ਪਹਾੜ ਵਾਲੇ ਤੀਰਥ ਦੀ ਯਾਤਰਾ ਤੋਂ ਵਾਪਿਸ ਆਉਂਦੀ ਸੰਗਤ ਬੜੀ ਪ੍ਰਸੰਨ ਸੀ। ਪਿੰਡ ਦੇ ਸਧਾਰਨ ਬੰਦਿਆਂ-ਬੁੜੀਆਂ ਲਈ ਇਹ ਯਾਤਰਾ ਘੱਟ ਤੇ ਸੈਰ ਸਪਾਟਾ ਜਿਆਦਾ ਸੀ। ਸਰਪੰਚ ਦਾ ਮੁੰਡਾ ਛਿੰਦਾ ਸਭ ਦੀ ਅਗਵਾਈ ਕਰ ਰਿਹਾ ਸੀ।ਜਦੋ ਸਰਕਾਰ ਨੇ ਪਿੰਡਾਂ ਵਿਚ ਕਲੱਬ ਬਣਾਏ ਤਾ ਸਰਪੰਚ ਨੇ ਉਸਨੂੰ ਕਲੱਬ ਦਾ ਪ੍ਰਧਾਨ ਬਣਾ ਦਿੱਤਾ ਸੀ।ਲੀਡਰੀ ਚਮਕਾਉਣ ਵਾਲੇ ਸਾਰੇ ਵਿੰਗ ਵੱਲ ਵਿਰਾਸਤ ਵਿਚ ਹੀ ਉਸ ਨੂੰ ਮਿਲ ਗਏ ਸਨ। ਅਚਾਨਕ ਹੀ ਬੱਸ ਦੇ ਬਰੇਕ ਲੱਗ ਗਏ। ਸਾਹਮਣੇ ਦੇਖਿਆਂ ਤਾਂ ਕਈ ਵਹੀਕਲ ਪਹਿਲਾ ਹੀ ਖੜੇ ਸਨ। ਕਾਫੀ ਸਵਾਰੀਆਂ ਬੱਸ ਵਿਚੋਂ ਉਤਰ ਕੇ ਅਗੇ ਆ ਗਈਆਂ। ਉਪਰੋਂ ਡਿੱਗੇ ਪੱਥਰਾਂ ਨੇ ਸੜਕ ਰੋਕ ਦਿੱਤੀ ਸੀ।ਕੁਦਰਤੀ ਕੋਈ ਵੱਡੀ ਚਟਾਨ ਨਹੀਂ ਡਿੱਗੀ ਸੀ।
ਦੂਜੇ ਪਾਸੇ ਵੀ ਕਾਫੀ ਵਾਹਨ ਖੜੇ ਸਨ।ਪਤਾ ਲੱਗਿਆ ਸਡ਼ਕ ਨੂੰ ਸਾਫ ਕਰਨ ਲਈ ਪ੍ਰਸ਼ਾਸਨ ਦੀ ਉਡੀਕ ਕੀਤੀ ਜਾ ਰਹੀ ਸੀ। ਪਿੰਡ ਵਾਲਿਆ ਅੱਗੇ ਜਾ ਕੇ ਪੁਛ-ਗਿੱਛ ਕੀਤੀ ਤਾਂ ਪਤਾ ਲੱਗਿਆਂ ਕਿ ਤਿੰਨ ਚਾਰ ਘੰਟੇ ਤਾਂ ਮਾਮੂਲੀ ਗੱਲ ਹੈ। ਇਹ ਸੁਣ ਕੇ ਉਹਨਾਂ ਦੇ ਮੂੰਹ ਉਤਰ ਗਏ। ਪਿੱਛੇ ਖੜੇ ਕੈਲੇ ਨੇ ਪੱਥਰ ਗਿਣੇ ਤਾਂ ਕੁੱਲ ਸੱਤ ਪੱਥਰ ਸਨ।ਉਸਨੇ ਨਾਲਦਿਆ ਨਾਲ ਘੁਸਰ ਮੁਸਰ ਕੀਤੀ। । ਉਸ ਨੇ ਛਿੰਦੇ ਨੂੰ ਪੁੱਛਿਆਂ, “ਪਾੜਿਆਂ, ਭਲਾ ਕਿੰਨਾ-ਕਿੰਨਾ ਭਾਰ ਹੋਊ ਇਹਨਾਂ ਵਿਚ।”
” ਕਿਉਂ ਚੁੱਕਣੇ ਤੂੰ? “ਛਿੰਦੇ ਨੇ ਵਿੰਅਗ ਕਰਨੇ ਅੰਦਾਜ ਵਿਚ ਕਿਹਾ ਤੇ ਫੇਰ ਨਾਲ ਹੀ ਜੋੜਿਆਂ, ਅੱਠ ਦੱਸ ਕੁਇੰਟਲ ਤੋਂ ਵੱਧ ਹੀ ਹੋਊ ਭਾਰ । “ਕੈਲੇ ਨੇ ਨਾਲ ਵਾਲਿਆਂ ਨਾਲ ਇੱਕ ਵਾਰ ਫੇਰ ਨਜ਼ਰ ਮਿਲਾਈ। ਤਿੰਨ-ਚਾਰ ਜਣਿਆਂ ਨੇ ਸਿਰ ਹਿਲਾਉਂਦੇ ਕਮੀਜ ਦੀਆਂ ਬਾਹਵਾ ਟੰਗ ਲਇਆਂ ।ਉਹਨਾਂ ਨੂੰ ਪੱਥਰਾਂ ਕੋਲ ਜਾਂਦੇ ਛਿੰਦੇ ਨੇ ਕਿਹਾ,” ਕਿਉਂ ਕਮਲਿਆਂ ਵਾਲੀਆਂ ਗੱਲਾਂ ਕਰਦੇ ਹੋ, ਸਾਰਿਆਂ ਦੀ ਬੇਇਜੱਤੀ ਕਰਾਉਂਗੇ। “ਪਰ ਉਹਨਾਂ ਨੇ ਬਹੁਤਾ ਧਿਆਨ ਨਾ ਦਿੱਤਾ।
ਉਹਨਾਂ ਪਹਿਲੇ ਪੱਥਰ ਨੂੰ ਜੋਰ ਮਾਰਿਆ ਉਹ ਹਿੱਲਿਆ ਤਾ ਪਰ ਰੁੜ੍ਹਿਆ ਨਾ।ਛਿੰਦੇ ਦੀ ਵਿਅੰਗਮਈ ਮੁਸਕਾਨ ਹੋਰ ਗੂੜੀ ਹੋ ਗਏ,ਉਹ ਬੁੜ ਬੜਾਇਆ,”ਸਾਲੇ ਮੂਰਖ।”ਪਰ ਉਹ ਯਤਨ ਕਰਦੇ ਰਹੇ।ਉਹਨਾਂ ਲਗੇ ਦੇਖ ਕੇ ਪੰਜ ਸੱਤ ਗੱਡੀਆਂ ਦੇ ਡਰਾਇਵਰ ਵੀ ਨਾਲ ਲੱਗ ਗਏ। ਛਿੰਦਾ ਕੱਛਾ ਵਿਚ ਹੱਥ ਦੇਈ ਉਹਨਾਂ ਵਲ ਵਿਅੰਗ ਨਾਲ ਫੇਰ ਮੁਸਕਰਾਇਆ ਤੇ ਬੱਸ ਵੱਲ ਤੁਰਨ ਲੱਗਿਆ।
ਹਾਲੇ ਉਸ ਨੇ ਮੂੰਹ ਹੀ ਭਵਾਈਐ ਸੀ ਕਿ ਵੱਡਾ ਜੈਕਾਰਾ ਗੂੰਜਿਆ ਤੇ ਨਾਲ ਹੀ ਇਕ ਪੱਥਰ ਦੇ ਖੱਡ ਵਿਚ ਰੁੜਨ ਦੀ ਅਵਾਜ ਆਈ।ਉਸਨੇ ਹੈਰਾਨੀ ਨਾਲ ਮੁੜ ਕੇ ਵੇਖਿਆ, ਕੈਲੇ ਵਰਗੇ ਦੂਜੇ ਪੱਥਰ ਨੂੰ ਲੱਗੇ ਹੋਏ ਸੀ ।ਪੰਦਰਾਂ ਕੁ ਮਿੰਟਾ ਵਿਚ ਉਹਨਾਂ ਨੇ ਛੇ ਪੱਥਰ ਸੜਕ ਤੋਂ ਹਟਾ ਦਿੱਤੇ ਸੀ। ਆਖਰੀ ਸਭ ਤੋਂ ਵੱਡੇ ਪੱਥਰ ਨੂੰ ਧੱਕ ਕੇ ਕਿਨਾਰੇ ਤੇ ਲੈ ਕੇ ਗਏ ਤਾਂ ਛਿੰਦੇ ਨੇ ਹੋਕਰਾ ਮਾਰਿਆਂ,” ਖੜੀਓ ਯਾਰ ਮਾੜਾ ਜਾ,” ਸਾਰੇ ਰੁੱਕ ਗਏ। ਉਸ ਨੇ ਆਪਣਾ ਆਈ ਫੋਨ ਕਾਹਲੀ ਨਾਲ ਇਕ ਨੂੰ ਫੜਾਉਂਦੇ ਕਿਹਾ ਫੋਟੋ ਖਿੱਚੀ ਤੇ ਆਪ ਜਾ ਕੇ ਸਭ ਤੋਂ ਮੁਹਰਲੇ ਪਾਸੇ ਪੱਥਰ ਨੂੰ ਹੱਥ ਲਾ ਕੇ ਖੜਾ ਹੋ ਗਿਆ। ਕਲਿਕ-ਕਲਿਕ ਹੋਈ ਤੇ ਉਹਨਾਂ ਪੱਥਰ ਸੜਕ ਤੋ ਖੱਡ ਵਿਚ ਸੁੱਟ ਦਿੱਤਾ। ਟਰੈਫਿਕ ਚਾਲੂ ਹੋ ਗਿਆ। ਬੱਸ ਫੇਰ ਹੌਲੀ ਹੌਲੀ ਜਾਮ ਵਿਚੋਂ ਤੁਰ ਪਈ ਸੀ। ਥੋੜੇ ਟਾਈਮ ਬਾਅਦ ਪਿੱਛੇ ਸਿਰ ਘੁੰਮਾ ਕੇ ਦੇਖਿਆ ,ਕੈਲਾ ਤੇ ਸਾਥੀ ਅੱਖਾਂ ਬੰਦ ਕਰੀ ਸੀਟਾਂ ਤੇ ਬੈਠੇ ਊਂਘ ਰਹੇ ਸਨ,ਸ਼ਾਇਦ ਇਹ ਥਕਾਵਟ ਕਾਰਨ ਸੀ।
ਉਧਰ ਛਿੰਦੇ ਨੇ ਆਪਣੀ ਤੇ ਪੱਥਰ ਵਾਲੀ ਫੋਟੋ ਨੂੰ ਫੇਸਬੁੱਕ ਤੇ ਅਪਲੋਡ ਕਰਕੇ ਲਿਖਿਆ, ‘ਸੇਵਾ ਦੇਸ਼ ਦੀ ਕਰਨੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆ ਨੇ ਤੁਹਾਡੇ ਸਮਾਜ ਸੇਵੀ ਵੀਰ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਸੜਕ ਸਾਫ ਕਰਕੇ ਕੀਤੀ ਜਾਮ ਵਿਚ ਫਸੇ ਯਾਤਰੀਆਂ ਦੀ ਮਦਦ,ਪ੍ਰਦੇਸ਼ ਵਿਚ ਜਾ ਕੇ ਵੀ ਨਹੀਂ ਮਰਨ ਦਿਤਾ ਸਮਾਜ ਸੇਵਾ ਦਾ ਜ਼ਜਬਾ।’ ਮਿੰਟਾਂ ਸਕਿੰਟਾਂ ਵਿਚ ਹੀ ਲਾਇਕ ਅਤੇ ਕੁਮੈਂਟਾਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ।ਉਹ ਉਹਨਾਂ ਨੂੰ ਗਿਣਦਾ ਖ਼ੁਸ਼ ਹੋ ਰਿਹਾ ਸੀ।ਪਰ ਹਾਲੇ ਵੀ ਉਸਦਾ ਮਨ ਸੰਤੁਸ਼ਟ ਨਹੀਂ ਸੀ।ਫੇਰ ਉਸਨੇ ਪੱਤਰਕਾਰ ਦੋਸਤ ਨੂੰ ਫੋਟੋ ਭੇਜ ਕੇ ਵੱਡੀ ਖਬਰ ਲਈ ਵੀ ਕਹਿ ਦਿੱਤਾ ਸੀ।ਬੱਸ ਮੰਜਿਲ ਵੱਲ ਭੱਜੀ ਜਾ ਰਹੀ ਸੀ।ਹੁਣ ਉਹ ਅੱਖਾਂ ਬੰਦ ਕਰੀਂ ਕੱਲ ਦੇ ਅਖਬਾਰ ਵਿਚ ਛਪਣ ਵਾਲੀ ਵੱਡੇ ਸਮਾਜਸੇਵੀ ਵਜੋਂ ਆਪਣੀ ਤਸਵੀਰ ਵਾਲੀ ਖਬਰ ਨੂੰ ਮਨ ਵਿਚ ਚਿਤਵਦਾ ਮੰਦ ਮੰਦ ਮੁਸਕਰਾ ਰਿਹਾ ਸੀ।
ਭੁਪਿੰਦਰ ਸਿੰਘ ਮਾਨ
admin
ਸ਼ਹਿਰ ਵਿੱਚ ਖੁੱਲ੍ਹੇ ਨਵੇਂ ਮਾਲ ਦੀ ਬੜੀ ਚਰਚਾ ਸੀ। ਛੁੱਟੀ ਵਾਲੇ ਦਿਨ ਘਰ ਵਾਲੀ ਦੀ ਫਰਮਾਇਸ਼ ਤੇ ਅਸੀਂ ਵੀ ਉੱਥੇ ਜਾ ਪਹੁੰਚੇ ।ਅਸੀਂ ਅੱਧੇ ਘੰਟੇ ਵਿੱਚ ਤੁਰਦੇ ਫਿਰਦੇ ਇੱਕ ਜੁੱਤਿਆਂ ਦੇ ਮਸ਼ਹੂਰ ਬਰਾਂਡ ਵਾਲੀ ਦੁਕਾਨ ਤੇ ਪਹੁੰਚ ਗਏ।ਬਾਹਰ ਕਾਫ਼ੀ ਵੱਡੀ ਛੋਟ ਵਾਲੀ ਸੇਲ ਦਾ ਬੋਰਡ ਲੱਗਿਆ ਹੋਇਆ ਸੀ |ਉੱਥੇ ਕਾਫੀ ਭੀੜ ਸੀ ਤੇ ਜਦੋਂ ਮੈਂ ਅੰਦਰ ਪਹੁੰਚਿਆ ਤਾਂ ਮੇਰੀ ਨਜ਼ਰ ਸਾਹਮਣੇ ਬੈਠੀ ਰਾਜਵਿੰਦਰ ਤੇ ਪਈ।ਉਹ ਵੀ ਖਰੀਦਦਾਰੀ ਕਰ ਰਹੀ ਸੀ।ਉਸ ਦੇ ਕੋਲ ਇੱਕ ਭੈੜੇ ਜੇ ਢੰਗ ਨਾਲ ਕਟਾਏ ਅਤੇ ਦੋ ਰੰਗੇ ਵਾਲਾਂ ਵਾਲਾ ਮੁੰਡਾ ਬੈਠਾ ਸੀ। ਜਿਸਦੇ ਕੰਨ ਵਿੱਚ ਮੁੰਦਰੀ ਪਾਈ ਹੋਈ ਸੀ,ਉਸਦਾ ਰੰਗ ਕਾਫੀ ਪੱਕਾ ਸੀ।ਉਸਦੇ ਕਾਲੇ ਪਏ ਬੁਲ੍ਹ ਉਸਦੀ ਹੋਰ ਕਾਰਸਤਾਨੀ ਦੀ ਗਵਾਹੀ ਭਰ ਰਹੇ ਸਨ।ਉਹਨਾਂ ਨਾਲ ਦੋ ਹੋਰ ਕੁੜੀਆਂ ਨਾਲ ਖੜ੍ਹੀਆਂ ਸਨ।ਜਿਹਨਾਂ ਦੇ ਚਿਹਰੇ ਮੋਹਰੇ ਉਸ ਮੁੰਡੇ ਨਾਲ ਕਾਫੀ ਮਿਲਦੇ ਹੋਣ ਕਰਕੇ ਉਸਦੀਆਂ ਭੈਣਾਂ ਜਾਪਦੀਆਂ ਸਨ। ਪਾਸੇ ਬੈਂਚ ਤੇ ਇੱਕ ਜ਼ਨਾਨੀ ਬੈਠੀ ਉਨ੍ਹਾਂ ਵੱਲ ਹੀ ਦੇਖ ਰਹੀ ਸੀ ,ਨੈਣ ਨਕਸ਼ ਤੋ ਜਿਹੜੀ ਸ਼ਾਇਦ ਰਾਜਵਿੰਦਰ ਦੀ ਮਾਂ ਸੀ।ਸਾਰੇ ਜਾਣੇ ਰਾਜਵਿੰਦਰ ਅੱਗੇ ਵਿਛੇ ਪਏ ਸਨ।ਜੁੱਤੀਆਂ ਦਾ ਢੇਰ ਲੱਗਿਆ ਪਿਆ ਸੀ।ਰਾਜਵਿੰਦਰ ਨੇ ਮੈਨੂੰ ਦੇਖ ਕੇ ਸਤਿ ਸ੍ਰੀ ਅਕਾਲ ਬੁਲਾਈ ।ਮੈਂ ਵੀ ਰਾਜਵਿੰਦਰ ਨੂੰ ਦੇਖ ਕੇ ਖੁਸ਼ ਹੋ ਗਿਆ।ਉਹ ਮੇਰੀ ਜ਼ਹੀਨ ਵਿਦਿਆਰਥਣ ਸੀ।ਜਿੰਨੀ ਉਹ ਦਿਮਾਗੀ ਤੋਰ ਤੇ ਰੋਸ਼ਨ ਸੀ ਓਨਾ ਹੀ ਸੁਹੱਪਣ ਅਤੇ ਲਿਆਕਤ ਕੁਦਰਤ ਨੇ ਉਸ ਨੂੰ ਬਖਸ਼ਿਸ਼ ਕੀਤੀ ਸੀ।ਉਸਦੀ ਗਿਣਤੀ ਜਮਾਤ ਦੇ ਸਭ ਤੋਂ ਆਗਿਆਕਾਰੀ ਬੱਚਿਆਂ ਵਿੱਚ ਹੁੰਦੀ ਸੀ।ਪਿਛਲੇ ਸਾਲ ਹੀ ਉਸ ਨੇ ਬਾਰ੍ਹਵੀਂ ਵਿੱਚੋਂ ਮੈਰਿਟ ਵਿੱਚ ਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ ,ਭਾਵੇਂ ਉਹ ਘਰੋਂ ਆਰਥਿਕ ਤੌਰ ਤੇ ਤਕੜੇ ਨਹੀਂ ਸੀ ।ਪਰ ਫਿਰ ਵੀ ਸਾਨੂੰ ਆਸ ਸੀ ਕਿ ਉਹ ਜ਼ਰੂਰ ਆਈ.ਏ.ਐੱਸ ਜਾਂ ਪੀ.ਸੀ.ਐੱਸ ਦਾ ਇਮਤਿਹਾਨ ਪਾਸ ਕਰਕੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕਰੂਗੀ।
