ਪੰਜਾਬੀ ਬੋਲੀ

by Sandeep Kaur

ਖੇਤਾਂ ਵਿੱਚ ਰਹਿੰਦੇ ਇੱਕ ਜ਼ਿਮੀਂਦਾਰ ਨੇ ਬਿਹਾਰੀ ਕਾਮਾ ਰੱਖ ਲਿਆ ਕੰਮ ਵਾਸਤੇ । ਕਾਮਾ ਬੰਦਾ ਤਾਂ ਚੰਗਾ ਸੀ , ਪਰ ਪੰਜਾਬੀ ਨਾ ਬੋਲਣੀ ਆਵੇ ਓਹਨੂੰ। ਜੱਟ ਨੇ ਵੀ ਪੰਜ ਛੇ ਪੜ੍ਹੀਆਂ ਸੀ ਪੁਰਾਣੀਆਂ , ਮਾੜਾ ਮੋਟਾ ਹਿੰਦੀ ਨੂੰ ਮੂੰਹ ਮਾਰ ਲੈਂਦਾ ਸੀ ਓਹ, ਬਸ ਫਿਰ ਹੋ ਗਿਆ ਸ਼ੁਰੂ ਗਲਤ ਮਲਤ ਹਿੰਦੀ ਘੋਟਣ ।
“ਅਰੇ ਭਈਆ, ਧਿਆਨ ਸੇ ਕੰਮ ਕਰਨਾ, ਕਹੀਂ ਵੱਟ ਸੇ ਨਾ ਡਿੱਗ ਪੜੀਂ! “
‘ਅਰੇ ਭਈਆ, ਜਬ ਭੁੱਖ ਲੱਗੇ ਤੋ ਬਤਾ ਦੇਵੀ , ਸੰਗਣਾ ਮੱਤ ‘
ਬੱਸ ਸਾਰਾ ਦਿਨ ਸਰਕਸ ਚੱਲਦੀ ਇਵੇਂ ਈ। ਸੱਤ ਅੱਠ ਜੀਆਂ ਦਾ ਪਰਿਵਾਰ ਮੂੰਹ ਮਰੋੜ ਮਰੋੜ ਹਿੰਦੀ ਬੋਲਣ ਲੱਗਿਆ ਸਿਰਫ ਇੱਕ ਕਾਮੇ ਨੂੰ ਗੱਲ ਸਮਝੌਣ ਵਾਸਤੇ । ਨਿੱਕੇ ਤੋ ਨਿੱਕਾ ਕੰਮ ਵੀ ਕਾਮੇ ਨੂੰ ਕਹਿ ਕੇ ਕਰਵਾਉਂਦੇ , ਆਪ ਜੇਬਾਂ ਚ ਹੱਥ ਪਾ ਕੇ ਖੜੇ ਰਹਿੰਦੇ ।
ਜੱਟ ਦੀ ਬਜ਼ੁਰਗ ਦਾਦੀ ਸੀ , ਜਿਸਨੂੰ ਕੁੱਬ ਪਿਆ ਹੋਇਆ ਸੀ , ਜਦੋਂ ਸੋਟੀ ਆਸਰੇ ਤੁਰਦੀ ਸੀ ਤਾਂ ਗੁਰਮੁਖੀ ਦੇ ਸਾਤੇ ਵਾਂਗ ਜਾਪਦੀ । ਸਾਰੇ ਓਹਨੂੰ ਮਾਂ ਜੀ ਕਹਿਕੇ ਬੁਲੌਂਦੇ ਸਨ ।
ਇੱਕ ਦਿਨ ਜੱਟ ਨੇ ਵੇਖਿਆ , ਇੱਕ ਮੰਜੀ ਵਿਹੜੇ ਚ ਪਈ ਸੀ , ਪਹਿਲਾਂ ਆਪ ਚੁੱਕਣ ਲੱਗਿਆ ਸੀ , ਪਰ ਫਿਰ ਕਾਮੇ ਨੂੰ ਆਵਾਜ ਮਾਰ ਕੇ ਬੋਲਿਆ ।
“ਅਰੇ ਭਈਆ ਰਾਮੂ, ਮਾਂਜੀ ਕੋ ਕਾਂਧ ਕੇ ਸਾਥ ਖੜੀ ਕਰ ਦੋ ।
