਆਣਪ ਦੀ ਗੱਲ ਹੈ। ਖੁਸ਼ਕਿਸਮਤ ਨੇ ਉਹ ਮਾਪੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਭਿਆਨਕਤਾ ਤੋਂ ਬਚੇ ਹੋਏ ਨੇ।
ਦਲੀਪ ਕੌਰ ਟਿਵਾਣਾ
ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
“ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।”
ਸਆਦਤ ਹਸਨ ਮੰਟੋ
ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ, ਵੀਰੇ ਦੀ ਖੈਰ ਮੰਗਦੇ ਰਹਿੰਦੇ। ਪੰਜਾਂ ਭੈਣਾਂ ਦਾ ਇਕੱਲਾ ਭਰਾ ਸੀ। ਮੈਂ ਸਭ ਤੋਂ ਵੱਡੀ ਸੀ। ਬਾਪੂ ਜੀ ਦੀ ਮੌਤ ਤੋਂ ਮਗਰੋਂ ਮੈਂ ਹੀ ਉਸ ਨੂੰ ਬਹੁਤ ਸੰਭਾਲਿਆ ਸੀ, ਕਿਉਂਕਿ ਬੇਜੀ ਪਹਿਲਾਂ ਬਹੁਤ ਬਿਮਾਰ ਹੋ ਗਏ ਸਨ, ਮਗਰੋਂ ਸਭ ਕੁਝ ਛੱਡ ਛੁਡਾ ਕੇ ਕੇ ਰੱਬ ਵਾਲੇ ਪਾਸੇ ਲੱਗ ਗਏ ਸਨ।
ਮੇਰੇ ਨਾਲ ਵੀਰੇ ਦਾ ਮੋਹ ਦਾ ਰਿਸ਼ਤਾ ਅਜਿਹਾ ਹੋ ਗਿਆ ਕਿ ਉਸ ਦੇ ਦੂਰ ਬੈਠੇ ਦੀ ਵੀ ਮੈਨੂੰ ਖਬਰ ਸੂਰਤ ਰਹਿੰਦੀ। ਕਦੇ ਉਹ ਬਿਮਾਰ ਹੁੰਦਾ, ਮੈਂ ਪਹੁੰਚ ਜਾਂਦੀ ਤਾਂ ਉਹ ਹੈਰਾਨ ਹੰਦਾ ਕਿ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ।
ਬੇਜੀ ਉਸ ਨੂੰ ਫੌਜ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ, ਪਰ ਉਹ ਜ਼ਿੱਦ ਕਰ ਕੇ ਚਲਿਆ ਗਿਆ। ਸਾਨੂੰ ਇੱਕ ਤਸੱਲੀ ਸੀ ਕਿ ਉਸ ਨਾਲ ਉਸ ਦੀ ਪਲਟਨ ਵਿੱਚ ਉਸ ਦੇ ਭਰਾਵਾਂ ਵਰਗਾ ਮੇਜਰ ਗੁਰਦੀਪ ਸੀ। ਕਈ ਵਾਰੀ ਵੀਰਾ ਘਰ ਫੋਨ ਕਰਨੋ ਜਾਂ ਖ਼ਤ ਲਿਖਣੋ ਖੁੰਜ ਜਾਂਦਾ ਤਾਂ ਮੈਂ ਗੁਰਦੀਪ ਨੂੰ ਪੁੱਛਦੀ, ਵੀਰੇ ਦਾ ਕੀ ਹਾਲ ਹੈ।
ਬੰਗਲਾ ਦੇਸ਼ ਦੀ ਲੜਾਈ ਜ਼ੋਰਾਂ ‘ਤੇ ਸੀ। ਦਸਾਂ ਦਿਨਾਂ ਤੋਂ ਵੀਰੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਕਿਸੇ ਤਾਰ ਦਾ, ਕਿਸੇ ਖ਼ਤ ਦਾ ਕੋਈ ਜਵਾਬ ਨਹੀਂ ਸੀ ਆ ਰਿਹਾ। ਬੇਜੀ ਪਾਠ ਤਾਂ ਕਰਦੇ ਹੀ ਸਨ, ਹੁਣ ਵਿੱਚ ਵਿੱਚ ਰੋ ਵੀ ਪੈਂਦੇ ਸਨ। ਉਹ ਸੋਚਦੇ ਸਨ, ਘਰ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਪਤਾ ਲੈਣ ਭੇਜ ਦਿੰਦੀ। ਧੀਆਂ ਵਾਲਾ ਘਰ ਹੈ, ਛੱਡ ਕੇ ਮੈਂ ਆਪ ਵੀ ਨਹੀਂ ਜਾ ਸਕਦੀ।
ਫੇਰ ਇੱਕ ਦਿਨ ਖਬਰ ਆਈ ਕਿ ਲੜਾਈ ਖਤਮ ਹੋ ਗਈ ਹੈ। ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਤੀਸਰੇ ਦਿਨ ਹੀ ਵੀਰਾ ਤੇ ਗੁਰਦੀਪ ਪਟਿਆਲੇ ਪਹੁੰਚ ਗਏ। ਬੇਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।
ਚਾਹ ਪੀਂਦਿਆਂ ਮੈਂ ਵੀਰੇ ਅਤੇ ਗੁਰਦੀਪ ਨੂੰ ਦੱਸਿਆ ਕਿ ਮੈਨੂੰ ਇੱਕ ਰਾਤ ਸੁਪਨਾ ਆਇਆ ਸੀ ਕਿ ਵੀਰਾ ਕਿਧਰੇ ਖੋ ਗਿਆ ਹੈ। ਮੈਂ ਉੱਚੀ-ਉੱਚੀ ਰੋ ਕੇ ਹਾਕਾਂ ਮਾਰੀਆਂ। ਮੈਂ ਬੜੀ ਡਰ ਗਈ ਸੀ। ਫਿਰ ਨਿੱਕਾ ਜਿਹਾ ਵੀਰਾ ਇੱਕ ਦਰੱਖਤ ਤੋਂ ਬੋਲਿਆ, ”ਭੈਣ ਜੀ ਕਿਉਂ ਲੱਭਦੇ ਫਿਰਦੇ ਹੋ, ਮੈਂ ਇਥੇ ਦਰੱਖਤ ਉਪਰ ਬੈਠਾ ਹਾਂ।” ਤੇ ਉਹ ਹੱਸ ਪਿਆ। ਮੇਰੀ ਜਾਗ ਖੁੱਲ੍ਹੀ ਤਾਂ ਸੁਪਨਾ ਮੈਨੂੰ ਯਾਦ ਸੀ। ਮੈਨੂੰ ਅੱਜ ਵੀ ਉਹਦੇ ਖੋ ਜਾਣ ਦੀ ਘਬਰਾਹਟ ਸੀ।
ਗੁਰਦੀਪ ਬੋਲਿਆ, ”ਕਮਾਲ ਐ ਭੈਣ ਜੀ, ਤੁਹਾਨੂੰ ਕੀ ਦੱਸੀਏ। ਅੱਗੇ ਰਾਤ ਵੇਲੇ ਲੜਾਈ ਥੰਮ੍ਹ ਜਾਂਦੀ ਹੁੰਦੀ ਸੀ, ਪਰ ਉਸ ਦਿਨ ਰਾਤ ਤੱਕ ਚਲਦੀ ਰਹੀ। ਸਾਡੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਸਨ। ਮੈਂ ਤੇ ਵੀਰਾ ਭੱਜ ਕੇ ਇੱਕ ਰੁਖ ਉਤੇ ਚੜ੍ਹ ਗਏ। ਮੈਂ ਵੀਰੇ ਨੂੰ ਆਖਿਆ ਕਿ ਵੀਰੇ ਮਰੀਂ ਨਾ, ਨਹੀਂ ਤਾਂ ਮੈਂ ਭੈਣ ਜੀ ਨੂੰ ਕੀ ਜਵਾਬ ਦਿਆਂਗਾ।” ਮੈਂ ਹੈਰਾਨ ਹੋ ਕੇ ਗੁਰਦੀਪ ਦੀ ਗੱਲ ਸੁਣ ਸਹੀ ਸੀ।
ਇਸ ਤੋਂ ਮਗਰੋਂ ਵੀਰਾ ਦੱਸਣ ਲੱਗਿਆ, ”ਇੱਕ ਹੋਰ ਗੱਲ ਹੋਈ। ਲੜਾਈ ਬੜੀ ਘਮਸਾਨ ਦੀ ਹੋ ਰਹੀ ਸੀ। ਅਗਾਂਹ ਵਧਦੇ ਵਧਦੇ ਦੋਵਾਂ ਪਾਸਿਆਂ ਦੇ ਫੌਜੀ ਆਪੋ ਵਿੱਚ ਭਿੜਨ ਤੱਕ ਆਣ ਪਹੁੰਚੇ। ਬਿਲਕੁਲ ਮੇਰੇ ਐਨ ਸਾਹਮਣੇ ਜਿਹੜਾ ਪਾਕਿਸਤਾਨੀ ਬੰਦਾ ਪਿਸਤੌਲ ਚਲਾਉਣ ਲੱਗਿਆ ਸੀ, ਅਚਾਨਕ ਉਸ ਨੇ ਪਿਸਤੌਲ ਹੇਠਾਂ ਕਰ ਲਿਆ। ਉਸ ਦਾ ਧਿਆਨ ਮੇਰੀ ਜੇਬ ‘ਤੇ ਲੱਗੇ ਕੈਪਟਨ ਬੀ ਐਸ ਟਿਵਾਣਾ ਵਾਲੇ ਫੀਤੇ ਉਤੇ ਸੀ। ਉਸੇ ਵੇਲੇ ਮੈਂ ਉਸ ਦੇ ਵੱਲ ਧਿਆਨ ਨਾਲ ਵੇਖਿਆ, ਉਸ ਦੀ ਜੇਬ ਉਪਰਲੇ ਫੀਤੇ ਉਤੇ ਕਰਨਲ ਏ ਐੱਸ ਟਿਵਾਣਾ ਲਿਖਿਆ ਹੋਇਆ ਸੀ। ਮੈਂ ਆਪਣੀ ਏ ਕੇ ਸੰਤਾਲੀ ਰਾਈਫਲ ਦਾ ਮੂੰਹ ਹੇਠਾਂ ਕਰ ਲਿਆ। ਉਹ ਐਨ ਮੇਰੇ ਨੇੜੇ ਆ ਗਿਆ ਸੀ। ਉਸ ਦੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ, ਜਿਸ ਕਰ ਕੇ ਉਸ ਦਾ ਬੂਟ ਫਟ ਗਿਆ ਸੀ ਤੇ ਪੈਰ ਵਿੱਚੋਂ ਲਹੂ ਵਗ ਰਿਹਾ ਸੀ। ਮੈਂ ਆਪਣੇ ਬੂਟ ਖੋਲ੍ਹ ਕੇ ਉਸ ਵੱਲ ਕਰਦਿਆਂ ਆਖਿਆ; ਸਰ, ਤੁਸੀਂ ਇਹ ਪਾ ਲਵੋ। ਨਾਲ ਹੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਦਿੱਤਾ ਅਤੇ ਆਖਿਆ ਕਿ ਇਸ ਨੂੰ ਘੁੱਟ ਕੇ ਜ਼ਖਮ ਉਤੇ ਬੰਨ੍ਹ ਲਓ। ਉਸ ਨੇ ਰੁਮਾਲ ਬੰਨ੍ਹ ਲਿਆ ਤੇ ਬੂਟ ਪਾ ਲਏ। ਇਸ ਵੇਲੇ ਤੱਕ ਲੜਾਈ ਥਮ ਗਈ ਤੇ ਫੌਜੀ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਰਹੇ ਸਨ। ਉਸ ਨੇ ਆਪਣਾ ਪਿਸਟਲ ਮੈਨੂੰ ਦਿੰਦਿਆਂ ਆਖਿਆ ਕਿ ਇਹ ਤੂੰ ਰੱਖ ਲੈ। “ਸਰ ਤੁਹਾਨੂੰ ਲੋੜ ਪਵੇਗੀ” ਮੈਂ ਆਖਿਆ ਸੀ। ਕਰਨਲ ਨੇ ਕਿਹਾ ਸੀ ਕਿ ਕੋਈ ਨਹੀਂ, ਇਹ ਤੂੰ ਮੇਰੀ ਨਿਸ਼ਾਨੀ ਰੱਖ ਲੈ, ਆਪਾਂ ਕਦੇ ਫਿਰ ਅਮਨ ਵੇਲੇ ਮਿਲਾਂਗੇ।”
