ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ……..
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇਬਹਾਰੇ ਫ਼ਲ ਜਿਵੇਂ ਰਸਦੇ ਨਹੀਂ ……..
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ ,ਮੇਰੀ ਆਵਾਜ਼ ਹੈ ……..
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ …..
ਉਮਰ ਮੇਰੀ ਬੇ-ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ …….
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗੀ …..
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ ……
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ …….
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ ……
admin
ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗੱਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ – ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਖਾਤਿਰ ਪੜਨ ਲੱਗ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ
ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |
ਸਭ ਤੋ ਖਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਯੱਖ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ ,
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ |
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ |
ਤੁਸੀਂ ਕਲੱਬਾਂ ਸਿਨਮੇ ਵਾਲੇ ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ ,
ਤੁਸੀਂ ਤੇ ਕਹਿੰਦੇ ਚੰਨ ਦੀਆਂ ਗੱਲਾਂ ਕਰਦੇ ਹੋ ?
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ |
ਤੁਸੀਂ ਜੋ ਰੰਗ-ਬਿਰੰਗੇ ਝੰਡੇ ਚੁੱਕੀ ਫਿਰਦੇ
ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਉਂਦੇ ਹੋ |
ਇਹ ਬੌਹੜੀ ਧਾੜਿਆ ਕਿਹੜੀ ਗਲ ਦੀ ਕਰਦੇ ਹੋ ?
ਦੇਖਿਓ ਹੁਣ ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ |
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ ,
ਆ ਪਹੁੰਚੇ ਹਨ ,
ਇਹ ਤੁਹਾਡੀ ਡਾਈਨਿੰਗ ਟੇਬਲ ,
ਤੇ ਟਰੇਆਂ ਤਕ ਨਿਗਲ ਜਾਣਗੇ |
ਜਦ ਸਾਡੀ ਰੋਟੀ ‘ਤੇ ਡਾਕੇ ਪੈਂਦੇ ਸਨ ,
ਜਦ ਸਾਡੀ ਇੱਜਤ ਨੂੰ ਸੰਨਾਂ ਲੱਗਦੀਆਂ ਸਨ |
ਤਾਂ ਅਸੀਂ ਅਨਪੜ ਪੇਂਡੂ ਮੂੰਹ ਦੇ ਗੁੰਗੇ ਸਾਂ ,
ਤੁਹਾਡੀ ਲਕਚੋ ਕਾਫੀ ਹਾਉਸ ‘ਚ ਕੀ ਕਰਦੀ ਸੀ |
ਤੁਹਾਨੂੰ ਪੜ੍ਹਿਆਂ -ਲਿਖਿਆਂ ਨੁੰ ਕੀ ਹੋਈਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ ,
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦਵਾਦ ਦੇ ,
ਬਰਛੇ ਦੀ ਨੋਕ ‘ਤੇ ਟੰਗ ਕੇ ,
ਚੰਦ ਉਤੇ ਅਪੜਾ ਦੇਵਾਂਗੇ |
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ ,
ਸਾਡੇ ਕੋਲ ‘ਅਪੋਲੋ’ਹੈ ਨਾ ‘ਲੂਨਾ’ ਹੈ |
ਕਹਿੰਦੇ ਨੇ ਇੱਕ ਵਾਰ ਇੱਕ ਵੱਡਾ ਅਫ਼ਸਰ ਆਪਣੇ ਦਫ਼ਤਰ ਆਇਆ। ਦਫ਼ਤਰ ਆਣ ਕੇ ਓਹਨੇ ਰਾਸ਼ਟਰਪਤੀ ਨਾਲ ਆਵਦੀ ਫ਼ੋਟੋ ਆਪਣੇ ਸਾਥੀਆਂ ਨੂਂੰ ਦਿਖਾਈ ਤੇ ਬੜੀ ਸ਼ੇਖੀ ਮਾਰੀ;
“ਤੁਹਾਡੇ ‘ਚੋਂ ਹੈ ਕਿਸੇ ਦੀ ਫ਼ੋਟੋ?, ਰਾਸ਼ਟਰਪਤੀ ਨਾਲ।” ਓਹ ਅਫ਼ਸਰ ਸੱਚਮੁਚ ਬਹੁਤ ਖੁਸ਼ ਸੀ।
ਏਨੇ ਨੂਂੰ ਇੱਕ ‘ਦਰਜ਼ਾ ਚਾਰ’ ਮੁਲਾਜ਼ਮ ਉੱਠਿਆ ਤੇ ਬੋਲਿਆ;
“ਜਨਾਬ, ਇੱਕ ਗੱਲ ਪੁੱਛ ਸਕਦਾ ਹਾਂ?, ਜੇ ਇਜਾਜ਼ਤ ਹੋਵੇ ਤਾਂ।”
“ਹਾਂ- ਹਾਂ, ਪੁੱਛ ਬਈ ਕੀ ਪੁੱਛਣਾ ਹੈ।” ਵੱਡਾ ਅਫ਼ਸਰ ਬੋਲਿਆ।
“ਜਨਾਬ, ਰਾਸ਼ਟਰਪਤੀ ਨਾਲ ਤਾਂ ਤੁਹਾਡੀ ਫ਼ੋਟੋ ਠੀਕ ਆ। ਪਰ, ਤੁਹਾਡੀ ਆਵਦੇ ‘ਪਿਤਾ ਜੀ’ ਨਾਲ ਕੋਈ ਫ਼ੋਟੋ ਹੈ?”
“ਕੀ ਮਤਲਬ…!” ਵੱਡਾ ਅਫ਼ਸਰ ਗੁੱਸੇ ਨਾਲ ਬੋਲਿਆ।
“ਜਨਾਬ, ਮੈਂ ਪੁੱਛਿਐ ਬਈ ਜਿਹਨੇ ਤੁਹਾਨੂੰ ਰਾਸ਼ਟਰਪਤੀ ਦੇ ਨੇੜੇ ਖਡ਼ੇ ਹੋਣ ਦੇ ਕਾਬਲ ਬਣਾਇਅੈ; ਉਹਦੇ ਨਾਲ ਵੀ ਕੋਈ ਫ਼ੋਟੋ ਹੈ ਜਾਂ ਨਹੀਂ?”
ਓਸ ਅਫ਼ਸਰ ਨੇ ਅੱਖਾਂ ਝੁਕਾ ਲਈਆਂ। ਅੱਖੀਆਂ ‘ਚੋਂ ਹੰਝੂ ਹਵਾਓਂਦਾ ਓਹ ਘਰ ਵੱਲ ਨੂਂੰ ਟੁਰ ਪਿਆ; ਓਸ ‘ਬੰਦੇ’ ਨਾਲ ਫ਼ੋਟੋ ਖਿਚਵਾਓਂਣ/ਸਤਿਕਾਰ ਦੇਣ ਜਿਹੜਾ ਓਸ ਲਈ ਰਾਸ਼ਟਰਪਤੀ ਤੋਂ ਵੀ ਵੱਧ ਕੇ ਸੀ।
ਸੋ ਦੋਸਤੋ, ਆਵਦੇ ਮਾਂ- ਪਿਓ ਦਾ ਸਤਿਕਾਰ ਕਰੋ ਅਤੇ ਓਹਨਾਂ ਨੂਂੰ ਤਵੱਜੋਂ ਦਿਓ ਕਿਉਂਕਿ ਓਹਨਾਂ ਦੀ ਬਦੌਲਤ ਹੀ ਤੁਸੀਂ ਹੋ; ਨਹੀਂ ਤਾਂ ਤੁਹਾਡਾ ਵਜੂਦ ਵੀ ਨਾ ਹੁਂੰਦਾ।
ਜੀਉਂਦੇ- ਵੱਸਦੇ ਰਹਿਣ ਸਭ ਦੇ ਮਾਪੇ।
– ਡਾ. ਨਿਸ਼ਾਨ ਸਿੰਘ ਰਾਠੌਰ
ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ।
ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ ਦਿੱਤਾ?”
