• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Sandeep Kaur

Sandeep Kaur

ਯਾਦਾਂ

by Sandeep Kaur April 24, 2020

ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ ਫਰਾਂਸ ਰਹਿੰਦਾ ਸੀ। ਪੈਰਿਸ ਤੋਂ ਕੋਈ ਸੱਠ੍ਹ ਕੁ ਕਿਲੋਮੀਟਰ ਦੂਰ ਇੱਕ ਖ਼ੂਬਸੂਰਤ ਪਿੰਡ ਸੀ , ਨਾਮ ਸੀ ਗਾਰਜੌਵੀਲ ।ਜਿੱਥੇ ਅਸੀਂ ਕੰਮ ਕਰਦੇ ਸੀ , ਓਥੇ ਵਿਰਲੀ ਜਿਹੀ ਵਸੋਂ ਸੀ, ਸਰ੍ਹੋਂ ਅਤੇ ਕਣਕ ਦੇ ਖੇਤ ਕਿਸੇ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਸਾਡੇ ਕੰਮ ਕਰਨ ਵਾਲੀ ਸਾਈਟ ਜਿਸਨੂੰ ਫਰੈੰਚ ਵਿੱਚ ਸ਼ਾਂਤੀਏ ਕਹਿੰਦੇ ਨੇ ,ਦੇ ਨਾਲ ਲੱਗਦਾ ਇੱਕ ਸੋਹਣਾ ਜਿਹਾ ਘਰ ਸੀ । ਉਸ ਘਰ ਵਿੱਚ ਕੁੱਲ ਤਿੰਨ ਵਿਅਕਤੀ ਰਹਿੰਦੇ ਸਨ ,ਇੱਕ ਪਚਵੰਜਾ ਕੁ ਸਾਲ ਦੀ ਖ਼ੂਬਸੂਰਤ ਔਰਤ ਅਤੇ ਦੋ ਆਦਮੀ ,ਕਰੀਬ ਸੱਠ੍ਹਾਂ ਬਾਹਠਾਂ ਕੁ ਦੀ ਉਮਰ ਦੇ ।ਇੱਕ ਆਦਮੀ ਖੇਤੀ ਕਰਦਾ ਸੀ, ਜਦ ਵਿਹਲਾ ਹੁੰਦਾ ਤਾਂ ਘਰ ਦੇ ਪਿਛਵਾੜੇ ਬਗ਼ੀਚੇ ਵਿੱਚ ਕੰਮ ਕਰਦਾ ਸੀ । ਦੂਜਾ ਵਿਅਕਤੀ ਕਿਸੇ ਦੁਰਘਟਨਾ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ ,ਹਮੇਸ਼ਾਂ ਵੀਲ ਚੇਅਰ ਤੇ ਹੀ ਹੁੰਦਾ ਸੀ ।ਉਸ ਘਰ ਦਾ ਬਗ਼ੀਚਾ ਐਨਾ ਕੁ ਸੰਵਾਰਿਆ ਹੁੰਦਾ ਸੀ ਕਿ ਦਿਲ ਕਰਦਾ ਸੀ ,ਬਸ ਦੇਖੀ ਜਾਈਏ ।ਮਜਾਲ ਐ ਕਦੇ ਇੱਕ ਤੀਲਾ ਵੀ ਫਾਲਤੂ ਖਿੱਲਰਿਆ ਹੋਵੇ । ਮਿਰਚਾਂ , ਟਮਾਟਰ, ਸ਼ਿਮਲਾ ਮਿਰਚਾਂ ਤੇ ਹੋਰ ਮੌਸਮੀ ਸਬਜ਼ੀਆਂ ਫੀਤੇ ਨਾਲ ਮਿਣਕੇ ਬਰਾਬਰ ਫ਼ਾਸਲੇ ਤੇ ਲਾਈਆਂ ਹੋਈਆਂ ਅਤੇ ਸੁਪੋਟਾਂ ਨਾਲ ਸਹਾਰਾ ਦੇ ਕੇ ਸੱਜਾਈਆਂ ਹੋਈਆਂ ਸਨ । ਬਗ਼ੀਚੇ ਨੂੰ ਪਾਣੀ ਦੇਣ ਦਾ ਪ੍ਰਬੰਧ ਬਰਸਾਤੀ ਪਾਣੀ ਨੂੰ ਵੱਡੀ ਟੈਂਕੀ ਵਿੱਚ ਭੰਡਾਰ ਕਰਕੇ ਅੱਗੇ ਟੂਟੀ ਲਾ ਕੇ ਬੜੇ ਈ ਸਲੀਕੇ ਨਾਲ ਕੀਤਾ ਹੋਇਆ ਸੀ । ਘਰ ਵਿੱਚ ਰਹਿਣ ਵਾਲੇ ਤਿੰਨੇ ਜੀਅ ਇੱਕ ਦੂਜੇ ਨਾਲ ਬੇਹੱਦ ਪਿਆਰ ਇਤਫਾਕ ਨਾਲ ਰਹਿੰਦੇ ਸਨ , ਆਪਣੀ ਦੁਨੀਆਂ ਵਿੱਚ ਮਸਤ ਪਰ ਇੱਕ ਦੂਜੇ ਪ੍ਰਤੀ ਸਮਰਪਿਤ ।
ਇੱਕ ਦਿਨ ਓਹਨਾ ਵਿੱਚੋਂ ਇੱਕ ਵਿਅਕਤੀ ਜੋ ਵੀਲ ਚੇਅਰ ਤੇ ਸੀ , ਓਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ,ਜੋ ਉਸਨੇ ਦੱਸਿਆ, ਸੁਣਕੇ ਉਸ ਪਰੀਵਾਰ ਬਾਰੇ ਜਾਣਕੇ ਮਨ ਵਿਸਮਾਦ ਨਾਲ ਭਰ ਗਿਆ।
ਉਹਨੇ ਆਪਣਾ ਨਾਮ ਜੋਜ਼ੇ , ਉਸ ਔਰਤ ਦਾ ਨਾਮ ਲੀਜ਼ਾ ਅਤੇ ਦੂਜੇ ਆਦਮੀ ਦਾ ਨਾਮ ਦਾਵਿਦ ਦੱਸਿਆ । ਉਹਨੇ ਦੱਸਿਆ ਕਿ ਉਸਦਾ ਵਿਆਹ 38 ਸਾਲ ਦੀ ਉਮਰ ਚ ਲੀਜ਼ਾ ਨਾਲ ਹੋਇਆ ਸੀ , ਬੱਚਾ ਕੋਈ ਨਹੀਂ ਸੀ । 42 ਸਾਲ ਦੀ ਉਮਰ ਵਿੱਚ ਉਸਦਾ ਰੋਡ ਐਕਸੀਡੈਂਟ ਹੋਇਆ ਫਲਸਰੂਪ ਉਹਦੀਆਂ ਨਸਾਂ ਫਿੱਸ ਗਈਆਂ , ਹੇਠਲਾ ਧੜ ਨਕਾਰਾ ਹੋ ਗਿਆ । ਉਸਦੀ ਪਤਨੀ ਨੇ ਓਹਦੀ ਬਹੁਤ ਸੰਭਾਲ਼ ਕੀਤੀ , ਜਾਨ ਤਾਂ ਬਚ ਗਈ ਪਰ ਪੀੜਾਦਾਇਕ ਅਪੰਗਤਾ ਪੱਲੇ ਪੈ ਗਈ , ਸੈਕਸੁਅਲੀ ਹਮੇਸ਼ਾਂ ਲਈ ਨਕਾਰਾ ਹੋ ਗਿਆ । ਸਰਕਾਰੀ ਭੱਤਾ , ਪੈਨਸ਼ਨ ਵੀ ਲੱਗ ਗਈ, ਚਾਹੁੰਦਾ ਤਾਂ ਸਰਕਾਰੀ ਸੰਭਾਲ਼ ਕੇਂਦਰ ਚ ਚਲਾ ਜਾਂਦਾ ਪਰ ਉਸਦੀ ਪਤਨੀ ਨੇ ਖ਼ੁਦ ਸੰਭਾਲ਼ ਕਰਨ ਦਾ ਤਹੱਈਆ ਕਰ ਲਿਆ ।ਜ਼ਿੰਦਗੀ ਜਿਵੇਂ ਕਿਵੇਂ ਰਿੜ੍ਹ ਪਈ । ਪਰ ਉਸ ਤੋਂ ਆਪਣੀ ਪਤਨੀ ਦਾ ਇਕੱਲ੍ਹਾਪਨ ਝੱਲਿਆ ਨਹੀ ਸੀ ਜਾਂਦਾ ।ਸੋ ਉਸਨੇ ਲੀਜ਼ਾ ਨੂੰ ਕਿਹਾ ਕਿ ਆਪਣਾ ਘਰ ਵਸਾ ਲਵੇ , ਪਹਾੜ ਜਿੱਡੀ ਜ਼ਿੰਦਗੀ ਇੱਕ ਅਪੰਗ ਬੰਦੇ ਨਾਲ ਕਿਵੇਂ ਗੁਜ਼ਾਰੇਂਗੀ , ਜੋ ਉਸਨੂੰ ਕੋਈ ਵੀ ਸੁਖ ਦੇਣ ਦੇ ਅਸਮਰਥ ਏ । ਪਰ ਲੀਜ਼ਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ । ਫਿਰ ਦੋ ਕੁ ਸਾਲ ਬਾਅਦ ਉਸਨੂੰ ਦਾਵਿਦ ਮਿਲਿਆ ਜਿਸਦੀ ਪਤਨੀ ਕੈਂਸਰ ਕਾਰਨ ਗੁਜ਼ਰ ਗਈ ਸੀ ।ਜੋਜ਼ੇ ਨੇ ਦਾਵਿਦ ਨਾਲ ਗੱਲ ਕੀਤੀ ਤੇ ਫਿਰ ਲੀਜ਼ਾ ਨੂੰ ਫ਼ਰਿਆਦ ਕੀਤੀ ਕਿ ਦਾਵਿਦ ਨਾਲ ਗ਼੍ਰਹਿਸਥੀ ਵਸਾ ਲਵੇ । ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਲੀਜ਼ਾ ਏਸ ਸ਼ਰਤ ਤੇ ਰਾਜ਼ੀ ਹੋਈ ਕਿ ਉਹ ਦਾਵਿਦ ਨਾਲ ਤਾਂ ਰਹੇਗੀ ਅਗਰ ਜੋਜ਼ੇ ਵੀ ਨਾਲ ਈ ਰਹੇ। ਦਾਵਿਦ ਵੀ ਨੇਕ ਰੂਹ ਇਨਸਾਨ ਸੀ , ਓਹ ਵੀ ਇਵੇਂ ਹੀ ਰਹਿਣ ਨੂੰ ਮੰਨ ਗਿਆ । ਤੇ ਉਸਤੋਂ ਬਾਅਦ ਓਹ ਤਿੰਨੇ ਇਕੱਠੇ ਜ਼ਿੰਦਗੀ ਬਸਰ ਕਰ ਰਹੇ ਨੇ,ਇੱਕ ਦੂਜੇ ਦੇ ਸਹਾਰੇ ਬਣਕੇ , ਹਮਸਾਏ ਬਣਕੇ । ਅਗਰ ਦਾਵਿਦ ਟਰੈਕਟਰ ਵਾਹੁੰਦਾ ਹੁੰਦਾ ਤਾਂ ਜੋਜ਼ੇ ਬੈਟਰੀ ਚਾਲਿਤ ਵੀਲ ਚੇਅਰ ਤੇ ਬਾਹਰ ਬੈਠਾ ਹੁੰਦਾ ।ਕਦੀ ਕਦੀ ਤਿੰਨੇ ਈ ਬਗ਼ੀਚੇ ਵਿੱਚ ਹੱਸਦੇ ਦਿਖਾਈ ਦੇਂਦੇ । ਓਹਨਾ ਦੀ ਆਪਸੀ ਸੂਝ-ਬੂਝ ਅਤੇ ਇੱਕ ਦੂਜੇ ਦਾ ਖਿਆਲ ਰੱਖਣ ਦੀ ਸੱਚੀ ਭਾਵਨਾ ਵੇਖਕੇ ਦਿਲ ਗਦ-ਗਦ ਹੋ ਜਾਂਦਾ ।
ਅੱਜ ਫਰਾਂਸ ਛੱਡ ਕੇ ਆਇਆਂ ਨੂੰ ਵੀ ਨੌਂ ਸਾਲ ਹੋ ਚਲੇ ਨੇ । ਪਰ ਹੁਣ ਵੀ ਜਦ ਜੋਜ਼ੇ,ਲੀਜ਼ਾ,ਦਾਵਿਦ ਦੀ ਪਿਆਰੀ ਤਿੱਕੜੀ ਦਾ ਚੇਤਾ ਆਉਂਦਾ ਏ ਤਾਂ ਦਿਲ ਚੋਂ ਅਰਦਾਸ ਈ ਨਿਕਲਦੀ ਏ ਕਿ ਐ ਖੁਦਾ , ਓਹਨਾਂ ਨੇਕ ਬਖ਼ਤ ਇਨਸਾਨਾਂ ਨੂੰ ਹੋਰ ਨਵਾਂ ਸਦਮਾ ਨਾ ਦੇਵੀਂ , ਭਰਪੂਰ ਜ਼ਿੰਦਗੀ ਜਿਉਣ ਨੂੰ ਦੇਵੀਂ ਓਹਨਾਂ ਦੇਵਤਾ ਰੂਹਾਂ ਨੂੰ ।

ਦਵਿੰਦਰ ਸਿੰਘ ਜੌਹਲ

ਤਮਾਸ਼ਾ

by Sandeep Kaur April 23, 2020

ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀਆਂ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚੁਪੀਤੇ ਆਸਮਾਨ ਵਿਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਵਿਚ ਹੋਣ। ਲਾਲ ਸੂਹੀਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖ਼ੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲੀਸ ਦੀ ਗਸ਼ਤ ਇਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ, ਜਿਹੜੇ ਸਵੇਰ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਭਰੇ ਪਏ ਹੁੰਦੇ ਸਨ, ਹੁਣ ਕਿਸੇ ਅਣਜਾਣੇ ਡਰ ਨਾਲ ਸੁੰਨੇ ਹੋਏ ਪਏ ਸਨ।
ਸ਼ਹਿਰ ਦੇ ਮਾਹੌਲ ਵਿਚ ਹੈਰਾਨ ਕਰਨ ਵਾਲੀ ਚੁੱਪ ਛਾਈ ਹੋਈ ਸੀ। ਬਹੁਤ ਭਿਆਨਕ ਡਰ ਦਾ ਰਾਜ ਸੀ।
ਖ਼ਾਲਿਦ ਆਪਣੇ ਘਰ ਦੇ ਵੀਰਾਨ ਜਿਹੇ ਮਾਹੌਲ ’ਚ ਸਹਿਮਿਆ ਹੋਇਆ ਆਪਣੇ ਅੱਬਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ।
‘‘ਅੱਬਾ ਜੀ, ਹੁਣ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਜਾਣ ਦੇਂਦੇ?’’
‘‘ਬੇਟਾ, ਅੱਜ ਸਕੂਲ ’ਚ ਛੁੱਟੀ ਏ।’’
‘‘ਮਾਸਟਰ ਜੀ ਨੇ ਤਾਂ ਸਾਨੂੰ ਦੱਸਿਆ ਈ ਨਹੀਂ। ਉਹ ਕੱਲ੍ਹ ਕਹਿ ਰਹੇ ਸੀ ਕਿ ਜਿਹੜਾ ਵਿਦਿਆਰਥੀ ਸਕੂਲ ਦਾ ਕੰਮ ਕਰਕੇ ਆਪਣੀ ਕਾਪੀ ਨਹੀਂ ਦਿਖਾਵੇਗਾ, ਓਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।’’
‘‘ਉਹ ਛੁੱਟੀ ਬਾਰੇ ਦੱਸਣਾ ਭੁੱਲ ਗਏ ਹੋਣਗੇ।’’
‘‘ਤੁਹਾਡੇ ਦਫ਼ਤਰ ’ਚ ਵੀ ਛੁੱਟੀ ਹੋਵੇਗੀ?’’
‘‘ਹਾਂ, ਸਾਡਾ ਦਫ਼ਤਰ ਵੀ ਅੱਜ ਬੰਦ ਏ।’’
‘‘ਚਲੋ ਚੰਗਾ ਹੋਇਆ। ਅੱਜ ਮੈਂ ਤੁਹਾਡੇ ਕੋਲੋਂ ਕੋਈ ਚੰਗੀ ਜਿਹੀ ਕਹਾਣੀ ਸੁਣਾਂਗਾ।’’
ਇਹ ਗੱਲਾਂ ਹੋ ਈ ਰਹੀਆਂ ਸਨ ਕਿ ਤਿੰਨ ਚਾਰ ਜਹਾਜ਼ ਚੀਕਦੇ ਹੋਏ ਉਨ੍ਹਾਂ ਦੇ ਸਿਰਾਂ ਦੇ ਉੱਤੋਂ ਦੀ ਲੰਘੇ। ਖ਼ਾਲਿਦ ਉਨ੍ਹਾਂ ਨੂੰ ਦੇਖ ਕੇ ਬਹੁਤ ਡਰ ਗਿਆ। ਉਹ ਪਿਛਲੇ ਤਿੰਨਾਂ ਚਾਰਾਂ ਦਿਨਾਂ ਤੋਂ ਉਨ੍ਹਾਂ ਜਹਾਜ਼ਾਂ ਦੇ ਲੰਘਣ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ, ਪਰ ਉਹ ਕਿਸੇ ਨਤੀਜੇ ’ਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਉਹ ਜਹਾਜ਼ ਸਾਰਾ ਦਿਨ ਧੁੱਪ ’ਚ ਚੱਕਰ ਕਿਉਂ ਕੱਟਦੇ ਰਹਿੰਦੇ ਨੇ?
ਉਹ ਅੰਤ ’ਚ ਉਨ੍ਹਾਂ ਦੇ ਰੋਜ਼ ਆਉਣ ਤੋਂ ਤੰਗ ਪੈ ਕੇ ਕਹਿਣ ਲੱਗਿਆ, ‘‘ਅੱਬਾ ਜੀ, ਮੈਨੂੰ ਇਨ੍ਹਾਂ ਜਹਾਜ਼ਾਂ ਤੋਂ ਏਨਾ ਡਰ ਕਿਉਂ ਲੱਗਦਾ ਏ? ਤੁਸੀਂ ਇਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕਿ ਉਹ ਸਾਡੇ ਘਰ ਦੇ ਉੱਤੋਂ ਦੀ ਨਾ ਉੱਡਿਆ ਕਰਨ।’’
‘‘ਡਰ…? ਕਿਤੇ ਤੂੰ ਸ਼ੁਦਾਈ ਤੇ ਨਹੀਂ ਹੋ ਗਿਆ ਏਂ ਖ਼ਾਲਿਦ?’’
‘‘ਅੱਬਾ ਜੀ, ਇਹ ਜਹਾਜ਼ ਬੜੇ ਡਰਾਉਂਦੇ ਨੇ। ਤੁਸੀਂ ਨਹੀਂ ਜਾਣਦੇ, ਇਹ ਕਿਸੇ ਨਾ ਕਿਸੇ ਦਿਨ ਸਾਡੇ ਘਰ ’ਤੇ ਗੋਲੇ ਸੁੱਟਣਗੇ। ਕੱਲ੍ਹ ਸਵੇਰੇ ਮਾਮਾ (ਨੌਕਰਾਣੀ), ਅੰਮੀਂ ਜਾਨ ਨੂੰ ਕਹਿ ਰਹੀ ਸੀ ਕਿ ਇਨ੍ਹਾਂ ਜਹਾਜ਼ ਵਾਲਿਆਂ ਕੋਲ ਬੜੇ ਗੋਲੇ ਨੇ। ਜੇ ਇਨ੍ਹਾਂ ਨੇ ਅਜਿਹੀ ਕੋਈ ਸ਼ਰਾਰਤ ਕੀਤੀ ਤਾਂ ਯਾਦ ਰੱਖਣ, ਮੇਰੇ ਕੋਲ ਵੀ ਇਕ ਬੰਦੂਕ ਏ, ਉਹੀ ਜਿਹੜੀ ਪਿਛਲੀ ਈਦ ਵਾਲੇ ਦਿਨ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ।’’
ਖ਼ਾਲਿਦ ਦੇ ਬਾਪ ਨੇ ਆਪਣੇ ਮੁੰਡੇ ਦੀ ਏਸ ਹੌਸਲੇ ਵਾਲੀ ਗੱਲ ’ਤੇ ਹੱਸ ਕੇ ਆਖਿਆ, ‘‘ਮਾਮਾ (ਨੌਕਰਾਣੀ) ਤਾਂ ਪਾਗਲ ਏ। … ਮੈਂ ਉਹਦੇ ਕੋਲੋਂ ਪਤਾ ਕਰਾਂਗਾ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਏ? ਤੂੰ ਵਿਸ਼ਵਾਸ ਕਰ, ਉਹ ਮੁੜ ਅਜਿਹੀਆਂ ਗੱਲਾਂ ਨਹੀਂ ਕਰੇਗੀ।’’
ਖ਼ਾਲਿਦ ਉੱਠ ਕੇ ਆਪਣੇ ਕਮਰੇ ’ਚ ਚਲਿਆ ਗਿਆ ਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲੱਗ ਪਿਆ ਤਾਂ ਜੋ ਓਸ ਦਿਨ ਜਿੱਦਣ ਹਵਾਈ ਜਹਾਜ਼ ਗੋਲੇ ਸੁੱਟਣ ਤਾਂ ਉਹਦਾ ਨਿਸ਼ਾਨਾ ਉੱਕ ਨਾ ਜਾਵੇ। ਤੇ ਉਹ ਚੰਗੀ ਤਰ੍ਹਾਂ ਬਦਲਾ ਲੈ ਸਕੇ- ਕਾਸ਼ ਇਹ ਬਦਲੇ ਦੀ ਭਾਵਨਾ ਹਰੇਕ ਬੰਦੇ ਨੂੰ ਵੰਡੀ ਜਾਵੇ।
ਏਸੇ ਸਮੇਂ ’ਚ ਜਦ ਉਹ ਬੱਚਾ ਬਦਲਾ ਲੈਣ ਦੀ ਸੋਚ ’ਚ ਡੁੱਬਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਟੀਚੇ ਬੰਨ੍ਹ ਰਿਹਾ ਸੀ, ਘਰ ਦੇ ਦੂਜੇ ਹਿੱਸੇ ਵਿਚ ਖ਼ਾਲਿਦ ਦਾ ਅੱਬਾ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਮਾਮਾ (ਨੌਕਰਾਣੀ) ਨੂੰ ਕਹਿ ਰਿਹਾ ਸੀ ਕਿ ਉਹ ਅੱਗੇ ਤੋਂ ਘਰ ਵਿਚ ਅਜਿਹੀ ਕੋਈ ਗੱਲ ਨਾ ਕਰੇ ਜਿਸ ਨਾਲ ਖ਼ਾਲਿਦ ਨੂੰ ਡਰ ਆਵੇ। ਮਾਮਾ (ਨੌਕਰਾਣੀ) ਤੇ ਪਤਨੀ ਨੂੰ ਅਜਿਹੀ ਤਾਕੀਦ ਕਰਕੇ ਉਹ ਅਜੇ ਬੂਹੇ ਦੇ ਬਾਹਰ ਜਾ ਈ ਰਹੇ ਸਨ ਕਿ ਨੌਕਰ ਇਕ ਭਿਆਨਕ ਖ਼ਬਰ ਲੈ ਕੇ ਆਇਆ ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਰੋਕਣ ’ਤੇ ਵੀ ਸ਼ਾਮ ਨੂੰ ਇਕ ਆਮ ਜਲਸਾ ਕਰਨ ਵਾਲੇ ਨੇ। ਡਰ ਏ ਕਿ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋ ਜਾਣੀ ਏ।
ਖ਼ਾਲਿਦ ਦਾ ਅੱਬਾ ਇਹ ਸੁਣ ਕੇ ਬਹੁਤ ਡਰ ਗਿਆ। ਹੁਣ ਉਹਨੂੰ ਵਿਸ਼ਵਾਸ ਹੋ ਗਿਆ ਕਿ ਮਾਹੌਲ ਦਾ ਅਸਾਧਾਰਨ ਤੌਰ ’ਤੇ ਸ਼ਾਂਤ ਹੋਣਾ, ਜਹਾਜ਼ਾਂ ਦੀਆਂ ਉਡਾਣਾਂ, ਬਾਜ਼ਾਰਾਂ ਵਿਚ ਹਥਿਆਰਾਂ ਨਾਲ ਪੁਲੀਸ ਦੀ ਗਸ਼ਤ, ਲੋਕਾਂ ਦੇ ਚਿਹਰਿਆਂ ’ਤੇ ਉਦਾਸੀ ਤੇ ਖ਼ੂਨੀ ਹਨੇਰੀਆਂ ਦਾ ਵਗਣਾ ਕਿਸੇ ਭਿਆਨਕ ਹਾਦਸੇ ਦੀਆਂ ਨਿਸ਼ਾਨੀਆਂ ਸਨ।
‘ਉਹ ਹਾਦਸਾ ਕਿਸ ਕਿਸਮ ਦਾ ਹੋਵੇਗਾ?’
ਇਹ ਖ਼ਾਲਿਦ ਦੇ ਅੱਬਾ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ, ਪਰ ਫੇਰ ਵੀ ਸਾਰਾ ਸ਼ਹਿਰ ਕਿਸੇ ਅਣਜਾਣੇ ਭੈਅ ਨਾਲ ਭਰਿਆ ਹੋਇਆ ਸੀ। ਸ਼ਹਿਰ ਜਾਣ ਦਾ ਖਿਆਲ ਛੱਡ ਕੇ ਖ਼ਾਲਿਦ ਦਾ ਅੱਬਾ ਕੱਪੜੇ ਵੀ ਬਦਲ ਨਹੀਂ ਸਕਿਆ ਸੀ ਕਿ ਜਹਾਜ਼ਾਂ ਦੀ ਆਵਾਜ਼ ਨੇ ਉਹਨੂੰ ਡਰਾ ਦਿੱਤਾ। ਉਹਨੂੰ ਇੰਜ ਲੱਗ ਰਿਹਾ ਸੀ, ਜਿਵੇਂ ਸੈਂਕੜੇ ਬੰਦੇ ਇਕੋ ਆਵਾਜ਼ ਵਿਚ ਸਖ਼ਤ ਦਰਦ ਨਾਲ ਚੀਕ ਰਹੇ ਨੇ।
ਖ਼ਾਲਿਦ ਜਹਾਜ਼ਾਂ ਦਾ ਰੌਲਾ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਵਿਚੋਂ ਦੌੜ ਕੇ ਬਾਹਰ ਆਇਆ ਤੇ ਜਹਾਜ਼ਾਂ ਨੂੰ ਗਹੁ ਨਾਲ ਦੇਖਣ ਲੱਗ ਪਿਆ ਤਾਂ ਜੋ ਉਹ ਜਦੋਂ ਗੋਲਾ ਮਾਰਨ ਲੱਗਣ ਤਾਂ ਉਹ ਆਪਣੀ ਹਵਾਈ ਬੰਦੂਕ ਨਾਲ ਗੋਲੀ ਮਾਰ ਕੇ ਉਨ੍ਹਾਂ ਨੂੰ ਹੇਠਾਂ ਸੁੱਟ ਲਵੇ।
ਏਸ ਵੇਲੇ ਓਸ ਸੱਤਾਂ ਸਾਲਾਂ ਦੇ ਬੱਚੇ ਦੇ ਚਿਹਰੇ ’ਤੇ ਮਜ਼ਬੂਤ ਇਰਾਦੇ ਜ਼ਾਹਰ ਹੋ ਰਹੇ ਸਨ। ਉਹ ਖਿਡੌਣਾ ਬੰਦੂਕ ਨੂੰ ਹੱਥਾਂ ਵਿਚ ਫੜ ਕੇ ਬਹਾਦਰ ਸਿਪਾਹੀ ਤੋਂ ਵੀ ਵਧੀਆ ਤਰੀਕੇ ਨਾਲ ਖੜ੍ਹਾ ਸੀ। ਇੰਜ ਲੱਗਦਾ ਸੀ ਜਿਵੇਂ ਜਿਹੜੀ ਚੀਜ਼ ਬੜੇ ਚਿਰ ਤੋਂ ਉਹਨੂੰ ਡਰਾ ਰਹੀ ਸੀ, ਉਹਨੂੰ ਉਹ ਖ਼ਤਮ ਕਰਨ ’ਤੇ ਅੜਿਆ ਖੜ੍ਹਾ ਸੀ।
ਖ਼ਾਲਿਦ ਦੇ ਦੇਖਦਿਆਂ ਦੇਖਦਿਆਂ ਇਕ ਜਹਾਜ਼ ਵਿਚੋਂ ਕੋਈ ਚੀਜ਼ ਡਿੱਗੀ ਜਿਹੜੀ ਕਾਗਜ਼ ਦੇ ਟੁਕੜਿਆਂ ਵਰਗੀ ਸੀ। ਉਹਦੇ ਡਿੱਗਦਿਆਂ ਈ ਉਹਦੇ ਟੁਕੜੇ ਹਵਾ ਵਿਚ ਪਤੰਗਾਂ ਵਾਂਗ ਉੱਡਣ ਲੱਗੇ। ਉਨ੍ਹਾਂ ਵਿਚੋਂ ਕੁਝ ਟੁਕੜੇ ਖ਼ਾਲਿਦ ਦੇ ਘਰ ਦੀ ਛੱਤ ’ਤੇ ਵੀ ਡਿੱਗੇ।
ਖ਼ਾਲਿਦ ਭੱਜਦਾ ਹੋਇਆ ਛੱਤ ’ਤੇ ਗਿਆ ਤੇ ਉਹ ਟੁਕੜੇ ਚੁੱਕ ਕੇ ਹੇਠਾਂ ਆਪਣੇ ਅੱਬਾ ਕੋਲ ਆ ਗਿਆ। ਬੋਲਿਆ, ‘‘ਅੱਬਾ ਜੀ, ਮਾਮਾ (ਨੌਕਰਾਣੀ) ਸੱਚੀਂ-ਮੁੱਚੀਂ ਝੂਠ ਬੋਲ ਰਹੀ ਸੀ। ਜਹਾਜ਼ਾਂ ਨੇ ਤਾਂ ਗੋਲਿਆਂ ਦੀ ਥਾਂ ਇਹ ਕਾਗਜ਼ ਸੁੱਟੇ ਨੇ।’’
ਖ਼ਾਲਿਦ ਦੇ ਅੱਬਾ ਨੇ ਉਹ ਕਾਗਜ਼ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਦਾ ਰੰਗ ਪੀਲਾ ਪੈ ਗਿਆ। ਹੋਣ ਵਾਲੀ ਦੁਰਘਟਨਾ ਦੀ ਤਸਵੀਰ ਹੁਣ ਉਹਦੇ ਸਾਹਮਣੇ ਸਪਸ਼ਟ ਹੋਣ ਲੱਗੀ ਸੀ।
ਓਸ ਇਸ਼ਤਿਹਾਰ ’ਚ ਕਿਹਾ ਗਿਆ ਸੀ ਕਿ ਬਾਦਸ਼ਾਹ ਕੋਈ ਜਲਸਾ ਕਰਨ ਦੀ ਆਗਿਆ ਨਹੀਂ ਦੇਂਦਾ। ਜੇ ਕੋਈ ਉਹਦੀ ਮਰਜ਼ੀ ਦੇ ਵਿਰੁੱਧ ਜਲਸਾ ਕਰੇਗਾ ਤਾਂ ਉਹਦੇ ਨਤੀਜੇ ਦੀ ਜ਼ਿੰਮੇਵਾਰੀ ਆਪ ਜਨਤਾ ਨੂੰ ਭੁਗਤਣੀ ਪਵੇਗੀ।
ਆਪਣੇ ਅੱਬਾ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਏਸ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਦੇਖ ਕੇ ਖ਼ਾਲਿਦ ਨੇ ਘਬਰਾ ਕੇ ਪੁੱਛਿਆ, ‘‘ਏਸ ਕਾਗਜ਼ ’ਤੇ ਇਹ ਤੇ ਨਹੀਂ ਲਿਖਿਆ ਕਿ ਉਹ ਸਾਡੇ ਘਰ ’ਤੇ ਗੋਲੇ ਸੁੱਟਣਗੇ?’’
‘‘ਖ਼ਾਲਿਦ, ਏਸ ਵੇਲੇ ਤੂੰ ਜਾਹ, ਜਾ ਆਪਣੀ ਬੰਦੂਕ ਨਾਲ ਖੇਡ।’’
‘‘ਪਰ ਏਸ ਕਾਗਜ਼ ’ਤੇ ਲਿਖਿਆ ਕੀ ਏ?’’
‘‘ਲਿਖਿਆ ਏ ਕਿ ਅੱਜ ਸ਼ਾਮ ਨੂੰ ਇਕ ਤਮਾਸ਼ਾ ਹੋਵੇਗਾ।’’ ਖ਼ਾਲਿਦ ਦੇ ਅੱਬਾ ਨੇ ਗੱਲ ਨੂੰ ਅੱਗੇ ਵਧਣ ਦੇ ਡਰ ਤੋਂ ਝੂਠ ਬੋਲਦਿਆਂ ਕਹਿ ਦਿੱਤਾ ਸੀ।
‘‘ਤਮਾਸ਼ਾ ਹੋਵੇਗਾ… ਫੇਰ ਤਾਂ ਅਸਾਂ ਵੀ ਦੇਖਾਂਗੇ ਨਾ।’’
‘‘ਕੀ ਆਖਿਆ?’’
‘‘ਏਸ ਤਮਾਸ਼ੇ ’ਚ ਤੁਸੀਂ ਮੈਨੂੰ ਨਹੀਂ ਲੈ ਕੇ ਜਾਵੋਗੇ?’’
‘‘ਲੈ ਚੱਲਾਂਗੇ, ਪਰ ਏਸੇ ਵੇਲੇ ਤੂੰ ਕਿਤੇ ਜਾ ਕੇ ਖੇਡ।’’
‘‘ਕਿੱਥੇ ਖੇਡਾਂ? … ਬਾਜ਼ਾਰ ਤੁਸੀਂ ਜਾਣ ਨਹੀਂ ਦੇਂਦੇ, ਮਾਮਾ ਮੇਰੇ ਨਾਲ ਖੇਡਦੀ ਨਹੀਂ… ਮੇਰਾ ਦੋਸਤ ਤੁਫੈਲ ਵੀ ਤਾਂ ਅੱਜਕੱਲ੍ਹ ਏਥੇ ਨਹੀਂ ਆਉਂਦਾ… ਫੇਰ ਦੱਸੋ ਮੈਂ ਕੀਹਦੇ ਨਾਲ ਖੇਡਾਂ… ਸ਼ਾਮ ਵੇਲੇ ਤਮਾਸ਼ਾ ਦੇਖਣ ਜਾਵਾਂਗੇ ਨਾ?’’
ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਖ਼ਾਲਿਦ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਵੱਖ ਵੱਖ ਕਮਰਿਆਂ ’ਚ ਆਵਾਰਾ ਫਿਰਦਾ ਫਿਰਾਂਦਾ ਹੋਇਆ ਆਪਣੇ ਅੱਬਾ ਦੀ ਬੈਠਕ ’ਚ ਚਲਿਆ ਗਿਆ ਜਿਸ ਦੀਆਂ ਖਿੜਕੀਆਂ ਬਾਜ਼ਾਰ ਵੱਲ ਖੁੱਲ੍ਹਦੀਆਂ ਸਨ।
ਖਿੜਕੀ ਦੇ ਨੇੜੇ ਬਹਿ ਕੇ ਉਹ ਬਾਜ਼ਾਰ ਵੱਲ ਦੇਖਣ ਲੱਗ ਪਿਆ।
ਕੀ ਦੇਖਦਾ ਏ ਕਿ ਇਹ ਦੁਕਾਨਾਂ ਤਾਂ ਬੰਦ ਨੇ, ਪਰ ਲੋਕਾਂ ਦਾ ਆਉਣਾ ਜਾਣਾ ਜਾਰੀ ਏ। ਲੋਕ ਜਲਸੇ ’ਚ ਸ਼ਾਮਲ ਹੋਣ ਲਈ ਜਾ ਰਹੇ ਨੇ। ਉਹ ਬਹੁਤ ਹੈਰਾਨ ਸੀ ਕਿ ਦੁਕਾਨਾਂ ਕਿਉਂ ਬੰਦ ਨੇ! ਏਸ ਮਸਲੇ ਨੂੰ ਸਮਝਣ ਲਈ ਉਹਨੇ ਆਪਣੇ ਨਿੱਕੇ ਜਿਹੇ ਦਿਮਾਗ਼ ’ਤੇ ਬਹੁਤ ਜ਼ੋਰ ਪਾਇਆ, ਪਰ ਕੋਈ ਨਤੀਜਾ ਨਾ ਕੱਢ ਸਕਿਆ। ਬਹੁਤ ਸੋਚਾਂ ਦੇ ਬਾਅਦ ਉਹਨੇ ਇਹ ਸੋਚਿਆ ਕਿ ਲੋਕਾਂ ਨੇ ਓਸ ਤਮਾਸ਼ੇ, ਜਿਸ ਦੇ ਇਸ਼ਤਿਹਾਰ ਜਹਾਜ਼ ਵੰਡ ਰਹੇ ਸਨ, ਨੂੰ ਦੇਖਣ ਲਈ ਹੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਨੇ। ਹੁਣ ਏਸ ਖਿਆਲ ਨੇ ਖ਼ਾਲਿਦ ਨੂੰ ਬੇਚੈਨ ਕਰ ਦਿੱਤਾ ਕਿ ਫੇਰ ਤਾਂ ਉਹ ਤਮਾਸ਼ਾ ਬਹੁਤ ਹੀ ਦਿਲਚਸਪ ਤੇ ਸ਼ਾਨਦਾਰ ਹੋਵੇਗਾ ਜਿਸ ਲਈ ਸਾਰੇ ਬਾਜ਼ਾਰ ਬੰਦ ਨੇ। ਉਹ ਓਸ ਸਮੇਂ ਦੀ ਬੇਚੈਨੀ ਨਾਲ ਉਡੀਕ ਕਰਨ ਲੱਗਿਆ, ਜਦੋਂ ਉਹਦਾ ਅੱਬਾ ਉਹ ਤਮਾਸ਼ਾ ਵਿਖਾਉਣ ਲੈ ਕੇ ਜਾਵੇਗਾ।
ਸਮਾਂ ਲੰਘਦਾ ਗਿਆ। ਉਹ ਖ਼ੂਨੀ ਘੜੀ ਵੀ ਨੇੜੇ ਆਉਂਦੀ ਗਈ।
ਤੀਜੇ ਪਹਿਰ ਦਾ ਸਮਾਂ ਸੀ। ਖ਼ਾਲਿਦ, ਉਹਦਾ ਬਾਪ ਤੇ ਅੰਮਾ, ਤਿੰਨੇ ਵਿਹੜੇ ਵਿਚ ਚੁੱਪ ਬੈਠੇ ਇਕ ਦੂਜੇ ਵੱਲ ਦੇਖ ਰਹੇ ਸਨ। ਹਵਾ ਸਿਸਕਦੀ ਹੋਈ ਚੱਲ ਰਹੀ ਸੀ।
ਤੜ, ਤੜ, ਤੜ। ਤੜ, ਤੜ, ਤੜ- ਇਹ ਆਵਾਜ਼ ਸੁਣਦਿਆਂ ਈ ਖ਼ਾਲਿਦ ਦੇ ਅੱਬਾ ਦੇ ਚਿਹਰੇ ਦਾ ਰੰਗ ਚਿੱਟਾ ਹੋ ਗਿਆ।
ਉਹ ਔਖਿਆਈ ਨਾਲ ਏਨਾ ਹੀ ਕਹਿ ਸਕਿਆ, ‘‘ਗੋਲੀ!’’…
ਖ਼ਾਲਿਦ ਦੀ ਮਾਂ ਡਰ ਨਾਲ ਇਕ ਸ਼ਬਦ ਵੀ ਨਾ ਬੋਲ ਸਕੀ। ਗੋਲੀ ਦਾ ਸ਼ਬਦ ਸੁਣਦਿਆਂ ਈ ਉਹਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਉਹਦੀ ਆਪਣੀ ਛਾਤੀ ਵਿਚ ਗੋਲੀ ਲੱਗ ਕੇ ਅੰਦਰ ਵੜ ਗਈ ਹੋਵੇ। ਖ਼ਾਲਿਦ ਓਸ ਆਵਾਜ਼ ਨੂੰ ਸੁਣਦੇ ਸਾਰ ਆਪਣੇ ਅੱਬਾ ਦੀ ਉਂਗਲ ਫੜ ਕੇ ਕਹਿਣ ਲੱਗਿਆ, ‘‘ਅੱਬਾ ਜੀ, ਚਲੋ, ਤਮਾਸ਼ਾ ਤਾਂ ਸ਼ੁਰੂ ਹੋ ਗਿਆ ਏ।’’
‘‘ਕਿਹੜਾ ਤਮਾਸ਼ਾ?’’ ਖ਼ਾਲਿਦ ਦੇ ਅੱਬਾ ਨੇ ਆਪਣਾ ਡਰ ਲੁਕਾਉਂਦਿਆਂ ਕਿਹਾ।
‘‘ਉਹੀ ਤਮਾਸ਼ਾ, ਜਿਸ ਦੇ ਇਸ਼ਤਿਹਾਰ ਅੱਜ ਸਵੇਰੇ ਹਵਾਈ ਜਹਾਜ਼ ਨੇ ਸੁੱਟੇ ਸਨ। … ਖੇਡ ਸ਼ੁਰੂ ਹੋ ਗਈ ਏ, ਤਦੇ ਤਾਂ ਏਨੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ।’’ ‘‘ਹਾਲੇ ਵਕਤ ਕਾਫ਼ੀ ਬਾਕੀ ਏ… ਤੂੰ ਬਹੁਤਾ ਰੌਲਾ ਨਾ ਪਾ… ਜਾ ਮਾਮਾ ਕੋਲ ਜਾ।’’
ਖ਼ਾਲਿਦ ਇਹ ਸੁਣਦੇ ਸਾਰ ਰਸੋਈ ਵੱਲ ਚਲਿਆ ਗਿਆ। ਪਰ ਉੱਥੇ ਮਾਮਾ ਨਹੀਂ ਸੀ। ਉਹ ਫੇਰ ਆਪਣੇ ਅੱਬਾ ਵਾਲੇ ਕਮਰੇ ’ਚ ਚਲਿਆ ਗਿਆ ਤੇ ਖਿੜਕੀ ਵਿਚੀਂ ਬਾਜ਼ਾਰ ਵੱਲ ਵੇਖਣ ਲੱਗ ਪਿਆ।
ਬਾਜ਼ਾਰ ਆਵਾਜਾਈ ਬੰਦ ਹੋਣ ਕਰਕੇ ਸਾਂ-ਸਾਂ ਕਰ ਰਹੇ ਹਨ। ਕੁੱਤੇ ਦੂਰ ਦੂਰ ਖਲੋਤੇ ਰੋ ਰਹੇ ਹਨ। ਉਨ੍ਹਾਂ ਦੀ ਦਰਦਨਾਕ ਆਵਾਜ਼ ’ਚ ਜਿਵੇਂ ਬੰਦਿਆਂ ਦੀ ਚੀਕਾਂ ਵੀ ਸ਼ਾਮਲ ਹੋ ਗਈਆਂ ਸਨ।
ਖ਼ਾਲਿਦ ਉਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਉਸ ਆਵਾਜ਼ ਦੀ ਪਛਾਣ ਕਰ ਈ ਰਿਹਾ ਸੀ ਕਿ ਚੌਕ ਵਿਚ ਉਹਨੂੰ ਇਕ ਮੁੰਡਾ ਦਿਸਿਆ ਜਿਹੜਾ ਰੋਂਦਾ ਚੀਕਦਾ ਜਾ ਰਿਹਾ ਸੀ।
ਖ਼ਾਲਿਦ ਦੇ ਘਰ ਦੇ ਐਨ ਨੇੜੇ ਸਾਹਮਣੇ ਉਹ ਮੁੰਡਾ ਡਿੱਗਦਾ ਢਹਿੰਦਾ ਡਿੱਗ ਈ ਪਿਆ ਤੇ ਡਿੱਗਦਾ ਈ ਬੇਹੋਸ਼ ਹੋ ਗਿਆ। ਉਹਦੀ ਪਿੰਨੀ ’ਤੇ ਡੂੰਘਾ ਜ਼ਖ਼ਮ ਸੀ ਜਿਸ ਵਿਚੋਂ ਲਹੂ ਦਾ ਫੁਹਾਰਾ ਵਗ ਰਿਹਾ ਸੀ।
ਖ਼ਾਲਿਦ ਇਹ ਦ੍ਰਿਸ਼ ਦੇਖ ਕੇ ਬਹੁਤ ਡਰ ਗਿਆ। ਉਹ ਭੱਜਦਾ ਹੋਇਆ ਆਪਣੇ ਅੱਬਾ ਕੋਲ ਗਿਆ ਤੇ ਕਹਿਣ ਲੱਗਿਆ, ‘‘ਅੱਬਾ ਜੀ, ਅੱਬਾ ਜੀ, ਬਾਜ਼ਾਰ ’ਚ ਇਕ ਮੁੰਡਾ ਡਿੱਗਿਆ ਪਿਆ ਏ। ਉਹਦੀ ਇਕ ਲੱਤ ਵਿਚੋਂ ਲਹੂ ਵਗ ਰਿਹਾ ਏ।’’
ਖ਼ਾਲਿਦ ਦਾ ਅੱਬਾ ਇਹ ਸੁਣਦਿਆਂ ਈ ਖਿੜਕੀ ਵੱਲ ਗਿਆ ਤੇ ਉਹਨੇ ਦੇਖਿਆ ਕਿ ਇਕ ਨੌਜਵਾਨ ਮੁੰਡਾ ਬਾਜ਼ਾਰ ਵਿਚ ਮੂਧੇ-ਮੂੰਹ ਪਿਆ ਏ।
ਬਾਦਸ਼ਾਹ ਦੇ ਡਰ ਤੋਂ ਕਿਸੇ ਵਿਚ ਏਨੀ ਹਿੰਮਤ ਨਹੀਂ ਸੀ ਕਿ ਉਸ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਦੁਕਾਨ ਦੇ ਥੜ੍ਹੇ ’ਤੇ ਪਾ ਦੇਵੇ।
ਏਸ ਰੌਲੇ ਨੂੰ ਜਾਣਦਿਆਂ ਹੋਇਆਂ ਬਾਦਸ਼ਾਹ ਦੀ ਸਰਕਾਰ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਲੋਹੇ ਦੀਆਂ ਗੱਡੀਆਂ ਲਾਈਆਂ ਹੋਈਆਂ ਸਨ। ਪਰ ਓਸ ਮਾਸੂਮ ਬੱਚੇ ਦੀ ਲਾਸ਼, ਜਿਹੜੇ ਉਨ੍ਹਾਂ ਦੇ ਈ ਜ਼ੁਲਮ ਦਾ ਨਤੀਜਾ ਸੀ, ਉਹ ਨਿੱਕਾ ਜਿਹਾ ਬੂਟਾ, ਜਿਹੜਾ ਉਨ੍ਹਾਂ ਦੇ ਈ ਹੱਥਾਂ ਤੋਂ ਲਾਇਆ ਗਿਆ ਸੀ, ਉਨ੍ਹਾਂ ਦੇ ਹੱਥਾਂ ਤੋਂ ਈ ਮਿੱਧਿਆ ਗਿਆ ਸੀ। ਉਹ ਕਰੂੰਬਲ, ਜਿਹੜੀ ਖਿੜਨ ਤੋਂ ਪਹਿਲਾਂ ਈ ਉਨ੍ਹਾਂ ਦੀ ਜ਼ਹਿਰੀਲੀ ਹਵਾ ਨਾਲ ਝੁਲਸੀ ਗਈ ਸੀ। ਉਹ ਕਿਸੇ ਦੇ ਦਿਲ ਦਾ ਸੁਖ ਸੀ, ਜਿਹੜਾ ਉਨ੍ਹਾਂ ਦੇ ਅੱਤਿਆਚਾਰੀ ਠੰਢੇ ਹੱਥਾਂ ਨੇ ਖੋਹ ਲਿਆ ਸੀ। ਉਹ ਹੁਣ ਉਨ੍ਹਾਂ ਦੀ ਹੀ ਬਣਾਈ ਸੜਕ ’ਤੇ ਲਾਵਾਰਸ ਪਿਆ ਸੀ। … ਆਹ, ਮੌਤ ਭਿਆਨਕ ਏ, ਪਰ ਅੱਤਿਆਚਾਰ ਉਸ ਤੋਂ ਵੀ ਵੱਧ ਭਿਆਨਕ ਤੇ ਡਰਾਉਣਾ ਏ।
‘‘ਅੱਬਾ, ਏਸ ਮੁੰਡੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਏ?’’
ਖ਼ਾਲਿਦ ਦਾ ਅੱਬਾ ਹਾਂ ’ਚ ਸਿਰ ਹਿਲਾਉਂਦਾ ਹੋਇਆ ਕਮਰੇ ਵਿਚੋਂ ਬਾਹਰ ਚਲਿਆ ਗਿਆ।
ਜਦੋਂ ਖ਼ਾਲਿਦ ਕਮਰੇ ’ਚ ’ਕੱਲਾ ਰਹਿ ਗਿਆ ਤਾਂ ਸੋਚਣ ਲੱਗਿਆ ਕਿ ਓਸ ਮੁੰਡੇ ਨੂੰ ਏਨੇ ਵੱਡੇ ਜ਼ਖ਼ਮ ਨਾਲ ਕਿੰਨੀ ਤਕਲੀਫ਼ ਹੋਈ ਹੋਵੇਗੀ? ਜਦੋਂ ਕਦੇ ਉਹਨੂੰ ਇਕ ਵਾਰ ਚਾਕੂ ਦੀ ਨੋਕ ਚੁਭਣ ਨਾਲ ਕਿੰਨੀ ਤਕਲੀਫ਼ ਹੋਈ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਉਹਦਾ ਅੱਬਾ ਤੇ ਅੰਮੀ ਸਾਰੀ ਰਾਤ ਉਹਦੇ ਸਿਰਹਾਣੇ ਬੈਠੇ ਰਹੇ ਸਨ। … ਏਸ ਖਿਆਲ ਦੇ ਆਉਂਦਿਆਂ ਈ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਜ਼ਖ਼ਮ ਉਹਨੂੰ ਉਹਦੀ ਪਿੰਨੀ ’ਤੇ ਲੱਗਿਆ ਏ। ਤੇ ਉਹਦੇ ਵਿਚ ਸਖ਼ਤ ਦਰਦ ਹੋ ਰਿਹਾ ਏ। ਉਹ ਇਕਦਮ ਰੋਣ ਲੱਗ ਪਿਆ।
ਖ਼ਾਲਿਦ ਦੇ ਰੋਣ ਦੀ ਆਵਾਜ਼ ਸੁਣ ਕੇ ਉਹਦੀ ਅੰਮੀ ਭੱਜਦੀ ਹੋਈ ਆਈ ਤੇ ਉਹਨੂੰ ਗੋਦੀ ’ਚ ਲੈ ਕੇ ਪੁੱਛਣ ਲੱਗੀ, ‘‘ਮੇਰੇ ਬੱਚੇ, ਰੋ ਕਿਉਂ ਰਿਹਾ ਏਂ?’’
‘‘ਉਸ ਮੁੰਡੇ ਨੂੰ ਕਿਸੇ ਨੇ ਕੁੱਟਿਆ ਮਾਰਿਆ ਏ।’’
‘‘ਉਹਨੇ ਕੋਈ ਸ਼ਰਾਰਤ ਕੀਤੀ ਹੋਵੇਗੀ…।’’ ਖ਼ਾਲਿਦ ਦੀ ਅੰਮੀ ਆਪਣੇ ਘਰ ਵਾਲੇ ਤੋਂ ਓਸ ਮੁੰਡੇ ਦੇ ਜ਼ਖ਼ਮੀ ਹੋਣ ਦੀ ਕਹਾਣੀ ਸੁਣ ਚੁੱਕੀ ਸੀ।
‘‘ਪਰ ਸਕੂਲ ’ਚ ਤਾਂ ਸ਼ਰਾਰਤ ਕਰਨ ’ਤੇ ਪਤਲੇ ਡੰਡੇ ਨਾਲ ਮਾਰਿਆ ਜਾਂਦਾ ਏ। ਲਹੂ ਤਾਂ ਨਹੀਂ ਕੱਢਦੇ।’’ ਖ਼ਾਲਿਦ ਨੇ ਰੋਂਦਿਆਂ ਆਪਣੀ ਮਾਂ ਨੂੰ ਕਿਹਾ।
‘‘ਤਾਂ ਫੇਰ ਕੀ ਓਸ ਮੁੰਡੇ ਦਾ ਬਾਪ ਸਕੂਲ ਜਾ ਕੇ ਉਹਦੇ ਮਾਸਟਰ ਸਾਹਿਬ ਨਾਲ ਗੁੱਸੇ ਨਹੀਂ ਹੋਇਆ ਹੋਵੇਗਾ ਜਿਸ ਨੇ ਓਸ ਮੁੰਡੇ ਨੂੰ ਏਨਾ ਮਾਰਿਆ ਏ… ਇਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਲਾਲ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੈੱਡਮਾਸਟਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ।’’
‘‘ਓਸ ਮੁੰਡੇ ਦਾ ਮਾਸਟਰ ਬਹੁਤ ਵੱਡਾ ਆਦਮੀ ਏ।’’
‘‘ਅੱਲਾ ਮੀਆਂ ਤੋਂ ਵੀ ਵੱਡਾ?’’
‘‘ਨਹੀਂ, ਉਨ੍ਹਾਂ ਤੋਂ ਛੋਟਾ ਏ।’’
‘‘ਤਾਂ ਫੇਰ ਕੀ ਉਹ ਅੱਲਾ ਮੀਆਂ ਕੋਲ ਸ਼ਿਕਾਇਤ ਕਰੇਗਾ?’’
‘‘ਖ਼ਾਲਿਦ, ਹੁਣ ਦੇਰ ਹੋ ਰਹੀ ਏ, ਚੱਲ ਹੁਣ ਸੌਂ ਜਾਈਏ।’’
‘ਅੱਲਾ ਮੀਆਂ ਮੈਂ ਦੁਆ ਕਰਦਾ ਹਾਂ ਕਿ ਤੂੰ ਓਸ ਮਾਸਟਰ ਨੂੰ, ਜਿਸ ਨੇ ਓਸ ਮੁੰਡੇ ਨੂੰ ਕੁੱਟਿਆ ਏ, ਚੰਗੀ ਤਰ੍ਹਾਂ ਸਜ਼ਾ ਦੇਵੇਂ। ਤੇ ਓਸ ਪਤਲੀ ਸੋਟੀ ਨੂੰ ਖੋਹ ਲਵੇਂ ਜਿਸ ਨਾਲ ਕੁੱਟਣ ’ਤੇ ਉਹਦੇ ਖ਼ੂਨ ਨਿਕਲ ਆਇਆ ਏ। … ਮੈਂ ਪਹਾੜੇ ਯਾਦ ਨਹੀਂ ਕੀਤੇ, ਏਸ ਲਈ ਮੈਨੂੰ ਵੀ ਡਰ ਲੱਗਦਾ ਏ ਕਿਤੇ ਉਹ ਪਤਲੀ ਸੋਟੀ ਮੇਰੇ ਉੱਤੇ ਵਰਤਣ ਲਈ ਮਾਸਟਰ ਸਾਹਿਬ ਦੇ ਹੱਥ ਨਾ ਆ ਜਾਵੇ। … ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ…’ ਸੌਣ ਵੇਲੇ ਖ਼ਾਲਿਦ ਆਪਣੇ ਦਿਲ ’ਚ ਇਹ ਦੁਆ ਮੰਗ ਰਿਹਾ ਸੀ।