ਉਸਦੇ ਹੱਥਾਂ ਵਿਚ ਤਾਂ ਲਾਲ ਚੂੜਾ ਅਤੇ ਮਾਂਗ ਵਿਚ ਸੰਦੂਰ ਦੇਖ ਕੇ ਮੈਂ ਹੈਰਾਨ ਹੋ ਗਿਆ ਸੀ। ਮੈਨੂੰ ਆਪਣੇ ਚੂੜੇ ਵੱਲ ਦੇਖਦਾ ਦੇਖ ਕੇ ਉਹ ਮੁਸਕਰਾ ਪਈ। ਉਸਦੀ ਮੁਸਕਰਾਹਟ ਵਿੱਚ ਖੁਸ਼ੀ ਦੀ ਬਜਾਏ ਖਾਮੋਸ਼ ਗਮੀ ਝਲਕ ਰਹੀ ਸੀ। ਮੈਂ ਕਿਹਾ,” ਪੁੱਤ ਵਿਆਹ ਕਰਵਾ ਲਿਆ ,ਜੇ ਹੋਰ ਪੜ੍ਹ ਲੈਂਦੀ ਤਾ ਬਹੁਤ ਚੰਗੀ ਨੌਕਰੀ ਸਕਦੀ ਸੀ ।”ਉਸ ਦੇ ਚਿਹਰੇ ਤੇ ਉਦਾਸੀ ਦੀ ਪਲੱਤਣ ਆ ਗਈ ,”ਨਹੀਂ ਸਰ ਹੁਣ ਮੈਂ ਆਈਲੈਟਸ ਕਰ ਲਈ ਤੇ ਕੈਨੇਡਾ ਚੱਲੀ ਹਾ।”ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ, ਕਿਉਂਕਿ ਵਿਦੇਸ਼ ਵਿੱਚ ਤਾਂ ਪੜ੍ਹਨ ਲਈ ਕਾਫੀ ਜ਼ਿਆਦਾ ਪੈਸਿਆਂ ਦੀ ਲੋੜ ਸੀ ।ਮੈਂ ਕਿਹਾ ,” ਚਲੋ ਤਾਂ ਠੀਕ ਹੈ ਪੁੱਤਰ ।”ਉਸ ਕੋਲ ਬੈਠਾ ਮੁੰਡਾ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਤੱਕ ਰਿਹਾ ਸੀ ।ਮੈਂ ਵੀ ਉਸ ਵੱਲ ਧਿਆਨ ਨਾਲ ਦੇਖਿਆ ।ਉਸੇ ਸਮੇਂ ਰਾਜਵਿੰਦਰ ਦੇ ਬੋਲ ਸੁਣਾਈ ਦਿਤੇ,”ਸਰ ਇਹ ਮੇਰੇ ਹਸਬੈਂਡ ਨੇ”। ਮੁੰਡਾ ਝਾਕਦਾ ਤਾ ਰਿਹਾ ਪਰ ਕੋਈ ਦੁਆ ਸਲਾਮ ਨਾ ਕੀਤੀ।ਅਜੀਬ ਜਿਹੀ ਆਕੜ ਅਤੇ ਘੁਮੰਡ ਉਸਦੀ ਤੱਕਣੀ ਵਿੱਚ ਸੀ।
ਰਾਜਵਿੰਦਰ ਦੀ ਮਾਂ ਬੈਂਚ ਤੋਂ ਉੱਠ ਕੇ ਸਾਡੇ ਕੋਲ ਆ ਗਈ ਉਸ ਨੇ ਸਾਰੀ ਗੱਲਬਾਤ ਸੁਣ ਲਈ ਸੀ ।ਉਹ ਬੋਲੀ ,”ਸਰ ਜੀ , ਮੁੰਡੇ ਤਾ ਦੋਵੇਂ ਪੜ੍ਹੇ ਨਹੀਂ ਇਹੀ ਪੜ੍ਹਦੀ ਸੀ ,ਚਲੋ ਸੁੱਖ ਨਾਲ ਰੱਬ ਨੇ ਸਾਡੀ ਵੀ ਸੁਣ ਲਈ , ਸਾਡਾ ਸਾਰਾ ਟੱਬਰ ਵੀ ਕੈਨੇਡਾ ਚਲਾ ਜਾਊਂਗਾ, ਮੇਰੇ ਮੁੰਡਿਆਂ ਦੀ ਵੀ ਜ਼ਿੰਦਗੀ ਬਣਜੂਗੀ ।”ਉਸਦੀ ਮਾਂ ਨੇ ਆਕਾਸ ਵੱਲ ਹੱਥ ਜੋੜਦੇ ਸਾਰੀ ਗੱਲ ਇੱਕੋ ਸਾਹ ਦੱਸ ਦਿੱਤੀ ਸੀ।
ਸਾਨੂੰ ਵੀ ਸਾਰਾ ਮਾਜਰਾ ਸਮਝ ਆ ਚੁੱਕਿਆ ਸੀ ।ਮੁੰਦਰੀ ਪਾਈ ਬੈਠੇ ਬਦਮਾਸ਼ ਜਿਹੀ ਦਿੱਖ ਵਾਲੇ ਮੁੰਡੇ ਦੇ ਪਰਿਵਾਰ ਨੇ ਹੀ ਉਸ ਦੀ ਫੀਸ ਦਾ ਖਰਚਾ ਚੁੱਕਿਆ ਹੋਣਾ। ।ਮੈਂ ਆਪਣੀ ਪਤਨੀ ਵੱਲ ਦੇਖਿਆ ਉਹਦੀਆਂ ਅੱਖਾਂ ਵਿੱਚ ਹੈਰਾਨੀ ਦੇ ਨਾਲ ਦੁੱਖ ਦੀ ਝਲਕ ਨਜ਼ਰ ਆ ਰਹੀ ਸੀ।ਮੇਰਾ ਉਸ ਕੁਜੋੜ ਰਿਸਤੇ ਨੂੰ ਦੇਖ ਮਨ ਉੱਖੜ ਗਿਆ ਤੇ ਅਸੀਂ ਕੋਈ ਵੀ ਚੀਜ਼ ਖਰੀਦੇ ਤੋਂ ਬਿਨਾਂ ਹੀ ਦੁਕਾਨ ਤੋਂ ਬਾਹਰ ਨੂੰ ਤੁਰ ਪਏ ।ਮੈਂ ਦੁਬਾਰਾ ਮੁੜ ਕੇ ਦੇਖਿਆ ਰਾਜਵਿੰਦਰ ਫੇਰ ਖਰੀਦਦਾਰੀ ਵਿਚ ਖੁਭ ਗਈ ਸੀ ਪਰ ਉਸਦਾ ਲਾਲ ਚੂੜਾ ਮੇਰੀਆਂ ਅੱਖਾਂ ਵਿੱਚ ਚੁੱਭ ਰਿਹਾ ਸੀ ।ਅਚਾਨਕ ਹੀ ਮੇਰੀ ਕਲਪਨਾ ਵਿਚ ਚੂੜਾ ਪੌੜੀ ਦਾ ਰੂਪ ਲੈ ਗਿਆ , ਜਿਵੇ ਉਸ ਪੌੜੀ ਤੇ ਚੜ ਕੇ ਉਸਦਾ ਸਾਰਾ ਟੱਬਰ ਕੈਨੇਡਾ ਦੇ ਜਹਾਜ਼ ਤੇ ਸਵਾਰ ਹੋਣ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੋਵੇ।
ਭੁਪਿੰਦਰ ਸਿੰਘ ਮਾਨ
ਮੈ ਪਟਿਆਲੇ ਤੋ ਵਾਪਸ ਪਿੰਡ ਪਰਤ ਰਿਹਾ ਸੀ,ਇਸ ਪਾਸੇ ਮੇਰਾ ਆਉਣਾ ਜਾਣਾ ਜਿਆਦਾ ਨਹੀ, ਇਸ ਲਈ ਮੈ ਬਾਹਰ ਦਿਲਚਸਪੀ ਨਾਲ ਦੇਖ ਰਿਹਾ ਸੀ ,ਕਿ ਮੇਰੇ ਨਾਲ ਦੀਆਂ ਖਾਲੀ ਪਈਆ ਸੀਟਾ ਤੇ ਇੱਕ ਜੋੜਾ ਆਣ ਬੈਠਾ ਜਿੰਨਾ ਦੀ ਉਮਰ ਲਗਭਗ 45-50 ਕੁ ਸਾਲ ਦੀ ਹੋਵੇਗੀ। ਉਹ ਦੋਵੇ ਪਤੀ ਪਤਨੀ ਸਨ । ਸਾਦਾ ਪਹਿਰਾਵਾ ਸੀ ਤੇ ਪੂਰਨ ਪਿੰਡ ਦੇ ਵਸਨੀਕ ਸੀ। ਉਹ ਬੈਠੇ ਕਿ ਨਾਲ ਹੀ ਕੰਡਕਟਰ ਆ ਗਿਆ ਤੇ ਉਹਨਾ ਦੀ ਟਿਕਟ ਕੱਟ ਗਿਆ। ਟਿਕਟ ਲੈਣ ਦੇ ਬਾਅਦ ਉਹ ਦੋਵੇ ਚੁੱਪ ਕਰਕੇ ਬੈਠ ਗਏ ,ਤੇ ਉਹਨਾ ਦੀ ਚੁੱਪ ਦੱਸ ਰਹੀ ਸੀ ,ਕਿ ਉਹ ਮੂੰਹੋ ਤਾਂ ਦੋਵੇ ਚੁੱਪ ਨੇ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ। ਮੈ ਵੀ ਚੁੱਪ ਚਾਪ ਬੈਠਾ ਸੀ ਕਿ ਅਚਾਨਕ ਉਸ ਔਰਤ ਨੇ ਚੁੱਪੀ ਤੋੜੀ ਤੇ ਆਪਣੇ ਪਤੀ ਨੂੰ ਕਿਹਾ ,”ਜੇ ਬਿੰਦਰ ਨੇ ਰੱਖੜੀ ਨਾ ਬੰਨੀ ਤਾਂ ਫੇਰ ਆਪਾ ਕੀ ਕਰਾਗੇ ?”
ਕੁਝ ਸੈਕਿੰਡ ਚੁੱਪ ਰਹਿਣ ਦੇ ਬਾਅਦ ਉਹ ਬੰਦਾ ਬੋਲਿਆ ,”ਆਏ ਕਿਵੇ ਨਾ ਬੰਨੂੰ ? ਇੱਡੀ ਕਿਹੜੀ ਡਾਂਗ ਚੱਲੀ ਏ ਆਪਣੀ ਕਿ ਉਹ ਇੱਕ ਰੱਖੜੀ ਵੀ ਨਾ ਬੰਨੁ,ਥੋੜੇ ਬਹੁਤ ਮਨ-ਮਟਾਵ ਤਾਂ ਕਿਤੇ ਕਿਤੇ ਹੋ ਹੀ ਜਾਂਦੇ ਨੇ ।”
ਬੇਸ਼ੱਕ ਉਸ ਬੰਦੇ ਨੇ ਇਹ ਗੱਲ ਆਪਣੇ ਘਰ ਵਾਲੀ ਨੂੰ ਕਹੀ ਸੀ ,ਪਰ ਉਸਦੇ ਕਹਿਣ ਦੇ ਅੰਦਾਜ ਵਿੱਚ ਮੈਨੂੰ ਉਸਦਾ ਪੂਰਾ ਵਿਸ਼ਵਾਸ ਨਹੀ ਸੀ ਦਿਸ ਰਿਹਾ। ਸ਼ਾਇਦ ਉਸਨੂੰ ਵੀ ਡਰ ਸੀ ਕਿ ਉਸਦੀ ਭੈਣ ਉਸਨੂੰ ਬੁਲਾਵੇਗੀ ਜਾ ਨਹੀ ,ਰੱਖੜੀ ਬੰਨੇਗੀ ਜਾ ਨਹੀ। ਉਹ ਇੰਨਾ ਕਹਿਣ ਦੇ ਬਾਅਦ ਚੁੱਪ ਹੋ ਕੇ ਬੈਠ ਗਿਆ ਤੇ ਉਹਦੀ ਪਤਨੀ ਵੀ ਕੁਝ ਨਾ ਬੋਲੀ। ਫੇਰ 10 ਮਿੰਟ ਬਾਅਦ ਉਹਦੀ ਪਤਨੀ ਬੋਲੀ,”ਤੁਸੀਂ ਇੱਕ ਵਾਰ ਉਹਨੂੰ ਫੋਨ ਤਾਂ ਲਾਵੋ,ਨਾਲੇ ਪਤਾ ਲੱਗ ਜੂ ਕਿ ਅੱਗੋ ਉਹ ਕੀ ਕਹਿੰਦੀ ਹੈ , ਜੇ ਅੱਗੋ ਬੁਰਾ ਭਲਾ ਬੋਲੀ ਤਾਂ ਆਪਾ ਇਥੋ ਹੀ ਮੁੜ ਚੱਲਾਗੇ ,ਜੇ ਉਹਨੇ ਚੰਗਾ ਮੰਨਿਆ ਤਾਂ ਫ਼ੇਰ ਉਹ ਵੀ ਰੱਖੜੀ ਖਰੀਦ ਲਉ,ਕੋਈ ਤਿਆਰੀ ਕਰ ਲਉ।”
ਉਸ ਬੰਦੇ ਨੂੰ ਆਪਣੀ ਪਤਨੀ ਦੀ ਗੱਲ ਸਹੀ ਲੱਗੀ ,ਉਹਨੇ ਬਿਨਾ ਕੁਝ ਬੋਲੇ ਹੀ ਫੋਨ ਕਰ ਲਿਆ । ਫੋਨ ਕੰਨ ਨੂੰ ਲਾ ਕਿ ਆਪਣੀ ਪਤਨੀਂ ਵੱਲ ਦੇਖਣ ਲੱਗਾ ਕਿ ਉਸਦੀਆ ਨਜਰ ਮੇਰੀਆ ਨਜਰਾ ਨਾਲ ਵੀ ਮਿਲ ਗਈਆ ,ਮੈਨੂੰ ਇੰਝ ਲੱਗਾ ਕਿ ਜਿਵੇ ਉਹ ਅੱਖਾ ਰਾਹੀ ਮੈਨੂੰ ਵੀ ਪੁੱਛ ਰਿਹਾ ਹੋਵੇ ਕਿ ਹੁਣ ਕੀ ਬਣੁਗਾ ਅੱਗੇ। ਅੱਗੋ ਕਿਸੇ ਨੇ ਫੋਨ ਚੱਕਿਆ ਤਾਂ ਉਹ ਬੋਲਿਆ ,”ਕੀ ਹਾਲ ਏ ਬਿੰਦਰੇ ,ਤਕੜੀ ਏ ?? ਮੈਂ ਰੱਖੜੀ ਬਣਾਉਣ ਆ ਰਿਹਾ,ਮੇਰੇ ਰੱਖੜੀ ਬੰਨ ਦੇਵੇਗੀ ?” ਆਖਿਰੀ ਲਾਇਨ ਬੋਲਦੇ ਉਹਦਾ ਥੋੜਾ ਗਚ ਭਰ ਆਇਆ ।
ਪਤਾ ਨਹੀ ਅੱਗੋ ਕੀ ਜਵਾਬ ਆਇਆ ਕਿ ਉਸਦੀਆ ਅੱਖਾ ਥੋੜੀਆ ਨਮ ਹੋ ਗਈਆ ਤੇ ਉਹਨੇ ਉਸੇ ਵਕਤ ਸਬ ਤੋਂ ਛੁਪਾਉਂਦਿਆ ਅੱਖਾ ਦਾ ਪਾਣੀ ਸਾਫ਼ ਕਰ ਲਿਆ। ਇੱਕ ਦੋ ਮਿੰਟ ਗੱਲ ਕੀਤੀ ਤੇ ਫੋਨ ਕੱਟ ਦਿੱਤਾ।
“ਕੀ ਕਹਿੰਦੀ ਬਿੰਦਰ ??” ਉਸਦੀ ਘਰਵਾਲੀ ਨੇ ਪੁੱਛਿਆ।
ਉਹ ਤਾਂ ਆਪ ਕਹਿੰਦੀ ਕਿ , “ਮੈ ਰੱਖੜੀ ਖਰੀਦੀ ਬੈਠੀ ਸੀ ,ਪਰ ਡਰਦੀ ਸੀ ਕਿ ਤੁਸੀਂ ਰੱਖੜੀ ਬਣਾਵੋਗੇ ਵੀ ਜਾ ਨਹੀ। ਆਉਣਾ ਤਾਂ ਮੈ ਹੀ ਚਾਹੁੰਦੀ ਸੀ ਕਿ ਆ ਕੇ ਰੱਖੜੀ ਬੰਨਾ ,ਪਰ ਇਸ ਡਰ ਮਾਰੀ ਫੋਨ ਵੀ ਨਹੀ ਲਾ ਸਕੀ।”
ਉਸ ਬੰਦੇ ਦੇ ਚਹਿਰੇ ਦੇ ਭਾਵ ਹੀ ਬਦਲ ਗਏ ਸੀ ,ਹੁਣ ਉਸਦੇ ਚੇਹਰੇ ਦਾ ਤਾਨਾਵ ਮੁਸਕਾਨ ਵਿੱਚ ਬਦਲ ਗਿਆ ਸੀ।
ਉਸ ਬੰਦੇ ਨੇ ਆਪਣੀ ਪਤਨੀ ਨੂੰ ਕਿਹਾ , “ਦੇਖ ਲੈ ਏਵੈ ਨਿੱਕੇ-ਨਿੱਕੇ ਰੋਸੇ ਵੱਡੇ ਹੋ ਜਾਂਦੇ ਨੇ ,ਜੇ ਇੱਕ ਬੰਦਾ ਸ਼ੁਰੁਆਤ ਕਰ ਦੇਵੇ ਤਾਂ ਸਬ ਰੋਸੇ ਮੁੱਕ ਜਾਂਦੇ ਨੇ।”
…
ਮੇਰੀ ਨਜਰੇ ਇਹ ਤਿਉਹਾਰ ਬਹੁਤੇ ਰਿਸ਼ਤਿਆ ਨੂੰ ਹੋਰ ਕਰੀਬ ਲੈ ਆਉਂਦੇ ਨੇ ਤੇ ਆਪਸੀ ਪਿਆਰ ਨੂੰ ਵਧਾਉਂਦੇ ਨੇ …ਏਵੈ ਹਰ ਤਿਉਹਾਰ ਨੂੰ ਕਮੀਆ ਦੀ ਨਜਰ ਨਾਲ ਵੀ ਨਹੀ ਦੇਖਣਾ ਚਾਹੀਦਾ।
ਜਗਮੀਤ ਸਿੰਘ ਹਠੂਰ
ਅਸਾਮ ਦੇ ਵਿੱਚ ਚਾਹ ਦੀ ਖੇਤੀ ਤੋਂ ਪਹਿਲਾਂ ਓਥੋਂ ਦੇ ਛੋਟੇ ਤੇ ਵੱਡੇ ਕਿਸਾਨ ਕਾਬਜ ਸਨ, ਕਿਸੇ ਕੋਲ ਅੱਧਾ ਕਿੱਲਾ ਵੀ ਸੀ ਤਾਂ ਵੀ ਉਹ ਅਮੀਰ ਸੀ, ਹੱਥੀਂ ਕੰਮ ਕਰਦੇ, ਪੱਤੀਆਂ ਤੋੜਦੇ, ਸੁਕਾਉਦੇਂ ਤੇ ਵੇਚਦੇ । ਫੇਰ ਥੋਹੜੇ ਵੱਡੇ ਕਿਸਾਨਾਂ ਨੇ ਟੈਕਨੋਲੋਜੀ ਦੀ ਵਰਤੋ ਸ਼ੁਰੂ ਕਰਤੀ ।