“ਮੈਂ ਕੀ ਜਵਾਬ ਦੇਂਦੀ,ਠੀਕ ਮਾਰਦੀਆਂ ਨੇ ਤਾਹਨੇ,ਮੈਂ ਚੁੱਪ ਰਹਿ ਗਈ।ਵਾਕਈ ਉਹ ਬੇਦੀ ਕੁਲਭੂਸ਼ਨ ਨੇ,ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।”
“ਨਈਂ ਤੂੰ ਕਹਿਣਾ ਸੀ, ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਹੀਂ ਏਂ, ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ। ਉਹ ਈਸ਼ਵਰ ਏ, ਗੁਰੂ ਏ। ਉਹ ਕਿਸੇ ਫਿਰਕੇ ਦੇ ਵਿਚ ਬੰਦ ਨਹੀਂ ਹੁੰਦਾ, ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਹੀਂ ਆਉਂਦਾ।”
ਘਰਵਾਲੀ ਯਕੀਨ ਨਹੀਂ ਕਰਦੀ, ਕਹਿੰਦੀ,”ਅਗਰ ਅੈਸਾ ਹੈ, ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਅੈ।ਅਗਰ ਅੈਹੋ ਜਿਹੀ ਗੱਲ ਹੈ, ਸਾਰੇ ਉਸ ਦੀ ਨਿਗਾਹ ‘ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।”
ਮਰਦਾਨਾ ਕਹਿੰਦੈ, “ਫਿਰ ਅੱਜ ਇੰਝ ਹੀ ਸਹੀ,ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ, ਮੈਂ ਬਾਬੇ ਨੂੰ ਲੈ ਕੇ ਆਉਨਾ।”
ਘਰਵਾਲੀ ਕਹਿੰਦੀ,”ਮੈਂ ਬਣਾ ਤਾਂ ਦਿੰਦੀ ਹਾਂ,ਉਹ ਨਹੀਂ ਆਏਗਾ। ਉਹ ਬੇਦੀ ਕੁਲਭੂਸ਼ਨ, ਬੇਦੀਆਂ ਦਾ ਮੁੰਡਾ, ਬੜੀ ਉੱਚੀ ਕੁਲ ਏ, ਸਾਡੇ ਘਰ ਨਹੀਂ ਆਉਣ ਲੱਗੇ, ਫਿਰ ਮੇਰੇ ਹੱਥ ਦਾ ਭੋਜਨ, ਮੈ ਮੁਸਲਮਾਣੀ, ਅਸੀਂ ਮੁਸਲਮਾਨ।”
ਪਤਾ ਹੈ ਮਰਦਾਨਾ ਕੀ ਕਹਿੰਦਾ ਹੈ? ਮਰਦਾਨੇ ਨੇ ਵੀ ਕਹਿ ਦਿੱਤਾ, “ਜੇ ਨਾ ਆਏ ਤਾਂ ਯਾਰੀ ਟੁੱਟੀ, ਪਰ ਤੂੰ ਯਕੀਨ ਰੱਖ,ਯਾਰੀ ਨਹੀਂ ਟੁੱਟੇਗੀ।”
ਚੱਲਿਅੈ, ਪਰ ਇਹ ਸੋਚਣੀ ਵੀ ਏਂ ਕਿਧਰੇ ਮੈਨੂੰ ਆਪਣੇ ਘਰਵਾਲੀ ਦੇ ਕੋਲੋਂ ਸ਼ਰਮਸ਼ਾਰ ਨਾ ਹੋਣਾ ਪਏ, ਬਾਬਾ ਜਵਾਬ ਨਾ ਦੇ ਦਏ। ਇਹ ਸੋਚ ਕੇ ਜਾ ਰਿਹੈ। ਅਜੇ ੨੦੦ ਕਦਮ ਹੀ ਚੱਲਿਆ ਹੋਣੈ, ਬਾਬਾ ਜੀ ਰਸਤੇ ਵਿਚ ਮਿਲੇ। ਸਲਾਮ ਕੀਤੀ, ਸੱਜਦਾ ਕੀਤਾ, ਸੁਭਾਵਿਕ ਪੁੱਛ ਲਿਆ,
“ਬਾਬਾ ਜੀ! ਕਿਥੇ ਚੱਲੇ?”
ਤੇ ਸਤਿਗੁਰੂ ਕਹਿੰਦੇ ਨੇ,”ਮਰਦਾਨਿਆਂ, ਸਵੇਰੇ ਦਾ ਜੀਅ ਕਰ ਰਿਹਾ ਸੀ, ਦੁਪਹਿਰ ਦਾ ਲੰਗਰ ਤੇਰੇ ਕੋਲ ਛਕ ਲੈਨੇ ਆਂ, ਭੋਜਨ ਤੇਰੇ ਕੋਲ ਛਕ ਲਈਏ, ਚੱਲ।”
ਰੋ ਪਿਆ, ਚੀਕ ਨਿਕਲ ਗਈ ਮਰਦਾਨੇ ਦੀ,”ਬਾਬਾ! ਇਕ ਨਿੱਕਾ ਜਿਹਾ ਕਿਨਕਾ ਸ਼ੱਕ ਦਾ ਆ ਗਿਆ ਸੀ, ਦੂਰ ਹੋ ਗਿਅੈ। ਵਾਕਈ ਤੂੰ ਸਾਂਝੈਂ।”
ਗੁਰੂ ਤੇ ਉਹ ਹੈ,ਔਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ। ਜਿਸ ਦਾ ਨਾਮ,ਜਿਸ ਦਾ ਗਿਆਨ,ਜਿਸ ਦੀ ਹੋਂਦ ਅੰਦਰ ਦੇ ਸਾਰੇ ਸ਼ੱਕ ਧੋ ਦੇਵੇ।
“ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ॥
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ॥”