ਸਆਦਤ ਹਸਨ ਮੰਟੋ
(ਪੰਜਾਬੀ ਰੂਪ: ਪ੍ਰੇਮ ਪ੍ਰਕਾਸ਼)

ਘਰ ਸੁਖ ਵੱਸਿਆ ਬਾਹਰਿ ਸੁਖ ਪਾਇਆ

by Sandeep Kaur April 23, 2020

ਸਿਆਣੇ ਕਹਿੰਦੇ ਨੇ ਕਿ ਭਾਨ ਜੋੜਦੇ ਰਹੋ ਤਾਂ ਵੱਡੀ ਰਕਮ ਵੀ ਜੁੜ ਜਾਵੇਗੀ ,ਨਿੱਕੀਆਂ ਨਿੱਕੀਆਂ ਗੱਲਾਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ ,ਖੁਸ਼ ਹੋਣ ਲਈ ਕਿਸੇ ਵੱਡੀ ਗੱਲ ਦੇ ਵਾਪਰਨ ਦੀ ਉਡੀਕ ਵਿੱਚ ਦੁਖੀ ਮਨੁੱਖ ਖੁਸ਼ ਕਿਵੇ ਰਹਿ ਸਕਦਾ ਏ !
ਅੰਦਰੋ ਭਰਪੂਰ ਇਨਸਾਨ ਜੋ ਅਨਹਦ ਨਾਦ ਨਾਲ ਜੁੜ ਗਿਆ ਤਾਂ ਇਹ ਨਹੀ ਸੋਚਦਾ ਕਿ ਪਹਾੜ ਦੀ ਚੋਟੀ ਤੇ ਪਹੁੰਚ ਕੇ ਖੁਸ਼ ਹੋਵੇਗਾ, ਉਹ ਤਾਂ ਓਥੇ ਪਹੁੰਚਣ ਲਈ ਕੀਤੇ ਸਫਰ ਦੌਰਾਨ ਵੀ ਵਜਦ ਵਿੱਚ ਰਹੇਗਾ , ਨੱਚਦਾ ਗਾਉਂਦਾ ਈ ਜਾਵੇਗਾ ,ਆਪਣਾ ਸਫਰ ਤਾਂ ਸੁਹਾਵਣਾ ਕਰੇਗਾ ਈ , ਨਾਲ ਦੂਜਿਆਂ ਦੀ ਥਕਾਣ ਵੀ ਲਾਹ ਦੇਵੇਗਾ ।
ਖੁਦਾ ਦੇ ਰੰਗ ਵਿੱਚ ਰੰਗੇ ਮਨੁੱਖ ਨੇ ਇੱਕ ਦਿਨ ਬੈਂਗਣ ਲੱਗਾ ਤੱਕਿਆ ਬੂਟੇ ਨੂੰ, ਸਵੇਰ ਦੀ ਧੁੱਪ ਵਿੱਚ ਜੋ ਬੇਹੱਦ ਸੋਹਣਾ ਦਿਸ ਰਿਹਾ ਸੀ। ਨਿਰਮਲ ਰੂਹ ਇਨਸਾਨ ਹੱਥ ਜੋੜ ਕੇ ਵਜਦ ਵਿੱਚ ਆ ਗਿਆ , ਅੱਖਾਂ ਛਲ਼ਕ ਪਈਆਂ ਤੇ ਬੋਲਿਆ,”ਹੇ ਪ੍ਰਭੂ !ਤੁਸੀਂ ਬੈਂਗਣ ਦੇ ਰੂਪ ਵਿੱਚ ਕਿੰਨੇ ਸੋਹਣੇ ਲੱਗ ਰਹੇ ਓ, ਵਾਹ “
ਇੱਕ ਪ੍ਰੇਮ ਵਿੱਚ ਭਿੱਜੇ ਹਿਰਦੇ ਵਾਲੀ ਮੁਟਿਆਰ ਸਵੇਰੇ।ਸਵੇਰੇ ਖੂਹ ਤੋ ਪਾਣੀ ਭਰਨ ਗਈ ਜੋ ਘਰ ਦੇ ਨੇੜੇ ਸੀ , ਜਦ ਵੇਖਿਆ ਤਾਂ ਬਾਲਟੀ ਖਿੱਚਣ ਵਾਲੀ ਰੱਸੀ ਨੂੰ ਇਸ਼ਕ ਪੇਚੇ ਦੀ ਵੇਲ ਨੇ ਵਲ ਪਾਏ ਹੋਏ ਸਨ ਤੇ ਬੜੇ ਈ ਸੋਹਣੇ ਫੁੱਲ ਵੀ ਖਿੜ ਗਏ ਸਨ ਰਾਤੋ ਰਾਤ , ਵੇਖਕੇ ਮੁਟਿਆਰ ਦੀ ਤਾੜੀ ਲੱਗ ਗਈ , ਫਿਰ ਕਿਸੇ ਦੂਰ ਦੇ ਖੂਹ ਤੋ ਪਾਣੀ ਭਰ ਲਿਆਈ, ਰੱਸੀ ਨੂੰ ਲਿਪਟੀ ਵੇਲ ਨੂੰ ਲਾਹ ਕੇ ਵਗਾਹ ਮਾਰਨ ਦਾ ਹੀਆ ਨਾ ਕਰ ਸਕੀ ।
ਘਰ ਸੁਖ ਵੱਸਿਆ ਬਾਹਰਿ ਸੁਖ ਪਾਇਆ ।
ਤੇ ਘਰ ਵਾਲਾ ਸੁਖ ਸੰਗਮਰਮਰੀ ਇਮਾਰਤ ਦੇ ਅੰਦਰ ਲੱਗੀ ਮਖਮਲੀ ਸੇਜ ਤੇ ਪੈ ਕੇ ਈ ਨਸੀਬ ਹੋਵੇ , ਇਹ ਜਰੂਰੀ ਨਹੀਂ , ਓਹ ਘਰ ਤਾਂ ਇਹ ਸਰੀਰ ਏ, ਜਿਸ ਵਿੱਚ ਰਹਿਣ ਵਾਲੀ ਜੀਵ ਆਤਮਾ ਨੀਲੇ ਅਸਮਾਨ ਹੇਠਾਂ ਰਹਿ ਕੇ ਵੀ ਖੁਸ਼ ਰਹਿ ਸਕਦੀ ਏ, ਪੱਥਰਾਂ ਤੇ ਸੌ ਕੇ ਵੀ ਯਾਰੜੇ ਦੇ ਸੱਥਰ ਨੂੰ ਚੰਗਾ ਕਹਿ ਸਕਦੀ ਏ ।ਅਗਰ ਜਿਊਣ ਦਾ ਵੱਲ ਆ ਜਾਵੇ ਤਾਂ , ਖੁਦ ਨੂੰ ਪਿਆਰ ਕਰਨ ਵਾਲਾ ਮਨੁੱਖ ਦੂਜਿਆਂ ਲਈ ਵੀ ਪਿਆਰ ਨਾਲ ਭਰਪੂਰ ਰਹਿ ਸਕਦਾ ਏ, ਦੁੱਖ ਵਿੱਚ ਸੁੱਖ ਮਨਾ ਸਕਦਾ ਏ ।ਛੋਟੀਆਂ ਛੋਟੀਆਂ ਗੱਲਾਂ ਤੋ ਖੁਸ਼ੀ ਇਕੱਠੀ ਕਰ ਸਕਦਾ ਏ ।ਹਰ ਹਾਲ ਖੁਸ਼ ਰਹਿ ਸਕਦਾ ਏ ।

ਆਪਣਾ ਆਪ ਸਾੜ ਲੈਂਦਾ

by Sandeep Kaur April 22, 2020

ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਇਹ ਟਮਾਟਰ ਬਿਨਾ ਕਿਸੇ ਨੂੰ ਦਿਖਾਏ ਪੌਲੀਥੀਨ ਦੇ ਲਿਫ਼ਾਫ਼ਿਆਂ ਚ ਪਾ ਲਵੋ ਤੇ ਆਪਣੇ ਸਕੂਲ ਬੈਗ ਵਿੱਚ ਰੱਖ ਲਵੋ, ਪਰ ਯਾਦ ਰਹੇ, ਜਦ ਤੱਕ ਮੈ ਨਾ ਕਹਾਂ, ਸੁੱਟਣੇ ਨਹੀਂ।ਸਭ ਵਿਦਿਆਰਥੀਆਂ ਨੇ ਹੱਸਦੇ ਹੱਸਦੇ ਇਵੇਂ ਈ ਕੀਤਾ ਪਰ ਕਈ ਦਿਨ ਲੰਘਣ ਤੋ ਬਾਅਦ ਵੀ ਅਧਿਆਪਕ ਨੇ ਟਮਾਟਰ ਸੁੱਟਣ ਬਾਰੇ ਨਾ ਕਿਹਾ, ਨਤੀਜਾ ਕੀ ਹੋਇਆ ਕਿ ਟਮਾਟਰ ਗਲ਼ ਗਿਆ , ਪਾਣੀ ਬਣ ਗਿਆ ਤੇ ਬਦਬੂ ਦੇਣ ਲੱਗਾ , ਜਦ ਵਿਦਿਆਰਥੀ ਰੋਣ ਹਾਕੇ ਹੋ ਗਏ ਤਾਂ ਅਧਿਆਪਕ ਨੇ ਸਭ ਨੂੰ ਬੁਲਾਇਆ ਤੇ ਲਿਫ਼ਾਫ਼ੇ ਕੱਢਣ ਨੂੰ ਕਿਹਾ, ਜਦ ਲਿਫ਼ਾਫ਼ੇ ਖੋਲ੍ਹੇ ਤਾਂ ਸਭ ਪਾਸੇ ਸੜ੍ਹਾਂਦ ਫੈਲ ਗਈ , ਸਭ ਨੇ ਨੱਕ ਤੇ ਰੁਮਾਲ ਰੱਖ ਲਏ , ਜਦ ਦਮ ਘੱਟਣ ਲੱਗਾ ਤਾਂ ਅਧਿਆਪਕ ਨੇ ਸਭ ਨੂੰ ਉਹ ਗਲ਼ੇ ਹੋਏ ਟਮਾਟਰ ਕੂੜਾਦਾਨ ਚ ਸੁੱਟ ਦੇਣ ਲਈ ਕਿਹਾ ।ਹੱਥ ਸਾਫ ਕਰਨ ਤੋ ਬਾਅਦ ਅਧਿਆਪਕ ਨੇ ਸਵਾਲ ਕੀਤਾ ਕਿ ਕੀ ਤੁਸੀਂ ਟਮਾਟਰ ਈ ਸੁੱਟੇ ਨੇ ਜਾਂ ਉਸ ਇਨਸਾਨ ਪ੍ਰਤੀ ਆਪਣੀ ਨਫ਼ਰਤ ਵੀ ਸੁੱਟ ਦਿੱਤੀ ਏ , ਜਿਸਦਾ ਉਹਨਾਂ ਤੇ ਨਾਮ ਲਿਖਿਆ ਸੀ ? ਸਭ ਨੇ ਜਵਾਬ ਕਿ ਨਹੀਂ । ਇਸਤੇ ਅਧਿਆਪਕ ਨੇ ਸਮਝਾਇਆ ਕਿ ਜੇਕਰ ਬਸਤੇ ਅੰਦਰ ਰੱਖਿਆ ਟਮਾਟਰ ਬਦਬੂ ਮਾਰ ਸਕਦਾ ਏ ਤਾਂ ਸੋਚੋ ਕਿ ਸਾਡੇ ਨਾਜ਼ਕ ਹਿਰਦੇ ਦਾ ਕੀ ਹਾਲ ਹੁੰਦਾ ਹੋਵੇਗਾ ਜਿਸ ਵਿੱਚ ਅਸੀਂ ਈਰਖਾ, ਨਫ਼ਰਤ , ਗ਼ੁੱਸਾ,ਸਾੜਾ, ਬੁਰੀਆਂ ਯਾਦਾਂ ਹਮੇਸ਼ਾਂ ਈ ਨਾਲ ਚੁੱਕੀ ਦੁਨੀਆਂ ਵਿੱਚ ਵਿਚਰਦੇ ਹਾਂ ?
ਸਾਡੀ ਸੋਚ ਈ ਸਾਡਾ ਸੰਸਾਰ ਸਿਰਜਦੀ ਏ ਤੇ ਸਾਡੀ ਚੰਗੀ ਜਾਂ ਬੁਰੀ ਸੋਚ ਸਾਡੇ ਚਿਹਰੇ ਮੋਹਰੇ, ਕਾਰ ਵਿਹਾਰ ਚੋ ਝਲਕਦੀ ਏ । ਜਿਵੇਂ ਵਾਲ ਵਾਹੁਨੇ ਹਾਂ, ਵਿਹੜਾ ਸੁੰਵਰਦੇ ਹਾਂ, ਜਾਂ ਕੱਪੜੇ ਧੋਂਦੇ ਆਂ,ਉਵੇਂ ਈ ਇਸ ਹਿਰਦੇ ਦੀ ਸਫਾਈ ਵੀ ਹਰ ਰੋਜ ਨਾਲ ਦੀ ਨਾਲ ਈ ਕਰ ਲੈਣੀ ਬਣਦੀ ਏ । ਕਿਸੇ ਪ੍ਰਤੀ ਵੈਰ ਵਿਰੋਧ, ਕਰੋਧ ਦੀ ਭਾਵਨਾ ਲੈ ਕੇ ਜੀਣ ਵਾਲਾ ਇਨਸਾਨ ਉਸ ਮਨੁੱਖ ਦੀ ਨਿਆਈਂ ਏ, ਜੋ ਆਪਣੀ ਤਲੀ ਤੇ ਬਲਦਾਂ ਹੋਇਆ ਅੰਗਿਆਰ ਲਈ ਫਿਰਦਾ ਏ,ਜਿਸਤੇ ਸੁੱਟਣਾ ਚਾਹੁੰਦਾ ਏ, ਉਸਨੂੰ ਸ਼ਾਇਦ ਪਤਾ ਤੱਕ ਵੀ ਨਹੀ, ਪਰ ਆਪਣਾ ਆਪ ਸਾੜ ਲੈਂਦਾ ਏ ਉਸ ਅੰਗਿਆਰੇ ਦੁਆਰਾ ।
ਗੁਰਬਾਣੀ ਵੀ ਬਾਰ ਬਾਰ ਇਹੀ ਕਹਿੰਦੀ ਏ , ਉਦਾਹਰਣ ਦੇ ਤੌਰ ਤੇ

ਪਰ ਕਾ ਬੁਰਾ ਨਾ ਰਾਖਹੁ ਚੀਤੁ ।

ਫਰੀਦਾ ਮਨੁ ਮੈਦਾਨ ਕਰਿ ।

ਫਰੀਦਾ ਬੁਰੇ ਦਾ ਭਲਾ ਕਰਿ ..

ਜਹਾਂ ਸਫਾਈ ਵਹਾਂ ਖੁੱਦਾਈ ਕਿਹਾ ਜਾਂਦਾ ਏ ਪਰ ਹਿਰਦੇ ਦੀ ਸਫਾਈ ਤੋ ਬਿਨਾ ਬਾਕੀ ਦੀ ਸਫਾਈ ਅਧੂਰੀ ਏ।

ਜਿੰਦਗੀ ਦੇ ਰਸਤੇ ਨੂੰ ,
ਮੈਂ ਇੰਝ ਸਾਫ ਕਰਿਆ ।

ਦਿਲੋਂ ਮੰਗੀ ਮਾਫ਼ੀ ,
ਦਿਲੋਂ ਈ ਮਾਫ ਕਰਿਆ ।

ਦਵਿੰਦਰ ਸਿੰਘ ਜੌਹਲ

ਦੀਵਾਨਾ ਸ਼ਾਇਰ ਸਆਦਤ ਹਸਨ ਮੰਟੋ

by Sandeep Kaur April 21, 2020

(ਮੈਕਸਿਮ ਗੋਰਕੀ : ਪਵਿੱਤਰ ਹੱਕ ਨੂੰ ਜੇ ਦੁਨੀਆ ਦੀਆਂ ਢੂੰਡਦੀਆਂ ਅੱਖਾਂ ਤੋਂ ਓਹਲੇ ਵੀ ਕਰ ਦਿੱਤਾ ਜਾਏ ਤਾਂ ਉਸ ਸ਼ੁਦਾਈ ‘ਤੇ ਮਿਹਰ ਹੋਵੇ ਜੋ ਮਨੁੱਖ ਦੇ ਦਿਮਾਗ਼ ਨੂੰ ਫੇਰ ਵੀ ਸੁਨਹਿਰੀ ਸੁਫ਼ਨੇ ਦਿਖਾਅ ਦੇਵੇ।-ਲੇਖਕ ਵੱਲੋਂ ਨੋਟ।)

ਮੈਂ ਆਹੋਂ ਕਾ ਵਿਓਪਾਰੀ ਹੂੰ
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ
ਬਾਗ਼ ਕੀ ਮਾਂਦਾ ਹਵਾਓ
ਅਪਨਾ ਦਾਮਨ ਸਮੇਟ ਲੋ ਕਿ
ਮੇਰੇ ਆਤਿਸ਼ੀ ਗੀਤ
ਦਬੇ ਹੂਏ ਸੀਨੋਂ ਮੇ ਇਕ
ਤਲਾਤੁਮ
ਬਰਪਾ ਕਰ ਦੇਨੇ ਵਾਲੇ ਹੈਂ।
(ਮਾਂਦਾ=ਮੱਠੀਆਂ, ਆਤਿਸ਼ੀ=ਆਗ ਕੇ,
ਤਲਾਤੁਮ=ਸਮੁੰਦਰੀ-ਤੂਫ਼ਾਨ)

ਇਹ ਬੇਬਾਕ ਨਗ਼ਮਾ ਦਰਦ ਵਾਂਙ ਉੱਠਿਆ, ਤੇ ਬਾਗ਼ ਦੀ ਫ਼ਿਜ਼ਾ ਵਿਚ ਚੰਦ ਲਮਹੇ ਥਰਥਰਾਅ ਕੇ ਡੁੱਬ ਗਿਆ। ਆਵਾਜ਼ ਵਿਚ ਇੱਕ ਕਿਸਮ ਦੀ ਦੀਵਾਨਗੀ ਸੀ ਬਿਆਨੋਂ ਬਾਹਰ ਦੀ, ਮੇਰੇ ਜਿਸਮ ਵਿਚ ਕਾਂਬਾ ਛਿੜ ਪਿਆ। ਮੈਂ ਆਵਾਜ਼ ਦੀ ਤਾਂਘ ‘ਚ ਏਧਰ ਓਧਰ ਨਜ਼ਰ ਘੁਮਾਈ। ਸਾਹਮਣੇ ਚਬੂਤਰੇ ਕੋਲ ਉਚੀ ਜਿਹੀ ਥਾਂ ਲੱਗੇ ਘਾਅ ‘ਤੇ ਕੁਝ ਬੱਚੇ ਆਪਣੀਆਂ ਮਾਵਾਂ ਨਾਲ ਖੇਲ੍ਹ ਕੁੱਦ ਵਿਚ ਰੁੱਝੇ ਸੀ, ਨੇੜੇ ਹੀ ਦੋ ਤਿੰਨ ਗੰਵਾਰ ਬੈਠੇ ਹੋਏ ਸਨ। ਖੱਬੇ ਪਾਸੇ ਨਿੰਮ ਦੇ ਦ੍ਰਖਤਾਂ ਥੱਲੇ ਮਾਲੀ ਜ਼ਮੀਨ ਪੁੱਟਣ ਵਿਚ ਮਸਰੂਫ਼ ਸੀ। ਮੈਂ ਅਜੇ ਇਸ ਤਲਾਸ਼ ਵਿਚ ਹੀ ਸੀ ਕਿ ਉਹੀ ਦਰਦ ਵਿਚ ਡੁੱਬੀ ਹੋਈ ਅਵਾਜ਼ ਫੇਰ ਬੁਲੰਦ ਹੋਈ।
ਮੈਂ ਉਨ ਲਾਸ਼ੋਂ ਕਾ ਗੀਤ ਗਾਤਾ ਹੂੰ
ਜਿਨ ਕੀ ਸਰਦੀ ਦਿਸੰਬਰ ਉਧਾਰ ਲੇਤਾ ਹੈ
ਮੇਰੇ ਸੀਨੇ ਸੇ ਨਿਕਲੀ ਆਹ
ਵੋ ਲੂਅ ਹੈ ਜੋ ਜੂਨ ਕੇ ਮਹੀਨੇ ਚਲਤੀ ਹੈ
ਮੈਂ ਆਹੋਂ ਕਾ ਵਿਓਪਾਰੀ ਹੂੰ
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ…

ਆਵਾਜ਼ ਖੂਹ ਦੀ ਤਰਫੋਂ ਆ ਰਹੀ ਸੀ। ਮੇਰੇ ‘ਤੇ ਇੱਕ ਝੱਲ ਜਿਹਾ ਸਵਾਰ ਹੋ ਗਿਆ। ਮੈਨੂੰ ਏਸ ਤਰ੍ਹਾਂ ਲੱਗਣ ਲੱਗਾ ਜਿਵੇਂ ਠੰਡੀਆਂ ਤੇ ਗਰਮ ਲਹਿਰਾਂ ਇੱਕੋ ਵੇਲੇ ਮੇਰੇ ਜਿਸਮ ਨਾਲ ਚੰਬੜ ਰਹੀਆਂ ਨੇ। ਇਸ ਖ਼ਿਆਲ ਨੇ ਮੈਨੂੰ ਕੁਝ ਕੁ ਖ਼ੌਫ਼ਜ਼ਦਾ ਕਰ ਦਿੱਤਾ ਕਿ ਆਵਾਜ਼ ਓਸ ਖੂਹ ਦੇ ਨੇੜਿਓਂ ਬੁਲੰਦ ਹੋ ਰਹੀ ਹੈ, ਜਿਸ ਵਿਚ ਅੱਜ ਤੋਂ ਕੁਝ ਸਾਲ ਪਹਿਲਾਂ ਲਾਸ਼ਾਂ ਦਾ ਢੇਰ ਲੱਗਾ ਹੋਇਆ ਸੀ। ਇਸ ਖ਼ਿਆਲ ਦੇ ਨਾਲ ਹੀ ਮੇਰੇ ਦਿਮਾਗ਼ ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਇੱਕ ਤਸਵੀਰ ਖਿੱਚੀ ਗਈ। ਕੁਛ ਦੇਰ ਲਈ ਮੈਨੂੰ ਐਸਾ ਮਹਿਸੂਸ ਹੋਇਆ ਕਿ ਬਾਗ਼ ਵਿਚ ਫ਼ਿਜ਼ਾ ਗੋਲੀਆਂ ਦੀ ਸਨਸਨਾਹਟ ਤੇ ਭੱਜਦੇ ਹੋਏ ਲੋਕਾਂ ਦੀ ਚੀਖ਼ ਓ ਪੁਕਾਰ ਨਾਲ ਗੂੰਜ ਰਹੀ ਹੈ। ਮੈਂ ਹਿੱਲ ਗਿਆ। ਆਪਣੇ ਮੋਢਿਆਂ ਨੂੰ ਜ਼ੋਰ ਦੀ ਛੰਡ ਕੇ ਤੇ ਇਸ ਤਰ੍ਹਾਂ ਕਰਨ ਨਾਲ ਆਪਣੇ ਖ਼ੌਫ਼ ਨੂੰ ਦੂਰ ਕਰਦਿਆਂ ਹੋਇਆਂ ਮੈਂ ਉੱਠਿਆ। ਤੇ ਖੂਹ ਵੱਲ ਚੱਲ ਪਿਆ।
ਸਾਰੇ ਬਾਗ਼ ‘ਤੇ ਇੱਕ ਅਜੀਬ ਗ਼ੈਬੀ ਜਿਹੀ ਖ਼ਾਮੋਸ਼ੀ ਛਾਈ ਹੋਈ ਸੀ। ਮੇਰੇ ਪੈਰਾਂ ਦੇ ਹੇਠਾਂ ਸੁੱਕੇ ਪੱਤਿਆਂ ਦੀ ਕੜ ਕੜ ਸੁੱਕੀਆਂ ਹੋਈਆਂ ਹੱਡੀਆਂ ਦੇ ਟੁੱਟਣ ਦੀ ਆਵਾਜ਼ ਪੈਦਾ ਕਰ ਰਹੀਆਂ ਸਨ। ਕੋਸ਼ਿਸ਼ ਦੇ ਬਾਵਜੂਦ ਮੈਂ ਆਪਣੇ ਦਿਲ ਤੋਂ ਉਹ ਨਾਮਾਲੂਮ ਖ਼ੌਫ਼ ਦੂਰ ਨਾ ਕਰ ਸਕਿਆ ਜਿਹੜਾ ਏਸ ਆਵਾਜ਼ ਨੇ ਪੈਦਾ ਕਰ ਦਿੱਤਾ ਸੀ। ਹਰ ਕਦਮ ‘ਤੇ ਮੈਨੂੰ ਇਹੋ ਜਾਪਦਾ ਸੀ ਕਿ ਘਾਅ ਦੇ ਹਰੇ ਬਿਸਤਰ ‘ਤੇ ਬੇਸ਼ੁਮਾਰ ਲਾਸ਼ਾਂ ਪਈਆਂ ਹੋਈਆਂ ਨੇ ਜਿਨ੍ਹਾਂ ਦੀਆਂ ਗਲੀਆਂ ਹੱਡੀਆਂ ਮੇਰੇ ਪੈਰ ਦੇ ਥੱਲੇ ਟੁੱਟ ਰਹੀਆਂ ਨੇ। ਅਚਾਨਕ ਮੈਂ ਆਪਣੇ ਕਦਮ ਤੇਜ਼ ਕੀਤੇ ਤੇ ਧੜਕਦੇ ਹੋਏ ਦਿਲ ਨਾਲ ਓਸ ਚਬੂਤਰੇ ‘ਤੇ ਬੈਠ ਗਿਆ ਜੋ ਖੂਹ ਦੇ ਇਰਦ ਗਿਰਦ ਬਣਿਆ ਹੋਇਆ ਸੀ।
ਮੇਰੇ ਦਿਮਾਗ਼ ਵਿਚ ਵਾਰ ਵਾਰ ਇਹ ਅਜੀਬ ਜਿਹਾ ਸ਼ੋਰ ਗੂੰਜ ਰਿਹਾ ਸੀ।
ਮੈਂ ਆਹੋਂ ਕਾ ਵਿਓਪਾਰੀ ਹੂੰ
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ

ਖੂਹ ਦੇ ਕੋਲ ਕੋਈ ਜਿਊਂਦੀ ਸ਼ੈਅ ਮੌਜੂਦ ਨਹੀਂ ਸੀ। ਮੇਰੇ ਸਾਹਮਣੇ ਛੋਟੇ ਫਾਟਕ ਦੇ ਨਾਲ ਵਾਲੀ ਦੀਵਾਰ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਚੌਕੋਰ ਜਾਲੀ ਬੰਦ ਸੀ। ਮੈਂ ਇਨ੍ਹਾਂ ਨਿਸ਼ਾਨਾਂ ਨੂੰ ਕਈ ਵੀਹਾਂ ਵਾਰ ਦੇਖ ਚੁੱਕਾ ਸੀ। ਪਰ ਹੁਣ ਉਹ ਨਿਸ਼ਾਨ ਜੋ ਮੇਰੀਆਂ ਅੱਖਾਂ ਅੱਗੇ ਤੇ ਐਨ ਸਾਹਮਣੇ ਸਨ, ਦੋ ਖੂਨੀ ਅੱਖਾਂ ਮਲੂਮ ਹੋ ਰਹੇ ਸੀ ਜਿਹੜੀਆਂ ਦੂਰ ਬਹੁਤ ਦੂਰ ਕਿਸੇ ਅਣਦਿਸਦੀ ਸ਼ੈਅ ਨੂੰ ਟਿਕਿਟਕੀ ਲਗਾਈ ਦੇਖ ਰਹੀਆਂ ਹੋਣ। ਆਪ ਮੁਹਾਰੇ ਮੇਰੀਆਂ ਨਿਗਾਹਾਂ ਇਨ੍ਹਾਂ ਦੋ ਅੱਖਾਂ ਵਰਗੀਆਂ ਮੋਰੀਆਂ ‘ਤੇ ਹੀ ਜੰਮੀਆਂ ਰਹਿ ਗਈਆਂ। ਮੈਂ ਉਨ੍ਹਾਂ ਵੱਲ ਅਲਗ ਅਲਗ ਕਈ ਖਿਆਲਾਂ ਵਿਚ ਗੁਆਚਿਆ ਹੋਇਆ ਰੱਬ ਜਾਣੇ ਕਿੰਨਾ ਚਿਰ ਦੇਖਦਾ ਰਿਹਾ ਕਿ ਅਚਾਨਕ ਨਾਲ ਵਾਲੇ ਰਾਹ ‘ਤੇ ਕਿਸੇ ਦੇ ਭਾਰੇ ਕਦਮਾਂ ਦੀ ਚਾਪ ਨੇ ਮੈਨੂੰ ਇਸ ਸੁਫ਼ਨੇ ‘ਚੋਂ ਕੱਢ ਦਿੱਤਾ। ਮੈਂ ਘੁੰਮ ਕੇ ਦੇਖਿਆ। ਗੁਲਾਬ ਦੀਆਂ ਝਾੜੀਆਂ ਵਿਚੋਂ ਇੱਕ ਉੱਚਾ ਲੰਬਾ ਆਦਮੀ ਸਿਰ ਝੁਕਾਈ ਮੇਰੇ ਵੱਲ ਵਧਿਆ ਆ ਰਿਹਾ ਸੀ। ਓਸ ਦੇ ਦੋਵ੍ਹੇਂ ਹੱਥ ਉਸ ਦੇ ਵੱਡੇ ਕੋਟ ਦੀਆਂ ਜੇਬਾਂ ਵਿਚ ਤੁੰਨੇ ਹੋਏ ਸੀ। ਚੱਲਦਾ ਹੋਇਆ ਉਹ ਬੁੱਲ੍ਹਾਂ ਹੀ ਬੁੱਲ੍ਹਾਂ ਵਿਚ ਕੁਝ ਗੁਣਗੁਣਾਅ ਰਿਹਾ ਸੀ। ਖੂਹ ਦੇ ਕੋਲ ਪਹੁੰਚ ਕੇ ਉਹ ਅਚਾਨਕ ਠਿਠਕਿਆ ਤੇ ਗਰਦਨ ਘੁਮਾਅ ਕੇ ਮੇਰੇ ਵੱਲ ਦੇਖਦਿਆਂ ਕਿਹਾ-
“ਪਾਣੀ ਪੀਆਂਗਾ।”
ਮੈਂ ਫ਼ੌਰਨ ਚਬੂਤਰੇ ਤੋਂ ਉੱਠਿਆ ਤੇ ਪੰਪ ਦਾ ਹੈਂਡਲ ਹਿਲਾਅ ਕੇ ਓਸ ਅਜਨਬੀ ਨੂੰ ਕਿਹਾ
“ਆਓ ।”
ਚੰਗੀ ਤਰ੍ਹਾਂ ਪਾਣੀ ਪੀ ਚੁੱਕਣ ਦੇ ਬਾਅਦ ਉਸ ਨੇ ਆਪਣੇ ਕੋਟ ਦੀ ਮੈਲੀ ਬਾਂਹ ਨਾਲ ਮੂੰਹ ਪੂੰਝਿਆ। ਤੇ ਵਾਪਿਸ ਜਾਣ ਹੀ ਲੱਗਾ ਸੀ ਕਿ ਮੈਂ ਧੜਕਦੇ ਹੋਏ ਦਿਲ ਨਾਲ ਪੁੱਛ ਲਿਆ।
“ਕੀ ਹੁਣੇ ਹੁਣੇ ਤੁਸੀਂ ਹੀ ਗਾ ਰਹੇ ਸੀ?”
“ਹਾਂ ਪਰ ਤੁਸੀਂ ਕਿਓਂ ਪੁੱਛ ਰਹੇ ਹੋ?”
ਇਹ ਕਹਿੰਦਿਆਂ ਹੋਇਆਂ ਉਸ ਨੇ ਆਪਣਾ ਸਿਰ ਫੇਰ ਚੁੱਕਿਆ। ਉਸਦੀਆਂ ਅੱਖਾਂ ਜਿਨ੍ਹਾਂ ਵਿਚ ਸੁਰਖ ਡੋਰੇ ਕੁਝ ਬਹੁਤੇ ਹੀ ਉੱਭਰੇ ਦਿਸ ਰਹੇ ਸਨ, ਮੇਰੇ ਦਿਲ ਉੱਤੇ ਵਾਪਰ ਰਹੀ ਅਜੀਬ ਹਾਲਤ ਦਾ ਜਾਇਜ਼ਾ ਲੈਂਦੀਆਂ ਮਹਿਸੂਸ ਹੋ ਰਹੀਆਂ ਸਨ। ਮੈਂ ਘਬਰਾਅ ਗਿਆ।
“ਤੁਸੀਂ ਇਹੋ ਜਿਹੇ ਗੀਤ ਨਾ ਗਾਇਆ ਕਰੋ, ਇਹ ਡਾਢੇ ਖ਼ੌਫ਼ਨਾਕ ਨੇ।”
“ਖ਼ੌਫ਼ਨਾਕ? ਨਹੀਂ, ਇਨ੍ਹਾਂ ਨੂੰ ਹੌਲਨਾਕ ਹੋਣਾ ਚਾਹੀਦੈ। ਜਦੋਂ ਕਿ ਮੇਰੇ ਰਾਗ ਦੇ ਹਰੇਕ ਸੁਰ ਵਿਚ ਰਿਸਦੇ ਹੋਏ ਜ਼ਖ਼ਮਾਂ ਦੀ ਜਲੂਣ ਤੇ ਅਟਕੀਆਂ ਹੋਈਆਂ ਹਾਵਾਂ ਦੀ ਤਪਸ਼ ਭਰੀ ਹੋਈ ਹੈ। ਜਾਪਦਾ ਹੈ ਮੇਰੇ ਸ਼ੋਲਿਆਂ ਦੀਆਂ ਜੀਭਾਂ ਤੁਹਾਡੀ ਬਰਫ਼ ਹੋਈ ਰੂਹ ਨੂੰ ਚੰਗੀ ਤਰ੍ਹਾਂ ਚੱਟ ਨਹੀਂ ਸਕੀਆਂ,” ਉਸ ਨੇ ਆਪਣੀ ਨੋਕੀਲੀ ਠੋਡੀ ਨੂੰ ਉਂਗਲਾਂ ਨਾਲ ਖੁਰਕਦਿਆਂ ਕਿਹਾ। ਇਹ ਲਫ਼ਜ਼ ਉਸ ਆਵਾਜ਼ ਦੀ ਯਾਦ ਦੁਆਂਦੇ ਸਨ ਜੋ ਬਰਫ਼ ਦੇ ਢੇਲੇ ਵਿਚ ਤਪਦੀ ਸਲਾਖ ਲੰਘਾਉਣ ਨਾਲ ਪੈਦਾ ਹੁੰਦੀ ਹੈ।
“ਤੁਸੀਂ ਮੈਨੂੰ ਡਰਾਅ ਰਹੇ ਓ।”ਮੇਰੇ ਇਹ ਕਹਿਣ ‘ਤੇ ਉਸ ਅਜੀਬ ਮਰਦ ਦੇ ਹਲਕ ‘ਚੋਂ ਇੱਕ ਠਹਾਕੇ ਜਿਹਾ ਸ਼ੋਰ ਬੁਲੰਦ ਹੋਇਆ।
“ਹਾ, ਹਾ, ਹਾ ਹਾ………ਤੁਸੀਂ ਡਰਾਅ ਰਹੇ ਹੋ! ਕੀ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਏਸ ਵੇਲੇ ਓਸ ਮੁੰਡੇਰ ‘ਤੇ ਖੜ੍ਹੇ ਓ ਜੋ ਅੱਜ ਤੋਂ ਕੁਝ ਅਰਸਾ ਪਹਿਲਾਂ ਬੇਕਸੂਰ ਇਨਸਾਨਾਂ ਦੇ ਖੂਨ ਨਾਲ ਲਥਪਥ ਸੀ? ਇਹ ਅਸਲੀਅਤ ਮੇਰੀ ਗੱਲ ਬਾਤ ਤੋਂ ਜ਼ਿਆਦਾ ਦਰਿੰਦਗੀ ਵਾਲੀ ਐ।”
ਇਹ ਸੁਣ ਕੇ ਮੇਰੇ ਕਦਮ ਡਗਮਗਾਅ ਗਏ, ਮੈਂ ਵਾਕਈ ਖੂਨੀ ਮੁੰਡੇਰ ‘ਤੇ ਖੜ੍ਹਾ ਸੀ।
ਮੈਨੂੰ ਖ਼ੌਫ਼ਜ਼ਦਾ ਦੇਖਕੇ ਉਹ ਫੇਰ ਬੋਲਿਆ,
“ਖੌਫ਼ ਸੇ ਥੱਰਾਈ ਹੂਈ ਰਗੋਂ ਸੇ ਬਹਾ ਲਹੂ ਕਭੀ ਫ਼ਨਾ ਨਹੀਂ ਹੋਤਾ। ਇਸ ਖ਼ਾਕ ਕੇ ਜ਼ੱਰੇ ਜ਼ੱਰੇ ਮੇਂ ਮੁਝੇ ਸੁਰਖ਼ ਬੂੰਦੇਂ ਨਜ਼ਰ ਆ ਰਹੀ ਹੈਂ।
ਆਓ, ਤੁਮ ਭੀ ਦੇਖੋ!!!”
ਇਹ ਕਹਿੰਦਿਆਂ ਹੋਇਆਂ ਉਸ ਨੇ ਆਪਣੀਆਂ ਨਜ਼ਰਾਂ ਜ਼ਮੀਨ ਵਿਚ ਗੱਡ ਦਿੱਤੀਆਂ। ਮੈਂ ਖੂਹ ਤੋਂ ਨੀਚੇ ਉਤਰ ਆਇਆ। ਤੇ ਉਸਦੇ ਨਜ਼ਦੀਕ ਖੜ੍ਹਾ ਹੋ ਗਿਆ। ਮੇਰਾ ਦਿਲ ਧਕ ਧਕ ਕਰ ਰਿਹਾ ਸੀ। ਅਚਾਨਕ ਉਸ ਨੇ ਆਪਣਾ ਹੱਥ ਮੇਰੇ ਮੋਢੇ ‘ਤੇ ਰੱਖਿਆ। ਤੇ ਬੜੇ ਧੀਮੇ ਲਹਿਜੇ ਵਿਚ ਕਿਹਾ,
“ਪਰ ਤੂੰ ਇਹ ਨਹੀਂ ਸਮਝ ਸਕੇਂਗਾ, ਇਹ ਬਹੁਤ ਮੁਸ਼ਕਿਲ ਹੈ।”
ਮੈਂ ਇਸਦਾ ਮਤਲਬ ਬਖ਼ੂਬੀ ਸਮਝ ਰਿਹਾ ਸੀ। ਉਹ ਜ਼ਰੂਰ ਮੈਨੂੰ ਉਸ ਖ਼ੂਨੀ ਹਾਦਸੇ ਦੀ ਯਾਦ ਦੁਆਅ ਰਿਹਾ ਸੀ ਜੋ ਅੱਜ ਤੋਂ ਤਕਰੀਬਨ ਸੋਲ੍ਹਾਂ ਸਾਲ ਪਹਿਲਾਂ ਇਸ ਬਾਗ਼ ਵਿਚ ਵਾਪਰਿਆ ਸੀ। ਇਸ ਹਾਦਸੇ ਦੇ ਵਕਤ ਮੇਰੀ ਉਮਰ ਕੋਈ 5 ਸਾਲ ਦੀ ਸੀ। ਇਸ ਲਈ ਮੇਰੇ ਦਿਮਾਗ਼ ਵਿਚ ਉਸ ਦੇ ਬਹੁਤ ਧੁੰਦਲੇ ਨਕਸ਼ ਬਚੇ ਸਨ। ਪਰ ਮੈਨੂੰ ਏਨਾ ਜ਼ਰੂਰ ਪਤਾ ਸੀ ਕਿ ਇਸ ਬਾਗ਼ ਵਿਚ ਜਨਤਾ ਦੇ ਇਕ ਜਲਸੇ ‘ਤੇ ਗੋਲੀਆਂ ਬਰਸਾਈਆਂ ਗਈਆਂ ਸਨ, ਜਿਸ ਦਾ ਨਤੀਜਾ ਤਕਰੀਬਨ 2000 ਮੌਤਾਂ ਸੀ। ਮੇਰੇ ਦਿਲ ਵਿਚ ਉਨ੍ਹਾਂ ਲੋਕਾਂ ਲਈ ਬਹੁਤ ਸਤਿਕਾਰ ਸੀ ਜਿਨ੍ਹਾਂ ਨੇ ਆਪਣੇ ਮਾਦਰੇ-ਵਤਨ ਤੇ ਜਜ਼ਬਾ-ਏਆਜ਼ਾਦੀ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਬੱਸ ਇਸ ਸਤਿਕਾਰ ਦੇ ਇਲਾਵਾ ਮੇਰੇ ਦਿਲ ਵਿਚ ਹਾਦਸੇ ਦੇ ਮੁਤੱਲਕ ਹੋਰ ਕੋਈ ਜਜ਼ਬਾ ਨਾ ਸੀ। ਪਰ ਅੱਜ ਇਸ ਮਰਦ ਦੀ ਅਜੀਬ ਗੱਲਬਾਤ ਨੇ ਮੇਰੇ ਸੀਨੇ ਵਿਚ ਇੱਕ ਤਰਥੱਲੀ ਜਿਹੀ ਪੈਦਾ ਕਰ ਦਿੱਤੀ। ਮੈਂ ਅਜਿਹਾ ਮਹਿਸੂਸ ਕਰਨ ਲੱਗਾ ਕਿ ਗੋਲੀਆਂ ਤੜਾਤੜ ਬਰਸ ਰਹੀਆਂ ਹਨ ਤੇ ਬਹੁਤ ਸਾਰੇ ਲੋਕ ਏਧਰ ਓਧਰ ਭੱਜਦੇ ਹੋਏ ਇੱਕ ਦੂਜੇ ‘ਤੇ ਡਿੱਗ ਕੇ ਮਰ ਰਹੇ ਨੇ। ਇਸ ਅਸਰ ਦੇ ਥੱਲੇ ਮੈਂ ਚੀਖ ਉੱਠਿਆ।
“ਮੈਂ ਸਮਝਤਾ ਹੂੰ, ਮੈਂ ਸਬ ਕੁਛ ਸਮਝਤਾ ਹੂੰ। ਮੌਤ ਭਯਾਨਕ ਹੈ। ਮਗਰ ਜ਼ੁਲਮ ਇਸ ਸੇ ਕਹੀਂ ਖ਼ੌਫ਼ਨਾਕ ਔਰ ਭਯਾਨਕ ਹੈ!”
ਇਹ ਕਹਿੰਦੇ ਹੋਏ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੈਂ ਸਭ ਕੁਝ ਕਹਿ ਛੱਡਿਆ ਹੈ। ਤੇ ਮੇਰਾ ਸੀਨਾ ਬਿਲਕੁਲ ਖਾਲੀ ਰਹਿ ਗਿਆ ਹੈ। ਮੇਰੇ ਉਤੇ ਇੱਕ ਮੁਰਦਨੀ ਜਿਹੀ ਛਾਅ ਗਈ। ਆਪ ਮੁਹਾਰੇ ਹੀ ਮੈਂ ਉਸ ਆਦਮੀ ਦੇ ਕੋਟ ਨੂੰ ਫੜ ਲਿਆ ਤੇ ਖ਼ੌਫ਼ ਨਾਲ ਕੰਬੀ ਆਵਾਜ਼ ਵਿਚ ਕਿਹਾ,
“ਤੁਸੀਂ ਕੌਣ ਹੋ? ਤੁਸੀਂ ਕੌਣ ਹੋ?”

“ਆਹੋਂ ਕਾ ਵਿਓਪਾਰੀ
ਇੱਕ ਦੀਵਾਨਾ ਸ਼ਾਇਰ”

“ਆਹੋਂ ਕਾ ਵਿਓਪਾਰੀ! ਦੀਵਾਨਾ ਸ਼ਾਇਰ!” ਉਸ ਦੇ ਅਲਫ਼ਾਜ਼ ਬੁੱਲ੍ਹਾਂ ਹੀ ਬੁੱਲ੍ਹਾਂ ਵਿਚ ਗੁਣਗੁਣਾਂਦਿਆ ਮੈਂ ਖੂਹ ਦੇ ਚਬੂਤਰੇ ‘ਤੇ ਬੈਠ ਗਿਆ। ਉਸ ਵਕਤ ਮੇਰੇ ਦਿਮਾਗ਼ ਵਿਚ ਇਸ ਦੀਵਾਨੇ ਸ਼ਾਇਰ ਦਾ ਗੀਤ ਗੂੰਜ ਰਿਹਾ ਸੀ। ਥੋੜ੍ਹੀ ਦੇਰ ਦੇ ਬਾਅਦ ਮੈਂ ਆਪਣਾ ਝੁਕਿਆ ਹੋਇਆ ਸਿਰ ਚੁੱਕਿਆ। ਸਾਹਮਣੇ ਸਫ਼ੇਦੇ ਦੇ ਦੋ ਦ੍ਰਖ਼ਤ ਭਿਆਣਕ ਦੈਂਤਾਂ ਦੀ ਤਰ੍ਹਾਂ ਅੰਗੜਾਈਆਂ ਲੈ ਰਹੇ ਸਨ। ਨਜ਼ਦੀਕ ਹੀ ਚਮੇਲੀ, ਤੇ ਗੁਲਾਬ ਦੀਆਂ ਕੰਡਿਆਲੀਆਂ ਝਾੜੀਆਂ ਵਿਚ ਹਵਾ ਹਉਕੇ ਖਿਲਾਰ ਰਹੀ ਸੀ। ਦੀਵਾਨੇ ਸ਼ਾਇਰ ਨੇ ਖ਼ਾਮੋਸ਼ ਖੜ੍ਹੇ ਹੋ ਸਾਹਮਣੇ ਵਾਲੀ ਦੀਵਾਰ ਦੀ ਇੱਕ ਖਿੜਕੀ ‘ਤੇ ਨਿਗਾਹਾਂ ਜਮਾਈਆਂ ਹੋਈਆਂ ਸੀ। ਸ਼ਾਮ ਦੇ ਸੁਰਮਈ ਧੁੰਦਲਕੇ ਵਿਚ ਉਹ ਇੱਕ ਪਰਛਾਵਾਂ ਜਿਹਾ ਜਾਪ ਰਿਹਾ ਸੀ। ਕੁਛ ਚਿਰ ਖ਼ਾਮੋਸ਼ ਰਹਿਣ ਦੇ ਬਾਅਦ ਉਹ ਆਪਣੇ ਖ਼ੁਸ਼ਕ ਵਾਲਾਂ ਨੂੰ ਉਂਗਲੀਆਂ ਨਾਲ ਕੰਘੀ ਕਰਦਾ ਹੋਇਆ ਗੁਣਗੁਣਾਇਆ।
“ਆਹ! ਯੇ ਸਬ ਖ਼ੌਫ਼ਨਾਕ਼ ਹਕ਼ੀਕ਼ਤ ਹੈ! ਕਿਸੀ ਸਹਿਰਾ ਮੇਂ ਜੰਗਲੀ ਇਨਸਾਨ ਕੇ ਪੈਰੋਂ ਕੇ ਨਿਸ਼ਾਨਾਤ ਕੀ ਤਰਹ ਖੌਫ਼ਨਾਕ!”
“ਕੀ ਕਿਹਾ?”
ਮੈਂ ਉਨ੍ਹਾਂ ਸ਼ਬਦਾਂ ਨੂੰ ਸੁਣ ਨਹੀਂ ਸੀ ਸਕਿਆ ਜੋ ਉਸ ਨੇ ਮੂੰਹ ਹੀ ਮੂੰਹ ਵਿਚ ਆਖ ਦਿੱਤੇ ਸਨ।
“ਕੁਛ ਵੀ ਨਹੀਂ”, ਇਹ ਕਹਿੰਦੇ ਹੋਏ ਉਹ ਮੇਰੇ ਕੋਲ ਆ ਕੇ ਚਬੂਤਰੇ ‘ਤੇ ਬੈਠ ਗਿਆ।
“ਪਰ ਤੁਸੀਂ ਗੁਣਗੁਣਾਅ ਰਹੇ ਸੀ”
ਇਸ ‘ਤੇ ਉਸ ਨੇ ਆਪਣੀਆਂ ਅੱਖਾਂ ਇੱਕ ਅਜੀਬ ਅੰਦਾਜ਼ ਵਿਚ ਸਿਕੋੜੀਆਂ। ਤੇ ਹੱਥਾਂ ਨੂੰ ਆਪਸ ਵਿਚ ਜ਼ੋਰ ਜ਼ੋਰ ਦੀ ਮਲਦੇ ਹੋਏ ਕਿਹਾ, “ਸੀਨੇ ਮੇਂ ਕੈਦ ਹੂਏ ਅਲਫ਼ਾਜ਼ ਬਾਹਰ ਨਿਕਲਨੇ ਕੇ ਲੀਏ ਤੜਪ ਰਹੇ ਹੋਤੇ ਹੈਂ। ਅਪਨੇ ਆਪ ਸੇ ਬੋਲਨਾ ਉਸ ਉਲੂਹੀਅਤ ਸੇ ਗੁਫ਼ਤਗੂ ਕਰਨਾ ਹੈ, ਜੋ ਹਮਾਰੇ ਦਿਲ ਕੀ ਪਹਿਨਾਈਓਂ ਮੇਂ ਮਸਤੂਰ ਹੋਤੀ ਹੈ।” (ਉਸ ਇਲਾਹੀ ਇੱਕਤਾ ਦੇ ਨਾਲ ਜੋ ਸਾਡੇ ਦਿਲ ਦੀਆਂ ਡੁੰਘਿਆਈਆਂ ਵਿਚ ਲੁਕੀ ਹੁੰਦੀ ਹੈ-ਸੰ.) ਫੇਰ ਨਾਲ ਹੀ ਗੁਫ਼ਤਗੂ ਦਾ ਰੁਖ਼ ਬਦਲਦੇ ਹੋਏ ਕਿਹਾ,
“ਕੀ ਤੁਸੀਂ ਇਸ ਖਿੜਕੀ ਨੂੰ ਦੇਖਿਆ ਹੈ?”
ਉਸ ਨੇ ਆਪਣੀ ਉਂਗਲੀ ਉਸ ਖਿੜਕੀ ਵੱਲ ਨੂੰ ਚੁੱਕੀ ਜਿਸਨੂੰ ਉਹ ਕੁਝ ਛਿਣ ਪਹਿਲਾਂ ਟਿਕਟਿਕੀ ਬੰਨ੍ਹੀ ਦੇਖ ਰਿਹਾ ਸੀ। ਮੈਂ ਓਸ ਪਾਸੇ ਦੇਖਿਆ। ਛੋਟੀ ਜਹੀ ਖਿੜਕੀ ਸੀ ਜਿਹੜੀ ਸਾਹਮਣੇ ਦੀਵਾਰ ਦੀਆਂ ਖਸਤਾਂ ਇੱਟਾਂ ਵਿਚ ਸੁੱਤੀ ਜਾਪਦੀ ਸੀ।
“ਓਹ ਖਿੜਕੀ ਜਿਸਦਾ ਡੰਡਾ ਹੇਠਾਂ ਲਮਕ ਰਿਹਾ ਹੈ?” ਮੈਂ ਉਸ ਨੂੰ ਕਿਹਾ।
“ਹਾਂ ਇਹੀ, ਜਿਸਦਾ ਡੰਡਾ ਹੇਠਾਂ ਲਮਕ ਰਿਹਾ ਹੈ- ਕੀ ਤੂੰ ਇਸ ‘ਤੇ ਉਸ ਭੋਲੀ ਕੁੜੀ ਦੇ ਖੂਨ ਦੇ ਛਿੱਟੇ ਨਹੀਂ ਦੇਖਦਾ ਪਿਆ, ਜਿਸਨੂੰ ਸਿਰਫ਼ ਇਸ ਲਈ ਜਾਨੋਂ ਮਾਰ ਦਿੱਤਾ ਗਿਆ ਕਿ ਤਰਕਸ਼-ਏ-ਇਸਤਿਬਦਾਦ ਕੋ ਅਪਨੇ ਤੀਰੋਂ ਕੀ ਕੁੱਵਤ ਕਾ ਇਮਤਿਹਾਨ ਲੇਨਾ ਥਾ, ਮੇਰੇ ਅਜ਼ੀਜ਼! (ਜ਼ੁਲਮ ਦੇ ਤਰਕਸ਼ ਨੇ ਆਪਣੇ ਤੀਰਾਂ ਨੂੰ ਪਰਖਣਾ ਸੀ-ਸੰ.)। ਤੁਮਹਾਰੀ ਇਸ ਬਹਿਨ ਕਾ ਖ਼ੂਨ ਜ਼ਰੂਰ ਰੰਗ ਲਾਏਗਾ। ਮੇਰੇ ਗੀਤੋਂ ਕੇ ਜ਼ੀਰ-ਓ-ਬਮ ਮੇਂ (ਉਤਰਾਵਾਂ ਚੜ੍ਹਾਵਾਂ) ਉਸ ਕਮਸਿਨ ਰੂਹ ਕੀ ਫੜਫੜਾਹਟ ਔਰ ਉਸ ਕੀ ਦਿਲਦੋਜ਼ (ਦਿਲ ਨੂੰ ਹੱਥ ਪਾਉਂਦੀਆਂ) ਚੀਖ਼ੇਂ ਹੈਂ। ਯੇ ਗੀਤ ਸੁਕੂਨ ਕੇ ਦਾਮਨ ਕੋ ਤਾਰ ਤਾਰ ਕਰੇਂਗੇ। ਏਕ ਹੰਗਾਮਾ ਹੋਗਾ। ਸੁਕੂਨ ਕਾ ਸੀਨਾ ਤਾਰ ਤਾਰ ਹੋ ਜਾਏਗਾ। ਮੇਰੀ ਬੇ-ਲਗਾਮ ਆਵਾਜ਼ ਬੁਲੰਦ ਸੇ ਬੁਲੰਦਤਰ ਹੋਤੀ ਜਾਏਗੀ ਫਿਰ ਕਯਾ ਹੋਗਾ? ਫਿਰ ਕਯਾ ਹੋਗਾ? ਯੇ ਮੁਝੇ ਮਾਲੂਮ ਨਹੀਂ। ਆਓ, ਦੇਖੋ, ਇਸ ਸੀਨੇ ਮੇਂ ਕਿਤਨੀ ਆਗ ਸੁਲਗ ਰਹੀ ਹੈ!”
ਇਹ ਕਹਿੰਦੇ ਹੋਏ ਉਸ ਨੇ ਮੇਰਾ ਹੱਥ ਪਕੜਿਆ। ਤੇ ਇਸਨੂੰ ਕੋਟ ਦੇ ਅੰਦਰ ਲਿਜਾਅ ਕੇ ਆਪਣੇ ਸੀਨੇ ‘ਤੇ ਰੱਖ ਦਿੱਤਾ। ਉਸ ਦੇ ਹੱਥਾਂ ਦੀ ਤਰ੍ਹਾਂ ਉਸਦਾ ਸੀਨਾ ਵੀ ਗ਼ੈਰ-ਮਮੂਲੀ ਤੌਰ ‘ਤੇ ਗਰਮ ਸੀ। ਉਸ ਵਕਤ ਉਸ ਦੀਆਂ ਅੱਖਾਂ ਦੇ ਡੋਰੇ ਬਹੁਤ ਉਭਰੇ ਹੋਏ ਸੀ। ਮੈਂ ਆਪਣਾ ਹੱਥ ਹਟਾਅ ਲਿਆ। ਤੇ ਕੰਬਦੀ ਹੋਈ ਅਵਾਜ਼ ਵਿਚ ਕਿਹਾ,
“ਤੁਸੀਂ ਬਿਮਾਰ ਹੋ। ਕੀ ਮੈਂ ਤੁਹਾਨੂੰ ਘਰ ਛੱਡ ਆਵਾਂ?”
“ਨਹੀਂ ਮੇਰੇ ਅਜ਼ੀਜ਼, ਮੈਂ ਬਿਮਾਰ ਨਹੀਂ ਹਾਂ।” ਉਸ ਨੇ ਜ਼ੋਰ ਦੀ ਆਪਣੇ ਸਿਰ ਨੂੰ ਹਿਲਾਇਆ। “ਇਹ ਇੰਤਕਾਮ ਦੀ ਅੱਗ ਹੈ ਜੋ ਮੇਰੇ ਅੰਦਰ ਗਰਮ ਸਾਹ ਲੈ ਰਹੀ ਹੈ। ਮੈਂ ਇਸ ਦਬੀ ਹੂਈ ਆਗ ਕੋ ਅਪਨੇ ਗੀਤੋਂ ਕੇ ਦਾਮਨ ਸੇ ਹਵਾ ਦੇ ਰਹਾ ਹੂੰ, ਕਿ ਯੇ ਸ਼ੋਲੋਂ ਮੇਂ ਤਬਦੀਲ ਹੋ ਜਾਏ।”
“ਇਹ ਠੀਕ ਹੈ ਪਰ ਤੁਹਾਡੀ ਤਬੀਅਤ ਸੱਚੀਂ ਮੁੱਚੀਂ ਖਰਾਬ ਹੈ। ਤੁਹਾਡੇ ਹੱਥ ਬਹੁਤ ਗਰਮ ਹਨ। ਇਸ ਸਰਦੀ ਵਿਚ ਤੁਹਾਨੂੰ ਜ਼ਿਆਦਾ ਬੁਖਾਰ ਹੋ ਜਾਣ ਦਾ ਡਰ ਹੈ।” ਉਸ ਦੇ ਹੱਥਾਂ ਦੀ ਗ਼ੈਰ ਮਮੂਲੀ ਗਰਮੀ ਤੇ ਅੱਖਾਂ ਵਿਚ ਉੱਭਰੇ ਹੋਏ ਸੁਰਖ ਡੋਰੇ ਸਾਫ਼ ਤੌਰ ‘ਤੇ ਦੱਸ ਰਹੇ ਸਨ ਕਿ ਉਸਨੂੰ ਕਾਫ਼ੀ ਬੁਖਾਰ ਹੈ।
ਉਸਨੇ ਮੇਰੇ ਕਹਿਣ ਦੀ ਕੋਈ ਪਰਵਾਹ ਨਾ ਕੀਤੀ ਤੇ ਜੇਬਾਂ ਵਿਚ ਹੱਥ ਘੁਸੇੜ ਕੇ ਮੇਰੇ ਵੱਲ ਬੜੇ ਗ਼ੌਰ ਨਾਲ ਦੇਖਦੇ ਹੋਏ ਕਿਹਾ,
“ਯੇ ਮੁਮਕਿਨ ਹੋ ਸਕਤਾ ਹੈ ਕਿ ਲਕੜੀ ਜਲੇ ਔਰ ਧੂੰਆਂ ਨਾ ਦੇ ਮੇਰੇ ਅਜ਼ੀਜ਼! ਇਨ ਆਂਖੋਂ ਨੇ ਐਸਾ ਸਮਾਂ ਦੇਖਾ ਹੇ ਕਿ ਉਨ ਕੋ ਉਬਲ ਕਰ ਬਾਹਰ ਆਨਾ ਚਾਹੀਏ ਥਾ। ਕਯਾ ਕਹਿ ਰਹੇ ਥੇ ਕਿ ਮੈਂ ਬਿਮਾਰ ਹੂੰ? ਹਾ, ਹਾ, ਹਾ, ਬੀਮਾਰੀ। ਕਾਸ਼ ਕਿ ਸਬ ਲੋਗ ਮੇਰੀ ਤਰਹ ਬੀਮਾਰ ਹੋਤੇ। ਜਾਓ, ਆਪ ਜੈਸੇ ਨਾਜ਼ੁਕ ਮਿਜ਼ਾਜ ਮੇਰੀ ਆਹੋਂ ਕੇ ਖ਼ਰੀਦਾਰ ਨਹੀਂ ਹੋ ਸਕਤੇ।”
“ਮਗਰ…!!”
“ਮਗਰ ਵਗਰ ਕੁਛ ਨਹੀਂ।” ਉਹ ਅਚਾਨਕ ਜੋਸ਼ ਵਿਚ ਚੀਖਣ ਲੱਗਾ। “ਇਨਸਾਨੀਅਤ ਕੇ ਬਾਜ਼ਾਰ ਮੇਂ ਸਿਰਫ਼ ਤੁਮ ਲੋਗ ਬਾਕੀ ਰਹਿ ਗਏ ਹੋ, ਜੋ ਖੋਖਲੇ ਕ਼ਹਕ਼ਹੋਂ (ਠਹਾਕਿਆਂ) ਔਰ ਫੀਕੇ ਤਬੱਸੁਮੋਂ (ਮੁਸਕਾਨਾਂ) ਕੇ ਖ਼ਰੀਦਾਰ ਹੋ। ਏਕ ਜ਼ਮਾਨੇ ਸੇ ਤੁਮਹਾਰੇ ਮਜ਼ਲੂਮ ਭਾਈਓਂ ਔਰ ਬਹਨੋਂ ਕੀ ਫ਼ਲਕ-ਸ਼ਿਗਾਫ਼ ਚੀਖ਼ੇਂ (ਅਸਮਾਨ ਚੀਰਦੀਆਂ) ਤੁਮਹਾਰੇ ਕਾਨੋਂ ਸੇ ਟਕਰਾਅ ਰਹੀ ਹੈ ਮਗਰ ਤੁਮਹਾਰੀ ਖ਼ਵਾਬੀਦਾ ਸਮਾਅਤ ਮੇਂ ਇਰਤਿਆਸ਼ ਪੈਦਾ ਨਹੀਂ ਹੂਆ। (ਸੁੱਤਉਨੀਂਦੇਪਣ ਵਿਚ ਜੁਆਬੀ ਹਲਚਲ) ਆਓ ਅਪਨੀ ਰੂਹੋਂ ਕੋ ਮੇਰੀ ਆਹੋਂ ਕੀ ਆਂਚ ਦੋ। ਯੇ ਉਨ੍ਹੇਂ ਹੱਸਾਸ ਬਨਾ ਦੇਂਗੀ।” ਮੈਂ ਉਸ ਦੀ ਗ਼ੁਫ਼ਤਗ਼ੂ ਨੂੰ ਗ਼ੌਰ ਨਾਲ ਸੁਣ ਰਿਹਾ ਸੀ। ਮੈਂ ਹੈਰਾਨ ਸੀ, ਕਿ ਉਹ ਚਾਹੁੰਦਾ ਕੀ ਹੈ। ਤੇ ਉਸ ਦੇ ਖ਼ਿਆਲਾਤ ਇਸ ਕਦਰ ਪਰੇਸ਼ਾਨ ਤੇ ਤੜਫ਼ਦੇ ਕਿਓਂ ਹਨ। ਬਹੁਤੀ ਤਾਂ ਇਕ ਅਜੀਬ ਕਿਸਮ ਦੀ ਦੀਵਾਨਗੀ ਸੀ। ਉਸ ਦੀ ਉਮਰ ਇਹੀ ਕੋਈ ਪੱਚੀ ਸਾਲਾਂ ਦੇ ਕਰੀਬ ਹੋਵੇਗੀ। ਦਾੜ੍ਹੀ ਦੇ ਵਾਲ ਜੋ ਇੱਕ ਅਰਸੇ ਤੋਂ ਮੁੰਨੇ ਨਹੀਂ ਗਏ ਸੀ, ਕੁਝ ਇਸ ਅੰਦਾਜ਼ ਵਿਚ ਉਸਦੇ ਚਿਹਰੇ ‘ਤੇ ਉੱਗੇ ਹੋਏ ਸੀ ਕਿ ਲੱਗਦਾ ਸੀ, ਕਿਸੇ ਖੁਸ਼ਕ ਰੋਟੀ ‘ਤੇ ਬਹੁਤ ਸਾਰੀਆਂ ਕੀੜੀਆਂ ਚੰਬੜੀਆਂ ਹੋਈਆਂ ਨੇ। ਗੱਲ੍ਹਾਂ ਅੰਦਰ ਨੂੰ ਪਿਚਕੀਆਂ ਹੋਈਆਂ, ਮੱਥਾ ਬਾਹਰ ਨੂੰ ਉੱਭਰਿਆ ਹੋਇਆ। ਨੱਕ ਨੋਕੀਲਾ। ਅੱਖਾਂ ਵੱਡੀਆਂ ਜਿਨ੍ਹਾਂ ਤੋਂ ਵਹਿਸ਼ਤ (ਡਾਢਾ ਉਲਾਰਪੁਣਾ) ਟਪਕਦੀ ਸੀ। ਸਿਰ ‘ਤੇ ਖੁਸ਼ਕ ਅਤੇ ਮਿੱਟੀ ਘੱਟੇ ਨਾਲ ਭਰੇ ਵਾਲਾਂ ਦਾ ਇੱਕ ਗਾੜ੍ਹ-ਹਜੂਮ। ਵੱਡੇ ਸਾਰੇ ਭੂਰੇ ਕੋਟ ਵਿਚ ਉਹ ਵਾਕਈ ਸ਼ਾਇਰ ਲੱਗ ਰਿਹਾ ਸੀ, ਇੱਕ ਦੀਵਾਨਾ ਸ਼ਾਇਰ, ਜਿਵੇਂ ਕਿ ਉਸਨੇ ਆਪ ਇਸ ਨਾਂ ਨਾਲ ਆਪਣੀ ਵਾਕਫ਼ੀ ਕਰਾਈ ਸੀ।
ਮੈਂ ਅਕਸਰ ਕਈ ਵਾਰ ਅਖਬਾਰਾਂ ਵਿਚ ਇੱਕ ਜਮਾਤ ਦਾ ਹਾਲ ਪੜ੍ਹਿਆ ਸੀ। ਉਸ ਜਮਾਤ ਦੇ ਲੋਕਾਂ ਦੇ ਖਿਆਲ ਇਸ ਦੀਵਾਨੇ ਸ਼ਾਇਰ ਦੇ ਖ਼ਿਆਲਾਂ ਨਾਲ ਬਹੁਤ ਮਿਲਦੇ ਜੁਲਦੇ ਸਨ। ਮੈਨੂੰ ਲੱਗਾ ਕਿ ਸ਼ਾਇਦ ਇਹ ਵੀ ਉਸੇ ਪਾਰਟੀ ਦਾ ਮੈਂਬਰ ਹੈ।
“ਤੁਸੀਂ ਇਨਕਲਾਬੀ ਲੱਗਦੇ ਹੋ।”
ਇਸ ‘ਤੇ ਉਹ ਖਿੜਖਿੜਾਅ ਕੇ ਹੱਸ ਪਿਆ। ‘ਇਹ ਤੁਸੀਂ ਬਹੁਤ ਵੱਡੀ ਖੋਜ ਕੀਤੀ ਹੈ। ਮੀਆਂ, ਮੈਂ ਤਾਂ ਕੋਠਿਆਂ-ਛੱਤਾਂ ‘ਤੇ ਚੜ੍ਹ ਚੜ੍ਹ ਕੂਕਦਾ ਹਾਂ ਮੈਂ ਇਨਕਲਾਬੀ ਹਾਂ, ਮੈਂ ਇਨਕਲਾਬੀ ਹਾਂ, ਮੈਨੂੰ ਰੋਕ ਲਏ ਜਿਸ ਤੋਂ ਰੋਕਿਆ ਜਾਂਦਾ ਹਾਂ, ਤੁਸੀਂ ਤਾਂ ਸੱਚਮੁਚ ਬਹੁਤ ਵੱਡੀ ਖੋਜ ਕੀਤੀ ਹੈ।”
ਇਹ ਕਹਿ ਕੇ ਹੱਸਦੇ ਹੋਏ ਵੀ ਉਹ ਅਚਾਨਕ ਸੰਜੀਦਾ ਹੋ ਗਿਆ।
“ਸਕੂਲ ਦੇ ਕਿਸੇ ਸਟੁਡੈਂਟ ਦੀ ਤਰ੍ਹਾਂ ਇਨਕਲਾਬ ਦੇ ਅਸਲੀ ਮਾਅਨਿਆਂ ਤੋਂ ਤੁਸੀਂ ਵੀ ਅਣਜਾਣ ਹੋ। ਇਨਕਲਾਬੀ ਉਹ ਹੈ ਜੋ ਹਰ ਨਾਇਨਸਾਫ਼ੀ ਤੇ ਹਰ ਗਲਤੀ ਦੇ ਉੱਤੇ ਚੀਖ਼ ਪਏ। ਇਨਕਲਾਬੀ ਉਹ ਹੈ ਜੋ ਸਭ ਜ਼ਮੀਨਾਂ, ਸਭ ਅਸਮਾਨਾਂ, ਸਭ ਭਾਸ਼ਾਵਾਂ ਤੇ ਸਭ ਵਕਤਾਂ ਦਾ ਇੱਕ ਮੁਜੱਸਮ ਗੀਤ ਹੋਵੇ; ਇਨਕਲਾਬੀ, ਸਮਾਜ ਦੇ ਬੁੱਚੜਖਾਨੇ ਦੀ ਇੱਕ ਬੀਮਾਰ ਤੇ ਫਾਕਿਆਂ ਮਾਰੀ ਭੀੜ ਨਹੀਂ, ਉਹ ਇੱਕ ਮਜ਼ਦੂਰ ਹੈ ਸਰੀਰੋਂ-ਤਕੜਾ, ਜੋ ਆਪਣੇ ਲੋਹੇ ਦੇ ਹਥੌੜੇ ਦੀ ਇੱਕ ਮਾਰ ਨਾਲ ਹੀ ਜੰਨਤ ਜਿਹੀ ਦੁਨੀਆ ਦੇ ਦਰਵਾਜ਼ੇ ਖੋਲ੍ਹ ਸਕਦਾ ਹੈ। ਮੇਰੇ ਅਜ਼ੀਜ਼! ਇਹ ਫ਼ਲਸਫ਼ਿਆਂ, ਸੁਫ਼ਨਿਆਂ ਤੇ ਨਜ਼ਰੀਇਆਂ ਦਾ ਜ਼ਮਾਨਾ ਨਹੀਂ, ਇਨਕਲਾਬ ਇੱਕ ਠੋਸ ਹਕੀਕਤ ਹੈ, ਇਹ ਇੱਥੇ ਮੌਜੂਦ ਹੈ। ਉਸ ਦੀਆਂ ਲਹਿਰਾਂ ਵਧ ਰਹੀਆਂ ਹਨ। ਕੌਣ ਹੈ ਜੋ ਹੁਣ ਇਸ ਨੂੰ ਰੋਕ ਸਕਦਾ ਹੈ। ਇਹ ਬੰਨ੍ਹ ਲਾਉਣ ਨਾਲ ਨਹੀਂ ਰੁਕ ਸਕਣਗੀਆਂ!”
ਉਸ ਦਾ ਹਰ ਲਫ਼ਜ਼ ਹਥੌੜੇ ਦੀ ਉਸ ਮਾਰ ਵਰਗਾ ਸੀ ਜੋ ਸੁਰਖ ਲੋਹੇ ਦੇ ਉੱਤੇ ਪੈ ਕੇ ਉਸ ਦੀ ਸ਼ਕਲ ਤਬਦੀਲ ਕਰ ਰਿਹਾ ਹੋਏ। ਮੈਂ ਮਹਿਸੂਸ ਕੀਤਾ ਕਿ ਮੇਰੀ ਰੂਹ ਕਿਸੇ ਅਣਦਿਸਦੀ ਸ਼ੈਅ ਨੂੰ ਸਿਜਦਾ ਕਰ ਰਹੀ ਹੈ।
ਸ਼ਾਮ ਦੀ ਕਾਲਖ ਹੌਲੀ ਹੌਲੀ ਵਧ ਰਹੀ ਸੀ, ਨਿੰਮ ਦੇ ਦ੍ਰਖ਼ਤ ਕੰਬ ਰਹੇ ਸੀ, ਸ਼ਾਇਦ ਮੇਰੇ ਸੀਨੇ ਵਿਚ ਇੱਕ ਨਵਾਂ ਜਹਾਨ ਅਬਾਦ ਹੋ ਰਿਹਾ ਸੀ। ਅਚਾਨਕ ਮੇਰੇ ਦਿਲ ਵਿਚੋਂ ਕੁਝ ਲਫ਼ਜ਼ ਉੱਠੇ ਤੇ ਬੁੱਲ੍ਹਾਂ ‘ਚੋਂ ਬਾਹਰ ਨਿੱਕਲ ਗਏ।
“ਅਗਰ ਇਨਕਲਾਬ ਯਹੀ ਹੈ ਤੋ ਮੈਂ ਭੀ ਇਨਕਲਾਬੀ ਹੂੰ!”
ਸ਼ਾਇਰ ਨੇ ਆਪਣਾ ਸਿਰ ਚੁੱਕਿਆ ਤੇ ਮੇਰੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ,
“ਤਾਂ ਫੇਰ ਆਪਣੇ ਖੂਨ ਨੂੰ ਕੱਢ ਕੇ ਕਿਸੇ ਤਸ਼ਤਰੀ ਵਿਚ ਰੱਖ ਛੱਡ, ਕਿਓਂਕਿ ਸਾਨੂੰ ਆਜ਼ਾਦੀ ਦੇ ਖੇਤ ਦੇ ਲਈ ਇਸ ਸੁਰਖ ਖਾਦ ਦੀ ਬਹੁਤ ਜ਼ਰੂਰਤ ਮਹਿਸੂਸ ਹੋਏਗੀ। ਆਹ! ਵੋ ਵਕਤ ਕਿੰਨਾ ਖ਼ੁਸ਼-ਗਵਾਰ ਹੋਗਾ ਜਬ ਮੇਰੀ ਆਹੋਂ ਕੀ ਜ਼ਰਦੀ ਤਬੱਸੁਮ ਕਾ ਰੰਗ ਇਖ਼ਤਿਆਰ ਕਰ ਲੇਗੀ।”
ਇਹ ਕਹਿ ਕੇ ਉਹ ਖੂਹ ਦੀ ਮੁੰਡੇਰ ਤੋਂ ਉੱਠਿਆ ਤੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਕੇ ਕਹਿਣ ਲੱਗਾ, “ਇਸ ਦੁਨੀਆ ਵਿਚ ਇਹੋ ਜਿਹੇ ਲੋਕ ਮੌਜੂਦ ਹਨ ਜੋ ਆਪਣੇ ਹਾਲ ਨਾਲ ਤਸੱਲੀ ਵਿਚ ਹਨ। ਜੇ ਤੈਨੂੰ ਆਪਣੀ ਰੂਹ ਦਾ ਬਲੀਦਗੀ (ਉਚਿਆਈ) ਹਾਸਿਲ ਕਰਦੇ ਰਹਿਣਾ ਮਨਜ਼ੂਰ ਹੈ ਤਾਂ ਐਸੇ ਲੋਕਾਂ ਤੋਂ ਹਮੇਸ਼ਾ ਦੂਰ ਰਹਿਣ ਦੀ ਸਈ ਕਰੀਂ। ਇਨ੍ਹਾਂ ਦਾ ਅਹਿਸਾਸ ਪਥਰਾਅ ਗਿਆ ਹੈ। ਮੁਸਤਕਬਿਲ ਕੇ ਜਾਂ-ਬਖ਼ਸ਼ ਮਨਾਜ਼ਿਰ ਉਨ ਕੀ ਨਿਗਾਹੋਂ ਸੇ ਹਮੇਸ਼ਾ ਓਝਲ ਰਹੇਂਗੇ।….(ਆਉਣ ਵਾਲੇ ਕੱਲ੍ਹ ਦੇ ਜਾਨ ਪਾਉਣ ਵਾਲੇ ਨਜ਼ਾਰੇ ਉਨ੍ਹਾਂ ਦੀਆਂ ਅੱਖਾਂ ਤੋਂ ਹਮੇਸ਼ਾ ਲੁਕੇ ਰਹਿਣਗੇ।) ਅੱਛਾ, ਹੁਣ ਮੈਂ ਚੱਲਦਾ ਹਾਂ।”
ਉਸ ਨੇ ਬੜੇ ਪਿਆਰ ਨਾਲ ਮੇਰਾ ਹੱਥ ਘੁੱਟਿਆ, ਤੇ ਇਸ ਤੋਂ ਪਹਿਲਾਂ ਕਿ ਮੈਂ ਉਸ ਨਾਲ ਕੋਈ ਹੋਰ ਗੱਲ ਕਰਦਾ ਉਹ ਲੰਬੇ ਕਦਮ ਭਰਦਾ ਹੋਇਆ ਝਾੜੀਆਂ ਦੇ ਝੁੰਡ ਵਿਚ ਗ਼ਾਇਬ ਹੋ ਗਿਆ।
ਬਾਗ਼ ਦੀ ਫ਼ਿਜ਼ਾ ‘ਤੇ ਖ਼ਾਮੋਸ਼ੀ ਤਾਰੀ ਸੀ। ਮੈਂ ਸਿਰ ਝੁਕਾਈ ਰੱਬ ਜਾਣੇ ਕਿੰਨਾ ਚਿਰ ਆਪਣੇ ਖ਼ਿਆਲਾਂ ਵਿਚ ਡੁੱਬਾ ਰਿਹਾ ਕਿ ਅਚਾਨਕ ਉਸ ਸ਼ਾਇਰ ਦੀ ਅਵਾਜ਼ ਰਾਤ ਦੀ ਰਾਣੀ ਦੀ ਦਿਲ-ਨਵਾਜ਼ ਖ਼ੁਸ਼ਬੋਅ ਵਿਚ ਘੁਲੀ ਹੋਈ ਮੇਰੇ ਕੰਨਾਂ ਤੱਕ ਪਹੁੰਚੀ। ਉਹ ਬਾਗ਼ ਦੀ ਦੂਸਰੀ ਨੁੱਕਰੇ ਗਾ ਰਿਹਾ ਸੀ।
“ਜ਼ਮੀਨ ਸਿਤਾਰੋਂ ਕੀ ਤਰਫ਼ ਲਲਚਾਈ
ਹੂਈਂ ਨਜ਼ਰੋਂ ਸੇ ਦੇਖ ਰਹੀ ਹੈ।
ਉਠੋ ਔਰ ਉਨ ਨਗੀਨੋਂ ਕੋ
ਇਸ ਕੇ ਨੰਗੇ ਸੀਨੇ ਪਰ ਜੜ ਦੋ।
ਢਾਓ, ਖੋਦੋ, ਬੇਰੋਕ, ਪਥਰਾਵ।
ਮੈਂ ਆਹੋਂ ਕਾ ਵਿਓਪਾਰੀ ਹੂੰ।
ਨਈ ਦੁਨੀਆ ਬਨਾਨੇ ਵਾਲੋ!
ਕਿਆ ਤੁਮਹਾਰੇ ਬਾਜ਼ੂਓਂ ਮੇਂ ਕੁੱਵਤ ਨਹੀਂ ਹੈ।
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ।”

