“ਪਾਪਾ ਜੀ ਆਹ ਕਮੀਜ ਦੇਖਿਓ ਪਾ ਕੇ,” ਪੁੱਤ ਦੀ ਗੱਲ ਸੁਣ ਕੇ ਦਵਿੰਦਰ ਨੇ ਸਿਰ ਉਪਰ ਚੁੱਕਿਆਂ, ਬਹੁਤ ਸੋਹਣੀ ਕਮੀਜ ਲਈ ਖੜੇ ਬੇਟੇ ਵਲ ਧਿਆਨ ਨਾਲ ਦੇਖਿਆ । “ਓ ਭਾਈ ਹੁਣ ਰਿਟਾਇਮੈਂਟ ਤੋਂ ਬਾਅਦ ਮੈਂ ਕੀ ਕਰਨੀ ਹੈ ਇਹ ਕਮੀਜ, “ਤੂੰ ਹੀ ਪਾ ਲੈ ਮੈਂ ਨਹੀਂ ਪਾਉਣੀ, ਉਸ ਨੇ ਖਰਵੇ ਢੰਗ ਨਾਲ ਕਿਹਾ।ਮੁੰਡੇ ਨੂੰ ਉਸੇ ਤਰਾਂ ਖੜਾ ਦੇਖ ਫੇਰ ਬੋਲਿਆ,”ਕਿੰਨੇ ਵਾਰ ਕਿਹਾ ਮੇਰੇ ਕੋਲ ਪਹਿਲਾ ਬਥੇਰੇ ਕਪੜੇ ਪਏ ਹਨ।” ਉਸ ਦੀ ਅਵਾਜ਼ ਵਿਚ ਖਿਝ ਵੀ ਸ਼ਾਮਿਲ ਸੀ।
” ਪਾਪਾ ਜੀ ,ਮੈਂਨੂੰ ਇਹ ਕਿਸੇ ਦੋਸਤ ਨੇ ਦਿੱਤੀ ਹੈ ਤੋਹਫੇ ਵਿਚ,ਉਹਨੂੰ ਸਾਈਜ਼ ਦਾ ਭੁਲੇਖਾ ਲੱਗ ਗਿਆ ਮੇਰੇ ਥੋੜਾ ਖੁੱਲਾ ਹੈ,ਤੁਹਾਡੇ ਠੀਕ ਰਹੂ,” ਪੁੱਤਰ ਨੇ ਫੇਰ ਜੋਰ ਦਿੱਤਾ। ਲੈ ਦੱਸ ਸਾਡਾ ਦੋਵਾਂ ਦਾ ਤਾਂ ਇਕੋ ਮੇਚ ਹੈ, ਇਹਦੇ ਖੁਲ੍ਹਾ ਤਾਂ ਮੇਰੇ ਕਿਵੇਂ ਆਊ,” ਉਹ ਆਪਣੀ ਕੋਲ ਬੈਠੀ ਪਤਨੀ ਨੂੰ ਮੁਖਾਤਿਬ ਹੋਇਆ।
ਪਤਨੀ ਨੇ ਬੇਟੇ ਹਥੋ ਕਮੀਜ ਫੜ ਲਿਆ ਤੇ ਕਿਹਾ, “ਚੱਲ ਇਹ ਪਾ ਕੇ ਸਾਇਜ਼ ਚੈਕ ਕਰ ਲੈਂਦੇ ਹਨ।”ਬੇਟਾ ਕਮੀਜ ਫੜਾ ਆਪਣੇ ਕਮਰੇ ਵਿਚ ਚਲਾ ਗਿਆ। “ਤੁਸੀਂ ਵੀ ਕਈ ਵਾਰੀ ਨਿਆਣੇ ਬਣ ਜਾਂਦੇ ਹੋ,ਵਿਚਾਰਾ ਪਿਆਰ ਨਾਲ ਲਿਆਇਆ ਤੁਸੀਂ ਫੜ ਲਓ, “ਪਤਨੀ ਦੀ ਅਵਾਜ ਨਿਹੋਰੇ ਵਾਂਗੂ ਉਸ ਦੇ ਕੰਨਾਂ ਨਾਲ ਟਕਰਾਈ । “ਜਦੋਂ ਲੋੜ ਹੀ ਨਹੀਂ ਤਾਂ ਕਾਹਨੂੰ ਕਾਠ ਮਾਰਨਾ ਹੁੰਦਾ ਕਿਸੇ ਚੀਜ਼ ਨੂੰ, “ਉਸ ਨੇ ਔਖਾ ਹੋ ਕੇ ਉੱਤਰ ਮੋੜਿਆ।
ਪਤਨੀ ਕੁਝ ਸਮਾਂ ਤਾਂ ਚੁੱਪ ਰਹੀ ਫੇਰ ਬੋਲੀ,” ਕੱਲ ਪੁੱਛ ਰਿਹਾ ਸੀ ਕਿ ਭੂਆ ਦੀ ਕੁੜੀ ਦੇ ਵਿਆਹ ਵਿਚ ਪਾਪਾ ਕਿਹੜੀ ਕਮੀਜ ਪਾ ਕੇ ਜਾਣਗੇ, ਮੇਰੇ ਦੱਸਣ ਤੇ ਕਿ ਪੁਰਾਣੀ, ਤਾਂ ਇਹ ਲੈ ਆਇਆ ਤੇ ਤੁਹਾਡੇ ਗੁੱਸੇ ਹੋਣ ਤੋਂ ਡਰਦਾ ਦੋਸਤ ਦਾ ਬਹਾਨਾ ਲਾ ਗਿਆ।”ਪਤਨੀ ਦੀ ਗੱਲ ਸੁਣ ਕੇ ਉਸਦਾ ਮਨ ਬੇਟੇ ਲਈ ਪਿਆਰ ਨਾਲ ਭਰ ਆਇਆ। ਉਸੇ ਸਮੇਂ ਪਤਨੀ ਦੀ ਅਵਾਜ਼ ਕੰਨਾ ਨਾਲ ਟਕਰਾਈ,”ਤੁਸੀਂ ਆਪਣਾ ਸਮਾਂ ਯਾਦ ਕਰੋ ਜਦੋਂ ਵੱਡੇ ਪਾਪਾ ਨੂੰ ਤੁਸੀਂ ਵੀ ਤਾਂ ਇਸੇ ਤਰ੍ਹਾਂ ਮੇਚ ਨਾ ਆਉਣ ਦਾ ਬਹਾਨਾ ਲਾ ਕੇ ਆਪਣੇ ਕੱਪੜੇ ਦੇ ਦਿੰਦੇ ਸੀ। ਬਸ ਇਸ ਨੇ ਤਾਂ ਉਸੇ ਰੀਤ ਨੂੰ ਅੱਗੇ ਵਧਾਇਆ।”ਪਤਨੀ ਦੀਆਂ ਗੱਲਾਂ ਸੁਣ ਕੇ ਦੋ ਅੱਥਰੂ ਉਸਦੀਆਂ ਗੱਲਾ ਤੇ ਆ ਗਏ। ਪਤਨੀ ਨੇ ਵੀ ਦੇਖਿਆ ਉਹ ਮੁਸਕਰਾਈ ਕਿਉਂਕਿ ਉਹ ਜਾਣਦੀ ਸੀ ਕਿ ਇਹ ਦੁੱਖ ਦੇ ਨਹੀਂ ਪਿਆਰ ਦੀ ਨਿਸ਼ਾਨੀ ਹਨ।
ਭੁਪਿੰਦਰ ਸਿੰਘ ਮਾਨ