{ਥਿਤੀ ਗਉੜੀ ਮ: ੫,ਅੰਗ ੨੯੯}
ਜਿਸ ਤਰਾਂ ਸੂਰਜ ਸਾਂਝਾ ਹੁੰਦੈ, ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਹੁੰਦੇ ਨੇ, ਔਰ ਜੋ ਸਾਂਝਾ ਨਹੀਂ ਉਸ ਨੂੰ ਸੰਤ ਕਹਿਣ ਦੀ, ਅਵਤਾਰ ਕਹਿਣ ਦੀ ਲੋੜ ਹੀ ਨਹੀਂ। ਉਹ ਸੂਰਜ ਨਹੀਂ ਹੋਵੇਗਾ, ਕਿਸੇ ਘਰ ਦਾ ਜਲਦਾ ਹੋਇਆ, ਟਿਮਟਿਮਾਂਦਾ ਹੋਇਆ ਦੀਵਾ ਹੀ ਹੋ ਸਕਦੈ,ਹੋਰ ਕੁਝ ਨਹੀਂ , ਵਕਤ ਨਾਲ ਬੁਝ ਜਾਏਗਾ।
ਗਿਆਨੀ ਸੰਤ ਸਿੰਘ ਜੀ ਮਸਕੀਨ
ਰਾਤ ਫੇਰ ਸੁਫਨਾ ਆਇਆ,
ਮੈਂ ਓਹ ਵੇਲੇ ਚ ਸੀ ਜਦੋਂ ਪੰਜਾਬ ਇੱਗਲੈਂਡ ਅੰਗੂ ਦੁਨੀਆਂ ਤੇ ਸੌ ਸਾਲ ਰਾਜ ਕਰ ਚੁੱਕਿਆ ਸੀ,
ਯੂਨੀਵਰਸਿਟੀ ਔਫ ਨੈਣੈਆਲ ਦੀ ਚੜਾਈ ਕੈਂਬਰਿੱਜ਼ ਤੇ ਹਾਰਵਰਡ ਵਾਂਗੂ ਸੀ,
ਗੋਰੇ ਆਪਣੇ ਫਾਰਮ ਵੇਚ ਵੇਚ ਏਧਰ ਪੜਨ ਆਉੰਦੇ,
ਪੰਜਾਬ ਦਾ ਵੀਜ਼ਾ ਲਗਵਾਉਣਾ ਹਰੇਕ ਗੋਰੇ ਦਾ ਸੁਫਨਾ ਸੀ,
ਇਹਨਾਂ ਨੂੰ ਚੰਡੀਗੜ ਹਵਾਈ ਅੱਡੇ ਉੱਤਰਦੇਆਂ ਨੂੰ ਨੈਣੇਆਲ ਦਾ ਨਕਸ਼ਾ ਦਿੱਤਾ ਜਾਂਦਾ
ਜੀਹਨੂੰ ਇਹ ਦਮੇਂ ਦੀ ਦੁਆਈ ਵਾਂਗੂ ਹਰ ਟੈਮ ਨਾਲ ਰੱਖਦੇ,
ਗੋਰੇਆਂ ਨੇ ਹੈਰੀ ਤੋਂ ਹਰਿੰਦਰ ਸਿੰਘ ਨੌਂ ਰੱਖ ਲਏ ਸੀ,
ਪੱਗਾਂ ਬੰਨਣ ਲੱਗ ਪਏ ਸੀ,
ਗੋਰੀਆਂ ਸੂਟ ਪੌਂਦੀਆ ਸੀ,
ਲੋਕਲ ਭਾਲੇ ਕੇ ਗੋਗੀ ਅਰਗੇਆਂ ਦੀ ਸਾਰੀ ਯੂਨੀ ਚ ਪੂਰੀ ਚੜਾਈ ਸੀ,
ਮੈਂ ਯੂਨੀ ਭਾਸ਼ਾ ਵਿਭਾਗ ਦਾ ਉੱਚ ਕੋਟੀ ਦਾ ਪਰੋਫੈਸਰ ਸੀ,
ਸੱਠ ਸੱਤਰ ਜਣਿਆਂ ਦੀ ਖਚਾਖਚ ਭਰੀ ਜਮਾਤ ਦਾ ਪੰਜਾਬੀ ਦਾ ਲੈਕਚਰ ਲੈ ਰਿਹਾ ਸੀ,
ਇੱਕ ਗੋਰੀ ਨੇ ਮੈਨੂੰ ਪੁੱਛਿਆ ਕਿ ਸਰ ” ਬੱਲੇ ਓਹ ਜਵਾਨ ਦੇ” ਏਹਦਾ ਮਤਲਬ ਕੀ ਹੋਇਆ
ਮਖਿਆ ਜਿਮੇ ਅੰਗਰੇਜੀ ਚ ਵੈੱਲਡੰਨ
ਕਹਿੰਦੀ ਮਤਲਬ ਗਰੇਟ?
ਪਰ ਮੈਨੰ ਪੂਰੀ ਅੰਗਰੇਜੀ ਡਿਕਸ਼ਨਰੀ ਚੋਂ ਏਹਦੇ ਵਰਗਾ ਹੌਂਸਲਾ ਅਫਜਾਊ ਫਿਕਰਾ ਨੀ ਲੱਭ ਰਿਹਾ ਸੀ
ਵੇਹ ਉੱਠ ਖੜ..
ਬੇਬੇ ਦੀ ਬਾਜ ਕੰਨੀ ਪਈ ਅੱਖ ਖੁੱਲ ਗੀ…
ਜਾਹ ਭੂਆ ਦੇ ਪਿੰਡ ਜਾਇਆ….
ਚਾਹ ਦਾ ਕੌਲਾ ਪੀ ਮੈਂ ਫੋੜ ਦੀ ਸੈਲਫ ਮਾਰੀ….
ਰਾਹ ਚ ਮੈਨੂੰ ਭਾਲੇ ਕਾ ਗੋਗੀ ਨੇ ਹੱਥ ਖੜਾ ਕੀਤਾ….
ਹਥ ਚ ਪਸ਼ੂਆਂ ਦਾ ਸੰਗਲ..
ਸਕੂਲ ਆਲੀ ਵਰਦੀ…
ਅੱਜ ਸਕੂਲ ਨੀ ਗਿਆ ਗੋਗੀ ਉਏ..
ਮੈਂ ਪੁੱਛਿਆ…
ਜਾਊੰ ਬਾਈ ਮੱਝਾਂ ਰਾਹ ਚ ਬਾਹਰਲੇ ਘਰੇ ਬੰਨ ਜੂੰ….
ਮੇਰੀ ਭੂਆ ਦਾ ਮੁੰਡਾ ਚੌਥੀ ਵਾਰ ਆਈਲੈਟਸ ਚੋਂ ਸਾਢੇ ਪੰਜ ਬੈਂਡ ਲੈਣ ਚ ਸਫਲ ਹੋ ਗਿਆ ਸੀ..
ਫੁੱਫੜ ਨੇ ਪੌਣੇ ਦੋ ਕਿੱਲੇ ਗਹਿਣੇ ਧਰ ‘ਜੰਟ ਨੂੰ ਦਿੱਤੇ ਸੀ….
ਵੀਜ਼ਾ ਆਗਿਆ ਸੀ….
ਖੁਸ਼ੀ ਚ ਅਖੰਡ ਪਾਠ ਦਾ ਭੋਗ ਰਖਾਇਆ ਅੱਜ ਭੋਗ ਪੈਣਾ ਸੀ…ਤਦੇ ਮੈਂ ਚੱਲਿਆ ਸੀ….
ਬਾਈ ਕਿੱਲਿਆਂ ਦਾ ਮਾਲਕ ਭੂਆ ਦਾ ਪੁੱਤ ਧੱਕੜ ਕੁਕੜ ਖੰਭੇ ਬਾਲ ਕਟਾਈ ਫਿਰੇ ਨਾਲੇ ਕੰਨਾਂ ਚ ਮੁੰਦਰਾਂ ਪਾਈ ਫਿਰੇ…..