ਰਾਮੂੰ ਹੈਰਾਨ ਹੋ ਕੇ ਬੋਲਿਆ,” ਅਰੇ ਕਾ ਬਾਤ ਕਰਤ ਹੋ ਸਰਦਾਰ ਜੀ , ਮਾਂ ਜੀ ਤੋ ਠੀਕ ਸੇ ਬੈਠ ਭੀ ਨਹੀਂ ਪਾਤਾ, ਦੀਵਾਰ ਕੇ ਸਾਥ ਕੈਸੇ ਖੜਾ ਹੋਗਾ ‘
ਇੱਕ ਹੋਰ ਸੱਚੀ ਗੱਲ , ਪੈਰਿਸ ਰਹਿੰਦੀ ਇੱਕ ਐਮ ਏ ਪੰਜਾਬੀ ਭੈਣ ਦੀ । ਓਹਨਾ ਦੇ ਘਰ ਦਿੱਲੀ ਦੀ ਰਹਿਣ ਵਾਲੀ ਇੱਕ ਔਰਤ ਜੋ ਵਿਜਿਟਰ ਵੀਜ਼ੇ ਤੇ ਸੀ, ਆ ਕੇ ਠਹਿਰ ਗਈ ਦੋ ਕੁ ਦਿਨਾਂ ਵਾਸਤੇ ਜੋ ਕਿ ਹਿੰਦੀ ਬੋਲਦੀ ਸੀ ਪਰ ਪੰਜਾਬੀ ਵੀ ਸੋਹਣੀ ਸਮਝਦੀ ਸੀ। ਓਹ ਮਹਿਮਾਨ ਔਰਤ ਗੱਲਾਂ ਕਰਦੀ ਕਹਿਣ ਲੱਗੀ ਕਿ ਤੁਹਾਡੇ ਏਧਰ ਔਰਤਾਂ ਸਕੱਰਟ ਪਹਿਨਦੀਆਂ ਨੇ ਜ਼ਿਆਦਾ । ਐਮ ਏ ਭੈਣ ਜੀ ਬਣਾ ਸਵਾਰ ਕੇ ਬੋਲੇ ,” ਆਹੋ ਬਹਨ ਜੀ, ਇੱਧਰ ਨਾ ਲੱਤੇਂ ਨੰਗੀ ਰੱਖਨੇ ਕਾ ਰਿਵਾਜ ਏ ਔਰਤੋਂ ਮੇਂ”
ਮਹਿਮਾਨ ਔਰਤ ਇੰਝ ਵੇਖੇ ਜਿਵੇਂ ਲੱਤ ਓਹਦੇ ਮੂੰਹ ਤੇ ਈ ਮਾਰ ਦਿੱਤੀ ਹੋਵੇ।
ਕੀ ਸਿੱਟਾ ਨਿੱਕਲਿਆ , ਦਸ ਜਣੇ ਰਲ਼ ਕੇ ਇੱਕ ਬੰਦੇ ਨੂੰ ਸ਼ੁੱਧ ਪੰਜਾਬੀ ਨਹੀ ਸਿਖਾ ਸਕਦੇ ਅਸੀਂ , ਓਹਦੀ ਵਜ੍ਹਾ ਕਰਕੇ ਆਪਣਾ ਉਚਾਰਨ ਵੀ ਖ਼ਰਾਬ ਕਰ ਲੈਨੇ ਆਂ ਸਾਰਾ ਟੱਬਰ।
ਜਿੱਥੇ ਸਰਦਾ ਵੀ ਹੋਵੇ, ਖਾਹ ਮਖਾਹ ਗਲਤ ਮਲਤ ਹੋਰ ਭਾਸ਼ਾ ਬੋਲਦੇ ਆਂ ਅਸੀਂ , ਸ਼ਾਇਦ ਪੰਜਾਬੀ ਨੂੰ ਅਨਪੜ੍ਹ ਲੋਕਾਂ ਦੀ ਬੋਲੀ ਸਮਝਦੇ ਆਂ, ਜਾਂ ਸ਼ਾਇਦ ਬੇਗਾਨੀ ਥਾਲ਼ੀ ਦਾ ਲੱਡੂ ਵੱਡਾ ਜਾਪਦਾ ਏ, ਕਿਸੇ ਜਾਣੀ ਅਨਜਾਣੀ ਹੀਣ ਭਾਵਨਾ ਦਾ ਸ਼ਿਕਾਰ ਹਾਂ ਅਸੀਂ।
