ਮਿੱਠਬੋਲੜੇ ਲੋਕ

by Sandeep Kaur

ਇੱਕ ਸਿੱਧ ਪੱਧਰਾ ਜੱਟ ਸੀ , ਸ਼ਿਵ ਜੀ ਦਾ ਭਗਤ ਬਣ ਗਿਆ , ਜੈ ਸ਼ਿਵ ਸ਼ੰਕਰ ਦਾ ਜਾਪ ਕਰਨ ਲੱਗ ਪਿਆ ਦਿਨ ਰਾਤ, ਹਰ ਵਕਤ । ਦਿਲ ਦਾ ਸਾਫ ਸੀ , ਮਿਹਨਤੀ ਤੇ ਇਮਾਨਦਾਰ ਵੀ ਪੁੱਜ ਕੇ , ਪਰ ਇੱਕੋ ਬੁਰਾਈ ਸੀ , ਸੁਭਾਅ ਦਾ ਬੜਾ ਕਾਹਲਾ ਤੇ ਜ਼ਬਾਨ ਦਾ ਕੁਰੱਖਤ, ਬੋਲਣ ਤੋ ਪਹਿਲਾਂ ਜ਼ਰਾ ਵੀ ਨਹੀਂ ਸੀ ਸੋਚਦਾ ।
ਇੱਕ ਦਿਨ ਓਹ ਗੁੜ ਬਣਾ ਰਿਹਾ ਸੀ ਕਿ ਪੱਤ ਚੜ੍ਹ ਗਈ , ਗੁੜ ਲਾਲ ਹੋ ਗਿਆ, ਜ਼ਰਾ ਆਮ ਨਾਲ਼ੋਂ ਗੂੜ੍ਹਾ , ਪਤਾ ਈ ਨਾ ਲੱਗਾ ,ਕਦੋਂ ਸ਼ਿਵ ਸ਼ੰਕਰ ਦੀ ਥਾਂ ਤੇ “ਲਾਲ ਗੁੜ , ਲਾਲ ਗੁੜ “ ਦਾ ਰਟਨ ਸ਼ੁਰੂ ਕਰ ਲਿਆ ਓਹਨੇ , ਮੂੰਹ ਚ ਬੋਲੀ ਗਿਆ ਇਹੀ ਸ਼ਬਦ । ਪਰ ਰੱਬ ਨੂੰ ਤਾਂ ਪਤਾ ਹੁੰਦਾ ਏ ਨਾ ਅਸਲੀ ਭਾਵਨਾ ਦਾ , ਸ਼ਿਵ ਜੀ ਨੇ ਪਾਰਵਤੀ ਨੂੰ ਕਿਹਾ ਕਿ ਚੱਲ, ਭੇਸ ਬਦਲ ਕੇ ਚੱਲੀਏ , ਇੱਕ ਭਗਤ ਦਾ ਉਧਾਰ ਕਰਨਾ ਏ , ਬਹੁਤ ਚਿਰਾਂ ਤੋ ਯਾਦ ਕਰ ਰਿਹਾ ਏ । ਕਹਿੰਦੇ, ਸ਼ਿਵ ਜੀ ਇੱਕ ਢੱਠੇ ਹੋਏ ਖੂਹ ਦੇ ਖੱਡੇ ਚ ਲੁਕ ਕੇ ਬਹਿ ਗਏ ਤੇ ਪਾਰਵਤੀ ਜੀ ਨੂੰ ਭੇਜਿਆ ਕਿ ਜਾਹ , ਵੇਖ , ਕੀ ਕਰਦਾ ਏ ਭਗਤ ਮੇਰਾ ।
ਜਦੋਂ ਆਗਿਆ ਪਾ ਕੇ ਪਾਰਵਤੀ ਓਸ ਜੱਟ ਕੋਲ ਗਈ ਤਾਂ ਜਾ ਕੇ ਬੜੀ ਹਲੀਮੀ ਨਾਲ ਪੁੱਛਿਆ ਕਿ ਭਗਤਾ ਕੀ ਪਿਆ ਕਰਦਾ ਏਂ ?
ਜੱਟ ਅੱਗੋਂ ਬੋਲਿਆ ,” ਬੀਬੀ ਏਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਏ, ਦੀਹਦਾ ਨਹੀਂ, ਕੰਮ ਕਰਨ ਡਿਹਾਂ ਆਵਦਾ!