ਗੀਤ ਖਤਮ ਹੋਣ ‘ਤੇ ਮੈਂ ਬਾਗ਼ ਵਿਚ ਕਿੰਨਾ ਚਿਰ ਬੈਠਾ ਰਿਹਾ, ਇਹ ਮੈਨੂੰ ਬਿਲਕੁਲ ਯਾਦ ਨਹੀਂ। ਅੱਬਾ ਕਹਿੰਦੇ ਹਨ ਕਿ ਮੈਂ ਓਸ ਦਿਨ ਘਰ ਬਹੁਤ ਦੇਰ ਨਾਲ ਆਇਆ ਸੀ।

(ਇਹ ਕਹਾਣੀ ਮੰਟੋ ਨੇ 1931 ਵਿਚ ਲਿਖੀ ਜਦੋਂ ਉਹ 19 ਸਾਲ ਦੇ ਸਨ, ਭਗਤ ਸਿੰਘ ਤੇ ਸਾਥੀਆਂ ਦੀ ਫਾਂਸੀ ਤੋਂ ਬਾਅਦ, ਪਰ 1936 ਤੋਂ ਬਾਅਦ ਛਪੀ ਕਿਤਾਬ ਵਿਚ ਹੀ ਜਾ ਕੇ ਛਾਪੀ (ਗੋਰਕੀ ਦੀ ਮੌਤ ਬਾਅਦ)। ਜਲ੍ਹਿਆਂਵਾਲਾ ਤੋਂ ਬਾਅਦ ਗਰਮ ਲਹਿਰ ਨੇ ਜ਼ੋਰ ਪਕੜਿਆ ਤੇ ਹੋਂਦ ਵਿਚ ਆਉਣੀ ਸ਼ੁਰੂ ਹੋਈ। ਹਰ ਨੌਜਵਾਨ ਅੱਗੇ ਸੁਆਲ ਪਾਉਂਦੀ। 1919 ਵਿਚ ਰੋਲੈੱਟ ਐਕਟ ਦੀ ਤਾਨਾਸ਼ਾਹੀ ਬਾਰੇ ਜਨ-ਰੋਸ ਦਾ ਹੁਕਮ ਵੀ ਸ਼ਾਇਦ ਗਾਂਧੀ ਨੇ ਨਹੀਂ ਸੀ ਦਿੱਤਾ।-ਸੰ)

(ਅਨੁਵਾਦ: ਪੂਨਮ ਸਿੰਘ; ਮੁਨੀਰ ਹੋਸ਼ਿਆਰਪੁਰੀਆ, ਲਾਹੌਰ)
(‘ਪ੍ਰੀਤਲੜੀ’ ਤੋਂ ਧੰਨਵਾਦ ਸਹਿਤ)

ਟੋਟੇ ਟੋਟੇ ਜ਼ਿੰਦਗੀ

by Sandeep Kaur April 21, 2020

ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ , ਸੱਚ ਕੀ ਹੁੰਦਾ ਏ, ਤੇ ਅਸੀਂ ਇੱਕੋ ਪੱਖ ਵੇਖਕੇ ਕਿਵੇ ਧਰਤੀ ਮੂਧੀ ਕਰਨ ਤੱਕ ਜਾਨੇ ਆਂ । ਉਹ ਵੀਰ ਦੱਸ ਰਿਹਾ ਏ , ਕੁਝ ਗੁੱਝੀਆਂ ਰਮਜ਼ਾਂ, ਕਿਵੇ ਕਾਰਪੋਰੇਟ ਸੈਕਟਰ , ਮਨੁੱਖਾਂ ਦੀ ਫਸਲ ਕੱਟਣ ਦੀ ਤਿਆਰੀ ਚ ਏ , ਨਸ਼ਿਆਂ ਦਾ ਕਾਰੋਬਾਰ ਕਿਵੇ ਗਿਣ ਮਿਥ ਕੇ ਸਾਡੀ ਨਸਲਕੁਸ਼ੀ ਕਰ ਰਿਹਾ ਏ,ਕਿਰਦਾਰ ਤਾਂ ਪਹਿਲਾਂ ਈ ਗਰਕ ਚੁੱਕਾ ਏ ।ਵਾੜ ਈ ਖੇਤ ਨੂੰ ਖਾ ਰਹੀ ਏ । ਗੱਲ ਖਤਮ ਹੋਈ । ਫ਼ੋਨ ਸਿਰਹਾਣੇ ਰੱਖ ਲਿਆ ।
ਫਿਰ ਟਨਨ ਦੀ ਆਵਾਜ਼ ਏ, ਵੀਡੀਓ ਸ਼ੇਅਰ ਕੀਤੀ ਏ ਕਿਸੇ ਨੇ । ਸਾਡੇ ਜਾਨ ਓ ਮਾਲ ਦੇ ਰਾਖੇ ਪੁਲਸੀਏ, ਪੰਦਰਾਂ ਕੁ ਜਣੇ ਰਲ ਕੇ ਹੱਡਾਰੋੜੀ ਦੇ ਕੁੱਤਿਆਂ ਦਾ ਰੂਪ ਧਾਰੀ ਖੜੇ ਨੇ , ਇੱਕ ਪਿਓ ਪੁੱਤਰ ਨੂੰ ਛੱਲੀਆਂ ਵਾਂਗ ਝੰਬ ਰਹੇ ਨੇ ।
ਇਹ ਕੁਝ ਦੇਖਿਆ ਈ ਏ ਤਾਂ ਇੱਕ ਹੋਰ ਸੀਨ ਆ ਗਿਆ, ਕੁਝ ਹੱਟੇ ਕੱਟੇ ਬੰਦੇ ਇੱਕ ਔਰਤ ਨੂੰ ਕਸਾਈਆਂ ਵਾਂਗ ਕੋਹ ਰਹੇ ਨੇ , ਮਾਸੂਮ ਦੁਹਾਈ ਪਾ ਰਿਹਾ ਏ ਕਿ ਮੇਰੀ ਮੰਮਾ ਨੇ ਮਰ ਜਾਣਾ ।
ਮੈ ਸੋਚ ਰਿਹਾ ਹਾਂ ਕਿ ਕਿਹੋ ਜਿਹਾ ਦਿਨ ਚੜ੍ਹਿਆ ਏ ਅੱਜ , ਹਾਲੇ ਚਾਹ ਵੀ ਨਹੀ ਪੀਤੀ ਕਿ ਮਨ ਉਦਾਸ ਹੋ ਗਿਆ । ਏਨੀ ਹੈਵਾਨੀਅਤ, ਏਨੀ ਅਫਰਾ ਤਫਰੀ, ਏਨੀ ਬੇਕਿਰਕੀ ।
ਪੰਦਰਾਂ ਕੁ ਸਾਲ ਪਹਿਲਾਂ ,ਜਦੋਂ ਸੋਸ਼ਲ ਮੀਡੀਆ, ਸਮਾਰਟਫੋਨ ਨਹੀ ਸਨ , ਤਾਂ ਸੱਤ ਯੁਰੋ ਦੇ ਕਾਰਡ ਤੋ ਪੈਂਤੀ ਮਿੰਟ ਗੱਲ ਕਰਨੀ ਆਪਣੇ ਵਤਨ। ਟਾਈਮ ਵੰਡ ਕੇ ਫ਼ੋਨ ਕਰਨੇ ਪਰ ਆਨੰਦ ਆ ਜਾਂਦਾ ਸੀ,ਪਰ ਤਕਨਾਲੋਜੀ ਦੇ ਪਸਾਰ ਨੇ ਸਹੂਲਤਾਂ ਦੇ ਕੇ ਸਕੂਨ ਖੋਹ ਲਿਆ ਏ , ਕਿਤੇ ਜ਼ਰਾ ਜਿੰਨੀ ਗੱਲ ਹੁੰਦੀ ਏ ਤਾ ਆਪੇ ਬਣੇ ਕੈਮਰਾਮੈਨ ਲਾਈਵ ਹੋ ਕੇ ਦੁਨੀਆਂ ਤੇ ਲਾਂਬੂ ਲਾ ਦੇਂਦੇ ਨੇ । ਇਹਨਾਂ ਸਹੂਲਤਾਂ ਨੇ ਸਰੀਰ ਨੂੰ ਵਿਹਲਾ ਤੇ ਨਿਕੰਮਾ ਕਰ ਦਿੱਤਾ ਏ ਪਰ ਮਨ ਲਈ ਇੱਕ ਪਲ ਵੀ ਚੈਨ ਨਹੀ ਰਹਿਣ ਦਿੱਤਾ ।
ਹਰ ਵਕਤ ਹਾਲਾ ਲਾਲਾ, ਦਗੜ ਦਗੜ । ਜਾਣੇ ਅਨਜਾਣੇ , ਅਸੀਂ ਵੀ ਪਤਾ ਨਹੀ ਲੱਗਦਾ ਕਦੋ ਇਸ ਨਾ ਮੁੱਕਣ ਵਾਲੀ ਮੈਰਾਥਨ ਚ ਭੱਜ ਪੈਂਦੇ ਆਂ, ਫਿਰ ਹੰਭਦੇ ਆਂ, ਫਿਰ ਭੱਜਦੇ ਆਂ । ਮਨ ਦਾ ਚੈਨ ਜੋ ਅਨਮੋਲ ਏ, ਖੋਹ ਬੈਠੇ ਆਂ। ਇਨਸਾਨ ਨਹੀਂ, ਰੋਬੋਟ ਬਣ ਕੇ ਵਿਚਰ ਰਹੇ ਆਂ, ਜੋ ਕੰਮ ਤਾ ਕਰਦੈ, ਪਰ ਅਹਿਸਾਸ ਤੋ ਹੀਣਾ,ਭਾਵਨਾਵਾਂ ਤੋ ਸੱਖਣਾ ।
ਕਿਤੇ ਘੁੰਮਣ ਫਿਰਨ ਜਾ ਰਹੇ ਆਂ ਤਾਂ ਪੁੱਜਣ ਦੀ ਕਾਹਲ ਚ ਸਫਰ ਦਾ ਆਨੰਦ ਗਵਾ ਲਿਆ, ਕਿਸੇ ਕੋਲ ਮਿਲਣ ਗਏ ਤਾਂ ਜਾ ਕੇ ਵੀ ਫ਼ੋਨ ਚ ਡੁੱਬੇ ਰਹੇ , ਕੋਈ ਮਿਲਣ ਆਇਆ ਏ ਦੂਰ ਦੁਰਾਡਿਓਂ, ਪਰ ਅੱਖਾਂ ਚਿਹਰਿਆਂ ਵੱਲ ਨਹੀ, ਫ਼ੋਨ ਸਕਰੀਨ ਵੱਲ ਬਾਰ ਬਾਰ ਜਾ ਰਹੀਆਂ ਨੇ ।
ਹਕੀਕਤ ਏ ਕਿ ਹਰ ਸ਼ੈਅ ਜ਼ਿੰਦਗੀ ਵਾਸਤੇ ਐ, ਪਰ ਅਸੀਂ ਵਸਤਾਂ ਚ ਜ਼ਿੰਦਗੀ ਰੋਲ ਬੈਠੇ ਆਂ।ਨਿੱਕੇ ਨਿੱਕੇ ਟੁਕੜਿਆਂ ਚ ਵੱਟ ਗਈ ਏ ਜ਼ਿੰਦਗੀ । ਸਹੂਲਤਾਂ ਦੀ ਹਨੇਰੀ ਚ ਸੁਖ ਦਾ ਸਾਹ ਲੈਣਾ ਵੀ ਦੁਸ਼ਵਾਰ ਹੋ ਗਿਆ ਏ ।ਕਿੱਥੇ ਕੁ ਰੁਕਾਂਗੇ ਜਾ ਕੇ , ਰੱਬ ਜਾਣੇ ।

ਦਵਿੰਦਰ ਸਿੰਘ ਜੌਹਲ

ਲਾਲਚ ਅਤੇ ਮਨੁੱਖ

by Sandeep Kaur April 20, 2020

ਲਾਲਚ ਇਨਸਾਨ ਨੂੰ ਇਨਸਾਨ ਰਹਿਣ ਈ ਨਹੀ ਦਿੰਦਾ । ਇਨਸਾਨ ਨੇ ਰੱਬ ਨੂੰ ਵੀ ਆਪਣੇ ਵਰਗਾ ਈ , ਲੈ ਦੇ ਕੇ ਕੰਮ ਕਰਨ ਵਾਲਾ ਸਮਝ ਛੱਡਿਆ , ਜਿਵੇ ਰੱਬ ਨਾ ਹੋਵੇ , ਕਿਸੇ ਦਫਤਰ ਵਿੱਚ ਬੈਠਾ ਰਿਸ਼ਵਤਖ਼ੋਰ ਅਧਿਕਾਰੀ ਹੋਵੇ । ਮਜੀਠੇ ਕੋਲ ਬਾਬੇ ਰੋਡੇ ਦੀ ਯਗਾ ਏ, ਲੋਕੀਂ ਆਪਣੇ ਜਾਇਜ਼ ਨਾਜਾਇਜ਼ ਕੰਮਾਂ ਲਈ ਸ਼ਰਾਬ ਦੀ ਸੁੱਖਣਾ ਸੁੱਖਦੇ ਨੇ ਓਥੇ । ਕਈ ਨਾਜਾਇਜ ਸ਼ਰਾਬ ਕੱਢਣ ਵਾਲੇ ਸੁੱਖਣਾ ਸੁੱਖਦੇ ਨੇ ਕਿ ਤੀਹ ਕਿੱਲੋ ਗੁੜ ਚੋ ਤੀਹ ਬੋਤਲਾਂ ਈ ਨਿੱਕਲਣ, ਦੋ ਬਾਬੇ ਦੀਆਂ ।ਨਾਲ ਇਹ ਵੀ ਸੁੱਖਦੇ ਨੇ ਕਿ ਬਾਬਾ ਕੁੱਤੇ ਬਿੱਲੇ ਤੋ ਬਚਾ ਕੇ ਰੱਖੀਂ, ਕਿਸੇ ਪੁਲਸੀਏ ਦਾ ਮੂੰਹ ਨਾ ਵਿਖਾਵੀਂ। ਕਈ ਪੁਲਸੀਏ ਵੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਸੁੱਖਦੇ ਵੇਖੇ ਨੇ ਕਿ ਬਾਬਾ ਜੀ , ਭੱਠੀ ਫੜਾਉਣ ਦੀ ਕਿਰਪਾ ਕਰੋ , ਬੋਤਲ ਪੱਕੀ ਤੁਹਾਡੀ ।
ਜਿਵੇ ਦੀ ਸਾਡੀ ਸੋਚ , ਉਵੇਂ ਦਾ ਈ ਸਾਡਾ ਰੱਬ ਸਿਹੁੰ ਵੀ ਡੌਲ ਛੱਡਿਆ ਅਸੀਂ ਲੋਕਾਂ । ਬੇਅਕਲੀ ਤੇ ਭੁੱਖ ਦਾ ਆਲਮ ਇਹ ਵੇ ਕਿ ਸਾਨੂੰ ਸੁਪਨੇ ਤੇ ਅਰਦਾਸਾਂ ਵੀ ਭੁੱਖੜਾਂ ਵਾਲੇ ਆਉੰਦੇ ਨੇ । ਆਪਣੇ ਈ ਬਣੇ ਇਸ ਮੱਕੜਜਾਲ ਚੋ ਨਿਕਲਦੇ ਨਹੀਂ, ਸਗੋਂ ਹੋਰ ਉਲਝ ਕੇ ਸ਼ਕਲਾਂ ਵੀ ਭੁੱਖੜਾਂ ਵਾਲੀਆਂ ਈ ਬਣਾ ਲੈਨੇ ਆਂ ਪੱਕੇ ਤੌਰ ਤੇ ਆਖਰ ਨੂੰ ਖਾਲਮਖਾਲੀ ਤੁਰ ਜਾਨੇ ਆਂ ।
ਅੰਮ੍ਰਿਤਸਰ ਜਿਲ੍ਹੇ ਦੀ ਇੱਕ ਦਿਲਚਸਪ ਘਟਨਾ ਸਾਂਝੀ ਕਰਾਂਗਾ । ਇੱਕ ਥਾਣੇ ਵਿੱਚ ਦੋ ਹੌਲਦਾਰ ਸਨ , ਸਿਰੇ ਦੇ ਭੁਿਖੜ ਤੇ ਕੁਰੱਪਟ । ਹਰ ਵਕਤ ਧਿਆਨ ਠੱਗੀਆਂ ਤੇ, ਦਾਅ ਮਾਰੀਆਂ ਤੇ । ਪਰ ਮੂੰਹ ਦੇ ਮਿੱਠੇ ਸਨ ਦੋਵੇੰ, ਬਣਦੀ ਵੀ ਬਹੁਤ ਸੀ ਦੋਵਾਂ ਰਾਮ ਲਖਨ ਦੀ । ਉਹ ਵੀ ਬਾਬੇ ਦੇ ਸੁੱਖਣਾ ਸੁਿਖ ਕੇ ਡਾਇਰੀ ਚ ਲਿਖ ਛੱਡਦੇ ਸਨ ਕਿ ਪੂਰੀ ਹੋਣ ਦੀ ਸੂਰਤ ਵਿੱਚ ਰੱਬ ਭਾਜੀ ਦਾ ਹਿੱਸਾ ਪੱਤੀ ਪੁੱਜਦਾ ਕੀਤਾ ਜਾਵੇ । ਇੱਕ ਦਿਨ ਕੀ ਹੋਇਆ ਕਿ ਸਵੇਰੇ ਸਵੇਰੇ ਕਿਸੇ ਮੁਖਬਰ ਨੇ ਉਹਨਾ ਨੂੰ ਮੁਖਬਰੀ ਕੀਤੀ ਕਿ ਫਲਾਣੇ ਜਿਮੀਦਾਰ ਦੇ ਘਰ ਭੱਠੀ ਲੱਗੀ ਏ, ਮਾਰ ਲਵੋ ਮੋਰਚਾ । ਦੋਵਾਂ ਦੀਆਂ ਵਾਛਾਂ ਖਿੜ ਗਈਆਂ , ਮੁਖਬਰ ਨੂੰ ਸੌ ਰੁਪਈਆ ਦੇ ਕੇ ਵਿਦਾ ਕੀਤਾ ਤੇ ਆਪ ਦੋਵੇਂ ਸਿਵਲ ਕੱਪੜਿਆਂ ਚ ਈ ਸਕੂਟਰ ਤੇ ਜਾ ਧਮਕੇ, ਕਿਸੇ ਹੋਰ ਮੁਲਾਜਮ ਨੂੰ ਵੀ ਨਾਲ ਲਿਜਾਣ ਦੀ ਖੇਚਲ ਨਾ ਕੀਤੀ ਕਿ ਕਾਹਤੋ ਹਿੱਸਾ ਦੇਣਾ ਬਾਅਦ ਚ । ਜਿਮੀਦਾਰ ਵਧੀਆ ਸਰਦਾ ਪੁੱਜਦਾ ਸੀ , ਪਹੁੰਚ ਵਾਲਾ ਤੇ ਦਿਮਾਗੀ ਵੀ ਸੀ । ਜਦ ਇਹ ਦੋਵੇਂ ਹੀਰੇ ਪੁੱਜੇ ਤਾਂ ਭੱਠੀ ਆਖਰੀ ਪੜਾਅ ਤੇ ਸੀ , ਬਾਰਾਂ ਤੇਰਾਂ ਬੋਤਲਾਂ ਨਿੱਕਲ ਚੁੱਕੀਆਂ ਸਨ , ਇੱਕ ਅੱਧ ਬਾਕੀ ਸੀ ਨਿਕਲਣੀ ।ਜਾ ਕੇ ਇਹਨਾ ਨੇ ਦਬਕਾ ਮਾਰਿਆ ਕਿ ਪਰਚਾ ਦੇਣਾ ਅਸੀਂ ਤੁਹਾਡੇ ਤੇ , ਸਾਡੇ ਨਾਲ ਤੁਰੋ। ਘਰ ਵਾਲੇ ਨੇ ਨਿਮਰਤਾ ਨਾਲ ਕਿਹਾ ਕਿ ਅਸੀ ਕੋਈ ਸ਼ਰਾਬ ਵੇਚਣ ਦਾ ਕੰਮ ਨਹੀ ਕਰਦੇ ,ਆਏ ਗਏ ਵਾਸਤੇ ਥੋੜ੍ਹ ਬਹੁਤ ਇੰਤਜ਼ਾਮ ਕੀਤਾ ਏ, ਤੁਸੀ ਜਲ ਪਾਣੀ ਛਕੋ ਤੇ ਜਾਣ ਦਿਓ, ਪਰ ਇਹ ਕਿੱਥੇ ਮੰਨਣ ,ਅਖੀਰ ਗੱਲ ਮੁੱਕੀ ਕਿ ਪੰਝੀ ਹਜਾਰ ਦਿਓ ਤੇ ਕੰਮ ਰਫਾ ਦਫਾ ਕਰੋ ।
ਘਰ ਦੇ ਮੁਖੀ ਨੇ ਦੋਵਾਂ ਹੌਲਦਾਰਾਂ ਨੂੰ ਬੈਠਕ ਵਿੱਚ ਬਿਠਾ ਲਿਆ ਤੇ ਇੱਕ ਮੁੰਡੇ ਨੂੰ ਸੈਨਤ ਮਾਰੀ ਕਿ ਜਾਹ, ਕਿਤੋ ਪੈਸੇ ਫੜ੍ਹ ਲਿਆਵੇ , ਘਰੇ ਏਨੀ ਰਕਮ ਨਹੀਂ ਐ ।ਨਾਲ ਈ ਕਾਮੇ ਨੂੰ ਕਹਿ ਕੇ ਭੱਠੀ ਸਾਂਭ ਦਿੱਤੀ , ਲਾਹਣ ਬੰਬੀ ਦੇ ਚੱਲਦੇ ਪਾਣੀ ਚ ਵਹਾ ਦਿੱਤੀ ।ਭਾਂਡੇ ਕਮਾਦ ਚ ਲੁਕੋ ਦਿੱਤੇ । ਨਾਲ ਈ ਇੱਕ ਚਾਲ ਹੋਰ ਵੀ ਖੇਡ ਦਿੱਤੀ ਕਿ ਹੌਲਦਾਰਾਂ ਨੂੰ ਤਾਜੀ ਕੱਢੀ ਸ਼ਰਾਬ ਚੋਂ ਦੋ ਦੋ ਪੈੱਗ ਪੁਚਕਾਰ ਕੇ ਲੁਆ ਦਿੱਤੇ । ਦੋਵੇ ਤਿੜੇ ਹੋਏ ਪੀ ਗਏ , ਪੰਝੀ ਹਜਾਰ ਦੇ ਚਾਅ ਵਿੱਚ । ਅੈਨੇ ਚਿਰ ਤੱਕ ਘਰਦਿਆਂ ਨੇ ਭੱਠੀ ਵਾਲੀ ਥਾਂ ਤੇ ਪੋਚਾ ਫੇਰ ਕੇ ਅਗਰਬੱਤੀਆਂ ਧੁਖਾ ਦਿੱਤੀਆਂ।
ਜਦ ਨੂੰ ਹੌਲਦਾਰਾਂ ਨੂੰ ਸਰੂਰ ਜਿਹਾ ਆਇਆ ਤਾਂ ਕਹਿਣ ਲੱਗੇ ਕਿ ਭਾਈ ਸਾਹਬ ,ਪੈਸੇ ਜਲਦੀ ਲਿਆਓ , ਅਸਾਂ ਜਾਣਾ ਵੀ ਏ । ਘਰ ਦਾ ਮੁਖੀ ਬੋਲਿਆ ਕਿ ਪੈਸੇ ਕਿਸ ਗੱਲ ਦੇ ਬਾਬਿਓ ? ਕਹਿੰਦੇ ਭੱਠੀ ਫੜੀ ਆ!
ਅਗਲਾ ਸਾਫ ਈ ਮੁੱਕਰ ਗਿਆ ਕਿ ਕਿਹੜੀ ਭੱਠੀ , ਅਸੀਂ ਤਾਂ ਸ਼ਰਾਬੀ ਦੀ ਮੁਕਾਣੇ ਨਹੀ ਜਾਂਦੇ ।
ਉਲਟਾ ਘਰ ਵਾਲੇ ਹੌਲਦਾਰਾਂ ਦੇ ਦੁਆਲੇ ਹੋ ਗਏ ਕਿ ਤੁਸੀ ਸ਼ਰਾਬੀ ਹੋ ਕੇ ਸਾਡੇ ਘਰ ਕਿਵੇ ਆ ਵੜੇ ?
ਅਖੀਰ ਇਹ ਹੰਸਾਂ ਦਾ ਜੋੜਾ ਹੱਥ ਜੋੜ ਕੇ ਛੁੱਟਾ ਕਿ ਅੱਗੇ ਤੋ ਇੰਜ ਨਹੀ ਕਰਾਂਗੇ । ਐਨਾ ਡਰ ਗਏ ਕਿ ਮੁਆਫੀਨਾਮਾ ਲਿਖਕੇ ਜਾਨ ਛੁਡਾਈ ।
ਹਾਲਾਤ ਬਦਲਗੇ, ਪਾਣੀ ਪੁਲਾਂ ਦੇ ਉੱਤੋਂ ਦੀ ਵਗ ਗਿਆ ।
ਸੋ, ਲਾਲਚ ਬੁਰੀ ਬਲਾਅ ਏ ਦੋਸਤੋ , ਪਰ ਆਖਰ ਨੂੰ ਪਛਤਾਵਾ ਈ ਪੱਲੇ ਪੈਂਦਾ ਏ ਲਾਲਚੀ ਇਨਸਾਨ ਦੇ ।