ਉੱਡਿਆ ਈ ਫਿਰੇ…
ਮੈਂ ਸੋਚਿਆ ਸਾਲੀ ਯਾਰੀ ਤੇ ਸਰਦਾਰੀ ਵੀ ਕਿਸੇ ਕਿਸੇ ਨੂੰ ਈ ਰਾਸ ਆਉੰਦੀ ਆ…
ਚਲਾਈਂ ਪੁੱਤ ਟੈਕਸੀ ਹੁਣ…
ਏਧਰ ਕਿਤੇ ਬੁੱਲਟ ਤੋਂ ਪੈਰ ਨੀ ਲਾਹਿਆ ਸੀ ਕਾਕਾ ਜੀ ਨੇ….
ਪਿੰਡ ਮੁੜਦੇ ਨੂੰ ਨੇਹਰਾ ਹੋ ਗਿਆ..
ਮੰਜਾ ਕੋਠੇ ਤੇ ਚੜਾ ਲਿਆ…
ਸੋਚੇਆ ਕੀ ਆ ਰਾਤ ਆ ਸਾਲਾ ਸੁਫਨਾ ਫੇਰ ਈ ਆਜੇ ਅੱਜ –
~ ਨੈਣੈਆਲੀਆ
ਡੈਡੀ ਦੱਸਦਾ ਹੁੰਦਾ ਕੇ ਮੈਂ ਮਸਾਂ ਦੋ ਸਾਲ ਦੀ ਵੀ ਨਹੀਂ ਸਾਂ ਹੋਈ ਕੇ ਮਾਂ ਨਿਕੀ ਜਿਹੀ ਗੱਲ ਤੋਂ ਰੁੱਸ ਕੇ ਪੇਕੇ ਚਲੀ ਗਈ..
ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕਦੀ ਵਾਪਿਸ ਮੁੜ ਕੇ ਨਹੀਂ ਆਈ..ਅਸੀਂ ਦੋਵੇਂ ਕੱਲੇ ਰਹਿ ਗਏ..ਬਿਮਾਰ ਦਾਦੀ ਹਮੇਸ਼ਾਂ ਮੰਜੇ ਤੇ ਹੀ ਰਹਿੰਦੀ..ਪਰ ਕਦੀ ਕਦੀ ਮੇਰੀ ਗਿੱਲੀ ਕੱਛੀ ਜਰੂਰ ਬਦਲ ਦੀਆ ਕਰਦੀ! ਹੌਲੀ ਹੌਲੀ ਮੈਨੂੰ ਮੇਰੇ ਡੈਡ ਦੀ ਆਦਤ ਪੈ ਗਈ..
ਉਸ ਨਾਲ ਕਿੰਨੀਆਂ ਗੱਲਾਂ ਕਰਦੀ ਰਹਿੰਦੀ..ਰਾਤੀ ਛੇਤੀ ਸੌਂਦੀ ਨਾ..ਉਸਨੂੰ ਆਪਣੇ ਨਾਲ ਖੇਡਣ ਲਈ ਮਜਬੂਰ ਕਰਦੀ..ਉਸ ਨੇ ਅਗਲੀ ਸੁਵੇਰੇ ਕੰਮ ਤੇ ਜਾਣਾ ਹੁੰਦਾ..ਮੈਂ ਓਦਾ ਖਹਿੜਾ ਨਾ ਛੱਡਦੀ..ਉਹ ਕਿੰਨੀ ਦੇਰ ਤੱਕ ਮੈਨੂੰ ਨਾਲ ਪਈ ਨੂੰ ਥਾਪੜਦਾ ਰਹਿੰਦਾ..! ਫੇਰ ਅਗਲੇ ਦਿਨ ਸੁਵੇਰੇ ਉੱਠ ਓਹੀ ਮੈਨੂੰ ਖਵਾਉਦਾ..ਨਹਾਉਂਦਾ..ਤੇ ਫੇਰ ਸਕੂਲ ਘੱਲਦਾ!
ਮੇਰੀ ਦਾਦੀ ਮੇਰੇ ਬਾਪ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ..ਇਸ ਵਿਸ਼ੇ ਤੇ ਓਹਨਾ ਦੀ ਆਪਸ ਵਿਚ ਹੁੰਦੀ ਬਹਿਸ ਮੈਂ ਕਈ ਵਾਰ ਆਪਣੇ ਅੱਖੀਂ ਵੇਖੀ! ਫੇਰ ਥੋੜੀ ਵੱਡੀ ਹੋਈ ਤਾਂ ਮੈਂ ਮਾਂ ਬਾਰੇ ਕੁਝ ਸੰਜੀਦਾ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ..ਮੇਰਾ ਬਾਪ ਉਸ ਬਾਰੇ ਕੁਝ ਵੀ ਗਲਤ ਨਾ ਬੋਲਦਾ..ਬਸ ਏਨਾ ਆਖਦਾ ਕੇ “ਮੇਰੀ ਮਾਂ ਦੇ ਸੁਫ਼ਨੇ ਬੜੇ ਉੱਚੇ ਸਨ..ਉਸਦੀ ਹੈਸੀਅਤ ਤੋਂ ਵੀ ਉੱਚੇ..ਇੱਕ ਦਿਨ ਆਪਣੇ ਸੁਫਨਿਆਂ ਦੀ ਹੈਸੀਅਤ ਦੇ ਬਰੋਬਰ ਦਾ ਇਨਸਾਨ ਮਿਲਿਆ ਤਾਂ ਝੱਟ ਬਾਹਰ ਜਾ ਆਪਣੀ ਦੁਨੀਆ ਵਸਾ ਲਈ”
ਮੈਂ ਪੁੱਛਦੀ “ਕੀ ਮੈਂ ਏਡੀ ਬਦਸੂਰਤ ਹਾਂ ਕੇ ਉਸ ਨੇ ਮੈਂਨੂੰ ਇੱਕ ਵਾਰ ਵੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ”?
ਮੇਰਾ ਬਾਪ ਅੱਗੋਂ ਚੁੱਪ ਕਰ ਜਾਇਆ ਕਰਦਾ..ਸ਼ਾਇਦ ਉਸ ਕੋਲ ਇਸ ਸਵਾਲ ਦਾ ਕੋਈ ਜੁਆਬ ਨਹੀਂ ਸੀ..! ਦਸਵੀਂ ਦੇ ਇਮਤਿਹਾਨਾਂ ਵੇਲੇ ਇੱਕ ਦਿਨ ਪੇਪਰ ਦੇ ਕੇ ਆਈ ਤਾਂ ਇੱਕ ਓਪਰੀ ਔਰਤ ਨੂੰ ਰਸੋਈ ਵਿਚ ਕੰਮ ਕਰਦੀ ਨੂੰ ਦੇਖ ਹੈਰਾਨ ਜਿਹੀ ਹੋਈਂ..ਡੈਡ ਦੱਸਣ ਲੱਗਾ ਕੇ ਇਹ ਤੇਰੀ ਨਵੀਂ ਮਾਂ ਹੈ..ਤੇ ਇਹ ਇਥੇ ਹੀ ਰਹੂ.. ਪਹਿਲੀ ਵਾਰ ਡੈਡੀ ਨਾਲ ਬਹੁਤ ਲੜੀ..ਹੁਣ ਜਦੋਂ ਮੈਨੂੰ ਕੱਲੀ ਰਹਿਣ ਦੀ ਆਦਤ ਪੈ ਗਈ ਤੇ ਤੁਸੀਂ ਬੇਗਾਨੀ ਔਰਤ ਘਰ ਵਾੜ ਲਈ..! ਆਖਣ ਲੱਗਾ ਕੇ ਮਾਂ ਨਹੀਂ ਤੇ ਇੱਕ ਸਹੇਲੀ ਦੇ ਤੌਰ ਤੇ ਹੀ ਆਪਣਾ ਲੈ..ਫੇਰ ਦਾਦੀ ਦਾ ਹਵਾਲਾ ਦਿੰਦਾ ਆਖਦਾ ਕੇ ਜੇ ਉਹ ਅੱਜ ਜਿਉਂਦੀ ਹੁੰਦੀ ਤਾਂ ਇਹ ਕੰਮ ਕਦੀ ਨਾ ਕਰਦਾ..!