“ਫੇਰ ਭੈਣ ਜੀ ਵੀਰੇ ਦੀ ਸੀ ਓ ਵੱਲੋਂ ਐਕਸਪਲਾਂਨੇਸ਼ਨ ਹੋਈ ਕਿ ਤੂੰ ਦੁਸ਼ਮਣ ਨੂੰ ਬੂਟ ਕਿਉਂ ਦਿੱਤੇ ਤੇ ਵੀਰੇ ਨੇ ਭੋਲੇ-ਭਾਅ ਆਖਿਆ ਸੀ ਕਿ ਉਹ ਦੇ ਨਾਲ ਮੇਰੀ ਕਾਹਦੀ ਦੁਸ਼ਮਣੀ ਸੀ?” ਗੁਰਦੀਪ ਨੇ ਦੱਸਿਆ।
ਅੱਜ ਜਦੋਂ ਵੀਰਾ ਨਹੀਂ ਰਿਹਾ ਅਤੇ ਉਹ ਕਰਨਲ ਏ ਐੱਸ ਟਿਵਾਣਾ ਵੀ ਨਹੀਂ ਰਿਹਾ ਤਾਂ ਇਹ ਦੁੱਖ ਵੀ ਲੱਗਦਾ ਹੈ ਕਿ ਅਮਨ ਵੇਲੇ ਮਿਲਣ ਦੀ ਇੱਛਾ ਨਾ ਸਿਰਫ ਦੋ ਟਿਵਾਣਿਆਂ ਦੀ ਸੀ, ਨਾ ਸਿਰਫ ਦੋ ਫੌਜੀਆਂ ਦੀ ਸੀ, ਸਗੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੀ ਅਤੇ ਹੈ ਵੀ।
“ਜੇ ਲੜਾਈ ਕੋਈ ਵੀ ਨਹੀਂ ਚਾਹੁੰਦਾ, ਫੇਰ ਹੁੰਦੀਆਂ ਕਿਉਂ ਨੇ?” ਬੇਜੀ ਨੇ ਪੁੱਛਿਆ।
“ਲੜਾਈਆਂ ਸਰਕਾਰਾਂ ਕਰਵਾਉਂਦੀਆਂ ਨੇ, ਕਿਉਂਕਿ ਉਨ੍ਹਾਂ ਦੇ ਪੁੱਤ ਨਾ ਲੜਾਈਆਂ ਵਿੱਚ ਜਾਂਦੇ ਨੇ, ਨਾ ਲੜਾਈਆਂ ਵਿੱਚ ਮਰਦੇ ਨੇ ।” ਮੇਰਾ ਜਵਾਬ ਸੀ।
ਇਹ ਗੱਲ ਮੈਂ ਪਾਕਿਸਤਾਨੀ ਲੇਖਿਕਾ ਅਫਜ਼ਲ ਤੌਸੀਫ ਨੂੰ ਵੀ ਦੱਸੀ ਸੀ।
ਦਲੀਪ ਕੌਰ ਟਿਵਾਣਾ
ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ।
ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ ਕੋਕੀਨ ਦਾ ਥੋੜ੍ਹਾ ਜਿਹਾ ਕੰਮ-ਕਾਜ ਚੱਲ ਰਿਹਾ ਸੀ। ਜਿਸਦੇ ਨਾਲ ਕੁੱਝ ਆਮਦਨ ਦੀ ਸੂਰਤ ਹੋ ਹੀ ਜਾਂਦੀ ਸੀ। ਜਦੋਂ ਬਟਵਾਰਾ ਹੋਇਆ ਅਤੇ ਇਧਰ ਦੇ ਆਦਮੀ ਉਧਰ ਅਤੇ ਉਧਰ ਦੇ ਇਧਰ ਹਜ਼ਾਰਾਂ ਦੀ ਤਾਦਾਦ ਵਿੱਚ ਆਉਣ ਜਾਣ ਲੱਗੇ ਤਾਂ ਮੈਂ ਸੋਚਿਆ ਚਲੋ ਪਾਕਿਸਤਾਨ ਚੱਲੀਏ। ਕੋਕੀਨ ਦਾ ਨਾ ਸਹੀ ਕੋਈ ਹੋਰ ਕੰਮ-ਕਾਜ ਸ਼ੁਰੂ ਕਰ ਦੇਵਾਂਗਾ। ਇਸਲਈ ਉੱਥੋਂ ਚੱਲ ਪਿਆ ਅਤੇ ਰਸਤੇ ਵਿੱਚ ਤਰ੍ਹਾਂ ਤਰ੍ਹਾਂ ਦੇ ਛੋਟੇ ਛੋਟੇ ਧੰਦੇ ਕਰਦਾ ਪਾਕਿਸਤਾਨ ਪਹੁੰਚ ਗਿਆ।
ਮੈਂ ਤਾਂ ਚਲਿਆ ਹੀ ਇਸ ਨੀਅਤ ਨਾਲ ਸੀ ਕਿ ਕੋਈ ਮੋਟਾ ਕੰਮ-ਕਾਜ ਕਰਾਂਗਾ। ਇਸਲਈ ਪਾਕਿਸਤਾਨ ਪੁੱਜਦੇ ਹੀ ਮੈਂ ਹਾਲਾਤ ਨੂੰ ਚੰਗੀ ਤਰ੍ਹਾਂ ਜਾਂਚਿਆ ਅਤੇ ਅਲਾਟਮੈਂਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮਸਕਾ ਪਾਲਿਸ਼ ਮੈਨੂੰ ਆਉਂਦਾ ਹੀ ਸੀ। ਚੀਕਣੀਆਂ ਚੋਪੜੀਆਂ ਗੱਲਾਂ ਕੀਤੀਆਂ। ਇੱਕ ਦੋ ਆਦਮੀਆਂ ਦੇ ਨਾਲ ਯਰਾਨਾ ਗੰਢਿਆ ਅਤੇ ਇੱਕ ਛੋਟਾ ਜਿਹਾ ਮਕਾਨ ਅਲਾਟ ਕਰਾ ਲਿਆ। ਇਸ ਨਾਲ ਕਾਫ਼ੀ ਮੁਨਾਫਾ ਹੋਇਆ ਤਾਂ ਮੈਂ ਅੱਡ ਅੱਡ ਸ਼ਹਿਰਾਂ ਵਿੱਚ ਫਿਰ ਕੇ ਮਕਾਨ ਅਤੇ ਦੁਕਾਨਾਂ ਅਲਾਟ ਕਰਾਉਣ ਦਾ ਧੰਦਾ ਕਰਨ ਲੱਗਿਆ।
ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਪੈਂਦੀ ਹੈ। ਮੈਨੂੰ ਵੀ ਇਸਲਈ ਅਲਾਟਮੈਂਟਾਂ ਦੇ ਸਿਲਸਿਲੇ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਕਿਸੇ ਦੇ ਮਸਕਾ ਲਗਾਇਆ। ਕਿਸੇ ਦੀ ਮੁਠੀ ਗਰਮ ਕੀਤੀ, ਕਿਸੇ ਨੂੰ ਖਾਣੇ ਦੀ ਦਾਵਤ ਦਿੱਤੀ, ਕਿਸੇ ਨੂੰ ਨਾਚ-ਗਾਣੇ ਦੀ ਮਹਿਫਲ। ਗੱਲ ਕੀ ਬੇਸ਼ੁਮਾਰ ਬਖੇੜੇ ਸਨ। ਦਿਨ-ਭਰ ਖ਼ਾਕ ਛਾਣਦਾ, ਵੱਡੀਆਂ ਵੱਡੀਆਂ ਕੋਠੀਆਂ ਦੇ ਫੇਰੇ ਮਾਰਦਾ ਅਤੇ ਸ਼ਹਿਰ ਦਾ ਚੱਪਾ ਚੱਪਾ ਵੇਖਕੇ ਅੱਛਾ ਜਿਹਾ ਮਕਾਨ ਤਲਾਸ਼ ਕਰਦਾ ਜਿਸਦੇ ਅਲਾਟ ਕਰਾਉਣ ਨਾਲ ਜ਼ਿਆਦਾ ਮੁਨਾਫ਼ਾ ਹੋਵੇ।
ਇਨਸਾਨ ਦੀ ਮਿਹਨਤ ਕਦੇ ਖ਼ਾਲੀ ਨਹੀਂ ਜਾਂਦੀ। ਇਸਲਈ ਇੱਕ ਸਾਲ ਦੇ ਅੰਦਰ ਅੰਦਰ ਮੈਂ ਲੱਖਾਂ ਰੁਪਏ ਕਮਾ ਲਏ। ਹੁਣ ਖ਼ੁਦਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ। ਬੈਂਕ ਵਿੱਚ ਬੇ-ਅੰਦਾਜ਼ਾ ਮਾਲ ਪਾਨੀ… ਮੁਆਫ਼ ਕਰਨਾ ਮੈਂ ਕਾਠੀਆਵਾੜ ਗੁਜਰਾਤ ਦਾ ਰੋਜ਼ਮਰਾ ਇਸਤੇਮਾਲ ਕਰ ਗਿਆ। ਮਗਰ ਕੋਈ ਡਰ ਨਹੀਂ। ਉਰਦੂ ਜ਼ਬਾਨ ਵਿੱਚ ਬਾਹਰ ਦੇ ਅਲਫ਼ਾਜ਼ ਵੀ ਸ਼ਾਮਿਲ ਹੋਣ ਚਾਹੀਦੇ ਹਨ…ਜੀ ਹਾਂ, ਅੱਲਾ ਦਾ ਦਿੱਤਾ ਸਭ ਕੁੱਝ ਸੀ। ਰਹਿਣ ਨੂੰ ਬਿਹਤਰੀਨ ਕੋਠੀ, ਨੌਕਰ-ਚਾਕਰ, ਪੇਕਾਰਡ ਮੋਟਰ, ਬੈਂਕ ਵਿੱਚ ਢਾਈ ਲੱਖ ਰੁਪਏ। ਕਾਰਖਾਨੇ ਅਤੇ ਦੁਕਾਨਾਂ ਵੱਖ…ਇਹ ਸਭ ਸੀ। ਲੇਕਿਨ ਮੇਰੇ ਦਿਲ ਦਾ ਚੈਨ ਪਤਾ ਨਹੀਂ ਕਿੱਥੇ ਉੱਡ ਗਿਆ। ਇਵੇਂ ਤਾਂ ਕੋਕੀਨ ਦਾ ਧੰਦਾ ਕਰਦੇ ਹੋਏ ਵੀ ਦਿਲ ਤੇ ਕਦੇ ਕਦੇ ਬੋਝ ਮਹਿਸੂਸ ਹੁੰਦਾ ਸੀ ਲੇਕਿਨ ਹੁਣ ਤਾਂ ਜਿਵੇਂ ਦਿਲ ਰਿਹਾ ਹੀ ਨਹੀਂ ਸੀ। ਜਾਂ ਫਿਰ ਇਵੇਂ ਕਹੀਏ ਕਿ ਬੋਝ ਇੰਨਾ ਆ ਪਿਆ ਕਿ ਦਿਲ ਉਸ ਦੇ ਹੇਠਾਂ ਦਬ ਗਿਆ। ਪਰ ਇਹ ਬੋਝ ਕਿਸ ਗੱਲ ਦਾ ਸੀ?
ਆਦਮੀ ਮੈਂ ਜ਼ਹੀਨ ਹਾਂ, ਦਿਮਾਗ਼ ਵਿੱਚ ਕੋਈ ਸਵਾਲ ਪੈਦਾ ਹੋ ਜਾਵੇ ਤਾਂ ਮੈਂ ਉਸ ਦਾ ਜਵਾਬ ਖੋਜ ਹੀ ਕੱਢਦਾ ਹਾਂ। ਠੰਡੇ ਦਿਲੋਂ (ਹਾਲਾਂਕਿ ਦਿਲ ਦਾ ਕੁੱਝ ਪਤਾ ਹੀ ਨਹੀਂ ਸੀ) ਮੈਂ ਗ਼ੌਰ ਕਰਨਾ ਸ਼ੁਰੂ ਕੀਤਾ ਕਿ ਇਸ ਗੜਬੜ ਘੋਟਾਲੇ ਦੀ ਵਜ੍ਹਾ ਕੀ ਹੈ?
ਔਰਤ?……ਹੋ ਸਕਦੀ ਹੈ। ਮੇਰੀ ਆਪਣੀ ਤਾਂ ਕੋਈ ਸੀ ਨਹੀਂ। ਜੋ ਸੀ ਉਹ ਕਾਠੀਆਵਾੜ ਗੁਜਰਾਤ ਹੀ ਵਿੱਚ ਅੱਲਾ ਮੀਆਂ ਨੂੰ ਪਿਆਰੀ ਹੋ ਗਈ ਸੀ। ਲੇਕਿਨ ਦੂਸਰਿਆਂ ਦੀਆਂ ਔਰਤਾਂ ਮੌਜੂਦ ਸਨ। ਮਿਸਾਲ ਦੇ ਤੌਰ ਉੱਤੇ ਆਪਣੇ ਮਾਲੀ ਵਾਲੀ ਹੀ ਸੀ। ਆਪਣਾ ਆਪਣਾ ਟੈਸਟ ਹੈ। ਸੱਚ ਪੁੱਛੋ ਤਾਂ ਔਰਤ ਜਵਾਨ ਹੋਣੀ ਚਾਹੀਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਪੜ੍ਹੀ ਲਿਖੀ ਹੋਵੇ, ਡਾਂਸ ਕਰਨਾ ਜਾਣਦੀ ਹੋਵੇ। ਆਪਾਂ ਨੂੰ ਤਾਂ ਸਾਰੀਆਂ ਜਵਾਨ ਔਰਤਾਂ ਚੱਲਦੀਆਂ ਹਨ। (ਕਾਠੀਆਵਾੜ ਗੁਜਰਾਤ ਦਾ ਮੁਹਾਵਰਾ ਹੈ ਜਿਸਦਾ ਉਰਦੂ ਵਿੱਚ ਹੂਬਹੂ ਬਦਲ ਮੌਜੂਦ ਨਹੀਂ)।
ਔਰਤ ਦਾ ਤਾਂ ਸਵਾਲ ਹੀ ਉਠ ਗਿਆ ਅਤੇ ਦੌਲਤ ਦਾ ਪੈਦਾ ਹੀ ਨਹੀਂ ਹੋ ਸਕਦਾ। ਇਸਲਈ ਕਿ ਬੰਦਾ ਜ਼ਿਆਦਾ ਲਾਲਚੀ ਨਹੀਂ ਜੋ ਕੁੱਝ ਹੈ ਉਸੇ ਤੇ ਸੰਤੁਸ਼ਟ ਹੈ ਲੇਕਿਨ ਫਿਰ ਇਹ ਦਿਲ ਵਾਲੀ ਗੱਲ ਕਿਉਂ ਪੈਦਾ ਹੋ ਗਈ ਸੀ?