ਦਵਿੰਦਰ ਸਿੰਘ ਜੌਹਲ

ਨਿੱਕੀਆਂ-ਨਿੱਕੀਆਂ ਅੱਖਾਂ ਵਾਲੀ ਨਰਗਿਸ

by Sandeep Kaur April 19, 2020

ਕੁਝ ਚਿਰ ਹੋਇਆ, ਨਵਾਬ ਛਤਾਰੀ ਦੀ ਧੀ ਤਸਨਾਮ (ਸ੍ਰੀਮਤੀ ਤਸਨੀਮ ਸਲੀਮ) ਨੇ ਮੈਨੂੰ ਇਕ ਖਤ ਲਿਖਿਆ ਸੀ, “ਆਪਣੇ ਭਣਵੱਈਏ ਦੇ ਬਾਰੇ ਤੁਹਾਡਾ ਕੀ ਵਿਚਾਰ ਏ? ਤੁਹਾਡੇ ਕੋਲੋਂ ਆਉਂਦੇ ਹੋਏ ਉਹ ਜੋ ਅੰਦਾਜ਼ਾ ਲਾ ਕੇ ਆਏ ਨੇ, ਮੈਨੂੰ ਡਰ ਏ ਕਿਧਰੇ ਮੈਂ ਖੁਸ਼ੀ ਨਾਲ ਮਰ ਈ ਨਾ ਜਾਵਾਂ! ਤੁਹਾਨੂੰ ਦੱਸ ਦਿਆਂ ਕਿ ਇਹ ਸੱਜਣ ਮੈਨੂੰ ਤੁਹਾਡਾ ਨਾਂ ਲੈ ਕੇ ਛੇੜਦੇ ਹੁੰਦੇ ਸਨ…ਉਨ੍ਹਾਂ ਨਰਗਿਸ ਦਾ ਜ਼ਿਕਰ ਜਾਣ ਬੁਝ ਕੇ ਗੋਲ ਕਰਕੇ ਬਾਕੀ ਸਭ ਕੁਝ ਤਫਸੀਲ ਨਾਲ ਦੱਸ ਦਿੱਤਾ…।”
ਜਦੋਂ ਸਲੀਮ ਮੇਰੇ ਕੋਲ ਆਇਆ ਤਾਂ ਮੈਂ ਬੜਾ ਮਸ਼ਰੂਫ ਸੀ। ਉਸ ਨਾਲ ਮੇਰੀ ਉਹਦੀ ਖਾਤਰਦਾਰੀ ਜ਼ਰੂਰੀ ਸੀ। ਘਰ ਵਿਚ ਜੋ ਕੁਝ ਹੈ ਸੀ ਉਹਦੇ ਅੱਗੇ ਅਤੇ ਉਹਦੇ ਸਾਥੀਆਂ ਅੱਗੇ ਪਰੋਸ ਦਿੱਤਾ। ਫ਼ਿਲਮਾਂ ਨਾਲ ਜੁੜੇ ਹੋਏ ਬੰਦੇ ਕੋਲ ਤੋਹਫ਼ੇ ਦੀ ਇਕ ਚੀਜ਼ ‘ਸ਼ੂਟਿੰਗ’ ਹੁੰਦੀ ਏ। ਇਸ ਲਈ ਉਨ੍ਹਾਂ ਨੂੰ ਸ੍ਰੀ ਸਾਊਂਡ ਸਟੂਡਿਓ ਵਿਚ ‘ਫੂਲ’ ਫ਼ਿਲਮ ਦੀ ਸ਼ੂਟਿੰਗ ਵਖਾ ਦਿੱਤੀ। ਸਲੀਮ ਅਤੇ ਉਹਦੇ ਸਾਥੀਆਂ ਨੂੰ ਖੁਸ਼ ਹੋ ਜਾਣਾ ਚਾਹੀਦਾ ਸੀ।
ਸਲੀਮ ਨੇ ਗੱਲਾਂ ਗੱਲਾਂ ‘ਚ ਮੈਨੂੰ ਪੁੱਛਿਆ, “ਕਿਉਂ ਜੀ, ਅੱਜ ਕੱਲ੍ਹ ਨਰਗਿਸ ਕਿੱਥੇ ਹੁੰਦੀ ਏ?” ਮੈਂ ਮਖ਼ੌਲ ਨਾਲ ਕਿਹਾ, “ਆਪਣੀ ਮਾਂ ਕੋਲ।”
ਮੇਰਾ ਮਖ਼ੌਲ ਤਾਂ ਹਵਾ ਵਿਚ ਉੱਡ ਗਿਆ। ਜਦੋਂ ਮੇਰੇ ਮਹਿਮਾਨਾਂ ‘ਚੋਂ ਇਕ ਨੇ ਨਵਾਬੀ ਅੰਦਾਜ਼ ‘ਚ ਕਿਹਾ, ‘ਜੱਦਨ ਬਾਈ ਕੋਲ?”
“ਜੀ ਹਾਂ।”
ਸਲੀਮ ਨੇ ਪੁੱਛਿਆ, “ਕੀ ਉਸ ਨਾਲ ਮੁਲਾਕਾਤ ਹੋ ਸਕਦੀ ਏ? ਮੇਰੇ ਇਹ ਦੋਸਤ ਉਹਨੂੰ ਵੇਖਣ ਦੇ ਬੜੇ ਚਾਹਵਾਨ ਨੇ…ਕੀ ਤੁਸੀਂ ਉਸਨੂੰ ਜਾਣਦੇ ਹੋ?”
ਮੈਂ ਕਿਹਾ, “ਜਾਣਦਾ ਹਾਂ…ਪਰ ਬਹੁਤ ਥੋੜ੍ਹਾ ਜਿਹਾ।” ਇਕ ਜਣੇ ਨੇ ਬੜੇ ਹੋਛੇ ਅੰਦਾਜ਼ ‘ਚ ਕਿਹਾ, “ਕਿਉਂ?”
“ਇਸ ਲਈ ਕਿ ਸਾਨੂੰ ਦੋਹਾਂ ਨੂੰ ਹੁਣ ਤੱਕ ਕਿਸੇ ਫ਼ਿਲਮ ‘ਚ ਇਕੱਠਿਆਂ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।”
ਇਹ ਸੁਣ ਕੇ ਸਲੀਮ ਨੇ ਕਿਹਾ, “ਅਸੀਂ ਤੁਹਾਨੂੰ ਤਕਲੀਫ਼ ਨਹੀਂ ਦੇਣਾ ਚਾਹੁੰਦੇ।”
ਮੈਂ ਆਪ ਨਰਗਿਸ ਦੇ ਘਰ ਜਾਣਾ ਚਾਹੁੰਦਾ ਸੀ, ਪਰ ਇਕੱਲਿਆਂ ਜਾਣਾ ਮੈਨੂੰ ਪਸੰਦ ਨਹੀਂ ਸੀ। ਹੁਣ ਸਾਥ ਮਿਲਿਆ ਸੀ। ਇਸ ਲਈ ਮੈਂ ਸਲੀਮ ਨੂੰ ਕਿਹਾ, “ਤਕਲੀਫ ਦੀ ਕੋਈ ਗੱਲ ਨਹੀਂ। ਚੱਲਦੇ ਆਂ। ਹੋ ਸਕਦਾ ਏ ਮੁਲਾਕਾਤ ਹੋ ਜਾਏ।” ਮੈਂ ਨਰਗਿਸ ਨੂੰ ਕਿਉਂ ਮਿਲਣਾ ਚਾਹੁੰਦਾ ਸੀ? ਇਸ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇਕ ਦਿਲਚਸਪ ਕਿੱਸਾ ਸੁਣਾ ਦਿਆਂ।
ਮੈਂ ਫ਼ਿਲਮਸਤਾਨ ਸਟੂਡੀਓ ‘ਚ ਨੌਕਰੀ ਕਰਦਾ ਸੀ। ਸਵੇਰੇ ਜਾਂਦਾ ਸੀ ਅਤੇ ਸ਼ਾਮ ਨੂੰ ਅੱਠ ਵਜੇ ਘਰ ਵਾਪਸ ਆਉਂਦਾ ਸੀ। ਇਕ ਦਿਨ ਮੈਂ ਅਚਾਨਕ ਦੁਪਹਿਰ ਵੇਲੇ ਘਰ ਆ ਗਿਆ। ਅੰਦਰ ਵੜਿਆ ਤਾਂ ਡਰੈਸਿੰਗ ਟੇਬਲ ਦੇ ਕੋਲ ਖਲੋਤੀਆਂ ਮੇਰੀਆਂ ਦੋ ਸਾਲੀਆਂ ਦੇਖਣ ਨੂੰ ਤਾਂ ਆਪਣੇ ਵਾਲ ਵਾਹ ਰਹੀਆਂ ਸਨ, ਪਰ ਉਹ ਘਬਰਾਈਆਂ ਹੋਈਆਂ ਸਨ। ਆਪਣੀ ਘਬਰਾਹਟ ਨੂੰ ਲੁਕੋਣ ਲਈ ਬਿਨਾ ਮਤਲਬ ਦੁਪੱਟਾ ਸਿਰ ‘ਤੇ ਲੈਣ ਦਾ ਯਤਨ ਪਈਆਂ ਕਰਦੀਆਂ ਸਨ।
ਮੈਂ ਸੋਫੇ ‘ਤੇ ਬਹਿ ਗਿਆ। ਦੋਹਾਂ ਭੈਣਾਂ ਨੇ ਇਕ ਦੂਜੇ ਵਲ ਕਸੂਰਵਾਰ ਨਜ਼ਰਾਂ ਨਾਲ ਵੇਖ ਕੇ ਹੌਲੀ ਹੌਲੀ ਘੁਸਰ-ਮੁਸਰ ਕੀਤੀ। ਫਿਰ ਦੋਹਾਂ ਨੇ ਕਿਹਾ, “ਭਾਈ ਜਾਨ ਸਲਾਮ।”
ਮੈਂ ਧਿਆਨ ਨਾਲ ਉਨ੍ਹਾਂ ਵਲ ਵੇਖਿਆ, “ਕੀ ਗੱਲ ਏ?” ਦੋਵੇਂ ਹੱਸ ਪਈਆਂ ‘ਤੇ ਦੂਜੇ ਕਮਰੇ ਵਿਚ ਟੁਰ ਗਈਆਂ। ਮੈਂ ਸੋਚਿਆ, ਕਿਸੇ ਸਹੇਲੀ ਨੂੰ ਬੁਲਾਇਆ ਏ ਤੇ ਉਹ ਆਉਣ ਵਾਲੀ ਏ। ਮੈਂ ਅਚਾਨਕ ਛੇਤੀ ਆ ਗਿਆ ਹਾਂ। ਇਸ ਲਈ ਉਨ੍ਹਾਂ ਦੇ ਪ੍ਰੋਗਰਾਮ ਵਿਚ ਵਿਘਨ ਪੈ ਗਿਆ ਏ। ਦੂਜੇ ਕਮਰੇ ‘ਚ ਤਿੰਨੋ ਭੈਣਾਂ ‘ਚ ਘੁਸਰ-ਮੁਸਰ ਹੁੰਦੀ ਰਹੀ ਸੀ ਅਤੇ ਹਲਕੇ ਹਲਕੇ ਹਾਸੇ ਦੀਆਂ ਆਵਾਜ਼ਾਂ ਵੀ ਆਉਂਦੀਆਂ ਰਹੀਆਂ। ਫਿਰ ਮੇਰੀ ਪਤਨੀ ਆਪਣੀਆਂ ਭੈਣਾਂ ਨੂੰ ਸੰਬੋਧਨ ਕਰਕੇ ਪਰ ਮੈਨੂੰ ਸੁਣਾਉਣ ਲਈ ਇਹ ਕਹਿੰਦੀ ਹੋਈ ਬਾਹਰ ਨਿਕਲੀ, “ਮੈਨੂੰ ਕੀ ਕਹਿੰਦੀਆਂ ਹੋ, ਆਪ ਆ ਕੇ ਕਹੋ ਨਾ ਉਨ੍ਹਾਂ ਨੂੰ। ਸਆਦਤ ਸਾਹਿਬ, ਅੱਜ ਬੜੀ ਛੇਤੀ ਆ ਗਏ?”
ਮੈਂ ਦੱਸਿਆ ਕਿ ਸਟੂਡੀਉ ਵਿਚ ਕੋਈ ਕੰਮ ਨਹੀਂ ਸੀ, ਇਸ ਲਈ ਛੇਤੀ ਆ ਗਿਆ ਹਾਂ। ਫਿਰ ਮੈਂ ਆਪਣੀ ਪਤਨੀ ਨੂੰ ਪੁੱਛਿਆ, “ਮੇਰੀਆਂ ਸਾਲੀਆਂ ਕੀ ਪੁੱਛਣਾ ਚਾਹੁੰਦੀਆਂ ਨੇ?”
“ਇਹ ਕਹਿਣਾ ਚਾਹੁੰਦੀਆਂ ਨੇ ਕਿ ਨਰਗਿਸ ਆ ਰਹੀ ਏ।”