ਜਲਦੀ ਚਾਹ ਦੀਆਂ ਪੱਤੀਆਂ ਸੁਕਾਉਣ ਦੇ ਨਾਲ ਤਿਆਰ ਕਰਨ ਲਈ ਮਸ਼ੀਨਾ ਆ ਗਈਆਂ । ਜਿਸ ਨਾਲ ਓਹਨਾ ਨੇ ਚਾਹ ਦਾ ਰੇਟ ਘਟਾ ਦਿੱਤਾ, ਸਿੱਟੇ ਵਜੋਂ ਛੋਟੇ ਕਿਸਾਨ ਖਤਮ ਹੋ ਗਏ ਤੇ ਵੱਡੇ ਕਿਸਾਨਾਂ ਦੇ ਲੇਬਰ ਜਾਣ ਲੱਗ ਪਏ ।
ਫੇਰ ਆਸਾਮ ਦੀ ਚਾਹ ਦੀ ਖੇਤੀ ਤੇ ਨਿਗਾ ਪਈ ਕਾਰਪੋਰੇਟ ਜਗਤ ਦੀਆਂ ਟਾਟਾ ਤੇ ਹੋਰ ਕੰਪਨੀਆ ਦੀ । ਉਹਨਾਂ ਨੇ ਅਸਲ ਚਾਹ ਦੇ ਬਦਲ ਵਿੱਚ ਕੈਮੀਕਲ ਵਾਲੀ ਚਾਹ, ਜਿਸਨੂ ਕੜਕ ਚਾਹ ਬੋਲਦੇ ਨੇ, ਉਹ ਵੱਡੇ ਕਿਸਾਨਾਂ ਦੇ ਮੁਕਾਬਲੇ ਸਸਤੀ ਵੇਚਣੀ ਸ਼ੁਰੂ ਕਰ ਦਿੱਤੀ ।
ਜਿਸ ਨਾਲ ਆਸਾਮ ਦੇ ਕਿਸਾਨਾਂ ਦਾ ਲੱਕ ਟੁੱਟ ਗਿਆ ਤੇ ਓਹਨਾ ਨੇ ਆਪਣੇ ਖੇਤ ਟਾਟਾ ਤੇ ਹੋਰ ਕੰਪਨੀਆ ਦੇ ਹਵਾਲੇ ਕਰਤੇ, ਤੇ ਆਪ ਮਾਲਕ ਤੋਂ ਲੇਬਰ ਵਿੱਚ ਤਬਦੀਲ ਹੋ ਗਏ ।
ਅੱਜ ਚਾਹਪੱਤੀ ਦੀ ਖੇਤੀ ਤੇ ਕਾਰਪੋਰੇਟ ਕਾਬਜ ਨੇ , ਜੋ ਆਪਾਂ ਪੀਨੇ ਹਾਂ ਉਹ ਕੈਮੀਕਲ ਵਾਲੀ ਚਾਹ ਹੈ, ਅਸਲੀ ਚਾਹ ਦਾ ਰੇਟ 2000 ਰੁਪਏ ਕਿਲੋ ਦੇ ਲਗਭਗ ਹੈ। ਜੇ ਤੁਸੀਂ ਪੀਵੋਗੇ ਤਾਂ ਬਕਬਕੀ ਲੱਗੂ ਕਿਉਂਕਿ ਅਸੀਂ ਕੈਮੀਕਲ ਤੇ ਲੱਗ ਗਏ ਹਾਂ ।
ਹੁਣ ਆ ਜਾਉ ਪੰਜਾਬ ਅਤੇ ਹਰਿਆਣਾ ਵੱਲ – ਮੋਗੇ ਵਿੱਚ ਅਡਾਨੀ ਨੇ ਅੱਜ ਤੋ ਪੰਦਰਾਂ ਸਾਲ ਪਹਿਲਾ ਹੀ ਗੋਦਾਮ ਬਣਾ ਲਏ ਸਨ, ਕਿਉਕਿ ਓਹਨਾ ਦੀ ਨਿਗਾਹ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਖੇਤੀ ਹੈ ।
ਖੇਤੀ ਨੂੰ ਜਾਣਬੁੱਝ ਕੇ ਸਰਕਾਰਾਂ ਨੇ ਘਾਟੇ ਦੀ ਖੇਤੀ ਬਣਾ ਦਿੱਤਾ ਹੈ, ਮੋਦੀ ਇਕ ਮੋਹਰਾ ਹੈ, ਜਦਕਿ ਇਹ ਸਕੀਮ ਕਾਰਪੋਰੇਟ ਲੋਕਤੰਤਰ ਲਗਾਉਂਦਾ ਹੈ । ਜੇਕਰ ਕੇਂਦਰ ਵਿੱਚ ਕਾਂਗਰਸ ਹੁੰਦੀ ਅੱਜ ਤਾਂ ਵੀ ਇਹ ਬਿੱਲ ਪਾਸ ਹੋਣਾ ਹੀ ਸੀ
ਪੰਜਾਬ ਦੀਆ ਜਮੀਨਾਂ ਨੂੰ ਪੰਦਰਾਂ ਸੌ ਦੇ ਟੱਕ ਚ ਵੰਡ ਕੇ ਖੇਤੀ ਕਰਨਗੇ ਕਾਰਪੋਰੇਟ ਅਤੇ ਇਥੋਂ ਦੇ ਐਸ਼ਪ੍ਰਸਤ ਕਿਸਾਨਾਂ ਤੋਂ ਤਾਂ ਲੇਬਰ ਵੀ ਨਹੀਂ ਹੋਣੀ । ਕਿਉਂਕਿ ਜੋ ਆਪਣੇ ਹੱਕਾਂ ਲਈ ਇਕੱਠੇ ਨਹੀਂ ਹੋ ਸਕਦੇ ਬੋਲ ਨਹੀਂ ਸਕਦੇ ਓਹ ਭਲਾ ਕੀ ਕਰ ਸਕਣਗੇ
ਹਾਂ ਲੀਡਰਾਂ ਦੀਆਂ ਰੈਲੀਆਂ ਤੇ ਜਿੰਦਾਬਾਦ ਮੁਰਦਾਬਾਦ ਕਰਨ ਲਈ ਭੀੜ ਵਾਧੂ ਮਿਲ ਜਾਇਆ ਕਰੂ ਫਿਰ ਚਾਹੇ ਦਿਹਾੜੀ ‘ ਉੱਤੇ ਹੀ ਕਿਉਂ ਨਾ ਹੋਵੇ 🙏
“ਦੀਦੀ ਦੇਖੋ ਮੇਰਾ ਨਵਾ ਫੋਨ ਕਿੰਨਾ ਸਮਾਰਟ ਹੈ। ਇਹ ਜਦੋਂ ਕੋਈ ਮੈਸਜ ਆਉਂਦਾ ਹੈ ਤਾਂ ਕਈ ਜਵਾਬ ਆਪਣੇ ਆਪ ਟਾਈਪ ਕਰਕੇ ਸੁਝਾਵ ਦੇ ਦਿੰਦਾ ਹੈ।”
ਕੋਲ ਬੈਠੇ ਬਜੁਰਗ ਨੇ ਆਪਣੇ ਪੋਤੇ ਨੂੰ ਪੁੱਛਿਆ ਕੀ ਹੈ ਤੇਰਾ ਨਵਾਂ ਫੋਨ ?
“ਦਾਦਾ ਜੀ ਮੇਰਾ ਫੋਨ ਸਮਾਰਟ ਫੋਨ ਹੈ। ਸਮਾਰਟ ਫੋਨ ਆਪਣੇ ਆਪ ਸਮਝ ਜਾਂਦੇ ਨੇ ਕਿ ਬੰਦੇ ਨੂੰ ਕੀ ਚਾਹੀਦਾ ਹੈ। ਇਹ ਮੇਰੀ ਸਕਰੀਨ ਤੇ ਉਹੀ ਖਬਰਾਂ ਵੀਡੀਉ ਲੈਕੇ ਆਉਂਦਾ ਹੈ ਜਿੰਨਾ ਚ ਮੇਰੀ ਦਿਲਚਸਪੀ ਹੈ। ਇੱਕ ਗੱਲ ਚ ਕਹਾਂ ਤਾਂ ਮੇਰਾ ਫੋਨ ਮੇਰੇ ਦਿਲ ਦੀਆਂ ਜਾਣਦਾ ਹੈ।” ਪੋਤਾ ਲਗਾਤਾਰ ਬੋਲੀ ਗਿਆ। ਪਰ ਬਜੁਰਗ ਦਾਦਾ ਜੀ ਗੱਲਾਂ ਸੁਣਦੇ ਸੁਣਦੇ ਉਦਾਸ ਹੋ ਗਏ।
” ਦਾਦਾ ਜੀ ਕੀ ਹੋਇਆ, ਤੁਸੀ ਉਦਾਸ ਕਿਉਂ ਹੋ ਗਏ ?” ਪੋਤੇ ਨੇ ਆਪਣੇ ਦਾਦੇ ਕੋਲੋਂ ਪੁੱਛਿਆ ।
” ਕੁਝ ਨਹੀਂ ਪੁੱਤ, ਮੈ ਤਾਂ ਇਹ ਸੋਚ ਰਿਹਾ ਸੀ ਕਿ ਕਾਸ਼ ਮੇਰਾ ਪੁੱਤ ਵੀ ਸਮਾਰਟ ਫੋਨ ਹੁੰਦਾ। ”
ਜਗਮੀਤ ਸਿੰਘ ਹਠੂਰ
ਹਰੇਕ ਪਿੰਡ ਵਿੱਚ ਦੇਖਿਆ ਜਾਵੇ ਤਾਂ 4-5 ਬੁੜੀਆਂ, ਜਾਂ ਕਹਿ ਲਓ ਸਿਆਣੀਆਂ ਬੀਬੀਆਂ, ਅਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਸਾਰਾ ਪਿੰਡ ਹੀ ਬੇਬੇ ਕਹਿ ਕੇ ਬੁਲਾਈ ਜਾਂਦਾ ਹੈ।ਅੱਜ ਕੱਲ੍ਹ ਭਾਵੇਂ ਸਮਾਂ ਬਦਲ ਗਿਆ ਹੈ, ਪਰ ਅੱਜ ਤੋਂ ਦੋ ਦਹਾਕੇ ਪਹਿਲਾਂ ਇਹਨਾਂ ਦੀ ਬਹੁਤ ਕਦਰ ਹੋਇਆ ਕਰਦੀ ਸੀ। ਉਹਨਾਂ ਸਮਿਆਂ ਵਿੱਚ ਇਹਨਾਂ ਦੇ ਨਾਂ ਹੋਇਆ ਕਰਦੇ ਸਨ, ਪ੍ਰਸੀਨੀ, ਜੰਗੀਰੋ, ਜੇ ਕੁਰ, ਚੰਦ ਕੁਰ, ਆਦਿ। ਕੋਈ ਵੀ ਕਾਰ ਵਿਹਾਰ ਜਿਵੇਂ ਵਿਆਹ, ਮੁੰਡਾ ਜੰਮਦਾ, ਕਿਸੇ ਦੀ ਮਰਕਤ ਹੋ ਜਾਂਦੀ, ਤਾਂ ਇਹਨਾਂ ਦੀ ਸਲਾਹ ਜ਼ਰੂਰ ਲਈ ਜਾਂਦੀ ਸੀ। ਮੈਂ ਇਥੇ ਗੱਲ ਕਰਦਾ ਹਾਂ ਸਾਡੇ ਪਿੰਡ ਦੀ ਬੇਬੇ ਦੇਬੋ ਦੀ, ਜਿਸ ਨੂੰ ਹਰ ਕੰਮ ਵਿੱਚ ਮੁਹਾਰਤ ਹਾਸਲ ਸੀ।ਆਪਣੇ ਘਰ ਵਿੱਚ ਤਾਂ ਓਹਦੀ ਪੂਰੀ ਚੱਲਦੀ ਹੀ, ਸੀ ਪਿੰਡ ਦੀਆਂ ਜਨਾਨੀਆਂ ਵੀ ਉਸ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਕਰਦੀਆਂ ਕਿਸੇ ਨੇ ਵਿਆਹ ਦਾ ਕੱਪੜਾ ਖਰੀਦਣਾ, ਸੱਸ ਦਾ ਕਿਹੋ ਜਿਹਾ ਸੂਟ, ਸੋਹਰੇ ਦਾ ਕਿਹੋ ਜਿਹਾ ਕੰਬਲ਼,ਸੱਭ ਕੁਝ ਉਹਦੀ ਸਲਾਹ ਨਾਲ ਹੋਣਾ। ਕਿਸੇ ਦੇ ਮੁੰਡਾ ਜੰਮ ਪਵੇ, ਖੁਸਰਿਆਂ ਨੂੰ ਕਿੰਨੇ ਪੈਸੇ ਦੇਣੇ,ਪੰਜੀਰੀ ਕਿਵੇਂ ਬਣਾਉਣੀ, ਛੋਟੀਆਂ-ਛੋਟੀਆਂ ਗੱਲਾਂ ਦੀ ਵੀ ਉਸ ਤੋਂ ਸਲਾਹ ਲਈ ਜਾਂਦੀ, ਤੇਜ ਤਰਾਰ ਐਨੀ, ਵਿਆਹ ਵਿੱਚ ਗੀਤ ਗਾਉਣੇ, ਸਿੱਠਣੀਆਂ ਦੇਣੀਆਂ ਦੇਬੋ ਸੱਭ ਤੋਂ ਮੂਹਰੇ ਹੁੰਦੀ ਸੀ, ਇੱਥੋਂ ਤੱਕ ਕਿ ਕਿਸੇ ਦੀ ਰਿਸ਼ਤੇਦਾਰੀ ਵਿੱਚ ਮੌਤ ਹੋਣੀ ਤਾਂ ਵੀ ਜਨਾਨੀਆਂ ਦੇਬੋ ਨੂੰ ਨਾਲ ਲੈ ਕੇ ਜਾਂਦੀਆ।ਸ਼ਾਮ ਵੇਲੇ ਜਦੋਂ ਰਾਤ ਦੇ ਅੱਠ ਕੁ ਵੱਜਦੇ ਤਾਂ ਗਲੀ ਦੇ ਸਾਰੇ ਬੱਚੇ ਦੇਬੋ ਦੇ ਦੁਆਲੇ ਹੋ ਜਾਂਦੇ।ਬੇਬੇ ਕਹਾਣੀ ਸੁਣਾ ਕਹਾਣੀ ਸੁਣਾ, ਬੇਬੇ ਬਹਿ ਜਾਂਦੀ ਫੇਰ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਣ। ਸਵੇਰੇ4 ਵਜੇ ਉੱਠਣਾ, ਗੁਰੁ ਘਰ ਜਾਣਾ, ਮੱਝਾਂ ਚੋਣੀਆਂ, ਗੱਲ ਕੀ ਘਰ ਦਾ ਸਾਰਾ ਕੰਮ ਸੁਬਖ਼ਤੇ ਨਿਬੇੜ ਦੇਣਾ, ਫੇਰ ਲੋਕਾਂ ਦੀ ਸੇਵਾ ਚ ਹਾਜ਼ਰ,ਜੇ ਕੋਈ ਮੇਰੇ ਵਰਗਾ ਪੁੱਛ ਲੈਂਦਾ ਬੇਬੇ ਤੂੰ ਥੱਕਦੀ ਨਹੀਂ ਤਾਂ ਅੱਗੋਂ ਕਹਿੰਦੀ ਕੰਮ ਨਾਲ ਬੰਦਾ ਥੱਕਦਾ ਨਹੀਂ, ਸਗੋਂ ਉਮਰ ਵੱਧਦੀ ਆ,ਮੈਂ ਹੈਰਾਨ ਸੀ ਦੇਬੋ ਸੌ ਸਾਲ ਤੋਂ ਉਤੇ ਹੋ ਕੇ ਮਰੀ ਬੁਢਾਪੇ ਚ ਵੀ ਕਿਸੇ ਤੋਂ ਸੇਵਾ ਨਹੀਂ ਕਰਾਈ,ਘਰ ਵਿੱਚ ਨੂੰਹਾਂ ਧੀਆਂ ਹੋਣ ਦੇ ਬਾਵਜੂਦ ਰੋਟੀ ਟੁੱਕ ਆਪ ਕਰ ਲੈਂਦੀ ਸੀ। ਜੈ ਕੋਈ ਨੂੰਹ ਕਹਿ ਵੀ ਦਿੰਦੀ ਬੇਬੇ ਅਰਾਮ ਕਰਿਆ ਕਰ,ਅੱਗੋਂ ਕਹਿੰਦੀ ਥੋਨੂੰ ਮੈਂ ਤੁਰਦੀ ਫਿਰਦੀ ਚੰਗੀ ਨਹੀਂ ਲੱਗਦੀ, ਅਗਲਾ ਚੁੱਪ ਕਰ ਜਾਂਦਾ।ਸੱਚ ਮੁੱਚ ਤੁਰਦੀ ਫਿਰਦੀ ਰੌਣਕ ਸੀ ,ਸਾਡੇ ਪਿੰਡ ਦੀ ਬੇਬੇ।
ਦਵਿੰਦਰ ਸਿੰਘ ਰਿੰਕੂ
ਸਤਵੰਤ ਕੋਰ ਇੱਕ ਸਕੂਲ ਵਿੱਚ ਅਧਿਆਪਕ ਸੀ,,ਉਸ ਦਾ ਕੰਮ ਸੀ ਛੋਟੇ ਜਵਾਕਾ ਨੂੰ ਕਿਤਾਬਾ ਪੜਨੀਆ ਸਿਖਾਉਣਾ….ਸਕੂਲ ਵਿੱਚ ਉਸਦਾ ਪਹਿਲਾ ਦਿਨ ਸੀ ,ਜਿਸ ਦਿਨ ਉਸ ਦੀ ਮੁਲਾਕਾਤ ਜੀਤ ਨਾਲ ਹੋਈ..ਜੀਤ ਪਹਿਲੀ ਜਮਾਤ ਦਾ ਵਿਦਿਆਰਥੀ ਸੀ,,ਜੀਤ ਦੇ ਕੱਪੜੇ ਮੈਲੈ ਕੁਚੇਲੇ ਸੀ,,ਉਸ ਦੇ ਹੱਥਾ ,ਬਾਹਾ ,ਮੂੰਹ ਤੇ ਮਿੱਟੀ ਦੀ ਇੱਕ ਪਰਤ ਚੜੀ ਪਈ ਸੀ..ਉਸ ਦੇ ਨੋਹਾ ਵਿੱਚ ਵੀ ਮੇਲ ਭਰੀ ਹੋਈ ਸੀ…ਸਤਵੰਤ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਸੀ ਉਹ ਕੀ ਚੀਜ ਹੈ ਜੋ ਉਸ ਨੂੰ ਜੀਤ ਵੱਲ ਖਿੱਚ ਰਹੀ ਸੀ…ਸਤਵੰਤ ਤੁਰਦੀ ਤੁਰਦੀ ਜੀਤ ਕੋਲ ਜਾ ਖੜੀ ਹੋਈ ਤਾਂ ਜੀਤ ਰਿਆੜ ਪੈ ਗਿਆ ਤੇ ਬੋਲਣ ਲੱਗਾ ,”ਮੈਨੂੰ ਗੋਦੀ ਚੁੱਕ ..ਗੋਦੀ ਚੁੱਕ..”