ਆਦਮੀ ਜ਼ਹੀਨ ਹਾਂ, ਕੋਈ ਮਸਲਾ ਸਾਹਮਣੇ ਆ ਜਾਏ ਤਾਂ ਇਸ ਦੀ ਤਹਿ ਤੱਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ। ਕਾਰਖਾਨੇ ਚੱਲ ਰਹੇ ਸਨ। ਦੁਕਾਨਾਂ ਵੀ ਚੱਲ ਰਹੀਆਂ ਸਨ। ਰੁਪਿਆ ਆਪਣੇ ਆਪ ਪੈਦਾ ਹੋ ਰਿਹਾ ਸੀ। ਮੈਂ ਅਲਗ-ਥਲਗ ਹੋ ਕੇ ਸੋਚਣਾ ਸ਼ੁਰੂ ਕੀਤਾ ਅਤੇ ਬਹੁਤ ਦੇਰ ਦੇ ਬਾਅਦ ਇਸ ਨਤੀਜੇ ਉੱਤੇ ਪੁੱਜਾ ਕਿ ਦਿਲ ਦੀ ਗੜਬੜ ਸਿਰਫ ਇਸਲਈ ਹੈ ਕਿ ਮੈਂ ਕੋਈ ਨੇਕ ਕੰਮ ਨਹੀਂ ਕੀਤਾ।
ਕਾਠੀਆਵਾੜ ਗੁਜਰਾਤ ਵਿੱਚ ਤਾਂ ਵੀਹਾਂ ਨੇਕ ਕੰਮ ਕੀਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਮੇਰਾ ਦੋਸਤ ਪਾਂਡੂਰੰਗ ਮਰ ਗਿਆ ਤਾਂ ਮੈਂ ਉਸ ਦੀ ਵਿਧਵਾ ਨੂੰ ਆਪਣੇ ਘਰ ਪਾ ਲਿਆ ਅਤੇ ਦੋ ਸਾਲ ਤੱਕ ਉਸ ਨੂੰ ਧੰਦਾ ਕਰਨ ਤੋਂ ਰੋਕੀ ਰੱਖਿਆ। ਵਨਾਇਕ ਦੀ ਲੱਕੜੀ ਦੀ ਟੰਗ ਟੁੱਟ ਗਈ ਤਾਂ ਉਸਨੂੰ ਨਵੀਂ ਖ਼ਰੀਦ ਦਿੱਤੀ। ਤਕਰੀਬਨ ਚਾਲ੍ਹੀ ਰੁਪਏ ਇਸ ਤੇ ਉਠ ਗਏ ਸਨ। ਜਮਨਾ ਬਾਈ ਨੂੰ ਗਰਮੀ ਹੋ ਗਈ ਸਾਲੀ ਨੂੰ (ਮੁਆਫ਼ ਕਰਨਾ ਕੁੱਝ ਪਤਾ ਹੀ ਨਹੀਂ ਸੀ। ਮੈਂ ਉਸਨੂੰ ਡਾਕਟਰ ਦੇ ਕੋਲ ਲੈ ਗਿਆ। ਛੇ ਮਹੀਨੇ ਬਰਾਬਰ ਉਸ ਦਾ ਇਲਾਜ ਕਰਾਂਦਾ ਰਿਹਾ…ਲੇਕਿਨ ਪਾਕਿਸਤਾਨ ਆਕੇ ਮੈਂ ਕੋਈ ਨੇਕ ਕੰਮ ਨਹੀਂ ਕੀਤਾ ਸੀ ਅਤੇ ਦਿਲ ਦੀ ਗੜਬੜ ਦੀ ਵਜ੍ਹਾ ਇਹੀ ਸੀ। ਵਰਨਾ ਹੋਰ ਸਭ ਠੀਕ ਸੀ ਮੈਂ ਸੋਚਿਆ ਕੀ ਕਰਾਂ?…ਖ਼ੈਰਾਤ ਦੇਣ ਦਾ ਖਿਆਲ ਆਇਆ। ਲੇਕਿਨ ਇੱਕ ਰੋਜ ਸ਼ਹਿਰ ਵਿੱਚ ਘੁੰਮਿਆ ਤਾਂ ਵੇਖਿਆ ਕਿ ਕਰੀਬ ਕਰੀਬ ਹਰ ਸ਼ਖਸ ਭਿਖਾਰੀ ਹੈ। ਕੋਈ ਭੁੱਖਾ ਹੈ, ਕੋਈ ਨੰਗਾ। ਕਿਸ-ਕਿਸ ਦਾ ਢਿੱਡ ਭਰਾਂ, ਕਿਸ ਕਿਸ ਦਾ ਅੰਗ ਢਕਾਂ?…ਸੋਚਿਆ ਇੱਕ ਲੰਗਰ ਖਾਨਾ ਖੋਲ ਦੇਵਾਂ, ਲੇਕਿਨ ਇੱਕ ਲੰਗਰ ਖ਼ਾਨੇ ਨਾਲ ਕੀ ਹੁੰਦਾ ਅਤੇ ਫਿਰ ਅੰਨ ਕਿੱਥੋਂ ਲਿਆਉਂਦਾ? ਬਲੈਕ ਮਾਰਕੀਟ ਚੋਂ ਖ਼ਰੀਦਣ ਦਾ ਖਿਆਲ ਪੈਦਾ ਹੋਇਆ ਤਾਂ ਇਹ ਸਵਾਲ ਵੀ ਨਾਲ ਹੀ ਪੈਦਾ ਹੋ ਗਿਆ ਕਿ ਇੱਕ ਤਰਫ਼ ਗੁਨਾਹ ਕਰਕੇ ਦੂਜੀ ਤਰਫ਼ ਭਲੇ ਦੇ ਕੰਮ ਦਾ ਮਤਲਬ ਹੀ ਕੀ ਹੈ।
ਘੰਟਿਆਂ ਬੈਠ ਬੈਠ ਕੇ ਮੈਂ ਲੋਕਾਂ ਦੇ ਦੁੱਖ ਦਰਦ ਸੁਣੇ। ਸੱਚ ਪੁੱਛੋ ਤਾਂ ਹਰ ਸ਼ਖਸ ਦੁਖੀ ਸੀ। ਉਹ ਵੀ ਜੋ ਦੁਕਾਨਾਂ ਦੇ ਧੜਿਆਂ ਉੱਤੇ ਸੋਂਦਾ ਹੈ ਅਤੇ ਉਹ ਵੀ ਜੋ ਉਚੀਆਂ ਉਚੀਆਂ ਹਵੇਲੀਆਂ ਵਿੱਚ ਰਹਿੰਦੇ ਹਨ। ਪੈਦਲ ਚਲਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕੰਮ ਦਾ ਕੋਈ ਜੁੱਤਾ ਨਹੀਂ। ਮੋਟਰ ਵਿੱਚ ਬੈਠਣ ਵਾਲੇ ਨੂੰ ਇਹ ਦੁੱਖ ਸੀ ਕਿ ਇਸ ਦੇ ਕੋਲ ਕਾਰ ਦਾ ਨਵਾਂ ਮਾਡਲ ਨਹੀਂ। ਹਰ ਸ਼ਖਸ ਦੀ ਸ਼ਿਕਾਇਤ ਆਪਣੀ ਆਪਣੀ ਜਗ੍ਹਾ ਦਰੁਸਤ ਸੀ। ਹਰ ਸ਼ਖਸ ਦੀ ਹਾਜਤ ਆਪਣੀ ਆਪਣੀ ਜਗ੍ਹਾ ਮਾਕੂਲ ਸੀ।
ਮੈਂ ਗ਼ਾਲਿਬ ਦੀ ਇੱਕ ਗ਼ਜ਼ਲ, ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਕੋਲੋਂ ਸੁਣੀ ਸੀ, ਇੱਕ ਸ਼ੇਅਰ ਯਾਦ ਰਹਿ ਗਿਆ ਹੈ।
‘ਕਿਸ ਦੀ ਹਾਜਤ-ਰਵਾ ਕਰੇ ਕੋਈ’
ਮੁਆਫ਼ ਕਰਨਾ ਇਹ ਉਸ ਦਾ ਦੂਜਾ ਮਿਸਰਾ ਹੈ ਅਤੇ ਹੋ ਸਕਦਾ ਹੈ ਪਹਿਲਾ ਹੀ ਹੋਵੇ।
ਜੀ ਹਾਂ, ਮੈਂ ਕਿਸ ਕਿਸ ਦੀ ਹਾਜਤ ਰਵਾ ਕਰਦਾ ਜਦੋਂ ਸੌ ਵਿੱਚੋਂ ਸੌ ਹੀ ਹਾਜਤਮੰਦ ਸਨ। ਮੈਂ ਫਿਰ ਇਹ ਵੀ ਸੋਚਿਆ ਕਿ ਖ਼ੈਰਾਤ ਦੇਣਾ ਕੋਈ ਅੱਛਾ ਕੰਮ ਨਹੀਂ। ਮੁਮਕਿਨ ਹੈ ਤੁਸੀ ਮੇਰੇ ਨਾਲ ਇੱਤਫਾਕ ਨਾ ਕਰੋ। ਲੇਕਿਨ ਮੈਂ ਮੁਹਾਜਿਰਾਂ ਦੇ ਕੈਂਪਾਂ ਵਿੱਚ ਜਾ ਜਾ ਕੇ ਜਦੋਂ ਹਾਲਾਤ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ ਤਾਂ ਮੈਨੂੰ ਪਤਾ ਚੱਲਿਆ ਕਿ ਖ਼ੈਰਾਤ ਨੇ ਬਹੁਤ ਸਾਰੇ ਮੁਹਾਜਿਰਾਂ ਨੂੰ ਬਿਲਕੁਲ ਹੀ ਨਾਕਾਮ ਬਣਾ ਦਿੱਤਾ ਹੈ। ਦਿਨ-ਭਰ ਹੱਥ ਤੇ ਹੱਥ ਧਰੀ ਬੈਠੇ ਹਨ। ਤਾਸ਼ ਖੇਲ ਰਹੇ ਹਨ। ਜੁਗਾ ਹੋ ਰਹੀ ਹੈ। (ਮੁਆਫ਼ ਕਰਨਾ ਜੁਗਾ ਦਾ ਮਤਲਬ ਹੈ ਜੁਵਾ ਯਾਨੀ ਕੁਮਾਰ ਬਾਜ਼ੀ) ਗਾਲਾਂ ਬਕ ਰਹੇ ਹਨ ਅਤੇ ਫ਼ੋਗਟ ਯਾਨੀ ਮੁਫ਼ਤ ਦੀਆਂ ਰੋਟੀਆਂ ਤੋੜ ਰਹੇ ਹਨ…..ਅਜਿਹੇ ਲੋਕ ਭਲਾ ਪਾਕਿਸਤਾਨ ਨੂੰ ਮਜ਼ਬੂਤ ਬਣਾਉਣ ਵਿੱਚ ਕੀ ਮਦਦ ਦੇ ਸਕਦੇ ਨੇ। ਇਸਲਈ ਮੈਂ ਇਸ ਨਤੀਜੇ ਉੱਤੇ ਪੁੱਜਾ ਕਿ ਭਿੱਖ ਦੇਣਾ ਹਰਗਿਜ਼ ਹਰਗਿਜ਼ ਨੇਕੀ ਦਾ ਕੰਮ ਨਹੀਂ। ਲੇਕਿਨ ਫਿਰ ਨੇਕੀ ਦੇ ਕੰਮ ਲਈ ਹੋਰ ਕਿਹੜਾ ਰਸਤਾ ਹੈ?
ਕੈਂਪਾਂ ਵਿੱਚ ਧੜਾ ਧੜ ਆਦਮੀ ਮਰ ਰਹੇ ਸਨ। ਕਦੇ ਹੈਜ਼ਾ ਫੁੱਟਦਾ ਸੀ ਕਦੇ ਪਲੇਗ। ਹਸਪਤਾਲਾਂ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ ਸੀ। ਮੈਨੂੰ ਬਹੁਤ ਤਰਸ ਆਇਆ। ਕਰੀਬ ਸੀ ਕਿ ਇੱਕ ਹਸਪਤਾਲ ਬਣਵਾ ਦੇਵਾਂ ਮਗਰ ਸੋਚਣ ਤੇ ਇਰਾਦਾ ਤਰਕ ਕਰ ਦਿੱਤਾ। ਪੂਰੀ ਸਕੀਮ ਤਿਆਰ ਕਰ ਚੁੱਕਿਆ ਸੀ। ਇਮਾਰਤ ਲਈ ਟੈਂਡਰ ਤਲਬ ਕਰਦਾ। ਦਾਖ਼ਲੇ ਦੀਆਂ ਫੀਸਾਂ ਦਾ ਰੁਪਿਆ ਜਮਾਂ ਹੋ ਜਾਂਦਾ। ਆਪਣੀ ਹੀ ਇੱਕ ਕੰਪਨੀ ਖੜੀ ਕਰ ਦਿੰਦਾ ਅਤੇ ਟੈਂਡਰ ਉਸ ਦੇ ਨਾਮ ਕੱਢ ਦਿੰਦਾ। ਖ਼ਿਆਲ ਸੀ ਇੱਕ ਲੱਖ ਰੁਪਏ ਇਮਾਰਤ ਤੇ ਲਾਵਾਂਗਾ। ਸਾਫ਼ ਹੈ ਕਿ ਸੱਤਰ ਹਜ਼ਾਰ ਰੁਪਏ ਵਿੱਚ ਬਿਲਡਿੰਗ ਖੜੀ ਕਰ ਦਿੰਦਾ ਅਤੇ ਪੂਰੇ ਤੀਹ ਹਜ਼ਾਰ ਰੁਪਏ ਬਚਾ ਲੈਂਦਾ। ਮਗਰ ਇਹ ਸਾਰੀ ਸਕੀਮ ਧਰੀ ਦੀ ਧਰੀ ਰਹਿ ਗਈ। ਜਦੋਂ ਮੈਂ ਸੋਚਿਆ ਕਿ ਜੇਕਰ ਮਰਨ ਵਾਲਿਆਂ ਨੂੰ ਬਚਾ ਲਿਆ ਗਿਆ ਤਾਂ ਇਹ ਜੋ ਵੱਧ ਆਬਾਦੀ ਹੈ ਇਹ ਕਿਵੇਂ ਘੱਟ ਹੋਵੇਗੀ?
ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਫ਼ਾਲਤੂ ਆਬਾਦੀ ਦਾ ਹੈ। ਲਫ਼ੜਾ ਦਾ ਮਤਲਬ ਹੈ ਝਗੜਾ, ਉਹ ਝਗੜਾ ਜਿਸ ਵਿੱਚ ਦੰਗਾ ਫ਼ਸਾਦ ਵੀ ਹੋਵੇ। ਲੇਕਿਨ ਇਸ ਤੋਂ ਵੀ ਇਸ ਲਫ਼ਜ਼ ਦੇ ਪੂਰੇ ਮਾਅਨੇ ਮੈਂ ਬਿਆਨ ਨਹੀਂ ਕਰ ਸਕਿਆ।
ਜੀ ਹਾਂ ਗ਼ੌਰ ਕੀਤਾ ਜਾਵੇ ਤਾਂ ਇਹ ਸਾਰਾ ਲਫ਼ੜਾ ਹੀ ਇਸ ਫ਼ਾਲਤੂ ਆਬਾਦੀ ਦੇ ਕਾਰਨ ਹੈ। ਹੁਣ ਲੋਕ ਵੱਧਦੇ ਜਾਣਗੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜ਼ਮੀਨਾਂ ਵੀ ਨਾਲ ਨਾਲ ਵਧਦੀਆਂ ਜਾਣਗੀਆਂ। ਅਸਮਾਨ ਵੀ ਨਾਲ ਨਾਲ ਫੈਲਦਾ ਜਾਵੇਗਾ। ਮੀਂਹ ਜ਼ਿਆਦਾ ਪੈਣਗੇ। ਅਨਾਜ ਜ਼ਿਆਦਾ ਉੱਗੇਗਾ। ਇਸਲਈ ਮੈਂ ਇਸ ਨਤੀਜੇ ਤੇ ਪਹੁੰਚਿਆ…ਕਿ ਹਸਪਤਾਲ ਬਣਾਉਣਾ ਹਰਗਿਜ਼ ਹਰਗਿਜ਼ ਨੇਕ ਕੰਮ ਨਹੀਂ। ਫਿਰ ਸੋਚਿਆ ਮਸਜਦ ਬਣਵਾ ਦੇਵਾਂ। ਲੇਕਿਨ ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦਾ ਗਾਇਆ ਹੋਇਆ ਇੱਕ ਸ਼ੇਅਰ ਯਾਦ ਆ ਗਿਆ:
‘ਨਾਮ ਮਨਜੂਰ ਹੈ ਤੋ ਫ਼ੈਜ ਕੇ ਅਸਬਾਬ ਬਨਾ’
ਉਹ ਮਨਜ਼ੂਰ ਨੂੰ ਮਨਜੂਰ ਅਤੇ ਫ਼ੈਜ਼ ਨੂੰ ਫ਼ੈਜ ਕਿਹਾ ਕਰਦੀ ਸੀ। ‘ਨਾਮ ਮਨਜ਼ੂਰ ਹੈ ਤੋ ਫ਼ੈਜ਼ ਕੇ ਅਸਬਾਬ ਬਨਾ’। ਪੁਲ ਬਣਾ ਚਾਹੇ ਬਣਾ ਮਸਜਦ-ਓ-ਤਾਲਾਬ ਬਣਾ।
ਕਿਸੇ ਕਮਬਖ਼ਤ ਨੂੰ ਨਾਮ-ਓ-ਨਮੂਦ ਦੀ ਖਾਹਿਸ਼ ਹੈ। ਉਹ ਜੋ ਨਾਮ ਉਛਾਲਣ ਲਈ ਪੁਲ ਬਣਾਉਂਦੇ ਹਨ, ਨੇਕੀ ਦਾ ਕੀ ਕੰਮ ਕਰਦੇ ਹਨ? ਖ਼ਾਕ ਮੈਂ ਕਿਹਾ ਨਾ ਇਹ ਮਸਜਦ ਬਣਵਾਉਣ ਦਾ ਖ਼ਿਆਲ ਬਿਲਕੁਲ ਗ਼ਲਤ ਹੈ। ਬਹੁਤ ਸਾਰੀਆਂ ਵੱਖ ਵੱਖ ਮਸਜਦਾਂ ਦਾ ਹੋਣਾ ਵੀ ਕੌਮ ਦੇ ਹੱਕ ਵਿੱਚ ਹਰਗਿਜ਼ ਮੁਫ਼ੀਦ ਨਹੀਂ ਹੋ ਸਕਦਾ। ਇਸਲਈ ਕਿ ਅਵਾਮ ਬਟ ਜਾਂਦੇ ਹਨ।
ਥੱਕ-ਹਾਰ ਮੈਂ ਹੱਜ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਅੱਲਾ ਮੀਆਂ ਨੇ ਮੈਨੂੰ ਖ਼ੁਦ ਹੀ ਇੱਕ ਰਸਤਾ ਦੱਸ ਦਿੱਤਾ। ਸ਼ਹਿਰ ਵਿੱਚ ਇੱਕ ਜਲਸਾ ਹੋਇਆ। ਜਦੋਂ ਖ਼ਤਮ ਹੋਇਆ ਤਾਂ ਲੋਕਾਂ ਵਿੱਚ ਬਦਹਜ਼ਮੀ ਫੈਲ ਗਈ। ਇੰਨੀ ਭਗਦੜ ਮੱਚੀ ਕਿ ਤੀਹ ਆਦਮੀ ਹਲਾਕ ਹੋ ਗਏ। ਇਸ ਹਾਦਸੇ ਦੀ ਖ਼ਬਰ ਦੂਜੇ ਰੋਜ ਅਖ਼ਬਾਰਾਂ ਵਿੱਚ ਛਪੀ ਤਾਂ ਪਤਾ ਲੱਗਿਆ ਕਿ ਉਹ ਹਲਾਕ ਨਹੀਂ ਸਗੋਂ ਸ਼ਹੀਦ ਹੋਏ ਸਨ।
ਮੈਂ ਸੋਚਣਾ ਸ਼ੁਰੂ ਕੀਤਾ। ਸੋਚਣ ਦੇ ਇਲਾਵਾ ਮੈਂ ਕਈ ਮੌਲਵੀਆਂ ਨੂੰ ਮਿਲਿਆ। ਪਤਾ ਲੱਗਿਆ ਕਿ ਉਹ ਲੋਕ ਜੋ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਮਿਲਦਾ ਹੈ। ਯਾਨੀ ਉਹ ਰੁਤਬਾ ਜਿਸ ਨਾਲੋਂ ਵੱਡਾ ਕੋਈ ਹੋਰ ਰੁਤਬਾ ਹੀ ਨਹੀਂ। ਮੈਂ ਸੋਚਿਆ ਕਿ ਜੇਕਰ ਲੋਕ ਮਰਨ ਦੀ ਬਜਾਏ ਸ਼ਹੀਦ ਹੋਇਆ ਕਰਨ ਤਾਂ ਕਿੰਨਾ ਅੱਛਾ ਹੈ। ਉਹ ਜੋ ਆਮ ਮੌਤ ਮਰਦੇ ਹਨ। ਸਾਫ਼ ਹੈ ਕਿ ਉਨ੍ਹਾਂ ਦੀ ਮੌਤ ਬਿਲਕੁਲ ਅਕਾਰਥ ਜਾਂਦੀ ਹੈ। ਜੇਕਰ ਉਹ ਸ਼ਹੀਦ ਹੋ ਜਾਂਦੇ ਤਾਂ ਕੋਈ ਗੱਲ ਬਣਦੀ।
ਮੈਂ ਇਸ ਬਰੀਕੀ ਤੇ ਹੋਰ ਗ਼ੌਰ ਕਰਨਾ ਸ਼ੁਰੂ ਕੀਤਾ।
ਚਾਰੋਂ ਤਰਫ਼ ਜਿਧਰ ਵੇਖੋ ਖ਼ਸਤਾ-ਹਾਲ ਇਨਸਾਨ ਸਨ। ਚਿਹਰੇ ਜ਼ਰਦ, ਫ਼ਿਕਰ-ਓ-ਤਰੱਦੁਦ ਅਤੇ ਗ਼ਮ-ਏ-ਰੋਜ਼ਗਾਰ ਦੇ ਬੋਝ ਥਲੇ ਪਿਸੇ ਹੋਏ, ਧਸੀਆਂ ਹੋਈਆਂ ਅੱਖਾਂ ਬੇ-ਜਾਨ ਚਾਲ, ਕੱਪੜੇ ਤਾਰਤਾਰ। ਰੇਲ-ਗੱਡੀ ਦੇ ਕੰਡਮ ਮਾਲ ਦੀ ਤਰ੍ਹਾਂ ਜਾਂ ਤਾਂ ਕਿਸੇ ਟੁੱਟੇ ਫੁੱਟੇ ਝੋਂਪੜੇ ਵਿੱਚ ਪਏ ਹਨ ਜਾਂ ਬਜ਼ਾਰਾਂ ਵਿੱਚ ਬੇ ਮਾਲਿਕ ਮਵੇਸ਼ੀਆਂ ਦੀ ਤਰ੍ਹਾਂ ਮੂੰਹ ਚੁੱਕ ਬੇਮਤਲਬ ਘੁੰਮ ਰਹੇ ਹਨ। ਕਿਓਂ ਜੀ ਰਹੇ ਹਨ? ਕਿਸ ਲਈ ਜੀ ਰਹੇ ਹਨ ਅਤੇ ਕੈਸੇ ਜੀ ਰਹੇ ਹਨ? ਇਸ ਦਾ ਕੁੱਝ ਪਤਾ ਹੀ ਨਹੀਂ। ਕੋਈ ਛੂਤ ਦਾ ਰੋਗ ਫੈਲ ਜਾਵੇ। ਹਜ਼ਾਰਾਂ ਮਰ ਗਏ ਹੋਰ ਕੁੱਝ ਨਹੀਂ ਤਾਂ ਭੁੱਖ ਅਤੇ ਪਿਆਸ ਨਾਲ ਹੀ ਘੁਲ ਘੁਲ ਕੇ ਮਰੇ। ਸਰਦੀਆਂ ਵਿੱਚ ਆਕੜ ਗਏ, ਗਰਮੀਆਂ ਵਿੱਚ ਸੁੱਕ ਗਏ। ਕਿਸੇ ਦੀ ਮੌਤ ਤੇ ਕਿਸੇ ਨੇ ਦੋ ਅੱਥਰੂ ਵਗਾ ਦਿੱਤੇ। ਬਹੁਤਿਆਂ ਦੀ ਮੌਤ ਖੁਸ਼ਕ ਹੀ ਰਹੀ।
ਜ਼ਿੰਦਗੀ ਸਮਝ ਵਿੱਚ ਨਾ ਆਈ, ਠੀਕ ਹੈ। ਇਸ ਨੂੰ ਗੌਲਣ ਦੀ ਲੋੜ ਨਹੀਂ, ਇਹ ਵੀ ਠੀਕ ਹੈ…ਉਹ ਕਿਸ ਦਾ ਸ਼ੇਅਰ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਦੀ ਦਰਦ-ਭਰੀ ਆਵਾਜ਼ ਵਿੱਚ ਗਾਇਆ ਕਰਦੀ ਸੀ:
ਮਰ ਕੇ ਭੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ । ਮੇਰਾ ਮਤਲਬ ਹੈ ਜੇਕਰ ਮਰਨ ਦੇ ਬਾਅਦ ਵੀ ਜ਼ਿੰਦਗੀ ਨਾ ਸੁਧਰੀ ਤਾਂ ਲਾਹਨਤ ਹੈ ਸੁਸਰੀ ਤੇ।
ਮੈਂ ਸੋਚਿਆ ਕਿਉਂ ਨਾ ਇਹ ਬੇਚਾਰੇ, ਇਹ ਕਿਸਮਤ ਦੇ ਮਾਰੇ, ਦਰਦ ਦੇ ਠੁਕਰਾਏ ਹੋਏ ਇਨਸਾਨ ਜੋ ਇਸ ਦੁਨੀਆ ਵਿੱਚ ਹਰ ਚੰਗੀ ਚੀਜ਼ ਲਈ ਤਰਸਦੇ ਹਨ, ਉਸ ਦੁਨੀਆ ਵਿੱਚ ਅਜਿਹਾ ਰੁਤਬਾ ਹਾਸਲ ਕਰਨ ਕਿ ਉਹ ਜੋ ਇੱਥੇ ਉਨ੍ਹਾਂ ਦੀ ਤਰਫ਼ ਨਜ਼ਰ ਚੁੱਕ ਦੇਖਣਾ ਪਸੰਦ ਨਹੀਂ ਕਰਦੇ ਉੱਥੇ ਉਨ੍ਹਾਂ ਨੂੰ ਵੇਖਣ ਅਤੇ ਸ਼ਕ ਕਰਨ। ਇਸ ਦੀ ਇੱਕ ਹੀ ਸੂਰਤ ਸੀ ਕਿ ਉਹ ਆਮ ਮੌਤ ਨਾ ਮਰਨ ਸਗੋਂ ਸ਼ਹੀਦ ਹੋਣ।
ਹੁਣ ਸਵਾਲ ਇਹ ਸੀ ਕਿ ਇਹ ਲੋਕ ਸ਼ਹੀਦ ਹੋਣ ਲਈ ਰਾਜੀ ਹੋਣਗੇ? ਮੈਂ ਸੋਚਿਆ , ਕਿਉਂ ਨਹੀਂ। ਉਹ ਕੌਣ ਮੁਸਲਮਾਨ ਹੈ ਜਿਸ ਵਿੱਚ ਜ਼ੌਕ-ਏ-ਸ਼ਹਾਦਤ ਨਹੀਂ। ਮੁਸਲਮਾਨਾਂ ਦੀ ਵੇਖਾ ਵੇਖੀ ਤਾਂ ਹਿੰਦੂ ਅਤੇ ਸਿੱਖਾਂ ਵਿੱਚ ਵੀ ਇਹ ਰੁਤਬਾ ਪੈਦਾ ਕਰ ਦਿੱਤਾ ਗਿਆ ਹੈ। ਲੇਕਿਨ ਮੈਨੂੰ ਸਖ਼ਤ ਨਾਉਮੀਦੀ ਹੋਈ ਜਦੋਂ ਮੈਂ ਇੱਕ ਮਰੀਅਲ ਜਿਹੇ ਆਦਮੀ ਨੂੰ ਪੁੱਛਿਆ। ਕੀ ਤੂੰ ਸ਼ਹੀਦ ਹੋਣਾ ਚਾਹੁੰਦਾ ਹੈਂ? ਤਾਂ ਉਸ ਨੇ ਜਵਾਬ ਦਿੱਤਾ ਨਹੀਂ।
ਸਮਝ ਵਿੱਚ ਨਾ ਆਇਆ ਕਿ ਉਹ ਆਦਮੀ ਜੀ ਕੇ ਕੀ ਕਰੇਗਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਵੇਖੋ ਬੜੇ ਮੀਆਂ ਜ਼ਿਆਦਾ ਤੋਂ ਜ਼ਿਆਦਾ ਤੂੰ ਡੇਢ ਮਹੀਨਾ ਹੋਰ ਜੀ ਲਏਂਗਾ। ਚਲਣ ਦੀ ਤੇਰੇ ਵਿੱਚ ਸ਼ਕਤੀ ਨਹੀਂ। ਖੰਘਦੇ ਖੰਘਦੇ ਗ਼ੋਤੇ ਵਿੱਚ ਜਾਂਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਬਸ ਦਮ ਨਿਕਲ ਗਿਆ। ਫੁੱਟੀ ਕੌਡੀ ਤੱਕ ਤੇਰੇ ਕੋਲ ਨਹੀਂ। ਜ਼ਿੰਦਗੀ-ਭਰ ਤੂੰ ਸੁਖ ਨਹੀਂ ਵੇਖਿਆ। ਭਵਿੱਖ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਹੋਰ ਜੀ ਕੇ ਕੀ ਕਰੇਂਗਾ। ਫ਼ੌਜ ਵਿੱਚ ਤੂੰ ਭਰਤੀ ਨਹੀਂ ਹੋ ਸਕਦਾ। ਇਸਲਈ ਮਹਾਜ਼ ਉੱਤੇ ਆਪਣੇ ਵਤਨ ਦੀ ਖਾਤਰ ਲੜਦੇ ਲੜਦੇ ਜਾਨ ਦੇਣ ਦਾ ਖਿਆਲ ਵੀ ਅਨਰਥ ਹੈ। ਇਸਲਈ ਕੀ ਇਹ ਬਿਹਤਰ ਨਹੀਂ ਕਿ ਤੂੰ ਕੋਸ਼ਿਸ਼ ਕਰਕੇ ਇੱਥੇ ਬਾਜ਼ਾਰ ਵਿੱਚ ਜਾਂ ਡੇਰੇ ਵਿੱਚ ਜਿੱਥੇ ਤੂੰ ਰਾਤ ਨੂੰ ਸੋਂਦਾ ਹੈਂ, ਆਪਣੀ ਸ਼ਹਾਦਤ ਦਾ ਬੰਦੋਬਸਤ ਕਰ ਲਵੇਂ। ਉਸਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ?
ਮੈਂ ਜਵਾਬ ਦਿੱਤਾ। ਇਹ ਸਾਹਮਣੇ ਕੇਲੇ ਦਾ ਛਿਲਕਾ ਪਿਆ ਹੈ। ਫ਼ਰਜ਼ ਕਰ ਲਿਆ ਜਾਵੇ ਕਿ ਤੂੰ ਇਸ ਤੋਂ ਫਿਸਲ ਗਿਆ…ਸਾਫ਼ ਹੈ ਕਿ ਤੂੰ ਮਰ ਜਾਏਂਗਾ ਅਤੇ ਸ਼ਹਾਦਤ ਦਾ ਰੁਤਬਾ ਪਾ ਲਏਂਗਾ। ਪਰ ਇਹ ਗੱਲ ਉਸ ਦੀ ਸਮਝ ਵਿੱਚ ਨਾ ਆਈ ਕਹਿਣ ਲਗਾ ਮੈਂ ਕਿਉਂ ਅੱਖੀਂ ਵੇਖੇ ਕੇਲੇ ਦੇ ਛਿਲਕੇ ਉੱਤੇ ਪੈਰ ਧਰਾਂਗਾ…ਕੀ ਮੈਨੂੰ ਆਪਣੀ ਜਾਨ ਪਿਆਰੀ ਨਹੀਂ…ਅੱਲਾ ਅੱਲਾ ਕੀ ਜਾਨ ਸੀ। ਹੱਡੀਆਂ ਦਾ ਢਾਂਚਾ। ਝੁਰੜੀਆਂ ਦੀ ਗਠੜੀ!
