ਗੁਰਗਾਬੀ

by admin

ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ “ਗੁਰਗਾਬੀ” ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ..
ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ”
ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ..

ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..!

ਨੇੜੇ ਵਾਲੇ ਤੇ ਓਸੇ ਦਿਨ ਹੀ ਮੁੜ ਗਏ ਪਰ ਦੂਰ ਵਾਲਿਆਂ ਨੂੰ ਅਗਲੇ ਦਿਨ ਖੁਦ ਟੇਸ਼ਨ ਤੇ ਜਾ ਗੱਡੀ ਚੜਾਉਣਾ ਪਿਆ..ਦੋ ਤਿੰਨ ਫੇਰੇ ਲੱਗ ਗਏ!

ਸਾਰਿਆਂ ਨੂੰ ਤੋਰ ਵਾਪਿਸ ਆ ਕੇ ਬਾਹਰਲਾ ਗੇਟ ਟੱਪਣ ਹੀ ਲੱਗਾ ਸਾਂ ਕੇ ਕਿਧਰੋਂ ਬਿੜਕ ਜਿਹੀ ਹੋਈ..ਇੰਝ ਲੱਗਾ ਕੋਈ ਆਖ ਰਿਹਾ ਸੀ..”ਕਾਕਾ ਸੜਕ ਪਾਰ ਕਰਦਿਆਂ ਏਧਰ ਦੇਖ ਲਿਆ ਕਰ..ਤੈਨੂੰ ਪਤਾ ਸੜਕ ਕਿੰਨੀ ਵਗਦੀ ਏ ਅੱਜ ਕੱਲ..”

ਇਹ ਹੂ-ਬਹੂ ਓਹੀ ਅਵਾਜ ਸੀ ਜਿਹੜੀ ਨਿੱਕੇ ਹੁੰਦਿਆਂ ਅਕਸਰ ਹੀ ਕੰਨੀਂ ਪੈ ਜਾਇਆ ਕਰਦੀ..

ਦਿਲ ਦੀ ਧੜਕਣ ਵੱਧ ਗਈ ਤੇ ਨਜਰਾਂ ਕਿਸੇ ਗੁਆਚੇ ਹੋਏ ਨੂੰ ਲੱਭਣ ਵਿਚ ਰੁੱਝ ਗਈਆਂ..

ਫੇਰ ਕਾਹਲੀ ਵਿਚ ਬਾਹਰਲਾ ਗੇਟ ਖੁੱਲ੍ਹਾ ਰਹਿ ਗਿਆ..
ਇਹਸਾਸ ਹੋਇਆ ਬਾਪੂ ਹੂਰੀ ਇੱਕ ਵਾਰ ਫੇਰ ਆਖ ਰਹੇ ਹੋਣ “ਕਾਕਾ ਹੁਣ ਇਹ ਖੁੱਲ੍ਹਾ ਹੋਇਆ ਗੇਟ ਕੌਣ ਬੰਦ ਕਰੂ..ਖਿਆਲ ਰਖਿਆ ਕਰੋ..ਮਾਹੌਲ ਖਰਾਬ ਨੇ”
ਨਿੱਕੇ ਹੁੰਦਿਆਂ ਆਥਣ ਵੇਲੇ ਗੇਟ ਖੁੱਲ੍ਹਾ ਰਹਿਣ ਦੇਣ ਕਰਕੇ ਪਤਾ ਨੀਂ ਕਿੰਨੀ ਵਾਰ ਝਿੜਕਾਂ ਖਾਣੀਆਂ ਪਈਆਂ ਸਨ..!
ਕੁੰਡੀ ਲਾ ਕੇ ਵਾਪਿਸ ਮੁੜਦੇ ਹੋਏ ਨੇ ਇੱਕ ਵਾਰ ਫੇਰ ਏਧਰ ਓਧਰ ਵੇਖਿਆ..ਇਹ ਵੀ ਭੁਲੇਖਾ ਜਿਹਾ ਹੀ ਲੱਗਾ..!

ਫੇਰ ਦੋ ਦਿਨ ਤੋਂ ਉਨੀਂਦਰੇ ਨੂੰ ਪਤਾ ਹੀ ਨੀ ਲੱਗਾ ਕਦੋਂ ਸੋਫੇ ਤੇ ਬੈਠੇ ਨੂੰ ਨੀਂਦਰ ਆ ਗਈ..
ਫੇਰ ਸੁੱਤਾ ਪਿਆ ਅੱਬੜਵਾਹੇ ਉੱਠ ਖਲੋਤਾ..ਇਸ ਵਾਰ ਵੀ ਬਾਪੂ ਹੂਰੀ ਆਖ ਰਹੇ ਸਨ “ਅੱਜ ਪਾਣੀ ਦੀ ਵਾਰੀ ਏ ਤੇ ਤੂੰ ਸੁੱਤਾ ਪਿਆ ਏਂ..”
ਅੱਖਾਂ ਮਲਦਾ ਹੋਇਆ ਬਾਹਰ ਨੂੰ ਤੁਰਨ ਲੱਗਾ ਤਾਂ ਫੇਰ ਕਿਧਰੋਂ ਅਵਾਜ ਜਿਹੀ ਪਈ..”ਅੱਖਾਂ ਖੋਲ ਕੇ ਤੁਰਿਆ ਕਰ..ਮੀਣੀ ਮੱਝ ਦੇ ਕੀਲੇ ਤੋਂ ਠੇਡਾ ਲੱਗ ਗਿਆ ਤਾਂ ਸੱਟ ਬੜੀ ਲੱਗੂ”..!

