ਪੌੜੀ

by admin

ਸ਼ਹਿਰ ਵਿੱਚ ਖੁੱਲ੍ਹੇ ਨਵੇਂ ਮਾਲ ਦੀ ਬੜੀ ਚਰਚਾ ਸੀ। ਛੁੱਟੀ ਵਾਲੇ ਦਿਨ ਘਰ ਵਾਲੀ ਦੀ ਫਰਮਾਇਸ਼ ਤੇ ਅਸੀਂ ਵੀ ਉੱਥੇ ਜਾ ਪਹੁੰਚੇ ।ਅਸੀਂ ਅੱਧੇ ਘੰਟੇ ਵਿੱਚ ਤੁਰਦੇ ਫਿਰਦੇ ਇੱਕ ਜੁੱਤਿਆਂ ਦੇ ਮਸ਼ਹੂਰ ਬਰਾਂਡ ਵਾਲੀ ਦੁਕਾਨ ਤੇ ਪਹੁੰਚ ਗਏ।ਬਾਹਰ ਕਾਫ਼ੀ ਵੱਡੀ ਛੋਟ ਵਾਲੀ ਸੇਲ ਦਾ ਬੋਰਡ ਲੱਗਿਆ ਹੋਇਆ ਸੀ |ਉੱਥੇ ਕਾਫੀ ਭੀੜ ਸੀ ਤੇ ਜਦੋਂ ਮੈਂ ਅੰਦਰ ਪਹੁੰਚਿਆ ਤਾਂ ਮੇਰੀ ਨਜ਼ਰ ਸਾਹਮਣੇ ਬੈਠੀ ਰਾਜਵਿੰਦਰ ਤੇ ਪਈ।ਉਹ ਵੀ ਖਰੀਦਦਾਰੀ ਕਰ ਰਹੀ ਸੀ।ਉਸ ਦੇ ਕੋਲ ਇੱਕ ਭੈੜੇ ਜੇ ਢੰਗ ਨਾਲ ਕਟਾਏ ਅਤੇ ਦੋ ਰੰਗੇ ਵਾਲਾਂ ਵਾਲਾ ਮੁੰਡਾ ਬੈਠਾ ਸੀ। ਜਿਸਦੇ ਕੰਨ ਵਿੱਚ ਮੁੰਦਰੀ ਪਾਈ ਹੋਈ ਸੀ,ਉਸਦਾ ਰੰਗ ਕਾਫੀ ਪੱਕਾ ਸੀ।ਉਸਦੇ ਕਾਲੇ ਪਏ ਬੁਲ੍ਹ ਉਸਦੀ ਹੋਰ ਕਾਰਸਤਾਨੀ ਦੀ ਗਵਾਹੀ ਭਰ ਰਹੇ ਸਨ।ਉਹਨਾਂ ਨਾਲ ਦੋ ਹੋਰ ਕੁੜੀਆਂ ਨਾਲ ਖੜ੍ਹੀਆਂ ਸਨ।ਜਿਹਨਾਂ ਦੇ ਚਿਹਰੇ ਮੋਹਰੇ ਉਸ ਮੁੰਡੇ ਨਾਲ ਕਾਫੀ ਮਿਲਦੇ ਹੋਣ ਕਰਕੇ ਉਸਦੀਆਂ ਭੈਣਾਂ ਜਾਪਦੀਆਂ ਸਨ। ਪਾਸੇ ਬੈਂਚ ਤੇ ਇੱਕ ਜ਼ਨਾਨੀ ਬੈਠੀ ਉਨ੍ਹਾਂ ਵੱਲ ਹੀ ਦੇਖ ਰਹੀ ਸੀ ,ਨੈਣ ਨਕਸ਼ ਤੋ ਜਿਹੜੀ ਸ਼ਾਇਦ ਰਾਜਵਿੰਦਰ ਦੀ ਮਾਂ ਸੀ।ਸਾਰੇ ਜਾਣੇ ਰਾਜਵਿੰਦਰ ਅੱਗੇ ਵਿਛੇ ਪਏ ਸਨ।ਜੁੱਤੀਆਂ ਦਾ ਢੇਰ ਲੱਗਿਆ ਪਿਆ ਸੀ।ਰਾਜਵਿੰਦਰ ਨੇ ਮੈਨੂੰ ਦੇਖ ਕੇ ਸਤਿ ਸ੍ਰੀ ਅਕਾਲ ਬੁਲਾਈ ।ਮੈਂ ਵੀ ਰਾਜਵਿੰਦਰ ਨੂੰ ਦੇਖ ਕੇ ਖੁਸ਼ ਹੋ ਗਿਆ।ਉਹ ਮੇਰੀ ਜ਼ਹੀਨ ਵਿਦਿਆਰਥਣ ਸੀ।ਜਿੰਨੀ ਉਹ ਦਿਮਾਗੀ ਤੋਰ ਤੇ ਰੋਸ਼ਨ ਸੀ ਓਨਾ ਹੀ ਸੁਹੱਪਣ ਅਤੇ ਲਿਆਕਤ ਕੁਦਰਤ ਨੇ ਉਸ ਨੂੰ ਬਖਸ਼ਿਸ਼ ਕੀਤੀ ਸੀ।