ਮੈਨੂੰ ਬਹੁਤ ਅਫ਼ਸੋਸ ਹੋਇਆ ਅਤੇ ਇਸ ਵਕਤ ਹੋਰ ਵੀ ਜ਼ਿਆਦਾ ਹੋਇਆ। ਜਦੋਂ ਮੈਂ ਸੁਣਿਆ ਕਿ ਉਹ ਕਮਬਖਤ ਜੋ ਬੜੀ ਸੌਖ ਨਾਲ ਸ਼ਹਾਦਤ ਦਾ ਰੁਤਬਾ ਇਖ਼ਤਿਆਰ ਕਰ ਸਕਦਾ ਸੀ। ਖ਼ੈਰਾਤੀ ਹਸਪਤਾਲ ਵਿੱਚ ਲੋਹੇ ਦੀ ਚਾਰਪਾਈ ਉੱਤੇ ਖੰਘਦਾ ਖੰਗਾਰਦਾ ਮਰ ਗਿਆ।
ਇੱਕ ਬੁੜੀ ਸੀ ਮੂੰਹ ਵਿੱਚ ਦੰਦ ਨਾ ਢਿੱਡ ਵਿੱਚ ਆਂਤ। ਆਖ਼ਿਰੀ ਸਾਹ ਲੈ ਰਹੀ ਸੀ। ਮੈਨੂੰ ਬਹੁਤ ਤਰਸ ਆਇਆ। ਸਾਰੀ ਉਮਰ ਗਰੀਬ ਦੀ ਮੁਫਲਿਸੀ ਅਤੇ ਰੰਜੋ ਗ਼ਮ ਵਿੱਚ ਬੀਤੀ ਸੀ। ਮੈਂ ਉਸਨੂੰ ਉਠਾ ਕੇ ਰੇਲ ਦੇ ਪਾਟੇ ਉੱਤੇ ਲੈ ਗਿਆ। ਮੁਆਫ਼ ਕਰਨਾ। ਸਾਡੇ ਇੱਥੇ ਪਟੜੀ ਨੂੰ ਪਾਟਾ ਕਹਿੰਦੇ ਹਨ। ਲੇਕਿਨ ਜਨਾਬ ਜਿਓਂ ਹੀ ਉਸਨੂੰ ਟ੍ਰੇਨ ਦੀ ਆਵਾਜ਼ ਸੁਣੀ ਉਹ ਹੋਸ਼ ਵਿੱਚ ਆ ਗਈ ਅਤੇ ਫੂਕ ਭਰੇ ਖਿਡੌਣੇ ਦੀ ਤਰ੍ਹਾਂ ਉਠ ਕੇ ਭੱਜ ਗਈ।
ਮੇਰਾ ਦਿਲ ਟੁੱਟ ਗਿਆ। ਲੇਕਿਨ ਫਿਰ ਵੀ ਮੈਂ ਹਿੰਮਤ ਨਾ ਹਾਰੀ। ਬਾਣੀਏ ਦਾ ਪੁੱਤਰ ਆਪਣੀ ਧੁਨ ਦਾ ਪੱਕਾ ਹੁੰਦਾ ਹੈ। ਨੇਕੀ ਦਾ ਜੋ ਸਾਫ਼ ਅਤੇ ਸਿੱਧਾ ਰਸਤਾ ਮੈਨੂੰ ਨਜ਼ਰ ਆਇਆ ਸੀ, ਮੈਂ ਉਸ ਨੂੰ ਆਪਣੀਆਂ ਅੱਖਾਂ ਤੋਂ ਓਝਲ ਨਾ ਹੋਣ ਦਿੱਤਾ।
ਮੁਗ਼ਲਾਂ ਦੇ ਵਕ਼ਤ ਦਾ ਇੱਕ ਵਿਸ਼ਾਲ ਅਹਾਤਾ ਖ਼ਾਲੀ ਪਿਆ ਸੀ। ਇਸ ਵਿੱਚ ਇੱਕ ਪਾਸੇ ਛੋਟੇ ਛੋਟੇ ਕਮਰੇ ਸਨ। ਬਹੁਤ ਹੀ ਖ਼ਸਤਾ ਹਾਲਤ ਵਿੱਚ। ਮੇਰੀਆਂ ਤਜਰਬਾਕਾਰ ਅੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਪਹਿਲੇ ਹੀ ਭਾਰੀ ਮੀਂਹ ਵਿੱਚ ਸਭ ਦੀਆਂ ਛੱਤਾਂ ਢਹਿ ਜਾਣਗੀਆਂ। ਇਸਲਈ ਮੈਂ ਇਸ ਅਹਾਤੇ ਨੂੰ ਸਾਢੇ ਦਸ ਹਜ਼ਾਰ ਰੁਪਏ ਵਿੱਚ ਖ਼ਰੀਦ ਲਿਆ ਅਤੇ ਇਸ ਵਿੱਚ ਇੱਕ ਹਜ਼ਾਰ ਮੰਦੇ-ਹਾਲ ਆਦਮੀ ਬਸਾ ਦਿੱਤੇ। ਦੋ ਮਹੀਨੇ ਦਾ ਕਿਰਾਇਆ ਵਸੂਲ ਕੀਤਾ, ਇੱਕ ਰੁਪਿਆ ਮਹੀਨਾਵਾਰ ਦੇ ਹਿਸਾਬ ਨਾਲ। ਤੀਸਰੇ ਮਹੀਨੇ ਜਿਵੇਂ ਕਿ ਮੇਰਾ ਅੰਦਾਜ਼ਾ ਸੀ, ਪਹਿਲੇ ਹੀ ਵੱਡੇ ਮੀਂਹ ਵਿੱਚ ਸਭ ਕਮਰਿਆਂ ਦੀਆਂ ਛੱਤਾਂ ਹੇਠਾਂ ਆ ਗਿਰੀਆਂ ਅਤੇ ਸੱਤ ਸੌ ਆਦਮੀ ਜਿਨ੍ਹਾਂ ਵਿੱਚ ਬੱਚੇ ਬੁਢੇ ਸਾਰੇ ਸ਼ਾਮਿਲ ਸਨ…ਸ਼ਹੀਦ ਹੋ ਗਏ।
ਉਹ ਜੋ ਮੇਰੇ ਦਿਲ ਤੇ ਬੋਝ ਜਿਹਾ ਸੀ ਕਿਸੇ ਹੱਦ ਤੱਕ ਹਲਕਾ ਹੋ ਗਿਆ। ਆਬਾਦੀ ਵਿੱਚੋਂ ਸੱਤ ਸੌ ਆਦਮੀ ਘੱਟ ਵੀ ਹੋ ਗਏ। ਲੇਕਿਨ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਵੀ ਮਿਲ ਗਿਆ…ਉੱਧਰ ਦਾ ਪੱਖ ਭਾਰੀ ਹੀ ਰਿਹਾ।
ਉਦੋਂ ਤੋਂ ਮੈਂ ਇਹੀ ਕੰਮ ਕਰ ਰਿਹਾ ਹਾਂ। ਹਰ ਰੋਜ ਆਪਣੀ ਸਮਰਥਾ ਮੁਤਾਬਕ ਦੋ ਤਿੰਨ ਆਦਮੀਆਂ ਨੂੰ ਸ਼ਹਾਦਤ ਦਾ ਜਾਮ ਪਿਆਲ ਦਿੰਦਾ ਹਾਂ। ਜਿਵੇਂ ਕਿ ਮੈਂ ਅਰਜ ਕਰ ਚੁੱਕਿਆ ਹਾਂ, ਕੰਮ ਕੋਈ ਵੀ ਹੋਵੇ ਇਨਸਾਨ ਨੂੰ ਮਿਹਨਤ ਕਰਨੀ ਹੀ ਪੈਂਦੀ ਹੈ। ਅੱਲਾ ਬਖ਼ਸ਼ੇ ਸ਼ੋਲਾਪੁਰੀ ਦੀ ਅਮੀਨਾ ਬਾਈ ਚਿਤਲੇਕਰ ਇੱਕ ਸ਼ੇਅਰ ਗਾਇਆ ਕਰਦੀ ਸੀ। ਲੇਕਿਨ ਮੁਆਫ਼ ਕਰਨਾ ਉਹ ਸ਼ੇਅਰ ਇੱਥੇ ਠੀਕ ਨਹੀਂ ਬੈਠਦਾ। ਕੁੱਝ ਵੀ ਹੋਵੇ, ਕਹਿਣਾ ਇਹ ਹੈ ਕਿ ਮੈਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਦੇ ਤੌਰ ਤੇ ਇੱਕ ਆਦਮੀ ਨੂੰ ਜਿਸਦਾ ਵਜੂਦ ਛਕੜੇ ਦੇ ਪੰਜਵੇਂ ਪਹੀਏ ਦੀ ਤਰ੍ਹਾਂ ਬੇਮਾਅਨਾ ਅਤੇ ਬੇਕਾਰ ਸੀ। ਸ਼ਹਾਦਤ ਦਾ ਜਾਮ ਪਿਲਾਣ ਲਈ ਮੈਨੂੰ ਪੂਰੇ ਦਸ ਦਿਨ ਜਗ੍ਹਾ ਜਗ੍ਹਾ ਕੇਲੇ ਦੇ ਛਿਲਕੇ ਸੁੱਟਣੇ ਪਏ। ਲੇਕਿਨ ਮੌਤ ਦੀ ਤਰ੍ਹਾਂ ਜਿੱਥੇ ਤੱਕ ਮੈਂ ਸਮਝਦਾ ਹਾਂ ਸ਼ਹਾਦਤ ਦਾ ਵੀ ਇੱਕ ਦਿਨ ਮੁਕੱਰਰ ਹੈ। ਦਸਵੇਂ ਰੋਜ ਜਾ ਕੇ ਉਹ ਪਥਰੀਲੇ ਫ਼ਰਸ਼ ਉੱਤੇ ਕੇਲੇ ਦੇ ਛਿਲਕੇ ਤੋਂ ਫਿਸਲਿਆ ਅਤੇ ਸ਼ਹੀਦ ਹੋਇਆ।
ਅੱਜਕੱਲ੍ਹ ਮੈਂ ਇੱਕ ਬਹੁਤ ਵੱਡੀ ਇਮਾਰਤ ਬਣਵਾ ਰਿਹਾ ਹਾਂ। ਠੇਕਾ ਮੇਰੀ ਹੀ ਕੰਪਨੀ ਦੇ ਕੋਲ ਹੈ। ਦੋ ਲੱਖ ਦਾ ਹੈ। ਇਸ ਵਿੱਚੋਂ ਪਛੱਤਰ ਹਜ਼ਾਰ ਤਾਂ ਮੈਂ ਸਾਫ਼ ਆਪਣੀ ਜੇਬ ਵਿੱਚ ਪਾ ਲਵਾਂਗਾ। ਬੀਮਾ ਵੀ ਕਰਾ ਲਿਆ ਹੈ। ਮੇਰਾ ਅੰਦਾਜ਼ਾ ਹੈ ਕਿ ਜਦੋਂ ਤੀਜੀ ਮੰਜ਼ਿਲ ਖੜੀ ਕੀਤੀ ਜਾਵੇਗੀ ਤਾਂ ਸਾਰੀ ਬਿਲਡਿੰਗ ਧੜੰਮ ਡਿੱਗ ਪਵੇਗੀ। ਕਿਉਂਕਿ ਮਸਾਲਾ ਹੀ ਮੈਂ ਅਜਿਹਾ ਲਗਵਾਇਆ ਹੈ। ਇਸ ਵਕ਼ਤ ਤਿੰਨ ਸੌ ਮਜ਼ਦੂਰ ਕੰਮ ਤੇ ਲੱਗੇ ਹੋਣਗੇ। ਖ਼ੁਦਾ ਦੇ ਘਰ ਤੋਂ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਇਹ ਸਭ ਦੇ ਸਭ ਸ਼ਹੀਦ ਹੋ ਜਾਣਗੇ। ਲੇਕਿਨ ਜੇਕਰ ਕੋਈ ਬੱਚ ਗਿਆ ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਉਹ ਪਰਲੇ ਦਰਜੇ ਦਾ ਗੁਨਾਹਗਾਰ ਹੈ, ਜਿਸਦੀ ਸ਼ਹਾਦਤ ਅੱਲਾ-ਤਾਲਾ ਨੂੰ ਮਨਜ਼ੂਰ ਨਹੀਂ ਸੀ।
ਸਆਦਤ ਹਸਨ ਮੰਟੋ
(ਅਨੁਵਾਦ: ਚਰਨ ਗਿੱਲ)
ਜੈਲੀ
ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ
ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ।
ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ
ਪਈ ਰਹੀ, ਅਤੇ ਉਸ ‘ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ।
ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ
ਬਰਫ਼ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ।
ਫੇਰ ਟਾਂਗਾ ਕੋਲੋਂ ਲੰਘਿਆ
ਬੱਚੇ ਨੇ ਸੜਕ ਉੱਤੇ ਤਾਜ਼ੇ ਖੂਨ ਦੇ ਜੰਮੇ ਹੋਏ ਚਮਕੀਲੇ
ਲੋਥੜੇ ਨੂੰ ਦੇਖਿਆ, ਉਸਦੇ ਮੂੰਹ ਵਿਚ ਪਾਣੀ ਭਰ ਆਇਆ।
ਆਪਣੀ ਮਾਂ ਦੀ ਬਾਂਹ ਖਿੱਚਕੇ ਬੱਚੇ ਨੇ ਆਪਣੀ ਉਂਗਲੀ ਨਾਲ ਉੱਧਰ
ਇਸ਼ਾਰਾ ਕੀਤਾ – “ਦੇਖੋ ਮੰਮੀ, ਜੈਲੀ….।”
ਸਆਦਤ ਹਸਨ ਮੰਟੋ
ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ । ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ ਜਾਂਦੀ ਹੈ । ਇਕ ਦਿਨ ਖ਼ਬਰੇ ਕੋਈ ਇਸ ਦੀਵਾਰ ਵਿਚ ਤੇਰੇ ਵਾਲੇ ਪਾਸੇ ਕਿੱਲ ਗੱਡ ਰਿਹਾ ਸੀ , ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ । ਮੈਂ ਉਠ ਕੇ ਬਾਹਰ ਗਈ ਕਿ ਦੇਖਾਂ , ਪਰ ਤੇਰੇ ਕਮਰੇ ਦੇ ਬੂਹੇ ਉਤੇ ਭਾਰੀ ਪਰਦਾ ਲਟਕ ਰਿਹਾ ਸੀ । ਮੈਂ ਪਰਤ ਆਈ । ਅੱਜ ਕਲ੍ਹ ਲੋਕੀਂ ਆਮ ਹੀ ਬੂਹੇ ਬਾਰੀਆਂ ਉਤੇ ਭਾਰੇ ਪਰਦੇ ਲਾਈ ਰਖਦੇ ਹਨ , ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿੱਸੇ । ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ , ਮੈਨੂੰ ਖਿਆਲ ਆਇਆ ।
