ਤੀਰਥਾਂ ਦੇ ਦਰਸ਼ਨ

by admin

ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..!
ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ.. ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ ਵਾਲੀ ਪੈਂਟ ਮੁੜਕੇ ਨਾਲ ਗੋਡਿਆਂ ਤੋਂ ਗਿੱਲੀ ਹੋ ਜਾਇਆ ਕਰਦੀ..
ਕਈ ਵਾਰ ਪਿੱਛਿਓਂ ਮੋਪਡ ਤੇ ਚੜੀ ਆਉਂਦੀ ਉਹ ਜਦੋਂ ਬਰੋਬਰ ਜਿਹੀ ਹੋ ਕੇ ਮੇਰੇ ਵੱਲ ਤੱਕਦੀ ਤੇ ਫੇਰ ਹਲਕਾ ਜਿਹਾ ਮੁਸਕੁਰਾ ਕੇ ਥੋੜੀ ਜਿਹੀ ਰੇਸ ਦੇ ਕੇ ਘੜੀਆਂ-ਪਲਾਂ ਵਿਚ ਹੀ ਮੈਨੂੰ ਕਿੰਨਾ ਪਿੱਛੇ ਛੱਡ ਦਿਆ ਕਰਦੀ ਤਾਂ ਭਾਪਾ ਜੀ ਦੀ ਕੰਜੂਸੀ ਤੇ ਬੜੀ ਜਿਆਦਾ ਖਿਝ ਚੜ ਜਾਂਦੀ! ਅਖੀਰ ਮੇਰੇ ਵਾਰ ਵਾਰ ਖਹਿੜੇ ਪੈਣ ਤੇ ਇੱਕ ਦਿਨ ਓਹਨਾ ਆੜਤੀਆਂ ਕੋਲੋਂ ਕਰਜਾ ਚੁੱਕ ਮੇਰੇ ਜੋਗਾ ਹੀਰੋ-ਹਾਂਡਾ ਲੈ ਹੀ ਆਂਦਾ..! ਬਾਪੂ ਹੋਰਾਂ ਦਾ ਇੱਕ ਬੜਾ ਹੀ ਪੱਕਾ ਅਸੂਲ ਸੀ..ਮੈਨੂੰ ਕਦੀ ਵੀ ਪਾਟੀ ਬੁਨੈਣ ਅਤੇ ਪਾਟੀਆਂ ਜੁਰਾਬਾਂ ਨਹੀਂ ਸਨ ਪਾਉਣ ਦੀਆ ਕਰਦੇ..ਆਖਦੇ ਇੰਝ ਦੀਆਂ ਚੀਜਾਂ ਬਦਕਿਸਮਤੀ ਦੀ ਨਿਆਮਤ ਹੁੰਦੀਆਂ ਨੇ..! ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਮੋਟਰ ਸਾਈਕਲ ਤੇ ਪਾਊਂਟਾਂ ਸਾਬ ਜਾਣ ਦਾ ਪ੍ਰੋਗਰਾਮ ਬਣਾ ਲਿਆ..ਖਰਚੇ ਪਾਣੀ ਲਈ ਹਰੇਕ ਦੇ ਹਿੱਸੇ ਪੰਜ ਪੰਜ ਹਜਾਰ ਆਏ..!
ਘਰੇ ਆ ਕੇ ਗੱਲ ਕੀਤੀ..ਤਾਂ ਉਹ ਸੋਚੀ ਪੈ ਗਏ..ਦੋ ਮਹੀਨੇ ਮਗਰੋਂ ਧਰੇ ਭੈਣ ਦੇ ਵਿਆਹ ਦਾ ਖਿਆਲ ਆ ਗਿਆ ਸੀ ਸ਼ਾਇਦ..! ਉਹ ਕਿੰਨਾ ਚਿਰ ਮੰਜੇ ਤੇ ਹੀ ਬੈਠੇ ਰਹੇ ਫੇਰ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਘੜੀ ਕੂ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਹੀ ਬਾਹਰ ਨੂੰ ਨਿੱਕਲ ਤੁਰੇ.. ਪਤਾ ਨੀ ਉਸ ਦਿਨ ਮੇਰੇ ਦਿਮਾਗ ਵਿਚ ਕੀ ਆਇਆ..
ਕੋਲ ਮੰਜੇ ਹੇਠ ਪਏ ਬੂਟਾਂ ਅੰਦਰੋਂ ਓਹਨਾ ਦੀਆਂ ਜੁਰਾਬਾਂ ਕੱਢ ਲਈਆਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਹੀ ਪਾਟੀਆਂ ਪਈਆਂ ਸਨ..ਜੁੱਤੀ ਦਾ ਤਲਾ ਵੀ ਪੂਰੀ ਤਰਾਂ ਘਸਿਆ ਹੋਇਆ ਸੀ!
ਕੁਝ ਹੋਰ ਵੇਖਣ ਦੀ ਜਗਿਆਸਾ ਵਿਚ ਕੋਲ ਹੀ ਅਲਮਾਰੀ ਵਿਚ ਪਈਆਂ ਓਹਨਾ ਦੀਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ..ਥਾਂ ਥਾਂ ਤੇ ਪਏ ਹੋਏ ਮਘੋਰੇ ਅਜੀਬ ਜਿਹੀ ਕਹਾਣੀ ਬਿਆਨ ਕਰ ਰਹੇ ਸਨ..!
ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ ਓਹਨਾ ਦੀ ਅਕਸਰ ਹੀ ਬੰਨੀ ਜਾਂਦੀ ਪੱਗ ਵੀ ਧਿਆਨ ਨਾਲ ਦੇਖੀ..
ਸਿਉਣ ਥਾਂ-ਥਾਂ ਤੋਂ ਉਧੜੀ ਪਈ ਸੀ..ਪੌਂਚਿਆਂ ਤੋਂ ਘਸੀਆਂ ਪੈਂਟਾਂ ਅਤੇ ਟਾਕੀਆਂ ਲੱਗੇ ਪੂਰਾਣੇ ਕੋਟ ਅਤੇ ਹੋਰ ਵੀ ਕਿੰਨਾ ਕੁਝ..!
ਹਮੇਸ਼ਾਂ ਹੱਸਦੇ ਰਹਿੰਦੇ ਆਪਣੇ ਭਾਪਾ ਜੀ ਅਸਲੀਅਤ ਵੇਖ ਦਿਮਾਗ ਸੁੰਨ ਜਿਹਾ ਹੋ ਗਿਆ..
ਇੰਝ ਲਗਿਆ ਜਿੱਦਾਂ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਬਦ-ਕਿਸ੍ਮਤੀਆਂ ਓਹਨਾ ਆਪਣੇ ਵਜੂਦ ਤੇ ਲੈ ਰੱਖੀਆਂ ਸਨ.. ਫੇਰ ਸਾਰਾ ਕੁਝ ਓੰਜ ਦਾ ਓੰਜ ਹੀ ਵਾਪਿਸ ਅਲਮਾਰੀ ਵਿਚ ਰੱਖ ਦਿੱਤਾ! ਆਥਣ ਵੇਲੇ ਮੈਨੂੰ ਇੱਕ ਲਫਾਫੇ ਵਿਚ ਬੰਦ ਕਿੰਨੇ ਸਾਰੇ ਪੈਸੇ ਫੜਾਉਂਦਿਆਂ ਹੋਇਆਂ ਆਖਣ ਲੱਗੇ “ਪੁੱਤ ਪਹਾੜੀ ਇਲਾਕਾ ਏ..ਮੋਟਰ ਸਾਈਕਲ ਧਿਆਨ ਨਾਲ ਚਲਾਇਓ”