ਕੋਇਲ ਖ਼ੁਦ ਦੀ ਬੋਲੀ ਬੋਲਦੀ ਏ, ਆਜ਼ਾਦ ਫਿਜ਼ਾਵਾਂ ਚ ਕੂਕਦੀ ਏ।
ਤੋਤਾ ਬੇਗਾਨੀ ਬੋਲੀ ਬੋਲਦਾ ਏ, ਪਿੰਜਰੇ ਪੈਂਦਾ ਏ ਵਿਚਾਰਾ ।
ਭੋਲ਼ਿਓ, ਸਾਡੇ ਪੈਰ ਏਨੇ ਕੁ ਮਜ਼ਬੂਤ ਨੇ ਕਿ ਲੱਕੀ ਜੁੱਤੀ ਪਹਿਨ ਸਕਦੇ ਨੇ, ਜੁਰਾਬਾਂ ਨਹੀਂ ਜਚਦੀਆਂ ਧੌੜੀ ਦੀ ਜੁੱਤੀ ਨਾਲ।
ਕੁਰਤੇ ਪਜਾਮੇ ਦੀ ਆਪਣੀ ਸ਼ਾਨ ਏ, ਟੌਹਰ ਨਾਲ ਪਹਿਨੋ, ਇਹਦੇ ਨਾਲ ਟਾਈ ਲਾਵਾਂਗੇ ਤਾਂ ਜਲੂਸ ਨਿਕਲੂਗਾ ।
ਬਲਦਾਂ ਵਾਲਾ ਗੱਡਾ ਨੱਥ ਦੀ ਰੱਸੀ ਨਾਲ ਮੁੜਦਾ ਏ, ਸਟੇਅਰਿੰਗ ਲਾਉਣ ਦੀ ਖੇਚਲ ਵਿਅਰਥ ਏ, ਜਚਦਾ ਵੀ ਨਹੀਂ ।
ਆਪਣੀ ਬੋਲੀ ਆਪਣੇ ਵਿਰਸੇ ਤੇ ਮਾਣ ਕਰਨਾ ਸਿੱਖੀਏ । ਸ਼ੁੱਧਤਾ ਵੱਲ ਮੁੜੀਏ, ਖ਼ਾਲਸ ਈ ਬੋਲੀਏ, ਖਾਈਏ ,ਪੀਵੀਏ। ਦੁਨੀਆਂ ਜੀਹਨੂੰ ਔਰਗੈਨਿਕ ਖੇਤੀ ਕਹਿੰਦੀ ਏ ਨਾ, ਪੁਰਾਤਨ ਦੇਸੀ ਖੇਤੀ ਦਾ ਈ ਨਵਾਂ ਨਾਮ ਏ ।
ਬੱਚਤ ਕਰਨੀ ਹੋਵੇ ਤਾਂ ਸਿੱਕੇ ਸਾਂਭ ਲਵੋ, ਬੁਘਨੀਆਂ ਭਰ ਜਾਂਦੀਆਂ ਨੇ, ਬੋਲੀ ਸਾਂਭਣੀ ਏ ਤਾਂ ਨਿੱਕੇ ਬਾਲਾਂ ਨੂੰ ਸ਼ੁੱਧ ਪੰਜਾਬੀ ਲਿਖਣੀ , ਬੋਲਣੀ ਸਿਖਾ ਦਿਓ, ਕਿਸੇ ਮਾਈ ਦੇ ਲਾਲ ਦੀ ਜੁਅਰਤ ਨਹੀ ਕਿ ਪੰਜਾਬੀ ਬੋਲੀ ਦਾ ਵਾਲ ਵਿੰਗਾ ਕਰ ਸਕੇ । ਪੰਜਾਬੀ ਜ਼ਿੰਦਾਬਾਦ ਸੀ , ਹੈ ਵੀ ਜ਼ਿੰਦਾਬਾਦ ਤੇ ਹਮੇਸ਼ਾਂ ਜ਼ਿੰਦਾਬਾਦ ਰਹੇਗੀ ।

ਦਵਿੰਦਰ ਸਿੰਘ ਜੌਹਲ

ਫੋਟੋ ਰਵਨ ਖੋਸਾ

You may also like