“ਤਾਂ ਕੀ ਹੋਇਆ,ਆਵੇ! ਕੀ ਉਹ ਪਹਿਲਾਂ ਕਦੀ ਨਹੀਂ ਆਈ?
ਮੈਂ ਸਮਝਿਆ ਕਿ ਉਹ ਉਸ ਪਾਰਸੀ ਕੁੜੀ ਦੀ ਗੱਲ ਕਰ ਰਹੀ ਏ, ਜਿਸ ਦੀ ਮਾਂ ਨੇ ਇਕ ਮੁਸਲਮਾਨ ਨਾਲ ਵਿਆਹ ਕਰ ਲਿਆ ਸੀ ਅਤੇ ਸਾਡੇ ਗਵਾਂਢ ‘ਚ ਰਹਿੰਦੀ ਸੀ। ਪਰ ਮੇਰੀ ਪਤਨੀ ਨੇ ਕਿਹਾ, “ਹਾਏ! ਉਹ ਪਹਿਲਾਂ ਕਦੋਂ ਸਾਡੇ ਘਰ ਆਈ ਏ।”
“ਤਾਂ ਕੀ ਉਹ ਕੋਈ ਹੋਰ ਨਰਗਿਸ ਏ?”
“ਮੈਂ ਐਕਟਰਸ ਨਰਗਿਸ ਦੀ ਗੱਲ ਪਈ ਕਰਦੀ ਹਾਂ।”
ਮੈਂ ਹੈਰਾਨੀ ਨਾਲ ਪੁੱਛਿਆ, “ਉਹ ਏਥੇ ਕੀ ਕਰਨ ਆ ਰਹੀ ਏ?”
ਮੇਰੀ ਪਤਨੀ ਨੇ ਮੈਨੂੰ ਸਾਰੀ ਗੱਲ ਦੱਸੀ। ਘਰ ‘ਚ ਟੈਲੀਫੋਨ ਸੀ। ਤਿੰਨੇ ਭੈਣਾਂ ਉਹਦੀ ਖੁੱਲ੍ਹਦਿਲੀ ਨਾਲ ਵਰਤੋਂ ਕਰਦੀਆਂ ਸਨ। ਜਦੋਂ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਥੱਕ ਜਾਂਦੀਆਂ ਤਾਂ ਕਿਸੇ ਐਕਟਰਸ ਦਾ ਨੰਬਰ ਘੁੰਮਾ ਦਿੰਦੀਆਂ। ਉਹ ਮਿਲ ਜਾਂਦੀ ਤਾਂ ਉਹਦੇ ਨਾਲ ਊਟਪਟਾਂਗ ਗੱਲਬਾਤ ਸ਼ੁਰੂ ਹੋ ਜਾਂਦੀ-ਅਸੀਂ ਤੁਹਾਡੀਆਂ ਬਹੁਤ ਫੈਨ ਹਾਂ। ਅੱਜ ਈ ਦਿੱਲੀ ਤੋਂ ਆਈਆਂ ਹਾਂ। ਬੜੀ ਮੁਸ਼ਕਲ ਨਾਲ ਤੁਹਾਡਾ ਨੰਬਰ ਮਿਲਿਆ ਏ। ਤੁਹਾਨੂੰ ਮਿਲਣ ਲਈ ਤੜਫ਼ ਰਹੀਆਂ ਹਾਂ। ਅਸੀਂ ਜ਼ਰੂਰ ਹਾਜ਼ਰ ਹੁੰਦੀਆਂ, ਪਰ ਪਰਦੇ ਦੀ ਪਾਬੰਦੀ ਏ-ਤੁਸੀਂ ਬਹੁਤ ਹੀ ਖੂਬਸੂਰਤ ਹੋ। ਤੁਹਾਡਾ ਮੁਖੜਾ ਚੰਨ ਵਰਗਾ ਏ। ਤੁਹਾਡਾ ਗਲਾ ਬਹੁਤ ਹੀ ਸੁਰੀਲਾ ਏ।
ਆਮ ਤੌਰ ‘ਤੇ ਮਸ਼ਹੂਰ ਫਿਲਮ ਐਕਟਰਸਾਂ ਦੇ ਟੈਲੀਫੋਨ ਨੰਬਰ ਡਾਇਰੈਕਟਰੀ ਵਿਚ ਦਰਜ ਨਹੀਂ ਹੁੰਦੇ। ਉਹ ਆਪ ਈ ਨਹੀਂ ਦਰਜ ਕਰਵਾਉਂਦੀਆਂ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਐਵੇਂ ਤੰਗ ਨਾ ਕਰਨ। ਪਰ ਇਨ੍ਹਾਂ ਤਿੰਨਾਂ ਭੈਣਾਂ ਨੇ ਮੇਰੇ ਦੋਸਤ ਆਗਾ ਖ਼ਲਸ਼ ਕਾਸ਼ਮੀਰੀ ਰਾਹੀਂ ਲਗਭਗ ਉਨ੍ਹਾਂ ਸਾਰੀਆਂ ਐਕਟਰਸਾਂ ਦੇ ਫੋਨ ਨੰਬਰ ਪਤਾ ਕਰ ਲਏ ਸਨ, ਜਿਹੜੇ ਉਨ੍ਹਾਂ ਨੂੰ ਡਾਇਰੈਕਟਰੀ ਵਿਚ ਨਹੀਂ ਸਨ ਮਿਲੇ।
ਇਸ ਟੈਲੀਫੋਨ ਦੇ ਸ਼ੁਗਲ ਦੌਰਾਨ ਜਦੋਂ ਉਨ੍ਹਾਂ ਨੇ ਨਰਗਿਸ ਨੂੰ ਫੋਨ ‘ਤੇ ਬੁਲਾਇਆ ਅਤੇ ਉਸ ਨਾਲ ਗੱਲਬਾਤ ਕੀਤੀ ਤਾਂ ਬਹੁਤ ਚੰਗੀ ਲੱਗੀ। ਇਸ ਗੱਲਬਾਤ ਵਿਚ ਉਨ੍ਹਾਂ ਨੂੰ ਆਪਣੀ ਉਮਰ ਦੀ ਆਵਾਜ਼ ਸੁਣਾਈ ਦਿੱਤੀ। ਇਸ ਤਰ੍ਹਾਂ ਇਕ ਦੋ ਵਾਰੀ ਗੱਲਾਂਬਾਤਾਂ ਕਰਨ ਨਾਲ ਇਹ ਨਰਗਿਸ ਨਾਲ ਬੇਝਿੱਜਕ ਜਿਹੀਆਂ ਹੋ ਗਈਆਂ, ਪਰ ਆਪਣੀ ਅਸਲੀਅਤ ਛੁਪਾਈ ਰੱਖੀ। ਇਕ ਕਹਿੰਦੀ ਮੈਂ ਅਫਰੀਕਾ ਦੀ ਰਹਿਣ ਵਾਲੀ ਹਾਂ। ਉਹੀ ਦੂਜੀ ਵੇਰ ਦੱਸਦੀ ਕਿ ਲਖਨਊ ਤੋਂ ਆਪਣੀ ਮਾਸੀ ਕੋਲ ਆਈ ਹਾਂ। ਦੂਜੀ ਇਹ ਜ਼ਾਹਰ ਕਰਦੀ ਕਿ ਉਹ ਰਾਵਲਪਿੰਡੀ ਦੀ ਰਹਿਣ ਵਾਲੀ ਏ ਅਤੇ ਬੰਬਈ ਕੇਵਲ ਇਸ ਲਈ ਆਈ ਏ ਕਿ ਉਹਨੇ ਨਰਗਿਸ ਨੂੰ ਇਕ ਵਾਰੀ ਵੇਖਣਾ ਏ। ਤੀਸਰੀ ਮੇਰੀ ਪਤਨੀ ਕਦੀ ਗੁਜਰਾਤਨ ਬਣ ਜਾਂਦੀ ਅਤੇ ਕਦੀ ਪਾਰਸਨ।
ਟੈਲੀਫੋਨ ‘ਤੇ ਨਰਗਿਸ ਨੇ ਕਈ ਵਾਰੀ ਗੁੱਸੇ ਨਾਲ ਪੁੱਛਿਆ ਕਿ ਅਸਲ ‘ਚ ਤੁਸੀਂ ਹੋ ਕੌਣ! ਆਪਣਾ ਨਾਂ ਪਤਾ ਕਿਉਂ ਛੁਪਾਉਂਦੀਆਂ ਹੋ। ਸਾਫ਼-ਸਾਫ਼ ਕਿਉਂ ਨਹੀਂ ਦੱਸਦੀਆਂ। ਰੋਜ਼ ਦਿਹਾੜੀ ਦੀ ਇਹ ਟਨਟਨ ਖਤਮ ਹੋਵੇ।
ਜ਼ਾਹਿਰ ਏ ਕਿ ਨਰਗਿਸ ਉਨ੍ਹਾਂ ਤੋਂ ਪ੍ਰਭਾਵਤ ਸੀ। ਉਹਨੂੰ ਆਪਣੇ ਅਨੇਕ ਪ੍ਰਸ਼ੰਸਕਾਂ ਦੇ ਫੋਨ ਆਉਂਦੇ ਹੋਣਗੇ, ਪਰ ਇਹ ਤਿੰਨ ਕੁੜੀਆਂ ਹੋਰਾਂ ਨਾਲੋਂ ਵੱਖਰੀਆਂ ਸਨ। ਇਸ ਲਈ ਉਹ ਇਨ੍ਹਾਂ ਦੀ ਅਸਲੀਅਤ ਜਾਨਣ ਅਤੇ ਮਿਲਣ ਲਈ ਬੜੀ ਬੇਚੈਨ ਸੀ। ਜਦੋਂ ਵੀ ਉਸ ਨੂੰ ਪਤਾ ਲੱਗਦਾ ਕਿ ਇਨ੍ਹਾਂ ਭੇਤ ਭਰੀਆਂ ਕੁੜੀਆਂ ਨੇ ਉਹਨੂੰ ਫੋਨ ‘ਤੇ ਬੁਲਾਇਆ ਏ ਤਾਂ ਉਹ ਸੌ ਕੰਮ ਛੱਡ ਕੇ ਆ ਜਾਂਦੀ ਅਤੇ ਬੜਾ ਚਿਰ ਟੈਲੀਫੋਨ ਨੂੰ ਚੰਬੜੀ ਰਹਿੰਦੀ। ਅਖੀਰ ਨਰਗਿਸ ਦੇ ਘੜੀ ਮੁੜੀ ਕਹਿਣ ‘ਤੇ ਇਕ ਦਿਨ ਇਹ ਨਿਰਣਾ ਹੋ ਗਿਆ ਕਿ ਉਨ੍ਹਾਂ ਦੀ ਮੁਲਾਕਾਤ ਹੋਵੇਗੀ।
ਮੇਰੀ ਪਤਨੀ ਨੇ ਆਪਣੇ ਘਰ ਦਾ ਪਤਾ ਚੰਗੀ ਤਰ੍ਹਾਂ ਸਮਝਾ ਦਿੱਤਾ ਅਤੇ ਕਿਹਾ ਜੇਕਰ ਫਿਰ ਵੀ ਮਕਾਨ ਲੱਭਣ ‘ਚ ਮੁਸ਼ਕਲ ਹੋਵੇ ਤਾਂ ਬਾਈਖਲਾ ਦੇ ਪੁਲ ਕੋਲੋਂ ਕਿਸੇ ਹੋਟਲ ‘ਤੋਂ ਫੋਨ ਕਰ ਦੇਣਾ, ਅਸੀਂ ਉਥੇ ਪਹੁੰਚ ਜਾਵਾਂਗੀਆਂ।
ਜਦੋਂ ਮੈਂ ਘਰ ‘ਚ ਵੜਿਆ ਸੀ ਬਾਈਖਲਾ ਪੁਲ ਦੇ ਇਕ ਸਟੂਡੀਉ ਤੋਂ ਨਰਗਿਸ ਨੇ ਫੋਨ ਕੀਤਾ ਸੀ ਕਿ ਉਹ ਪਹੁੰਚ ਚੁੱਕੀ ਏ, ਪਰੰਤੂ ਮਕਾਨ ਨਹੀਂ ਪਿਆ ਲੱਭਦਾ। ਇਸ ਲਈ ਸਾਰੀਆਂ ਕਾਹਲੀ ਕਾਹਲੀ ਤਿਆਰ ਹੋ ਰਹੀਆਂ ਸਨ ਕਿ ਅਚਾਨਕ ਆਈ ਮੁਸੀਬਤ ਵਾਂਗ ਮੈਂ ਪਹੁੰਚ ਗਿਆ।
ਨਿੱਕੀਆਂ ਦੋਹਾਂ ਦਾ ਵਿਚਾਰ ਸੀ ਕਿ ਮੈਂ ਨਾਰਾਜ਼ ਹੋਵਾਂਗਾ। ਵੱਡੀ, ਮਤਲਬ ਮੇਰੀ ਪਤਨੀ, ਸਿਰਫ਼ ਘਬਰਾਈ ਹੋਈ ਸੀ ਕਿ ਇਹ ਸਭ ਕੀ ਹੋ ਗਿਆ-ਮੈਂ ਨਾਰਾਜ਼ ਹੋਣ ਦੀ ਕੋਸ਼ਿਸ਼ ਕੀਤੀ, ਪਰ ਨਾਰਾਜ਼ ਹੋਣ ਵਾਸਤੇ ਮੈਨੂੰ ਕੋਈ ਕਾਰਨ ਨਾ ਲੱਭਾ। ਸਾਰੀ ਘਟਨਾ ਕਾਫੀ ਦਿਲਚਸਪ ਅਤੇ ਚੋਖੀ ਮਾਸੂਮ ਸੀ। ਜੇਕਰ ਇਹ ਹਰਕਤ ਕੇਵਲ ਮੇਰੀ ਪਤਨੀ ਨੇ ਕੀਤੀ ਹੁੰਦੀ ਤਾਂ ਇਹ ਬਿਲਕੁਲ ਵੱਖਰੀ ਗੱਲ ਹੋਣੀ ਸੀ। ਇਕ ਸਾਲੀ ਅੱਧੀ ਘਰ ਵਾਲੀ ਹੁੰਦੀ ਏ ਅਤੇ ਇਥੇ ਤਾਂ ਦੋ ਸਾਲੀਆਂ ਸਨ। ਪੂਰਾ ਘਰ ਈ ਉਨ੍ਹਾਂ ਦਾ ਸੀ। ਜਦੋਂ ਮੈਂ ਉੱਠਿਆ ਤਾਂ ਦੂਜੇ ਕਮਰੇ ‘ਚੋਂ ਖੁਸ਼ ਹੋਣ ‘ਤੇ ਤਾੜੀਆਂ ਮਾਰਨ ਦੀਆਂ ਆਵਾਜ਼ਾਂ ਆਈਆਂ।
ਬਾਈਖਲਾ ਦੇ ਚੌਕ ਵਿਚ ਜੱਦਨ ਬਾਈ ਦੀ ਵੱਡੀ ਕਾਰ ਖਲੋਤੀ ਸੀ। ਮੈਂ ਸਲਾਮ ਕੀਤਾ ਤਾਂ ਉਸ ਨੇ ਆਪਣੀ ਆਦਤ ਅਨੁਸਾਰ ਬੜੀ ਉੱਚੀ ਆਵਾਜ਼ ‘ਚ ਜਵਾਬ ਦਿੱਤਾ ਅਤੇ ਪੁੱਛਿਆ, “ਮੰਟੋ ਕੀ ਹਾਲ ਏ?”
ਮੈਂ ਕਿਹਾ, “ਰੱਬ ਦਾ ਸ਼ੁਕਰ ਏ-ਤੁਸੀਂ ਏਥੇ ਕੀ ਪਏ ਕਰਦੇ ਹੋ?”
ਜੱਦਨ ਬਾਈ ਨੇ ਪਿਛਲੀ ਸੀਟ ‘ਤੇ ਬੈਠੀ ਨਰਗਿਸ ਵਲ ਵੇਖਿਆ, “ਕੁਝ ਨਹੀਂ। ਬੇਬੀ ਨੇ ਆਪਣੀਆਂ ਸਹੇਲੀਆਂ ਨੂੰ ਮਿਲਣਾ ਸੀ, ਪਰ ਉਨ੍ਹਾਂ ਦਾ ਘਰ ਈ ਨਹੀਂ ਮਿਲਦਾ ਪਿਆ।”
ਮੈਂ ਮੁਸਕਰਾ ਕੇ ਕਿਹਾ, “ਚਲੋ, ਮੈਂ ਤੁਹਾਨੂੰ ਲੈ ਚਲਦਾ ਹਾਂ।”
ਨਰਗਿਸ ਇਹ ਸੁਣ ਕੇ ਬਾਰੀ ਦੇ ਕੋਲ ਆ ਗਈ, “ਤੁਹਾਨੂੰ ਉਨ੍ਹਾਂ ਦੇ ਘਰ ਦਾ ਪਤਾ ਏ?”
ਮੈਂ ਹੱਸ ਕੇ ਕਿਹਾ, “ਕਿਉਂ ਨਹੀਂ-ਆਪਣਾ ਘਰ ਕੌਣ ਭੁਲ ਸਕਦਾ ਏ?”
ਜੱਦਨ ਬਾਈ ਦੇ ਗਲੇ ‘ਚੋਂ ਅਜੀਬ ਜਿਹੀ ਆਵਾਜ਼ ਨਿਕਲੀ। ਉਹਨੇ ਪਾਨ ਦੇ ਬੀੜੇ ਨੂੰ ਮੂੰਹ ਵਿਚ ਦੂਜੇ ਪਾਸੇ ਕਰਦਿਆਂ ਕਿਹਾ, “ਇਹ ਤੂੰ ਕੀ ਅਫ਼ਸਾਨਾ ਨਿਗਾਰੀ ਕਰ ਰਿਹਾ ਏਂ?”
ਮੈਂ ਦਰਵਾਜ਼ਾ ਖੋਲ੍ਹ ਕੇ ਜੱਦਨ ਬਾਈ ਦੇ ਕੋਲ ਬਹਿ ਗਿਆ, “ਇਹ ਅਫਸਾਨਾ ਨਿਗਾਰੀ ਮੇਰੀ ਨਹੀਂ, ਮੇਰੀ ਪਤਨੀ ਅਤੇ ਉਸ ਦੀਆਂ ਭੈਣਾਂ ਦੀ ਏ।” ਇਸ ਤੋਂ ਮਗਰੋਂ ਮੈਂ ਸਾਰੀ ਵਾਰਤਾ ਸੰਖੇਪ ‘ਚ ਦੱਸ ਦਿੱਤੀ। ਨਰਗਿਸ ਬੜੀ ਦਿਲਚਸਪੀ ਨਾਲ ਸੁਣਦੀ ਰਹੀ। ਜੱਦਨ ਬਾਈ ਨੂੰ ਬੜੀ ਤਕਲੀਫ ਹੋਈ। “ਹਾਏ ਰੱਬਾ!…ਇਹ ਕਿਸ ਤਰ੍ਹਾਂ ਦੀਆਂ ਕੁੜੀਆਂ ਨੇ। ਪਹਿਲੇ ਦਿਨ ਈ ਦਸ ਦਿੰਦੀਆਂ ਕਿ ਅਸੀਂ ਮੰਟੋ ਦੇ ਘਰ ਤੋਂ ਬੋਲ ਰਹੀਆਂ ਹਾਂ…ਰੱਬ ਦੀ ਸਹੁੰ ਮੈਂ ਤੁਰੰਤ ਬੇਬੀ ਨੂੰ ਘੱਲ ਦਿੰਦੀ। ਹੱਦ ਹੋ ਗਈ ਏ। ਇੰਨੇ ਦਿਨ ਪ੍ਰੇਸ਼ਾਨ ਕੀਤਾ। ਖ਼ੁਦਾ ਦੀ ਕਸਮ, ਵਿਚਾਰੀ ਬੇਬੀ ਨੂੰ ਏਨੀ ਉਲਝਣ ਹੁੰਦੀ ਸੀ ਕਿ ਮੈਂ ਤੈਨੂੰ ਕੀ ਦੱਸਾਂ। ਜਦੋਂ ਟੈਲੀਫੋਨ ਆਉਂਦਾ, ਭੱਜ ਕੇ ਜਾਂਦੀ। ਮੈਂ ਸੌ ਵਾਰੀ ਪੁੱਛਦੀ, ਇਹ ਕੌਣ ਏ, ਜਿਹਦੇ ਨਾਲ ਇਨ੍ਹਾਂ ਚਿਰ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ। ਮੈਨੂੰ ਕਹਿੰਦੀ, ਕੋਈ ਹੈਣ। ਕਹਿੰਦੀ, ਮੈਂ ਜਾਣਦੀ ਨਹੀਂ ਕੌਣ ਨੇ, ਪਰ ਹੈਣ ਬੜੀਆਂ ਚੰਗੀਆਂ। ਇਕ ਦੋ ਵੇਰਾਂ ਮੈਂ ਵੀ ਟੈਲੀਫੋਨ ਚੁੱਕਿਆ, ਗੱਲਬਾਤ ਬੜੀ ਸੁਘੜਤਾ ਵਾਲੀ ਸੀ। ਕਿਸੇ ਚੰਗੇ ਘਰ ਦੀਆਂ ਜਾਪਦੀਆਂ ਸਨ, ਪਰ ਮੁਆਫ ਕਰਨਾ ਕੰਮਬਖ਼ਤ ਆਪਣਾ ਨਾਂ ਪਤਾ ਠੀਕ ਨਹੀਂ ਸਨ ਦੱਸਦੀਆਂ। ਅੱਜ ਬੇਬੀ ਆਈ, ਖੁਸ਼ੀ ਨਾਲ ਪਾਗਲ ਹੋ ਰਹੀ ਸੀ, ਕਹਿਣ ਲੱਗੀ, ਬੀਬੀ! ਉਨ੍ਹਾਂ ਨੇ ਬੁਲਾਇਆ ਏ। ਆਪਣਾ ਪਤਾ ਵੀ ਦੇ ਦਿੱਤਾ ਏ। ਮੈਂ ਕਿਹਾ, ਪਾਗਲ ਹੋ ਗਈ ਏਂ। ਪਤਾ ਨਹੀਂ ਕੌਣ ਨੇ! ਪਰ ਇਸ ਨੇ ਮੇਰੀ ਇਕ ਨਾ ਮੰਨੀ, ਬਸ ਪਿੱਛੇ ਈ ਪੈ ਗਈ। ਇਸ ਲਈ ਮੈਨੂੰ ਨਾਲ ਆਉਣਾ ਪਿਆ-ਰੱਬ ਦੀ ਸਹੁੰ, ਜੇ ਪਤਾ ਹੁੰਦਾ ਕਿ ਇਹ ਆਫ਼ਤਾਂ ਤੇਰੇ ਘਰ ਦੀਆਂ ਨੇ…।”
ਮੈਂ ਗੱਲ ਟੋਕ ਕੇ ਕਿਹਾ, “ਤਾਂ ਤੁਸੀਂ ਵਿਚ ਨਾ ਟਪਕਦੇ।”
ਜੱਦਨ ਬਾਈ ਦੇ ਪਾਨ ਵਾਲੇ ਮੂੰਹ ‘ਚੋਂ ਚੌੜੀ ਜਿਹੀ ਮੁਸਕਾਨ ਪੈਦਾ ਹੋਈ।
“ਇਹਦੀ ਫਿਰ ਲੋੜ ਈ ਕੀ ਸੀ-ਕੀ ਮੈਂ ਤੈਨੂੰ ਜਾਣਦੀ ਨਹੀਂ।”
ਮਰਹੂਮ ਜੱਦਨ ਬਾਈ ਨੂੰ ਉਰਦੂ ਅਦਬ ਨਾਲ ਲਗਾਓ ਸੀ। ਮੇਰੀਆਂ ਲਿਖਤਾਂ ਬੜੇ ਸ਼ੌਂਕ ਨਾਲ ਪੜ੍ਹਦੀ ਅਤੇ ਪਸੰਦ ਕਰਦੀ ਸੀ। ਉਨ੍ਹਾਂ ਦਿਨਾਂ ‘ਚ ਮੇਰਾ ਇਕ ਲੇਖ ‘ਸਾਕੀ’ ਵਿਚ ਛਪਿਆ ਸੀ : ‘ਤਰੱਕੀ-ਪਸੰਦ ਕਬਰਸਤਾਨ’ ਪਤਾ ਨਹੀਂ ਉਸ ਦਾ ਦਿਮਾਗ ਕਿਉਂ ਉਸ ਵਲ ਚਲਾ ਗਿਆ, ਬੋਲੀ, “ਖੁਦਾ ਦੀ ਕਸਮ ਮੰਟੋ, ਬਹੁਤ ਵਧੀਆ ਲਿਖਦਾ ਏਂ। ਜ਼ਾਲਮਾ, ਕਿਆ ਵਿਅੰਗ ਕੀਤਾ ਏ ਉਸ ਲੇਖ ਵਿਚ – ਕਿਉਂ ਬੇਬੀ, ਉਸ ਦਿਨ ਮੇਰਾ ਕੀ ਹਾਲ ਹੋਇਆ ਸੀ ਇਹ ਲੇਖ ਪੜ੍ਹ ਕੇ।”
ਪਰ ਨਰਗਿਸ ਆਪਣੀਆਂ ਅਣਡਿੱਠੀਆਂ ਸਹੇਲੀਆਂ ਬਾਰੇ ਸੋਚ ਰਹੀ ਸੀ। ਬੇਚੈਨੀ ਭਰੇ ਲਹਿਜ਼ੇ ‘ਚ ਉਸ ਆਪਣੀ ਮਾਂ ਨੂੰ ਕਿਹਾ, “ਚਲੋ ਬੀਬੀ।”
ਜੱਦਨ ਬਾਈ ਮੈਨੂੰ ਕਹਿੰਦੀ, “ਚਲੋ ਭਾਈ।”
ਘਰ ਨੇੜੇ ਈ ਸੀ। ਕਾਰ ਸਟਾਰਟ ਹੋਈ ਅਤੇ ਅਸੀਂ ਪਹੁੰਚ ਗਏ। ਬਾਲਕੋਨੀ ਤੋਂ ਤਿੰਨਾਂ ਭੈਣਾਂ ਨੇ ਸਾਨੂੰ ਵੇਖਿਆ। ਨਿੱਕੀਆਂ ਦੋਹਾਂ ਦਾ ਖੁਸ਼ੀ ਨਾਲ ਬੁਰਾ ਹਾਲ ਹੋ ਰਿਹਾ ਸੀ। ਰੱਬ ਜਾਣੇ ਆਪਸ ਵਿਚ ਕੀ ਘੁਸਰ-ਮੁਸਰ ਕਰ ਰਹੀਆਂ ਸਨ। ਜਦੋਂ ਅਸੀਂ ਉਪਰ ਪਹੁੰਚੇ ਤਾਂ ਅਜੀਬ ਢੰਗ ਨਾਲ ਸਾਰਿਆਂ ਨਾਲ ਮੁਲਾਕਾਤ ਹੋਈ। ਨਰਗਿਸ ਆਪਣੀ ਹਮ-ਉਮਰ ਕੁੜੀਆਂ ਨਾਲ ਦੂਜੇ ਕਮਰੇ ਵਿਚ ਚਲੀ ਗਈ। ਮੈਂ, ਮੇਰੀ ਪਤਨੀ ਅਤੇ ਜੱਦਨ ਬਾਈ ਉੱਥੇ ਈ ਬੈਠੇ ਰਹੇ।
ਬੜੀ ਦੇਰ ਤੱਕ ਏਧਰ ਉਧਰ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮੇਰੀ ਪਤਨੀ ਦੀ ਬੌਖਲਾਹਟ ਜਦੋਂ ਕੁਝ ਘੱਟ ਹੋਈ ਤਾਂ ਉਸ ਨੇ ਪ੍ਰਾਹੁਣਾਚਾਰੀ ਦੇ ਫ਼ਰਜ਼ ਨਿਭਾਣੇ ਸ਼ੁਰੂ ਕਰ ਦਿੱਤੇ।
ਨਰਗਿਸ ਨੂੰ ਮੈਂ ਬੜੇ ਚਿਰ ਪਿਛੋਂ ਵੇਖਿਆ ਸੀ। ਦਸ ਗਿਆਰਾਂ ਸਾਲਾਂ ਦੀ ਬੱਚੀ ਸੀ, ਜਦੋਂ ਇਕ ਦੋ ਵੇਰ ਫਿਲਮਾਂ ਦੀ ਨੁਮਾਇਸ਼ ‘ਚ ਇਸ ਨੂੰ ਆਪਣੀ ਮਾਂ ਦੀ ਉਂਗਲੀ ਫੜੀ ਵੇਖਿਆ ਸੀ : ਚੁਨ੍ਹੀਆਂ ਅੱਖਾਂ, ਲੰਮਾ ਚਿਹਰਾ, ਜਿਸਮ ‘ਚ ਕੋਈ ਖਿੱਚ ਨਹੀਂ, ਸੁੱਕੀਆਂ ਸੁੱਕੀਆਂ ਲੱਤਾਂ। ਇਸ ਤਰ੍ਹਾਂ ਲੱਗਦੀ ਸੀ ਕਿ ਸੌਂ ਕੇ ਉੱਠੀ ਏ ਜਾਂ ਸੌਣ ਵਾਲੀ ਏ, ਪਰ ਹੁਣ ਉਹ ਇਕ ਜਵਾਨ ਕੁੜੀ ਸੀ। ਉਮਰ ਨੇ ਉਹਦੀਆਂ ਖਾਲੀ ਥਾਵਾਂ ਨੂੰ ਭਰ ਦਿੱਤਾ ਸੀ, ਪਰ ਅੱਖਾਂ ਉਸੇ ਤਰ੍ਹਾਂ ਈ ਸਨ, ਨਿੱਕੀਆਂ ਤੇ ਬਿਮਾਰ ਜਿਹੀਆਂ। ਮੈਂ ਸੋਚਿਆ, ਇਸ ਹਿਸਾਬ ਨਾਲ ਇਹਦਾ ਨਾਂ ਨਰਗਿਸ ਠੀਕ ਈ ਏ।
ਇਕ ਗੱਲ ਜਿਹੜੀ ਮੈਂ ਖਾਸ ਤੌਰ ‘ਤੇ ਮਹਿਸੂਸ ਕੀਤੀ, ਉਹ ਇਹ ਸੀ ਕਿ ਨਰਗਿਸ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਉਹ ਇਕ ਦਿਨ ਬਹੁਤ ਵੱਡੀ ਸਟਾਰ ਬਣਨ ਵਾਲੀ ਏ। ਪਰ ਉਸ ਦਿਨ ਨੂੰ ਨੇੜੇ ਲਿਆਉਣ ਅਤੇ ਉਸ ਨੂੰ ਵੇਖ ਕੇ ਖੁਸ਼ ਹੋਣ ‘ਚ ਉਹਨੂੰ ਕੋਈ ਕਾਹਲੀ ਨਹੀਂ ਸੀ।
ਤਿੰਨੇ ਹਮ-ਉਮਰ ਕੁੜੀਆਂ ਦੂਜੇ ਕਮਰੇ ‘ਚ ਜਿਹੜੀਆਂ ਗੱਲਾਂ ਕਰ ਰਹੀਆਂ ਸਨ, ਉਨ੍ਹਾਂ ਦਾ ਘੇਰਾ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਸੀ। ਸਟੂਡੀਉ ਕੀ ਹੁੰਦੇ ਨੇ, ਇਸ ਨਾਲ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਸੀ।
ਮੇਰੀ ਪਤਨੀ ਜਿਹੜੀ ਨਰਗਿਸ ਨਾਲੋਂ ਉਮਰ ‘ਚ ਵੱਡੀ ਸੀ। ਉਸ ਦੇ ਆਉਣ ‘ਤੇ ਬਿਲਕੁਲ ਬਦਲ ਗਈ ਸੀ। ਉਸ ਦਾ ਉਹਦੇ ਨਾਲ ਸਲੂਕ ਨਿੱਕੀਆਂ ਭੈਣਾਂ ਵਰਗਾ ਸੀ। ਪਹਿਲਾਂ ਉਸ ਨੂੰ ਨਰਗਿਸ ਨਾਲ ਇਸ ਲਈ ਦਿਲਚਸਪੀ ਸੀ ਕਿ ਉਹ ਫਿਲਮ ਐਕਟਰਸ ਏ। ਹੁਣ ਉਹਦਾ ਖ਼ਿਆਲ ਸੀ ਕਿ ਉਹ ਖੱਟੀਆਂ ਚੀਜ਼ਾਂ ਨਾ ਖਾਏ। ਆਪਣੀ ਸਿਹਤ ਦਾ ਧਿਆਨ ਰੱਖੇ। ਹੁਣ ਉਹਦੇ ਲਈ ਨਰਗਿਸ ਦਾ ਫਿਲਮਾਂ ‘ਚ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਸੀ।
ਮੈਂ, ਮੇਰੀ ਪਤਨੀ ਅਤੇ ਜੱਦਨ ਬਾਈ ਇਧਰ ਉਧਰ ਦੀਆਂ ਗੱਲਾਂ ਪਏ ਕਰਦੇ ਸੀ ਕਿ ਆਪਾ ਸਆਦਤ ਆ ਗਈ। ਮੇਰੀ ਹਮ-ਨਾਮ ਏ, ਬੜੀ ਦਿਲਚਸਪ ਚੀਜ਼ ਏ। ਉਹ ਕਾਠੀਆਵਾੜ ਦੀਆਂ ਸਾਰੀਆਂ ਰਿਆਸਤਾਂ ਅਤੇ ਉਨ੍ਹਾਂ ਦੇ ਨਵਾਬਾਂ ਨੂੰ ਚੰਗੀ ਤਰ੍ਹਾਂ ਜਾਣਦੀ ਏ।
ਜੱਦਨ ਬਾਈ ਵੀ ਆਪਣੇ ਪੇਸ਼ੇ ਕਰਕੇ ਸਾਰੀਆਂ ਰਿਆਸਤਾਂ ਦੇ ਨਵਾਬਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਗੱਲਾਂ-ਗੱਲਾਂ ਵਿਚ ਇਕ ਪ੍ਰਸਿੱਧ ਵੇਸਵਾ ਦਾ ਜ਼ਿਕਰ ਹੋਇਆ ਤਾਂ ਸਆਦਤ ਆਪਾ ਸ਼ੁਰੂ ਹੋ ਗਈ, “ਰੱਬ ਉਹਦੇ ਤੋਂ ਬਚਾਏ। ਜਿਹਦੇ ਨਾਲ ਨਾਤਾ ਜੋੜਦੀ ਏ, ਉਹਨੂੰ ਕਾਸੇ ਜੋਗਾ ਨਹੀਂ ਰਹਿਣ ਦਿੰਦੀ। ਸਿਹਤ ਬਰਬਾਦ, ਦੌਲਤ ਬਰਬਾਦ, ਇੱਜ਼ਤ ਬਰਬਾਦ। ਮੈਂ ਤੁਹਾਨੂੰ ਕੀ ਦੱਸਾਂ? ਸੌ ਬਿਮਾਰੀਆਂ ਦੀ ਇਕ ਬਿਮਾਰੀ ਏ, ਇਹ ਵੇਸਵਾ…।”
ਮੈਂ ਅਤੇ ਮੇਰੀ ਪਤਨੀ ਬੜੇ ਪ੍ਰੇਸ਼ਾਨ ਕਿ ਸਆਦਤ ਆਪਾ ਨੂੰ ਕਿਸ ਤਰ੍ਹਾਂ ਰੋਕੀਏ। ਜੱਦਨ ਬਾਈ ਉਸ ਦੀ ਹਾਂ ‘ਚ ਹਾਂ ਮਿਲਾ ਰਹੀ ਸੀ ਅਤੇ ਅਸੀਂ ਦੋਵੇਂ ਪਸੀਨਾ ਪਸੀਨਾ ਹੁੰਦੇ ਜਾ ਰਹੇ ਸਾਂ। ਇਕ ਦੋ ਵਾਰੀ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਜ਼ਿਆਦਾ ਜੋਸ਼ ‘ਚ ਆ ਗਈ ਅਤੇ ਗਾਲ੍ਹਾਂ ਕੱਢਣ ਲੱਗ ਪਈ। ਤਦ ਇਕ ਦਮ ਉਸ ਨੇ ਜੱਦਨ ਬਾਈ ਵਲ ਵੇਖਿਆ। ਆਪਣੇ ਪੱਟਾਂ ‘ਤੇ ਦੋਹੱਥੜ ਮਾਰ ਕੇ ਉਹਨੇ ਤੁਤਲਾਏ ਹੋਏ ਲਹਿਜ਼ੇ ‘ਚ ਜੱਦਨ ਬਾਈ ਨੂੰ ਕਿਹਾ… ਤੁਸੀਂ?… ਜੱਦਨ… ਤੁਸੀਂ ਜਦੱਨ ਬਾਈ ਹੋ ਨਾ?”
ਜੱਦਨ ਬਾਈ ਨੇ ਬੜੀ ਹਲੀਮੀ ਨਾਲ ਕਿਹਾ, “ਹਾਂ ਜੀ।”
ਆਪਾ ਸਆਦਤ ਦਾ ਮੂੰਹ ਹੋਰ ਖੁੱਲ੍ਹ ਗਿਆ… ਓਹੋ… ਤੁਸੀਂ ਤਾਂ… ਮੇਰਾ ਮਤਲਬ ਏ ਕਿ ਤੁਸੀਂ ਤਾਂ ਬੜੀ ਉੱਚੀ ਵੇਸਵਾ ਹੋ… ਕਿਉਂ ਸਫ਼ੋ ਜਾਨ?” (ਸਫ਼ੋ ਮੰਟੋ ਦੀ ਪਤਨੀ ਦਾ ਨਾਂ ਏ) ਸਫੋ ਜਾਨ ਬਰਫ਼ ਹੋ ਗਈ। ਮੈਂ ਜੱਦਨ ਬਾਈ ਵਲ ਵੇਖਿਆ ਤੇ ਮੁਸਕ੍ਰਾਇਆ।
ਜੱਦਨ ਬਾਈ ਨੇ ਇਸ ਤਰ੍ਹਾਂ ਜ਼ਾਹਿਰ ਕੀਤਾ ਜਿਵੇਂ ਕੋਈ ਗੱਲ ਈ ਨਹੀਂ ਹੋਈ ਅਤੇ ਉਸ ਵੱਡੀ ਵੇਸਵਾ ਦੇ ਬਾਕੀ ਹਾਲਾਤ ਦੱਸਣੇ ਸ਼ੁਰੂ ਕਰ ਦਿੱਤੇ, ਜਿਸ ਦਾ ਜ਼ਿਕਰ ਹੋਣ ਕਰਕੇ ਆਪਾ ਸਆਦਤ ਨੂੰ ਲੈਕਚਰ ਦੇਣਾ ਪਿਆ ਸੀ।
ਜੱਦਨ ਬਾਈ ਦੀ ਕੋਸ਼ਿਸ਼ ਦੇ ਬਾਵਜੂਦ ਗੱਲ ਜੰਮੀ ਨਾ। ਆਪਾ ਸਆਦਤ ਨੂੰ ਆਪਣੀ ਗਲਤੀ ਅਤੇ ਸਾਨੂੰ ਸ਼ਰਮਿੰਦਗੀ ਦਾ ਬਹੁਤ ਸਖ਼ਤ ਅਹਿਸਾਸ ਸੀ, ਪਰ ਜਦੋਂ ਕੁੜੀਆਂ ਆ ਗਈਆਂ ਤਾਂ ਵਾਤਾਵਰਣ ਬਦਲ ਗਿਆ। ਨਰਗਿਸ ਨੂੰ ਫਰਮਾਇਸ਼ ਕੀਤੀ ਗਈ ਕਿ ਉਹ ਗਾਣਾ ਸੁਣਾਏ। ਇਸ ‘ਤੇ ਜੱਦਨ ਬਾਈ ਨੇ ਕਿਹਾ, “ਮੈਂ ਇਸ ਨੂੰ ਸੰਗੀਤ ਦੀ ਸਿੱਖਿਆ ਨਹੀਂ ਦਿੱਤੀ। ਮੋਹਨ ਬਾਬੂ (ਜੱਦਨ ਦਾ ਪਤੀ ਤੇ ਨਰਗਿਸ ਦਾ ਬਾਪ) ਇਸ ਦੇ ਖਿਲਾਫ ਸਨ ਅਤੇ ਸੱਚ ਪੁੱਛੋ ਤਾਂ ਮੈਨੂੰ ਵੀ ਪਸੰਦ ਨਹੀਂ ਸੀ… ਥੋੜ੍ਹੀ ਬਹੁਤ ਟੂੰ ਟਾਂ ਕਰ ਲੈਂਦੀ ਏ। ਇਸ ਤੋਂ ਮਗਰੋਂ ਉਸ ਨੇ ਆਪਣੀ ਧੀ ਨੂੰ ਕਿਹਾ, “ਸੁਣਾ ਦੇ ਬੇਬੀ… ਜਿਸ ਤਰ੍ਹਾਂ ਵੀ ਆਉਂਦਾ ਏ, ਸੁਣਾ ਦੇ।”
ਨਰਗਿਸ ਨੇ ਗਾਣਾ ਸ਼ੁਰੂ ਕਰ ਦਿੱਤਾ, ਪਰ ਉਹਦੀ ਆਵਾਜ਼ ਵਿਚ ਨਾ ਰਸ ਨਾ ਲੋਚ। ਮੇਰੀ ਨਿੱਕੀ ਸਾਲੀ ਉਸ ਤੋਂ ਕਿਤੇ ਚੰਗਾ ਗਾ ਲੈਂਦੀ ਸੀ। ਜਦੋਂ ਉਹਨੇ ਗਾਣਾ ਖ਼ਤਮ ਕੀਤਾ ਤਾਂ ਸਭ ਨੇ ਤਾਰੀਫ ਕੀਤੀ। ਮੈਂ ਅਤੇ ਆਪਾ ਸਆਦਤ ਚੁੱਪ ਰਹੇ। ਥੋੜ੍ਹੇ ਚਿਰ ਪਿਛੋਂ ਜੱਦਨ ਬਾਈ ਨੇ ਜਾਣ ਦੀ ਇਜਾਜ਼ਤ ਮੰਗੀ ਤਾਂ ਕੁੜੀਆਂ ਨਰਗਿਸ ਦੇ ਗਲੇ ਮਿਲੀਆਂ। ਦੋਬਾਰਾ ਮਿਲਣ ਦੇ ਇਕਰਾਰ ਹੋਏ ਅਤੇ ਸਾਡੇ ਮਹਿਮਾਨ ਚਲੇ ਗਏ।
ਨਰਗਿਸ ਨਾਲ ਮੇਰੀ ਇਹ ਪਹਿਲੀ ਮੁਲਾਕਾਤ ਸੀ।
ਇਸ ਤੋਂ ਮਗਰੋਂ ਕਈ ਮੁਲਾਕਾਤਾਂ ਹੋਈਆਂ। ਕੁੜੀਆਂ ਟੈਲੀਫੋਨ ਕਰਦੀਆਂ ਤੇ ਨਰਗਿਸ ਇਕੱਲੀ ਕਾਰ ਵਿਚ ਆ ਜਾਂਦੀ। ਇਸ ਤਰ੍ਹਾਂ ਆਉਣ ਜਾਣ ਵਿਚ ਉਹਦੇ ਐਕਟਰਸ ਹੋਣ ਦਾ ਅਹਿਸਾਸ ਲਗਭਗ ਖ਼ਤਮ ਹੋ ਗਿਆ। ਉਹ ਕੁੜੀਆਂ ਨਾਲ ਇਸ ਤਰ੍ਹਾਂ ਮਿਲਦੀ, ਜਿਵੇਂ ਉਨ੍ਹਾਂ ਦੀ ਬਹੁਤ ਪੁਰਾਣੀ ਸਹੇਲੀ ਜਾਂ ਰਿਸ਼ਤੇਦਾਰ ਹੋਵੇ। ਉਹਦੇ ਜਾਣ ਮਗਰੋਂ ਤਿੰਨੇ ਭੈਣਾਂ ਆਪਸ ਵਿਚ ਗੱਲਾਂ ਕਰਦੀਆਂ ਕਿ ਨਰਗਿਸ ਐਕਟਰੈਸ ਲੱਗਦੀ ਈ ਨਹੀਂ।
ਇਸੇ ਦੌਰਾਨ ਤਿੰਨਾਂ ਭੈਣਾਂ ਨੇ ਉਹਦੀ ਇਕ ਨਵੀਂ ਫਿਲਮ ਵੇਖੀ, ਜਿਸ ‘ਚ ਜ਼ਾਹਿਰ ਏ ਕਿ ਉਹ ਆਪਣੇ ਹੀਰੋ ਦੀ ਪ੍ਰੇਮਿਕਾ ਸੀ, ਜਿਹਦੇ ਨਾਲ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਸੀ। ਮੇਰੀ ਬੀਵੀ ਆਖਦੀ, “ਕਮਬਖ਼ਤ, ਉਹਦੇ ਹਿਜਰ ‘ਚ ਕਿੰਨਾ ਤੜਫ ਰਹੀ ਸੀ।”
ਨਰਗਿਸ ਦੀ ਅਦਾਕਾਰੀ ਬਾਰੇ ਮੇਰਾ ਵਿਚਾਰ ਬਿਲਕੁਲ ਵੱਖਰਾ ਸੀ। ਉਹ ਭਾਵਨਾਵਾਂ ਅਤੇ ਅਹਿਸਾਸਾਂ ਦਾ ਸਹੀ ਚਿਤਰਨ ਨਹੀਂ ਸੀ ਕਰਦੀ। ਉਸ ਦੀਆਂ ਸ਼ੁਰੂ ਦੀਆਂ ਫਿਲਮਾਂ ਵਿਚੋਂ ਸਾਫ ਪਤਾ ਲੱਗ ਸਕਦਾ ਏ ਕਿ ਉਸ ਦੀ ਅਦਾਕਾਰੀ ਬਨਾਵਟ ਤੋਂ ਕੋਰੀ ਸੀ।
ਬਨਾਵਟ ਦਾ ਕਮਾਲ ਇਹ ਵੇ ਕਿ ਉਹ ਬਨਾਵਟ ਨਾ ਜਾਪੇ। ਨਰਗਿਸ ਦੀ ਬਨਾਵਟ ਤਜ਼ਰਬੇ ਤੋਂ ਸੱਖਣੀ ਸੀ, ਇਸ ਲਈ ਉਸ ਵਿਚ ਇਹ ਗੁਣ ਨਹੀਂ ਸੀ। ਇਹ ਸਿਰਫ ਉਸ ਦਾ ਖਲੂਸ ਸੀ। ਉਹ ਖਲੂਸ ਜਿਹੜਾ ਉਹਨੂੰ ਆਪਣੇ ਸ਼ੌਕ ਨਾਲ ਸੀ, ਜਿਸ ਕਰਕੇ ਉਹ ਆਪਣਾ ਕੰਮ ਨਿਭਾਅ ਲੈਂਦੀ ਸੀ। ਉਮਰ ਅਤੇ ਤਜ਼ਰਬੇ ਨਾਲ ਹੁਣ ਉਹਦੇ ਕੰਮ ਵਿਚ ਪੁਖ਼ਤਗੀ ਆ ਚੁੱਕੀ ਏ।
ਇਹ ਬਹੁਤ ਚੰਗਾ ਹੋਇਆ ਕਿ ਉਸ ਨੇ ਦਾ ਅਦਾਕਾਰੀ ਦੀਆਂ ਮੰਜ਼ਲਾਂ ਹੌਲੀ ਹੌਲੀ ਤੈਅ ਕੀਤੀਆਂ। ਜੇਕਰ ਉਹ ਇਕੋ ਛਾਲ ਵਿਚ ਆਖ਼ਰੀ ਮੰਜ਼ਲ ‘ਤੇ ਪੁੱਜ ਜਾਂਦੀ ਤਾਂ ਫਿਲਮਾਂ ਵੇਖਣ ਵਾਲੇ ਸੂਝਵਾਨਾਂ ਨੂੰ ਬੜਾ ਦੁੱਖ ਹੁੰਦਾ।
ਨਰਗਿਸ ਅਜਿਹੇ ਘਰਾਣੇ ਵਿਚ ਪੈਦਾ ਹੋਈ ਸੀ ਕਿ ਅਖੀਰ ਉਹਨੇ ਐਕਟਰਸ ਬਣਨਾ ਈ ਸੀ। ਜੱਦਨ ਬਾਈ ਬੁੱਢੀ ਹੋ ਰਹੀ ਸੀ। ਉਸ ਦੇ ਦੋ ਪੁੱਤਰ ਸਨ। ਪਰ ਉਸ ਦਾ ਸਾਰਾ ਧਿਆਨ ਬੇਬੀ ਨਰਗਿਸ ‘ਤੇ ਲੱਗਾ ਰਹਿੰਦਾ। ਉਸ ਦੀ ਸ਼ਕਲ ਆਮ ਜਿਹੀ ਸੀ। ਗਲੇ ਵਿਚ ਸੁਰ ਦੇ ਪੈਦਾ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਸੀ। ਜੱਦਨ ਬਾਈ ਜਾਣਦੀ ਸੀ ਕਿ ਸੁਰ ਉਧਾਰ ਲਿਆ ਜਾ ਸਕਦਾ ਏ ਅਤੇ ਸਾਧਾਰਣ ਸ਼ਕਲ ਸੂਰਤ ਨਾਲ ਵੀ ਦਿਲਕਸ਼ੀ ਪੈਦਾ ਕੀਤੀ ਜਾ ਸਕਦੀ ਏ। ਇਹੀ ਕਾਰਨ ਏ ਕਿ ਉਸ ਨੇ ਜਾਨ ਮਾਰ ਕੇ ਇਸ ਨੂੰ ਪਾਲਿਆ ਪੋਸਿਆ ਅਤੇ ਕੱਚ ਦੇ ਨਾਜ਼ੁਕ ਤੇ ਮਹੀਨ ਮਹੀਨ ਟੁਕੜੇ ਜੋੜ ਕੇ ਆਪਣਾ ਸੁਪਨਾ ਪੂਰਾ ਕੀਤਾ।
ਜੱਦਨ ਬਾਈ ਉਹਦੀ ਮਾਂ ਸੀ। ਮੋਹਨ ਬਾਬੂ ਸੀ। ਬੇਬੀ ਨਰਗਿਸ ਸੀ। ਉਸ ਦੇ ਦੋ ਭਰਾ ਸਨ।
ਇੰਨੇ ਵੱਡੇ ਟੱਬਰ ਦੀ ਸਾਰੀ ਜ਼ਿੰਮੇਵਾਰੀ ਜੱਦਨ ਬਾਈ ਉਤੇ ਸੀ। ਮੋਹਨ ਬਾਬੂ ਇਕ ਬਹੁਤ ਵੱਡਾ ਰਈਸਜ਼ਾਦਾ ਸੀ। ਉਹ ਜੱਦਨ ਬਾਈ ਦੇ ਗਾਉਣ ‘ਤੇ ਅਜਿਹਾ ਮੋਹਤ ਹੋਇਆ ਕਿ ਦੀਨ ਦੁਨੀਆਂ ਦੀ ਹੋਸ਼ ਈ ਨਾ ਰਹੀ। ਖੂਬਸੂਰਤ ਸੀ। ਧਨ-ਦੌਲਤ ਦੀ ਕੋਈ ਘਾਟ ਨਹੀਂ ਸੀ। ਪੜ੍ਹਿਆ ਲਿਖਿਆ ਤੇ ਸਿਹਤਮੰਦ ਸੀ ਪਰ ਉਸ ਦੀਆਂ ਇਹ ਸਾਰੀਆਂ ਦੌਲਤਾਂ ਜੱਦਨ ਬਾਈ ਦੇ ਦਰ ਦੀਆਂ ਫ਼ਕੀਰ ਬਣ ਗਈਆਂ। ਉਨ੍ਹਾਂ ਦਿਨਾਂ ‘ਚ ਜੱਦਨ ਬਾਈ ਦੇ ਨਾਂ ਦਾ ਡੰਕਾ ਵੱਜਦਾ ਸੀ। ਬੜੇ ਬੜੇ ਰਾਜੇ, ਨਵਾਬ ਉਸ ਦੇ ਮੁਜਰਿਆਂ ‘ਤੇ ਸੋਨੇ ਚਾਂਦੀ ਦੀ ਵਰਖਾ ਕਰਦੇ ਸਨ। ਜਦੋਂ ਇਹ ਸਭ ਕੁਝ ਖ਼ਤਮ ਹੁੰਦਾ ਤਾਂ ਜੱਦਨ ਬਾਈ ਆਪਣੇ ਮੋਹਨ ਨੂੰ ਛਾਤੀ ਨਾਲ ਲਾ ਲੈਂਦੀ। ਉਹਦੇ ਮੋਹਨ ਕੋਲ ਉਹਦਾ ਦਿਲ ਸੀ। ਮੋਹਨ ਬਾਬੂ ਮਰਦੇ ਦਮ ਤੱਕ ਜੱਦਨ ਬਾਈ ਕੋਲ ਈ ਰਿਹਾ। ਉਹ ਉਸ ਦੀ ਬੜੀ ਇੱਜ਼ਤ ਕਰਦੀ ਸੀ। ਉਹਨੇ ਰਾਜਿਆਂ ਤੇ ਨਵਾਬਾਂ ਦੀ ਦੌਲਤ ‘ਚੋਂ ਗਰੀਬਾਂ ਦੇ ਲਹੂ ਦੀ ਬੋਅ ਸੁੰਘ ਲਈ ਸੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦਾ ਇਸ਼ਕ ਇਕ-ਪਾਸੜ ਨਹੀਂ ਸੀ। ਉਹ ਮੋਹਨ ਬਾਬੂ ਨਾਲ ਮੁਹੱਬਤ ਕਰਦੀ ਸੀ। ਉਹ ਉਹਦੇ ਬੱਚਿਆਂ ਦਾ ਬਾਪ ਸੀ।
ਮੈਂ ਗੱਲ ਨੂੰ ਕਿਧਰ ਦਾ ਕਿਧਰ ਲੈ ਗਿਆਂ। ਨਰਗਿਸ ਨੇ ਹਰ ਹਾਲਤ ‘ਚ ਐਕਟਰਸ ਬਣਨਾ ਸੀ, ਸੋ ਉਹ ਬਣ ਗਈ। ਕਾਮਯਾਬੀ ਦੀ ਸਿਖ਼ਰ ਤੱਕ ਪਹੁੰਚਣ ਦਾ ਰਾਜ਼ ਜਿਥੋਂ ਤਾਈਂ ਮੈਂ ਸਮਝਦਾਂ ਉਸ ਦਾ ਸਾਫ ਹਿਰਦੇ ਵਾਲੀ ਹੋਣਾ ਏ, ਜਿਹੜਾ ਪੈਰ ਪੈਰ ‘ਤੇ ਉਹਦੇ ਨਾਲ ਰਿਹਾ।
ਇਕ ਗੱਲ ਜਿਹੜੀ ਮੈਂ ਉਨ੍ਹਾਂ ਮੁਲਾਕਾਤਾਂ ਤੋਂ ਖਾਸ ਤੌਰ ‘ਤੇ ਮਹਿਸੂਸ ਕੀਤੀ ਉਹ ਇਹ ਵੇ ਕਿ ਨਰਗਿਸ ਨੂੰ ਇਸ ਗੱਲ ਦਾ ਅਹਿਸਾਸ ਸੀ, ਜਿਨ੍ਹਾਂ ਕੁੜੀਆਂ ਨੂੰ ਉਹ ਮਿਲਦੀ ਏ, ਉਹ ਵੱਖਰੀ ਕਿਸਮ ਦੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ। ਉਹ ਉਨ੍ਹਾਂ ਕੋਲ ਆਉਂਦੀ ਸੀ, ਘੰਟਿਆਂ ਬੱਧੀ ਉਨ੍ਹਾਂ ਨਾਲ ਬੜੀਆਂ ਮਾਸੂਮ ਗੱਲਾਂ ਕਰਦੀ ਸੀ, ਪਰ ਉਹਨਾਂ ਨੂੰ ਆਪਣੇ ਘਰ ਬੁਲਾਉਣ ‘ਚ ਇਕ ਖਾਸ ਕਿਸਮ ਦੀ ਝਿਜਕ ਮਹਿਸੂਸ ਕਰਦੀ ਸੀ। ਸ਼ਾਇਦ ਉਹਨੂੰ ਇਹ ਡਰ ਸੀ ਕਿ ਕਿਧਰੇ ਉਹ ਉਸਦੇ ਸੱਦੇ ਨੂੰ ਠੁਕਰਾ ਨਾ ਦੇਣ। ਉਹ ਕਹਿਣਗੀਆਂ ਕਿ ਉਹ ਉਸ ਦੇ ਘਰ ਕਿਸ ਤਰ੍ਹਾਂ ਜਾ ਸਕਦੀਆਂ ਨੇ।
ਇਕ ਦਿਨ ਮੈਂ ਘਰ ਈ ਸੀ ਕਿ ਉਸ ਨੇ ਸਰਸਰੀ ਤੌਰ ‘ਤੇ ਆਪਣੀਆਂ ਸਹੇਲੀਆਂ ਨੂੰ ਕਿਹਾ, “ਹੁਣ ਕਦੀ ਤੁਸੀਂ ਵੀ ਮੇਰੇ ਘਰ ਆਉ।” ਇਹ ਸੁਣ ਕੇ ਤਿੰਨੋ ਭੈਣਾਂ ਨੇ ਇਕ ਦੂਜੀ ਵਲ ਹੋਰ ਈ ਤਰ੍ਹਾਂ ਵੇਖਿਆ। ਸ਼ਾਇਦ ਉਹ ਸੋਚ ਰਹੀਆਂ ਸਨ ਕਿ ਅਸੀਂ ਨਰਗਿਸ ਦਾ ਇਹ ਸੱਦਾ ਕਿਸ ਤਰ੍ਹਾਂ ਕਬੂਲ ਕਰ ਸਕਦੀਆਂ ਹਾਂ। ਪ੍ਰੰਤੂ ਮੇਰੀ ਬੀਵੀ ਮੇਰੇ ਵਿਚਾਰਾਂ ਨੂੰ ਜਾਣਦੀ ਸੀ, ਇਸ ਲਈ ਨਰਗਿਸ ਦੇ ਵਾਰ ਵਾਰ ਕਹਿਣ ‘ਤੇ ਉਹਦਾ ਸੱਦਾ ਮੰਨ ਲਿਆ ਗਿਆ ਅਤੇ ਮੈਨੂੰ ਦਸੇ ਬਿਨਾ ਉਹਦੇ ਘਰ ਟੁਰ ਗਈਆਂ।
ਨਰਗਿਸ ਨੇ ਆਪਣੀ ਕਾਰ ਭੇਜ ਦਿੱਤੀ ਸੀ। ਜਦੋਂ ਉਹ ਬੰਬਈ ਦੀ ਬਹੁਤ ਖੂਬਸੂਰਤ ਥਾਂ ਮੈਰਿਨ ਡਰਾਈਵ ‘ਤੇ ਪਹੁੰਚੀਆਂ, ਜਿਥੇ ਨਰਗਿਸ ਰਹਿੰਦੀ ਸੀ, ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਆਉਣ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਮੋਹਨ ਬਾਬੂ ਅਤੇ ਉਸ ਦੇ ਦੋ ਜਵਾਨ ਪੁੱਤਰਾਂ ਨੂੰ ਘਰ ਦੇ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਕਿਉਂਕਿ ਨਰਗਿਸ ਦੀਆਂ ਸਹੇਲੀਆਂ ਆ ਰਹੀਆਂ ਸਨ। ਮਰਦ ਨੌਕਰਾਂ ਨੂੰ ਵੀ ਉਸ ਕਮਰੇ ‘ਚ ਆਉਣ ਦੀ ਆਗਿਆ ਨਹੀਂ ਸੀ, ਜਿਥੇ ਇਹਨਾਂ ਇੱਜ਼ਤਦਾਰ ਮਹਿਮਾਨਾਂ ਨੂੰ ਬਿਠਾਇਆ ਗਿਆ ਸੀ। ਜੱਦਨ ਬਾਈ ਥੋੜ੍ਹਾ ਚਿਰ ਰਸਮੀ ਤੌਰ ‘ਤੇ ਇਨ੍ਹਾਂ ਕੋਲ ਬੈਠ ਕੇ ਅੰਦਰ ਚਲੀ ਗਈ। ਉਹਨਾਂ ਦੀਆਂ ਮਾਸੂਮ ਗੱਲਾਂ ਵਿਚ ਰੁਕਾਵਟ ਨਹੀਂ ਸੀ ਬਣਨਾ ਚਾਹੁੰਦੀ।
ਤਿੰਨਾਂ ਭੈਣਾਂ ਦਾ ਕਹਿਣਾ ਏ ਕਿ ਨਰਗਿਸ ਉਹਨਾਂ ਦੇ ਆਉਣ ‘ਤੇ ਏਨੀ ਖੁਸ਼ ਸੀ ਕਿ ਵਾਰ ਵਾਰ ਘਬਰਾ ਜਿਹੀ ਜਾਂਦੀ ਸੀ। ਆਪਣੀਆਂ ਸਹੇਲੀਆਂ ਦੀ ਖਾਤਰਦਾਰੀ ਵਿਚ ਉਹਨੇ ਬੜੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਸੀ। ਉਥੇ ਕੋਲ ਹੀ ਡੇਅਰੀ ਸੀ। ਉਸ ਦੇ ‘ਮਿਲਕ ਸ਼ੇਕ’ ਬਹੁਤ ਮਸ਼ਹੂਰ ਸਨ। ਕਾਰ ‘ਚ ਜਾ ਕੇ ਨਰਗਿਸ ਆਪ ਇਹ ਮਿਲਕ ਸ਼ੇਕ ਤਿਆਰ ਕਰਵਾ ਕੇ ਲਿਆਈ। ਉਹ ਇਹ ਕੰਮ ਨੌਕਰਾਂ ਕੋਲੋਂ ਨਹੀਂ ਕਰਵਾਉਣਾ ਚਾਹੁੰਦੀ ਸੀ, ਕਿਉਂਕਿ ਇਸ ਤਰ੍ਹਾਂ ਉਹਨਾਂ ਦੇ ਅੰਦਰ ਆਉਣ ਦੀ ਸੰਭਾਵਨਾ ਸੀ।
ਆਓ-ਭਗਤ ਦੇ ਇਸ ਜੋਸ਼ ਵਿਚ ਨਰਗਿਸ ਨੇ ਆਪਣੇ ਨਵੇਂ ਸੈੱਟ ਦਾ ਗਲਾਸ ਤੋੜ ਦਿੱਤਾ। ਮਹਿਮਾਨਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਤਾਂ ਨਰਗਿਸ ਨੇ ਕਿਹਾ, “ਕੋਈ ਗੱਲ ਨਹੀਂ। ਬੀਬੀ ਗੁੱਸੇ ਹੋਵੇਗੀ ਤਾਂ ਡੈਡੀ ਉਸ ਨੂੰ ਚੁੱਪ ਕਰਾ ਦੇਣਗੇ ਅਤੇ ਗੱਲ ਰਫ਼ਾ ਦਫ਼ਾ ਹੋ ਜਾਵੇਗੀ।”
ਮੋਹਨ ਬਾਬੂ ਨੂੰ ਨਰਗਿਸ ਨਾਲ ਅਤੇ ਨਰਗਿਸ ਨੂੰ ਮੋਹਨ ਬਾਬੂ ਨਾਲ ਬਹੁਤ ਮੋਹ ਸੀ।
‘ਮਿਲਕ ਸ਼ੇਕ’ ਪਿਲਾਉਣ ਤੋਂ ਮਗਰੋਂ ਨਰਗਿਸ ਨੇ ਮਹਿਮਾਨਾਂ ਨੂੰ ਆਪਣੀ ਐਲਬਮ ਦਿਖਾਈ, ਜਿਸ ਵਿਚ ਵੱਖ ਵੱਖ ਫਿਲਮਾਂ ਦੇ ਉਹਦੇ ਪੋਜ਼ ਸਨ। ਉਸ ਨਰਗਿਸ ਵਿਚ, ਜਿਹੜੀ ਉਹਨਾਂ ਨੂੰ ਇਹ ਫੋਟੋ ਦਿਖਾ ਰਹੀ ਸੀ ਅਤੇ ਉਹ ਨਰਗਿਸ ਜਿਹੜੀ ਉਹਨਾਂ ਤਸਵੀਰਾਂ ਵਿਚ ਮੌਜੂਦ ਸੀ, ਕਿੰਨਾ ਫਰਕ ਸੀ। ਤਿੰਨੇ ਭੈਣਾਂ ਕਦੀ ਉਸ ਵਲ ਵੇਖਦੀਆਂ ਅਤੇ ਕਦੀ ਐਲਬਮ ਵਲ। ਉਹ ਆਪਣੀ ਹੈਰਾਨੀ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀਆਂ, “ਨਰਗਿਸ-ਤੂੰ ਇਹ ਨਰਗਿਸ ਕਿਸ ਤਰ੍ਹਾਂ ਬਣ ਜਾਂਦੀ ਏ?”
ਇਹ ਸੁਣ ਕੇ ਨਰਗਿਸ ਮੁਸਕਰਾ ਪੈਂਦੀ।
ਮੇਰੀ ਬੀਵੀ ਨੇ ਦੱਸਿਆ ਕਿ ਘਰ ‘ਚ ਨਰਗਿਸ ਦੀ ਹਰ ਹਰਕਤ, ਹਰ ਅਦਾ ਵਿਚ ਅੱਲ੍ਹੜਪਣ ਸੀ। ਉਸ ਵਿਚ ਸ਼ੋਖੀ ਤੇ ਤਿੱਖਾਪਣ ਨਹੀਂ ਸੀ, ਜਿਹੜਾ ਪਰਦੇ ਉਤੇ ਨਜ਼ਰ ਆਉਂਦਾ ਏ। ਉਹ ਬਹੁਤ ਈ ਘਰੇਲੂ ਕਿਸਮ ਦੀ ਕੁੜੀ ਸੀ। ਮੈਂ ਆਪ ਵੀ ਇਹੋ ਮਹਿਸੂਸ ਕੀਤਾ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ‘ਚੋਂ ਇਕ ਅਜੀਬ ਕਿਸਮ ਦੀ ਅਦਾ ਨਜ਼ਰ ਆਉਂਦੀ ਸੀ।
ਇਹ ਗੱਲ ਤੈਅ ਸੀ ਕਿ ਪ੍ਰਸਿੱਧੀ ਦੀ ਜਿਹੜੀ ਮੰਜ਼ਲ ‘ਤੇ ਨਰਗਿਸ ਨੇ ਪਹੁੰਚਣਾ ਸੀ, ਉਹ ਬਹੁਤ ਦੂਰ ਨਹੀਂ ਸੀ। ਤਕਦੀਰ ਆਪਣਾ ਫੈਸਲਾ ਉਹਦੇ ਹੱਕ ‘ਚ ਕਰ ਚੁੱਕੀ ਸੀ, ਪਰ ਫਿਰ ਵੀ ਉਹ ਉਦਾਸ ਕਿਉਂ ਸੀ? ਕੀ ਉਹ ਆਪਣੇ ਮਨ ਵਿਚ ਇਹ ਮਹਿਸੂਸ ਤਾਂ ਨਹੀਂ ਸੀ ਕਰ ਰਹੀ ਕਿ ਇਸ਼ਕ-ਮੁਹੱਬਤ ਦਾ ਇਹ ਬਨਾਵਟੀ ਖੇਲ ਖੇਡਦੀ ਹੋਈ ਇਕ ਦਿਨ ਉਹ ਕਿਸੇ ਅਜਿਹੇ ਰੇਗਿਸਤਾਨ ਵਿਚ ਨਿਕਲ ਜਾਵੇਗੀ, ਜਿਥੇ ਭੁਲੇਖੇ ਹੀ ਭੁਲੇਖੇ ਹੋਣਗੇ।
ਇੰਨੇ ਸਾਲ ਬੀਤ ਜਾਣ ਮਗਰੋਂ ਹੁਣ ਮੈਂ ਉਸ ਨੂੰ ਪਰਦੇ ‘ਤੇ ਦੇਖਦਾ ਹਾਂ ਤਾਂ ਮੈਨੂੰ ਉਹਦੀ ਉਦਾਸੀ ਕੁਝ ਸੁਸਤ ਨਜ਼ਰ ਆਉਂਦੀ ਏ। ਪਹਿਲਾਂ ਉਸ ਵਿਚ ਇਕ ਤਲਾਸ਼ ਸੀ। ਹੁਣ ਇਹ ਤਲਾਸ਼ ਵੀ ਉਦਾਸ ਏ। ਕਿਉਂ? ਇਹਦਾ ਜਵਾਬ ਨਰਗਿਸ ਈ ਦੇ ਸਕਦੀ ਏ।
ਤਿੰਨੇ ਭੈਣਾਂ ਚੋਰੀ ਚੋਰੀ ਨਰਗਿਸ ਦੇ ਘਰ ਗਈਆਂ ਸਨ। ਇਸ ਲਈ ਉਹ ਬਹੁਤਾ ਚਿਰ ਉਥੇ ਨਾ ਰਹਿ ਸਕੀਆਂ। ਨਿੱਕੀਆਂ ਦੋਹਾਂ ਨੂੰ ਇਹ ਡਰ ਸੀ ਕਿ ਕਿਧਰੇ ਮੈਨੂੰ ਇਸ ਦਾ ਪਤਾ ਨਾ ਲੱਗ ਜਾਏ। ਇਸ ਲਈ ਉਹ ਛੇਤੀ ਘਰ ਆ ਗਈਆਂ।
ਨਰਗਿਸ ਬਾਰੇ ਉਹ ਜਦੋਂ ਵੀ ਗੱਲ ਕਰਦੀਆਂ ਘੁੰਮਾ ਫਿਰਾ ਕੇ ਉਸ ਦੇ ਵਿਆਹ ਦੀ ਗੱਲ ‘ਤੇ ਆ ਜਾਂਦੀਆਂ। ਨਿੱਕੀਆਂ ਦੋਹਾਂ ਨੂੰ ਇਹ ਜਾਣਨ ਦੀ ਇੱਛਾ ਸੀ ਕਿ ਉਹ ਕਦੋਂ ਅਤੇ ਕਿਥੇ ਵਿਆਹ ਕਰੇਗੀ? ਵੱਡੀ ਜਿਸ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਸਨ, ਇਹ ਸੋਚਦੀ ਸੀ ਕਿ ਵਿਆਹ ਤੋਂ ਮਗਰੋਂ ਉਹ ਮਾਂ ਕਿਸ ਤਰ੍ਹਾਂ ਬਣੇਗੀ।
ਕੁਝ ਚਿਰ ਤੱਕ ਮੇਰੀ ਪਤਨੀ ਨੇ ਨਰਗਿਸ ਨਾਲ ਇਸ ਲੁਕਵੀਂ ਮੁਲਾਕਾਤ ਦਾ ਹਾਲ ਛੁਪਾਈ ਰੱਖਿਆ। ਆਖਰ ਇਕ ਦਿਨ ਦੱਸ ਦਿੱਤਾ। ਮੈਂ ਬਨਾਉਟੀ ਗੁੱਸੇ ਦਾ ਇਜ਼ਹਾਰ ਕੀਤਾ ਤਾਂ ਉਸ ਨੇ ਸੱਚੀ-ਮੁੱਚੀ ਦਾ ਸਮਝ ਕੇ ਖਿਮਾਂ ਮੰਗੀ ਅਤੇ ਕਿਹਾ, “ਸੱਚੀਂ, ਸਾਡੇ ਕੋਲੋਂ ਗਲਤੀ ਹੋ ਗਈ, ਪਰ ਰੱਬ ਦਾ ਵਾਸਤਾ ਜੇ ਹੁਣ ਤੁਸੀਂ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਿਆ ਜੇ।”
ਉਹ ਚਾਹੁੰਦੀ ਸੀ ਕਿ ਇਹ ਗੱਲ ਮੇਰੇ ਤੱਕ ਹੀ ਸੀਮਤ ਰਹੇ। ਇਕ ਐਕਟਰਸ ਦੇ ਘਰ ਜਾਣਾ ਤਿੰਨਾਂ ਭੈਣਾਂ ਵਾਸਤੇ ਇਕ ਦੋਸ਼ ਵਾਲੀ ਘਟਨਾ ਸੀ। ਉਹ ਆਪਣੀ ਇਸ ‘ਹਰਕਤ’ ਨੂੰ ਛੁਪਾਉਣਾ ਚਾਹੁੰਦੀਆਂ ਸਨ। ਜਿਥੋਂ ਤੱਕ ਮੈਨੂੰ ਪਤਾ ਏ ਕਿ ਉਹਨਾਂ ਇਸ ਗੱਲ ਦਾ ਜ਼ਿਕਰ ਆਪਣੀ ਮਾਂ ਨਾਲ ਵੀ ਨਹੀਂ ਸੀ ਕੀਤਾ, ਭਾਵੇਂ ਉਹ ਪੁਰਾਣੇ ਖਿਆਲਾਂ ਦੀ ਨਹੀਂ ਸੀ। ਇਸ ਲੇਖ ਦੇ ਸ਼ੁਰੂ ਵਿਚ ਮੈਂ ਇਕ ਖਤ ਦਾ ਕੁਝ ਹਿੱਸਾ ਨਕਲ ਕੀਤਾ ਏ, ਜਿਹੜਾ ਮੈਨੂੰ ਤਸਨੀਮ ਸਲੀਮ ਨੇ ਲਿਖਿਆ ਸੀ, ਜਿਸ ਤੋਂ ਸਾਰੀ ਗੱਲ ਤੁਰੀ ਸੀ।
ਮੈਨੂੰ ਨਰਗਿਸ ਦੇ ਘਰ ਜਾ ਕੇ ਮਿਲਣ ਦੀ ਖਾਹਿਸ਼ ਸੀ। ਇਸ ਲਈ ਮੈਂ ਕੰਮ ‘ਚ ਰੁੱਝਾ ਹੋਣ ਦੇ ਬਾਵਜੂਦ ਸਲੀਮ ਅਤੇ ਉਸ ਦੇ ਸਾਥੀਆਂ ਨੂੰ ਨਾਲ ਲੈ ਕੇ ਮੈਰਿਨ ਡਰਾਈਵ ਵਲ ਤੁਰ ਪਿਆ।
ਚਾਹੀਦਾ ਤਾਂ ਇਹ ਸੀ ਕਿ ਮੈਂ ਫੋਨ ਕਰਕੇ ਜੱਦਨ ਬਾਈ ਨੂੰ ਇਹਦੇ ਬਾਰੇ ਦੱਸਦਾ, ਪਰ ਮੈਂ ਆਮ ਜ਼ਿੰਦਗੀ ਵਿਚ ਅਜਿਹੇ ਉਚੇਚ ਦਾ ਕਾਇਲ ਨਹੀਂ, ਇਸ ਲਈ ਬਿਨਾ ਖ਼ਬਰ ਕੀਤੇ ਹੀ ਉਥੇ ਪਹੁੰਚ ਗਿਆ। ਜੱਦਨ ਬਾਈ ਵਰਾਂਡੇ ‘ਚ ਬੈਠੀ ਸੁਪਾਰੀ ਕੁਤਰ ਰਹੀ ਸੀ। ਮੈਨੂੰ ਵੇਖ ਕੇ ਉੱਚੀ ਸਾਰੀ ਕਿਹਾ, “ਓ ਮੰਟੋ…ਆ ਬਈ ਆ।” ਫਿਰ ਨਰਗਿਸ ਨੂੰ ‘ਵਾਜ ਮਾਰੀ, “ਬੇਬੀ, ਤੇਰੀਆਂ ਸਹੇਲੀਆਂ ਆਈਆਂ ਨੇ।”
ਮੈਂ ਉਹਦੇ ਨੇੜੇ ਹੋ ਕੇ ਉਹਨੂੰ ਦੱਸਿਆ ਕਿ ਮੇਰੇ ਨਾਲ ਸਹੇਲੀਆਂ ਨਹੀਂ, ਸਹੇਲੇ ਨੇ। ਜਦੋਂ ਮੈਂ ਨਵਾਬ ਛਤਾਰੀ ਦੇ ਦਾਮਾਦ ਦਾ ਜ਼ਿਕਰ ਕੀਤਾ ਤਾਂ ਉਹਦਾ ਲਹਿਜ਼ਾ ਬਦਲ ਗਿਆ, “ਬੁਲਾ ਲੈ ਉਨ੍ਹਾਂ ਨੂੰ।” ਨਰਗਿਸ ਦੌੜੀ ਦੌੜੀ ਆਈ ਤਾਂ ਉਸ ਕਿਹਾ, “ਤੂੰ ਅੰਦਰ ਜਾ ਬੇਬੀ। ਮੰਟੋ ਸਾਹਿਬ ਦੇ ਦੋਸਤ ਆਏ ਨੇ।”
ਜੱਦਨ ਬਾਈ ਨੇ ਮੇਰੇ ਦੋਸਤਾਂ ਦਾ ਸਵਾਗਤ ਕੁਝ ਇਸ ਤਰ੍ਹਾਂ ਕੀਤਾ, ਜਿਵੇਂ ਉਹ ਮਕਾਨ ਵੇਖਣ ਅਤੇ ਪਸੰਦ ਕਰਨ ਆਏ ਹੋਣ। ਮੇਰੇ ਨਾਲ ਜਿਹੜੀ ਖਾਸ ਬੇਤਕੁੱਲਫੀ ਸੀ, ਉਹ ਗਾਇਬ ਹੋ ਗਈ। ‘ਬੈਠੋ’ – ‘ਤਸ਼ਰੀਫ਼ ਰੱਖੀਏ’ ਵਿਚ ਬਦਲ ਗਈ। ਕੀ ਪੀਓਗੇ? ‘ਤੂੰ’ ਤੁਸੀਂ ਹੋ ਗਿਆ। ਮੈਂ ਆਪਣੇ ਆਪ ਨੂੰ ਉੱਲੂ ਬਣਿਆ ਮਹਿਸੂਸ ਕੀਤਾ।
ਮੈਂ ਆਪਣਾ ਅਤੇ ਆਪਣੇ ਦੋਸਤਾਂ ਦੇ ਆਉਣ ਦਾ ਕਾਰਨ ਦੱਸਿਆ ਤਾਂ ਜੱਦਨ ਬਾਈ ਨੇ ਬਨਾਉਟੀ ਅੰਦਾਜ਼ ਵਿਚ ਮੇਰੇ ਵਲ ਨਿਗ੍ਹਾ ਕਰਕੇ ਮੇਰੇ ਸਾਥੀਆਂ ਨੂੰ ਕਿਹਾ, “ਬੇਬੀ ਨੂੰ ਮਿਲਣਾ ਚਾਹੁੰਦੇ ਹੋ…ਕੀ ਦੱਸਾਂ, ਕਈ ਦਿਨਾਂ ਤੋਂ ਵਿਚਾਰੀ ਦੀ ਤਬੀਅਤ ਠੀਕ ਨਹੀਂ। ਦਿਨ ਰਾਤ ਦੀ ਸ਼ੂਟਿੰਗ ਨੇ ਉਹਨੂੰ ਸੁਸਤ ਕਰ ਦਿੱਤਾ ਏ। ਬਹੁਤ ਰੋਕਦੀ ਹਾਂ ਕਿ ਇਕ ਦਿਨ ਆਰਾਮ ਕਰ ਲੈ, ਪਰ ਮੇਰੀ ਗੱਲ ਸੁਣਦੀ ਈ ਨਹੀਂ। ਮਹਿਬੂਬ ਨੇ ਵੀ ਕਿਹਾ ਕਿ ਬੇਟਾ ਕੋਈ ਹਰਜ਼ ਨਹੀਂ ਤੂੰ ਰੈਸਟ ਕਰ ਲੈ, ਮੈਂ ਸ਼ੂਟਿੰਗ ਬੰਦ ਕਰ ਦਿੰਦਾ ਹਾਂ, ਪਰ ਨਹੀਂ ਮੰਨੀ… ਅੱਜ ਮੈਂ ਜ਼ਬਰਦਸਤੀ ਰੋਕ ਲਿਆ… ਜ਼ੁਕਾਮ ਨਾਲ ਵਿਚਾਰੀ ਦਾ ਬੁਰਾ ਹਾਲ ਏ।” ਇਹ ਸੁਣ ਕੇ ਮੇਰੇ ਦੋਸਤਾਂ ਨੂੰ ਨਿਰਾਸ਼ਾ ਹੋਈ। ਜੱਦਨ ਬਾਈ ਏਧਰ-ਉਧਰ ਦੀਆਂ ਗੱਲਾਂ ਕਰੀ ਜਾਂਦੀ ਸੀ। ਮੈਨੂੰ ਪਤਾ ਸੀ ਕਿ ਨਰਗਿਸ ਦੀ ਬਿਮਾਰੀ ਦਾ ਤਾਂ ਇਕ ਬਹਾਨਾ ਈ ਸੀ।
ਮੈਂ ਜੱਦਨ ਬਾਈ ਨੂੰ ਕਿਹਾ, “ਬੇਬੀ ਨੂੰ ਤਕਲੀਫ ਤਾਂ ਹੋਵੇਗੀ, ਪਰ ਇਹ ਇੰਨੀ ਦੂਰੋਂ ਆਏ ਨੇ, ਜ਼ਰਾ ਬੁਲਾ ਦਿਓ।” ਤਿੰਨ ਚਾਰ ਵਾਰੀ ਅੰਦਰ ਅਖਵਾਇਆ ਤਾਂ ਜਾ ਕੇ ਨਰਗਿਸ ਆਈ। ਸਾਰਿਆਂ ਨੇ ਉੱਠ ਕੇ ਆਦਰ ਨਾਲ ਉਹਨੂੰ ਸਲਾਮ ਕੀਤਾ। ਮੈਂ ਬੈਠਾ ਰਿਹਾ। ਨਰਗਿਸ ਦੇ ਆਉਣ ਦਾ ਅੰਦਾਜ਼ ਫਿਲਮੀ ਸੀ। ਸਲਾਮ ਦਾ ਜਵਾਬ ਦੇਣਾ ਵੀ ਫਿਲਮੀ ਸੀ। ਉਹਦਾ ਉੱਠਣਾ ਬੈਠਣਾ ਫਿਲਮੀ ਸੀ। ਉਹਦੀ ਗੱਲਬਾਤ ਦਾ ਲਹਿਜ਼ਾ ਵੀ ਫਿਲਮੀ ਸੀ, ਜਿਵੇਂ ਸੈੱਟ ‘ਤੇ ਬੋਲ ਰਹੀ ਹੋਵੇ।
ਮੇਰੇ ਸਾਥੀਆਂ ਦੇ ਸਵਾਲ ਜਵਾਬ ਵੀ ਨਵਾਬੀ ਕਿਸਮ ਦੇ ਊਟ-ਪਟਾਂਗ ਸੀ। “ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ।” “ਹਾਂ ਜੀ, ਅੱਜ ਹੀ ਬੰਬਈ ਪਹੁੰਚੇ ਹਾਂ।” “ਕੱਲ੍ਹ ਪਰਸੋਂ ਵਾਪਸ ਚਲੇ ਜਾਵਾਂਗੇ।” “ਖੁਦਾ ਦੀ ਮਿਹਰ ਨਾਲ ਇਸ ਵੇਲੇ ਤੁਸੀਂ ਹਿੰਦੋਸਤਾਨ ਦੀ ਚੋਟੀ ਦੀ ਐਕਟਰਸ ਹੋ।” “ਤੁਹਾਡੀ ਹਰ ਫਿਲਮ ਦਾ ਅਸੀਂ ਪਹਿਲਾ ਸ਼ੋਅ ਵੇਖਿਆ ਏ।” “ਇਹ ਤਸਵੀਰ ਜਿਹੜੀ ਤੁਸੀਂ ਦਿੱਤੀ ਏ, ਇਹ ਮੈਂ ਆਪਣੀ ਐਲਬਮ ਵਿਚ ਲਗਾਵਾਂਗਾ।” ਇਸ ਦੌਰਾਨ ਮੋਹਨ ਬਾਬੂ ਵੀ ਆ ਗਏ, ਪਰ ਉਹ ਚੁੱਪ ਬੈਠੇ ਰਹੇ। ਆਪਣੀਆਂ ਖੂਬਸੂਰਤ ਅੱਖਾਂ ਘੁੰਮਾ ਕੇ ਕਦੀ ਕਦੀ ਸਾਨੂੰ ਸਾਰਿਆਂ ਨੂੰ ਵੇਖ ਲੈਂਦੇ ਅਤੇ ਫਿਰ ਰੱਬ ਜਾਣੇ ਕਿਹੜੀ ਸੋਚ ‘ਚ ਡੁੱਬ ਜਾਂਦੇ। ਸਭ ਤੋਂ ਜ਼ਿਆਦਾ ਗੱਲਾਂ ਜੱਦਨ ਬਾਈ ਨੇ ਕੀਤੀਆਂ। ਉਸ ਨੇ ਮੁਲਾਕਾਤੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਹਿੰਦੋਸਤਾਨ ਦੇ ਹਰੇਕ ਰਾਜੇ, ਹਰੇਕ ਨਵਾਬ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਜਾਣਦੀ ਏ। ਇਹ ਮੁਲਾਕਾਤ ਬੜੀ ਫਿਕੀ ਰਹੀ। ਮੇਰੇ ਸਾਥੀ ਮੇਰੀ ਮੌਜੂਦਗੀ ਵਿਚ ਖੁੱਲ੍ਹ ਕੇ ਮੂਰਖਾਂ ਵਰਗੀਆਂ ਗੱਲਾਂ ਨਹੀਂ ਕਰ ਸਕੇ ਸਨ। ਮੈਂ ਵੀ ਉਹਨਾਂ ਦੀ ਮੌਜੂਦਗੀ ਕਰਕੇ ਘੁਟਨ ਜਿਹੀ ਮਹਿਸੂਸ ਕਰਦਾ ਰਿਹਾ। ਪਰ ਨਰਗਿਸ ਦਾ ਦੂਜਾ ਰੂਪ ਵੇਖਣਾ ਵੀ ਦਿਲਚਸਪ ਸੀ। ਸਲੀਮ ਆਪਣੇ ਦੋਸਤਾਂ ਨਾਲ ਦੂਜੇ ਦਿਨ ਫਿਰ ਨਰਗਿਸ ਦੇ ਘਰ ਗਿਆ। ਉਹਨਾਂ ਨੇ ਇਸ ਬਾਰੇ ਮੈਨੂੰ ਨਾ ਦੱਸਿਆ। ਮੇਰਾ ਖਿਆਲ ਏ ਕਿ ਇਸ ਮੁਲਾਕਾਤ ਦਾ ਰੰਗ ਕੁਝ ਹੋਰ ਈ ਹੋਵੇਗਾ।
ਨਰਗਿਸ ਦਾ ਇਕ ਹੋਰ ਦਿਲਚਸਪ ਅੰਦਾਜ਼ ਮੈਂ ਉਸ ਵੇਲੇ ਵੇਖਿਆ, ਜਦੋਂ ਅਸ਼ੋਕ ਕੁਮਾਰ ਮੇਰੇ ਨਾਲ ਸੀ। ਜੱਦਨ ਬਾਈ ਕੋਈ ਫਿਲਮ ਬਣਾਉਣ ਦਾ ਵਿਚਾਰ ਬਣਾ ਰਹੀ ਸੀ। ਉਸ ਦੀ ਇੱਛਾ ਸੀ ਕਿ ਅਸ਼ੋਕ ਕੁਮਾਰ ਉਹਦਾ ਹੀਰੋ ਹੋਵੇ। ਅਸ਼ੋਕ ਕੁਮਾਰ ਇਕੱਲਾ ਜਾਣ ਤੋਂ ਘਬਰਾਉਂਦਾ ਸੀ, ਇਸ ਲਈ ਉਹ ਮੈਨੂੰ ਨਾਲ ਲੈ ਗਿਆ।
ਗੱਲਬਾਤ ਦੌਰਾਨ ਕਈ ਨੁਕਤੇ ਉਭਰੇ। ਕਾਰੋਬਾਰੀ ਨੁਕਤੇ, ਦੋਸਤਾਨਾ ਨੁਕਤੇ, ਖੁਸ਼ਾਮਦੀ ਨੁਕਤੇ। ਜੱਦਨ ਬਾਈ ਦਾ ਅੰਦਾਜ਼ ਕਦੀ ਬਜ਼ੁਰਗਾਂ ਵਰਗਾ ਹੁੰਦਾ, ਕਦੀ ਹਮ-ਉਮਰ ਵਾਲਾ। ਉਹ ਕਦੀ ਪ੍ਰੋਡਿਊਸਰ ਬਣ ਜਾਂਦੀ, ਕਦੀ ਨਰਗਿਸ ਦੀ ਮਾਂ। ਮੋਹਨ ਬਾਬੂ ਤੋਂ ਕਦੀ ਕਦੀ ਹਾਂ ‘ਚ ਹਾਂ ਮਿਲ ਜਾਂਦੀ।
ਲੱਖਾਂ ਰੁਪਈਆਂ ਦਾ ਜ਼ਿਕਰ ਆਇਆ। ਸਭ ਦਾ ਹਿਸਾਬ ਉਂਗਲਾਂ ‘ਤੇ ਗਿਣਾਇਆ ਗਿਆ। ਨਰਗਿਸ ਦਾ ਅੰਦਾਜ਼ ਇਹ ਸੀ ਕਿ ਵੇਖ ਅਸ਼ੋਕ, ਮੈਂ ਮੰਨਦੀ ਹਾਂ ਕਿ ਤੂੰ ਇਕ ਹੰਢਿਆ ਹੋਇਆ ਐਕਟਰ ਏਂ, ਤੇਰੀ ਧਾਂਕ ਬੈਠੀ ਹੋਈ ਏ, ਪਰ ਮੈਂ ਵੀ ਕਿਸੇ ਤਰ੍ਹਾਂ ਘੱਟ ਨਹੀਂ। ਤੂੰ ਮੰਨ ਜਾਏਂਗਾ ਕਿ ਅਦਾਕਾਰੀ ‘ਚ ਮੈਂ ਤੇਰਾ ਮੁਕਾਬਲਾ ਕਰ ਸਕਦੀ ਹਾਂ। ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਇਸੇ ਨੁਕਤੇ ‘ਤੇ ਖੜ੍ਹੀਆਂ ਸਨ। ਇਸ ਤੋਂ ਛੁੱਟ ਕਦੀ ਕਦੀ ਉਸ ਦੇ ਅੰਦਰ ਔਰਤ ਵੀ ਜਾਗ ਪੈਂਦੀ ਸੀ। ਉਸ ਵੇਲੇ ਉਹ ਅਸ਼ੋਕ ਨੂੰ ਇਹ ਕਹਿੰਦੀ, “ਤੇਰੇ ‘ਤੇ ਹਜ਼ਾਰਾਂ ਕੁੜੀਆਂ ਮਰਦੀਆਂ ਨੇ, ਪਰ ਮੈਂ ਇਸ ਨੂੰ ਕੀ ਸਮਝਦੀ ਹਾਂ। ਮੇਰੇ ਵੀ ਹਜ਼ਾਰਾਂ ਚਾਹਣ ਵਾਲੇ ਮੌਜੂਦ ਨੇ। ਜੇਕਰ ਯਕੀਨ ਨਹੀਂ ਤਾਂ ਕਿਸੇ ਮਰਦ ਤੋਂ ਪੁੱਛ ਲਓ। ਹੋ ਸਕਦਾ ਏ ਤੂੰ ਈ ਮੇਰੇ ‘ਤੇ ਮਰਨਾ ਸ਼ੁਰੂ ਕਰ ਦੇਵੇਂ।”
ਜੱਦਨ ਬਾਈ ਵਿਚਲਾ ਰਾਹ ਲੱਭਦੀ ਤੇ ਕਹਿੰਦੀ ਕਿ ਨਹੀਂ ਅਸ਼ੋਕ ਤੇਰੇ ਅਤੇ ਬੇਬੀ ਦੋਹਾਂ ‘ਤੇ ਦੁਨੀਆਂ ਮਰਦੀ ਏ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਦੋਹਾਂ ਨੂੰ ਇਕੱਠਿਆਂ ਪੇਸ਼ ਕਰਾਂ ਤਾਂ ਕਿ ਇਕ ਕਤਲੇਆਮ ਹੋਵੇ ਅਤੇ ਅਸੀਂ ਸਭ ਉਸ ਦਾ ਲਾਭ ਉਠਾਈਏ।
ਕਦੀ ਉਹ ਇਕ ਹੋਰ ਅੰਦਾਜ਼ ਵਿਚ ਬੋਲਦੀ ਅਤੇ ਮੈਨੂੰ ਕਹਿੰਦੀ, “ਮੰਟੋ, ਅਸ਼ੋਕ ਇੰਨਾ ਵੱਡਾ ਐਕਟਰ ਬਣ ਗਿਆ ਏ, ਪਰ ਸਹੁੰ ਰੱਬ ਦੀ ਇਹ ਬਹੁਤ ਹੀ ਨੇਕ ਬੰਦਾ ਏ। ਬੜਾ ਘੱਟ ਬੋਲਦਾ ਏ, ਬਹੁਤ ਈ ਸ਼ਰਮਾਕਲ ਏ। ਮੈਂ ਜਿਹੜੀ ਫਿਲਮ ਸ਼ੁਰੂ ਕਰ ਰਹੀ ਹਾਂ, ਉਸ ‘ਚ ਅਸ਼ੋਕ ਲਈ ਖਾਸ ਤੌਰ ‘ਤੇ ਕਰੈਕਟਰ ਲਿਖਵਾਇਆ ਏ। ਤੂੰ ਸੁਣੇਗਾ ਤਾਂ ਖੁਸ਼ ਹੋ ਜਾਏਂਗਾ।”
ਮੈਂ ਇਹ ਕਰੈਕਟਰ ਸੁਣੇ ਬਿਨਾ ਈ ਖੁਸ਼ ਸੀ, ਕਿਉਂਕਿ ਜੱਦਨ ਬਾਈ ਦਾ ਆਪਣਾ ਕਰੈਕਟਰ ਬੜਾ ਰੌਚਕ ਸੀ ਅਤੇ ਨਰਗਿਸ ਜਿਹੜਾ ਰੋਲ ਅਦਾ ਕਰ ਰਹੀ ਸੀ, ਉਹ ਤਾਂ ਹੋਰ ਵੀ ਦਿਲਚਸਪ ਸੀ। ਗੱਲਾਂ ਗੱਲਾਂ ਵਿਚ ਸੁਰੱਈਆ ਦਾ ਜ਼ਿਕਰ ਆਇਆ ਤਾਂ ਜੱਦਨ ਬਾਈ ਨੱਕ ਚਾੜ੍ਹ ਕੇ ਉਹਦੇ ਸਾਰੇ ਖਾਨਦਾਨ ਦੀਆਂ ਬੁਰਾਈਆਂ ਦੱਸਣ ਲੱਗੀ। ਪਈ ਅਖੇ ਸੁਰੱਈਆ ਦਾ ਗਲਾ ਖਰਾਬ ਏ, ਬੇਸੁਰੀ ਏ। ਦੰਦ ਬੜੇ ਕੋਝੇ ਨੇ। ਓਧਰ ਸੁਰੱਈਆ ਦੇ ਜਾਓ ਤਾਂ ਸੁਰੱਈਆ ਦੀ ਨਾਨੀ, ਜਿਹੜੀ ਅਸਲ ‘ਚ ਉਹਦੀ ਮਾਸੀ ਏ, ਹੁੱਕੇ ਦੇ ਧੂੰਏਂ ਦੇ ਬੱਦਲ ਉਡਾ ਉਡਾ ਕੇ ਦੋਹਾਂ ਮਾਵਾਂ-ਧੀਆਂ ਨੂੰ ਰੱਜ ਕੇ ਬੁਰਾ ਭਲਾ ਕਹਿੰਦੀ ਏ। ਨਰਗਿਸ ਦਾ ਜ਼ਿਕਰ ਜਦ ਆਉਂਦੈ ਤਾਂ ਉਹ ਭੈੜਾ ਜਿਹਾ ਮੂੰਹ ਬਣਾ ਕੇ ਮਰਾਸਣਾਂ ਦੇ ਅੰਦਾਜ਼ ‘ਚ ਆਖਦੀ ਏ, “ਮੂੰਹ ਵੇਖੋ ਜਿਸ ਤਰ੍ਹਾਂ ਗਲਿਆ ਹੋਇਆ ਪਪੀਤਾ ਹੁੰਦਾ ਏ।”
ਮੋਹਨ ਬਾਬੂ ਦੀਆਂ ਖੂਬਸੂਰਤ ਅਤੇ ਵੱਡੀਆਂ ਵੱਡੀਆਂ ਅੱਖਾਂ ਸਦਾ ਲਈ ਬੰਦ ਹੋ ਚੁੱਕੀਆਂ ਨੇ। ਜੱਦਨ ਬਾਈ ਆਪਣੇ ਦਿਲ ਦੀਆਂ ਬਾਕੀ ਹਸਰਤਾਂ ਅਤੇ ਖਾਹਸ਼ਾਂ ਸਮੇਤ ਮਣਾਂ-ਮੂੰਹੀਂ ਮਿੱਟੀ ਹੇਠਾਂ ਦਫਨ ਏ। ਉਸ ਦੀ ਬੇਬੀ ਨਰਗਿਸ ਦਿਖਾਵੇ ਅਤੇ ਬਨਾਵਟ ਦੀ ਉਪਰਲੀ ਟੀਸੀ ‘ਤੇ ਚੜ੍ਹ ਕੇ ਪਤਾ ਨਹੀਂ ਹੋਰ ਉਪਰ ਵੇਖ ਰਹੀ ਏ ਜਾਂ ਉਸ ਦੀਆਂ ਉਦਾਸ ਅੱਖਾਂ ਹੇਠਾਂ ਨੂੰ ਵੇਖ ਰਹੀਆਂ ਨੇ।