ਪਾਰਵਤੀ , ਜੋ ਆਮ ਸਾਧਾਰਨ ਔਰਤ ਦੇ ਲਿਬਾਸ ਵਿੱਚ ਸੀ , ਓਹਨੇ ਫਿਰ ਪੁੱਛਿਆ ਕਿ ਓਹ ਤਾਂ ਠੀਕ ਏ ਪਰ ਆਹ ਮੂੰਹ ਚ ਕੀਹਦਾ ਜਾਪ ਕਰ ਰਿਹਾ ਏਂ ਭਾਈ?
“ਤੇਰੇ ਖਸਮ ਦਾ” ਜੱਟ ਭਰਵੱਟੇ ਚੜ੍ਹਾ ਕੇ ਬੋਲਿਆ ।
“ ਤੇ ਚੱਲ ਫਿਰ ਏਹ ਵੀ ਦੱਸ ਦੇ ਕਿ ਕਿੱਥੇ ਵੇ ਮੇਰਾ ਖਸਮ ਏਸ ਵੇਲੇ?”
ਜੱਟ ਬੜੇ ਠਰ੍ਹੰਮੇ ਨਾਲ ਟਿਕਾ ਕੇ ਬੋਲਿਆ ,
” ਢੱਠੇ ਖੂਹ ਚ”
ਸੁਣਕੇ ਪਾਰਵਤੀ ਜੀ ਦੇ ਚਿਹਰੇ ਤੇ ਮੁਸਕਾਨ ਆ ਗਈ , ਓਹਦੇ ਭੋਲੇਪਨ ਤੇ ਪ੍ਰਸੰਨ ਹੋ ਗਈ ਜੋ ਲਾਲ ਗੁੜ ਦਾ ਜਾਪ ਕਰਕੇ ਵੀ ਸ਼ਿਵ ਜੀ ਤੱਕ ਪਹੁੰਚ ਗਿਆ ਸੀ , ਪਾਰ ਉਤਾਰਾ ਹੋ ਗਿਆ ਸੀ ਓਹਦਾ ਤੇ ਓਹਦੀ ਜਬਾਨੋਂ ਨਿੱਕਲੀ ਹਰ ਗੱਲ ਸਿੱਧ ਹੋ ਰਹੀ ਸੀ ।
ਪਰਮਾਤਮਾ ਦੇ ਸੰਬੰਧ ਵਿੱਚ ਵੇਖੀਏ ਤਾਂ ਗੱਲ ਭਾਵ ਦੀ ਨਹੀਂ ਭਾਵਨਾ ਦੀ ਹੁੰਦੀ ਏ ,ਪਰ ਦੁਨੀਆਂ ਵਿੱਚ ਵਿਚਰਦਿਆਂ , ਜੇਕਰ ਉਦੇਸ਼ ਨਿਰਮਲ ਹੋਵੇ ਤਾਂ ਜ਼ਬਾਨ ਦੀ ਮਿਠਾਸ ਸੋਨੇ ਤੇ ਸੁਹਾਗਾ ਹੋ ਨਿੱਬੜਦੀ ਏ ਜਦਕਿ ਜ਼ਬਾਨ ਦੀ ਕੁੜੱਤਣ ਬੇਰਸੀ ਪੈਦਾ ਕਰਦੀ ਏ, ਕੀਤੇ ਕਰਾਏ ਸਿਰ ਸਵਾਹ ਪਾ ਦੇਂਦੀ ਏ ਕਈ ਵਾਰੀ । ਹਿਰਦੇ ਦੀ ਸ਼ੁੱਧਤਾ ਵੇਖਣ ਲ਼ਈ ਹਰੇਕ ਨੂੰ ਸ਼ਿਵ ਪਾਰਵਤੀ ਤਾਂ ਨਹੀਂ ਨਾ ਮਿਲ ਸਕਦੇ । ਸਾਡੇ ਪਿੰਡ ਇੱਕ ਦੁਕਾਨਦਾਰ ਸੀ , ਬੜਾ ਈਮਾਨਦਾਰ, ਵਿਹਾਰੀ, ਤੇ ਕਾਮਯਾਬ ਸੀ ਆਪਣੇ ਕਿੱਤੇ ਵਿੱਚ, ਓਹਦਾ ਦਾਅਵਾ ਸੀ ਕਿ ਕੋਈ ਅਜਿਹੀ ਚੀਜ ਹੋ ਈ ਨਹੀਂ ਸਕਦੀ ਜੋ ਓਹਦੀ ਦੁਕਾਨ ਤੋਂ ਨਾ ਮਿਲ ਸਕੇ । ਦੋ ਦਰਵਾਜ਼ੇ ਸਨ ਭੀੜੇ ਜਿਹੇ ਓਹਦੀ ਦੁਕਾਨ ਦੇ , ਵੇਖਣ ਨੂੰ ਲੱਗਦੀ ਸੀ ਜਿਵੇਂ ਕਿਸੇ ਗਲੀ ਵਿੱਚ ਬਾਜ਼ਾਰ ਲਾਇਆ ਹੋਵੇ । ਅਗਰ ਕਿਸੇ ਗਾਹਕ ਨੇ ਪੁੱਛਣਾ ਕਿ ਭਾਈ ਫਲਾਣੀ ਚੀਜ ਹੈਗੀ ਏ ? ਤਾਂ ਓਹਨੇ ਖਿਝ ਜਾਣਾ ।