ਕਦੇ ਕਦੇ ਜਦੋਂ ਕਿਸੇ ਗੱਲੋਂ ਤੂੰ ਚਪੜਾਸੀ ਨਾਲ ਉੱਚਾ ਬੋਲਦਾ ਹੈਂ , ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ । ਮੇਰਾ ਮਨ ਕਰਦਾ ਹੈ ਤੈਨੂੰ ਪੁੱਛਾਂ , ” ਕੀ ਗੱਲ ਹੋਈ ?” ਪਰ ਫਿਰ ਖ਼ਿਆਲ ਆਉਂਦਾ ਹੈ , ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾਂ ਸੈਂ ਤਾਂ ਮੈਂ ਸੁਣ ਰਹੀ ਸਾਂ । ਤੈਨੂੰ ਤਾਂ ਇਸ ਗੱਲ ਦਾ ਖ਼ਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇਂ ਤਾਂ ਨਾਲ ਦੇ ਕਮਰੇ ਵਿਚ ਸੁਣਾਈ ਦੇ ਜਾਂਦਾ ਹੈ ।
ਇਕ ਦਿਨ ਕੰਮ ਕਰਦਿਆਂ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ । ਨਿੱਬ ਵਿੰਗੀ ਹੋ ਗਈ । ਉਸ ਦਿਨ ਮੈਨੂੰ ਖ਼ਿਆਲ ਆਇਆ ਸੀ ਤੇਰੇ ਕਮਰੇ ਵਿਚੋਂ ਕੋਈ ਕਲਮ ਮੰਗਵਾਂ ਲਵਾਂ । ਪਰ ਇਸ ਡਰੋਂ ਕਿ ਖ਼ਬਰੇ ਤੂੰ ਆਖ ਭੇਜੇਂ ਕਿ ਮੇਰੇ ਕੋਲ ਵਾਧੂ ਕਲਮ ਨਹੀਂ , ਮੈਂ ਇਹ ਹੌਸਲਾ ਨਾ ਕਰ ਸਕੀ । ਬਹੁਤ ਵਾਰੀ ਇਓਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਹਾਂ ।
ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜਾਵੇ । ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ , ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ । ਫਿਰ ਤਾਂ ਇਓਂ ਹੀ ਲਗਿਆ ਕਰੇਗਾ ਜਿਵੇਂ ਖੁਲ੍ਹਾ ਸਾਰਾ, ਵੱਡਾ ਜਿਹਾ ਇਕੋ ਕਮਰਾ ਹੋਵੇ । ਪਰ ਇਓਂ ਕਰਨਾ ਸ਼ਾਇਦ ਠੀਕ ਨਾ ਹੋਵੇ । ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵਖੋ ਵਖ ਕਮਰੇ ਬਣਾਏ ਹੋਣੇ ਨੇ ।
ਕਦੇ ਕਦੇ ਮੈਨੂੰ ਇਓਂ ਲਗਦਾ ਹੈ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀਵਾਰ ਦੇ ਵਿਚੋਂ ਦੀ ਦੇਖ ਸਕਦੀ ਹਾਂ । ਤਦ ਹੀ ਤਾਂ ਮੈਨੂੰ ਪਤਾ ਲਗ ਜਾਂਦਾ ਹੈ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ । ਕਦੇ ਛੱਤ ਵਲ ਤੱਕਣ ਲਗ ਜਾਂਦਾ ਏਂ ਤੇ ਕਦੇ ਹੱਥ ਦੀਆਂ ਲਕੀਰਾਂ ਵਲ । ਕਦੇ ਫ਼ਾਈਲਾਂ ਖੋਲ੍ਹ ਲੈਂਦਾ ਏਂ । ਕਦੇ ਬੰਦ ਕਰ ਦੇਂਦਾ ਏਂ । ਕਦੇ ਬੂਟ ਲਾਹ ਲੈਂਦਾ ਏਂ ਤੇ ਕਦੇ ਪਾ ਲੈਂਦਾ ਏਂ ।
ਕਦੇ ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਏਂ । ਉਦੋਂ ਮੇਜ਼ ਉਤੇ ਪਏ ਪੇਪਰਵੇਟ ਨੂੰ ਘੁਮਾਉਣ ਲਗ ਜਾਂਦਾ ਏਂ , ਹੌਲੀ ਹੌਲੀ ਸੀਟੀ ਮਾਰਦਾ ਏਂ । ਇਸ ਕੰਧ ਉਤੇ ਹੱਥ ਲਾ ਕੇ ਕੁਰਸੀ ਉਤੇ ਬੈਠਾ , ਧਰਤੀ ਉਤੋਂ ਪੈਰ ਚੁੱਕ ਲੈਂਦਾ ਏਂ, ਉਸ ਵੇਲੇ ਮੈਂ ਇਧਰ ਜ਼ਰਾ ਵੀ ਖੜਾਕ ਨਹੀਂ ਹੋਣ ਦੇਂਦੀ ਮਤਾਂ ਤੂੰ ਚੌਂਕ ਪਵੇਂ ।
ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਏਂ । ‘ ਸੁਣਾਓ ਕੀ ਹਾਲ ਹੈ ?’ ਤੂੰ ਪੁਛੱਦਾ ਏਂ ।
“ਠੀਕ ਹੈ ” , ਮੈਂ ਜ਼ਰਾ ਕੁ ਹੱਸ ਕੇ ਆਖਦੀ ਹਾਂ । ਤੇ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ । ਨਾ ਉਹ ਕਮਰਾ ਇਧਰ ਆ ਸਕਦਾ ਹੈ , ਨਾ ਇਹ ਕਮਰਾ ਉਧਰ ਜਾ ਸਕਦਾ ਹੈ । ਦੋਹਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ ।
ਇਕ ਦਿਨ ਮੇਰੇ ਕਮਰੇ ਵਿਚ ਚਲਦਾ ਚਲਦਾ ਪੱਖਾ ਬੰਦ ਹੋ ਗਿਆ । ਸ਼ਾਇਦ ਬਿਜਲੀ ਚਲੀ ਗਈ ਸੀ । ਕੁਝ ਮਿੰਟ ਮੈਂ ਉਡੀਕਦੀ ਰਹੀ । ਫਿਰ ਗਰਮੀ ਤੋਂ ਘਬਰਾ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ । ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ । ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ , ‘ ਤੁਹਾਡਾ ਪੱਖਾ ਚਲਦਾ ਹੈ ? ‘ ਮੇਰਾ ਭਾਵ ਸੀ ਜੇ ਨਹੀਂ ਚਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਆ ਜਾਵੇਂ । ਜਦੋਂ ਅੰਦਰ ਹੁਮਸ ਹੋਵੇ ਪਲ ਦੋ ਪਲ ਲਈ ਬਾਹਰ ਆ ਜਾਣ ਵਿਚ ਕੋਈ ਡਰ ਨਹੀਂ ਹੁੰਦਾ ।
“ਨਹੀਂ ਪੱਖਾ ਤਾਂ ਨਹੀਂ ਚਲਦਾ , ਪਰ ਮੈਂ ਪਿਛਲੀ ਬਾਰੀ ਖੋਲ੍ਹ ਲਈ ਹੈ”, ਤੂੰ ਆਖਿਆ । ਪਰ ਮੈਨੂੰ ਖ਼ਬਰੇ ਪਿਛਲੀ ਬਾਰੀ ਦਾ ਖ਼ਿਆਲ ਹੀ ਨਹੀਂ ਸੀ ਆਇਆ ਇਸੇ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ ।
ਵਿਚਕਾਰ ਭਾਵੇਂ ਦੀਵਾਰ ਹੈ ਫਿਰ ਵੀ ਜਿਸ ਦਿਨ ਤੂੰ ਦਫ਼ਤਰ ਨਾ ਆਵੇਂ , ਆਪਣੇ ਕਮਰੇ ਵਿਚ ਨਾ ਬੈਠਾ ਹੋਵੇਂ , ਮੈਨੂੰ ਕੁਝ ਅਜੀਬ ਅਜੀਬ ਜਿਹਾ ਲਗਦਾ ਹੈ । ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਹਾਂ । ਮੈਂ ਕਈ ਵਾਰੀ ਪਾਣੀ ਪੀਂਦੀ ਹਾਂ । ਲੋਕਾਂ ਨੂੰ ਟੈਲੀਫੂਨ ਕਰਦੀ ਰਹਿੰਦੀ ਹਾਂ । ਇੱਕਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁਟਦੀ ਹਾਂ । ਅਜ ਸਾਹਬ ਨਹੀਂ ਆਏ ? ਉਧਰੋਂ ਲੰਘਦੀ ਤੇਰੇ ਚਪੜਾਸੀ ਨੂੰ ਪੁਛਦੀ ਹਾਂ । ਫਿਰ ਉਹ ਆਪ ਹੀ ਦਸ ਦਿੰਦਾ ਹੈ ਕਿ ਸਾਹਬ ਬਾਹਰ ਗਏ ਹੋਏ ਹਨ , ਕਿ ਸਾਹਬ ਦੇ ਰਿਸ਼ਤੇਦਾਰ ਆਏ ਹੋਏ ਹਨ , ਕਿ ਸਾਹਬ ਦੀ ਤਬੀਅਤ ਠੀਕ ਨਹੀਂ , ਕਿ ਸਾਹਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ ।
ਇਨ੍ਹਾਂ ਦਿਨਾਂ ਵਿਚ ਮੈਨੂੰ ਬੜੀਆਂ ਫ਼ਜ਼ੂਲ ਫ਼ਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ , ਕਿ ਅੱਜ ਤੋਂ ਸੌ ਸਾਲ ਪਹਿਲੇ ਇਸ ਕਮਰੇ ਵਿਚ ਕੌਣ ਬੈਠਦਾ ਹੋਵੇਗਾ ? ਨਾਲ ਵਾਲੇ ਕਮਰੇ ਵਿਚ ਵੀ ਕੋਈ ਬੈਠਦਾ ਹੋਵੇਗਾ ? ਅੱਜ ਤੋਂ ਸੌ ਸਾਲ ਨੂੰ ਇਸ ਕਮਰੇ ਵਿਚ ਕੌਣ ਬੈਠਾ ਹੋਵੇਗਾ । ਨਾਲ ਵਾਲੇ ਕਮਰੇ ਵਿਚ ਕੌਣ ਬੈਠਾ ਹੋਵੇਗਾ ? ਬੰਦੇ ਮਰ ਕਾਹਤੋਂ ਜਾਂਦੇ ਨੇ ? ਫੇਰ ਖ਼ਿਆਲ ਆਉਂਦਾ ਹੈ , ਬੰਦੇ ਪੈਦਾ ਕਾਹਤੋਂ ਹੁੰਦੇ ਨੇ ? ਤੇ ਫਿਰ ਇਨ੍ਹਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਵਿਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀ ਹਾਂ ।
“ਆਏ ਨਹੀਂ ਇੰਨੇ ਦਿਨ ?” ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁਛੱਦੀ ਹਾਂ ।
“ਬੀਮਾਰ ਸੀ”, ਤੂੰ ਆਖਦਾ ਹੈਂ ।
“ਹੁਣ ਤਾਂ ਠੀਕ ਹੋ ?”