ਫੇਰ ਇੱਕ ਦਿਨ ਅਚਾਨਕ ਡੈਡੀ ਆਪ ਵੀ ਹਸਪਤਾਲ ਦਾਖਿਲ ਹੋ ਗਿਆ..ਤੇ ਫੇਰ ਕਦੀ ਵਾਪਿਸ ਮੁੜ ਕੇ ਨਾ ਆਇਆ!
ਇੱਕ ਦਿਨ ਪੂਰਾਣੇ ਕਾਗਜ ਫਰੋਲਦਿਆਂ ਇਹਸਾਸ ਹੋਇਆ ਕੇ ਉਸਨੂੰ ਆਪਣੇ ਆਖਰੀ ਸਟੇਜ ਵਾਲਾ ਕੈਂਸਰ ਦਾ ਬਹੁਤ ਪਹਿਲੇ ਤੋਂ ਹੀ ਪਤਾ ਲੱਗ ਗਿਆ ਸੀ..
ਕੱਲੀ ਬੈਠੀ ਕਿੰਨੀ ਕਿੰਨੀ ਦੇਰ ਏਹੀ ਸੋਚੀ ਜਾਨੀ ਹਾਂ ਕੇ ਕਈ ਬਾਪ ਕਿੰਨੇ ਵੱਖਰੇ ਹੁੰਦੇ ਨੇ..ਮਾਵਾਂ ਤੋਂ ਵੀ ਵੱਧ ਧਿਆਨ ਰੱਖਣ ਵਾਲੇ..ਮਰਨ ਤੋਂ ਬਾਅਦ ਦਾ ਵੀ ਫਿਕਰ ਕਰਨ ਵਾਲੇ..ਹਰ ਵੇਲੇ ਆਸ ਪਾਸ ਰਹਿਣ ਵਾਲੇ! ਜਾਣ ਤੋਂ ਪਹਿਲਾਂ ਉਸ ਵੱਲੋਂ ਸਹੇੜ ਕੇ ਦੇ ਦਿੱਤੀ ਗਈ “ਨਿੱਕੇ ਸੁਫਨਿਆਂ” ਵਾਲੀ ਓਹੀ ਮਾਂ ਸਹੇਲੀ ਬਣ ਅੱਜ ਵੀ ਮੇਰੇ ਨਾਲ ਹੀ ਰਹਿੰਦੀ ਏ..! ਦੋਸਤੋ ਏਹੀ ਜਿੰਦਗੀ ਹੈ..”ਨਾਨਕ ਦੁਖੀਆ ਸਭ ਸੰਸਾਰ”..ਹਰੇਕ ਨੂੰ ਕੋਈ ਨਾ ਕੋਈ ਦੁੱਖ,ਫਿਕਰ ਅਤੇ ਪਛਤਾਵਾ..ਫੇਰ ਵੀ ਜੇ ਕਿਧਰੇ ਕੋਈ ਬਹੁਤ ਜਿਆਦਾ ਹੱਸਦਾ ਹੋਇਆ ਤੇ ਜਾਂ ਫੇਰ ਬਹੁਤ ਖ਼ੁਸ਼ ਹੱਸਦਾ ਹੋਇਆ ਤੇ ਜਾਂ ਫੇਰ ਬਹੁਤ ਖ਼ੁਸ਼ ਦਿਸਦਾ ਇਨਸਾਨ ਮਿਲ ਪਵੇ ਤਾ ਉਸਦੇ ਖੀਸੇ ਜਰੂਰ ਫਰੋਲ ਵੇਖਿਓ..ਹੰਜੂਆਂ ਨਾਲ ਸਿੱਲੇ ਹੋਏ ਕਿੰਨੇ ਸਾਰੇ ਰੁਮਾਲ ਜਰੂਰ ਮਿਲਣਗੇ!
ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ “ਗੁਰਗਾਬੀ” ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ..
ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ”
ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ..
ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..!
ਨੇੜੇ ਵਾਲੇ ਤੇ ਓਸੇ ਦਿਨ ਹੀ ਮੁੜ ਗਏ ਪਰ ਦੂਰ ਵਾਲਿਆਂ ਨੂੰ ਅਗਲੇ ਦਿਨ ਖੁਦ ਟੇਸ਼ਨ ਤੇ ਜਾ ਗੱਡੀ ਚੜਾਉਣਾ ਪਿਆ..ਦੋ ਤਿੰਨ ਫੇਰੇ ਲੱਗ ਗਏ!
ਸਾਰਿਆਂ ਨੂੰ ਤੋਰ ਵਾਪਿਸ ਆ ਕੇ ਬਾਹਰਲਾ ਗੇਟ ਟੱਪਣ ਹੀ ਲੱਗਾ ਸਾਂ ਕੇ ਕਿਧਰੋਂ ਬਿੜਕ ਜਿਹੀ ਹੋਈ..ਇੰਝ ਲੱਗਾ ਕੋਈ ਆਖ ਰਿਹਾ ਸੀ..”ਕਾਕਾ ਸੜਕ ਪਾਰ ਕਰਦਿਆਂ ਏਧਰ ਦੇਖ ਲਿਆ ਕਰ..ਤੈਨੂੰ ਪਤਾ ਸੜਕ ਕਿੰਨੀ ਵਗਦੀ ਏ ਅੱਜ ਕੱਲ..”
ਇਹ ਹੂ-ਬਹੂ ਓਹੀ ਅਵਾਜ ਸੀ ਜਿਹੜੀ ਨਿੱਕੇ ਹੁੰਦਿਆਂ ਅਕਸਰ ਹੀ ਕੰਨੀਂ ਪੈ ਜਾਇਆ ਕਰਦੀ..
ਦਿਲ ਦੀ ਧੜਕਣ ਵੱਧ ਗਈ ਤੇ ਨਜਰਾਂ ਕਿਸੇ ਗੁਆਚੇ ਹੋਏ ਨੂੰ ਲੱਭਣ ਵਿਚ ਰੁੱਝ ਗਈਆਂ..
ਫੇਰ ਕਾਹਲੀ ਵਿਚ ਬਾਹਰਲਾ ਗੇਟ ਖੁੱਲ੍ਹਾ ਰਹਿ ਗਿਆ..
