ਛੜਾ ਛੜੇ ਨਾਲ ਕਰੇ ਦਲੀਲਾਂ
ਆਪਾਂ ਵਿਆਹ ਕਰਵਾਈਏ
ਬਈ ਵਿਆਹ ਕਰਵਾਈਏ ਬਹੂ ਲਿਆਈਏ…
ਚਜ ਦਾ ਸਮਾ ਟਾਪਾਈਏ ,
ਬਈ ਗੱਡੀ ਵਿੱਚ ਰੋਂਦੀ ਨੂੰ ਘੁਟ ਕੇ ਕਾਲਜੇ ਲਾਈਏ
ਬਈ ਗੱਡੀ ਵਿੱਚ ਰੋਂਦੀ ਨੂੰ ਘੁਟ ਕੇ ਕਾਲਜੇ ਲਾਈਏ।shadaa
admin
ਗਿੱਧਾ ਗਿੱਧਾ ਕਰੇਂ ਮੇਲਣੇ,
ਗਿੱਧਾ ਪਊ ਬਥੇਰਾ।
ਨਜ਼ਰ ਮਾਰ ਕੇ ਵੇਖ ਮੇਲਣੇ,
ਭਰਿਆ ਪਿਆ ਬਨੇਰਾ।
ਸਾਰੇ ਪਿੰਡ ਦੇ ਲੋਕੀ ਆ ਗਏ,
ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੇ ਨੀ,
ਦੇ ਲੈ ਸ਼ੋਂਕ ਦਾ ਗੇੜਾ
ਮੇਲਣੇ ਨੱਚਲੇ ਨੀ…।
ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ ਵੇ,
ਜੱਟਾਂ ਦੀਆ ਢਾਣੀਆਂ ਨੂੰ ਆ ਗਿਆ ਸਰੂਰ ਵੇ,
ਜਦੋਂ ਨੈਣਾਂ ਵਿਚੋਂ ਥੋੜੀ ਜੀ ਪਿਲਾਈ ਰਾਤ ਨੂੰ,
ਵੇ ਅੱਗ ਪਾਣੀਆਂ ‘ਚ ਹਾਣੀਆਂ ਮੈਂ ਲਾਈ ਰਾਤ ਨੂੰ
ਵੇ ਅੱਗ ਪਾਣੀਆਂ ‘ਚ ਹਾਣੀਆਂ ਮੈਂ ਲਾਈ ਰਾਤ ਨੂੰ।
ਅਸਟਰੇਲੀਆ ਵਿੱਚ ਪੜਦੇ ਇੱਕ ਸਾਉਦੀ ਅਰਬ ਦੇ ਵਿਦਿਆਰਥੀ ਨੇ ਆਪਣੇ ਪਿਤਾ ਨੂੰ ਮੇਲ ਕੀਤੀ ਕਿ ਅਸਟਰੇਲੀਆ ਬਹੁਤ ਸੋਹਣਾ ਦੇਸ਼ ਹੈ । ਇੱਥੋ ਦੇ ਲੋਕ ਵੀ ਬਹੁਤ ਵਧੀਆ ਹਨ ।ਪਰ ਜਦੋਂ ਮੈਂ 20 ਤੋਲੇ ਸੋਨੇ ਦੀ ਚੈਨ ਪਾ ਕੇ ਆਪਣੀ ਫਰਾਰੀ ਤੇ ਕਾਲਜ ਜਾਂਦਾ ਹਾਂ ਤਾਂ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਕਿਉਕਿ ਬਾਕੀ ਸਾਰੇ ਵਿਦਿਆਰਥੀ ਟਰੇਨ ਤੇ ਆਉਂਦੇ ਹਨ।
ਤੁਹਾਡਾ ਪੁੱਤਰ ।।
ਨਸੀਰ
ਕੁਝ ਦਿਨਾਂ ਬਾਅਦ ਉਸਦੇ ਪਿਤਾ ਦੀ ਮੇਲ ਆਈ ਕਿ ਤੇਰੇ ਖਾਤੇ ਵਿੱਚ 30 ਮਿਲੀਅਨ ਡਾਲਰ ਪਾ ਦਿੱਤੇ ਹਨ । ਜਾਹ ਆਪਣੀ ਟਰੇਨ ਖਰੀਦ ਲੈ
ਤੇਰਾ ਪਿਤਾ ਅਲ ਹਬੀਬੀ।।
😂😂
ਰੱਖੜੀ ਤੋਂ ਪਹਿਲਾ ਇਕ ਵਿਆਹੀ ਹੋਈ ਧੀ ਦੀ ਫੋਨ ਤੇ ਆਪਣੀ ਮਾਂ ਨਾਲ ਵਾਰਤਾ ਲਾਪ ਗਿਫਟ ਨੂੰ ਲੈ ਕੇ!:–
ਅੱਜ ਜਦੋਂ ਮੈਂ ਕਰੀਬ 10 ਕੋ ਵਜੇ ਹਰ ਰੋਜ ਦੀ ਤਰਾਂ ਘਰੋਂ ਰੋਟੀ ਖਾਣ ਗਿਆ ਤਾਂ ਮੇਰੀ ਪਤਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ, ਚਲੋ ਮੈਂ ਜਾ ਕੇ ਬਾਹਰ ਵਰਾਂਡੇ ਵਿਚ ਕੁਰਸੀ ਤੇ ਜਾ ਕੇ ਬੈਠ , ਮਨ ਵਿੱਚ ਵਿਚਾਰ ਆਇਆ ਕੇ ਪਤਨੀ ਨੂੰ ਗੱਲ ਕਰ ਹੀ ਲੈਣ ਦੇਣੇ ਆ ਕਿਉਂ ਡਿਸਟਰਬ ਕਰਨਾ , ਨਾਲ ਨਾਲ ਉਹ ਆਪਣਾ ਰਸੋਈ ਦਾ ਕੰਮ ਵੀ ਕਰ ਰਹੀ ਸੀ ਅਤੇ ਫੋਨ ਤੇ ਗੱਲਾਂ ਬਾਤਾਂ ਦਾ ਸਿਲਸਲਾ ਵੀ ਜਾਰੀ ਸੀ, ਪਰ ਮੈਨੂੰ ਆਏ ਨੂੰ ਸ਼ਾਹਿਦ ਉਸਨੇ ਦੇਖਿਆ ਨਹੀਂ ਕੇ ਜਗਜੀਤ ਘਰ ਰੋਟੀ ਖਾਣ ਆਇਆ ਹੈ , ਮੈਂ ਉਹਨਾਂ ਦੀਆਂ ਗੱਲਾ ਕੰਨ ਜਿਹਾ ਲਾ ਕੇ ਸੁਨ ਰਿਹਾ ਸੀ ਅਤੇ ਉਹ ਫੋਨ ਉਸਦੀ ਮਾਂ ਦਾ ਸੀ ਜਾਣੀ ਕੇ ਮੇਰੀ ਸੱਸ ਜੀ ਦਾ ਸੀ ਪੁੱਛ ਰਹੀ ਸੀ ਕੇ ਧੀਏ ਕਦੋ ਆਉਣਾ ਤੂੰ ਰੱਖੜੀ ਬੰਨ੍ਹਨ ਤਾਂ ਪਤਨੀ ਕਹਿ ਰਹੀ ਸੀ ਸ਼ਾਹਿਦ ਅਸੀਂ 25 ਤਾਰੀਕ ਨੂੰ ਆ ਜਾਈਏ . ਚਲੋ ਗੱਲਾਂ ਬਾਤਾਂ ਦਾ ਸਿਲਸਲਾ ਜਾਰੀ ਸੀ ਅੱਗੋਂ ਫਿਰ ਮਾਂ ਸਵਾਲ ਧੀ ਨੂੰ ਕੇ ਇਸ ਵਾਰ ਧੀਏ ਤੇਰੇ ਲਈ ਕੀ ਖਰੀਦ ਕੇ ਲਿਆਵਾਂ ਅਗੋਂ ਧੀ ਦਾ ਜਵਾਬ ਵੀ ਬਹੁਤ ਸੋਹਣਾ ਸੀ ਜੋ ਮੈਨੂੰ ਬਹੁਤ ਚੰਗਾ ਲੱਗਾ ਧੀ ਨੇ ਅੱਗੋਂ ਕਿਹਾ ਨਹੀਂ ਮਾਂ ਮੇਰੇ ਕੁਛ ਬਹੁਤ ਰੱਬ ਦਾ ਦਿਤਾ ਮੈਨੂੰ ਕੁੱਛ ਵੀ ਲੈਣ ਦੀ ਲੋੜ ਨਹੀਂ ਹੈ ਅਤੇ ਕਿੰਨੇ ਸਾਲ ਹੋ ਗਏ ਤੁਸੀਂ ਮੈਨੂੰ ਗਿਫਟ ਦੇਦਿਆਂ ਨੂੰ ਹੁਣ ਕੁੱਛ ਨਹੀਂ ਚਾਹੀਦਾ ਬਸ ਮੈਂ ਤਾਂ ਪਿਆਰ ਕਰਕੇ ਹੀ ਰਖੜੀ ਦਾ ਤਿਹਾਰ ਲੈ ਆਉਣੀ ਆ , ਮਾਂ ਨੇ ਬਹੁਤ ਤਰਲੇ ਨਾਲ ਫ਼ਿਰ ਧੀਏ ਇਕ ਸੂਟ ਲੈੈ ਆਵਾ ਜਾਂ ਹੋਰ ਕੋਈ ਗਿਫਟ ਤਾਂ ਧੀ ਦਾ ਫਿਰ ਓਹੀ ਜਵਾਬ ਨਹੀਂ ਮਾਂ ਮੈਨੂੰ ਕੁੱਛ ਨਹੀਂ ਚਾਹੀਦਾ ਮਾਂ ਨੇ ਫਿਰ ਜਿਦ ਕਰਦੀ ਹੋਈ ਨੇ ਕਿਹਾ ਤੂੰ ਦੱਸ ਮੈਂ ਤੇਰੇ ਰੱਖੜੀ ਜੋਗੇ ਪੈਸੇ ਜੋੜ੍ਹੇ ਆ ਪੁੱਤ ਆਪਣੀ ਪੈਨਸ਼ਨ ਵਿਚੋਂ ਕੇ ਮੇਰੀ ਧੀ ਨੇ ਆਉਣਾ ਨਾਲੇ ਇਹ ਵੀ ਕਹਿ ਦਿੱਤਾ ਮਾਂ ਨੇ ਕੇ ਮੇਰੀਆਂ ਕਿਹੜੀਆਂ ਜਿਆਦਾ ਧੀਆਂ ਆ ਤੂੰ ਹੀ ਇਕ ਹੈ ,ਜੇ ਤੈਨੂੰ ਵੀ ਕੁਛ ਨਾ ਦਿੱਤਾ ਤਾ ਅਸੀਂ ਮਾਪੇ ਕੀ ਹੋਏ ਤੇਰੇ , ਚਲੋ ਜੀ ਦੋਵਾਂ ਦੀ ਜਿਦ ਚੱਲ ਰਹੀ ਆਖਰ ਧੀ ਨੇ ਮਾਂ ਅਗੇ ਨਰਮੀ ਦਿਖੋਉਂਦੀਆਂ ਕਹਿ ਦਿੱਤਾ ਮਾਂ ਮੇਰੇ ਲਈ ਤੂੰ ਸਵਾ ਰੁਪਇਆ ਤਿਆਰ ਰੱਖੀ ਫਿਰ ਦੋਵਾੇਂ ਨੇ ਮਜਾਕ ਵਾਲਾ ਮੂਡ ਬਣਾ ਲਿਆ, ਅਤੇ ਮੈਨੂੰ ਵੀ ਕਰੀਬ ਇਕ ਘੰਟਾ ਹੋ ਗਿਆ ਮਾਵਾਂ ਧੀਆਂ ਦੀਆਂ ਗੱਲਾਂ ਸੁਣਦਿਆਂ ਨੂੰ ਮੇਰੀ ਤਾ ਸਾਰੀ ਭੁੱਖ ਹੀ ਲਹਿ ਗਈ ਕੇ ਇਹਨਾਂ ਪਿਆਰ ਹੁੰਦਾ ਮਾਵਾਂ ਧੀਆਂ ਦਾ , ਪਰ ਅੱਜ ਦੇ ਦੌਰ ਵਿਚ ਧੀਆਂ ਨੂੰ ਕੁੱਖਾਂ ਵਿੱਚ ਮਾਰਿਆ ਜਾ ਰਿਹਾ ,, ਫਿਰ ਮੈਂ ਵੀ ਕਿਹਾ ਥੋੜ੍ਹਾ ਫੋਨ ਦੇ ਲਾਗੇ ਜਾ ਕੇ ਹਾਸੇ ਮਜਾਕ ਨਾਲ ਹੀ ਆਪਣੀ ਸੱਸ ਮਾਂ ਨੂੰ ਕਿਹਾ ਕੇ ਅਸੀਂ ਤਾ ਰਖੜੀ ਤੇ ਗੱਡੀ ਲੈਣੀ ਗਿਫਟ ਵਿਚ ਤਾਂ ਉਸਦੇ ਚੇਹਰੇ ਤੇ ਬਿਨਾਂ ਕਿਸੇ ਤੇਰੇਲੀ ਤੋਂ ਇਹ ਜਵਾਬ ਸੀ ਕੇ ਪੁੱਤ ਜਿੰਨੀਆਂ ਮਰਜ਼ੀ ਗੱਡੀਆਂ ਲੈ ਦੇਨੇ ਤੈਨੂੰ ਤੇਰੇ ਨਾਲੋਂ ਗੱਡੀਆਂ ਚੰਗੀਆਂ ਮੇਰਾ ਮਨ ਵੀ ਖੁਸ਼ ਹੋ ਗਿਆ ਕੇ ਅਤੇ ਮੈਂ ਕਿਹਾ ਤੁਸੀਂ ਜੋ ਸਾਨੂੰ ਧੀ ਦੇ ਰੂਪ ਵਿਚ ਗਿਫਟ ਦਿਤਾ ਉਹ ਬਹੁਤ ਅਨਮੋਲ ਆ , ਮਾਂ ਨੇ ਵੀ ਹਸਦੇ ਹੋਏ ਫੋਨ ਕੱਟਣ ਦਾ ਕਹਿ ਕੇ ਕਿਹਾ ਕੇ ਜਲਦੀ ਆ ਜਾਇਓ ਰਖੜੀ ਲੈ ਕੇ…..