ਸਆਦਤ ਹਸਨ ਮੰਟੋ
(ਅਨੁਵਾਦ: ਓਮ ਪ੍ਰਕਾਸ਼ ਪਨਾਹਗੀਰ)

ਸੱਤ ਰੰਗਾਂ ਦਾ ਸਮੂਹ

by Sandeep Kaur April 18, 2020

ਹਨੇਰੇ ਵਿੱਚ ਕੋਈ ਰੰਗ ਦਿਖਾਈ ਨਹੀ ਪੈਂਦਾ , ਸਭ ਰੰਗ ਰੋਸ਼ਨੀ ਵਿੱਚ ਈ ਦਿਸਦੇ ਨੇ । ਵਿਗਿਆਨ ਦੱਸਦਾ ਏ ਕਿ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਦਾ ਸਮੂਹ ਏ ਤੇ ਇਹਨਾਂ ਰੰਗਾਂ ਦੀ ਵਜ੍ਹਾ ਕਾਰਨ ਸਾਨੂੰ ਵਸਤੂਆਂ ਦੇ ਵੱਖ ਵੱਖ ਰੰਗ ਦਿਖਾਈ ਦਿੰਦੇ ਨੇ ।
ਜਦੋਂ ਸੂਰਜ ਦੀ ਰੋਸ਼ਨੀ ਕਿਸੇ ਵਸਤੂ ਨੂੰ ਪਰਕਾਸ਼ਿਤ ਕਰਦੀ ਐ ਤਾਂ ਉਹ ਵਸਤੂ ਸੱਤ ਰੰਗਾਂ ਚੋਂ ਜਿਹੜੇ ਰੰਗਾਂ ਨੂੰ ਸੋਖ ਲਵੇ, ਉਹ ਗਾਇਬ ਹੋ ਜਾਂਦੇ ਨੇ ਤੇ ਜਿਹੜਾ ਵਾਪਸ ਕਰ ਦੇਵੇ,ਓਹ ਵਸਤੂ ਸਾਨੂੰ ਓਸ ਰੰਗ ਦੀ ਵਿਖਾਈ ਦੇਂਦੀ ਏ ।
ਉੱਬਲਦੇ ਪਾਣੀ ਵਿੱਚ ਅੰਡਾ ਪਾ ਦੇਈਏ ਤਾਂ ਸਖ਼ਤ ਹੋ ਜਾਂਦਾ ਏ , ਆਲੂ ਪਾ ਦੇਈਏ ਤਾਂ ਨਰਮ ਹੋ ਜਾਂਦਾ ਏ , ਜਦ ਕਿ ਪਾਣੀ ਓਹੀ ਏ ।ਜ਼ਿੰਦਗੀ ਦੀਆਂ ਪ੍ਰਸਥਿਤੀਆਂ ਦੋ ਵਿਅਕਤੀਆਂ ਤੇ ਇੱਕੋ ਤਰਾਂ ਲਾਗੂ ਹੁੰਦੀਆਂ ਨੇ , ਪਰ ਦੋਵੇਂ ਵਿਅਕਤੀ ਇੱਕ ਈ ਤਰਾਂ ਦਾ ਅਸਰ ਨਹੀ ਕਬੂਲਦੇ, ਇੱਕ ਬਿੱਖਰਦਾ ਏ, ਦੂਜਾ ਨਿੱਖਰਦਾ ਏ। ਭਾਵ , ਹਾਲਾਤਾਂ ਨਾਲ ਜੂਝਣ ਤੋ ਬਾਅਦ ਪਤਾ ਲੱਗਦਾ ਐ ਕਿ ਅਸੀਂ ਕਿੱਸ ਵਸਤੂ ਦੇ ਬਣੇ ਹਾਂ ।
ਆਮ ਹਾਲਾਤਾਂ ਵਿੱਚ ਤਾਂ ਸਾਰੇ ਈ ਚੰਗੇ ਹੁੰਦੇ ਨੇ, ਹਨੇਰੇ ਵਿੱਚ ਰੰਗ ਵੀ ਪਤਾ ਨਹੀ ਲੱਗਦੇ । ਪਰ
ਦੁਨੀਆਂ ਉਹਨਾਂ ਨੂੰ ਮੰਨਦੀ ਆਈ ਏ ਜੋ ਹਾਲਾਤਾਂ ਸਾਹਮਣੇ ਵੀ ਆਪਣੇ ਆਦਰਸ਼ਾਂ ਨੂੰ ਨਹੀ ਭੁੱਲਦੇ, ਮੂਲ ਗੁਣ ਨਹੀ ਤਿਆਗਦੇ। ਦੁਨੀਆ ਨਹੀ ਬਲਕਿ ਉਹ ਖ਼ੁਦ ਤੈਅ ਕਰਦੇ ਨੇ ਕਿ ਰੋਸ਼ਨੀ ਚ ਆਉਣ ਤੇ ਉਹਨਾ ਕਿਹੜਾ ਰੰਗ ਦਿਖਾਉਣਾ ਏ ।
ਤੱਤੀ ਲੋਹ ਤੇ ਬੈਠਣਾ ਤਾਂ ਦੂਰ, ਬੈਠਣ ਦੇ ਤਸੱਵਰ ਮਾਤਰ ਤੋ ਈ ਆਮ ਬੰਦੇ ਦਾ ਤ੍ਰਾਹ ਨਿੱਕਲ ਜਾਵੇ , ਪਰ ਜੋ ਤੱਤੀ ਤਵੀ ਤੇ ਬੈਠਕੇ ਵੀ ਭਾਣਾ ਮੰਨਣ ਤੇ ਠੰਢ ਰੱਖਣ ਦੀ ਗੱਲ ਕਰੇ, ਉਹ ਗੁਰੂ ਅਰਜਨ ਅਖਵਾਉਂਦਾ ਏ ।
ਅਸਲ ਤਾਕਤ ਤੇ ਅਧਿਕਾਰ ਦੂਜਿਆਂ ਨੂੰ ਕਾਬੂ ਕਰਨ ਵਿੱਚ ਨਹੀ ਏ, ਬਲਕਿ ਖ਼ੁਦ ਤੇ ਕਾਬੂ ਰੱਖਣ ਵਿੱਚ ਏ , ਕੰਪਾਸ ਵਾਂਗ , ਜੋ ਕਿਸੇ ਵੀ ਹਾਲਤ ਵਿੱਚ ਉੱਤਰ ਦੱਖਣ ਦੀ ਦਿਸ਼ਾ ਤੋ ਮੂੰਹ ਨਹੀ ਮੋੜਦੀ।

ਦਵਿੰਦਰ ਸਿੰਘ ਜੌਹਲ

ਪੰਜਾਬੀ ਦੇ ਸ਼ਬਦ

by Sandeep Kaur April 18, 2020

ਪੰਜਾਬੀ ਦਾ ਇੱਕ ਸ਼ਬਦ ਸਭ ਨੇ ਈ ਸੁਣਿਆ ਹੋਵੇਗਾ,”ਹਊ ਪਰ੍ਹੇ” ਕਰਨਾ । ਮਾਝੇ ਦੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਇਹ ਸ਼ਬਦ ਵਰਤਦੇ ਸਨ ਕਿਸੇ ਨੂੰ ਹੌਸਲਾ ਦੇਣ ਲਈ , ਜਦ ਉਸਨੂੰ ਕਿਸੇ ਨੇ ਦੁੱਖ ਦਿੱਤਾ ਹੋਵੇ, ਧੋਖਾ ਦਿੱਤਾ ਹੋਵੇ । ਇਸਦਾ ਭਾਵ ਇਹ ਹੁੰਦਾ ਸੀ ਕਿ ਭਾਈ ਤੂੰ ਦਿਲ ਵੱਡਾ ਕਰਕੇ ਇਸ ਗੱਲ ਦੀ ਯਾਦ ਨੂੰ ਮਨੋਂ ਕੱਢ ਦੇ ਤੇ ਆਪਣੇ ਕੰਮ ਤੇ ਧਿਆਨ ਦੇਹ, ਅੱਗੇ ਤੋਂ ਖਿਆਲ ਰੱਖੀਂ ਕਿ ਫਿਰ ਅਜਿਹਾ ਨਾ ਹੋਵੇ । ਅਸਲ ਵਿੱਚ ਇਹ ਸ਼ਬਦ ਦੀ ਸਾਰਥਕਤਾ ਵੱਲ ਵੇਖੀਏ ਤਾਂ ਬੜਾ ਬਰਕਤ ਵਾਲਾ ਸ਼ਬਦ ਏ ।ਅੱਖਾਂ ਚ ਹੰਝੂ ਲੈ ਕੇ ਅਗਲਾ ਰਸਤਾ ਨਹੀਂ ਦਿਸਦਾ ਤੇ ਨਾ ਹੀ ਬੀਤੇ ਨੂੰ ਭੁੱਲ ਸਕਦੇ ਹਾਂ ,ਬਿਹਤਰ ਏ ਅੱਖਾਂ ਨੂੰ ਛਿੱਟੇ ਮਾਰ ਕੇ , ਤਾਜਾ ਦਮ ਹੋਇਆ ਜਾਵੇ ਤੇ ਆਪਣੀ ਖਿੱਲਰੀ ਹੋਈ ਤਾਕਤ ਨੂੰ ਇਕੱਠੀ ਕਰਕੇ ਸਹੀ ਦਿਸ਼ਾ ਵਿੱਚ ਲਾਇਆ ਜਾਵੇ ।
ਤੇ ਦੂਜਾ ਸ਼ਬਦ ਹੁੰਦਾ ਸੀ “ਓਹ ਜਾਣੇ !”
ਇਸ ਵਿੱਚ ਓਹ ਤੋ ਇਸ਼ਾਰਾ ਗੁਰੂ ਬਾਬੇ ਦੇ ਓਅੰਕਾਰ ਵੱਲ ਹੁੰਦਾ ਸੀ ਜੋ ਏਸ ਸੰਦਰਭ ਵਿੱਚ ਵਰਤਿਆ ਜਾਂਦਾ ਸੀ ਕਿ ਅੰਤਿਮ ਫੈਸਲਾ ਪਰਮਾਤਮਾ ਤੇ ਛੱਡ ਦਿਓ, ਪਰ ਆਪ ਗਲਤ ਨਾ ਹੋਵੋ । ਜਿੱਤ ਸੱਚ ਦੀ ਹੀ ਹੋਵੇਗੀ ।
ਹੀਰੋਸ਼ੀਮਾ ਤੇ ਨਾਗਾਸਾਕੀ ਦੀ ਘਟਨਾ ਦੁਨੀਆਂ ਦੀ ਸ਼ਾਇਦ ਸਭ ਤੋ ਬੁਰੀ ਘਟਨਾ ਸੀ , ਪਰ ਓਸ ਨਿੱਕੜੇ ਜਿਹੇ ਮੁਲਕ ਦੇ ਵਾਰੇ ਵਾਰੇ ਜਾਈਏ, ਜੋ ਏਨੀ ਮਾਰ ਤੋ ਬਾਦ ਵੀ ਉੱਠ ਖੜਾ ਹੋਇਆ , ਗੋਡਿਆਂ ਚ ਸਿਰ ਦੇ ਕੇ ਰੋਣ ਨਹੀ ਬੈਠਾ ਰਿਹਾ । ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਏ ਏਸ ਸਿਰੜੀ ਕੌਮ ਨੇ , ਸਾਰੀ ਦੁਨੀਆਂ ਨੂੰ ।
ਸਿੱਖ ਕੌਮ ਨੂੰ ਹਰ ਖ਼ੁਸ਼ੀ ਗ਼ਮੀ ਤੋ ਬਾਅਦ ਆਨੰਦ ਸਾਹਿਬ ਪੜ੍ਹਨ ਤੇ ਅਰਦਾਸ ਕਰਨ ਦਾ ਹੁਕਮ ਏ ਗੁਰੂ ਵੱਲੋਂ । ਕਹਿੰਦੇ , ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੀ ਘੋਰ ਤਬਾਹੀ ਤੋ ਬਾਅਦ ਜਦ ਸ਼ਾਮ ਨੂੰ ਬਚੇ ਖੁਚੇ ਸਿੱਖਾਂ ਨੇ ਅਰਦਾਸ ਕੀਤੀ ਕਿ ‘ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ ਏ, ਚਾਰ ਪਹਿਰ ਰੈਣ ਵੀ ਸੁਖ ਨਾਲ ਬਤੀਤ ਕਰਨੀ ‘ ਤੇ ਅਖੀਰ ਤੇ” ਤੇਰੇ ਭਾਣੇ ਸਰਬੱਤ ਦਾ ਭਲਾ” ਕਿਹਾ ਗਿਆ ਤਾਂ ਵਿਰੋਧੀ ਫੌਜ ਦੇ ਜਾਸੂਸ ਵੀ ਦੰਦਾਂ ਹੇਠ ਉੰਗਲਾਂ ਲੈ ਕੇ ਰਹਿ ਗਏ ।
ਬੀਤੇ ਨੂੰ ਕੋਈ ਤਾਕਤ ਨਹੀ ਬਦਲ ਸਕਦੀ, ਪਰ ਓਸ ਸਮੇਂ ਤੋ ਤਜਰਬਾ ਲੈ ਕੇ ਆਉਣ ਵਾਲੇ ਸਮੇਂ ਨੂੰ ਯਕੀਨਨ ਕੋਈ ਦਿਸ਼ਾ ਦਿੱਤੀ ਜਾ ਸਕਦੀ ਏ ।ਏਸੇ ਵਿੱਚ ਈ ਸਰਬੱਤ ਦਾ ਭਲਾ ਏ ।