ਉਸਦੀ ਗਿਣਤੀ ਜਮਾਤ ਦੇ ਸਭ ਤੋਂ ਆਗਿਆਕਾਰੀ ਬੱਚਿਆਂ ਵਿੱਚ ਹੁੰਦੀ ਸੀ।ਪਿਛਲੇ ਸਾਲ ਹੀ ਉਸ ਨੇ ਬਾਰ੍ਹਵੀਂ ਵਿੱਚੋਂ ਮੈਰਿਟ ਵਿੱਚ ਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ ,ਭਾਵੇਂ ਉਹ ਘਰੋਂ ਆਰਥਿਕ ਤੌਰ ਤੇ ਤਕੜੇ ਨਹੀਂ ਸੀ ।ਪਰ ਫਿਰ ਵੀ ਸਾਨੂੰ ਆਸ ਸੀ ਕਿ ਉਹ ਜ਼ਰੂਰ ਆਈ.ਏ.ਐੱਸ ਜਾਂ ਪੀ.ਸੀ.ਐੱਸ ਦਾ ਇਮਤਿਹਾਨ ਪਾਸ ਕਰਕੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕਰੂਗੀ।
ਉਸਦੇ ਹੱਥਾਂ ਵਿਚ ਤਾਂ ਲਾਲ ਚੂੜਾ ਅਤੇ ਮਾਂਗ ਵਿਚ ਸੰਦੂਰ ਦੇਖ ਕੇ ਮੈਂ ਹੈਰਾਨ ਹੋ ਗਿਆ ਸੀ। ਮੈਨੂੰ ਆਪਣੇ ਚੂੜੇ ਵੱਲ ਦੇਖਦਾ ਦੇਖ ਕੇ ਉਹ ਮੁਸਕਰਾ ਪਈ। ਉਸਦੀ ਮੁਸਕਰਾਹਟ ਵਿੱਚ ਖੁਸ਼ੀ ਦੀ ਬਜਾਏ ਖਾਮੋਸ਼ ਗਮੀ ਝਲਕ ਰਹੀ ਸੀ। ਮੈਂ ਕਿਹਾ,” ਪੁੱਤ ਵਿਆਹ ਕਰਵਾ ਲਿਆ ,ਜੇ ਹੋਰ ਪੜ੍ਹ ਲੈਂਦੀ ਤਾ ਬਹੁਤ ਚੰਗੀ ਨੌਕਰੀ ਸਕਦੀ ਸੀ ।”ਉਸ ਦੇ ਚਿਹਰੇ ਤੇ ਉਦਾਸੀ ਦੀ ਪਲੱਤਣ ਆ ਗਈ ,”ਨਹੀਂ ਸਰ ਹੁਣ ਮੈਂ ਆਈਲੈਟਸ ਕਰ ਲਈ ਤੇ ਕੈਨੇਡਾ ਚੱਲੀ ਹਾ।”ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ, ਕਿਉਂਕਿ ਵਿਦੇਸ਼ ਵਿੱਚ ਤਾਂ ਪੜ੍ਹਨ ਲਈ ਕਾਫੀ ਜ਼ਿਆਦਾ ਪੈਸਿਆਂ ਦੀ ਲੋੜ ਸੀ ।ਮੈਂ ਕਿਹਾ ,” ਚਲੋ ਤਾਂ ਠੀਕ ਹੈ ਪੁੱਤਰ ।”ਉਸ ਕੋਲ ਬੈਠਾ ਮੁੰਡਾ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਤੱਕ ਰਿਹਾ ਸੀ ।ਮੈਂ ਵੀ ਉਸ ਵੱਲ ਧਿਆਨ ਨਾਲ ਦੇਖਿਆ ।ਉਸੇ ਸਮੇਂ ਰਾਜਵਿੰਦਰ ਦੇ ਬੋਲ ਸੁਣਾਈ ਦਿਤੇ,”ਸਰ ਇਹ ਮੇਰੇ ਹਸਬੈਂਡ ਨੇ”। ਮੁੰਡਾ ਝਾਕਦਾ ਤਾ ਰਿਹਾ ਪਰ ਕੋਈ ਦੁਆ ਸਲਾਮ ਨਾ ਕੀਤੀ।ਅਜੀਬ ਜਿਹੀ ਆਕੜ ਅਤੇ ਘੁਮੰਡ ਉਸਦੀ ਤੱਕਣੀ ਵਿੱਚ ਸੀ।