ਸਾਨੂੰ ਇਸ ਤਿਹਾਰ ਨੂੰ ਪੈਸੇ ਨਾਲ ਨਹੀਂ ਸਗੋਂ ਇਕ ਭੈਣ ਭਰਾ ਦੇ ਪਿਆਰ ਦੀ ਭਾਵਨਾ ਨਾਲ ਮਨਾਉਣਾ ਚਾਹੀਦਾ, ,:::::
ਜਗਜੀਤ ਡੱਲ
ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ
“ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”।
ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ
“ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ ਤੇ ਚੱਲਿਆ ਹਾਂ,ਫੁਰਸਤ ਚ ਜ਼ਰੂਰ ਪੜਾਂਗਾਂ”।
ਜਿਵੇਂ ਈ ਕਿਤਾਬ ਬੰਦ ਕਰ ਕੇ ਸੀਰਤ ਨੂੰ ਫੜਾਉਣ ਲੱਗਦਾ ਹੈ ਉਸਦੀ ਨਜ਼ਰ ਕਵਰ ਪੇਜ਼ ਤੇ ਸੀਰਤ ਦੇ ਨਾਂ ਲਿਖੇ ੳਸਦੇ ਪੇਕਿਆਂ ਦੇ ਗੋਤ ਤੇ ਪੈਂਦੀ ਹੈ…”ਆਹ ਕੀ?ਹੁਣ ਤੁਹਾਨੂੰ ਆਪਣਾ ਸਹੁਰਿਆਂ ਵਾਲਾ ਸਰਨੇਮ ਲਿਖਣਾ ਚਾਹੀਦਾ ਹੈ ਬੇਟਾ ਜੀ,ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ”।
“ਨਹੀਂ ਪਾਪਾ ਜੀ,ਮੈਨੂੰ ਜੋ ਵੀ ਸਿੱਖਿਆ ਜਾਂ ਗਿਆਨ ਮਿਲਿਆ ਹੈ ਉਹ ਮੇਰੇ ਫਾਦਰ ਸਾਬ ਦੀ ਬਦੌਲਤ ਹੀ ਮਿਲਿਆ ਹੈ,ਹੁਣ ਮੇਰਾ ਵੀ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਮ ਨੂੰ ਅੱਗੇ ਲੈਕੇ ਜਾਵਾਂ …ਨਾਲੇ ਐਡੀ ਕਿਹੜੀ ਗੱਲ ਹੈ,ਮੈਂ ਇਹ ਨਹੀਂ ਕਰ ਸਕਦੀ, ਸੌਰੀ”।
ਸੀਰਤ ਦਾ ਜਵਾਬ ਸੁਣ ਮਹਿੰਦਰ ਸਿੰਘ ਨਿਰਉੱਤਰ ਹੋ ਗਿਆ।
ਹਰਿੰਦਰ ਕੌਰ ਸਿੱਧੂੂ
ਪੰਜਾਬ ਦੇ ਲੋਕਾਂ ਨੇ ਬੀੜਾ ਚੁੱਕ ਲਿਆ ਹੈ ਹੁਣ ਕਿਸੇ ਨੂੰ ਡਰਨ ਦੀ ਲੋੜ ਨਹੀਂ । ਸਭ ਨੂੰ ਪਤਾ ਹੈ ਕਿ ਥੋੜੇ ਸਮੇਂ ਵਿੱਚ ਹੀ ਪਾਣੀ ਖਤਮ ਹੋ ਜਾਣਾ ਤੇ ਇਸ ਤੱਥ ਤੇ ਗੌਰ ਕਰਨ ਤੋਂ ਬਾਅਦ ਪੰਜਾਬ ਦੇ ਲੋਕ ਹਰਕਤ ਵਿੱਚ ਆ ਗਏ। ਲੋਕਾਂ ਨੇ ਨਿਰਣੇ ਕੀਤਾ ਕਿ ਪਾਣੀ ਦੇ ਖਤਮ ਹੋਣ ਦੀ ਕਤਾਰ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਵੇ।ਇਸ ਦੀ ਕਮਾਨ ਆਮ ਲੋਕਾਂ ਨੇ ਪਹਿਲਾਂ ਵੀ ਸੰਭਾਲੀ ਹੋਈ ਸੀ ਸੋ ਹੁਣ ਹੋਰ ਜੋਰ ਸ਼ੋਰ ਨਾਲ ਕੰਮ ਕਰਨ ਦੀ ਜਰੂਰਤ ਹੈ।ਹਰ ਘਰ ਨੇ ਇਸ ਚੀਜ਼ ਦਾ ਠੇਕਾ ਲੈ ਲਿਆ ਹੈ ਤੇ ਆਪਣੀ ਆਪਣੀ ਜਿੰਮੇਵਾਰੀ ਚੁੱਕ ਲਈ ਹੈ।
ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਨਾ, ਬਿਜਲੀ ਤੇ ਚੱਲਣ ਵਾਲੇ ਸਮਾਨ ਦਾ ਸਟੋਰ ਤਿਆਰ ਕਰ ਲਿਆ ਹੈ, ਦਿਨ ਰਾਤ ਇਹਨਾਂ ਦੀ ਦੱਬ ਕੇ ਵਰਤੋਂ ਕਰਨਾ, ਜਿਆਦਾਤਰ ਚੀਜਾਂ ਪਾਣੀ ਦੇ ਮਿਲਾਪ ਜਾਂ ਇਸ ਦੇ ਪਰੋਸੈਸ ਤੋਂ ਹੋ ਕੇ ਤਿਆਰ ਹੁੰਦੀਆਂ ਜਿਵੇਂ ਗੱਡੀਆਂ ਕਾਰਾਂ, ਮੋਟਰਸਾਈਕਲ, ਜਿਨਸ ਦੀਆਂ ਪੇਂਟਾ,ਮੋਬਾਈਲ ਫੋਨ, ਪਲਾਸਟਿਕ ਦਾ ਸਮਾਨ,ਹਰ ਛੋਟੀ ਤੋਂ ਛੋਟੀ ਚੀਜ਼ ਵਿੱਚ ਪਾਣੀ ਦੀ ਵਰਤੋਂ ਵਿੱਚ ਆਉਣ ਤੇ ਤਿਆਰ ਹੁੰਦੇ ਇਥੋਂ ਤੱਕ ਇੱਕ ਲੀਟਰ ਦੀ ਪਾਣੀ ਦੀ ਬੋਤਲ ਨੂੰ ਭਰਨ ਤੇ ਬਨਾਉਣ ਵਿੱਚ ਵੀ 4 ਲੀਟਰ ਪਾਣੀ ਵਰਤੋਂ ਵਿੱਚ ਆਉਂਦਾ ਸ਼ਾਇਦ ਕਿ 2 ਘਰ ਦੇ ਜੀਆਂ ਲਈ 200 ਗਜ ਦੀ ਥਾਂ ਵਿਚ 5-6 ਕਮਰੇ ਬਨਾਉਣ ਲਈ ਵੀ ਪਾਣੀ ਚਾਹੀਦਾ ਸੋ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਭਵਿੱਖ ਨੂੰ ਇਹ ਅਹਿਸਾਸ ਦਿਵਾੳੁਣ ਲੲੀ ਕਿ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਨੂੰ ਸੋਕੇ ਦੀ ਮਾਰ ਵਾਲਾ ਪਹਿਲਾ ਸੂਬਾ ਬਨਾਉਣ ਲਈ ਹਰ ਕੋਈ ਪੰਜਾਬ ਨੂੰ ਇਸ ਮੁਕਾਮ ਤੇ ਪਹੁੰਚਾਣ ਲਈ ਤੇ ਇਸ ਨਵੇਂ ਮੁਕਾਮ ਦੀ ਖੁਸ਼ੀ ਨੂੰ ਵੰਡਣ ਲਈ ਆਪਣੇ ਪੱਧਰ ਤੇ ਬਹੁਤ ਸੁਚੇਤ ਹਨ ਤੇ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਿਤੇ ਕੋਈ ਹੋਰ ਸੂਬਾ ਮੋਹਰੀ ਨਾ ਹੋ ਜਾਵੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ“ਇਹ ਸਾਡੀ ਸਮਝ ਵਿੱਚ ਨਹੀਂ ਆਉਂਦੇ ਸ਼ਾਇਦ ਇੰਨੇ ਸਰਲ ਭਾਸ਼ਾ ਵਿਚ ਲਿਖੇ ਗਏ ਹਨ ਕਿ ਸਾਨੂੰ ਜਿਆਦਾ ਪੜ੍ਹਿਆ ਨੂੰ ਇੰਨੀ ਸਰਲ ਭਾਸ਼ਾ ਨੂੰ ਸਮਝਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ।”ਬਲ ਹਾਰੀ ਕੁਦਰਤ ਵਸਿਆ” ਇਸ ਪੁਕਾਰ ਦਾ ਸਾਡੇ ਕੰਨਾਂ ਤੇ ਕੋਈ ਅਸਰ ਨਹੀਂ ਉਹ ਤਾਂ ਲੋਕ ਹੀ ਹੋਰ ਸੀ ਜੋ ਇਹ ਦੱਸ ਗੲੇ ।