ਸਤਵੰਤ ਨੇ ਜਿਵੇ ਕਿਵੇ ਕਰਕੇ ਉਸ ਨੂੰ ਚੁੱਪ ਕਰਵਾਇਆ ਤੇ ਉਸ ਦੀ ਕਿਤਾਬ ਖੋਲ ਕਿ ਦਿੱਤੀ,ਤੇ ਉਸ ਨੂੰ ਕਿਤਾਬ ਵਿੱਚ ਲਿਖਿਆ ਪੜਾਉਣ ਲੱਗੀ..
ਚਲੋ ਬੇਟਾ ਬੋਲੋ , “ਜਾਲ”..
ਜੀਤ ਨੇ ਪੂਰਾ ਜੋਰ ਲਾ ਕਿ ਬੋਲਿਆ ,, “ਜਾਹ-ਲਾਹ”
ਸਤਵੰਤ ਚੁੱਪ ਕਰੀ ਜੀਤ ਵੱਲ ਦੇਖੀ ਜਾ ਰਹੀ ਸੀ ਤੇ ਹੁਣ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਜੀਤ ਦੂਜੇ ਬੱਚਿਆ ਵਾਂਗ ਆਮ ਨਹੀ ਹੈ…ਇਸ ਨੂੰ ਕੋਈ ਸਮਝਣ ਤੇ ਬੋਲਣ ਦੀ ਮੁਸ਼ਕਿਲ ਹੈ,ਜਿਸ ਕਰਕੇ ਇਹ ਆਮ ਬੱਚਿਆ ਵਾਂਗ ਵਿਹਾਰ ਨਹੀ ਕਰ ਪਾ ਰਿਹਾ…ਇਸੇ ਕਰਕੇ ਸ਼ਾਇਦ ਉਹ ਅੱਠ ਸਾਲ ਦੀ ਉਮਰ ਵਿੱਚ ਵੀ ਪਹਿਲੀ ਜਮਾਤ ਵਿੱਚ ਹੀ ਸੀ …ਸਤਵੰਤ ਦਾ ਮਨ ਕਰ ਰਿਹਾ ਸੀ ਕਿ ਉਹ ਜੀਤ ਨੂੰ ਘੁੱਟ ਕੇ ਗਲੇ ਲਾ ਲਵੇ ਤੇ ਉਸ ਦੀ ਗੋਦੀ ਵਾਲੀ ਜਿੱਦ ਵੀ ਪੂਰੀ ਕਰ ਦੇਵੇ ਪਰ ਉਹ ਮਜਬੂਰ ਸੀ ਕਿਉਂਕਿ ਉਸ ਤੇ ਬਾਕੀ ਬੱਚਿਆ ਦੀ ਵੀ ਜਿੰਮੇਵਾਰੀ ਸੀ…
ਸਤਵੰਤ ਹਰ ਰੋਜ ਘਰੋ ਜੋ ਰੋਟੀ ਖੁਦ ਲਈ ਲੈ ਕੇ ਜਾਂਦੀ ਸੀ ,ਉਸ ਵਿੱਚ ਹੀ ਹੁਣ ਜੀਤ ਲਈ ਵੀ ਰੋਟੀ ਲਿਜਾਣ ਲੱਗ ਗਈ…ਜੀਤ ਨੂੰ ਵੀ ਜਿਵੇ ਕੋਈ ਸਮਝ ਰਿਹਾ ਸੀ ਹੁਣ..ਜੀਤ ਦੇ ਉਦਾਸ ਚੇਹਰੇ ਤੇ ਵੀ ਹੁਣ ਇੱਕ ਚਮਕ ਰਹਿਣ ਲੱਗ ਗਈ… ਸਤਵੰਤ ਜਦ ਵਹਿਲੀ ਹੁੰਦੀ ਤਾਂ ਉਹ ਜੀਤ ਨੂੰ ਪੜਣਾ ਸਿਖਾਉਣ ਲੱਗ ਜਾਂਦੀ ,,ਇੰਝ ਹੀ ਕਰਦੇ ਕਰਦੇ ਪੂਰਾ ਸਾਲ ਲੰਗ ਗਿਆ…
ਹੁਣ ਸਾਲ ਦੇ ਅੰਤ ਵਿੱਚ ਹੋਣਹਾਰ ਜਵਾਕਾ ਨੂੰ ਇਨਾਮ ਦਿੱਤੇ ਜਾਣੇ ਸੀ,,ਸਤਵੰਤ ਚਾਹੁੰਦੀ ਸੀ ਕਿ ਇੱਕ ਇਨਾਮ ਜੀਤ ਨੂੰ ਵੀ ਮਿਲੇ ਜਿਸ ਨਾਲ ਉਸਦੀ ਵੀ ਹੋਂਸਲਾ ਅਫਜਾਈ ਹੋਵੇ,ਇਹ ਇਨਾਮ ਉਹ ਕਿਸੇ ਤਰਸ ਦੀ ਭਾਵਨਾ ਨਾਲ ਨਹੀ ਸੀ ਦੇਣਾ ਚਾਹੁੰਦੀ ,ਬਲਕਿ ਉਹ ਜੀਤ ਨੂੰ ਸੱਚ ਵਿੱਚ ਉਸ ਦੇ ਪੜਨ ਵਿੱਚ ਲਿਆਂਦੇ ਸੁਧਾਰ ਲਈ ਦੇਣਾ ਚਾਹੁੰਦੀ ਸੀ ,,ਸਤਵੰਤ ਦੇ ਕਹਿਣ ਤੇ ਇਸ ਵਾਰ ਸਕੂਲ ਵਾਲਿਆ ਨੇ ਇੱਕ ਨਵਾ ਇਨਾਮ ਵੀ ਰੱਖ ਦਿੱਤਾ , “ਪੜਨ ਵਿੱਚ ਸਬ ਤੋਂ ਵੱਧ ਸੁਧਾਰ ਕਰਨ ਵਾਲੇ ਬੱਚੇ ਦਾ ਇਨਾਮ”..
ਅੱਜ ਇਨਾਮ ਵੰਡ ਸਮਾਰੋਹ ਦਾ ਦਿਨ ਸੀ ,ਇੱਕ ਇੱਕ ਕਰਕੇ ਹੋਣਹਾਰ ਜਵਾਕਾ ਨੂੰ ਇਨਾਮ ਦਿੱਤੇ ਜਾ ਰਹੇ ਸੀ,,ਪ੍ਰੋਗਰਾਮ ਚਲਦੇ ਤੋਂ ਸਤਵੰਤ ਦੀ ਨਜਰ ਜੀਤ ਤੇ ਹੀ ਸੀ ,ਉਹ ਨੀਵੀ ਪਾਈ ਉਦਾਸ ਜਿਹਾ ਬੈਠਾ ਸੀ ਤੇ ਫਿਰ ਜਦੋ ਜੀਤ ਦਾ ਨਾਮ ਇਨਾਮ ਲਈ ਲਿਆ ਗਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ,ਉਸ ਨੂੰ ਯਕੀਨ ਹੀ ਨਹੀ ਸੀ ਹੋ ਰਿਹਾ ਆਪਣੇ ਕੰਨਾ ਉੱਤੇ ਤੇ ਫਿਰ ਖੁਸ਼ੀ ਵਿੱਚ ਭੱਜ ਕਿ ਇਨਾਮ ਲੇਣ ਲਈ ਸ੍ਟੇਜ ਤੇ ਆ ਗਿਆ,,ਇਨਾਮ ਸਤਵੰਤ ਨੇ ਆਪਣੇ ਹੱਥੀ ਦਿੱਤਾ ਜੀਤ ਨੂੰ ,ਇਨਾਮ ਵਜੋ ਇੱਕ ਕਿਤਾਬ ਦਿੱਤੀ ਗਈ ਸੀ ,,ਜੀਤ ਨੇ ਇਨਾਮ ਲੈ ਕੇ ਸਤਵੰਤ ਨੂੰ ਵੀ ਘੁੱਟ ਕਿ ਜੱਫੀ ਪਾ ਲਈ ਤੇ ਫਿਰ ਸ੍ਟੇਜ ਤੋਂ ਹੇਠਾ ਆ ਗਿਆ..ਪ੍ਰੋਗਰਾਮ ਚੱਲਦਾ ਰਿਹਾ…ਸਤਵੰਤ ਦੀਆਂ ਅੱਖਾ ਫਿਰ ਤੋਂ ਜੀਤ ਨੂੰ ਲੱਬਣ ਲੱਗੀਆ ਪਰ ਹੁਣ ਸਤਵੰਤ ਨੂੰ ਜੀਤ ਕਿਤੇ ਵੀ ਜਵਾਕਾ ਵਿੱਚ ਬੈਠਾ ਨਜਰ ਨਹੀ ਆ ਰਿਹਾ ਸੀ…ਕਿਉਕਿ ਸਤਵੰਤ ਸਟੇਜ ਸੰਭਾਲ ਰਹੀ ਸੀ ,ਇਸ ਲਈ ਉਹ ਸਟੇਜ ਛੱਡ ਕਿ ਵੀ ਨਹੀ ਸੀ ਆ ਸਕਦੀ ..ਸਤਵੰਤ ਨੂੰ ਚਿੰਤਾ ਹੋ ਰਹੀ ਸੀ ਕਿ ਜੀਤ ਇੱਕਲਾ ਹੀ ਕਿਥੇ ਚਲਾ ਗਿਆ….ਕਰਦੇ ਕਰਾਉਂਦੇ ਸ਼ਾਮ ਹੋ ਗਈ ਤੇ ਪ੍ਰੋਗਰਾਮ ਖਤਮ ਹੋ ਗਿਆ ,,ਸਤਵੰਤ ਨੇ ਜੀਤ ਨੂੰ ਹੁਣ ਹਰ ਥਾ ਲੱਬਣਾ ਸ਼ੁਰੂ ਕਰ ਦਿੱਤਾ ,ਪਰ ਜੀਤ ਕਿਤੇ ਵੀ ਨਾ ਮਿਲਿਆ ,,ਫਿਰ ਉਸ ਨੇ ਸੋਚਿਆ ਕਿ ਸ਼ਾਇਦ ਜੀਤ ਘਰ ਚਲਿਆ ਗਿਆ ਹੋਣਾ ਏ ,,ਥੱਕ ਹਾਰ ਕੇ ਸਤਵੰਤ ਆਪਣੀ ਸ੍ਕੂਟਰੀ ਚੁੱਕ ਘਰ ਨੂੰ ਤੁਰਨ ਹੀ ਲੱਗੀ ਸੀ ਕਿ ਉਸ ਦੀ ਨਜਰ ਪਾਰਕਿੰਗ ਦੇ ਕੋਲ ਲੱਗੇ ਘਾਹ ਵਿੱਚ ਬੈਠੇ ਜੀਤ ਤੇ ਪਈ ,,ਜੀਤ ਘਾਹ ਤੇ ਚੋੰਕੜੀ ਮਾਰੀ ਬੈਠਾ ਸੀ ਤੇ ਉਸ ਦੇ ਹੱਥਾ ਵਿੱਚ ਉਹੀ ਕਿਤਾਬ ਸੀ ਜੋ ਉਸ ਨੂੰ ਇਨਾਮ ਵਿੱਚ ਅੱਜ ਹੀ ਸਤਵੰਤ ਨੇ ਦਿੱਤੀ ਸੀ,,ਸਤਵੰਤ ਦੀਆਂ ਅੱਖਾ ਵਿੱਚ ਹੰਝੂ ਆ ਗਏ,ਸਕੂਲ ਦੇ ਚਪੜਾਸੀ ਨੇ ਸਤਵੰਤ ਨੂੰ ਦੱਸਿਆ ਕਿ ਜੀਤ ਨੂੰ ਜਦੋ ਦੀ ਇਹ ਕਿਤਾਬ ਮਿਲੀ ਹੈ ,ਉਦੋ ਤੋਂ ਹੀ ਉਹ ਇਥੇ ਬੈਠਾ ਕਿਤਾਬ ਪੜੀ ਜਾ ਰਿਹਾ ਹੈ …ਸਤਵੰਤ ਸਕੂਟਰੀ ਖੜਾ ਜੀਤ ਕੋਲ ਜਾ ਕਿ ਬੈਠ ਗਈ,ਉਸ ਨੇ ਦੇਖਿਆ ਕਿਤਾਬ ਦੇ ਪੇਜਾ ਦਾ ਰੰਗ ਬਦਲ ਚੁੱਕਾ ਸੀ,,ਇੰਝ ਲੱਗ ਰਿਹਾ ਸੀ ਜਿਵੇ ਕਿਤਾਬ ਕਈ ਵਾਰ ਪੜੀ ਜਾ ਚੁੱਕੀ ਹੈ,,ਸਤਵੰਤ ਦੇ ਕਹਿਣ ਤੇ ਜੀਤ ਇੱਕ ਵਾਰ ਫਿਰ ਸ਼ੁਰੂ ਤੋਂ ਕਿਤਾਬ ਪੜ ਕਿ ਉਸ ਨੂੰ ਸਣਾਉਣ ਲੱਗ ਪਿਆ..ਪਰ ਇਸ ਵਾਰ ਉਸ ਦੇ ਕਿਤਾਬ ਪੜਨ ਵਿੱਚ ਇੱਕ ਨਵਾਪਣ ਸੀ ,ਜੀਤ ਹਰ ਸ਼ਬਦ ਬੜੇ ਹੋਂਸਲੇ ਤੇ ਵਿਸ਼ਵਾਸ ਨਾਲ ਪੜ ਰਿਹਾ ਸੀ ਜਿਸ ਨੂੰ ਦੇਖ ਕਿ ਸਤਵੰਤ ਨੂੰ ਉਸਦਾ ਮਕਸਦ ਪੂਰਾ ਹੁੰਦਾ ਦਿਸ ਰਿਹਾ ਸੀ ,ਜੀਤ ਵਿੱਚ ਆਤਮ-ਵਿਸ਼ਵਾਸ ਫਿਰ ਤੋਂ ਜਿੰਦਾ ਹੋ ਰਿਹਾ ਸੀ …ਅੰਤ ਕਿਤਾਬ ਪੜ ਕਿ ਜੀਤ ਨੇ ਕਿਹਾ , “ ਸੋਹਹਣੀ ਕਿਤਾਹਬ ਹੈ”
….
ਕਿਸੇ ਦੀ ਕਮੀ ਤੇ ਉਸਦਾ ਮਜਾਕ ਨਾ ਬਣਾਓ ,ਬਲਕਿ ਕੁਜ ਅਜਿਹਾ ਕਰੋ ਜੋ ਉਸ ਵਿੱਚ ਹੋਂਸਲਾ ਤੇ ਵਿਸ਼ਵਾਸ ਪੈਦਾ ਕਰ ਸਕੇ..ਦੂਸਰਿਆ ਦਾ ਸਹਾਰਾ ਬਣੋ ਤੇ ਉਹਨਾ ਨੂੰ ਜਿਉਣ ਦੀ ਵਜ੍ਹਾ ਦੇਵੋ .