“ਹਾਂ ਠੀਕ ਹਾਂ , ਮਿਹਰਬਾਨੀ”, ਆਖ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ ਚਲੀ ਜਾਂਦੀ ਹਾਂ । ਤੂੰ ਆਪਣਾ ਕੰਮ ਕਰਨ ਲਗ ਜਾਂਦਾ ਏਂ ਤੇ ਮੈਂ ਆਪਣਾ ।
ਇਕ ਵਾਰੀ ਮੈਂ ਕਈ ਦਿਨ ਛੁੱਟੀ ਉਤੇ ਰਹੀ ।
“ਬੀਬੀ ਜੀ ਆ ਨਹੀਂ ਰਹੇ ?” , ਤੂੰ ਮੇਰੇ ਚਪੜਾਸੀ ਨੂੰ ਪੁਛਿੱਆ ।
“ਉਹ ਜੀ ਬੀਮਾਰ ਨੇ”, ਉਸ ਨੇ ਦਸਿਆ ।
“ਅੱਛਾ…..ਅੱਛਾ …” ਆਖ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ ।
ਘਰ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦਸਿਆ । ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ ਮੈਂ ਦਫ਼ਤਰ ਆ ਗਈ ।
ਤੈਨੂੰ ਸ਼ਾਇਦ ਪਤਾ ਨਹੀਂ ਸੀ । ਉਸ ਦਿਨ ਤੂੰ ਦੋ ਤਿੰਨ ਵਾਰ ਚਪੜਾਸੀ ਨੂੰ ਡਾਂਟਿਆ । ਕਈ ਵਾਰ ਕਾਗਜ਼ ਪਾੜੇ, ਜਿਵੇਂ ਗ਼ਲਤ ਲਿਖਿਆ ਗਿਆ ਹੋਵੇ । ਇਕ ਦੋ ਮਿਲਣ ਆਇਆਂ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫਿਰ ਆਉਣਾ ।
ਕਿਸੇ ਕੰਮ ਤੂੰ ਕਮਰੇ ਤੋਂ ਬਾਹਰ ਗਿਆ । ਮੈਂ ਵੀ ਕਿਸੇ ਕੰਮ ਬਾਹਰ ਨਿਕਲੀ ।
“ਆਏ ਨਹੀਂ ਕਈ ਦਿਨ ?” ਤੂੰ ਜਾਣਦਿਆਂ ਹੋਇਆ ਪੁਛਿਆ,
“ਬੀਮਾਰ ਸੀ ।”
“ਹੁਣ ਤਾਂ ਠੀਕ ਹੋ ? ”
“ਹਾਂ ਠੀਕ ਹਾਂ , ਮਿਹਰਬਾਨੀ”, ਆਖ , ਮੈਂ ਆਪਣੇ ਕਮਰੇ ਵਿਚ ਚਲੀ ਗਈ ਤੇ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ । ਨਾ ਇਹ ਕਮਰਾ ਉਧਰ ਜਾ ਸਕਦਾ ਹੈ , ਨਾ ਉਹ ਕਮਰਾ ਇਧਰ ਆ ਸਕਦਾ ਹੈ । ਦੋਨਾਂ ਦੀ ਆਪਣੀ ਆਪਣੀ ਸੀਮਾ ਹੈ । ਦੋਵਾਂ ਵਿਚਕਾਰ ਇਕ ਦੀਵਾਰ ਹੈ । ਇਕ ਕਮਰਾ ਤੇਰਾ ਹੈ । ਇਕ ਕਮਰਾ ਮੇਰਾ ਹੈ । ਫਿਰ ਵੀ ਮੈਂ ਸੋਚਦੀ ਹਾਂ ਕਿ ਏਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋ–ਨਾਲ ਹਨ , ਵਿਚਕਾਰ ਸਿਰਫ ਇਕ ਦੀਵਾਰ ਹੀ ਤਾਂ ਹੈ ।
d
ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ।
ਰੱਬ ਉਤੇ ਸਵਰਗ ਵਿਚ ਰਹਿੰਦਾ ਸੀ।
ਹੇਠਾਂ ਸਭ ਧੁੰਦੂਕਾਰ ਸੀ।
ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ।
ਨਦੀ ਭਰ ਜੋਬਨ ਵਿਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿਚ ਮੀਂਹ ਪਿਆ ਹੋਣਾ ਏ।
ਫੁੱਲ ਪੌਦਿਆਂ ਦੀਆਂ ਟੀਸੀਆਂ ਉਤੇ ਬੈਠ ਖੰਭ ਫੜਕਾ ਰਹੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ।
ਪੰਛੀ ਗਰਦਨਾਂ ਮਟਕਾ ਮਟਕਾ ਉਨ੍ਹਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ ਕਰ ਰਹੇ ਸਨ।
ਬੱਦਲ ਘੋਰਿਆ।
ਰੱਬ ਦੀ ਇਕਾਗਰਤਾ ਭੰਗ ਹੋ ਗਈ।
ਉਸ ਨੇ ਖਿੱਝ ਕੇ ਸਾਰੀਆ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ। ਤੇ ਕਿਹਾ ਵਾਰੀ ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉਤੇ ਪਹਿਰਾ ਦਿਓ।
ਹੁਕਮ ਦੀਆਂ ਬੰਨ੍ਹੀਆਂ ਰੁੱਤਾਂ ਇਸ ਸ੍ਰਿਸ਼ਟੀ ਉਤੇ ਆ ਪਹੁੰਚੀਆਂ। ਮਾਣ ਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਨ੍ਹਾਂ ਤੋਂ ਬਚਣ ਦੇ ਉਪਰਾਲਿਆਂ ਵਿਚ ਲਗੇ, ਖੋਲਾਂ, ਕੰਦਰਾਂ, ਛਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿਚ ਹੜ੍ਹ ਆਉਂਦੇ, ਪਿੰਡਾਂ ਦੇ ਪਿੰਡ ਰੁੜ੍ਹ ਜਾਂਦੇ। ਰੁੱਤਾਂ ਲਈ ਇਹ ਵੀ ਇਕ ਸ਼ੁਗਲ ਸੀ ਪਰ ਹੁਣ ਇਨ੍ਹਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਏ ਕਦ ਮੀਂਹ ਪਏਗਾ ਤੇ ਦਰਿਆਵਾਂ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ।
ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜ੍ਹੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰਲੋਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਹਨ।
ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਲੋਕ ਯੱਗ ਕਰਦੇ ਹਵਨ ਕਰਦੇ। ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਸਨ ਮੀਂਹ ਦੀ ਪ੍ਰਵਾਹ ਹੀ ਨਹੀਂ ਸੀ ਕਰਦੇ।
ਰੁੱਤਾਂ ਉਦਾਸ ਹੋ ਗਈਆਂ।
ਉਹ ਰਲ ਕੇ ਰੱਬ ਕੋਲ ਗਈਆਂ।
‘‘ਰਾਮ ਜੀ ਧਰਤੀ ਉਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਰਤ ਆਉਣ ਦੀ ਆਗਿਆ ਦਿਉ।’’
‘‘ਇਹ ਕਿਵੇਂ ਹੋ ਸਕਦਾ ਹੈ?’’ ਰੱਬ ਨੇ ਹੈਰਾਨ ਹੋ ਕੇ ਪੁੱਛਿਆ।’’ ਆਪ ਚੱਲ ਕੇ ਵੇਖ ਲਉ ਬੇਸ਼ੱਕ’‘ ਰੁੱਤਾਂ ਨੇ ਅਰਜ਼ ਗੁਜ਼ਾਰੀ।
ਰੱਬ ਇਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ।
ਵੇਲਾ ਆਥਣ ਦਾ ਸੀ।
ਰੁੱਤ ਬਹਾਰ ਦੀ ਸੀ।
ਅਸਮਾਨ ਉਤੇ ਬੱਦਲ ਘਿਰ ਆਏ।
ਮੋਰਾਂ ਨੇ ਖੰਭ ਖਿਲਾਰ ਕੇ, ਝੂਮ ਝੂਮ ਕੇ, ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉਤੇ ਉਤਰ ਆਉਣ ਲਈ ਕਿਹਾ।
ਜੰਗਲੀ ਫੁੱਲ ਇਕ-ਦੂਜੇ ਵੱਲ ਸੈਨਤਾਂ ਕਰ ਕਰ ਹੱਸ ਰਹੇ ਸਨ।
ਨਿੱਕੇ ਨਿੱਕੇ ਪੰਛੀ, ਫੁੱਲਾਂ ਦੇ ਪੱਤਿਆਂ ਦੇ, ਪਸੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ੍ਹ ਬੰਨ੍ਹ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ।
‘‘ਇਹ ਧਰਤੀ ਤਾਂ ਬੜੀ ਸੁਹਣੀ ਥਾਂ ਏ’’, ਰੱਬ ਨੇ ਬਹਾਰ ਨੂੰ ਆਖਿਆ।
ਏਨੇ ਨੂੰ ਇਕ ਸ਼ਹਿਰ ਆ ਗਿਆ।
ਬੜੀ ਭੀੜ ਸੀ।
ਬੜਾ ਰੌਲਾ ਸੀ।
ਹਰ ਕੋਈ ਹੀ ਜਿਵੇਂ ਗੁਆਚਿਆ ਹੋਇਆ ਸੀ।
ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ। ਕਿਸੇ ਦਾ ਕੋਈ ਜਾਣੂ ਨਹੀਂ ਸੀ। ਇੱਥੋਂ ਤਕ ਕਿ ਕਿਸੇ ਦਾ ਕੋਈ ਗਰਾਈਂ ਵੀ ਪ੍ਰਤੀਤ ਨਹੀਂ ਸੀ ਹੁੰਦਾ।
ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਦੇਖਦੇ ਸਨ।
‘‘ਕਿਸ ਲਈ?’’ ਉਸ ਨੇ ਬਹਾਰ ਨੂੰ ਪੁੱਛਿਆ।
‘‘ਚਿੜੀਆਂ ਲੈ ਲੋ ਰੰਗ ਬਰੰਗੀਆਂ ਚਿੜੀਆਂ’’! ਪਿੰਜਰੇ ਵਿਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ, ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇਕ ਭਾਈ ਹੋਕਾ ਦੇ ਰਿਹਾ ਸੀ।
ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ।
ਉਥੋਂ ਛੇਤੀ ਦੇ ਕੇ ਉਡ ਕੇ ਉਹ ਇਕ ਮੰਦਰ ਵਿਚ ਆ ਵੜਿਆ।
‘‘ਤਾਜ਼ੇ ਮੋਤੀਏ ਦਾ ਹਾਰ ਦੋ ਦੋ ਆਨੇ।’’ ਮੰਦਰ ਦੇ ਬਾਹਰ ਨੰਗੇ ਪੈਰੀਂ ਪਾਟੇ ਹੋਏ ਝੱਗੇ ਵਾਲਾ ਇਕ ਮੁੰਡਾ ਹਾਰ ਵੇਚ ਰਿਹਾ ਸੀ।
‘‘ਲੈ ਫੜ ਡੂਢ ਆਨਾ ਦੇ ਹਾਰ’’ ਆਪਣਾ ਢਿੜ ਮਸਾਂ ਸੰਭਾਲੀਂ ਆ ਰਹੇ ਕਿ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿਚ ਦਿੰਦਿਆਂ ਕਿਹਾ।
ਮੁੰਡਾ-ਜੱਕੋ ਤੱਕੋ ਵਿਚ ਪੈ ਗਿਆ। ਜਿਵੇਂ ਉਸ ਨੇ ਪਹਿਲੇ ਹੀ ਬੜਾ ਘੱਟ ਮੁੱਲ ਦੱਸਿਆ ਸੀ।
‘‘ਓਏ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ। ਹੋਰ ਦੋ ਘੰਟੇ ਨੂੰ ਇਨ੍ਹਾਂ ਊਈਂ ਬੇਹੇ ਹੋ ਜਾਣਾ ਐ,’ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਸ ਨੇ ਬੇਵੱਸ ਜਿਹਾ ਹੋ ਕੇ ਡੇਢ ਆਨੇ ਨੂੰ ਹੀ ਹਾਰ ਦੇ ਦਿੱਤਾ।
ਲਾਲਾ ਜੀ ਮੰਦਰ ਵਿਚ ਆ ਪਹੁੰਚੇ।
ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ, ਅੱਖਾਂ ਮੀਚ ਕੇ, ਅੰਤਰ ਧਿਆਨ ਹੋ ਕੇ ਉਸ ਨਾਲ ਲੈਣ-ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਊਂਦੇ ਫੁੱਲਾਂ ਦਾ ਹਾਰ ਉਸ ਦੇ ਚਰਨਾਂ ਵਿਚ ਵਗਾਹ ਮਾਰਿਆ।
ਰੱਬ ਮੰਦਰ ਵਿਚੋਂ ਬਾਹਰ ਆ ਗਿਆ।
ਇਕ ਔਰਤ ਆਪਣੇ ਵਾਲਾਂ ਵਿਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ।
ਰੱਬ ਦੀਆਂ ਅੱਖਾਂ ਵਿਚ ਚਮਕ ਆ ਗਈ।
‘‘ਸਿਰ ਢੱਕ ਲੈ ਸਾਊ ਜ਼ਮਾਨਾ ਮਾੜਾ ਐ’’ ਉਸ ਔਰਤ ਨੂੰ ਮਗਰ ਆ ਰਹੀ ਇਕ ਬੁਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ, ਨੇ ਕਿਹਾ।
ਆਗਿਆਕਾਰ ਧੀਆਂ-ਨੂੰਹਾਂ ਵਾਂਗ ਉਸ ਨੇ ਸਿਰ ਢੱਕ ਲਿਆ।
ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੇਠਾਂ ਸਾਹ ਘੁਟਿਆ ਗਿਆ ਹੋਣਾ ਏਂ।
ਏਨੇ ਨੂੰ ਕਣੀਆਂ ਉਤਰ ਆਈਆਂ।
ਆਵਾਜਾਈ ਹੋਰ ਤੇਜ਼ ਹੋ ਗਈ।
ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ।
ਚਿੜੀ ਬਣਿਆ ਰੱਬ ਇਕ ਖੰਭੇ ਉਤੇ ਬੈਠਣ ਹੀ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜਿਹੀ ਗੁੰਮ ਹੋ ਗਈ।
ਕੱਚੀ ਜਿਹੀ ਹਾਸੀ ਹੱਸ ਕੇ ਉਹ ਇਕ ਘਰ ਦੀ ਛੱਤ ਉਤੇ ਬੈਠ ਗਿਆ।
ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿਚ ਕਿਧਰੇ ਦਰੱਖਤ ਹੀ ਨਹੀਂ ਪੰਛੀ ਕਿੱਥੇ ਬਹਿੰਦੇ ਹੋਣਗੇ। ਆਲ੍ਹਣੇ ਕਿੱਥੇ ਪਾਉਂਦੇ ਹੋਣਗੇ। ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿਚ ਪੰਛੀ ਹਨ ਹੀ ਨਹੀਂ।
ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ। ਨਾ ਕਿਸੇ ਦੀਆਂ ਅੱਖਾਂ ਵਿਚ ਬੱਦਲਾਂ ਦੇ ਪਰਛਾਵੇਂ ਨੱਚੇ। ਨਾ ਕੋਈ ਨੰਗੇ-ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ। ਨਾ ਕਿਸੇ ਨੇ ਵਾਲ ਖੋਲ੍ਹ ਕੇ ਡਿਗਦੇ ਮੋਤੀ ਬੋਚੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ।
ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ।
ਡਿੰਗੀ ਟੇਢੀ ਡੰਡੀ ਉਤੇ ਖੁੱਲ੍ਹੇ ਖੇਤਾਂ ਦੇ ਵਿਚਕਾਰ ਇਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
‘‘ਕੀਹਨੂੰ ਨਾ ਮਿਲਣ ਦੀ ਕਸਮ ਖਾਧੀ ਏ ਇਸ ਨੇ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
‘‘ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆ ਰਿਹਾ ਏ।’’
‘‘ਤੈਨੂੰ ਕਿਵੇਂ ਪਤਾ ਏ?’’