ਅਸੀਂ ਅੱਜ ਦੇ ਯੁੱਗ ਦੇ ਪਾੜੇ ਜ਼ਿਆਦਾ ਸਮਝਦਾਰ ਤੇ ਸਿਆਣੇ ਆ ਸਾਨੂੰ ਸਾਰੀ ਸਮਝ ਆਉਂਦੀ ਜ਼ੋ ਮਿੱਟੀ ,ਹਵਾ,ਪਾਣੀ ਨੂੰ ਖਰਾਬ ਕਰਨ ਦਾ ਬੀੜਾ ਚੁੱਕਿਆ ਇਹ ਰੁਕਣਾ ਨਹੀਂ ਚਾਹੀਦਾ ਨਹੀਂ ਕੋਈ ਹੋਰ ਸੂਬਾ ਮੋਹਰੀ ਹੋ ਗਿਆ ਸਾਡੀ ਤਾਂ ਕੀਤੀ ਕਰਾਈ ਤੇ ਇਹੀ ਪਾਣੀ ਫਿਰ ਜਾਣਾ ਜਿਸ ਦੇ ਸੋਕੇ ਦੇ ਮੋਹਰੀ ਹੋਣਾ ਦਾ ਐਡਾ ਵੱਡਾ ਬਿੜਾ ਚੁੱਕਿਆ ਸੋ ਚੱਕ ਦਿਓ ਫੱਟੇ ਤੇ ਨੱਪ ਦਿਉ ਕੀਲੀ ।”ਪੰਜਾਬ ਸਿਆਂ ਹੁਣ ਤੇਰਾ ਕੰਮ ਔਖਾ ਹੁਣ ਤਾਂ ਬਸ ਘਰ ਲਿਜਾ ਕੇ ਸੇਵਾ ਹੀ ਹੋ ਸਕਦੀ” ਇਹ ਕਹਿਣ ਤੋਂ ਪਹਿਲਾਂ ਅਸੀਂ ਤੈਨੂੰ ਮੋਹਰੀ ਕਰ ਕੇ ਹੀ ਰਹਿਣਾ।
ਇੱਕ ਗਹਿਰੀ ਚਿੰਤਾ ਤੇ ਸੱਚਾ ਡਰ
ਭੁਪਿੰਦਰ ਕੁਮਾਰ ਭਾਰਦਵਾਜ
ਬੰਦ ਦਰਵਾਜਾ
ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’
ਪਰ ਕੋਈ ਜਵਾਬ ਨਹੀਂ।
“ਉਏ ਮਨੀ ਕਿੱਥੇ ਹੋ ਸਾਰੇ”
ਉਹ ਇਕ ਵਾਰ ਫਿਰ ਚੀਕਿਆ ਪਰ ਅਵਾਜ਼ ਕੋਠੀ ਵਿਚ ਗੂੰਜ ਕੇ ਰਹਿ ਗਈ। ਉਹ ਸਮਝ ਗਿਆ, ਬੱਚੇ ਖੇਡਣ ਗਏ ਨੇ ਤੇ ਸ਼੍ਰੀਮਤੀ ਜੀ ਆਂਢ-ਗੁਆਂਢ ਦੇ ਦੌਰੇ ਤੇ ਹੈ। ਫਿਰ ਉਹ ਖੁਦ ਹੀ ਔਖਾ-ਸੌਖਾ ਉੱਠ ਕੇ ਰਸੋਈ ਵਿਚ ਗਿਆ। ਫਰਿੱਜ ਵਿਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਮੂੰਹ ਲਾ ਕੇ ਹੀ ਪਾਣੀ ਪੀਣ ਲੱਗ ਪਿਆ। ਇੰਨੇ ਚ ਸ਼੍ਰੀਮਤੀ ਜੀ ਕੱਛ ਵਿਚ ਕੱਪੜੇ ਦੇਈ ਅੰਦਰ ਆਏ ਤੇ ਕਿਹਾ, “ਕਿੰਨੀ ਵਾਰ ਕਿਹਾ ਗਲਾਸ ਵਿਚ ਪਾਣੀ ਪੀਆ ਕਰੋ। ਬੱਚਿਆ ਨੂੰ ਕੀ ਸਮਝਾਓਗੇ।”
ਨਰਿੰਦਰ ਦਾ ਮਨ ਕੀਤਾ ਬੋਤਲ ਚਲਾ ਕੇ ਕੰਧ ਨਾਲ ਮਾਰੇ ਤੇ ਪੁੱਛੇ ਕਿ ਕੋਈ ਕੰਜਰ ਗਲਾਸ ਵਿਚ ਪਾਣੀ ਦੇਵੇ ਤਾਂ ਹੀ ਉਹ ਪੀਵੇ ਪਰ ਔਖਾ ਜਿਹਾ ਝਾਕਣ ਤੋਂ ਬਿਨਾਂ ਉਹ ਕੁਝ ਨਾ ਬੋਲ ਸਕਿਆ ਤੇ ਚੁੱਪ-ਚਾਪ ਬੋਤਲ ਰਸੋਈ ਦੀ ਸੈਲਫ ਤੇ ਰੱਖ ਕੇ ਮੁੜ ਲਾਬੀ ਵਿਚ ਆ ਬੈਠਿਆ।
“ਅੱਜ ਬਿਜਲੀ ਦਾ ਬਿੱਲ ਭਰਨ ਦੀ ਆਖਰੀ ਮਿਤੀ ਸੀ, ਪੈ ਗਿਆ ਨਾ ਜੁਰਮਾਨਾ, ਥੋਡੇ ਕਿੱਥੇ ਯਾਦ ਰਹਿੰਦਾ” ਸ਼੍ਰੀਮਤੀ ਜੀ ਦਾ ਭਾਸਣ ਉਹਦੇ ਕੰਨਾਂ ਵਿਚ ਸ਼ੀਸ਼ੇ ਵਾਂਗੂ ਉਤਰਿਆ।
ਮਾਤਾ ਜੀ ਵਾਲੇ ਕਮਰੇ ਦਾ ਦਰਵਾਜਾ ਸਾਹਮਣੇ ਬੰਦ ਪਿਆ ਸੀ। “ਚਾਹ ਪਿਓਗੇ ਤਾਂ ਬਣਾਵਾਂ” ਸ਼੍ਰੀਮਤੀ ਜੀ ਨੇ ਅੱਧਾ ਸਵਾਲ ਕੀਤਾ।“ਨਹੀਂ, ਮੈਂ ਕਚਹਿਰੀ ਤੋਂ ਹੁਣੇ ਪੀ ਕਿ ਆਇਆ,” ਨਰਿੰਦਰ ਨੇ ਬੁਝੇ ਮਨ ਨਾਲ ਕਿਹਾ। ਉਹਦਾ ਮਨ ਉਛਲ ਆਇਆ। ਸਾਹਮਣੇ ਕੰਧ ਤੇ ਲੱਗੀ ਮਾਂ ਦੀ ਤਸਵੀਰ ਉਹਨੂੰ ਲੱਗਿਆ ਉਸ ਵੱਲ ਹੀ ਦੇਖ ਰਹੀ ਹੋਵੇ।
ਉਸ ਦਿਨ ਵੀ ਕਚਹਿਰੀ ਤੇ ਜ਼ਮੀਨ ਦੀ ਤਰੀਕ ਭੁਗਤ ਕੇ ਹਲਕਾਨ ਹੋਇਆ ਨਰਿੰਦਰ ਜਦੋਂ ਇਸੇ ਤਰ੍ਹਾਂ ਲਾਬੀ ਵਿਚ ਆ ਕੇ ਬੈਠਿਆ ਸੀ ਤਾ ਮਾਂ ਖੂਡੀ ਲਈ ਗਲਾਸ ਤੇ ਬੋਤਲ ਲੈ ਕੇ ਆਈ। ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਕਿਹਾ, “ਲੈ ਪੁੱਤ ਪਾਣੀ ਪੀ, ਥੱਕ ਗਿਆ ਹੋਵੇਗਾ।” ਫਿਰ ਕਿੰਨਾ ਚਿਰ ਉਹ ਮੁਕੱਦਮੇ ਦੀਆ ਗੱਲਾਂ ਕਰਦਾ ਆਪਣੇ ਮਨ ਦਾ ਭਾਰ ਲਾਹੁੰਦਾ ਰਿਹਾ ਤੇ ਅੰਤ ਵਿਚ ਮਾਂ ਨੇ ਕਿਹਾ, “ਕੋਈ ਨਹੀਂ ਪੁੱਤ ਜੇ ਕਰਮਾਂ ਵਿਚ ਹੋਈ ਤਾਂ ਜ਼ਮੀਨ ਮਿਲ ਜਾਊ। ਬਾਹਲਾ ਫਿਕਰ ਨਹੀਂ ਕਰੀਦਾ, ਜ਼ਮੀਨਾਂ ਬੰਦੇ ਨਾਲ ਨੇ, ਬੰਦੇ ਜ਼ਮੀਨਾਂ ਨਾਲ ਨਹੀਂ।”
ਉਸਨੂੰ ਯਾਦ ਆਇਆ ਜਦੋਂ ਉਹ ਕੋਠੀ ਪਾਉਣ ਲੱਗਿਆ ਸੀ ਤਾਂ ਉਸਦੀ ਅਧਿਆਪਕ ਪਤਨੀ ਤੋਂ ਉਸ ਨੇ ਕੋਠੀ ਦਾ ਨਕਸ਼ਾ ਤਿਆਰ ਕਰਵਾ ਕੇ ਮਾਂ ਨੂੰ ਦਿਖਾਇਆ। ਸਭ ਲਈ ਵੱਖਰੇ-ਵੱਖਰੇ ਕਮਰੇ, ਇਕ ਕਮਰਾ ਮਾਂ ਲਈ ਵੀ ਸੀ, ਪਿਛਲੇ ਪਾਸੇ।
“ਭਾਈ ਮੈ ਤਾਂ ਤੇਰੇ ਪਿਉ ਦੇ ਮਕਾਨ ਵਿਚ ਰਹੂੰ ਜਿਹੜਾ ਵਿਚਾਰਾ ਮਰਨ ਤੋਂ ਪਹਿਲਾ ਪਾ ਗਿਆ ਸੀ।” ਫਿਰ ਕੁਝ ਸਮੇਂ ਬਾਅਦ ਮਾਂ ਨੇ ਕਿਹਾ, “ਚੰਗਾ ਐ ਭਾਈ ਨਕਸ਼ਾ” ਤੇ ਫਿਰ ਉਹ ਚੁੱਪ ਕਰ ਗਈ।ਨਰਿੰਦਰ ਦੇ ਮਨ ਨੂੰ ਗੱਲ ਖਟਕ ਗਈ। ਉਸਨੇ ਇਕ ਦਿਨ ਇਕੱਲੀ ਬੈਠੀ ਮਾਂ ਨੂੰ ਪੁੱਛਿਆ, ਮਾਂ ਤੈਨੂੰ ਨਵੀਂ ਕੋਠੀ ਦੀ ਖੁਸ਼ੀ ਨਹੀਂ, ਤਾਂ ਉਹਦਾ ਜਵਾਬ ਸੀ, “ਪੁੱਤਾ ਨੂੰ ਵਧਦੇ ਦੇਖ ਕੇ ਕਿਹੜੀ ਮਾਂ ਖੁਸ਼ ਨਹੀਂ ਹੋਵੇਗੀ।” ਬਹੁਤਾ ਜੋਰ ਦੇਣ ਤੇ ਉਨ੍ਹਾਂ ਕਿਹਾ, “ਪੁੱਤ ਜੇ ਮੇਰੇ ਮਨ ਦੀ ਪੁੱਛਦਾ ਐ ਤਾਂ ਗਲੀ ਵਾਲਾ ਕਮਰਾ ਮੈਨੂੰ ਦੇ ਦਿਓ ਭਾਈ। ਜਿਹਦਾ ਇਕ ਬਾਰ ਬਾਹਰ ਖੁੱਲ੍ਹਦਾ ਹੋਵੇ।” ਨਰਿੰਦਰ ਨੇ ਕਿਹਾ, “ਉਹ ਕਿਉਂ ਮਾਂ?” ਤਾਂ ਮਾਂ ਨੇ ਮਨ ਦੀ ਗੰਢ ਖੋਲ੍ਹਦੇ ਹੋਏ ਕਿਹਾ, “ਭਾਈ ਤੁਸੀਂ ਤਾਂ ਬਣਗੇ ਸ਼ਹਿਰੀ, ਪਰ ਆਪਣੇ ਸਾਰੇ ਸਾਕ-ਸਕੀਰੀਆਂ ਵਾਲੇ ਪਿੰਡਾਂ ਵਾਲੇ ਨੇ। ਕੋਈ ਮੇਰੇ ਕੋਲ ਆਊ ਕੋਈ ਜਾਊ। ਥੋਡਾ ਪੜ੍ਹਿਆ-ਲਿਖਿਆ ਦਾ ਪਤਾ ਨਹੀਂ ਕਦੋਂ ਨੱਕ-ਬੁੱਲ੍ਹ ਕੱਢਣ ਲੱਗ ਪਓ।” ਨਰਿੰਦਰ ਇਹ ਸੁਣ ਕੇ ਹੱਸ ਪਿਆ ਤੇ ਫਿਰ ਕੋਠੀ ਬਣਾਉਂਦੇ ਸਮੇਂ ਉਨ੍ਹਾਂ ਨੇ ਮਾਤਾ ਦੀ ਇੱਛਾ ਪੂਰੀ ਕੀਤੀ। ਭਾਵੇਂ ਆਰਕੀਟੈਕਟ ਤੇ ਸ਼੍ਰੀਮਤੀ ਜੀ ਬਹੁਤੇ ਇਸਦੇ ਹੱਕ ਵਿਚ ਨਹੀਂ ਸਨ।