ਲੇਖਕ – ਜਗਮੀਤ ਸਿੰਘ ਹਠੂਰ
ਸਟੇਟਸ (ਸੱਚੀ ਕਹਾਣੀ)
ਫੌਜ ਵਿਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਜਗੀਰ ਸਿੰਘ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿਵਾਉਣ ਹਿਤ ਸਰਹੱਦੀ ਖੇਤਰ ਦੇ ਪਿੰਡ ਤੋਂ ਸ਼ਹਿਰ ਸ਼ਿਫਟ ਹੋ ਗਿਆ। ਕਾਲਜ ਦੇ ਪਹਿਲੇ ਦਿਨ ਉਹ ਬੱਸ ਸਟਾਪ ‘ਤੇ ਬੇਟੀ ਨੂੰ ਛੱਡਣ ਆਇਆ ਤਾਂ ਕਾਲਜ ਦੇ ਡਰਾਈਵਰ ਕੋਲੋਂ ਵਾਪਸੀ ਦੇ ਸਮੇਂ ਦਾ ਵੇਰਵਾ ਲੈ ਘਰ ਵਾਪਸ ਆ ਗਿਆ।
ਬੱਸ ਦੇ ਸਟਾਪਜ ਤੋਂ ਕਾਲਜ ਦੀ ਦੂਰੀ ਤਕਰੀਬਨ ਅੱਧੇ ਘੰਟੇ ਦੀ ਸੀ। ਡਰਾਈਵਰ ਵੱਲੋਂ ਵਾਪਸੀ ਦੇ ਦੱਸੇ ਸਮੇਂ ਸਾਢੇ ਤਿੰਨ ਤੋਂ ਦਸ ਮਿੰਟ ਪਹਿਲਾਂ ਹੀ ਪਹੁੰਚ ਜਗੀਰ ਸਿੰਘ ਬੱਸ ਦਾ ਇੰਤਜ਼ਾਰ ਕਰਨ ਲੱਗਾ। ਪੰਦਰਾਂ ਵੀਹ ਮਿੰਟ ਬਾਅਦ ਬੱਸ ਤਾਂ ਪਰ ਬੇਟੀ ਨੂੰ ੳਸ ਵਿੱਚ ਨਾ ਦੇਖ ਉਹ ਚਿੰਤਾਤੁਰ ਹੋ ਗਿਆ।ਪੁੱਛਣ ਤੇ ਡਰਾਈਵਰ ਨੇ ਦੱਸਿਆ ਕਿ ਦੋ ਤਿੰਨ ਬੱਸਾਂ ਆਉਂਦੀਆਂ ਨੇ ਇਸ ਰੂਟ ‘ਤੇ ਹੋ ਸਕਦਾ ਅਗਲੀ ਵਿੱਚ ਆ ਜਾਵੇ। ਏਨਾ ਕਹਿ ਬੱਸ ਵਾਲਾ ਤਾਂ ਚਲਾ ਗਿਆ ਪਰ ਉਸਦੀ ਆਪਣੀ ਹਾਲਤ ਖਰਾਬ ਹੋਣ ਲੱਗੀ।
ਬੇਟੀ ਨੂੰ ਵਾਰ-ਵਾਰ ਫੋਨ ਲਗਾਉਣ ਤੇ ਕੋਈ ਉੱਤਰ ਨਹੀਂ ਮਿਲਿਆ। ਉਸ ਨੂੰ ਹੋਰ ਵੀ ਫਿਕਰ ਹੋਣ ਲੱਗਾ। ਚਾਰ ਵਜੇ ਦੇ ਕਰੀਬ ਬੇਟੀ ਨੇ ਫੋਨ ‘ਤੇ ਦੱਸਿਆ ਕਿ ਮੇਰੀ ਬੱਸ ਮਿਸ ਹੋ ਗਈ ਸੀ ਇਸ ਲਈ ਨਹੀਂ ਆ ਸਕੀ।ਚਾਰ ਵਜੇ ਦੂਜੀ ਬੱਸ ਚੱਲਣੀ ਹੈ ਉਸ ਵਿੱਚ ਆਵਾਂਗੀ। ਉਸ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਸੀ। ਪਰ ਉਸ ਲਈ ਪਲ ਪਲ ਬਿਤਾਉਣਾ ਮੁਸ਼ਕਿਲ ਹੋ ਗਿਆ। ਥੋੜੀ ਦੇਰ ਬਾਅਦ ਇਹ ਪੁਖਤਾ ਕਰਨ ਲਈ ਕਿ ਬੱਸ ਚੱਲ ਪਈ ਕੀ ਨਹੀਂ….ਉਸ ਨੇ ਬਹੁਤ ਵਾਰ ਬੇਟੀ ਨੂੰ ਫੋਨ ਮਿਲਾਇਆ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਇਸੇ ਦੌਰਾਨ ਦੂਜੀ ਬੱਸ ਵੀ ਨਿਕਲ ਗਈ ਪਰ ਜਦੋਂ ਬੇਟੀ ਨਹੀਂ ਆਈ ਤਾਂ ਹੁਣ ਉਸਦੀ ਜਾਨ ਟੁੱਟਣ ਲੱਗੀ ਅਤੇ ਹੱਥ ਪੈਰ ਕੰਬਣ ਲੱਗੇ। ਉਸਨੇ ਬਿਨ੍ਹਾਂ ਦੇਰ ਕੀਤਿਆਂ ਮੋਟਰਸਾਈਕਲ ਕਾਲਜ ਵੱਲ ਮੋੜ ਦਿੱਤਾ।ਕਾਲਜ ਦੇ ਗੇਟ ‘ਤੇ ਪਹੁੰਚ ਉਸਨੇ ਗੇਟਕੀਪਰ ਤੋਂ ਅੰਦਰ ਜਾਣ ਲਈ ਗੇਟ ਖੋਲ੍ਹਣ ਲਈ ਬੇਨਤੀ ਕੀਤੀ ਪਰ ਲੜਕੀਆਂ ਦਾ ਕਾਲਜ ਹੋਣ ਕਾਰਣ ਬਾਹਰਲੇ ਕਿਸੇ ਵੀ ਇਨਸਾਨ ਦਾ ਅੰਦਰ ਆਉਣਾ ਮਨ੍ਹਾ ਸੀ।ਕਾਲਜ ਪ੍ਰਬੰਧਕਾਂ ਨੂੰ ਬੁਲਾ ਜਦ ਉਸਨੇ ਆਪਣਾ ਸਾਬਕਾ ਫੌਜੀ ਦਾ ਸ਼ਨਾਖਤੀ ਕਾਰਡ ਦਿਖਾ ਕੇ ਆਪਣੀ ਮੁਸ਼ਕਿਲ ਦੱਸੀ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਅਜੇ ਕੁਝ ਲੜਕੀਆਂ ਕੰਟੀਨ ‘ਤੇ ਬੈਠੀਆਂ ਨੇ ਤੁਸੀਂ ਦੇਖ ਲਉ ਹੋ ਸਕਦਾ ਉੱਥੇ ਹੀ ਹੋਵੇ।
ਕੰਟੀਨ ‘ਤੇ ਜਾਂਦਿਆਂ ਹੀ ਉਸ ਦੇਖਿਆ ਕਿ ਉਸਦੀ ਬੇਟੀ ਹੋਰਨਾਂ ਲੜਕੀਆਂ ਨਾਲ ਬੈਠੀ ਗੱਪਾਂ ਮਾਰ ਰਹੀ ਸੀ।ਫੌਜੀ ਨੂੰ ਸੁਖ ਦਾ ਸਾਹ ਤਾਂ ਆਇਆ ਪਰ ਗੁੱਸਾ ਵੀ ਬਹੁਤ ਸੀ ਕਿ ਮੇਰਾ ਖੂਨ ਸੁੱਕ ਗਿਆ…ਤੂੰ ਘੱਟੋ ਫੋਨ ਤਾਂ ਚੁੱਕ ਕੇ ਦੱਸ ਦੇ ਕੇ ਲੇਟ ਆਉਣਾ…ਫੋਨ ਕਿਉਂ ਨਹੀਂ ਚੁੱਕ ਰਹੀ ਸੀ ??
ਬੇਟੀ ਨੇ ਜਵਾਬ ਦਿੱਤਾ,” ਪਾਪਾ ਮੇਰੀ ਪਹਿਲੀ ਬੱਸ ਨਿਕਲ ਗਈ ਸੀ…ਦੂਜੀ ਬੱਸ ਚਾਰ ਵਜੇ ਚੱਲਣੀ ਸੀ ,ਕੰਟੀਨ ਬੈਠੇ ਹੋਣ ਕਾਰਣ ਉਹ ਵੀ ਨਿਕਲ ਗਈ…
……ਤੇ ਫੋਨ ਕਿਉਂ ਨਹੀਂ ਚੁੱਕਿਆ ?
ਬੇਟੀ ਪਰਸ ਵਿੱਚੋਂ ਛੋਟਾ ਜਿਹਾ ਫੋਨ ਕੱਢ ,”ਪਾਪਾ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਬਹੁਤ ਵਧੀਆ ਤੇ ਮਹਿੰਗੇ ਫੋਨ ਹਨ ਪਰ ਮੇਰੇ ਕੋਲ ਆਹ ਦੇਸੀ ਜਿਹਾ ਬਟਨਾ ਵਾਲਾ ਫੋਨ…ਕਿਵੇਂ ਉਨ੍ਹਾਂ ਸਾਹਮਣੇ ਇਸ ਫੋਨ ਨਾਲ ਗੱਲ ਕਰਦੀ..ਮੇਰਾ ਸਾਰਾ ਸਟੇਟਸ ਖਰਾਬ ਹੋ ਜਾਣਾ ਸੀ।
ਹੁਣ ਜਗੀਰ ਸਿੰਘ ਨੂੰ ਆਪਣੀ ਬੇਟੀ ਦੇ ਸਟੇਟਸ ਅੱਗੇ ਆਪਣਾ ਫੌਜੀ ਦਾ ਕਿਰਦਾਰ ਵੀ ਬੌਣਾ ਨਜ਼ਰ ਆ ਰਿਹਾ ਸੀ ।
– ਰਾਕੇਸ਼ ਅਗਰਵਾਲ
ਹਾੜ ਦਾ ਮਹੀਨਾ, ਗਰਮੀ ਬਹੁਤ ਪੈ ਰਹੀ ਸੀ।
ਮੀਂਹ ਨਾ ਪੈਣ ਕਰਕੇ ਹਰ ਪਾਸੇ ਅੌੜ ਲਗ ਚੁੱਕੀ ਸੀ। ਪਿੰਡ ਦੇ ਬੰਦਿਅਾ ਨੇ ਪਿੰਡ ਵਿੱਚ ਜੱਗ ਕਰਨ ਦੀ ਵਿੳੁਂਤਬੰਦੀ ਬਣਾੲੀ। ਪਿੰਡ ਵਿੱਚ ਅਲੱਗ ਅਲੱਗ ਮਹਾਪੁਰਸ਼ਾ ਦੇ ਦੋ ਡੇਰੇ ਸਨ। ਪਿੰਡ ਦੇ ਲੋਕ ਅਾਪੋ-ਅਾਪਣੇ ਬਾਬੇ ਦੀ ਸਿਫਾਰਸ਼ ਕਰਦੇ ਕਹਿ ਰਹੇ ਸਨ ਸਾਡੇ ਬਾਬੇ ਦੇ ਅਸ਼ੀਰਵਾਦ ਨਾਲ ਜੱਗ ਕੀਤਾ ਜਾਵੇ। ਫਿਰ ਮੀਂਹ ਪੈ ਜਾਵੇਗਾ। ਪਰ ਕਿਸੇ ਨੇ ਵੀ
ਦੂਸਰੇ ਦੇ ਬਾਬੇ ੳੁਪਰ ਯਕੀਨ ਨਾਂ ਕੀਤਾ। ਗੱਲ ਲੜਾੲੀ ਝਗੜੇ ਤੱਕ ਪਹੁੰਚ ਗੲੀ। ਪਿੰਡ ਦੇ ਲੋਕਾਂ ਨੇ ਅਾਪੋ-ਅਾਪਣੇ ਬਾਬਿਅਾਂ ਦੇ ਨਾਲ ਲਗ ਕੇ ਪਿੰਡ ਵਿਚੋਂ ਜੋ ਤਿੱਲ ਫੁੱਲ ਮਿਲਿਅਾ ੳੁਸ ਦੀ ੳੁਗਰਾਹੀ ਕਰ ਲੲੀ। ੲਿਕੋ ਦਿਨ ਵਿੱਚ ਦੋ ਥਾਵਾਂ ਤੇ ਜੱਗ ਚਲਾ ਦਿੱਤੇ। ਬਾਬੇ ਵੀ ਅਾਸਣ ਲਾ ਕੇ ਜੱਗ ਵਾਲੀ ਥਾਂ ਤੇ ਅਾਪੋ ਅਾਪਣੇ ਸਰਧਾਲੂਅਾਂ ਵਿੱਚ ਬੈਠ ਗੲੇ।
ਜਦੋ ਜੱਗ ਖ਼ਤਮ ਹੋੲਿਅਾ ਤਾਂ ੲਿਕਦਮ ਬੱਦਲੀ ਚੜ ਕੇ ਅਾੲੀ
ਅੱਧੇ ਪਿੰਡ ਵਿੱਚ ਜਲ ਥਲ
ਕਰ ਗੲੀ। ਅੱਧਾ ਪਿੰਡ ਸੁੱਕਾ ਰਹਿ ਗਿਅਾ ਸੀ। ਬਾਬੇ ਅਾਪੋ-ਅਪਣੇ ਡੇਰਿਅਾਂ ਵਿੱਚ ਪਹੁੰਚ ਚੁੱਕੇ ਸਨ। ਹੁਣ ਪਿੰਂਡ ਦੇ ਲੋਕ ਸਾਂਝੇ ਰੂਪ ਵਿੱਚ ੲਿਕੱਠੇ ਬੈਠ ਕੇ ਅੱਧੇ ਪਿੰਡ ਵਿੱਚ ਮੀਂਹ ਨਾ ਪੈਣ ਦਾ ਕਾਰਨ ਲੱਭ ਰਹੇ ਸਨ।
ਸੁਖਵਿੰਦਰ ਸਿੰਘ ਮੁੱਲਾਂਪੁਰ
ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ ਈ ਲੈ ਜੋ “ਸੁਣਕੇ ਉਹ ਜ਼ਰਾ ਕੁ ਖਿਝ ਗਿਆ , ਯਾਰ , ਇਹਨਾਂ ਨੂੰ ਪਤਾ ਨਹੀ ਕਿਵੇਂ ਬਾਸ਼ਨਾ ਆ ਜਾਂਦੀ , ਓਥੋਂ ਸਭ ਕੁਝ ਮਿਲਦਾ , ਏਧਰੋਂ ਪੰਡਾਂ ਬੰਨ੍ਹ ਬੰਨ੍ਹ ਭੇਜੀ ਜਾਂਦੇ ਆ, ਅੰਦਰਲੇ ਗ਼ੁੱਸੇ ਨੂੰ ਦਬਾ ਕੇ ਉਹ ਬੋਲਿਆ,”ਗੇਜੇ ਮੈ ਸਮਾਨ ਪੈਕ ਕਰਕੇ ਤੋਲ ਲਵਾਂ , ਫਿਰ ਫ਼ੋਨ ਕਰਦਾਂ ਤੈਨੂੰ ਜੇ ਗੁੰਜਾਇਸ਼ ਹੋਈ ਤੇ“ ਗੇਜੇ ਤਰਲਾ ਮਾਰਿਆ ,”ਭਾਜੀ , ਮੇਰੇ ਕੋਲ ਸਿਰਫ ਡੇਢ ਕੁ ਕਿੱਲੋ ਭਾਰ ਏ, ਤੇ ਮਾਤਾ ਵਾਸਤੇ ਬੀ ਪੀ ਚੈੱਕ ਕਰਨ ਦੀ ਮਸ਼ੀਨ , ਬੜੀ ਮਿਹਰਬਾਨੀ ਹੋਊਗੀ ਜੇ ਪਹੁੰਚਾ ਦਿਓ ਤਾਂ,”ਮਾਂ ਦੇ ਨਾਮ ਤੋ ਉਹ ਝੇਂਪ ਗਿਆ , ਮਾਂ ਦਾ ਵਰ੍ਹੀਣਾ ਕਰਨ ਈ ਤਾਂ ਚੱਲਿਆਂ ਸੀ ਉਹ ਪੰਜਾਬ ।ਅਨਮਨੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿ ਭਾਰ ਇਸ ਤੋ ਵੱਧ ਨਾ ਹੋਵੇ ।ਅਗਲੇ ਦਿਨ ਗੇਜਾ ਸ਼ਾਮ ਨੂੰ ਸਮਾਨ ਲੈ ਕੇ ਆ ਗਿਆ , ਪਿਤਾ ਲਈ ਇੱਕ ਜੈਕਟ ਤੇ ਮਾ ਲਈ ਕੋਟੀ , ਮਸ਼ੀਨ ਤੇ ਹੋਰ ਨਿੱਕੜ ਸੁੱਕੜ । ਉਹਨੇ ਸਮਾਨ ਲੈ ਲਿਆ , ਅਗਲੇ ਦਿਨ ਸਵੱਖਤੇ ਫਲਾਈਟ ਲੈ ਕੇ ਉਹ ਇੰਡੀਆ ਚਲਾ ਗਿਆ। ਸਫਰ ਦੀ ਥਕਾਵਟ ਉਤਾਰੀ ਤੇ ਮਾਂ ਦੇ ਵਰ੍ਹੀਣੇ ਦਾ ਪਾਠ ਕਰਵਾਇਆਂ । ਕਰੀਬ ਦਸ ਦਿਨ ਬੀਤ ਗਏ ।