ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ..
ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ ਵੱਟੀ ਜਿਹੀ ਰਿਹਾ ਕਰਦੀ..
ਉੱਪਰੋਂ ਉਪਰੋਂ ਤੇ ਕੁਝ ਪਤਾ ਨਾ ਲੱਗਣ ਦਿੰਦੀ ਪਰ ਅੰਦਰੋਂ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ..
ਅਕਸਰ ਹੀ ਉਸਦੇ ਮੂਹੋਂ ਬੱਸ ਏਹੀ ਸੁਣਦੀ ਆਈ ਸਾਂ ਕੇ “ਆਪਣੇ ਪੁੱਤ ਜੋਗਾ ਸਮੁੰਦਰ ਵਿਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਊਂ..ਲੋਕ ਅੱਡੀਆਂ ਚੁੱਕ ਚੁੱਕ ਵੇਖਿਆ ਕਰਨਗੇ..” ਵਿਆਹ ਤੋਂ ਕੁਝ ਦੇਰ ਮਗਰੋਂ ਹੀ ਨੁਕਸ ਨਿੱਕਲਣੇ ਸ਼ੁਰੂ ਹੋ ਗਏ..
ਅਕਸਰ ਹੀ ਉਸਨੂੰ ਆਖ ਦਿਆ ਕਰਦੀ “ਇਹ ਤੇਰਾ ਪੇਕਾ ਨਹੀਂ..ਸਹੁਰਾ ਘਰ ਏ..ਇਥੋਂ ਦੇ ਕਾਇਦੇ ਕਨੂੰਨ ਜ਼ਿਹਨ ਵਿਚ ਰਖਣੇ ਤੇਰਾ ਪਹਿਲਾ ਫਰਜ ਏ”
ਮੈਨੂੰ ਇਹ ਗੱਲ ਬੁਰੀ ਲੱਗਦੀ..
ਪਰ ਮਾਂ ਨੂੰ ਸਿੱਧਾ ਕੁਝ ਨਾ ਆਖ ਸਕਦੀ..ਅੱਗਿਓਂ ਝੱਟਪੱਟ ਅਥਰੂ ਜੂ ਕਿਰਨੇ ਸ਼ੁਰੂ ਹੋ ਜਾਂਦੇ..
ਸੋ ਮੈਂ ਕੋਈ ਵਿਚ ਵਿਚਾਲੇ ਵਾਲਾ ਰਾਹ ਅਪਣਾਇਆ ਕਰਦੀ..ਤੇ ਦੋਹਾਂ ਦੀ ਸੁਲਾਹ ਕਰਵਾ ਦਿਆ ਕਰਦੀ! ਫੇਰ ਇੱਕ ਦਿਨ ਬਾਹਰੋਂ ਘਰੇ ਆਈ ਤਾਂ ਮਾਹੌਲ ਕਾਫੀ ਗਰਮ ਹੋਇਆ ਲੱਗਾ..
ਇਸਤੋਂ ਪਹਿਲਾਂ ਕੇ ਟੈਨਸ਼ਨ ਦੀ ਅਸਲ ਵਜਾ ਪਤਾ ਲੱਗਦੀ ਦਾਦੀ ਹੁਰਾਂ ਨੇ ਬੀਜੀ ਨੂੰ ਕੋਲ ਬੁਲਾ ਲਿਆ ਤੇ ਆਖਣ ਲੱਗੀ “ਬੇਟਾ ਗੱਲ ਸੁਣ ਜਦੋਂ ਪੰਝੀ ਵਰੇ ਪਹਿਲਾਂ ਤੂੰ ਇਸ ਘਰੇ ਵਿਆਹੀ ਆਈ ਸੈਂ ਤਾਂ ਤੂੰ ਵੀ ਮੇਰੀ ਨਹੀਂ ਮੇਰੇ ਪੁੱਤ ਦੀ ਹੀ ਪਸੰਦ ਸੀ..