ਜਦੋਂ ਨਰਿੰਦਰ ਡਿਊਟੀ ਤੋਂ ਮੁੜਦਾ ਤਾਂ ਦੇਖਦਾ ਮਾਤਾ ਵਾਲੇ ਕਮਰੇ ਵਿਚ ਰੌਣਕਾਂ ਲੱਗੀਆਂ ਹੁੰਦੀਆ। ਗਲੀ ਗੁਆਂਢ ਦੀਆਂ ਚਾਚੀਆਂ-ਤਾਈਆਂ ਮਾਤਾ ਕੋਲ ਦੁੱਖ-ਸੁੱਖ ਫਰੌਲਦੀਆਂ। ਬਹੁਆਂ ਤੇ ਕੁੜੀਆਂ ਆਪਣਾ ਦੁੱਖ-ਸੁੱਖ ਕਰਦੀਆਂ। ਕੰਮ ਵਾਲੀ ਇੰਦੂ ਮਾਂ ਜੀ, ਮਾਂ ਜੀ ਕਰਦੀ ਮਾਂ ਦੀਆਂ ਲੱਤਾਂ ਘੁੱਟ ਰਹੀ ਹੁੰਦੀ। ਘਰ ਦਾ ਕਾਮਾ ਮੋਹਨ ਆਪਣੀ ਕਬੀਲਦਾਰੀ ਦੀਆਂ ਗੁੰਝਲਾਂ ਸੁਲਝਾਉਣ ਵਿਚ ਮਾਂ ਦੀ ਮੱਦਦ ਲੈ ਰਿਹਾ ਹੁੰਦਾ।ਗੁੱਡੀ ਤੇ ਮਨੀ ਆਪਣੀ ਮਾਂ ਤੋਂ ਪੂੰਝਾਂ ਛੁਡਾ ਕੇ ਦਾਦੀ ਨਾਲ ਲਾਡ ਲਡਾਉਂਦੇ। ਬਾਕੀ ਸਾਰੀ ਕੋਠੀ ਦੇ ਕਮਰਿਆਂ ਦੇ ਦਰਵਾਜੇ ਘੱਟ ਹੀ ਖੁੱਲ੍ਹਦੇ। ਗਰਮੀ ਵਿਚ ਏ.ਸੀ. ਤੇ ਸਰਦੀ ਵਿਚ ਹੀਟਰ ਕਾਰਨ ਬਾਕੀ ਕੋਠੀ ਇਉਂ ਲੱਗਦੀ ਜਿਵੇਂ ਸੁੰਨੀ ਹੋਵੇ। ਕਦੇ ਦੂਰੋਂ ਨੇੜਿਓਂ ਕੋਈ ਨਾ ਕੋਈ ਮਾਸੀ, ਭੂਆ, ਮਾਮੀ ਜਾਂ ਫੁੱਫੜ ਮਾਂ ਕੋਲ ਬੈਠਾ, ਗੱਲਾਂ ਮਾਰੀ ਜਾਂਦਾ ਦਿਸਦਾ। ਗੁੱਡੀ ਦੀ ਨਾਨੀ ਵੀ ਕਈ-ਕਈ ਦਿਨ ਰਹਿੰਦੀ ਤਾਂ ਦੋਵੇਂ ਮਾਈਆ ਆਪਣੇ ਗੁਰਮਤੇ ਮਾਰਦੀਆ ਰਹਿੰਦੀਆਂ। ਇੰਝ ਲੱਗਦਾ ਸੀ ਜਿਵੇਂ ਮਾਂ ਦਾ ਕਮਰਾ ਕੋਠੀ ਦਾ ਦਿਲ ਹੋਵੇ ਜਿਸ ਦਾ ਕੰਮ ਸਦਾ ਧੜਕਦੇ ਰਹਿਣਾ ਹੋਵੇ।
ਨਰਿੰਦਰ ਦੇ ਚੇਤੇ ਵਿਚ ਆਇਆ ਕਿ ਆਂਢ-ਗੁਆਂਢ ਵਿਆਹ ਹੁੰਦਾ ਤਾਂ ਮੈਂ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਜਾਂਦੀ ਤੇ ਗੜਕਦੀ ਆਵਾਜ਼ ਵਿਚ ਕਹਿੰਦੀ, “ਭਾਈ ਨਰਿੰਦਰ ਪੰਜ ਸੌ ਰੁਪਏ ਤੇ ਸੂਟ ਕੁੜੀ ਨੂੰ ਦਿਉ ਪੁੰਨ ਹੁੰਦਾ। ਸ਼੍ਰੀਮਤੀ ਜੀ ਨੂੰ ਵੀ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਢਾਲ ਲਿਆ ਸੀ। ਭੈਣ ਆਉਂਦੀ ਤਾਂ ਮਾਂ ਤੋਂ ਚਾਅ ਨਾ ਚੁੱਕਿਆ ਜਾਂਦਾ। ਕਿਧਰੇ ਬਿਸਕੁਟ ਬਣਦੇ ਕਿਧਰੇ ਖੋਆ ਨਿਕਲਦਾ। ਦੋਹਤੇ-ਦੋਹਤੀਆਂ ਲਈ ਨਿੱਕ ਸੁੱਕ ਲਿਆ ਕੇ ਮਾਂ ਉਨ੍ਹਾਂ ਨੂੰ ਪੂਰਾ ਮਾਣ ਕਰਦੀ। ਫਿਰ ਸਰੀਕਾਂ ਨਾਲ ਜਦੋਂ ਜ਼ਮੀਨ ਦਾ ਝਗੜਾ ਚੱਲਿਆ ਤਾਂ ਮਾਂ ਨੇ ਕਿਹਾ, “ਪੁੱਤ ਹਥਿਆਰ ਕੋਲ ਰੱਖਿਆ ਕਰ ਨਾਲ ਦਾ ਬੰਦਾ ਤਾਂ ਭੀੜ ਪਈ ਤੋਂ ਭੱਜ ਜਾਊ ਪਰ ਏਹਨੇ ਤਾਂ ਤੇਰਾ ਸਾਥ ਦੇਣਾ।”
ਫਿਰ ਇਕ ਦਿਨ ਮਾਂ ਹੱਥੋਂ ਰੇਤ ਦੇ ਕਿਣਕਿਆਂ ਵਾਂਗ ਕਿਰ ਗਈ।ਐਤਵਾਰ ਦਾ ਦਿਨ ਸੀ, ਨਰਿੰਦਰ ਰੋਟੀ ਖਾਣ ਬੈਠਾ ਤਾਂ ਮਾਂ ਸਲਾਦ ਕੱਟ ਕੇ ਲੈ ਆਈ ਅਤੇ ਕਹਿੰਦੀ “ਪੁੱਤ ਸਲਾਦ ਤੂੰ ਲੈ ਕੇ ਹੀ ਨਹੀਂ ਆਇਆ।ਆਹ ਲੈ ।” ਰੋਟੀ ਖਾ ਕੇ ਨਰਿੰਦਰ ਜਦੋਂ ਕਮਰੇ ਵਿਚੋਂ ਬਾਹਰ ਆਇਆ ਤਾਂ ਸਾਹਮਣੇ ਕਮਰੇ ਵਿਚ ਬੈਠੀ ਮਾਂ ਤੇ ਨਿਗਾਹ ਪਈ। ਮਾਂ ਨੇ ਇਸਾਰੇ ਨਾਲ ਕੋਲ ਬੁਲਾ ਕੇ ਕਿਹਾ, “ਪੁੱਤ ਸਾਹ ਨਹੀਂ ਆਉਂਦਾ।” ਮਾਂ ਨੂੰ ਫਟਾਫਟ ਕਾਰ ਵਿਚ ਪਾ ਕੇ ਜਦੋਂ ਉਹ ਹਸਪਤਾਲ ਪੁੱਜਿਆ ਤਾਂ ਮਾਂ ਦਿਲ ਦੇ ਦੌਰੇ ਕਾਰਨ ਦੂਸਰੀ ਦੁਨੀਆ ਵਿਚ ਜਾ ਚੁੱਕੀ ਸੀ। ਹੁਣ ਮਾਂ ਵਾਲੇ ਕਮਰੇ ਦੀ ਵਰਤੋਂ ਘੱਟ ਗਈ ਸੀ। ਦਰਵਾਜਾ ਕਦੇ ਕਦੇ ਖੁੱਲ੍ਹਦਾ।
ਉਹਨੇ ਸਿਰ ਚੁੱਕ ਕੇ ਦੇਖਿਆ ਤਾਂ ਸ਼੍ਰੀਮਤੀ ਕੋਲ ਆ ਬੈਠੀ ਸੀ। ਉਹ ਆਪਣੀ ਚੁੰਨੀ ਤੇ ਗੋਟਾ ਲਾਉਣ ਵਿਚ ਮਗਨ ਹੋਈ ਪਈ ਸੀ। ਉਸਨੇ ਮਨ ਤੇ ਕਾਬੂ ਪਾਕੇ ਪੁੱਛਿਆ, “ਭੂਆ ਜੀ ਕਿੰਨਾ ਚਿਰ ਹੋ ਗਿਆ ਆਏ ਨਹੀਂ, ਮਾਸੀ ਤੇ ਭੈਣ ਜੀ ਵੀ ਨਹੀਂ ਆਏ।” ਸ਼੍ਰੀਮਤੀ ਜੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ, “ਪਤਾ ਨਹੀਂ, ਕਿਉਂ ਨਹੀਂ ਆਏ।” ਨਰਿੰਦਰ ਨੇ ਫਿਰ ਕਿਹਾ, “ਇਉਂ ਲੱਗਦਾ ਜਿਵੇਂ ਸਾਰੇ ਘਰ ਦਾ ਰਾਹ ਹੀ ਭੁੱਲ ਗਏ ਹੋਣ।” ਸ਼੍ਰੀਮਤੀ ਜੀ ਨੇ ਚੌਕ ਦੇ ਸਿਰ ਉਪਰ ਚੁੱਕਦੇ ਹੋਏ ਤਲਖੀ ਕਿਹਾ, “ਹਾਏ-ਹਾਏ ਤੁਹਾਡੀ ਤਬੀਅਤ ਠੀਕ ਹੈ, ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਭਲਾ ਅੱਜਕਲ ਕਿਹਦੇ ਕੋਲ ਟਾਈਮ ਹੈ ਇਉਂ ਆਉਣ ਜਾਣ ਦਾ।” ਨਰਿੰਦਰ ਦੀਆਂ ਨਜ਼ਰਾਂ ਮਾਂ ਦੇ ਕਮਰੇ ਦੇ ਬੰਦ ਦਰਵਾਜੇ ਵਲ ਆਪਣੇ ਆਪ ਉੱਠ ਗਈਆਂ ਤੇ ਉਸ ਨੂੰ ਲੱਗਿਆ ਕਿੰਨੇ ਰਿਸ਼ਤੇ ਅਤੇ ਸੰਬੰਧ ਇਸ ਬੰਦ ਦਰਵਾਜੇ ਪਿੱਛੇ ਉਸ ਦੀ ਜਿੰਦਗੀ ਵਿਚੋਂ ਮਨਫੀ ਹੋ ਗਏ ਹਨ।
ਭੁਪਿੰਦਰ ਸਿੰਘ ਮਾਨ
ਦੋਸਤੋ ਜਿੰਦਗੀ ਦੀ ਕਿਤਾਬ ਦੇ ਪੰਨੇ ਪਲਟ ਕੇ ਦੇਖਦੇ ਹਾਂ ਤਾਂ ਦਿਸਦਾ ਹੈ…….ਕਿ ਕਿੰਨੇ੍ ਮਜ਼ਬੂਤ ਰਿਸ਼ਤੇ ਸੀ ਕੁਝ ਕਮਜ਼ੋਰ ਲੋਕਾਂ ਨਾਲ……..!!!!!