ਫਿਰ ਅਚਾਨਕ ਇੱਕ ਦਿਨ ਗੇਜੇ ਦੀ ਵਟਸਐਪ ਕਾਲ ਆਈ,” ਭਾਜੀ , ਵੀਰ ਬਣ ਕੇ ਇੱਕ ਕੰਮ ਈ ਕਰਦੇ ਮੇਰਾ”ਹੁਣ ਉਹ ਖਿਝ ਗਿਆ ਜ਼ਰਾ ਕੁ, “ ਹੁਣ ਹੋਰ ਕੀ ਕੰਮ ਏ ਯਾਰ, ਸਮਾਨ ਲੈ ਤਾ ਆਇਆਂ, ਘਰਦਿਆਂ ਨੂੰ ਮੇਰਾ ਅਡਰੈੱਸ ਦੇ ਦੇ , ਸਮਾਨ ਲੈ ਜਾਣ ਆ ਕੇ “ ਗੇਜਾ ਮਿੰਨਤ ਕਰਨ ਲੱਗਾ ,”ਭਾਜੀ, ਸਮਾਨ ਘਰ ਪਹੁੰਚਾ ਦਿਓ ਜਾਂ ਬੰਦਾ ਭੇਜ ਦਿਓ , ਮੈ ਖਰਚ ਦੇ ਦੂੰ ਜਾਣ ਆਉਣ ਦਾ , ਮਾਂ ਪਿਓ ਬਜ਼ੁਰਗ ਨੇ ਤੇ ਭਰਾ ਨਸ਼ਿਆਂ ਚ ਪਿਆ ਏ, ਜੇ ਉਹਨੂੰ ਘੱਲਿਆ ਤਾਂ ਸਮਾਨ ਰਾਹ ਚ ਵੇਚ ਕੇ ਖਾ ਜੂ’‘ਪਰ ਆਹ ਗੱਲ ਤੇ ਗੇਜਿਆ ਤੂੰ ਓਦਣ ਨਹੀ ਦੱਸੀ ਕਿ ਤੇਰੇ ਪਿੰਡ ਵੀ ਜਾਣਾ ਪਊ, ਹੱਦ ਕਰਦਾਂ ਯਾਰ ਤੂੰ ਵੀ , ਖ਼ੈਰ , ਅਡਰੈੱਸ ਭੇਜ , ਕਰਦਾਂ ਕੁਝ ਨਾ ਕੁਝ ‘ਤੇ ਉਹ ਮੂੰਹ ਚ ਬੜਬੜਾਉਂਦਾ ਰਿਹਾ ਕਿੰਨਾ ਚਿਰ।ਗੇਜਾ ਬਿਨਾ ਪੇਪਰਾਂ ਤੋ ਇੰਗਲੈਂਡ ਰਹਿ ਰਿਹਾ ਏ ਕਰੀਬ ਪੰਦਰਾਂ ਸਾਲਾਂ ਤੋਂ, ਮਾਂ ਬਾਪ ਦੀ ਗੈਰ ਹਾਜ਼ਰੀ ਵਿੱਚ ਈ ਇੰਗਲੈਂਡ ਵਿਆਹ ਵੀ ਕਰਵਾ ਲਿਆ ਏ, ਦੋ ਬੱਚੇ ਵੀ ਹੋ ਗਏ ਨੇ ,ਪਰ ਪੱਕੇ ਹੋਣ ਦੀ ਵਾਰੀ ਨਹੀ ਆ ਰਹੀ । ਗੇਜੇ ਅਡਰੈੱਸ ਘੱਲਿਆ, ਬਿਲਕੁਲ ਬਾਡਰ ਤੇ ਸੀ ਪਿੰਡ ਓਹਦਾ , ਅਟਾਰੀ ਲਾਗੇ, ਜਿੱਥੇ ਲੋਕ ਰਿਟਰੀਟ ਵੇਖਣ ਜਾਂਦੇ ਆ। ਉਹਨੇ ਸੋਚਿਆ ਕਿ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਆਵੇਗਾ ਤੇ ਨਾਲ ਸਮਾਨ ਦੇ ਆਊਂਗਾ ਗੇਜੇ ਦੇ ਪਿੰਡ ।ਦੋ ਕੁ ਦਿਨਾਂ ਦੇ ਵਕਫ਼ੇ ਬਾਅਦ ਉਹਨੇ ਪ੍ਰੋਗਰਾਮ ਬਣਾ ਲਿਆ ਤੇ ਗੇਜੇ ਕੇ ਘਰੇ ਵੀ ਫ਼ੋਨ ਲਾ ਕੇ ਦੱਸ ਦਿੱਤਾ ਆਉਣ ਦਾ ਕਿ ਕੱਲ੍ਹ ਨੂੰ ਆ ਰਿਹਾਂ ਦਸ ਗਿਆਰਾਂ ਕੁ ਵਜੇ ਨਾਲ। ਜਲੰਧਰ ਤੋਂ ਸਵੱਖਤੇ ਤੁਰ ਪਹਿਲਾਂ ਹਰਿਮੰਦਰ ਸਾਹਿਬ ਪਹੁੰਚਾ , ਇਸ਼ਨਾਨ ਕੀਤਾ , ਪਰ ਜਦ ਭੀੜ ਵੇਖੀ ਤਾਂ ਅੰਦਰ ਮੱਥਾ ਟੇਕਣ ਦਾ ਵਿਚਾਰ ਛੱਡ ਦਿੱਤਾ, ਬਰੀਕ ਜਿਹੀ ਸੋਚ ਆ ਗਈ ਕਿ ਗੇਜੇ ਦੇ ਪਿੰਡ ਨਾ ਜਾਣਾ ਹੁੰਦਾ ਤਾਂ ਘੰਟਾ ਕੁ ਲਾਈਨ ਚ ਲੱਗ ਮੱਥਾ ਵੀ ਟੇਕ ਆਉਂਦਾ , ਮਨ ਮਸੋਸ ਕੇ ਬਾਹਰੋਂ ਦਰਸ਼ਨੀ ਡਿਉੜੀ ਤੋ ਈ ਮੱਥਾ ਟੇਕਿਆ ਤੇ ਬਾਹਰ ਨਿਕਲ ਆਇਆ ਘੰਟਾ ਘਰ ਵਾਲੇ ਪਾਸਿਓਂ।ਕਰੀਬ ਗਿਆਰਾਂ ਕੁ ਵਜੇ ਉਹ ਗੇਜੇ ਘਰ ਜਾ ਪਹੁੰਚਿਆ । ਪਿੰਡੋਂ ਬਾਹਰਵਾਰ ਸੋਹਣੀ ਕੋਠੀ ਪਾ ਕੇ ਗੇਟ ਲਵਾਇਆ ਹੋਇਆਂ ਸੀ ਨਵੇਂ ਡਿਜ਼ਾਈਨ ਦਾ । ਜਦ ਹਾਰਨ ਮਾਰਿਆ ਤਾਂ ਗੇਜੇ ਦੀ ਭਰਜਾਈ ਨੇ ਗੇਟ ਖੋਲ੍ਹਿਆ ਤੇ ਜ਼ਰਾ ਰੁਕਣ ਲਈ ਕਿਹਾ , ਅੰਦਰ ਆਉਣ ਤੋ ਪਹਿਲਾਂ ਤੇਲ ਚੁਆਉਣਾ ਸੀ ਗੇਜੇ ਦੀ ਮਾਤਾ ਨੇ । ਕਾਰ ਅੰਦਰ ਕਰ ਜਦ ਉਹ ਕਾਰ ਤੋ ਬਾਹਰ ਨਿਕਲਿਆ ਤਾਂ ਗੇਜੇ ਦੀ ਮਾਤਾ ਨੇ ਉਹਨੂੰ ਕਲਾਵੇ ਚ ਲੈ ਲਿਆ, ਮੱਥਾ ਚੁੰਮਿਆਂ , ਜਦ ਡਿੱਘੀ ਚੋਂ ਸਮਾਨ ਕੱਢ ਕੇ ਮਾਤਾ ਨੂੰ ਫੜਾਇਆ ਤਾਂ ਨੈਣ ਕਟੋਰੇ ਭਰ ਆਏ । ਪੁੱਛਿਆ, ਮੇਰੇ ਪੁੱਤ ਦੇ ਹੱਥ ਲੱਗੇ ਨੇ ਨਾ ਇਸ ਸਮਾਨ ਨੂੰ ? ਜਦ ਉਹਨੇ ਦੱਸਿਆ ਕਿ ਗੇਜੇ ਤੋ ਇਲਾਵਾ ਉਹਦੇ ਨੂੰਹ ਪੋਤਰਿਆਂ ਦੇ ਵੀ ਹੱਥ ਲੱਗੇ ਹੋਏ ਨੇ ਤਾਂ ਮਾਂ ਪਿੱਘਲ ਗਈ ,ਵਿਹੜੇ ਚ ਪਏ ਮੰਜੇ ਤੇ ਸਮਾਨ ਖਿਲਾਰ ਹੱਥਾਂ ਨਾਲ ਛੋਹ ਕੇ ਵੇਖਣ ਲੱਗ ਪਈ , ਪਰਲ ਪਰਲ ਹੰਝੂ ਵਹਿ ਤੁਰੇ ਆਪ ਮੁਹਾਰੇ ਪੁੱਤ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ । ਫਿਰ ਕੁਝ ਚਿਰ ਬਾਅਦ ਜਰਾ ਸਹਿਜ ਹੋ ਕੇ ਆਪ ਈ ਬੋਲਣ ਲੱਗ ਪਈ , “ ਵੀਹਾਂ ਕੁ ਵਰ੍ਹਿਆਂ ਦਾ ਸੀ ਗੇਜਾ , ਜਦੋਂ ਦਾ ਪਰਦੇਸੀ ਹੋ ਗਿਆ, ਮਾੜੀ ਮਾੜੀ ਲੂੰ ਫੁੱਟਦੀ ਸੀ ਮੇਰੇ ਪੁੱਤ ਦੇ ਹਾਲੇ ।ਲੋਹੜੇ ਦੀ ਕਮਾਈ ਕੀਤੀ, ਜ਼ਮੀਨ ਬਣਾਈ ਮੇਰੇ ਪੁੱਤ ਦੇ ਸਿਰੋਂ ਅਸਾਂ, ਟਰੈਗਟ, ਟਰਾਲੀ , ਸਾਰੇ ਸੰਦ ਖਰੀਦ ਕੇ ਦਿੱਤੇ ਗੇਜੇ ਨੇ । ਕੋਠੀ ਖੜੀ ਕੀਤੀ ਆਹ । ਨਿੱਕੇ ਭੈਣ ਭਰਾ ਦਾ ਵਿਆਹ ਕੀਤਾ ।ਸਾਰਾ ਟੱਬਰ ਐਸ਼ਾਂ ਕਰਦਾ ਉਹਦੇ ਸਿਰ ਤੇ ।ਪਰ ਮੇਰੀਆਂ ਆਂਦਰਾਂ ਨੂੰ ਚੈਨ ਨਹੀਂ ਆਉਂਦਾ । ਖੌਰੇ ਕਦੋਂ ਪੈਰ ਪਾਊਗਾ ਮੇਰਾ ਲਾਲ ਆਪਣੇ ਘਰੇ , ਉਹੀ ਦਿਨ ਕਰਮਾਂ ਵਾਲਾ ਹੋਊ ” ਮਾਂ ਹੱਥ ਜੋੜ ਕੇ ਉਤਾਂਹ ਨੂੰ ਵੇਖ ਰਹੀ ਸੀ ਡੱਬ ਡਬਾਈਆਂ ਅੱਖਾਂ ਨਾਲ । ਜਸਬੀਰ ਨੇ ਉੱਠ ਕੇ ਗੇਜੇ ਦੀ ਅੰਮਾਂ ਨੂੰ ਹੌਸਲਾ ਦਿੱਤਾ, “ ਬੀਜੀ ਹੌਸਲਾ ਰੱਖੋ , ਸਾਲ ਖੰਡ ਤੱਕ ਪੇਪਰ ਬਣ ਜਾਣੇ ਆਂ, ਫਿਰ ਰੱਜ ਰੱਜ ਮਿਲਿਓ ਆਪਣੇ ਪੁੱਤ ਪੋਤਰਿਆਂ ਨੂੰ “ਗੇਜੇ ਦੀ ਭਰਜਾਈ ਪਾਣੀ ਦਾ ਗਲਾਸ ਲੈ ਕੇ ਆਈ ਆਪਣੀ ਸੱਸ ਲਈ, ਨੇਕ ਕੁੜੀ ਜਾਪੀ ਜਸਬੀਰ ਨੂੰ ਉਹ । ‘ਵੇ ਤੇਰੇ ਮੂੰਹ ਚ ਘਿਓ ਸ਼ੱਕਰ ਮਾਂ ਦਿਆ ਸੋਹਣਿਆਂ ਪੁੱਤਾ, ਤੇਰੀ ਜ਼ਬਾਨ ਸੁਲੱਖਣੀ ਹੋਵੇ ‘ ਮਾਂ ਨੇ ਅਸੀਸਾਂ ਦੀ ਝੜੀ ਲਾ ਦਿੱਤੀ । ਜਸਬੀਰ ਨੇ ਚਾਹ ਪੀ ਕੇ ਵਾਪਸ ਜਾਣ ਦੀ ਇਜਾਜ਼ਤ ਮੰਗੀ ਤਾਂ ਮਾਂ ਨੇ ਤਰਲਾ ਮਾਰਿਆ, “ ਮੇਰਾ ਬੀਬਾ ਪੁੱਤ , ਰੋਟੀ ਖਾ ਕੇ ਜਾਹ, ਤਿਆਰ ਕੀਤੀ ਹੋਈ ਆ”ਨਾਂਹ ਹੋ ਈ ਨਾ ਸਕੀ , ਰੋਟੀ ਖਾ ਕੇ ਜਦ ਤੁਰਨ ਲਈ ਕਾਰ ਵਿੱਚ ਬੈਠਣ ਲੱਗਾ ਤਾਂ ਮਾਂ ਨੇ ਕਲਾਵੇ ਚ ਲੈ ਲਿਆ ,ਬਦੋ ਬਦੀ ਗਿਆਰਾਂ ਸੌ ਰੁਪਈਆ ਜੇਬ ਚ ਪਾ ਦਿੱਤਾ , ਨਾਲ ਇੱਕ ਪੱਗ ਬੜੇ ਸੋਹਣੇ ਜਿਹੇ ਰੰਗ ਦੀ ,ਲਿਫ਼ਾਫ਼ੇ ਚ ਪਾ ਕੇ ਹੱਥ ਚ ਫੜਾ ਦਿੱਤੀ । ਜਸਬੀਰ ਨੇ ਵੀ ਅੰਮਾਂ ਨੂੰ ਗਲ਼ ਨਾਲ ਲਾ ਲਿਆ ਆਪਣੀ ਸਕੀ ਮਾਂ ਵਾਂਗਰਾਂ ਤੇ ਕਿਹਾ ਕਿ ਹੌਸਲਾ ਰੱਖੋ ਬੀਜੀ, ਜਦੋਂ ਗੇਜਾ ਆਇਆ ਨਾ ਪੱਕਾ ਹੋ ਕੇ,ਮੈ ਵੀ ਆਵਾਂਗਾ ਉਹਦੇ ਨਾਲ ਦੁਬਾਰਾ ਤੁਹਾਡੇ ਘਰੇ ਫਿਰ ।ਅੰਮਾਂ ਨੇ ਮੱਥਾ ਚੁੰਮਿਆ ਜਸਬੀਰ ਦਾ । ਅਸੀਸਾਂ ਦਿੱਤੀਆਂ ਤੇ ਪਹੁੰਚ ਕੇ ਫ਼ੋਨ ਕਰਨ ਦੀ ਤਾਕੀਦ ਕੀਤੀ ।ਹੁਣ ਕਾਰ ਜਲੰਧਰ ਵੱਲ ਨੂੰ ਤੁਰ ਪਈ , ਜਸਬੀਰ ਨੂੰ ਜਾਪਿਆ ਜਿਵੇ ਉਹਨੇ ਤੀਰਥ ਯਾਤਰਾ ਪੂਰੀ ਕਰ ਲਈ ਹੋਵੇ, ਮੱਥਾ ਨਾ ਟੇਕ ਸਕਣ ਦਾ ਮਲਾਲ ਕਫੂਰ ਹੋ ਗਿਆ , ਜਾਪਿਆ ਗੇਜੇ ਦੀ ਮਾਂ ਦੀਆ ਅਸੀਸਾਂ ਨੇ ਇਹ ਘਾਟ ਪੂਰੀ ਕਰਕੇ ਨਾਲ ਸਿਰੋਪਾ ਵੀ ਦੇ ਦਿੱਤਾ ਹੋਵੇ । ਤੇ ਇੱਕ ਗੱਲ ਹੋਰ , ਗੱਲ ਸਮਾਨ ਦੀ ਕੀਮਤ ਦੀ ਨਹੀ ਹੁੰਦੀ , ਕੱਪੜਿਆਂ ਦੀ ਨਹੀ ਹੁੰਦੀ , ਉਸ ਵਿੱਚ ਲਿਪਟੇ ਜਜਬਾਤਾਂ ਦੀ ਹੁੰਦੀ ਏ, ਅਦਿੱਖ ਛੋਹਾਂ ਨੂੰ ਮਹਿਸੂਸ ਕਰਨ ਦੀ ਵੀ ਹੁੰਦੀ ਏ , , ਜੋ ਦਿਖਾਈ ਤਾ ਨਹੀ ਦਿੰਦੀਆਂ ਪਰ ਹਿਰਦਿਆਂ ਦੀ ਰਬਾਬ ਜ਼ਰੂਰ ਛੇੜ ਦਿੰਦੀਆਂ ਨੇ , ਜੋ ਬਾਹਰ ਤਾਂ ਨਹੀ ਸੁਣਦੀ , ਪਰ ਅੰਦਰੇ ਅੰਦਰ ਮੰਤਰ ਮੁਗਧ ਕਰ ਦੇਂਦੀ ਏ ਇਨਸਾਨਾਂ ਨੂੰ।
