ਕੁੱਤੇ

by admin

ਮੋਟਰਸਾਈਕਲ ਦਾ ਸਟੈਡ ਲਾ ਕੇ ਜਦੋ ਮੈਂ ਦੁਕਾਨ ਤੇ ਗਿਆ ਤਾ ਸਾਹਮਣੇ ਪਿੰਕੀ ਮਿਲ ਗਈ।ਪਿੰਕੀ ਮੇਰੀ ਹੁਸਿਆਰ ਵਿਦਿਆਰਥਣ ਹੈ।ਉਸਨੇ ਹੱਥ ਜੋੜ ਕੇ ਨਮਸਤੇ ਕੀਤੀ ਤੇ ਮੈ ਉਸਦਾ ਹਾਲ ਚਾਲ ਪੁੱਛਿਆ।ਮੈ ਆਪਣਾ ਸਮਾਨ ਲੈਣ ਵਿੱਚ ਰੁੱਝ ਗਿਆ ਤੇ ਜਦੋ ਵਾਪਿਸ ਮੁੜਿਆ ਤਾ ਉਹ ਮੇਰੇ ਮੋਟਰਸਾਈਕਲ ਕੋਲ ਖੜੀ ਸੀ।ਮੈ ਉਸ ਵੱਲ ਸਵਾਲੀਆ ਨਜਰ ਨਾਲ ਦੇਖਿਆ ਤਾ ਉਸਨੇ ਕਿਹਾ, “ਸਰ ਮੈਨੂੰ ਅਗਲੀ ਗਲੀ ਤੱਕ ਛੱਡ ਦਿਉਗੇ ,.ਨਹੀ ਤਾ ਮੈਨੂੰ ਦੋ ਗਲੀਆ ਰਸਤਾ ਬਦਲ ਕੇ ਜਾਣਾ ਪਵੇਗਾ।” ਮੈ ਹਾਮੀ ਭਰ ਦਿੱਤੀ।
ਉਹ ਮੇਰੇ ਪਿੱਛੇ ਬੈਠ ਗਈ। ਮੈ ਜਦੋ ਮੋੜ ਮੁੜਿਆ ਤਾ ਸੱਤ ਅੱਠ ਕੁੱਤਿਆ ਦੀ ਟੋਲੀ ਖਰਮਸਤੀਆ ਕਰ ਰਹੀ ਸੀ ਤੇ ਲੰਘਦੇ ਰਾਹਗੀਰਾਂ ਤੇ ਭੌਂਕ ਰਹੀ ਸੀ । ਮੈ ਸਮਝ ਗਿਆ ਕਿ ਉਹ ਦੁਸਰੇ ਰਸਤੇ ਇਹਨਾ ਤੋ ਡਰਦੀ ਹੀ ਜਾ ਰਹੀ ਸੀ। ਉਸਦੀ ਗਲੀ ਵਿੱਚ ਉਤਰਦੇ ਕਿਹਾ, “ਪੁੱਤਰ ਬਹਾਦਰ ਬਣੀ ਦਾ ਕੁੱਤਿਆ ਤੋ ਡਰਕੇ ਰਸਤਾ ਨਹੀਂ ਬਦਲੀ ਦਾ।” ਉਸਨੇ ਮੇਰੇ ਵੱਲ ਦੇਖਿਆ ਤੇ ਭੋਲੇਪਣ ਨਾਲ ਕਿਹਾ, “ ਸਰ ਮੈ ਇੱਕਲੇ ਇਹਨਾ ਕੁੱਤਿਆ ਕਰਕੇ ਨਹੀ ਸਗੋ ਉਹਨਾ ਕਰਕੇ ਵੀ ਦੁਸਰੇ ਰਸਤੇ ਆ ਰਹੀ ਸੀ।” ਮੈ ਉਧਰ ਦੇਖਿਆ ਤਾ ਸੱਤ ਅੱਠ ਅਵਾਰਾ ਮੁੱੰਡੇ ਮਨਚਲੀਆ ਨਜਰਾ ਨਾਲ ਸਾਨੂੰ ਹੀ ਤਾੜ ਰਹੇ ਸਨ। ਮੈ ਪਿੰਕੀ ਨੂੰ ਕਿਹਾ, “ ਤੂੰ ਘਰ ਜਾ ਪੁੱਤ” ਬੱਚੀ ਘਰ ਨੂੰ ਚਲੀ ਗਈ। ਮੈ ਮੋਟਰਸਇਕਲ ਦੀ ਕਿੱਕ ਮਾਰੀ ਤੇ ਤੁਰਨ ਲੱਗਿਆ ਤਾ ਮੇਰੀ ਨਜਰ ਖਰਮਸਤੀਆ ਕਰਦੇ ਤੇ ਬਿਨਾਂ ਮਤਲਬ ਭੌਂਕਦੇ ਕੁੱਤਿਆ ਦੇ ਟੋਲੇ ਤੇ ਚਲੀ ਗਈ ਉਹ ਮੈਨੂੰ ਫੇਰ ਵੀ ਭਲੇ ਲੱਗੇ। ਮੇਰੀ ਨਜਰ ਦੂਜੇ ਪਾਸੇ ਗਈ ਤਾ ਇਸਤਰਾਂ ਲੱਗਿਆ ਉੱਥੇ ਵੀ ਕੁੱਤਿਆਂ ਦਾ ਟੋਲਾ ਹੀ ਹੋਵੇ ਤੇ ਉਹਨਾਂ ਦੀਆਂ ਬਰਾਛਾ ਵਿੱਚੋ ਸਿਕਾਰ ਨੂੰ ਦੇਖ ਲਾਰਾ ਵੱਗ ਰਹੀਆ ਹੋਣ। ਮੈ ਸਿਰ ਨੂੰ ਝਟਕਾ ਦਿੱਤਾ ਤਾ ਉਹ ਰੂਪ ਵਟਾ ਕੇ ਇਨਸਾਨੀ ਜਾਮੇ ਵਿੱਚ ਨਜਰ ਆਉਣ ਲੱਗੇ, ਦੁੱਖ ਅਤੇ ਨਫ਼ਰਤ ਨਾਲ ਭਰੇ ਮਨ ਨਾਲ ਮੈ ਮੋਟਰਸਾਇਕਲ ਅੱਗੇ ਵਧਾ ਦਿੱਤਾ।

ਭੁਪਿੰਦਰ ਸਿੰਘ ਮਾਨ

Bhupinder Singh Maan

You may also like