ਰਾਜਵਿੰਦਰ ਦੀ ਮਾਂ ਬੈਂਚ ਤੋਂ ਉੱਠ ਕੇ ਸਾਡੇ ਕੋਲ ਆ ਗਈ ਉਸ ਨੇ ਸਾਰੀ ਗੱਲਬਾਤ ਸੁਣ ਲਈ ਸੀ ।ਉਹ ਬੋਲੀ ,”ਸਰ ਜੀ , ਮੁੰਡੇ ਤਾ ਦੋਵੇਂ ਪੜ੍ਹੇ ਨਹੀਂ ਇਹੀ ਪੜ੍ਹਦੀ ਸੀ ,ਚਲੋ ਸੁੱਖ ਨਾਲ ਰੱਬ ਨੇ ਸਾਡੀ ਵੀ ਸੁਣ ਲਈ , ਸਾਡਾ ਸਾਰਾ ਟੱਬਰ ਵੀ ਕੈਨੇਡਾ ਚਲਾ ਜਾਊਂਗਾ, ਮੇਰੇ ਮੁੰਡਿਆਂ ਦੀ ਵੀ ਜ਼ਿੰਦਗੀ ਬਣਜੂਗੀ ।”ਉਸਦੀ ਮਾਂ ਨੇ ਆਕਾਸ ਵੱਲ ਹੱਥ ਜੋੜਦੇ ਸਾਰੀ ਗੱਲ ਇੱਕੋ ਸਾਹ ਦੱਸ ਦਿੱਤੀ ਸੀ।
ਸਾਨੂੰ ਵੀ ਸਾਰਾ ਮਾਜਰਾ ਸਮਝ ਆ ਚੁੱਕਿਆ ਸੀ ।ਮੁੰਦਰੀ ਪਾਈ ਬੈਠੇ ਬਦਮਾਸ਼ ਜਿਹੀ ਦਿੱਖ ਵਾਲੇ ਮੁੰਡੇ ਦੇ ਪਰਿਵਾਰ ਨੇ ਹੀ ਉਸ ਦੀ ਫੀਸ ਦਾ ਖਰਚਾ ਚੁੱਕਿਆ ਹੋਣਾ। ।ਮੈਂ ਆਪਣੀ ਪਤਨੀ ਵੱਲ ਦੇਖਿਆ ਉਹਦੀਆਂ ਅੱਖਾਂ ਵਿੱਚ ਹੈਰਾਨੀ ਦੇ ਨਾਲ ਦੁੱਖ ਦੀ ਝਲਕ ਨਜ਼ਰ ਆ ਰਹੀ ਸੀ।ਮੇਰਾ ਉਸ ਕੁਜੋੜ ਰਿਸਤੇ ਨੂੰ ਦੇਖ ਮਨ ਉੱਖੜ ਗਿਆ ਤੇ ਅਸੀਂ ਕੋਈ ਵੀ ਚੀਜ਼ ਖਰੀਦੇ ਤੋਂ ਬਿਨਾਂ ਹੀ ਦੁਕਾਨ ਤੋਂ ਬਾਹਰ ਨੂੰ ਤੁਰ ਪਏ ।ਮੈਂ ਦੁਬਾਰਾ ਮੁੜ ਕੇ ਦੇਖਿਆ ਰਾਜਵਿੰਦਰ ਫੇਰ ਖਰੀਦਦਾਰੀ ਵਿਚ ਖੁਭ ਗਈ ਸੀ ਪਰ ਉਸਦਾ ਲਾਲ ਚੂੜਾ ਮੇਰੀਆਂ ਅੱਖਾਂ ਵਿੱਚ ਚੁੱਭ ਰਿਹਾ ਸੀ ।ਅਚਾਨਕ ਹੀ ਮੇਰੀ ਕਲਪਨਾ ਵਿਚ ਚੂੜਾ ਪੌੜੀ ਦਾ ਰੂਪ ਲੈ ਗਿਆ , ਜਿਵੇ ਉਸ ਪੌੜੀ ਤੇ ਚੜ ਕੇ ਉਸਦਾ ਸਾਰਾ ਟੱਬਰ ਕੈਨੇਡਾ ਦੇ ਜਹਾਜ਼ ਤੇ ਸਵਾਰ ਹੋਣ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੋਵੇ।
ਭੁਪਿੰਦਰ ਸਿੰਘ ਮਾਨ

Bhupinder Singh Maan

You may also like