ਏਨੇ ਨੂੰ ਬਿਜਲੀ ਵੀ ਆ ਗਈ ਤੇ ਮੈਂ ਟਿਊਬਵੈੱਲ ਦਾ ਸਟਾਰਟਰ ਔਨ ਕਰਨ ਬਾਹਰ ਨੂੰ ਨਿੱਕਲ ਗਿਆ..ਕੀ ਦੇਖਿਆ ਅੱਗੋਂ ਤਿੰਨ ਸਾਲਾਂ ਦੇ ਨਿੱਕਾ ਪੋਤਰਾ ਬਾਹਰ ਪਹੇ ਤੇ ਕੱਲਾ ਹੀ ਖੇਡੀ ਜਾ ਰਿਹਾ ਸੀ..
ਜਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਉਚੀ ਸਾਰੀ ਆਖ ਉਠਿਆ..”ਕਿਥੇ ਚਲੇ ਗਏ ਓ ਸਾਰੇ..ਧਿਆਨ ਹੀ ਨਹੀਂ ਜੁਆਕ ਵੱਲ..ਵਿਚਾਰਾ ਕੱਲਾ ਹੀ ਖੇਡੀ ਜਾਂਦਾ ਬਾਹਰ..ਆਥਣ ਵੇਲੇ ਕੋਈ ਅਬੀ ਨਬੀ ਹੋ ਗਈ ਤਾਂ ਕੌਣ ਜੁੰਮੇਵਾਰ ਏ”

ਸਾਰਾ ਟੱਬਰ ਦੌੜਦਾ ਹੋਇਆ ਬਾਹਰ ਨੂੰ ਆ ਗਿਆ ਤੇ ਕਿਸੇ ਨੇ ਘੱਟੇ ਨਾਲ ਲਿੱਬੜੇ ਹੋਏ ਨੂੰ ਓਸੇ ਵੇਲੇ ਕੁੱਛੜ ਚੁੱਕ ਲਿਆ..!

ਫੇਰ ਅਚਾਨਕ ਚੇਤਾ ਆਇਆ ਕੇ ਬਾਪੂ ਹੂਰੀ ਅਕਸਰ ਹੀ ਆਖਿਆ ਕਰਦੇ ਸਨ ਕੇ “ਬੰਬੀ ਚਲਾਉਣ ਜਾਣਾ ਹੁੰਦਾ ਏ ਤਾਂ ਬੰਦ ਜੁੱਤੀ ਪਾ ਕੇ ਜਾਇਆ ਕਰ..ਸੌ ਕੀਟ ਪਤੰਗ ਠੰਡੇ ਥਾਂ ਲੁਕ ਕੇ ਬੈਠਾ ਹੁੰਦਾ..ਨਾਲੇ ਬਿਜਲੀ ਦਾ ਕੰਮ..ਇਹ ਕਿਹੜੀ ਲਿਹਾਜ ਕਰਦੀ ਕਿਸੇ ਦਾ”

ਪੈਰੀ ਪਾਉਣ ਨੂੰ ਕੋਈ ਜੁੱਤੀ ਨਾ ਲੱਭੀ..ਕੁਦਰਤੀ ਹੀ ਕੋਲ ਪਈ ਬਾਪੂ ਹੁਰਾਂ ਦੀ ਓਹੋ “ਗੁਰਗਾਬੀ” ਨਜ਼ਰੀਂ ਪੈ ਗਈ..ਛੇਤੀ ਨਾਲ ਪੈਰੀਂ ਪਾ ਲਈ..ਮਹਿਸੂਸ ਹੋਇਆ ਕੇ ਅੱਜ ਪੈਰੀ ਪਾਈ ਬਿਲਕੁਲ ਵੀ “ਖੁੱਲੀ” ਨਹੀਂ ਸੀ ਲੱਗ ਰਹੀ ਸਗੋਂ ਇੰਝ ਲੱਗ ਰਿਹਾ ਸੀ ਜਿੱਦਾਂ ਕੋਈ ਐਨ ਪੈਰਾਂ ਦੇ ਮੇਚ ਦੀ ਨਵੀਂ ਬਣਵਾ ਉਚੇਚਾ ਸਾਡੇ ਘਰੇ ਛੱਡ ਗਿਆ ਹੋਵੇ!

ਹਰਪ੍ਰੀਤ ਸਿੰਘ ਜਵੰਦਾ

You may also like