ਇਹਸਾਸ ਹੋਇਆ ਬਾਪੂ ਹੂਰੀ ਇੱਕ ਵਾਰ ਫੇਰ ਆਖ ਰਹੇ ਹੋਣ “ਕਾਕਾ ਹੁਣ ਇਹ ਖੁੱਲ੍ਹਾ ਹੋਇਆ ਗੇਟ ਕੌਣ ਬੰਦ ਕਰੂ..ਖਿਆਲ ਰਖਿਆ ਕਰੋ..ਮਾਹੌਲ ਖਰਾਬ ਨੇ”
ਨਿੱਕੇ ਹੁੰਦਿਆਂ ਆਥਣ ਵੇਲੇ ਗੇਟ ਖੁੱਲ੍ਹਾ ਰਹਿਣ ਦੇਣ ਕਰਕੇ ਪਤਾ ਨੀਂ ਕਿੰਨੀ ਵਾਰ ਝਿੜਕਾਂ ਖਾਣੀਆਂ ਪਈਆਂ ਸਨ..!
ਕੁੰਡੀ ਲਾ ਕੇ ਵਾਪਿਸ ਮੁੜਦੇ ਹੋਏ ਨੇ ਇੱਕ ਵਾਰ ਫੇਰ ਏਧਰ ਓਧਰ ਵੇਖਿਆ..ਇਹ ਵੀ ਭੁਲੇਖਾ ਜਿਹਾ ਹੀ ਲੱਗਾ..!
ਫੇਰ ਦੋ ਦਿਨ ਤੋਂ ਉਨੀਂਦਰੇ ਨੂੰ ਪਤਾ ਹੀ ਨੀ ਲੱਗਾ ਕਦੋਂ ਸੋਫੇ ਤੇ ਬੈਠੇ ਨੂੰ ਨੀਂਦਰ ਆ ਗਈ..
ਫੇਰ ਸੁੱਤਾ ਪਿਆ ਅੱਬੜਵਾਹੇ ਉੱਠ ਖਲੋਤਾ..ਇਸ ਵਾਰ ਵੀ ਬਾਪੂ ਹੂਰੀ ਆਖ ਰਹੇ ਸਨ “ਅੱਜ ਪਾਣੀ ਦੀ ਵਾਰੀ ਏ ਤੇ ਤੂੰ ਸੁੱਤਾ ਪਿਆ ਏਂ..”
ਅੱਖਾਂ ਮਲਦਾ ਹੋਇਆ ਬਾਹਰ ਨੂੰ ਤੁਰਨ ਲੱਗਾ ਤਾਂ ਫੇਰ ਕਿਧਰੋਂ ਅਵਾਜ ਜਿਹੀ ਪਈ..”ਅੱਖਾਂ ਖੋਲ ਕੇ ਤੁਰਿਆ ਕਰ..ਮੀਣੀ ਮੱਝ ਦੇ ਕੀਲੇ ਤੋਂ ਠੇਡਾ ਲੱਗ ਗਿਆ ਤਾਂ ਸੱਟ ਬੜੀ ਲੱਗੂ”..!
ਏਨੇ ਨੂੰ ਬਿਜਲੀ ਵੀ ਆ ਗਈ ਤੇ ਮੈਂ ਟਿਊਬਵੈੱਲ ਦਾ ਸਟਾਰਟਰ ਔਨ ਕਰਨ ਬਾਹਰ ਨੂੰ ਨਿੱਕਲ ਗਿਆ..ਕੀ ਦੇਖਿਆ ਅੱਗੋਂ ਤਿੰਨ ਸਾਲਾਂ ਦੇ ਨਿੱਕਾ ਪੋਤਰਾ ਬਾਹਰ ਪਹੇ ਤੇ ਕੱਲਾ ਹੀ ਖੇਡੀ ਜਾ ਰਿਹਾ ਸੀ..
ਜਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਉਚੀ ਸਾਰੀ ਆਖ ਉਠਿਆ..”ਕਿਥੇ ਚਲੇ ਗਏ ਓ ਸਾਰੇ..ਧਿਆਨ ਹੀ ਨਹੀਂ ਜੁਆਕ ਵੱਲ..ਵਿਚਾਰਾ ਕੱਲਾ ਹੀ ਖੇਡੀ ਜਾਂਦਾ ਬਾਹਰ..ਆਥਣ ਵੇਲੇ ਕੋਈ ਅਬੀ ਨਬੀ ਹੋ ਗਈ ਤਾਂ ਕੌਣ ਜੁੰਮੇਵਾਰ ਏ”
ਸਾਰਾ ਟੱਬਰ ਦੌੜਦਾ ਹੋਇਆ ਬਾਹਰ ਨੂੰ ਆ ਗਿਆ ਤੇ ਕਿਸੇ ਨੇ ਘੱਟੇ ਨਾਲ ਲਿੱਬੜੇ ਹੋਏ ਨੂੰ ਓਸੇ ਵੇਲੇ ਕੁੱਛੜ ਚੁੱਕ ਲਿਆ..!
ਫੇਰ ਅਚਾਨਕ ਚੇਤਾ ਆਇਆ ਕੇ ਬਾਪੂ ਹੂਰੀ ਅਕਸਰ ਹੀ ਆਖਿਆ ਕਰਦੇ ਸਨ ਕੇ “ਬੰਬੀ ਚਲਾਉਣ ਜਾਣਾ ਹੁੰਦਾ ਏ ਤਾਂ ਬੰਦ ਜੁੱਤੀ ਪਾ ਕੇ ਜਾਇਆ ਕਰ..ਸੌ ਕੀਟ ਪਤੰਗ ਠੰਡੇ ਥਾਂ ਲੁਕ ਕੇ ਬੈਠਾ ਹੁੰਦਾ..ਨਾਲੇ ਬਿਜਲੀ ਦਾ ਕੰਮ..ਇਹ ਕਿਹੜੀ ਲਿਹਾਜ ਕਰਦੀ ਕਿਸੇ ਦਾ”
ਪੈਰੀ ਪਾਉਣ ਨੂੰ ਕੋਈ ਜੁੱਤੀ ਨਾ ਲੱਭੀ..ਕੁਦਰਤੀ ਹੀ ਕੋਲ ਪਈ ਬਾਪੂ ਹੁਰਾਂ ਦੀ ਓਹੋ “ਗੁਰਗਾਬੀ” ਨਜ਼ਰੀਂ ਪੈ ਗਈ..ਛੇਤੀ ਨਾਲ ਪੈਰੀਂ ਪਾ ਲਈ..ਮਹਿਸੂਸ ਹੋਇਆ ਕੇ ਅੱਜ ਪੈਰੀ ਪਾਈ ਬਿਲਕੁਲ ਵੀ “ਖੁੱਲੀ” ਨਹੀਂ ਸੀ ਲੱਗ ਰਹੀ ਸਗੋਂ ਇੰਝ ਲੱਗ ਰਿਹਾ ਸੀ ਜਿੱਦਾਂ ਕੋਈ ਐਨ ਪੈਰਾਂ ਦੇ ਮੇਚ ਦੀ ਨਵੀਂ ਬਣਵਾ ਉਚੇਚਾ ਸਾਡੇ ਘਰੇ ਛੱਡ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ
ਮੈਨੂੰ ਲਗਦਾ ਏ ਪੰਜਾਬ ਸਿਆਂ,
ਤੇਰਾ ਕੰਮ ਨਹੀਂ ਆਉਣਾ ਸੂਤ ਵੇ।
ਮੈਂ ਕੀ ਕੀ ਦਸਾਂ ਬੋਲ ਕੇ,
ਕੀਤੀ ਕੀਹਨੇ ਕੀ ਕਰਤੂਤ ਵੇ।
ਰੋਟੀ ਲੱਭਣ ਚਲੇ ਵਿਦੇਸ਼ ਨੂੰ,,
ਤੇਰੇ ਉਜੜ ਗਏ ਸਪੂਤ ਵੇ।
ਤੇਰੀ ਰੂਹ ਹੈ ਕਿਧਰੇ ਉਡ ਗਈ,
ਹੁਣ ਬਾਕੀ ਹੈ ਕਲਬੂਤ ਵੇ।
ਇਥੇ ਵਿਰਲਾ ਯੋਧਾ ਜੰਮਦਾ,
ਬਹੁਤੇ ਜੰਮਦੇ ਇਥੇ ਊਤ ਵੇ।
ਇਥੇ ਰਾਹਬਰ ਬੰਦੇ ਖਾਵਣੇ,
ਇਥੇ ਹਾਕਮ ਨੇ ਜਮਦੂਤ ਵੇ।
ਲੋਕੀਂ ਸਾਬਤ ਕਰਦੇ ਹਿਕਮਤਾਂ,