ਘੰਟਾਘਰ ਦੀ ਘੜੀ ਦੀ ਟਿਕ-ਟਿਕ ਦੇ ਨਾਲ ਹੀ ਦੂਰੋਂ ਘੰਟਾਘਰ ਦੇ ਕਲਾਕ ਨੇ ਬਾਰਾਂ ਵੱਜਣ ਦਾ ਐਲਾਨ ਕੀਤਾ ਤਾਂ ਉਸ ਨੇ ਟਾਈਮ ਪੀਸ ਵੱਲ ਦੇਖਿਆ। ‘ਐਨਾ ਟਾਈਮ ਹੋ ਗਿਆ’ ਉਸਨੇ ਆਪਣੇ-ਆਪ ਨਾਲ ਹੀ ਗੱਲ ਕੀਤੀ।ਨੀਂਦ ਤਾਂ ਉਹਦੇ ਨੇੜੇ-ਤੇੜੇ ਵੀ ਨਹੀਂ ਸੀ।ਉਸਦੀ ਘਰਵਾਲੀ ਕਰਮਜੀਤ ਕੋਲ ਘੂਕ ਸੁੱਤੀ ਪਈ ਸੀ।ਸਾਹਮਣੀ ਕੰਧ ’ਤੇ ਟੰਗੀ ਬਾਪੂ ਤੇ ਬੇਬੇ ਦੀ ਤਸਵੀਰ ਵੱਲ ਉਸਨੇ ਵੇਖਿਆ।ਉਸਨੂੰ ਭੁਲੇਖਾ ਪਿਆ, ਜਿਵੇਂ ਬਾਪੂ ਕੁਝ ਕਹਿ ਰਹਿ ਹੋਵੇ।ਉਸਨੂੰ ਲੱਗਾ ਜਿਵੇਂ ਦਿਮਾਗ ਦੀਆਂ ਨਾੜਾਂ ਵਿੱਚ ਬਹੁਤ ਸਾਰਾ ਖੂਨ ਆ ਗਿਆ ਹੋਵੇ ਤੇ ਉਹ ਕਿਸੇ ਸਮੇਂ ਵੀ ਫਟ ਸਕਦੀਆਂ ਹੋਣ।ਉਹਨੇ ਉੱਠ ਕੇ ਪਾਣੀ ਪੀਤਾ ਤੇ ਸਾਹਮਣੇ ਨੂੰਹ-ਪੁੱਤ ਦੇ ਕਮਰੇ ਵਿੱਚ ਜਗਦੀ ਰੌਸ਼ਨੀ ਦੇਖ ਕੇ ਉੱਧਰ ਨੂੰ ਤੁਰ ਪਿਆ ਅੰਦਰੋਂ ਭਿਣ-ਭਿਣ ਕਰਦੀ ਨੂੰਹ ਦੀ ਅਵਾਜ਼ ਆ ਰਹੀ ਸੀ, ‘ਹਾੜੇ` ਇਸ ਤਰ੍ਹਾਂ ਨਾ ਕਰੋ।’ਅੱਗੋਂ ਦਰਸ਼ਨ ਉੱਚੀ ਦੇਣੇ ਬੋਲਿਆ, ‘ਜਿਵੇਂ ਮਾਂ ਕਹਿੰਦੀ ਹੈ ਉਵੇਂ ਹੋਊ ਚੁੱਪ ਕਰ।’ਉਹਨੂੰ ਗੱਲਾਂ ਸੁਣਦੇ ਨੂੰ ਸ਼ਰਮ ਜਿਹੀ ਆਈ। ‘ਜੇ ਕੋਈ ਉਸਨੂੰ ਇਸ ਤਰ੍ਹਾਂ ਕਰਦਾ ਦੇਖੇ ਤਾਂ ਕੀ ਕਹੂ ’ਤੇ ਉਹ ਬਾਹਰ ਜਾ ਕੇ ਬੇਚੈਨੀ ਨਾਲ ਵਿਹੜੇ ਵਿੱਚ ਘੁੰਮਣ ਲੱਗਾ।
ਬ ਉਹਨੇ ਮਹਿਸੂਸ ਤਾਂ ਕੀਤਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਕੋਈ ਗੱਲ ਉਸ ਤੋਂ ਲੁਕੋ ਕੇ ਗੁੱਝੀ-ਗੁੱਝੀ ਹੋ ਰਹੀ ਹੈ।ਘਰ ਵਿੱਚ ਤਣਾਅ ਦੀ ਝਲਕ ਉਹਨੂੰ ਮਿਲਦੀ ਸੀ।ਪਰ ਨੂੰਹ-ਸੱਸ ਦੇ ਆਪਸੀ ਰਿਸ਼ਤੇ ਵਿੱਚ ਉਸਨੇ ਕਈ ਦਖਲ ਨਹੀਂ ਦਿੱਤਾ ਸੀ।ਉਸਦੇ ਪੁੱਤਰ ਦਰਸ਼ਨ ਨੇ ਖੇਤੀਬਾੜੀ ਦਾ ਕੰਮ ਸੰਭਾਲ ਕੇ ਇੱਕ ਤਰ੍ਹਾਂ ਨਾਲ ਉਸਨੂੰ ਵਿਹਲਾ ਹੀ ਕਰ ਦਿੱਤਾ ਸੀ।ਉਹਦਾ ਸੰਸਾਰ ਸੀ ਪੋਤੀ ਸੋਨੀਆ ਦੀ ਦੇਖਭਾਲ ਕਰਨਾ।ਦੋਵੇਂ ਦਾਦਾ-ਪੋਤੀ ਆਪਣੀਆਂ ਖੇਡਾਂ ਵਿੱਚ ਮਸਤ ਰਹਿੰਦੇ।ਇਸ ਕਰਕੇ ਹੀ ਉਸਨੇ ਪਿਛਲੇ ਦਿਨਾਂ ਵਿੱਚ ਘਰ ਵਿੱਚ ਫੈਲੇ ਤਣਾਅ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ।ਸੋਨੀਆ ਜਦੋਂ ਰਾਤ ਨੂੰ ਉਸ ਤੋਂ ਬਾਤਾਂ ਸੁਣਦੀ ਸੌਂ ਗਈ ਤਾਂ ਉਸਨੇ ਨੂੰਹ ਸੁਰਿੰਦਰ ਨੂੰ ਕਿਹਾ, ‘ਧੀਏ` ਲੈ ਜਾ ਸੋਨੀਆ ਨੂੰ।’ਪਹਿਲਾਂ ਤਾਂ ਨੂੰਹ ਦਾ ਜਵਾਬ ਆਉਂਦਾ, ‘ਜੀ ਪਾਪਾ ਜੀ।’ਪਰੰਤੂ ਅੱਜ ਉਹ ਸੋਨੀਆ ਨੂੰ ਚੁੱਪ-ਚਾਪ ਚੁੱਕ ਕੇ ਲੈ ਗਈ।ਉਹਨੂੰ ਸੁਰਿੰਦਰ ਦਾ ਚਿਹਰਾ ਉੱਤਰਿਆ ਹੋਇਆ ਤੇ ਪੀਲਾ ਪਿਆ ਲੱਗਾ ਪਰ ਉਹ ਚੁੱਪ ਕਰ ਗਿਆ।ਨੌ ਕੁ ਵਜੇ ਦੁੱਧ ਦਾ ਗਲਾਸ ਲੈ ਕੇ ਆਈ ਕਰਮਜੀਤ ਨੇ ਕਿਹਾ, ‘ਕੱਲ ਨੂੰ ਆੜ੍ਹਤੀਏ ਤੋਂ ਵੀਹ ਕੁ ਹਜ਼ਾਰ ਰੁਪਏ ਫੜ ਕੇ ਲਿਆਈਂ।ਦੁੱਧ ਦਾ ਗਲਾਸ ਮੇਜ ’ਤੇ ਰੱਖ ਉਹਨੇ ਪੁੱਛਿਆ, ‘ਕੀ ਕਰਨੇ ਨੇ ਪੈਸੇ? ਤੈਨੂੰ ਪਤਾ ਪਹਿਲਾਂ ਹੀ ਕੁੜੀ ਦਾ ਵਿਆਹ ਵਾਲਾ ਦੇਣਾ-ਲੈਣਾ ਠੀਕ ਨਹੀਂ ਆਇਆ।’ਅੱਗੋਂ ਕਰਮਜੀਤ ਔਖੀ ਹੋ ਕੇ ਬੋਲੀ, ‘ਨਾ ਦੱਸ ਮੈ ਟੂਮਾਂ ਘੜਾਉਣੀਆਂ ਨੇ।ਹੈਗੀ ਘਰ ਵਿੱਚ ਲੋੜ।’ਉਹਦੇ ਵਤੀਰੇ ਨੇ ਉਹਨੂੰ ਵੀ ਤਲਖੀ ਚਾੜ੍ਹ ਦਿੱਤੀ। ‘ਲੋੜ ਦਾ ਪਤਾ ਵੀ ਲੱਗੇ, ਐਵੇਂ ਸਿਰ ਚੜ੍ਹੀ ਜਾਨੀ ਐਂ ਮੱਲੋਂ-ਮੱਲੀ।’‘ਲੈ ਸੁਣ ਲੈ ਸਰਦਾਰ ਜੀ, ਤੇਰੀ ਨੂੰਹ ਰਾਣੀ ਇੱਕ ਕੁੜੀ ਹੋਰ ਜੰਮਣ ਵਾਲੀ ਐ।’ ਉਹਦਾ ਬੰਨ੍ਹ-ਸੁਭ ਕਰਨਾ।ਹੋਰ ਨਾ ਪੁਛੀ ਮੇਰੇ ਤੋਂ।ਕਰਮਜੀਤ ਨੇ ਆਪਣੇ ਮੂੰਹ ਵਿੱਚੋਂ ਅੰਗਾਰਿਆਂ ਵਰਗੇ ਸ਼ਬਦ ਉਹਦੇ ਉੱਪਰ ਉੱਲਦ ਦਿੱਤੇ।ਉਸ ਤੋਂ ਬਾਅਦ ਇੱਕ ਪਲ ਚੈਨ ਉਸਨੂੰ ਨਹੀਂ ਆਇਆ ਸੀ।ਉਹਨੂੰ ਹੁਣ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਫੈਲੇ ਤਣਾਅ ਦਾ ਕਾਰਨ ਪਤਾ ਲੱਗ ਗਿਆ ਸੀ।ਕਿਉਂਕਿ ਪੜ੍ਹੀ-ਲਿਖੀ ਸੁਰਿੰਦਰ ਮੁੰਡੇ ਦਾ ਫਰਕ ਨਹੀਂ ਸਮਝਦੀ ਸੀ।ਸੋਨੀਆ ਵੇਲੇ ਵੀ ਕਰਮਜੀਤ ਨੇ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਹਿਲਾ ਬੱਚਾ ਹੋਣ ਕਰਕੇ ਉਹਦੀ ਗੱਲ ਦੀ ਬਹੁਤੀ ਪੁੱਗਤ ਨਹੀਂ ਹੋਈ ਸੀ।ਉਹ ਫੇਰ ਆ ਕੇ ਮੰਜੇ ’ਤੇ ਪੈ ਗਿਆ।ਸਾਹਮਣੇ ਬਾਪੂ ਦੀ ਤਸਵੀਰ ਉਸਨੂੰ ਹੱਸਦੀ ਲੱਗੀ।ਜਿਵੇਂ ਬਾਪੂ ਆਪਣੇ ਤਕੀਏ ਕਲਾਮ ਵਿੱਚ ਕਹਿ ਰਿਹਾ ਹੋਵੇ, ‘ਕਿਵੇਂ ਹੈ ਪੁੱਤਰਾ’ਤੇ ਉਸਤੋਂ ਉਸਦਾ ਜਵਾਬ ‘ਕੋਈ ਨਾ ਬਾਪੂ ਦਖੀ ਚੱਲ’ਕਿਹਾ ਨਾ ਗਿਆ।ਉਸਨੂੰ ਲੱਗਾ ਕੋਈ ਚੀਜ਼ ਉਸਦੇ ਗਲ ਵਿੱਚ ਫਸ ਗਈ ਹੋਵੇ ਤੇ ਫੇਰ ਉਸਦੀ ਸੁਰਤੀ ਅਜ ਤੋਂ 35 ਸਾਲ ਪਿੱਛੇ ਚਲੀ ਗਈ।
ਜਦੋਂ ਉਹ ਅੱਲ੍ਹੜ ਜਿਹਾ ਸੀ।ਇੱਕ ਰਾਤ ਸਿਆਲਾਂ ਵਿੱਚ ਜਦੋਂ ਦਰਵਾਜ਼ਾ ਜ਼ੋਰ ਦੀ ਖੜਕਿਆ ਤਾਂ ਉਹ ਉੱਠ ਕੇ ਬੈਠ ਗਿਆ ਸੀ।ਬਾਪੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵੱਡੇ ਘਰੀਏ ਫੁੱਫੜ ਜੀ ਦਾ ਸੀਰੀ ਬੋਤਾ ਲਈ ਖੜ੍ਹਾ ਸੀ।ਉਹਦਾ ਦਾਦਾ ਵੀ ਉਦੋਂ ਜਿਉਂਦਾ ਸੀ।ਉਹ ਖੂੰਡੀ ਲੈ ਕੇ ਦਰਵਾਜ਼ੇ ਵਿੱਚ ਆ ਬਹੁੜਿਆ।ਸੀਰੀ ਨੇ ਆਉਂਦਿਆਂ ਹੀ ਹਾਲ-ਪਾਹਰਿਆ ਪਾ ਦਿੱਤੀ, ‘ਪੱਟੇ ਗਏ ਸਰਦਾਰਾ’।ਉਹਦੀ ਚੰਘਿਆੜ ਬਾਹਰ ਤੱਕ ਸੁਣਾਈ ਦਿੱਤੀ।ਉਹਦੇ ਦੂਜੇ ਭੈਣ-ਭਰਾ ਵੀ ਉੱਠ ਕੇ ਬੈਠ ਗਏ।ਸੀਰੀ ਨੇ ਥੋੜ੍ਹਾ ਸੰਭਲ ਕੇ ਦੱਸਿਆ ਕਿ ਫੁੱਫੜ ਜੀ ਦਾ ਜ਼ਿਆਦਾ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਿਆ।ਦਾਦਾ ਸਿਰ ਫੜ ਕੇ ਬੈਠ ਗਿਆ। ‘ਕੱਲ੍ਹ ਨੂੰ ਸਸਕਾਰ ਹੈ।’ਬੇਬੇ ਨੇ ਸੀਰੀ ਨੂੰ ਚਾਹ ਪਿਆਈ ਤੇ ਉਹ ਰਾਤ ਨੂੰ ਹੀ ਹੋਰ ਰਿਸ਼ਤੇਦਾਰੀਆਂ ਵਿੱਚ ਦੱਸਣ ਲਈ ਚਲਾ ਗਿਆ।ਅਗਲੇ ਦਿਨ ਉਹ,ਬੇਬੇ,ਦਾਦਾ,ਦਾਦੀ ਤੇ ਪਿੰਡ ਦੇ ਹੋਰ ਬੰਦੇ ਫੁੱਫੜ ਜੀ ਦੇ ਸਸਕਾਰ ’ਤੇ ਗਏ ਪਰ ਬਾਪੂ ਨੇ ਜਾਣ ਤੋਂ ਇਨਕਾਰ ਕਰ ਦਿੱਤਾ।ਪਿੰਡ ਵਿੱਚ ਇਸ ਦੀ ਬੜੀ ਚਰਚਾ ਹੋਈ।ਹਰ ਕਿਸੇ ਨੇ ਉਸਨੂੰ ਆ ਕੇ ਕਿਹਾ, ‘ਜੁਆਈ ਭਾਈ ਦੇ ਮਰਨ ਮੌਕੇ ਤਾਂ ਜਾਣਾ ਚਾਹੀਦਾ ਹੈ।’ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ ਸੀ। ਸਸਕਾਰ ਤੋਂ ਆ ਕੇ ਦਾਦੀ ਤੇ ਬੇਬੇ ਨੇ ਕਲੇਸ਼ ਪਾਇਆ ਕਿ ਬਾਪੂ ਕੱਲ੍ਹ ਨੂੰ ਫੁੱਲ ਚੁਗਣ ਤੋਂ ਬਾਅਦ ਸਿਵਾ ਢੱਕਣ ਜ਼ਰੂਰ ਜਾਵੇ ਪਰੰਤੂ ਬਾਪੂ ਨੇ ਇੱਕ ਹੀ ਨੰਨਾ ਫੜੀ ਰੱਖਿਆ।ਉਹ ਕਹਿੰਦਾ, “ਮੈਂ ਨਹੀਂ ਜਾਣਾ।”ਰਾਤ ਨੂੰ ਦਾਦੀ ਨੇ ਦੱਸਿਆ ਕਿ ਤੇਰਾ ਪਿਉ ਹੈਗਾ ਧਰਮੀ-ਕਰਮੀ ਬੰਦਾ।ਤੈਨੂੰ ਪਤਾ ਤੇਰੀ ਇਸ ਭੂਆ ਦੇ ਪਹਿਲੇ ਜਣੇਪੇ ਵੇਲੇ ਕੁੜੀ ਹੋਈ।ਤੇਰੀ ਪਿਉ ਨੂੰ ਪਤਾ ਸੀ ਕਿ ਇਹ ਸਰਦਾਰਾਂ ਦਾ ਲਾਣਾ ਕੁੜੀਆਂ ਨੂੰ ਮਾਰ ਦਿੰਦਾ।ਜਦੋਂ ਤੇਰਾ ਫੁੱਫੜ ਤੇਰੀ ਭੂਆ ਲੈਣ ਆਇਆ ਤਾਂ ਤੇਰੇ ਬਾਪੂ ਨੇ ਗਲ਼ ਵਿੱਚ ਪੱਲਾ ਪਾ ਕੇ ਕਿਹਾ, “ਦੇਖੋ ਸਰਦਾਰ ਜੀ ਰੱਬ ਦੀ ਮਰਜੀ ਅੱਗੇ ਕਿ ਜ਼ੋਰ ਐ।ਤੁਹਾਡੀ ਰੀਤ ਦਾ ਸਾਨੂੰ ਪਤਾ ਕਿ ਤੁਹਾਡੇ ਖਾਨਦਾਨ ਵਿੱਚ ਕੁੜੀ ਨੂੰ ਜੰਮਦੇ ਮਾਰ ਦਿੰਦੇ ਹੋ।ਇਸ ਬੱਚੀ ਨੂੰ ਇੱਥੇ ਛੱਡ ਜਾ।ਇਹਦਾ ਪਾਲਣ-ਪੋਸ਼ਣ ਮੈਂ ਕਰਾਂਗਾ ਤੇ ਸਮਝਾਂਗਾ ਕਿ ਰੱਬ ਨੇ ਇਹ ਧੀ ਮੈਨੂੰ ਦਿੱਤੀ ਹੈ।” ਪਰ ਫੁੱਫੜ ਜੀ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ।ਬਾਪੂ ਨੇ ਫੇਰ ਹੱਥ ਜੋੜੇ, “ਸਰਦਾਰ ਜੀ, ਛੱਡ ਜਾ ਮੇਰੇ ਬੱਚਿਆਂ ਨਾਲ ਪਲ ਜਾਊ।”ਪਰ ਫੁੱਫੜ ਜੀ ਨਾ ਮੰਨੇ ਤੇ ਭੂਆ ਤੇ ਬੱਚੀ ਨੂੰ ਨਾਲ ਲੈ ਗਏ ਪਰ ਥੋੜੇ੍ਹ ਸਮੇਂ ਬਾਅਦ ਪਤਾ ਲੱਗਾ ਕਿ ਕੁੜੀ ਨੂੰ ਕੁਝ ਦੇ ਕੇ ਮਾਰ ਦਿੱਤਾ।ਬਾਪੂ ਮੁੜ ਕੇ ਫੁੱਫੜ ਜੀ ਦੇ ਮੱਥੇ ਨਹੀਂ ਲੱਗਾ।ਕਹਿੰਦਾ, “ਗੁਰੂ ਦਾ ਹੁਕਮ ਹੈ, ਕੁੜੀਮਾਰ ਤੋਂ ਦੂਰ ਰਹਿਣਾ।”ਇਹ ਕਹਿੰਦੇ ਜਹਾਨ ਤੋਂ ਤੁਰ ਗਿਆ ਕਿ ਕੁੜੀਮਾਰ ਰਿਸ਼ਤੇਦਾਰ ਸਾਡੇ ਲਈ ਮਰ ਗਿਆ, ਅਸੀਂ ਉਨ੍ਹਾਂ ਲਈ।ਅੱਜ ਉਹੀ ਘਟਨਾ ਉਹਦੇ ਘਰ ਵਿੱਚ ਘਟਣ ਜਾ ਰਹੀ ਹੈ।ਸਾਇੰਸ ਨੇ ਕੁੜੀ ਨੂੰ ਜੰਮਣ ਤੋਂ ਬਾਅਦ ਮਾਰਨ ਦੀ ਬਜਾਏ ਕੁੱਖ ਵਿੱਚ ਹੀ ਕਤਲ ਕਰਨ ਤੱਕ ਦੀ ਤੱਰਕੀ ਕਰ ਲਈ ਹੈ।ਉਹਨਾਂ ਨੂੰ ਬਾਬਾ ਤੇ ਬਾਪੂ ਬੜੇ ਯਾਦ ਆਏ।ਫੇਰ ਉਹਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆਂ, “ਕੋਈ ਨਾ ਬਾਪੂ, ਦੇਖੀ ਚੱਲ।”ਇਸ ਤੋਂ ਬਾਅਦ ਉਸਨੂੰ ਲੱਗਾ ਜਿਵੇਂ ਉਹ ਫੁੱਲਾਂ ਵਰਗਾ ਹੌਲ਼ਾ ਹੋ ਗਿਆ ਹੋਵੇ।ਉਸਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨੀਂਦ ਨੇ ਆ ਦਬੋਚਿਆ।