ਅੱਜ ਹਰ ਰਿਸ਼ਤਾ ਖੁਦਗਰਜ਼ੀਆਂ ਦੀ ਭੇਟ ਚੜਦਾ ਜਾ ਰਿਹਾ, ਪਦਾਰਥਾਂ ਦੀ ਜ਼ਬਰਦਸਤ ਦੌੜ ਚ
ਤੇ ਜਿਹਨਾਂ ਨੂੰ ਬਿਨਾਂ ਗਰਜ਼ਾਂ ਤੋਂ ਪਿਆਰ ਕਰਦੇ ਆਂ ਉਹ ਸਮਝਣ ਦੇ ਕਾਬਲ ਈ ਨਹੀਂ ਇਨ੍ਹਾਂ ਅਹਿਸਾਸਾਂ ਨੂੰ
ਕਈ ਵਾਰ ਜਿਆਦਾ ਸਤਿਕਾਰ ਤੇ ਪਿਆਰ ਦੇਣ ਲਈ ਜਦੋਂ ਝੁਕੀਦਾ ਤੇ ਸਾਹਮਣੇ ਵਾਲਾ ਵਿਕੇ ਸਮਝਕੇ
ਬੇਕਦਰੀ ਜਿਹੀ ਕਰ ਜਾਂਦਾ
ਉਦੋਂ ਦਿਲ ਇਕ ਅਜੀਬ ਜਿਹਾ ਘਾਤ ਲੱਗ ਜਾਂਦਾ ਆ
ਕਾਸ਼!!! ਅਸੀਂ ਸਮਂਝ ਸਕਦੇ ਇਸ ਅਨਮੋਲ ਜਿੰਦਗੀ ਦੀ ਕੀਮਤ ਬਾਰੇ
ਕਿ ਕਿੰਨੇ ਪਲ ਘੜੀਆਂ ਮੁਹੱਬਤ ਤੋਂ ਸੱਖਣੀਆਂ
ਅਸੀਂ ਨਫਰਤਾਂ ਈਰਖਾ ਤੇ ਦੁਸ਼ਮਣੀ ਦੀਆਂ ਸਲੀਬਾਂ ਚੁੱਕੀ ਫਿਰਦਿਆਂ ਨੇ ਫਨਾਹ ਕਰ ਲਈਆਂ
ਆਪਣੇ ਦੋਸ਼ਾਂ ਤੇ ਪਰਦਾ ਪਾ ਕੇ ਹਰ ਸ਼ਖਸ ਕਹਿ ਰਿਹਾ ਹੈ ਇਹ ਜਮਾਨਾ ਬੜਾ ਖਰਾਬ ਹੈ..ਕੌਣ ਹੈ ਜਮਾਨਾ??
ਕਦੇ ਸੋਚਿਆ?
ਸੋ ਦੋਸਤੋ ਮੁਹੱਬਤ ਕਿਸੇ ਲਈ ਚੰਨ ਤਾਰੇ ਤੋੜ ਕੇ ਲਿਆਉਣਾ ਦਾ ਨਾਂ ਨਹੀਂ
ਕਿਸੇ ਰੋਂਦੇ ਹੋਏ ਨੂੰ ਮੋਢੇ ਦਾ ਸਹਾਰਾ ਦੇਣਾ ਵੀ ਮੁਹੱਬਤ ਹੁੰਦੈ
ਤੇ ਮੁਹੱਬਤਾਂ ਦੀ ਖੁਸ਼ਬੂ ਹਰ ਪਾਸੇ ਫੈਲਾਉਣਾ ਸਾਡਾ ਮਕਸਦ ਹੋ ਜਾਵੇ ਤਾਂ ਅਸੀਂ ਆਪ ਵੀ ਮਹਿਕ ਜਾਵਾਂਗੇ
ਤੇ ਕੋਈ ਵੀ ਰਿਸ਼ਤਾ ਥੋਪਿਆ ਹੋਇਆ ਮਹਿਸੂਸ ਨਹੀਂ ਹੋਵੇਗਾ
ਨਵਗੀਤ ਕੌਰ
ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ।
ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ ਇੱਕ ਵਿਅਕਤੀ ਮਿਲਿਆ । ਉਸ ਨੂੰ ਕਹਿਣ ਲਗਾ, “ਜਸਵੰਤ ਤੂੰ ਪੜ੍ਹ੍ਹਾਈ ਉੱਤੇ ਧਿਆਨ ਦਿੱਤੈ ਕਦੇ,” ਜਸਵੰਤ ਨੇ ਅੱਗੋਂ ਇੱਜਤ ਨਾਲ ਕਿਹਾ, “ਚਾਚਾ ਜੇਕਰ ਮੈ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ ਤਾਂ ਮੇਰੀ ਪੜ੍ਹਾਈ ਇੰਨੀ ਘੱਟ ਵੀ ਨਹੀਂ ਹੈ , ਤੁਸੀਂ ਮੇਰਾ ਕਦੇ ਫੁਟਬਾਲ ਦਾ ਮੈਚ ਵੇਖਿਆ ਨਹੀ ਹੋਵੇਗਾ ।” ਹਰਦੀਪ ਨੇ ਕਿਹਾ, “ਅਜਿਹੀ ਗੱਲ ਨਹੀਂ ਹੈ, ਅਸੀਂ ਕਈ ਵਾਰ ਤੇਰਾ ਮੈਚ ਵੇਖਿਆ ਹੈ, ਤੇਰੇ ਅੱਗੇ ਤਾਂ ਦਸ ਖਿਡਾਰੀ ਨਹੀਂ ਟਿਕਦੇ, ਤੂੰ ਤਾਂ ਮੈਦਾਨ ਵਿੱਚ ਦੂਸਰੀ ਟੀਮ ਦੇ ਛੱਕੇ ਛੁਡਾ ਦਿੰਦਾ ਏਂ, ਮੈਂ ਕਈ ਵਾਰ ਵੇਖਿਆ ਹੈ ।
ਹੁਣ ਜਸਵੰਤ ੧੨ਵੀਂ ਜਮਾਤ ਪਾਸ ਕਰ ਚੁੱਕਿਆ ਸੀ।ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋ ਚੁੱਕਿਆ ਸੀ।ਸ਼ਹਿਰ ਦੇ ਟੂਰਨਾਮੈਂਟ ਵਿੱਚ ਭਾਗ ਲੈਂਦਾ, ਉਨ੍ਹਾਂ ਦੀ ਟੀਮ ਪਹਿਲਾ ਸਥਾਨ ਹਾਸਲ ਕਰ ਲੈਂਦੀ।ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ।ਇੱਕ ਦਿਨ ਅਚਾਨਕ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਹੁਣ ਜਸਬੰਤ ਅਤੇ ਉਸਦੀ ਮਾਂ ਇਕੱਲੇ ਰਹਿ ਗਏ।ਜਸਬੰਤ ਨੇ ਪੜ੍ਹਾਈ ਛੱਡ ਦਿੱਤੀ।ਉਹ ਘਰ ਰਹਿਣ ਲੱਗਾ ਅਤੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਗਾ।
ਮਹਿਕ ਨਾਂ ਦੀ ਕੁੜੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ।ਗੁਆਂਢੀ ਹੋਣ ਦੇ ਕਾਰਨ ਕਦੇ – ਕਦੇ ਥੋੜ੍ਹੀਆਂ ਬਹੁਤ ਚੀਜਾਂ ਮੰਗ ਕੇ ਲੈ ਜਾਂਦੀ।ਮਹਿਕ ਜਸਬੰਤ ਦੀ ਮਾਂ ਦੇ ਨਾਲ ਖੇਤੀ ਦਾ ਕੰਮ ਕਰਵਾ ਜਾਂਦੀ । ਉਨ੍ਹਾਂ ਦੇ ਖੇਤਾਂ ਵਿੱਚ ਅੰਬ ਦੇ ਲੱਗਭੱਗ ਦਸ ਦਰਖਤ ਖੜੇ ਸਨ।ਜਦੋਂ ਮੌਸਮ ਆਉਂਦਾ ਉਹ ਅੰਬ ਦੇ ਖੜੇ ਦਰੱਖਤਾਂ ਨੂੰ ਵਪਾਰੀ ਨੂੰ ਵੇਚ ਦਿੰਦੇ ।ਜਿਨ੍ਹਾਂ ਦੀ ਆਮਦਨੀ ਨਾਲ ਘਰ ਦਾ ਗੁਜਾਰਾ ਚੰਗਾ ਚੱਲਦਾ ।
ਇੱਕ ਦਿਨ ਜਸਬੰਤ ਕਿਸੇ ਮਿੱਤਰ ਦੇ ਵਿਆਹ ਵਿੱਚ ਗਿਆ ਸੀ।ਉਸਦੇ ਦੋਸਤਾਂ ਨੇ ਉਸ ਦੇ ਮਨ੍ਹਾ ਕਰਨ ਤੇ ਵੀ ਇੱਕ ਦੋ ਪੈਗ ਸ਼ਰਾਬ ਦੇ ਲਵਾ ਦਿੱਤੇ।ਜਸਬੰਤ ਨੇ ਉਸ ਦਿਨ ਪਹਿਲੀ ਵਾਰ ਸ਼ਰਾਬ ਪੀਤੀ ਸੀ।ਕੁੱਝ ਸਮਾਂ ਉੱਥੇ ਗੁਜਾਰਨ ਤੋ ਬਾਅਦ,ਉਹ ਰਾਤ ਹੁੰਦੇ ਹੀ ਘਰ ਵਾਪਸ ਪਰਤ ਆਇਆ ਅਤੇ ਜਦੋਂ ਉਹ ਸਵੇਰੇ ਉੱਠਿਆ, ਉਸਦਾ ਸਿਰ ਬਹੁਤ ਜ਼ਿਆਦਾ ਦਰਦ ਕਰਨ ਲਗਾ।ਉਸਨੇ ਆਪਣੇ ਆਪ ਨੂੰ ਕਿਹਾ, “ਸ਼ਰਾਬ ਕਿੰਨੀ ਬੁਰੀ ਚੀਜ ਹੈ, ਪੀ ਲਓ ਤਾਂ ਆਰਾਮ, ਜਦੋਂ ਉੱਤਰ ਜਾਵੇ ਤਾਂ ਆਦਮੀ ਬੇਚੈਨ ਕਰਦੀ ਹੈ ।”
ਮਹਿਕ ਨੇ ਬੀ.ਏ. ਪਾਸ ਕਰ ਲਈ। ਪਰ ਉਸ ਨੇ ਕੋਈ ਨੌਕਰੀ ਨਹੀਂ ਕੀਤੀ। ਜਸਬੰਤ ਦੇ ਪਿੰਡ ਮਹਿਕ ਦੀ ਰਿਸ਼ਤੇਦਾਰੀ ਹੋਣ ਕਰਕੇ ਛੁੱਟੀਆਂ ਦਾ ਜਿਆਦਾ ਸਮਾਂ ਜਸਬੰਤ ਦੇ ਪਿੰਡ ਗੁਜਾਰਦੀ।ਹੁਣ ਉਹ ਜਸਬੰਤ ਦੇ ਘਰ ਜ਼ਿਆਦਾ-ਆਉਣ ਜਾਣ ਲੱਗੀ।ਜਸਬੰਤ ਅਤੇ ਮਹਿਕ ਜਦੋਂ ਇੱਕ ਦੂਜੇ ਨੂੰ ਵੇਖਦੇ, ਉਨ੍ਹਾਂ ਵਿੱਚ ਪਿਆਰ ਕਰਨ ਦੀ ਇੱਛਾ ਜਾਗ ਪੈਂਦੀ ਅਤੇ ਮਹਿਕ ਕੁੱਝ ਕਹੇ ਬਿਨਾਂ ਹੀ ਆਪਣੇ ਘਰ ਮੁੜ ਆਉਂਦੀ।