ਕੁੱਤੇ ਦੀ ਦੁਆ

by Sandeep Kaur April 17, 2020

“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ।
ਆਪ ਨੇ ਵਾਕਿਆ ਇਵੇਂ ਬਿਆਨ ਕਰਨਾ ਸ਼ੁਰੂ ਕੀਤਾ:
“ਗੋਲਡੀ ਮੇਰੇ ਕੋਲ ਪੰਦਰਾਂ ਬਰਸ ਤੋਂ ਸੀ। ਜਿਵੇਂ ਕਿਰ ਨਾਮ ਤੋਂ ਜ਼ਾਹਰ ਹੈ…..ਉਸ ਦਾ ਰੰਗ ਸੁਨਹਰੀ ਮਾਇਲ ਭੂਸਲਾ ਸੀ। ਬਹੁਤ ਹੀ ਹਸੀਨ ਕੁੱਤਾ ਸੀ। ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ। ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸਨੂੰ ਖੜਾ ਕਰ ਦਿੰਦਾ। “ਗੋਲਡੀ ਖੜੇ ਰਹਿਣਾ ਇੱਥੇ। ਮੈਂ ਅਜੇਹੁਣੇ ਆਉਂਦਾ ਹਾਂ।” ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ। ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਤਾਂ ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ।
ਸਪੇਨੀਅਲ ਜ਼ਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫ਼ਾਦਾਰ ਅਤੇ ਫ਼ਰਮਾਂਬਰਦਾਰ ਹੁੰਦੇ ਹਨ। ਮਗਰ ਮੇਰੇ ਗੋਲਡੀ ਵਿੱਚ ਇਹ ਸਿਫ਼ਤਾਂ ਬਹੁਤ ਨੁਮਾਇਆਂ ਸਨ। ਜਦੋਂ ਤੱਕ ਉਹਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ। ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਜਤਨ ਕੀਤੇ ਮਗਰ ਗੋਲਡੀ ਨੇ ਉਨ੍ਹਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ।
ਇੱਕ ਰੋਜ਼ ਇੱਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸਨੂੰ ਛੱਡਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ। ਘੁੰਮਦੇ ਘੁੰਮਦੇ ਕਾਫ਼ੀ ਦੇਰ ਹੋ ਗਈ। ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ। ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ ਸੀ। ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ। ਕਈ ਘੰਟੇ ਗੁਜ਼ਰ ਗਏ। ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ। ਬਾਜ਼ੀ ਛੱਡਕੇ ਲਾਰੈਂਸ ਦੇ ਗੇਟ ਦੀ ਤਰਫ਼ ਭੱਜਿਆ। ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ। ਮੈਨੂੰ ਉਸ ਨੇ ਅਜੀਬ ਨਜਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ “ਦੋਸਤ, ਤੁਸੀਂ ਅੱਜ ਅੱਛਾ ਸੁਲੂਕ ਕੀਤਾ ਮੇਰੇ ਨਾਲ!”
ਮੈਂ ਬੇਹੱਦ ਪਛਤਾਇਆ। ਇਸਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ….. ਮੁਆਫ਼ ਕਰਨਾ। ਮੈਂ ਅਸਲ ਵਾਕੇ ਦੀ ਤਰਫ਼ ਅਜੇ ਤੱਕ ਨਹੀਂ ਆਇਆ। ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸਦੇ ਸੰਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ…. ਮੈਨੂੰ ਉਸ ਨਾਲ ਬੇਹੱਦ ਮੁਹੱਬਤ ਸੀ। ਮੇਰੇ ਮੁਜੱਰਦ ਰਹਿਣ ਦਾ ਇੱਕ ਸਬੱਬ ਉਸਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਈਆ ਕੀਤਾ ਤਾਂ ਉਸ ਨੂੰ ਖ਼ੱਸੀ ਕਰਾ ਦਿੱਤਾ….. ਤੁਸੀਂ ਸ਼ਾਇਦ ਕਹੋ ਕਿ ਮੈਂ ਜੁਲਮ ਕੀਤਾ, ਲੇਕਿਨ ਮੈਂ ਸਮਝਦਾ ਹਾਂ। ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ….. ਮੈਂ ਉਸਦੀ ਜ਼ਾਤ ਦੇ ਸਿਵਾ ਹੋਰ ਕਿਸੇ ਨੂੰ ਵਾਬਸਤਾ ਵੇਖਣਾ ਨਹੀਂ ਚਾਹੁੰਦਾ ਸੀ।
ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁੱਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹਈਆ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ। ਅੱਖਾਂ ਬੰਦ ਕਰਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ।
ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ। ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ। ਮੇਰੀ ਤਨਹਾ ਜ਼ਿੰਦਗੀ ਵਿੱਚ ਉਹ ਇੱਕ ਰੋਸ਼ਨੀ ਸੀ। ਮੇਰੀ ਬੇਹੱਦ ਫਿੱਕੀ ਜ਼ਿੰਦਗੀ ਵਿੱਚ ਉਸਦਾ ਵਜੂਦ ਇੱਕ ਸ਼ੀਰਨੀ ਸੀ। ਉਸ ਨਾਲ ਮੇਰੀ ਗ਼ੈਰਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉੜਾਂਦੇ ਸਨ। “ਸ਼ੇਖ ਸਾਹਿਬ ਗੋਲਡੀ ਕੁੱਤੀ ਹੁੰਦੀ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ।”
ਇੰਜ ਹੀ ਕਈ ਹੋਰ ਫ਼ਿਕਰੇ ਕਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ। ਗੋਲਡੀ ਬਹੁਤ ਜ਼ਹੀਨ ਸੀ ਉਸ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫ਼ੌਰਨ ਉਸ ਦੇ ਕੰਨ ਖੜੇ ਹੋ ਜਾਂਦੇ ਸਨ। ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ। ਮੇਰੇ ਮੂਡ ਦੇ ਸਾਰੇ ਉਤਾਰ ਚੜ੍ਹਾਓ ਉਸਨੂੰ ਪਤਾ ਹੁੰਦੇ। ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੁਹਲਾਂ ਸ਼ੁਰੂ ਕਰ ਦਿੰਦਾ ਮੈਨੂੰ ਖ਼ੁਸ਼ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ।
ਅਜੇ ਉਸ ਨੇ ਟੰਗ ਉਠਾ ਕੇ ਪੇਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਕਿ ਉਸ ਨੇ ਇੱਕ ਬਰਤਨ ਨੂੰ ਜੋ ਕਿ ਖ਼ਾਲੀ ਸੀ, ਥੂਥਨੀ ਵਧਾ ਕੇ ਸੁੰਘਿਆ। ਮੈਂ ਉਸਨੂੰ ਝਿੜਕਿਆ ਤਾਂ ਦੁਮ ਦਬਾ ਕੇ ਉਥੇ ਹੀ ਬੈਠ ਗਿਆ….. ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਦੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ, ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ। ਮੈਂ ਉੱਠਿਆ। ਉਠ ਕੇ ਉਸਨੂੰ ਗੋਦ ਵਿੱਚ ਲਿਆ, ਪਿਆਰਿਆ ਪੁਚਕਾਰਿਆ। ਬੜੀ ਦੇਰ ਦੇ ਬਾਅਦ ਜਾ ਕੇ ਉਸਦੀ ਦੁਮ ਹਿਲੀ…. ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖ਼ਾਹ – ਮਖ਼ਾਹ ਉਸਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ। ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ।
ਮੈਂ ਬਹੁਤ ਬੇਪਰਵਾਹ ਆਦਮੀ ਹਾਂ। ਮੇਰੀ ਗ਼ਫ਼ਲਤ ਨਾਲ ਉਸ ਨੂੰ ਇੱਕ ਵਾਰ ਨਿਮੋਨੀਆ ਹੋ ਗਿਆ ਮੇਰੇ ਹੋਸ਼ ਉੱਡ ਗਏ। ਡਾਕਟਰਾਂ ਦੇ ਕੋਲ ਭੱਜਿਆ। ਇਲਾਜ ਸ਼ੁਰੂ ਹੋਇਆ। ਮਗਰ ਅਸਰ ਨਦਾਰਦ। ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ। ਉਸਨੂੰ ਬਹੁਤ ਤਕਲੀਫ਼ ਸੀ। ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ। ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ਼ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ, “ਫ਼ਿਕਰ ਦੀ ਕੋਈ ਗੱਲ ਨਹੀਂ, ਮੈਂ ਠੀਕ ਹੋ ਜਾਵਾਂਗਾ।”
ਕਈ ਵਾਰ ਮੈਂ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੀ ਖ਼ਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁੱਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ, ਤਾਂਕਿ ਮੈਂ ਥੋੜ੍ਹੀ ਦੇਰ ਅੱਖ ਲਗਾ ਲਵਾਂ। ਅਠਵੀਂ ਰੋਜ਼ ਖ਼ੁਦਾ ਖ਼ੁਦਾ ਕਰਕੇ ਉਸ ਦਾ ਬੁਖਾਰ ਹਲਕਾ ਹੋਇਆ ਅਤੇ ਆਹਿਸਤਾ ਆਹਿਸਤਾ ਉੱਤਰ ਗਿਆ। ਮੈਂ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਣ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ।
ਨਮੋਨੀਏ ਦੇ ਜਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ। ਲੇਕਿਨ ਤਾਕਤਵਰ ਦਵਾਵਾਂ ਨੇ ਉਸਨੂੰ ਠੀਕ ਠਾਕ ਕਰ ਦਿੱਤਾ। ਇੱਕ ਲੰਮੀ ਗ਼ੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ “ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?”
“ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ?”
“ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?”
ਮੈਂ ਖ਼ਾਮੋਸ਼ ਰਿਹਾ। ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ਼ ਵੇਖ ਕੇ ਖ਼ਾਮੋਸ਼ ਹੋ ਜਾਂਦਾ ਕਿ ਭੌਂਕਣ ਦਿਓ ਕੁੱਤਿਆਂ ਨੂੰ।
ਇਹ ਕਹਾਵਤ ਮਸ਼ਹੂਰ ਹੈ। ਕੁਨਦ ਹਮਜਿਨਸ ਬਾਹਮ ਜਿਨਸ ਪਰਵਾਜ਼। ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼।
ਲੇਕਿਨ ਗੋਲਡੀ ਨੂੰ ਆਪਣੇ ਹਮਜਿਨਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਦੀ ਦੁਨੀਆ ਸਿਰਫ਼ ਮੇਰੀ ਜ਼ਾਤ ਸੀ। ਇਸ ਤੋਂ ਬਾਹਰ ਉਹ ਕਦੇ ਨਿਕਲਦਾ ਹੀ ਨਹੀਂ ਸੀ।
ਗੋਲਡੀ ਮੇਰੇ ਕੋਲ ਨਹੀਂ ਸੀ। ਜਦੋਂ ਇੱਕ ਦੋਸਤ ਨੇ ਮੈਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ। ਇਸ ਵਿੱਚ ਇੱਕ ਵਾਕਿਆ ਲਿਖਿਆ ਸੀ। ਤੁਸੀਂ ਸੁਣੋ ਬਹੁਤ ਦਿਲਚਸਪ ਹੈ। ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ। ਇੱਕ ਸ਼ਖਸ ਦੇ ਕੋਲ ਕੁੱਤਾ ਸੀ। ਪਤਾ ਨਹੀਂ ਕਿਸ ਜ਼ਾਤ ਦਾ। ਉਸ ਸ਼ਖਸ ਦਾ ਆਪ੍ਰੇਸ਼ਨ ਹੋਣਾ ਸੀ। ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ। ਸਟਰੈਚਰ ਉੱਤੇ ਪਾ ਕੇ ਉਸ ਨੂੰ ਆਪ੍ਰੇਸ਼ਨ ਰੁਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ। ਮਾਲਿਕ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬਾਹਰ ਖੜੇ ਰਹੋ। ਮੈਂ ਹੁਣੇ ਆਉਂਦਾ ਹਾਂ….. ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ। ਅੰਦਰ ਮਾਲਿਕ ਦਾ ਆਪ੍ਰੇਸ਼ਨ ਹੋਇਆ। ਜੋ ਨਾਕਾਮ ਸਾਬਤ ਹੋਇਆ….. ਉਸਦੀ ਲਾਸ਼ ਦੂਜੇ ਦਰਵਾਜੇ ਤੋਂ ਬਾਹਰ ਕੱਢ ਦਿੱਤੀ ਗਈ….. ਕੁੱਤਾ ਬਾਰਾਂ ਬਰਸ ਤੱਕ ਉਥੇ ਹੀ ਖੜਾ ਆਪਣੇ ਮਾਲਿਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ, ਪਾਖ਼ਾਨੇ ਲਈ ਕੁੱਝ ਉੱਥੇ ਵਲੋਂ ਹਟਦਾ….. ਫਿਰ ਉਥੇ ਹੀ ਖੜਾ ਹੋ ਜਾਂਦਾ….. ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ। ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖ਼ੁਦ ਨੂੰ ਘਸੀਟਦਾ ਹੋਇਆ ਉੱਥੇ ਪਹੁੰਚਿਆ, ਜਿੱਥੇ ਉਸ ਦੇ ਮਾਲਿਕ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ। ਆਖ਼ਰੀ ਸਾਹ ਉਸ ਨੇ ਉਸੇ ਜਗ੍ਹਾ ਲਿਆ….. ਇਹ ਵੀ ਲਿਖਿਆ ਸੀ….. ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਤੂੜੀ ਭਰ ਕੇ ਉਸਨੂੰ ਉਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ।
ਮੈਂ ਇਹ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖ਼ਾਸ ਅਸਰ ਨਹੀਂ ਹੋਇਆ। ਅੱਵਲ ਤਾਂ ਮੈਨੂੰ ਉਸਦੀ ਸਿਹਤ ਹੀ ਦਾ ਯਕੀਨ ਨਹੀਂ ਆਇਆ, ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸਦੀਆਂ ਸਿਫ਼ਤਾਂ ਦਾ ਇਲਮ ਹੋਇਆ ਤਾਂ ਬਹੁਤ ਵਰ੍ਹਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ। ਸੁਣਾਉਂਦੇ ਵਕ਼ਤ ਮੇਰੇ ਉੱਤੇ ਇੱਕ ਤਰਲਤਾ ਤਾਰੀ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ, “ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ….. ਗੋਲਡੀ ਮਾਮੂਲੀ ਹਸਤੀ ਨਹੀਂ ਹੈ।”
ਗੋਲਡੀ ਬਹੁਤ ਸਰਲ ਅਤੇ ਗੰਭੀਰ ਸੀ। ਬਚਪਨ ਵਿੱਚ ਉਸ ਨੇ ਥੋੜ੍ਹੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਤਰਕ ਕਰ ਦਿੱਤੀਆਂ। ਆਹਿਸਤਾ ਆਹਿਸਤਾ ਗੰਭੀਰਤਾ ਇਖ਼ਤਿਆਰ ਕਰ ਲਈ ਜੋ ਤਾ ਦਮ-ਏ-ਮਰਗ (ਮੌਤ ਦੇ ਦਮ ਤੱਕ) ਕਾਇਮ ਰਹੀ।
ਮੈਂ ‘ਤਾ ਦਮ-ਏ-ਮਰਗ’ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਹਨ।
ਸ਼ੇਖ ਸਾਹਿਬ ਰੁਕ ਗਏ ਉਨ੍ਹਾਂ ਦੀ ਅੱਖਾਂ ਗਿੱਲੀਆਂ ਹੋ ਗਈਆਂ ਸਨ। ਅਸੀਂ ਖ਼ਾਮੋਸ਼ ਰਹੇ ਥੋੜ੍ਹੇ ਅਰਸੇ ਦੇ ਬਾਅਦ ਉਨ੍ਹਾਂ ਨੇ ਰੂਮਾਲ ਕੱਢ ਕੇ ਆਪਣੇ ਅੱਥਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ।
“ਇਹੀ ਮੇਰੀ ਜ਼ਿਆਦਤੀ ਹੈ ਕਿ ਮੈਂ ਜ਼ਿੰਦਾ ਹਾਂ….. ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਹਾਂ….. ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੌਹੀਨ ਹੁੰਦੀ….. ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ….. ਲੇਕਿਨ ਉਹ ਮਰਿਆ ਨਹੀਂ ਸੀ। ਮੈਂ ਉਸ ਨੂੰ ਮਰਵਾ ਦਿੱਤਾ ਸੀ। ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ….. ਉਹ ਪਾਗਲ ਹੋ ਗਿਆ ਸੀ। ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ। ਉਸਦੇ ਮਰਜ਼ ਦਾ ਕੁੱਝ ਪਤਾ ਹੀ ਨਹੀਂ ਚੱਲਦਾ ਸੀ। ਉਸ ਨੂੰ ਸਖ਼ਤ ਤਕਲੀਫ ਸੀ। ਜਾਂਕਨੀ (ਭਿਅੰਕਰ ਖੌਫ਼) ਵਰਗਾ ਆਲਮ ਉਸ ਉੱਤੇ ਤਾਰੀ ਸੀ। ਡਾਕਟਰਾਂ ਨੇ ਕਿਹਾ ਇਸ ਦਾ ਵਾਹਿਦ ਇਲਾਜ ਇਹੀ ਹੈ ਕਿ ਇਸਨੂੰ ਮਰਵਾ ਦਿਓ। ਮੈਂ ਪਹਿਲਾਂ ਸੋਚਿਆ ਨਹੀਂ। ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ, ਮੈਥੋਂ ਵੇਖੀ ਨਹੀਂ ਜਾਂਦੀ ਸੀ। ਮੈਂ ਮੰਨ ਗਿਆ ਅਤੇ ਉਹ ਉਸਨੂੰ ਇੱਕ ਕਮਰਾ ਵਿੱਚ ਲੈ ਗਏ ਜਿੱਥੇ ਬਰਕੀ ਝੱਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ। ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਕੁੱਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸਦੀ ਲਾਸ਼ ਲੈ ਆਏ….. ਮੇਰੇ ਗੋਲਡੀ ਦੀ ਲਾਸ਼। ਜਦੋਂ ਮੈਂ ਉਸਨੂੰ ਆਪਣੀਆਂ ਬਾਹਵਾਂ ਵਿੱਚ ਚੁੱਕਿਆ ਤਾਂ ਮੇਰੇ ਅੱਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ, ਜੋ ਪਹਿਲਾਂ ਕਦੇ ਗਰਦ ਆਲੂਦ ਨਹੀਂ ਹੋਏ ਸਨ….. ਟਾਂਗੇ ਵਿੱਚ ਉਸਨੂੰ ਘਰ ਲਿਆਇਆ। ਦੇਰ ਤੱਕ ਉਸ ਨੂੰ ਵੇਖਿਆ ਕੀ। ਪੰਦਰਾਂ ਸਾਲ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ….. ਕੁਰਬਾਨੀ ਦਾ ਮੁਜੱਸਮਾ ਟੁੱਟ ਗਿਆ ਸੀ। ਮੈਂ ਉਸ ਨੂੰ ਨਹਾਇਆ….. ਕਫ਼ਨ ਪੁਆਇਆ। ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ….. ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ। ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸਦੀ ਮੌਤ ਦਾ ਇੱਕ ਨਿਸ਼ਾਨ ਰਹਿ ਜਾਂਦਾ। ਇਹ ਮੈਨੂੰ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ। ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗ਼ਰਕ ਕਰਨਾ ਚਾਹਿਆ। ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ। ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ….. ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸਦੀ ਕਫ਼ਨਾਈ ਹੋਈ ਲਾਸ਼ ਪਾਈ….. ਧੋ ਧਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ਼ ਰਵਾਨਾ ਹੋ ਗਿਆ।
ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ। ਅਤੇ ਮੈਂ ਬੋਰੀ ਦੀ ਤਰਫ਼ ਵੇਖਿਆ ਤਾਂ ਗੋਲਡੀ ਨਾਲ ਪੰਦਰਾਂ ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ। ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ। ਕੰਬਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁੱਝ ਬੁਲਬੁਲੇ ਉੱਠੇ ਅਤੇ ਹਵਾ ਵਿੱਚ ਹੱਲ ਹੋ ਗਏ।
ਬੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਤਰਫ਼ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗ਼ਰਕ ਕੀਤਾ ਸੀ….. ਸ਼ਾਮ ਦਾ ਧੁੰਦਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖ਼ਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ।”
ਇਹ ਕਹਿ ਕੇ ਸ਼ੇਖ ਸਾਹਿਬ ਖ਼ਾਮੋਸ਼ ਹੋ ਗਏ। ਕੁਝ ਲਮ੍ਹਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਨ੍ਹਾਂ ਕੋਲੋਂ ਪੁੱਛਿਆ। “ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖ਼ਾਸ ਵਾਕਿਆ ਸੁਨਾਣ ਵਾਲੇ ਸੋ।”
ਸ਼ੇਖ ਸਾਹਿਬ ਚੋਂਕੇ….. “ਓਹ ਮੁਆਫ਼ ਕਰਿਓਰਨਾ। ਮੈਂ ਆਪਣੀ ਰੌ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ….. ਵਾਕਿਆ ਇਹ ਸੀ ਕਿ….. ਮੈਂ ਹੁਣ ਅਰਜ ਕਰਦਾ ਹਾਂ….. ਪੰਦਰਾਂ ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ। ਇਸ ਦੌਰਾਨ ਮੈਂ ਕਦੇ ਬੀਮਾਰ ਨਹੀਂ ਹੋਇਆ ਸੀ। ਮੇਰੀ ਸਿਹਤ ਮਾਸ਼ਾ ਅੱਲ੍ਹਾ ਬਹੁਤ ਚੰਗੀ ਸੀ, ਲੇਕਿਨ ਜਿਸ ਦਿਨ ਮੈਂ ਗੋਲਡੀ ਦੀ ਪੰਦਰਵੀਂ ਵਰ੍ਹੇਗੰਢ ਮਨਾਈ, ਉਸ ਦੇ ਦੂਜੇ ਦਿਨ ਮੈਂ ਹੱਡਭੰਨਣੀ ਮਹਿਸੂਸ ਕੀਤੀ। ਸ਼ਾਮ ਨੂੰ ਇਹ ਹੱਡਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖ਼ਤ ਬੇਚੈਨ ਰਿਹਾ। ਗੋਲਡੀ ਜਾਗਦਾ ਰਿਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਿਹਾ। ਪਲੰਗ ਤੋਂ ਉੱਤਰ ਕੇ ਹੇਠਾਂ ਜਾਂਦਾ। ਫਿਰ ਆਕੇ ਬੈਠ ਜਾਂਦਾ।
ਜ਼ਿਆਦਾ ਉਮਰ ਹੋ ਜਾਣ ਦੇ ਸਬੱਬ ਉਸ ਦੀ ਨਿਗਾਹ ਅਤੇ ਸੁਣਨ-ਸ਼ਕਤੀ ਕਮਜ਼ੋਰ ਹੋ ਗਈ ਸੀ ਲੇਕਿਨ ਜਰਾ ਜਿੰਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਜਿਵੇਂ ਇਹ ਪੁੱਛਦਾ….. “ਇਹ ਕੀ ਹੋ ਗਿਆ ਹੈ ਤੈਨੂੰ?”
ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲੰਗ ਉੱਤੇ ਕਿਉਂ ਪਿਆ ਹਾਂ, ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ। ਜਦੋਂ ਮੈਨੂੰ ਬਿਸਤਰ ਉੱਤੇ ਲਿਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੁਢੇ ਚਿਹਰੇ ਉੱਤੇ ਮਾਯੂਸੀ ਛਾ ਗਈ। ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ। ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ। ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ। ਉਹ ਆਉਂਦਾ ਰਿਹਾ। ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ਼ ਮੂੰਹ ਨਹੀਂ ਕੀਤਾ। ਮੈਂ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ। ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਹੀ ਵਿੱਚ ਨਹੀਂ ਆਉਂਦਾ ਸੀ। ਦੂਜੇ ਮੈਨੂੰ ਗੋਲਡੀ ਦੀ ਫ਼ਿਕਰ ਸੀ ਜਿਸ ਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ।
ਹੁਣ ਉਸ ਨੇ ਪਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ। ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖ਼ਾਮੋਸ਼ ਬੈਠਾ ਆਪਣੀ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ। ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ। ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ। ਮੈਂ ਉਸ ਨੂੰ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ।
ਉਹ ਬਹੁਤ ਜ਼ਿਆਦਾ ਖ਼ਾਮੋਸ਼ ਹੋ ਗਿਆ ਸੀ। ਅਜਿਹਾ ਲੱਗਦਾ ਸੀ ਕਿ ਉਹ ਗ਼ਮ ਅਤੇ ਦੁੱਖ ਵਿੱਚ ਗਰਕ ਹੈ। ਕਦੇ ਕਦੇ ਉਠ ਕੇ ਪਲੰਗ ਦੇ ਕੋਲ ਆਉਂਦਾ। ਅਜੀਬ ਹਸਰਤ ਭਰੀਆਂ ਨਜਰਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਗਰਦਨ ਝੁੱਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ।
ਇੱਕ ਰਾਤ ਲੈੰਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ, ਕਿ ਗੋਲਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅੱਥਰੂ ਚਮਕ ਰਹੇ ਹਨ। ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਲੰਬੇ ਲੰਬੇ ਸੁਨਹਿਰੇ ਕੰਨ ਹਿਲਾਂਦਾ ਉਹ ਮੇਰੇ ਕੋਲ ਆਇਆ। ਮੈਂ ਬੜੇ ਪਿਆਰ ਨਾਲ ਕਿਹਾ। “ਗੋਲਡੀ ਮੈਂ ਅੱਛਾ ਹੋ ਜਾਵਾਂਗਾ। ਤੂੰ ਦੁਆ ਮੰਗ….. ਤੇਰੀ ਦੁਆ ਜ਼ਰੂਰ ਕਬੂਲ ਹੋਵੇਂਗੀ।”
ਇਹ ਸੁਣ ਕੇ ਉਸ ਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ, ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ਼ ਦੇਖਣ ਲਗਾ, ਜਿਵੇਂ ਦੁਆ ਮੰਗ ਰਿਹਾ ਹੋਵੇ….. ਕੁੱਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ। ਮੇਰੇ ਜਿਸਮ ਉੱਤੇ ਕੰਬਣੀ ਸੀ ਤਾਰੀ ਹੋ ਗਈ। ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਗੋਲਡੀ ਸਚਮੁੱਚ ਦੁਆ ਮੰਗ ਰਿਹਾ ਸੀ….. ਮੈਂ ਸੱਚ ਅਰਜ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ। ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਉਸ ਵਕ਼ਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖ਼ੁਦਾ ਦੇ ਹੁਜ਼ੂਰ ਪਹੁੰਚ ਕੇ ਗਿੜਗੜਾ ਰਹੀ ਹੈ।
ਮੈਂ ਕੁਝ ਹੀ ਦਿਨਾਂ ਵਿੱਚ ਅੱਛਾ ਹੋ ਗਿਆ। ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ। ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖ਼ਾਮੋਸ਼ ਬੈਠਾ ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਹਨੂੰ ਖਿਲਾਉਣ ਪਿਲਾਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸਨੂੰ ਹੁਣ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸਦੀ ਸਾਰੀ ਤਾਕਤ ਚਲੀ ਗਈ ਸੀ।
ਮੈਂ ਉਸ ਨੂੰ ਕਹਿੰਦਾ, “ਮੇਰੀ ਤਰਫ਼ ਵੇਖ ਗੋਲਡੀ….. ਮੈਂ ਅੱਛਾ ਹੋ ਗਿਆ ਹਾਂ….. ਖ਼ੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ,” ਲੇਕਿਨ ਉਹ ਅੱਖਾਂ ਨਾ ਖੋਲ੍ਹਦਾ। ਮੈਂ ਦੋ ਤਿੰਨ ਦਫਾ ਡਾਕਟਰ ਬੁਲਾਇਆ। ਉਸ ਨੇ ਇੰਜੈਕਸ਼ਨ ਲਗਾਏ ਪਰ ਕੁੱਝ ਨਾ ਹੋਇਆ। ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।
ਮੈਂ ਉਠਾ ਕੇ ਉਸਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ।
ਮੈਨੂੰ ਪਤਾ ਨਹੀਂ ਬਾਬਰ ਅਤੇ ਹੁਮਾਯੂੰ ਵਾਲਾ ਕ਼ਿੱਸਾ ਕਿੱਥੇ ਤੱਕ ਸਹੀ ਹੈ….. ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰੁਸਤ ਹੈ।
6 ਜੂਨ 1950

ਸਆਦਤ ਹਸਨ ਮੰਟੋ
(ਅਨੁਵਾਦ: ਚਰਨ ਗਿੱਲ)

ਕੁਦਰਤ ਦਾ ਵਰਦਾਨ ਜ਼ਿੰਦਗੀ

by Sandeep Kaur April 17, 2020

ਜ਼ਿੰਦਗੀ ਇੱਕ ਗੇਮ ਦੀ ਤਰਾਂ ਏ , ਅਜੀਬ ਤਰਾਂ ਦੀ ਗੇਮ , ਜਿਸ ਵਿੱਚ ਇਨਸਾਨ ਬੈਟ ਫੜ੍ਹ ਕੇ ਖੜਾ ਏ ਕ੍ਰੀਜ਼ ਤੇ ,ਕੋਈ ਵਿਕਟ ਕੀਪਰ ਨਹੀ , ਕੋਈ ਫੀਲਡਰ ਨਹੀਂ , ਪਰ ਕੁਦਰਤ ਰੁਕ ਰੁਕ ਕੇ ਗੇਂਦ ਸੁੱਟ ਰਹੀ ਏ , ਮੌਕਿਆਂ ਦੇ ਰੂਪ ਵਿੱਚ । ਪਰ ਇਹ ਇਨਸਾਨ ਤੇ ਨਿਰਭਰ ਏ ਕਿ ਉਹ ਗੇਂਦ ਦੀ ਕਿੰਨੀ ਕੁ ਰੀਝ ਨਾਲ ਉਡੀਕ ਕਰਦਾ ਏ ਤੇ ਕਿੰਨੇ ਕੁ ਉਤਸ਼ਾਹ ਨਾਲ ਬੈਟ ਘੁੰਮਾਉਂਦਾ ਏ,ਚੌਕਾ ਮਾਰਦਾ ਏ ਜਾਂ ਛੱਕਾ ।
ਕਿ ਜਾਂ ਅਵੇਸਲਾ ਹੋ ਕੇ ਮੂੰਹ ਤੇ ਬਾਊੰਸਰ ਖਾ ਲੈਂਦਾ ਏ , ਡਿੱਗ ਪੈਂਦਾ ਏ ਹੋਸ਼ ਗਵਾ ਕੇ ।
ਪਰ ਕੁਦਰਤ ਤਾਂ ਗੇਂਦਾਂ ਸੁੱਟਦੀ ਏ , ਲਗਾਤਾਰ, ਥੋੜੇ ਥੋੜੇ ਵਕਫ਼ੇ ਬਾਅਦ। ਖਿਡਾਰੀ ਉਸ ਗੇਂਦ ਨੂੰ ਹਿੱਟ ਕਰੇ ਜਾਂ ਨਾ ਕਰੇ ।
ਤੇ ਇਸ ਗੇਂਮ ਵਿੱਚ ਇਨਸਾਨ ਆਊਟ ਵੀ ਨਹੀ ਹੁੰਦਾ ,ਬੱਸ ਥੱਕ ਕੇ ਬਹਿ ਜਾਂਦਾ ਏ,ਕਿਸਮਤ ਨੂੰ ਕੋਸਦਾ ਏ ਕਿ ਕੋਈ ਢੰਗ ਦੀ ਗੇਂਦ ਈ ਨਹੀ ਸੁੱਟਦੀ , ਜਦੋਂ ਵੀ ਹਿੰਮਤ ਛੱਡਦਾ ਏ ਤਾਂ ਖੇਡਣਾ ਈ ਛੱਡਦਾ ਏ । ਹਰ ਪਲ ਗੇਂਦਾਂ ਸੁੱਟਦੀ ਏ ਜ਼ਿੰਦਗੀ , ਕਿਸੇ ਵੀ ਵਕਤ ਹਿੰਮਤ ਕਰੋ ਤੇ ਫੜੇ ਬੈਟ , ਮਾਰੋ ਛੱਕਾ ,ਦੇਹ ਦਨਾ ਦਨ ।
ਮੌਕੇ ਗੇਂਦਾਂ ਈ ਤਾਂ ਨੇ, ਆਫ਼ਤ ਸਮਝੀਏ ਜਾਂ ਅਵਸਰ , ਸਾਰਾ ਦਾਰੋ-ਮਦਾਰ ਸੋਚ ਤੇ ਈ ਐ ।
ਕਿਹੜਾ ਖਿਡਾਰੀ ਏ ਜੀਹਨੇ ਕਦੀ ਸੱਟ ਨਾ ਖਾਧੀ ਹੋਵੇ , ਪਰ ਦੁਨੀਆਂ ਉਹਨਾ ਨੂੰ ਸਿਜਦਾ ਕਰਦੀ ਏ ਜੋ ਫੱਟੜ ਹੋਣ ਤੇ ਬਾਅਦ ਵੀ ਸਿਹਤਯਾਬੀ ਦੀ ਤਮੰਨਾ ਰੱਖਦੇ ਨੇ । ਚੌਕੇ ਛੱਕੇ ਨਹੀ ਤਾਂ ਇੱਕਾ ਦੁੱਕਾ ਦੌੜਾਂ ਈ ਸਹੀ, ਡਟੇ ਰਹਿੰਦੇ ਨੇ ਮੈਦਾਨ ਵਿੱਚ ।
ਮੇਰੇ ਸਾਹਵੇ ਦੋ ਮਿਸਾਲਾਂ ਨੇ ਪੰਜਾਬ ਦੀਆਂ ।
ਪਹਿਲੀ ,
ਇੱਕ ਨੌਜਵਾਨ ,ਪੜ੍ਹ ਲਿਖਕੇ ,ਡਿਗਰੀਆਂ ਦਾ ਥੱਬਾ ਇਕੱਠਾ ਕਰਕੇ ਦਰ ਦਰ ਸਰਕਾਰੀ ਨੌਕਰੀ ਲਈ ਲੇਲ੍ਹੜੀਆਂ ਕੱਢਦਾ ਰਿਹਾ , ਜ਼ਿੰਦਗੀ ਨੇ ਗੇਂਦਾਂ ਸੁੱਟੀਆਂ ਹੋਣਗੀਆਂ ,ਚੌਕੇ ਛੱਕੇ ਨਹੀ ਵੱਜੇ, ਬੈਟ ਭਵਾਂ ਕੇ ਮਾਰਿਆ ਕੰਧ ਨਾਲ, ਤੇ ਆਪ ਤੁਰਦਾ ਬਣਿਆਂ , ਸਕੋਰ ਬੋਰਡ ਖਾਲ਼ੀ ਛੱਡ ਤੁਰ ਗਿਆ , ਦੁਨੀਆਂ ਤੇ ਕੂਚ ਤਰ ਗਿਆ ।
ਤੇ ਦੂਜੀ ,
ਇੱਕ ਇਵੇਂ ਦਾ ਈ ਪੜ੍ਹਿਆ ਲਿਖਿਆ ਇੱਕ ਹੋਰ ਨੌਜਵਾਨ ,ਨੌਕਰੀਆਂ ਨੂੰ ਜੁੱਤੀ ਦੀ ਨੋਕ ਤੇ ਰੱਖ ਕੇ ਆਪ ਮੋਰਚਾ ਸੰਭਾਲ਼ਦਾ ਏ , ਬਰਗਰਾਂ ਦੀ ਰੇੜ੍ਹੀ ਲਾਉੰਦਾ ਏ । ਕੁਦਰਤ ਮਿਹਰਬਾਨ ਹੁੰਦੀ ਏ । ਰੇੜ੍ਹੀ ਤੇ ਸੋਲਰ ਪੈਨਲ ਲਵਾਉਂਦਾ ਏ। ਨੌਕਰੀ ਲੱਭਣ ਦੀ ਥਾਂ ਤਿੰਨ ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿੰਦਾ ਏ । ਮੈਂ ਪੜ੍ਹ ਰਿਹਾ ਸੀ ਕਿ ਪੰਜ ਹਜ਼ਾਰ ਰੁਪਏ ਤੋਂ ਵੀ ਜਿਆਦਾ ਦਿਹਾੜੀ ਪਾ ਰਿਹਾ ਏ ਰੋਜ਼ਾਨਾ ।
ਕਿਸਨੂੰ ਹੀਰੋ ਕਹੋਗੇ ?
ਜ਼ਿੰਦਗੀ ਤੋ ਭਗੌੜੇ ਨੂੰ ਜਾਂ ਜ਼ਿੰਦਗੀ ਨੂੰ ਨਵੇਂ ਮੁਕਾਮ ਤੇ ਲਿਜਾਣ ਵਾਲੇ ਨੂੰ ।
ਕਦੀ ਜ਼ਿੰਦਗੀ ਫਾਲਤੂ ਜਾਪੇ ਤਾਂ ਮਿਲਿਓ ਕਿਸੇ ਕੈਂਸਰ ਦੇ ਮਰੀਜ਼ ਨੂੰ,ਕਦੀ ਵੇਦਨਾ ਜਾਣਿਓ ਉਸ ਬੰਦੇ ਦੀ ਜਿਸਦੇ ਦੋਵੇਂ ਗੁਰਦੇ ਫ਼ੇਲ੍ਹ ਹੋਣ ਤੋ ਬਾਅਦ ਮੌਤ ਦੇ ਬਲੈਕ ਹੋਲ ਵੱਲ ਸਰਕ ਰਿਹਾ ਏ ਪਲ ਪਲ । ਇਹ ਬੋਝਲ ਜਿਹਾ ਸਰੀਰ ਵੀ ਰੱਬੀ ਰਹਿਮਤ ਦਿਖਾਈ ਦੇਵੇਗਾ । ਇੱਕ ਚਮਤਕਾਰ ਦਿਸੇਗਾ ।
ਸਫਰ ਕਰਦਿਆਂ ਅੱਖ ਵਿੱਚ ਕਚਰਾ ਪੈ ਜਾਵੇ ਤਾਂ ਰੁਕਣਾ ਪੈ ਸਕਦਾ ਏ, ਪਰ ਪਾਣੀ ਦੇ ਛਿੱਟੇ ਮਾਰ ਕੇ, ਅੱਖਾਂ ਸਾਫ ਕਰਨਾ ਤੇ ਸਫਰ ਤੇ ਤੁਰ ਪੈਣਾ ਈ ਸਮਝਦਾਰੀ ਏ , ਭੀੜ ਵਿੱਚ ਤੁਰੇ ਰਹਿਣਾ ਈ ਅਕਲਮੰਦੀ ਏ, ਲੰਮੇ ਪੈ ਗਏ ਤਾਂ ਲਿਤੜੇ ਜਾਵਾਂਗੇ , ਦੋਸ਼ੀ ਕੋਈ ਹੋਰ ਨਹੀ, ਅਸੀਂ ਖ਼ੁਦ ਹੋਵਾਂਗੇ ।
ਹਿੰਮਤ ਏ ਮਰਦਾਂ
ਮਦਦ ਏ ਖੁਦਾ ।
ਹਿੱਕ ਤੇ ਪਿਆ ਅੰਬ ਮੂੰਹ ਤੀਕਰ ਲਿਜਾਣਾ ਇਨਸਾਨੀ ਫਰਜ ਏ, ਅਗਰ ਉਡੀਕਦੇ ਰਹੇ ਕਿ ਰਸ ਵੀ ਆਪੇ ਈ ਮੂੰਹ ਪੈ ਜਾਵੇ ਤਾਂ ਗ਼ਫ਼ਲਤ ਚ ਓ, ਅੰਬ ਗਲ਼ ਜਾਵੇਗਾ, ਤਾਕਤ ਦੀ ਥਾਂ ਬਦਬੂ ਦੇਵੇਗਾ ।

ਦਵਿੰਦਰ ਸਿੰਘ ਜੌਹਲ

  • 1
  • …
  • 488
  • 489
  • 490
  • 491
  • 492
  • …
  • 496

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close