ਫੇਰ ਅਗਲੇ ਦਿਨ ਮੰਜੇ ਤੇ ਬੈਠੇ ਹੋਇਆਂ ਨੂੰ ਜਦੋਂ ਨਵੀਆਂ ਜੁਰਾਬਾਂ,ਬੁਨੈਣਾਂ ਅਤੇ ਪੀਕੋ ਕੀਤੀਆਂ ਕਿੰਨੀਆਂ ਸਾਰੀਆਂ ਪੱਗਾਂ ਵਾਲੇ ਲਫਾਫੇ ਫੜਾਉਂਦਿਆਂ ਹੋਇਆ ਏਨੀ ਗੱਲ ਆਖ ਦਿੱਤੀ ਕੇ “ਭਾਪਾ ਜੀ ਸਾਡਾ ਪਾਉਂਟਾ ਸਾਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਏ” ਤਾਂ ਓਹਨਾ ਦੀਆਂ ਅੱਖੀਆਂ ਵਿਚੋਂ ਵਹਿ ਤੁਰੇ ਹੰਜੂਆਂ ਦੇ ਕਿੰਨੇ ਸਾਰੇ ਦਰਿਆ ਵੇਖ ਇੰਜ ਮਹਿਸੂਸ ਹੋਇਆ ਜਿੱਦਾਂ ਖੜੇ ਖਲੋਤਿਆਂ ਨੂੰ ਹੀ ਅਨੇਕਾਂ ਤੀਰਥਾਂ ਦੇ ਦਰਸ਼ਨ ਹੋ ਗਏ ਹੋਣ..!

Unknwon

You may also like