ਪਰ ਮੈਂ ਤੇ ਤੈਨੂੰ ਧੀ ਬਣਾ ਸਦਾ ਲਈ ਆਪਣਾ ਲਿਆ..ਸੋ ਮੈਂ ਚਾਹੁੰਦੀ ਹਾਂ ਕੇ ਤੂੰ ਵੀ ਸੁਖਰਾਜ ਦੀ ਨਾਲਦੀ ਨੂੰ ਉਂਝ ਹੀ ਆਪਣਾ ਲਵੇਂ ਜਿਦਾਂ ਇੱਕ ਦਿਨ ਮੈਂ ਤੈਨੂੰ ਸੀਨੇ ਨਾਲ ਲਾਇਆ ਸੀ..ਏਨੀ ਗੱਲ ਯਾਦ ਰਖੀਂ ਇਹ ਸਿਰਫ ਉਸਦਾ ਹੀ ਨਹੀਂ ਮੇਰਾ ਤੇ ਤੇਰਾ ਦੋਹਾ ਦਾ ਵੀ ਸਹੁਰਾ ਘਰ ਏ..ਇਹ ਵੱਖਰੀ ਗੱਲ ਏ ਕੋਈ ਪਹਿਲਾਂ ਆਇਆ ਤੇ ਕੋਈ ਬਾਅਦ ਵਿਚ..! ਮੈਂ ਆਪਣੀ ਦਾਦੀ ਨੂੰ ਪਹਿਲੀ ਵਾਰ ਮਾਂ ਨਾਲ ਇੰਝ ਗੱਲ ਕਰਦਿਆਂ ਵੇਖਿਆ..! ਅੱਜ ਦਾਦੀ ਨੂੰ ਗਿਆਂ ਕਿੰਨੇ ਵਰੇ ਹੋ ਗਏ ਪਰ ਘਰ ਵਿਚ ਕਦੀ ਕੋਈ ਉਚੀ-ਨੀਵੀਂ ਨਹੀਂ ਹੋਈ..
ਪਿਛਲੀ ਵਾਰ ਜਦੋਂ ਘਰੇ ਗਈ ਤਾਂ ਵੇਖਿਆ ਦੋਵੇਂ ਨੂੰਹ-ਸੱਸ ਨਿੱਘੇ ਥਾਂ ਬੈਠ “ਸਾਸ ਭੀ ਕਭੀ ਬਹੂ ਥੀ” ਵਾਲਾ ਸੀਰੀਅਲ ਵੇਖ ਰਹੀਆਂ ਸਨ!
ਸੋ ਦੋਸਤੋ ਇਹ ਅਸਲ ਵਾਪਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਦੱਸਣਾ ਹੈ ਕੇ ਇਹ ਜਿੰਦਗੀ ਇਨਸਾਨ ਨੂੰ ਹਰ ਹਾਲ ਵਿਚ ਹੱਸਦਿਆਂ ਵੀ ਕੱਟਣੀ ਪੈਂਦੀ ਏ ਤੇ ਰੋਂਦਿਆਂ ਵੀ..
ਫੇਰ ਕਿਓਂ ਨਾ “ਗਲ਼” ਪਿਆ ਇਹ ਢੋਲ ਨਿੱਕੀਆਂ ਨਿੱਕੀਆਂ ਜਿੱਤਾਂ ਹਾਰਾਂ ਅਤੇ ਨਿੱਕੇ-ਨਿੱਕੇ ਨਫ਼ੇ ਨੁਕਸਾਨ ਇੱਕ ਪਾਸੇ ਰੱਖ ਖੁਸ਼ੀ ਖੁਸ਼ੀ ਵਜਾਇਆ ਜਾਵੇ.. ਕਿਸੇ ਸਹੀ ਆਖਿਆ ਏ ਕੇ ਜਿੰਦਗੀ ਨੂੰ ਸਵਰਗ ਬਣਾਉਣਾ ਬੰਦੇ ਦੇ ਖੁਦ ਆਪਣੇ ਹੱਥ ਵੱਸ ਹੁੰਦਾ ਏ..ਪਰ ਇਸ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਕੁਝ ਗੱਲਾਂ ਨਜਰਅੰਦਾਜ ਕਰਨੀਆਂ ਪੈਂਦੀਆਂ ਨੇ ਤੇ ਕੁਝ ਨੂੰ ਬਿਨਾ ਸ਼ਰਤ ਮੁਆਫ ਵੀ ਕਰਨਾ ਪੈਂਦਾ ਏ!
ਹਰਪ੍ਰੀਤ ਸਿੰਘ ਜਵੰਦਾ