” ਕਿਹੜੇ ਰਸਤੇ ਤੋ ਵੜਿਆ ਏਂ ਤੂੰ ਅੰਦਰ ? ਐਧਰੋਂ! ਚੱਲ ਦੂਜੇ ਰਸਤੇ ਬਾਹਰ ਨਿਕਲ ਜਾ ! ਤੂੰ ਏਨੀ ਗੱਲ ਕਿਓਂ ਆਖੀ ਕਿ ਆਹ ਚੀਜ ਹੈਗੀ ਏ ਕਿ ਨਹੀਂ? ਏਦਾਂ ਕਹਿ ਕਿ ਫਲਾਣੀ ਚੀਜ ਦਿਓ , ਬਸ”
ਗਾਹਕ ਸ਼ਰਮਿੰਦਾ ਹੋ ਜਾਂਦਾ ਸੀ ਕਿ ਕਿਸ ਪਾਗਲ ਨਾਲ ਵਾਹ ਪਿਆ ਏ ਯਾਰ।
ਓਸ ਦੁਕਾਨਦਾਰ ਦੀ ਘਰਵਾਲ਼ੀ ਵੀ ਓਹਦੇ ਨਾਲ ਸਾਰਾ ਦਿਨ ਦੁਕਾਨ ਤੇ ਬੈਠਦੀ ਸੀ ਤੇ ਓਹਨੂੰ ਹਦਾਇਤ ਸੀ ਕਿ ਗਾਹਕ ਨੂੰ ਕੁਝ ਵੀ ਪੁੱਛਣਾ ਨਹੀਂ, ਜੀਹਨੂੰ ਜੋ ਚਾਹੀਦਾ ਏ , ਆਪ ਈ ਆ ਕੇ ਬੋਲੂਗਾ। ਇੱਕ ਵਾਰੀ ਇੱਕ ਸਿਆਣੀ ਉਮਰ ਦਾ ਗਾਹਕ ਆ ਕੇ ਖਲੋ ਗਿਆ ਤੇ ਬੋਲਿਆ ਕੁਝ ਨਾ ,ਦੁਕਾਨਦਾਰ ਦੀ ਪਤਨੀ ਪੁੱਛ ਬੈਠੀ ਕਿ ਹਾਂ ਵੀਰਾ , ਕੀ ਲੈਣਾ ਏ ਤੂੰ?
ਗਾਹਕ ਦੇ ਬੋਲਣ ਤੋਂ ਪਹਿਲਾਂ ਦੁਕਾਨਦਾਰ ਖੁਦ ਫਟ ਪਿਆ,
” ਤੈਨੂੰ ਕਿੰਨੀ ਵਾਰੀ ਸਮਝਾਇਆ ਏ ਕਿ ਤੂੰ ਨਾ ਭੌਂਕਿਆ ਕਰ, ਗਾਹਕ ਆਪੇ ਭੌਂਕੂਗਾ “

ਗਾਹਕ ਦਾ ਅੰਦਾਜ਼ਾ ਲਾ ਲਵੋ ,ਕੀ ਬੀਤੀ ਹੋਵੇਗੀ ਓਹਦੇ ਦਿਲ ਤੇ । ਵਧੀਆ ਦੁਕਾਨਦਾਰ ਹੋਣ ਦੇ ਬਾਵਯੂਦ ਵੀ ਓਹ ਬੰਦਾ ਬਦਨਾਮ ਸੀ , ਜ਼ਬਾਨ ਦੇ ਰਸ ਕਰਕੇ । ਬਚ ਕੇ ਨਿਕਲਦੇ ਸਨ ਲੋਕ ਓਸਤੋਂ , ਨਾ ਸਰਦੇ ਨੂੰ ਈ ਮੱਥੇ ਲੱਗਦੇ ਸਨ ਓਹਦੇ ।