ਇੱਕ ਦਿਨ ਜਸਬੰਤ ਦੀ ਮਾਂ ਗੁਆਂਢ ਘਰ ਵਿੱਚ ਗਈ ਹੋਈ ਸੀ।ਉਨ੍ਹਾਂ ਦੀ ਖੁਲ੍ਹਮ-ਖੁਲ੍ਹਾ ਮੁਲਾਕਾਤ ਹੋ ਗਈ । ਉਸ ਦਿਨ ਦੇ ਬਾਅਦ ਮਹਿਕ ਉਸ ਨੂੰ ਜਦੋ ਵੀ ਮਿਲਦੀ ਕਹਿੰਦੀ, “ਜਸਬੰਤ ਵਿਆਹ ਤਾਂ ਮੈ ਤੇਰੀ ਨਾਲ ਹੀ ਕਰਾਵਾਂਗੀ, ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੈਨੂੰ ।” ਹੌਲੀ-ਹੌਲੀ ਉਨ੍ਹਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਇੱਕ ਸਮਾਂ ਅਜਿਹਾ ਆਇਆ,ਉਨ੍ਹਾਂ ਦੇ ਪਿਆਰ ਦੀਆਂ ਗੱਲਾਂ ਪਿੰਡ ਦੇ ਲੋਕ ਕਰਨ ਲੱਗੇ।ਜਸਬੰਤ ਦੀ ਮਾਂ ਨੂੰ ਵੀ ਪਤਾ ਚੱਲ ਗਿਆ।ਉਸਦੀ ਮਾਂ ਨੇ ਜਸਬੰਤ ਨੂੰ ਕਿਹਾ, “ਪਿੰਡ ਵਿੱਚ ਤੇਰੇ ਪਿਤਾ ਦੀ ਕਿੰਨੀ ਇੱਜਤ ਹੈ, ਜੇਕਰ ਤੂੰ ਉਹ ਕੁੜੀ ਦੇ ਨਾਲ ਵਿਆਹ ਕਰੇਗਾ, ਉਹ ਇੱਕ ਗਰੀਬ ਘਰ ਦੀ ਕੁੜੀ ਹੈ , ਅਤੇ ਤੂੰ ਆਪਣੇ ਪਿਤਾ ਦੇ ਬਾਰੇ ਵਿੱਚ ਸੋਚ ਉਨ੍ਹਾਂ ਦੀ ਕਿੰਨੀ ਇੱਜਤ ਸੀ, ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਹੀ ਕਰਾਂਗੀ, ਮੇਰੀ ਇਹ ਇੱਛਾ ਹੈ ਤੂੰ ਇਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਤੈਨੂੰ ਤਾਂ ਕੋਈ ਵੀ ਕੁੜੀ ਦੇ ਦੇਵੇਗਾ ।” ਇਹ ਗੱਲ ਸੁਣ ਕੇ ਜਸਬੰਤ ਸੋਚ ਵਿੱਚ ਪੈ ਗਿਆ….
ਉੱਧਰ ਮਾਹਿਕ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ, “ਮੈਂ ਵਿਆਹ ਕਰਾਂਗੀ ਤਾਂ ਸਿਰਫ ਜਸਬੰਤ ਨਾਲ ਹੀ, ਨਹੀਂ ਤੇ ਜਾਨ ਦੇ ਦੇਵਾਂਗੀ ।” ਮਹਿਕ ਨੇ ਮਾਂ ਨੂੰ ਤਾਂ ਮਨਾਂ ਲਿਆ ਪਰ ਉਹ ਆਪਣੇ ਪਿਤਾ ਨੂੰ ਤੇ ਭਰਾ ਨੂੰ ਨਹੀਂ ਮਨਾ ਸਕੀ। ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮਾਹੌਲ ਬਣ ਗਿਆ। ਮਹਿਕ ਦੀ ਮਾਂ ਨੇ ਪਿਤਾ ਨੂੰ ਤਾਂ ਮਨਾ ਲਿਆ ਪਰ ਭਰਾ ਨੂੰ ਨਹੀਂ ਮਨਾ ਸਕੀ ।ਇਹ ਸਾਰੀਆਂ ਗੱਲਾਂ ਉਸ ਨੇ ਜਾ ਕੇ ਦੂਜੇ ਦਿਨ ਜਸਬੰਤ ਨੂੰ ਦੱਸੀਆਂ ।ਜਸਬੰਤ ਨੇ ਸਾਰੀ ਗੱਲ ਸੁਣਕੇ ਇੱਕ ਹੀ ਗੱਲ ਕਹੀ, “ਮੇਰੀ ਮਾਂ ਦੀ ਇੱਛਾ ਹੈ ਸਾਡਾ ਵਿਆਹ ਨਹੀਂ ਹੋ ਸਕਦਾ ।”
ਮਹਿਕ ਬਿਨਾਂ ਕੁੱਝ ਬੋਲੇ ਵਾਪਸ ਆ ਗਈ।ਉਹ ਸੋਚਦੀ ਰਹਿ ਗਈ ਕਿ ਜਸਬੰਤ ਉਸਨੂੰ ਕਿਵੇਂ ਧੋਖਾ ਦੇ ਸਕਦਾ ਹੈ।ਉਸਦੀ ਮਾਂ ਨੇ ਤਾਂ ਮੇਰੇ ਨਾਲ ਅਜਿਹੀ ਕਦੇ ਕੋਈ ਗੱਲ ਨਹੀ ਕੀਤੀ। ਮਹਿਕ ਉਦਾਸ ਰਹਿਣ ਲੱਗੀ । ਉਸ ਨੇ ਪਿਤਾ ਨੂੰ ਕਿਹਾ, “ਜਿੱਥੇਂ ਤੁਸੀ ਚਾਹੁੰਦੇ ਹੋ ਉੱਥੇ ਵਿਆਹ ਕਰ ਦੇਵੋ ਮੇਰਾ ।””
ਕੁੱਝ ਸਮੇਂ ਬਾਅਦ ਮਹਿਕ ਉਹਨਾਂ ਦੇ ਘਰ ਆਉਣੋਂ ਬੰਦ ਹੋ ਗਈ, ਜਸਬੰਤ ਅਤੇ ਉਸਦੀ ਮਾਂ ਦੇ ਵਿੱਚ ਛੋਟੀ ਮੋਟੀ ਗੱਲ ਉੱਤੇ ਤਕਰਾਰ ਹੋਣ ਲੱਗੀ।
ਮਹਿਕ ਦੇ ਪਿਤਾ ਦੇ ਕਹਿਣ ਉੱਤੇ ਰਿਸ਼ਤੇਦਾਰਾਂ ਨੇ ਮਹਿਕ ਦਾ ਵਿਆਹ ਕਰ ਦਿੱਤਾ।ਜਸਬੰਤ ਦੀ ਮਾਂ ਨੂੰ ਤਾਂ ਪਤਾ ਸੀ ਕਿ ਮਹਿਕ ਦਾ ਵਿਆਹ ਕਰਨ ਜਾ ਰਹੇ ਹਨ।ਪਰ ਜਸਬੰਤ ਨੂੰ ਇਹ ਗੱਲ ਪਤਾ ਨਹੀਂ ਲੱਗੀ।ਜਸਬੰਤ ਦੀ ਮਾਂ ਨੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਭੇਜ ਦਿੱਤਾ।ਜਸਬੰਤ ਸੋਚ ਵੀ ਨਹੀਂ ਸਕਦਾ ਸੀ, ਮਹਿਕ ਅਜਿਹਾ ਫੈਸਲਾ ਲੈ ਸਕਦੀ ਹੈ।ਜਸਬੰਤ ਦੇ ਮਨ ਵਿੱਚ ਸੀ, ਮਹਿਕ ਆਪੇ ਮੇਰੀ ਮਾਂ ਨੂੰ ਮਨਾ ਲਵੇਗੀ।
ਜਦੋਂ ਜਸਬੰਤ ਨੂੰ ਮਹਿਕ ਦੇ ਵਿਆਹ ਦੀ ਗੱਲ ਪਤਾ ਚੱਲੀ, ਉਹ ਬੁਰੀ ਤਰ੍ਹਾਂ ਟੁੱਟ ਗਿਆ।ਉਹ ਹੁਣ ਘਰੋਂ ਬਾਹਰ ਰਹਿਣ ਲੱਗਾ।ਆਪਣੇ ਦੋਸਤਾਂ ਨੂੰ ਮਹਿਕ ਦੀਆਂ ਗੱਲਾਂ ਦੱਸਦਾ। ਉਹ ਹੌਲੀ-ਹੌਲੀ ਖੂਬ ਨਸ਼ਾ ਕਰਣ ਲੱਗਾ, ਮਹਿਕ ਨੂੰ ਭਲਾਉਣ ਲਈ। ਉਸ ਕੋਲ ਸ਼ਰਾਬ ਖਰੀਦਣ ਲਈ ਜਦੋ ਕਦੇ ਪੈਸਿਆਂ ਦੀ ਤੰਗੀ ਹੁੰਦੀ ਇੱਕ-ਇੱਕ ਕਰਕੇ ਖੇਤ ਵੀ ਗਹਿਣੇ ਰੱਖ ਦਿੰਦਾ।ਉਨ੍ਹਾਂ ਪੈਸਿਆਂ ਦਾ ਨਸ਼ਾ ਕਰ ਲੈਂਦਾ।ਉਸ ਦੀ ਨਸ਼ੇ ਦੀ ਆਦਤ ਵੱਧ ਚੁੱਕੀ ਸੀ।ਉਸ ਨੂੰ ਕਦੇ-ਕਦੇ ਪਿੰਡ ਦੇ ਲੋਕ ਉਸਦੀ ਖ਼ਰਾਬ ਹਾਲਤ ਹੋਣ ਦੇ ਕਾਰਨ, ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਜਾਂਦੇ। ਉਹ ਦਵਾਈਆਂ ਨਾਲ ਠੀਕ ਤਾਂ ਹੋ ਜਾਂਦਾ, ਪਰੰਤੂ ਫਿਰ ਨਸ਼ਾ ਲੈ ਲੈਂਦਾ। ਉਹ ਹੁਣ ਸਮੇਂ ਦੇ ਨਾਲ, ਗਰੀਬ ਹੋ ਗਿਆ।ਉਸਦੀ ਮਾਂ ਵੀ ਬੁੱਢੀ ਹੋ ਗਈ। ਉਹ ਉਸ ਦੀ ਹਾਲਤ ਵੇਖ ਕੇ ਬਿਮਾਰ ਰਹਿਣ ਲੱਗੀ।ਇੱਕ ਦਿਨ ਉਸਦੀ ਮਾਂ ਵੀ ਮਰ ਗਈ। ਜਸਬੰਤ ਆਪਣੀ ਮਾਂ ਦੀ ਜਲਦੀ ਚਿਤਾ ਦੇ ਕੋਲ ਬੈਠਾ ਕਹਿ ਰਿਹਾ ਸੀ, “ਮਾਂ, ਇਹ ਤੇਰੀ ਇੱਛਾ ਸੀ, ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਮਾਂ, ਇਹ ਮੇਰੀ ਇੱਛਾ ਸੀ, ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਾਂਗਾ ।”
ਜਸਬੰਤ ਆਪਣੀ ਮਾਂ ਦਾ ਸਸਕਾਰ ਕਰ ਚੁੱਕਿਆ ਸੀ। ਹੁਣ ਜਸਬੰਤ ਅਤੇ ਬੋਤਲ ਘਰ ਵਿੱਚ ਦੋਵੇਂ ਰਹਿ ਗਏ…..