‘‘ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਏ।’’
ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ-ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਚੁਟਕੀਆਂ ਵਜਾਈਆਂ, ਬੱਦਲਾਂ ਵੱਲ ਵਾਕਫਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ‘‘ਮੈਨੂੰ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਸਾਹਮਣਿਓਂ, ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ।
‘‘ਮੀਂਹ ਆ ਰਿਹੈ ਕਹੇਂ ਤਾਂ ਮੈਂ ਸਾਈਕਲ ’ਤੇ ਛੱਡ ਆਉਂਦਾ ਹਾਂ ਜਾਣਾ ਕਿੱਥੇ ਐ?’’ ਡਾਕੀਏ ਨੇ ਆਪਣੇ ਨੱਕ ਉਤੇ ਐਨਕ ਠੀਕ ਕਰਦਿਆਂ, ਇਕ ਪੈਰ ਧਰਤੀ ਉਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ।
‘‘ਜਾਣ…ਜਾਣਾ ਤਾਂ ਕਿਤੇ ਵੀ ਨਹੀਂ’’ ਉਸ ਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਕਿਹਾ।
‘‘ਮੀਂਹ ਆ ਰਿਹਾ ਏ ਕੱਪੜੇ ਭਿੱਜ ਜਾਣਗੇ’’ ਇਹ ਗੱਲ ਬਹੁਤੀ ਉਸ ਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਆਖੀ। ‘‘ਤੁਸੀਂ ਚੱਲੋ ਮੀਂਹ ਤੋਂ ਪਹਿਲਾਂ-ਪਹਿਲਾਂ ਟਿਕਾਣੇ ਪਹੁੰਚੋ।’’ ਖਚਰੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ।
ਕਾਹਲੀ-ਕਾਹਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ‘‘ਇਸ ਵਿਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ, ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ।’’
ਪਿੰਡ ਤੋਂ ਦੂਰ ਮੜ੍ਹੀਆਂ ਵਾਲੇ ਟੋਭੇ ਵੱਲ ਉਹ ਬੰਦਾ ਮੁੜ ਪਿਆ।
‘‘ਕਿਉਂ?’’ ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ।
ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿਚ ਕੋਈ ਜਿਊਂਦਾ ਬੰਦਾ ਹੀ ਹੋਵੇ।’’
ਚਿੜੀ ਬਣਿਆ ਰੱਬ ਹੱਸ ਪਿਆ।
‘‘ਇਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲਗਦਾ ਏ ਕਿ ਉਹ ਜਿਊਂਦੇ ਵੀ ਸਨ?’’ਰੱਬ ਨੇ ਹੈਰਾਨ ਹੋ ਕੇ ਪੁੱਛਿਆ।
ਉਹ ਬੰਦਾ ਟੋਭੇ ਦੇ ਕੰਢੇ ਉਤੇ ਪਹੁੰਚ ਗਿਆ।
ਟੋਭੇ ਵਿਚ ਭੰਬੂਲ ਖਿਲੇ ਹੋਏ ਸਨ।
ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿਚ ਖਿੜ ਗਿਆ। ਉਸ ਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਟੋਭੇ ਵਿਚ ਬਗਲੇ ਚੁਹਲ-ਕਦਮੀ ਕਰਦੇ ਫਿਰ ਰਹੇ ਸਨ। ਕੁਝ ਬੋਲ ਵੀ ਰਹੇ ਸਨ ਉਸ ਨੂੰ ਲੱਗਿਆ ਕਹਿ ਰਹੇ ਹਨ, ‘ਚੰਗਾ’ ‘ਚੰਗਾ’ ‘ਚੰਗਾ’।
ਟੋਭੇ ਦੇ ਘਸਮੈਲੇ ਪਾਣੀ ਵਿਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕਤਾੜੀਆਂ ਨਿਕਲ ਗਈਆਂ ਸਨ।
ਫਿਰ ਉਸ ਬੰਦੇ ਨੇ ਕੰਢੇ ਉਤੇ ਬੈਠ ਕੇ ਟੋਭੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਿਲਾ-ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ ਜਿਵੇਂ ਸੱਚੀ-ਮੁੱਚੀਂ ਦੇ ਹੋਣ। ਤੇ ਇਨ੍ਹਾਂ ਹੱਥਾਂ ਦੀ ਇੰਨ-ਬਿੰਨ ਨਕਲ ਪਾਣੀ ਵਿਚ ਦਿੱਸਦਾ ਇਨ੍ਹਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹ ਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲਗਦੀ ਸੀ।
ਫਿਰ ਉਸ ਨੇ ਪਾਣੀ ਦਾ ਉੱਜਲ ਭਰ ਕੇ ਭੰਬੂਲਾਂ ਉਤੇ ਸੁੱਟਿਆ। ਉਹ ਨੱਚ ਉਠੇ, ਉਹ ਗਾਣ ਲੱਗ ਪਿਆ-
‘‘ਸੂਰਜਾਂ ਦੀ ਜਿੰਦ ਮੇਰੀ,
ਬੱਦਲਾਂ ਦੀ ਜਿੰਦ ਮੇਰੀ,
ਪੰਛੀਆਂ ਦੀ ਜਿੰਦ ਮੇਰੀ,
ਪੱਤਿਆਂ ਦੀ ਜਿੰਦ ਮੇਰੀ,
ਪੌਣਾਂ ਦੀ ਜਿੰਦ ਮੇਰੀ,
ਮੈਨੇ ਤੁਮਕੋ ਨਾ ਮਿਲਣੇ ਕੀ ਕਸਮ ਖਾਈ ਹੈ।’’
ਫਿਰ ਉਸ ਨੇ ਹੱਥ ਧੋ ਲਏ।
ਟੋਭੇ ਕੰਢੇ ਖੜ੍ਹੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ।
ਤੇਜ਼ ਹਵਾ ਵਿਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜ-ਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ।
ਚਿੜੀ ਬਣੇ ਬਰੋਟੇ ਉਤੇ ਬੈਠੇ ਰੱਬ ਵੱਲ ਤਕ ਕੇ ਉਸ ਬੰਦੇ ਨੇ ਸੀਟੀ ਮਾਰੀ।
ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ।
ਰੱਬ ਹੱਸ ਪਿਆ ਤੇ ਬੋਲਿਆ ‘‘ਉਨ੍ਹਾਂ ਸਾਰਿਆਂ ਲਈ ਨਾ ਸਹੀ ਅਜਿਹੇ ਇਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ। ਬੱਦਲ ਵਰ੍ਹਦੇ ਰਹਿਣਗੇ। ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ ਜਿਹੜਾ ਗਾ ਰਿਹਾ ਸੀ ‘‘ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।’’
ਬਹਾਰ ਨੇ ‘‘ਜਿਵੇਂ ਆਗਿਆ’’ ਆਖ ਸਿਰ ਨਿਵਾ ਦਿੱਤਾ।
ਚਿੜੀ ਬਣਿਆ ਰੱਬ ਸੋਚ ਰਿਹਾ ਸੀ ਉਪਰ ਸਵਰਗ ਜਾਇਆ ਜਾਵੇ ਕਿ ਨਾ।
ਦਲੀਪ ਕੌਰ ਟਿਵਾਣਾ
“ਮੈਂ ਉਹਦੇ ਗਲ਼ੇ ‘ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।”
“ਇਹ ਤੂੰ ਕੀ ਕੀਤਾ?”
“ਕਿਉਂ?”
“ਉਹਨੂੰ ਹਲਾਲ ਕਿਉਂ ਕੀਤਾ?”
“ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ ‘ਚ”
“ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।”
ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ।
ਸਆਦਤ ਹਸਨ ਮੰਟੋ
ਲੰਗਰ
ਅਸੀਂ ਸਭ ਲੰਗਰ ਦੇ ਦਾਲ ਫੁਲਕੇ ਤੋਂ ਜਾਣੂ ਹਾਂ, ਲੱਖ ਕੋਸ਼ਿਸ਼ ਕਰ ਲਈਏ ਪਰ ਜੋ ਸਵਾਦ ਲੰਗਰ ਦੀ ਦਾਲ਼ ਦਾ ਹੁੰਦਾ ਏ, ਉਹ ਘਰ ਦੀ ਬਣਾਈ ਦਾਲ਼ ਚੋਂ ਨਹੀ ਆ ਸਕਦਾ, ਕਾਰਨ , ਸਿਰਫ ਇੱਕ ਈ ਦਿਸਦਾ ਏ ਕਿ ਬਣਾਉਂਦੇ ਵਕਤ ਜੋ ਭਾਵਨਾ ਹੁੰਦੀ ਏ, ਉਹ ਸਵਾਦ ਵਿੱਚ ਉੱਤਰ ਆਉਂਦੀ ਏ , ਬਹੁਤਾ ਨਹੀਂ , ਤਾਂ ਥੋੜਾ ਈ ਸਹੀ, ਬਣਾਉਣ ਵਾਲਾ ਇਨਸਾਨ ਖ਼ੁਦ ਦੀ ਸੋਚ ਨੂੰ ਨਿਰਮਲ ਰੱਖਣ ਦਾ ਯਤਨ ਜ਼ਰੂਰ ਕਰਦਾ ਏ ।
ਬਾਹਰੋਂ ਖਾਣਾ ਖਾਂਦੇ ਵਕਤ ਜਦੋਂ ਹੋਰ ਖਾਣਾ ਆਰਡਰ ਕਰਦੇ ਹਾਂ ਤਾਂ ਕਿੰਨੀਆਂ ਨਜ਼ਰਾਂ ਚੋਂ ਲੰਘਦਾ ਏ ਓਹ, ਪਹਿਲਾਂ ਵੇਟਰ , ਫਿਰ ਰਸੋਈਆ ਤੇ ਹੋਰ ਪਤਾ ਨਹੀ ਕਿੰਨੇ ਜਣੇ । ਕਾਊਂਟਰ ਤੇ ਬੈਠਾ ਇਨਸਾਨ ਵੀ ਕੈਮਰਿਆਂ ਤੇ ਨਿਗਾ ਟਿਕਾ ਕੇ ਬੈਠਾ ਹੁੰਦਾ ਏ ਕਿ ਐਨੇ ਪੈਸੇ ਹੋਰ ਬਣ ਗਏ । ਅਜਿਹੇ ਮਾਹੌਲ ਚ ਖਾਧਾ ਖਾਣਾ ਕਦੀ ਸੰਤੁਸ਼ਟੀ , ਪ੍ਰੇਮ ਭਾਵਨਾ ਨਹੀ ਜਗਾਉਂਦਾ , ਬੇਭਰੋਸਗੀ, ਬੇਲੋੜੀ ਕਾਹਲ ਤੇ ਬੇਗਾਨਗੀ ਦੀ ਸੋਚ ਈ ਪੈਦਾ ਕਰਦਾ ਏ। ਪਰ ਏਹੀ ਖਾਣਾ ਅਗਰ ਮਾਂ ਦੇ ਹੱਥੋਂ ਪੱਕਿਆ ਮਿਲ ਜਾਵੇ ਤਾਂ ਅੰਮ੍ਰਿਤ ਬਣ ਜਾਂਦਾ ਏ, ਅਗਰ ਹੋਰ ਖਾਣੇ ਦੀ ਮੰਗ ਕਰੋ ਤਾਂ ਮਾਂ ਨੂੰ ਖ਼ੁਸ਼ੀ ਮਿਲਦੀ ਏ, ਤ੍ਰਿਪਤੀ ਹਾਸਿਲ ਹੁੰਦੀ ਏ, ਸ਼ਾਇਦ ਕੁਝ ਉਵੇਂ ਦੀ ਹੀ , ਜਿਵੇਂ ਦੀ ਕਦੀ ਆਪਣੀ ਛਾਤੀ ਦਾ ਦੁੱਧ ਪਿਆ ਕੇ ਹੁੰਦੀ ਸੀ ।
ਕਿਤੇ ਬੇਵਜ੍ਹਾ ਜਾਣਾ ਪੈ ਜਾਵੇ ਤਾਂ ਇਨਸਾਨ ਇੱਕ ਇੱਕ ਕਦਮ ਗਿਣਦਾ ਏ, ਅਗਰ ਮੌਸਮ ਵੀ ਖ਼ਰਾਬ ਹੋਵੇ ਤਾਂ ਗ਼ੁੱਸਾ ਉਬਾਲੇ ਮਾਰਨ ਲੱਗਦਾ ਏ । ਪਰ ਏਹੀ ਯਾਤਰਾ ਕਿਸੇ ਪ੍ਰਾਣ ਪਿਆਰੇ ਨੂੰ ਮਿਲਣ ਜਾਣ ਲਈ ਕਰਨੀ ਹੋਵੇ ਤਾਂ ਵਕਤ ਦਾ ਪਤਾ ਈ ਨਹੀਂ ਲੱਗਦਾ , ਪੈਰ ਭੋਇਂ ਨਹੀ ਲੱਗਦੇ , ਮੌਸਮ ਦੀ ਖ਼ਰਾਬੀ ਵੱਲ ਖਿਆਲ ਈ ਨਹੀਂ ਜਾਂਦਾ । ਕਾਰਣ ਓਹੀ ,ਪ੍ਰੇਮ ਦੀ ਭਾਵਨਾ ਬਾਕੀ ਸਭ ਤੰਗੀਆਂ ਤੁਰਸ਼ੀਆਂ ਨੂੰ ਰੋੜ੍ਹ ਕੇ ਲੈ ਜਾਂਦੀ ਏ ।
ਸੂਰਜ ਚੜ੍ਹਦਾ ਏ ਤਾਂ ਧਰਤੀ ਦਾ ਹਰ ਕੋਨਾ ਰੁਸ਼ਨਾਉਂਦਾ ਏ, ਸਹੀ ਵੱਤਰ ਵਿੱਚ , ਸਹੀ ਡੂੰਘਾਈ ਤੇ ਪਿਆ ਹੋਇਾਆ ਬੀਜ ਉੰਗਰਦਾ ਏ ਇਸ ਦੀ ਗਰਮਾਇਸ਼ ਤੋਂ, ਕਲੀ ਫੁੱਲ ਬਣ ਮਹਿਕਦੀ ਏ ਧੁੱਪ ਹਾਸਿਲ ਕਰਕੇ , ਪਰ ਕਿਤੇ ਲੱਗਾ ਹੋਇਆ ਗੰਦਗੀ ਦਾ ਢੇਰ ਬਦਬੂ ਮਾਰਦਾ ਏ ਸੇਕ ਪੈਣ ਕਰਕੇ । ਆਲਾ ਦੁਆਲਾ ਪਰਦੂਸ਼ਿਤ ਹੋ ਜਾਦਾ ਏ ਓਸੇ ਗੰਦਗੀ ਤੋਂ । ਪਰ ਕਸੂਰ ਧੁੱਪ ਦਾ ਨਹੀਂ, ਗੰਦਗੀ ਦੇ ਢੇਰ ਦਾ ਏ । ਸੂਰਜ ਤਾਂ ਆਪਣਾ ਧਰਮ ਈ ਨਿਭਾ ਰਿਹਾ ਏ ਨਾ ।
ਤੇ ਏਹੀ ਹਾਲ ਮਨੁੱਖਾਂ ਦੀ ਅਵੱਸਥਾ ਦਾ ਏ, ਇੱਕੋ ਜਿਹੇ ਹਾਲਾਤਾਂ ਵਿੱਚ ਈ ਇੱਕ ਇਨਸਾਨ ਨ੍ਰਿਤ ਕਰ ਰਿਹਾ ਏ, ਝੂਮ ਰਿਹਾ ਏ , ਕਿਉਂਕਿ ਅੰਦਰੋਂ ਤ੍ਰਿਪਤ ਏ, ਉਹਨਾ ਈ ਹਾਲਾਤਾਂ ਵਿੱਚ ਇੱਕ ਅੰਦਰੋਂ ਦੁਖੀ ਇਨਸਾਨ ਖਿਝ ਰਿਹਾ ਹੁੰਦਾ ਏ, ਦੂਜਿਆਂ ਨੂੰ ਖੁਸ਼ ਵੇਖਕੇ ਹੋਰ ਕਰੋਧਿਤ ਹੋ ਰਿਹਾ ਹੁੰਦਾ ਏ ਕਿ ਭਲਾ ਇਹਦੇ ਵਿੱਚ ਨੱਚਣ ਵਾਲੀ ਕਿਹੜੀ ਗੱਲ ਏ ?
ਪਰਮਾਤਮਾ ਕਰੇ , ਸਾਨੂੰ ਵੀ ਸੋਚ ਦੀ ਮਲੀਦਗੀ ਸਾਫ ਕਰਕੇ ਫੁੱਲਾਂ ਵਾਂਗ ਮਹਿਕਣਾ ਆ ਜਾਵੇ ।ਜਿੰਦਗੀ ਦਾ ਇੱਕ ਦਿਨ ਹੋਰ ਮਿਲਣ ਦਾ,ਇੱਕ ਨਵਾਂ ਸੂਰਜ ਵੇਖਣ ਦਾ ਸ਼ੁਕਰਾਨਾ ਭਾਵ ਸਾਨੂੰ ਅੰਦਰੋਂ ਭਰ ਦੇਵੇ । ਸਾਡੀ ਨਜ਼ਰ ਜਿੰਦਗੀ ਦੀਆਂ ਊਣਤਾਈਆਂ ਤੋਂ ਹਟਕੇ ਉਸਦੀਆਂ ਰਹਿਮਤਾਂ ਤੇ ਟਿਕ ਜਾਵੇ ਤਾਂ ਜੀਉਣਾ ਸਫਲ ਹੋ ਜਾਵੇ , ਖ਼ੁਦ ਵੀ ਮਹਿਕੀਏ ਤੇ ਚੁਗਿਰਦਾ ਵੀ ਮਹਿਕਦਾ ਰਹੇ ।
ਦਵਿੰਦਰ ਸਿੰਘ ਜੌਹਲ