ਫਰਾਂਸ ਰਹਿੰਦਿਆਂ ਇੱਕ ਫਰੈਂਚ ਬੰਦੇ ਨਾਲ ਵਾਹ ਪਿਆ , ਓਹ ਵੀ ਬਾਹਲਾ ਅਵਾਜ਼ਾਰ ਸੀ ਸੁਭਾਅ ਦਾ । ਹਰ ਵੇਲੇ ਕੋਲ਼ੇ ਈ ਸੁੱਟਦਾ ਸੀ ਜ਼ਬਾਨ ਤੋਂ ।ਕੰਮ ਦਾ ਬੜਾ ਮਾਹਰ ਸੀ ਪਰ ਜ਼ਬਾਨ ਦਾ ਬੇਹੱਦ ਖੁਸ਼ਕ । ਅਗਰ ਕਿਸੇ ਨੇ ਪੁੱਛ ਲੈਣਾ ਕਿ ਸੁਣਾ ਅਲੈਕਸ , ਠੀਕ ਠਾਕ ਏਂ? ਤਾਂ ਓਹਨੇ ਅੱਗੋਂ ਕਹਿਣਾ ਕਿ ਜੇ ਮੈ ਠੀਕ ਨਾ ਹੋਇਆ ਤਾਂ ਤੂੰ ਕੀ ਕਰ ਲਵੇਂਗਾ ,ਕੀ ਤੂੰ ਡਾਕਟਰ ਏਂ ? ਫਿਰ ਇੱਕ ਦਿਨ ਓਹ ਬ੍ਰੇਨ ਹੈਮਰੇਜ ਹੋ ਕੇ ਮਰ ਗਿਆ , ਕਿਸੇ ਨੇ ਵੀ ਓਹਦਾ ਅਫ਼ਸੋਸ ਨਾ ਮਨਾਇਆ । ਹਰੇਕ ਦਾ ਏਹੀ ਜਵਾਬ ਸੀ ਕਿ ਹਰ ਵੇਲੇ ਸੁਲਘਦਾ ਸੀ , ਇੱਕ ਦਿਨ ਫਟਣਾ ਈ ਸੀ ।
ਖ਼ੈਰ, ਵਾੜਦੀਆਂ ਸਜਾਦੜੀਆਂ ਨਿਭ ਜਾਂਦੀਆਂ ਨੇ ਨਾਲ ਈ ਸਿਰਾਂ ਦੇ , ਪਰ ਮਿੱਠਬੋਲੜੇ ਲੋਕ ਮੁਫ਼ਤ ਵਿੱਚ ਦੁਆਵਾਂ ਲੈ ਕੇ ਜਾਂਦੇ ਨੇ , ਤਪਦੇ ਹਿਰਦਿਆਂ ਨੂੰ ਠਾਰਦੇ ਨੇ ਤੇ ਮਿਸਾਲ ਬਣਦੇ ਨੇ ਪਿਆਰ ਮੁਹੱਬਤ ਦੀ ਜਦ ਕਿ ਕੌੜਾ ਬੋਲਣ ਵਾਲੇ ਜਿਉਂਦੇ ਜੀਅ ਵੀ ਦੁਖੀ ਰਹਿੰਦੇ ਨੇ ਤੇ ਕਰਦੇ ਨੇ , ਤੁਰ ਜਾਣ ਤੋ ਬਾਅਦ ਵੀ ਬਦ ਦੁਆਵਾਂ ਲੈਂਦੇ ਨੇ ਕਈ ਵਾਰ।
ਜ਼ਬਾਨ ਸ਼ੀਰੀ ਮੁਲਕਗੀਰੀ
ਬਾਦਸ਼ਾਹਤ ਦੇਂਦੀ ਏ ਜ਼ਬਾਨ , ਜੋ ਸਰੀਰਾਂ ਤੇ ਨਹੀਂ, ਦਿਲਾਂ ਤੇ ਰਾਜ ਕਰੌਂਦੀ ਏ , ਏਹ ਸ਼ਬਦ ਈ ਨੇ ਜੋ ਦਿਲ ਚ ਉਤਾਰ ਦਿੰਦੇ ਨੇ ਜਾਂ ਦਿਲ ਚੋਂ ਉਤਾਰ ਦੇਂਦੇ ਨੇ । ਜੇਕਰ ਇਉਂ ਵੀ ਕਹਿ ਲਵੋ ਕਿ ਸਾਡੇ ਸ਼ਬਦ ਈ ਸਾਡੀ ਦੁਨੀਆਂ ਰਚਦੇ ਨੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ।ਸੋ , ਏਹ ਸਾਡੇ ਤੇ ਨਿਰਭਰ ਕਰਦਾ ਏ ਕਿ ਅਸੀਂ ਆਪਣੀ ਦੁਨੀਆਂ ਕਿਹੋ ਜਿਹੀ ਉਸਾਰਨੀ ਏਂ , ਕੈਸੀ ਜਿੰਦਗੀ ਜੀਣੀ ਏ ।

You may also like