ਸਵੇਰੇ ਉਹ ਥੋੜ੍ਹਾ ਲੇਟ ਹੀ ਜਾਗਿਆ।ਨਹਾ-ਧੋ ਕੇ ਉਹ ਆੜ੍ਹਤੀਏ ਤੋਂ ਵੀਹ ਹਜ਼ਾਰ ਰੁਪਏ ਫੜ ਲਿਆਇਆ।ਉਹਨੇ ਘਰ ਮੋਟਰ ਸਾਇਕਲ ਖੜ੍ਹਾ ਕੇ ਆਵਾਜ਼ ਮਾਰੀ, ‘ਕਰਮਜੀਤ` ਕਰਮਜੀਤ`’ ਉਹਨੇ ਵੇਖਿਆ ਰਸੋਈ ਵਿੱਚ ਖੜ੍ਹੀ ਉਹਦੀ ਨੂੰਹ ਦਾ ਚਿਹਰਾ ਕੁਮਲਾ ਗਿਆ।ਉਹ ਦਰਵਾਜ਼ੇ ਦਾ ਸਹਾਰਾ ਲੈ ਕੇ ਖੜ੍ਹ ਗਈ ਜਿਵੇਂ ਡਿੱਗ ਰਹੀ ਹੋਵੇ।ਕਰਮਜੀਤ ਅੰਦਰੋਂ ਚੱਕਵੇਂ ਪੈਰੀਂ ਆਈ, ‘ਲੈ ਆਏ ਪੈਸੇ?’ ਉਹਨੇ ਪੰਜ-ਪੰਜ ਸੌ ਦੇ ਚਾਲ੍ਹੀ ਨੋਟ ਕੱਢ ਕੇ ਉਹਨੂੰ ਫੜਾਏ ਤੇ ਨਾਲ ਹੀ ਬੋਲਿਆ, ‘ਕੰਨ ਖੋਲ੍ਹ ਕੇ ਸੁਣਲੈ, ਇਨ੍ਹਾਂ ਪੈਸਿਆਂ ਨਾਲ ਨੂੰਹ ਰਾਣੀ ਦੀ ਚੰਗੀ ਦਵਾਈ-ਬੂਟੀ ਕਰਵਾ।ਜਿਹੜਾ ਪਾਪ ਤੂੰ ਕਰਨ ਦੀ ਗੱਲ ਕਰਦੀ ਐਂ ਉਹਦੇ ਬਾਰੇ ਸੋਚੀਂ ਵੀ ਨਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਵੀ ਨ੍ਹੀਂ ਹੋਣਾ।’ਉਸਦੀ ਗਰਜ਼ਦੀ ਅਵਾਜ਼ ਨੂੰ ਸੁਣ ਕੇ ਕਰਮਜੀਤ ਨੂੰ ਲੱਗਾ ਜਿਵੇਂ ਉਹ ਨਹੀਂ ਉਹਦੇ ਅੰਦਰੋਂ ਬਾਪੂ ਬੋਲ ਰਿਹਾ ਹੋਵੇ।ਨੂੰਹ ਰਾਣੀ ਭੱਜ ਕੇ ਉਸਦੇ ਪੈਰਾਂ ਨੂੰ ਆ ਚਿੰਬੜੀ।
ਭੁਪਿੰਦਰ ਸਿੰਘ ਮਾਨ
ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ ਸੀ ਸਾਡਾ ਛੋਟਾ ਜਿਹਾ ਪਿੰਡ, ਸੂਏ ਅਤੇ ਘੱਗਰ ਦੇ ਹਾਲਾਤ ਅਜਿਹੇ ਹੀ ਸਨ ਜੋ ਅੱਜ ਤੋਂ 10-15 ਸਾਲ ਪਹਿਲਾਂ। ਹੱਥਾਂ ਦੇ ਖਿਡਾਏ ਜਵਾਨ ਹੋ ਚੁੱਕੇ ਸੀ, ਅਤੇ ਜੋ ਜਵਾਨ ਸੀ, ਉਹਨਾਂ ਦੀ ਦਾੜੀ ਵਿੱਚੋਂ ਮੇਰੀ ਦਾੜੀ ਵਾਂਗੂ ਚਿਟੇ ਚਮਕਾਂ ਮਾਰਨ ਲੱਗੇ ਸੀ। ਪਿੰਡ ਵਿੱਚ ਯਾਰਾ ਦੋਸਤਾਂ ਅਤੇ ਕੁੱਝ ਬਜ਼ੁਰਗਾਂ ਨੂੰ ਮਿਲਿਆ, ਕੁੱਝ ਪੁਰਾਣੀਆਂ ਅਤੇ ਬੱਚਪਨ ਦੀਆਂ ਯਾਦਾਂ ਤਾਜਾ ਕੀਤੀਆਂ, ਸ਼ਹਿਰ ਦੀ ਭੱਜ- ਦੌੜ ਦੀ ਜਿੰਦਗੀ ਤੋਂ ਥੱਕੀ ਰੂਹ ਨੂੰ ਕੁੱਝ ਸਕੂਨ ਦਾ ਅਹਿਸਾਸ ਹੋਇਆ।
ਪਿੰਡ ਘੁੰਮਣ ਤੋਂ ਬਆਦ, ਜਦੋਂ ਅਪਣੇ ਜੱਦੀ ਘਰ ਵਾਲੀ ਗਲੀ ਨੂੰ ਮੁੜਿਆ ਤਾਂ ਸਾਡੇ ਪੁਰਾਣੇ ਗਵਾਂਢੀ, ਅਤੇ ਘਰ ਦੀਆਂ ਯਾਦਾਂ ਦਿਮਾਗ ਵਿੱਚ ਇੱਕ ਫ਼ਿਲਮ ਦੀ ਤਰ੍ਹਾਂ ਰਪੀਟ ਹੋਣ ਲੱਗੀਆਂ।
ਲੰਘਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ, ਇਹ ਗੱਲ ਸਾਰੇ ਭਲੀ- ਭਾਂਤੀ ਜਾਣਦੇ ਹਾਂ, ਪਰ ਜਿੰਦਗੀ ਦੇ ਕੁੱਝ ਅਜਿਹੇ ਪਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰਕੇ ਬੰਦਾ ਭਾਵੁਕ ਹੋ ਜਾਂਦਾ ਹੈ।
ਰਾਤ ਦਾ ਸਮਾਂ ਜਦੋਂ ਅਸੀ ਰਲ੍ਹ ਕੇ ਸਮਾਨ ਵਗੈਰਾ ਇਕੱਠਾ ਕਰ ਰਹੇ ਸੀ, ਤਾਂ ਇੰਝ ਲੱਗ ਰਿਹਾ ਸੀ ਕਿ ਘਰ ਦੀਆਂ ਕੰਧਾਂ ਨੂੰ ਵੀ ਜਿਵੇਂ ਪਤਾ ਲੱਗ ਗਿਆ ਸੀ ਕਿ ਸਾਡੇ ਮਾਲਿਕ, ਸਾਡੇ ਤੋਂ ਕੁੱਝ ਛੁਪਾ ਰਹੇ ਹੋਣ,ਪਿੰਡ ਛੱਡਣ ਬਾਰੇ ਅਸੀਂ ਬਹੁਤਾ ਰੌਲਾ ਨਹੀਂ ਸੀ ਪਾਇਆ, ਸਾਨੂੰ ਡਰ ਸੀ ਕਿ ਜੇ ਗਵਾਂਢੀਆਂ ਨੂੰ ਦੱਸਿਆ ਤਾਂ ਪਿੰਡ ਨਾ ਛੱਡਣ ਲਈ ਜਰੂਰ ਕਹਿਣਗੇ, ਅਤੇ ਸਾਨੂੰ ਪਿੰਡ ਛੱਡਣਾ ਔਖਾ ਲੱਗੇਗਾ, ਇਸੇ ਲਈ ਮੈਂ ਬੇਬੇ ਬਾਪੂ ਨੂੰ ਵੀ ਦੋ ਦਿਨ ਪਹਿਲਾਂ ਸ਼ਹਿਰ ਰਿਸਤੇਦਾਰ ਘਰੇ ਛੱਡ ਦਿੱਤਾ ਸੀ, ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜੇ ਉਹ ਭਾਵੁਕ ਹੋ ਗਏ ਤਾਂ ਸਾਂਭਣਾ ਔਖਾ ਹੋ ਜਾਵੇਗਾ।
ਪਰ ਸਾਡੇ ਗਵਾਂਢੀ ਦਿਆਲੇ ਬੁੜ੍ਹੇ ਅਤੇ ਓਹਦੇ ਘਰਵਾਲੀ ਸੀਤੋ ਨੂੰ ਪਤਾ ਨਹੀਂ ਕਿਥੋਂ ਸੂਹ ਮਿਲ ਗਈ, ਰਾਤ ਵੇਲ੍ਹੇ ਹੀ ਸਾਡੇ ਘਰ ਆ ਬੈਠੇ ਸੀਤੋ ਬੁੜੀ ਮੇਰੇ ਗਲ੍ਹ ਲੱਗ ਰੋਣ ਲੱਗ ਪਈ, ਅਸੀ ਦੋਵੇਂ ਜੀਅ ਥੋਡੇ ਸਹਾਰੇ ਦਿਨ ਕੱਟਦੇ ਸੀ, ਤੇਰੇ ਬੇਬੇ ਬਾਪੂ ਨਾਲ ਦੁਖ-ਸੁੱਖ ਸਾਂਝਾ ਕਰ ਲੈਂਦੇ ਸੀ, ਹੁਣ ਸਾਨੂੰ ਕਿਹਨੇ ਪੁੱਛਣਾ ਦਿਆਲੇ ਬੁੜ੍ਹੇ ਦੀਆਂ ਦੋ ਧੀਆਂ ਹੀ ਸਨ, ਜੋ ਵਿਆਹ ਪਿੱਛੋਂ ਆਪਣੇ-ਆਪਣੇ ਘਰ ਸੁੱਖੀ-ਸਾਂਦੀ ਰਹਿ ਰਹੀਆਂ ਸਨ ਜਿਸ ਕਰਕੇ ਉਹ ਦੋਵੇਂ ਜੀਅ ਇਕੱਲੇ ਰਹਿ ਗਏ ਸੀ, ਮੈਂ ਦਿਲਾਸਾ ਦਿੰਦਿਆਂ ਕਿਹਾ ਬੇਬੇ ਹੌਸਲਾ ਰੱਖ ਅਸੀ ਸਾਰੇ ਮਿਲਣ ਆਇਆ ਕਰਾਂਗੇ, ਨਾਲੇ ਪਿੰਡ ਛੱਡਣ ਨੂੰ ਕੀਹਦਾ ਦਿੱਲ ਕਰਦਾ, ਕੁੱਝ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ, ਮੈਂ ਲੰਮਾ ਹੋਕਾਂ ਲੈ ਕੇ ਕਿਹਾ ਸੀ, ਦਿਆਲੇ ਬੁੜ੍ਹੇ ਨੇ ਜਾਣ ਲੱਗਿਆ ਇੱਕ ਨਸੀਹਤ ਵੀ ਦਿੱਤੀ ਸੀ ਕਿ ਪੁੱਤਰਾ, ਸ਼ਹਿਰ ਵਿੱਚ ਚਾਦਰ ਦੇਖ ਕਿ ਪੈਰ ਪਸਾਰਿਓ ਪਿੰਡਾਂ ਵਿੱਚ ਸੌ ਪਰਦਾ ਹੁੰਦਾ, ਸੁਣਿਐ ਸ਼ਹਿਰ ਚ ਦੁੱਧ ਦੇ ਨਾਲ-ਨਾਲ ਪਾਣੀ ਵੀ ਮੁੱਲ ਮਿਲਦਾ। ਉਹ ਸਾਰੀ ਰਾਤ ਬੇਚੈਨੀ ਲੱਗੀ ਰਹੀ, ਨੀਂਦ ਨਾ ਆਈ, ਸਵੇਰੇ ਛੇ ਵੱਜਦੇ ਨੂੰ ਬੱਚੇ ਬੱਸ ਚ ਚੜ੍ਹਾਏ,ਸਮਾਨ ਕਿਰਾਏ ਦੀ ਟਰਾਲੀ ਚ ਲਦਿਆ, ਚੇਤਕ ਸਕੂਟਰ ਟਰਾਲੀ ਦੇ ਪਿੱਛੇ ਲਾਇਆ, ਪਿੰਡ ਤੋਂ ਬਾਹਰ ਨਿਕਲਦੇ ਇੱਕ ਪਲ ਲਈ ਲੱਗਿਆ ਜਿਵੇਂ ਕੋਈ ਗੁਨਾਹ ਕਰਕੇ ਜਾ ਰਿਹਾ ਹੋਵਾਂ, ਪਿੰਡ ਦੀਆਂ ਗਲੀਆਂ ਲਾਹਨਤਾਂ ਪਾ ਰਹੀਆਂ ਹੋਣ, ਕਿ ਸਾਡੇ ਵਿੱਚ ਖੇਡਣ ਦਾ ਮੁੱਲ ਤਾਂ ਮੋੜਦਾ ਜਾ।
ਇਹੋ ਸੋਚਾਂ ਸੋਚਦਾ ਹੋਇਆ ਅੱਜ ਫੇਰ ਮੈਂ ਆਪਣੇ ਘਰ ਮੁਹਰੇ ਖੜਾ ਸੀ, ਘਰ ਵੱਲ ਵੇਖਿਆ ਤਾਂ ਇੰਝ ਲੱਗਾ ਜਿਵੇਂ ਸਮੇਂ ਦੇ ਨਾਲ ਇਹ ਵੀ ਆਪਣਾ ਬੁਢਾਪਾ ਹੰਡਾ ਰਿਹਾ ਹੋਵੇ ਘਰ ਵਿੱਚ ਪਈਆਂ ਤਰੇੜਾਂ ਇੰਝ ਲੱਗ ਰਹੀਆਂ ਸਨ ਜਿਵੇਂ ਕਿਸੇ ਬਜ਼ੁਰਗ ਦੇ ਮੂੰਹ ਤੇ ਝੁਰੜੀਆਂ ਪਈਆਂ ਹੋਣ, ਇੱਕ ਪਲ ਲਈ ਮੈਨੂੰ ਲੱਗਿਆ ਜਿਵੇਂ ਮੇਰਾ ਘਰ ਕਹਿ ਰਿਹਾ ਹੋਵੇ ਕਿ ਤੂੰ ਸ਼ਹਿਰ ਜਾ ਕੇ ਮੈਂਨੂੰ ਭੁੱਲ ਹੀ ਗਿਆ ਸੀ, ਮੇਰਾ ਤਾਂ ਤੇਰੇ ਕੋਲ ਸ਼ਹਿਰ ਆਉਣਾ ਮਜਬੂਰੀ ਸੀ ਪਰ ਤੂੰ ਤਾਂ ਆ ਸਕਦਾ ਸੀ,ਅੱਜ ਪਹਿਲੀ ਵਾਰ ਲੱਗਿਆ ਜਿਵੇਂ ਕੋਈ ਬੇਜਾਨ ਚੀਜ ਗੱਲਾਂ ਕਰਦੀ ਹੋਵੇ, ਬਸ ਸਮਝਣ ਦੀ ਲੋੜ ਸੀ।ਘਰ ਵੱਲ ਵੇਖ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿੰਨਾ ਚਿਰ ਹੀ ਉੱਥੇ ਖੜਾ ਸੋਚਦਾ ਰਿਹਾ, ਕਿ ਜੇ ਮੈਂ ਵੀ ਇਸ ਨੂੰ ਆਪਣਾ ਦਰਦ ਸਮਝਾ ਸਕਦਾ।
ਭਾਵੇਂ ਮਜਬੂਰੀਆਂ ਸਾਨੂੰ ਜਿੱਥੇ ਮਰਜੀ ਲੈ ਜਾਣ ਪਰ ਪਿੰਡਾ ਵਾਲਿਆਂ ਨੂੰ ਆਪਣੇ ਪਿੰਡ ਭਲਾਉਣੇ ਬਹੁਤ ਔਖੇ ਨੇ।
ਦਵਿੰਦਰ ਸਿੰਘ ਰਿੰਕੂ