ਮਹਿਕ ਉਸਦਾ ਇੱਕ ਖੁਆਬ ਹੀ ਬਣ ਕੇ ਰਹਿ ਗਈ
ਸੰਦੀਪ ਕੁਮਾਰ ਨਰ ਬਲਾਚੌਰ
ਪੂਰਾਣੀ ਕਥਾ ਏ..
ਇਕ ਵਾਰ ਇੱਕ ਕੰਪਨੀ ਵਿਚ ਜਰੂਰੀ ਮਸ਼ੀਨ ਖਰਾਬ ਹੋ ਗਈ..
ਸਾਰੇ ਇੰਜੀਨਿਅਰ ਜ਼ੋਰ ਲਾ-ਲਾ ਕਮਲੇ ਹੋ ਗਏ ਕਿਸੇ ਤੋਂ ਠੀਕ ਨਾ ਹੋਈ..ਅਖੀਰ ਇੱਕ ਪੂਰਾਣੇ ਕਾਰੀਗਰ ਦੀ ਦੱਸ ਪਈ..
ਉਹ ਮਿਥੇ ਸਮੇ ਔਜਾਰਾਂ ਦਾ ਝੋਲਾ ਲੈ ਕੇ ਹਾਜਿਰ ਹੋ ਗਿਆ..ਖਰਾਬ ਮਸ਼ੀਨ ਦੁਆਲੇ ਦੋ ਚੱਕਰ ਕੱਢੇ..
ਟੂਲ-ਬਾਕਸ ਚੋਂ ਵੱਡਾ ਸਾਰਾ ਹਥੌੜਾ ਕੱਢਿਆ ਤੇ ਇੱਕ ਖਾਸ ਜਗਾ ਤੇ ਇਕ ਨਿਯਮਿਤ ਸਪੀਡ ਨਾਲ ਗਿਣ-ਮਿਥ ਕੇ ਐਸੀ ਸੱਟ ਮਾਰੀ ਕੇ ਮਸ਼ੀਨ ਓਸੇ ਵੇਲੇ ਹੀ ਚੱਲ ਪਈ…
ਕੁਝ ਦਿਨ ਮਗਰੋਂ ਕੰਪਨੀ ਨੂੰ ਦਸ ਹਜਾਰ ਦਾ ਬਿੱਲ ਆ ਗਿਆ..ਸਾਰੇ ਹੈਰਾਨ ਹੋਏ ਕੇ ਦੋ ਮਿੰਟ ਦੇ ਕੰਮ ਦੇ ਦਸ ਹਜਾਰ ਡਾਲਰਂ?
ਬਿੱਲ ਵਾਪਿਸ ਭੇਜ ਦਿੱਤਾ ਗਿਆ ਕੇ ਜਿਹੜੀਆਂ ਜਿਹੜੀਆਂ ਸਰਵੀਸਾਂ ਦਿੱਤੀਆਂ ਗਈਆਂ..ਓਹਨਾ ਦੇ ਵਿਸਥਾਰ ਮੁਤਾਬਿਕ ਬਣਾ ਕੇ ਭੇਜਿਆ ਜਾਵੇ..
ਕੁਝ ਦਿਨਾਂ ਬਾਅਦ ਕਾਰੀਗਰ ਨੇ ਸੋਧਿਆ ਹੋਇਆ ਬਿੱਲ ਦੋਬਾਰਾ ਭੇਜ ਦਿੱਤਾ..
ਵਿਚ ਲਿਖਿਆ ਸੀ..ਹਥੌੜੇ ਦੀ ਸੱਟ ਦੇ 2 ਡਾਲਰ ਅਤੇ ਸੱਟ ਕਿਥੇ ਤੇ ਕਿੰਨੀ ਸਪੀਡ ਨਾਲ ਮਾਰਨੀ ਉਸ ਅੰਦਾਜੇ ਦੇ..9998 ਡਾਲਰ!
ਅਕਸਰ ਹੀ ਕਈ ਵਾਰ ਕਿਸੇ ਹਮਾਤੜ ਦੀ ਮਿਹਨਤ ਦੇ ਪੈਸੇ ਇਹ ਆਖ ਦੱਬ ਲਏ ਜਾਂਦੇ ਕੇ ਕੰਮ ਤੇ ਦੋ ਮਿੰਟ ਦਾ ਸੀ ਪਰ ਏਨੇ ਜਿਆਦਾ ਕਾਹਤੋਂ ਬਣਾਤੇ?
ਦੋਸਤੋ ਅਸਲ ਵਿਚ ਘੰਟਿਆਂ ਬੱਦੀ ਦੇ ਕੰਮ ਨੂੰ ਦੋ ਮਿੰਟਾਂ ਵਿਚ ਮੁਕਾਉਣ ਦੀ ਮੁਹਾਰਤ ਹਾਸਿਲ ਕਰਨ ਲਈ ਜਿਹੜੀ ਭੱਠੀ ਵਿਚ ਉਸਨੇ ਆਪਣੇ ਆਪ ਨੂੰ ਸਾਲਾਂ ਬੱਧੀ ਝੋਕਿਆ ਹੁੰਦਾ ਹੈ..ਉਹ ਉਸਦੇ ਪੈਸੇ ਹੀ ਮੰਗ ਰਿਹਾ ਹੁੰਦਾ ਏ..!
ਪਿੱਛੇ ਜਿਹੇ ਇੱਕ ਜਾਣਕਾਰ ਆਖਣ ਲੱਗਾ ਭਾਜੀ ਗੈਸ ਫੇਰਨੇਸ ਖਰਾਬ ਹੋ ਗਈ ਏ..ਕੋਈ ਬੰਦਾ ਤਾਂ ਦੱਸੋ!
ਇੱਕ ਬਜ਼ੁਰਗ ਗੋਰੇ ਮਕੈਨਿਕ ਦੀ ਦੱਸ ਪਾ ਦਿੱਤੀ..ਉਸਨੇ ਦਸ ਮਿੰਟਾਂ ਵਿਚ ਠੀਕ ਕਰ ਦਿੱਤੀ ਤੇ ਦੋ ਸੌ ਡਾਲਰ ਮੰਗ ਲਿਆ..
ਪੰਗਾ ਖੜਾ ਹੋ ਗਿਆ..ਆਖੇ ਦਸਾਂ ਮਿੰਟਾ ਦੇ ਦੋ ਸੌ?
ਉਹ ਆਖੇ ਭਾਈ ਮੈਨੂੰ ਚਾਲੀ ਸਾਲ ਹੋ ਗਏ ਇਸੇ ਕੰਮ ਨੂੰ..ਖੈਰ ਮਸਾਂ ਮੁੱਕ-ਮੁਕਾ ਕਰਵਾਇਆ..
ਸੋ ਮੁੱਕਦੀ ਗੱਲ ਹਥੌੜੇ ਦੀ ਸੱਟ ਕਿਥੇ ਅਤੇ ਕਿੰਨੀ ਸਪੀਡ ਨਾਲ ਮਾਰਨੀ ਏ..ਇਹ ਮੁਹਾਰਤ ਹਾਸਿਲ ਕਰਨ ਲਈ ਵਾਕਿਆ ਹੀ ਉਮਰਾਂ ਲੱਗ ਜਾਂਦੀਆਂ..
ਪਰ ਇਕੀਵੀਂ ਸਦੀ ਅੰਦਰ ਪਦਾਰਥਵਾਦ ਅਤੇ ਮੁਕਾਬਲੇਬਾਜੀ ਦੇ ਝੁੱਲਦੇ ਬੇਰਹਿਮ ਝੱਖੜਾਂ ਵਿਚ ਚਾਰੇ ਬੰਨੇ ਹਰ ਮੰਜਿਲ ਅਤੇ ਟੀਚੇ ਨੂੰ ਰਾਤੋ ਰਾਤ ਹਾਸਿਲ ਕਰਨ ਦੀ ਦੌੜ ਜਿਹੀ ਲੱਗੀ ਪਈ ਹੈ..
ਲੰਮਾ ਇੰਤਜਾਰ ਅਤੇ ਟਰੇਨਿੰਗ ਵਾਲੀ ਭੱਠ ਵਿਚ ਤਪ ਕੇ ਸੋਨਾ ਬਣਨ ਦਾ ਨਾ ਕਿਸੇ ਕੋਲ ਵੇਹਲ ਹੀ ਰਿਹਾ ਹੈ ਤੇ ਨਾ ਹੀ ਸਬਰ ਸੰਤੋਖ..ਬਜ਼ੁਰਗਾਂ ਦੀ ਆਖੀ ਕੌਣ ਸਮਝਾਵੇ ਕੇ ਭਾਈ ਸ਼ੋਟ-ਕੱਟਾਂ ਨਾਲ ਸਿਰਫ ਤੁੱਕੇ ਲਗਿਆ ਕਰਦੇ ਸਨ ਤੀਰ ਨਹੀਂ!