ਇਥੇ ਪੀ ਕੇ ਗਾਂ ਦਾ ਮੂਤ ਵੇ।
ਲੋਕੀਂ ਉਸੇ ਦੇ ਗੁਣ ਗਾਂਵਦੇ
ਜੋ ਮਾਰਦਾ ਲਾਹ ਕੇ ਜੂਤ ਵੇ।
ਸਭ ਬੋਹੜ ਪਿੱਪਲ ਨੇ ਉਜੜੇ
ਨਾ ਬਚੇ ਹੀ ਜਾਮਣ ਤੂਤ ਵੇ।
ਇੱਥੇ ਮੋਹ ਮਾਇਆ ਪ੍ਧਾਨ ਏ,
ਤੇ ਹਰ ਕੋਈ ਲਾਉਂਦਾ ਸੂਤ ਵੇ।
ਲੇਖਕ ਅਗਿਆਤ
ਅਜ਼ੀਬ ਰੁੱਤ ਦਾ ਧੂੰਆਂ
ਸਾਡੇ ਵਟਾ ਦਿੱਤੇ ਭੇਸ
ਸਾਡੇ ਸੁੰਗੜ ਚੱਲੇ ਪਿੰਡੇ
ਅਸੀਂ ਲਿਪਟੇ ਭੇਖ ਦੇ ਖੇਸ
ਸਾਡੀ ਅਣਖ ਆਕੜ ਹੋ ਗਈ
ਸਾਡੀ ਬੁੱਧੀ ਸਾਥੋਂ ਖੋਹ ਗੲੀ
ਇਹ ਹਉਮੈ ਹਾਵੀ ਹੋ ਗਈ
ਵਿਛਗੇ ਕੰਡਿਆਂ ਦੇ ਸੇਜ
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਬੋਲੀ ਹੰਕਾਰ ਚ ਖੱਟੀ ਹੋ ਗਈ
ਸਾਡੀ ਸਾਥੋਂ ਪੋਚ ਫੱਟੀ ਹੋ ਗਈ
ਦੁਨੀਆਂ ਕਾਹਦੀ ਕੱਠੀ ਹੋ ਗੲੀ
ਇਹ ਰੰਗਾਂ ਵਿੱਚ ਵੱਟੀ ਹੋ ਗਈ
ਸੋਢੀ ਕਿਸਮਤ ਸਾਡੀ ਮੱਠੀ ਹੋਗੀ
ਦਿਮਾਗ਼ ਕਾਹਦੇ ਹੋ ਗੲੇ ਤੇਜ਼।।
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਮਿਹਰਬਾਨ ਸਿੰਘ ਸੋਢੀ
ਅਜ਼ੀਬ ਰੁੱਤ ਦਾ ਧੂੰਆਂ
ਸਾਡੇ ਵਟਾ ਦਿੱਤੇ ਭੇਸ
ਸਾਡੇ ਸੁੰਗੜ ਚੱਲੇ ਪਿੰਡੇ
ਅਸੀਂ ਲਿਪਟੇ ਭੇਖ ਦੇ ਖੇਸ
ਸਾਡੀ ਅਣਖ ਆਕੜ ਹੋ ਗਈ
ਸਾਡੀ ਬੁੱਧੀ ਸਾਥੋਂ ਖੋਹ ਗੲੀ
ਇਹ ਹਉਮੈ ਹਾਵੀ ਹੋ ਗਈ
ਵਿਛਗੇ ਕੰਡਿਆਂ ਦੇ ਸੇਜ
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਬੋਲੀ ਹੰਕਾਰ ਚ ਖੱਟੀ ਹੋ ਗਈ
ਸਾਡੀ ਸਾਥੋਂ ਪੋਚ ਫੱਟੀ ਹੋ ਗਈ
ਦੁਨੀਆਂ ਕਾਹਦੀ ਕੱਠੀ ਹੋ ਗੲੀ
ਇਹ ਰੰਗਾਂ ਵਿੱਚ ਵੱਟੀ ਹੋ ਗਈ
ਸੋਢੀ ਕਿਸਮਤ ਸਾਡੀ ਮੱਠੀ ਹੋਗੀ
ਦਿਮਾਗ਼ ਕਾਹਦੇ ਹੋ ਗੲੇ ਤੇਜ਼।।
ਪਹਿਲੇ ਪਹਿਰ ਦੇ ਸੂਰਜਾਂ
ਕੋਈ ਗਿਆਨ ਦੀ ਕਿਰਨ ਭੇਜ।।
ਮਿਹਰਬਾਨ ਸਿੰਘ ਸੋਢੀ
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..!
ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ.. ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ ਵਾਲੀ ਪੈਂਟ ਮੁੜਕੇ ਨਾਲ ਗੋਡਿਆਂ ਤੋਂ ਗਿੱਲੀ ਹੋ ਜਾਇਆ ਕਰਦੀ..
ਕਈ ਵਾਰ ਪਿੱਛਿਓਂ ਮੋਪਡ ਤੇ ਚੜੀ ਆਉਂਦੀ ਉਹ ਜਦੋਂ ਬਰੋਬਰ ਜਿਹੀ ਹੋ ਕੇ ਮੇਰੇ ਵੱਲ ਤੱਕਦੀ ਤੇ ਫੇਰ ਹਲਕਾ ਜਿਹਾ ਮੁਸਕੁਰਾ ਕੇ ਥੋੜੀ ਜਿਹੀ ਰੇਸ ਦੇ ਕੇ ਘੜੀਆਂ-ਪਲਾਂ ਵਿਚ ਹੀ ਮੈਨੂੰ ਕਿੰਨਾ ਪਿੱਛੇ ਛੱਡ ਦਿਆ ਕਰਦੀ ਤਾਂ ਭਾਪਾ ਜੀ ਦੀ ਕੰਜੂਸੀ ਤੇ ਬੜੀ ਜਿਆਦਾ ਖਿਝ ਚੜ ਜਾਂਦੀ! ਅਖੀਰ ਮੇਰੇ ਵਾਰ ਵਾਰ ਖਹਿੜੇ ਪੈਣ ਤੇ ਇੱਕ ਦਿਨ ਓਹਨਾ ਆੜਤੀਆਂ ਕੋਲੋਂ ਕਰਜਾ ਚੁੱਕ ਮੇਰੇ ਜੋਗਾ ਹੀਰੋ-ਹਾਂਡਾ ਲੈ ਹੀ ਆਂਦਾ..! ਬਾਪੂ ਹੋਰਾਂ ਦਾ ਇੱਕ ਬੜਾ ਹੀ ਪੱਕਾ ਅਸੂਲ ਸੀ..ਮੈਨੂੰ ਕਦੀ ਵੀ ਪਾਟੀ ਬੁਨੈਣ ਅਤੇ ਪਾਟੀਆਂ ਜੁਰਾਬਾਂ ਨਹੀਂ ਸਨ ਪਾਉਣ ਦੀਆ ਕਰਦੇ..ਆਖਦੇ ਇੰਝ ਦੀਆਂ ਚੀਜਾਂ ਬਦਕਿਸਮਤੀ ਦੀ ਨਿਆਮਤ ਹੁੰਦੀਆਂ ਨੇ..! ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਮੋਟਰ ਸਾਈਕਲ ਤੇ ਪਾਊਂਟਾਂ ਸਾਬ ਜਾਣ ਦਾ ਪ੍ਰੋਗਰਾਮ ਬਣਾ ਲਿਆ..ਖਰਚੇ ਪਾਣੀ ਲਈ ਹਰੇਕ ਦੇ ਹਿੱਸੇ ਪੰਜ ਪੰਜ ਹਜਾਰ ਆਏ..!