ਅੱਜ ਰਾਹ ਵਿੱਚ ਤੁਰੀ ਜਾਂਦੀ ਆਪਣੇ ਸੱਠਵਿਆਂ ਨੂੰ ਪਹੁੰਚੀ ਔਰਤ ਦੇਖ ਕਾਕੀ ਭੂਆ ਦਾ ਭੁਲੇਖਾ ਪੈ ਗਿਆ ।ਉਹ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਤੇ ਲਾਡਲੀ ਸੀ ।ਚੰਗੀ ਜਮੀਨ ਜਾਇਦਾਦ ਵਾਲੇ ਪਰਿਵਾਰ ਵਿੱਚ ਜਨਮ ਲਿਆ ਸੀ ਉਸਨੇ ।ਮਾਂ ਨੇ ਲਾਡਾਂ ਨਾਲ ਪਾਲੀ ਸੀ।
ਵੱਡੀ ਕੁੜੀ ਵਿਆਹੀ ਗਈ ਤਾਂ ਮਾਂ ਦਾ ਧਿਆਨ ਕਾਕੀ ਵੱਲ ਹੋਰ ਜਿਆਦਾ ਹੋ ਗਿਆ ਸੀ ,ਕਿਉਂਕਿ ਮੁੰਡਾ ਚੰਡੀਗੜ੍ਹ ਪੜਨੇ ਪਾਇਆ ਸੀ । ਐਸਾ ਪੜਨ ਗਿਆ ਚੰਦਰਾ ਕਦੇ ਵਾਪਸ ਹੀ ਨਾ ਆਇਆ ।ਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਉੱਧਰ ਹੀ ਕਿਧਰੇ ਰਹਿਣ ਲੱਗ ਪਿਆ ਸੀ ।ਮਾਂ ਤੇ ਭੈਣ ਦਾ ਉਸਨੂੰ ਕਦੇ ਖਿਆਲ ਹੀ ਨਹੀਂ ਸੀ ਆਇਆ, ਬਸ ਆਪਣੀ ਦੁਨੀਆਂ ਵਿੱਚ ਮਸਤ ।
ਇਕ ਵਾਰ ਆਇਆ ਸੀ ਆਪਣੇ ਹਿੱਸੇ ਦੀ ਜਮੀਨ ਲੈਣ ।ਮਾਂ ਨੇ ਬੜਾ ਸਮਝਾਇਆ ਸੀ ਪਰ ਨਾ ਸਮਝਿਆ ।ਮਾਂ ਦਾ ਦਿਲ ,ਮਾਂ ਦਾ ਹੀ ਹੁੰਦਾ ਹੈ, ਹਮੇਸ਼ਾਂ ਅਸੀਸ ਹੀ ਨਿਕਲਦੀ ਹੈ ਦਿਲ ਚੋਂ ।ਆਪਣੇ ਜੋਗੀ ਥੋੜੀ ਜਿਹੀ ਜਮੀਨ ਰੱਖ ਬਾਕੀ ਪੁੱਤ ਦੇ ਨਾਂਅ ਕਰਵਾ ਦਿੱਤੀ ਸੀ ,ਤੇ ਉਸਤੋਂ ਪਿਛੋਂ ਜਗਸੀਰ ਬਸ ਠੇਕਾ ਲੈਣ ਹੀ ਆਉਂਦਾ ਤੇ ਕਈ ਵਾਰ ਤਾਂ ਠੇਕੇ ਵਾਲੇ ਉਸਨੂੰ ਆਪ ਹੀ ਠੇਕਾ ਫੜਾ ਆਉਂਦੇ ਸਨ। ਇਕ ਦਿਨ ਜਗਸੀਰ ਨੇ ਸਾਰੀ ਜਮੀਨ ਵੇਚ ਪਿੰਡ ਤੇ ਮਾਂ, ਭੈਣ ਨਾਲੋਂ ਨਾਤਾ ਤੋੜ ਲਿਆ ਸੀ ।
ਪਿੰਡ ਵਿੱਚ ਇਕੱਲੀਆ ਰਹਿ ਗਈਆਂ ਦੋਵੇਂ ਜਣੀਆਂ ਨੂੰ ਕਿਸੇ ਸਹਾਰੇ ਦੀ ਲੋੜ ਸੀ। ਜੱਗ ਵਿੱਚ ਪਾਇਆ ਸੀਰ ਨੇਹਫਲ ਹੋ ਗਿਆ ਸੀ ।ਸ਼ਹਿਰ ਕੋਠੀ ਵਿੱਚ ਆ, ਕਿਰਾਏਦਾਰ ਰੱਖ ਲਏ ਸਨ।ਤੇ ਦੋਵਾਂ ਨੂੰ ਸਹਾਰਾ ਮਿਲ ਗਿਆ ਸੀ।
ਇਕ ਦਿਨ ਬੇਬੇ ਨੇ ਦੱਸਿਆ ਸੀ ,ਕਿ ਕਿਵੇਂ ਕਾਕੀ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ ਸੀ ।ਪਰ ਉਸਦੇ ਸਹੁਰੇ ਕਿਸੇ ਕੰਮ ਦੇ ਨਾ ਨਿਕਲੇ। ਵਾਪਿਸ ਪੇਕੇ ਆ ਬੈਠੀ ਕਾਕੀ ਨੇ ਵਾਰ ਵਾਰ ਕਹਿਣ ਤੇ ਵੀ ਦੁਬਾਰਾ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ।
ਪਿੰਡੋਂ ਜਮੀਨ ਦਾ ਠੇਕਾ ਲਿਆ ,ਕੁਝ ਪੈਸੇ ਵਿਆਜ ਤੇ ਦੇ ਦਿੰਦੀਆਂ । ਉਹਨਾਂ ਵਿੱਚੋਂ ਕੁਝ ਵਾਪਸ ਆ ਜਾਂਦੇ ਤੇ ਕੁਝ ਲੋਕ ਨੱਪ ਜਾਂਦੇ ਸਨ । ਦੋਵਾਂ ਦਾ ਕੋਈ ਬਹੁਤਾ ਖਰਚ ਨਾ ਹੋਣ ਕਾਰਨ , ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ । ਜੇਕਰ ਕੋਈ ਕਮੀ ਸੀ ਤਾਂ ਉਹ ਸੀ ਆਪਣਿਆਂ ਦੀ ।
ਘਰ ਵਿਚ ਕੋਈ ਮਰਦ ਨਾ ਹੋਣ ਕਾਰਨ ਦੁਨੀਆਂ ਉਹਨਾਂ ਨੂੰ ਟਿੱਚ ਜਾਣਦੀ ਸੀ ।ਕੋਠੀ ਨੱਪੇ ਜਾਣ ਦੇ ਡਰੋਂ ਉਹਨਾਂ ਕੋਠੀ ਵੇਚ ਦਿੱਤੀ ਤੇ ਕਿਸੇ ਜਾਣ ਪਹਿਚਾਣ ਵਾਲੇ ਕੋਲ ਉਹਨਾਂ ਇਕ ਘਰ ਲੈ ਲਿਆ ਸੀ,ਪਰ ਬਘਿਆੜਾ ਨਾਲ ਭਰੀ ਦੁਨੀਆਂ ਹਮੇਸ਼ਾਂ ਮੌਕੇ ਦੀ ਤਲਾਸ਼ ਵਿੱਚ ਰਹਿੰਦੀ ਹੈ, ਤੇ ਕੁਝ ਹੀ ਸਾਲਾਂ ਪਿੱਛੋਂ ਉਹਨਾਂ ਦਾ ਉਹ ਘਰ ਵੀ ਕਿਸੇ ਨੇ ਧੋਖੇ ਨਾਲ ਨੱਪ ਲਿਆ ਤੇ ਚਾਰ ਛਿੱਲੜ ਦੇ ਧੱਕੇ ਮਾਰ ਘਰੋਂ ਬੇਘਰ ਕਰ ਦਿਤੀਆਂ ਸਨ।
ਸ਼ਹਿਰੋਂ ਇਕ ਵਾਰ ਫਿਰ ਉਜੜ ਪਿੰਡ ਆ ਗਈਆ ਸਨ ਵਿਚਾਰੀਆਂ । ਉਨ੍ਹਾਂ ਦਾ ਇਸ ਦੁਨੀਆਂ ਤੇ ਕੋਈ ਨਹੀਂ ਸੀ ।ਸ਼ਰੀਕ ਵੀ ਆਟੇ ਦੇ ਸ਼ੀਂਹ ਬਣ ਆਨੇ ਦਿਖਾਉਂਦੇ । ਕਈ ਵਾਰ ਬੇਬੇ ਆਖਦੀ ,”ਜਦੋਂ ਢਿੱਡੋਂ ਜੰਮਿਆ ਆਪਣਾ ਨਾ ਹੋਇਆ ਹੋਰ ਕਿਸਨੇ ਹੋਣਾ ਸੀ?”
ਇਕ ਦਿਨ ਗਲੀ ਵਿੱਚ ਅਜਨਬੀਆਂ ਵਾਂਗ ਖੜੀ ਭੂਆ ਨੂੰ ਦੇਖਿਆ ,”ਕੀ ਗੱਲ ਭੂਆ ਇੱਥੇ ਖੜੀ ਐ ਧੁੱਪੇ? ਅੰਦਰ ਆ ਜਾ।” ਕੁਝ ਝਿਜਕਦੀ ਹੋਈ ਉਹ ਅੰਦਰ ਲੰਘ ਆਈ ਸੀ। “ਕੀ ਹਾਲ ਐ ਬੇਬੇ ਦਾ?”ਮੈਂ ਪੁੱਛਿਆ ” ਹਾਲ ਕੀ ਹੋਣਾ ਸੀ? ਮੰਜੇ ਤੇ ਪਈ ਆ।” ” ਤੂੰ ਇਥੇ ਕਿਵੇਂ?”
“ਪੈਸੇ ਦਿੱਤੇ ਸਨ ਵਿਆਜੂ ,ਲੈਣ ਆਈ ਸੀ ।”
“ਮਿਲ ਗਏ?” “ਨਹੀਂ ,ਘਰੇ ਕੋਈ ਨਹੀਂ ਸੀ । ਹੋਣਗੇ!ਪਰ ਬੂਹਾ ਨਹੀਂ ਖੋਲ੍ਹਿਆ ।” “ਨਾ ਦਿਆ ਕਰ ਭੂਆ ਪੈਸੇ ਵਿਆਜੂ।” ਪਰ ਉਹ ਬੈਠੀ ਚੁੱਪਚਾਪ ਕੁਝ ਸੋਚਦੀ ਰਹੀ ।ਚਾਹ ਪੀ ਉਹ, ਉਠ ਖੜੀ ਹੋਈ ਸੀ ਜਾਣ ਲਈ। ਤੇ ਬਿਨਾਂ ਕੁਝ ਬੋਲੇ ਉਥੋਂ ਤੁਰ ਗਈ ਸੀ ।
ਥੋੜੇ ਸਮੇਂ ਬਾਅਦ ਪਤਾ ਲੱਗਾ ,ਬੇਬੇ ਚਲ ਵਸੀ ਸੀ ।ਤੇ ਇਕੱਲੀ ਰਹਿ ਗਈ ਧੀ ਵੀ ਬਸ ਇਕ ਮਹੀਨੇ ਬਾਅਦ ਇਸ ਅਜਨਬੀ, ਧੋਖੇਬਾਜ਼ ਦੁਨੀਆਂ ਨੂੰ ਸਦਾ ਲਈ ਛੱਡ ਆਪਣੀ ਮਾਂ ਕੋਲ ਜਾ ਚੁੱਕੀ ਸੀ ।ਉਹ ਦੋਵੇਂ ਵਾਰਿਸ ਹੋਣ ਦੇ ਬਾਵਜੂਦ ਵੀ ਸਾਰੀ ਉਮਰ ਲਾਵਾਰਿਸ ਰਹੀਆਂ ਸਨ ਤੇ ਲਾਵਾਰਿਸ ਹੀ ਇਸ ਦੁਨੀਆਂ ਤੋਂ ਰੁਖ਼ਸਤ।
ਕਿਰਨਹਰਜੋਤ ਕੌਰ