ਘਰੇ ਆ ਕੇ ਗੱਲ ਕੀਤੀ..ਤਾਂ ਉਹ ਸੋਚੀ ਪੈ ਗਏ..ਦੋ ਮਹੀਨੇ ਮਗਰੋਂ ਧਰੇ ਭੈਣ ਦੇ ਵਿਆਹ ਦਾ ਖਿਆਲ ਆ ਗਿਆ ਸੀ ਸ਼ਾਇਦ..! ਉਹ ਕਿੰਨਾ ਚਿਰ ਮੰਜੇ ਤੇ ਹੀ ਬੈਠੇ ਰਹੇ ਫੇਰ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਘੜੀ ਕੂ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਹੀ ਬਾਹਰ ਨੂੰ ਨਿੱਕਲ ਤੁਰੇ.. ਪਤਾ ਨੀ ਉਸ ਦਿਨ ਮੇਰੇ ਦਿਮਾਗ ਵਿਚ ਕੀ ਆਇਆ..
ਕੋਲ ਮੰਜੇ ਹੇਠ ਪਏ ਬੂਟਾਂ ਅੰਦਰੋਂ ਓਹਨਾ ਦੀਆਂ ਜੁਰਾਬਾਂ ਕੱਢ ਲਈਆਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਹੀ ਪਾਟੀਆਂ ਪਈਆਂ ਸਨ..ਜੁੱਤੀ ਦਾ ਤਲਾ ਵੀ ਪੂਰੀ ਤਰਾਂ ਘਸਿਆ ਹੋਇਆ ਸੀ!
ਕੁਝ ਹੋਰ ਵੇਖਣ ਦੀ ਜਗਿਆਸਾ ਵਿਚ ਕੋਲ ਹੀ ਅਲਮਾਰੀ ਵਿਚ ਪਈਆਂ ਓਹਨਾ ਦੀਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ..ਥਾਂ ਥਾਂ ਤੇ ਪਏ ਹੋਏ ਮਘੋਰੇ ਅਜੀਬ ਜਿਹੀ ਕਹਾਣੀ ਬਿਆਨ ਕਰ ਰਹੇ ਸਨ..!
ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ ਓਹਨਾ ਦੀ ਅਕਸਰ ਹੀ ਬੰਨੀ ਜਾਂਦੀ ਪੱਗ ਵੀ ਧਿਆਨ ਨਾਲ ਦੇਖੀ..
ਸਿਉਣ ਥਾਂ-ਥਾਂ ਤੋਂ ਉਧੜੀ ਪਈ ਸੀ..ਪੌਂਚਿਆਂ ਤੋਂ ਘਸੀਆਂ ਪੈਂਟਾਂ ਅਤੇ ਟਾਕੀਆਂ ਲੱਗੇ ਪੂਰਾਣੇ ਕੋਟ ਅਤੇ ਹੋਰ ਵੀ ਕਿੰਨਾ ਕੁਝ..!
ਹਮੇਸ਼ਾਂ ਹੱਸਦੇ ਰਹਿੰਦੇ ਆਪਣੇ ਭਾਪਾ ਜੀ ਅਸਲੀਅਤ ਵੇਖ ਦਿਮਾਗ ਸੁੰਨ ਜਿਹਾ ਹੋ ਗਿਆ..
ਇੰਝ ਲਗਿਆ ਜਿੱਦਾਂ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਬਦ-ਕਿਸ੍ਮਤੀਆਂ ਓਹਨਾ ਆਪਣੇ ਵਜੂਦ ਤੇ ਲੈ ਰੱਖੀਆਂ ਸਨ.. ਫੇਰ ਸਾਰਾ ਕੁਝ ਓੰਜ ਦਾ ਓੰਜ ਹੀ ਵਾਪਿਸ ਅਲਮਾਰੀ ਵਿਚ ਰੱਖ ਦਿੱਤਾ! ਆਥਣ ਵੇਲੇ ਮੈਨੂੰ ਇੱਕ ਲਫਾਫੇ ਵਿਚ ਬੰਦ ਕਿੰਨੇ ਸਾਰੇ ਪੈਸੇ ਫੜਾਉਂਦਿਆਂ ਹੋਇਆਂ ਆਖਣ ਲੱਗੇ “ਪੁੱਤ ਪਹਾੜੀ ਇਲਾਕਾ ਏ..ਮੋਟਰ ਸਾਈਕਲ ਧਿਆਨ ਨਾਲ ਚਲਾਇਓ”
ਫੇਰ ਅਗਲੇ ਦਿਨ ਮੰਜੇ ਤੇ ਬੈਠੇ ਹੋਇਆਂ ਨੂੰ ਜਦੋਂ ਨਵੀਆਂ ਜੁਰਾਬਾਂ,ਬੁਨੈਣਾਂ ਅਤੇ ਪੀਕੋ ਕੀਤੀਆਂ ਕਿੰਨੀਆਂ ਸਾਰੀਆਂ ਪੱਗਾਂ ਵਾਲੇ ਲਫਾਫੇ ਫੜਾਉਂਦਿਆਂ ਹੋਇਆ ਏਨੀ ਗੱਲ ਆਖ ਦਿੱਤੀ ਕੇ “ਭਾਪਾ ਜੀ ਸਾਡਾ ਪਾਉਂਟਾ ਸਾਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਏ” ਤਾਂ ਓਹਨਾ ਦੀਆਂ ਅੱਖੀਆਂ ਵਿਚੋਂ ਵਹਿ ਤੁਰੇ ਹੰਜੂਆਂ ਦੇ ਕਿੰਨੇ ਸਾਰੇ ਦਰਿਆ ਵੇਖ ਇੰਜ ਮਹਿਸੂਸ ਹੋਇਆ ਜਿੱਦਾਂ ਖੜੇ ਖਲੋਤਿਆਂ ਨੂੰ ਹੀ ਅਨੇਕਾਂ ਤੀਰਥਾਂ ਦੇ ਦਰਸ਼ਨ ਹੋ ਗਏ ਹੋਣ..!