1919 ਦੀ ਗੱਲ

by Sandeep Kaur

ਇਹ ਗੱਲ 1919 ਦੀ ਹੈ ਭਾਈ ਸਾਹਿਬ, ਜਦੋਂ ਰੋਲਟ ਐਕਟ ਖ਼ਿਲਾਫ਼ ਸਾਰੇ ਪੰਜਾਬ ਵਿੱਚ ਐਜੀਟੇਸ਼ਨ ਚੱਲ ਰਹੀ ਸੀ…। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਹਾਂ…। ਸਰ ਮਾਈਕਲ ਤੇ ਡਿਫੈਂਸ ਆਫ਼ ਇੰਡੀਆ ਰੂਲਜ਼ ਤਹਿਤ ਗਾਂਧੀ ਜੀ ਦੀ ਪੰਜਾਬ ਵਿੱਚ ਆਮਦ ‘ਤੇ ਰੋਕ ਲਾ ਦਿੱਤੀ ਗਈ ਸੀ…। ਉਹ ਆ ਰਹੇ ਸਨ ਕਿ ਪਲਵਲ ਦੇ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਗ੍ਰਿਫ਼ਤਾਰ ਕਰਕੇ ਵਾਪਸ ਬੰਬਈ ਭੇਜ ਦਿੱਤਾ ਗਿਆ…। ਜਿੱਥੋਂ ਤਕ ਮੈਨੂੰ ਪਤਾ ਹੈ ਭਾਈ ਸਾਹਿਬ, ਜੇ ਅੰਗਰੇਜ਼ ਇਹ ਗਲਤੀ ਨਾ ਕਰਦੇ ਤਾਂ ਜਲਿ੍ਹਆਂ ਵਾਲੇ ਬਾਗ਼ ਦਾ ਸਾਕਾ ਉਨ੍ਹਾਂ ਦੇ ਰਾਜ ਦੇ ਕਾਲੇ ਇਤਿਹਾਸ ਦੇ ਪੰਨਿਆਂ ਵਿੱਚ ਅਜਿਹੇ ਲਹੂ-ਲੁਹਾਨ ਪੰਨਿਆਂ ਦਾ ਹੋਰ ਵਾਧਾ ਨਾ ਕਰਦਾ…। ਕੀ ਮੁਸਲਮਾਨ, ਕੀ ਹਿੰਦੂ ਤੇ ਕੀ ਸਿੱਖ ਸਾਰਿਆਂ ਦੇ ਮਨਾਂ ਵਿੱਚ ਗਾਂਧੀ ਜੀ ਲਈ ਬੇਹੱਦ ਇੱਜ਼ਤ ਸੀ। ਸਾਰੇ ਉਨ੍ਹਾਂ ਨੂੰ ਮਹਾਤਮਾ ਕਹਿੰਦੇ ਸਨ…। ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਲਾਹੌਰ ਪਹੁੰਚੀ ਤਾਂ ਸਾਰਾ ਸ਼ਹਿਰ ਦੇਖਦੇ-ਦੇਖਦੇ ਬੰਦ ਹੋ ਗਿਆ। ਲਾਹੌਰ ਤੋਂ ਖ਼ਬਰ ਅੰਮ੍ਰਿਤਸਰ ਪਹੁੰਚੀ ਤੇ ਉੱਥੇ ਵੀ ਦੇਖਦਿਆਂ-ਦੇਖਦਿਆਂ ਸਾਰੇ ਸ਼ਹਿਰ ਵਿੱਚ ਮੁਕੰਮਲ ਹੜਤਾਲ ਹੋ ਗਈ…। ਕਿਹਾ ਜਾਂਦਾ ਹੈ ਕਿ ਨੌਂ ਅਪਰੈਲ ਦੀ ਸ਼ਾਮ ਨੂੰ ਡਾਕਟਰ ਸੱਤਪਾਲ ਅਤੇ ਡਾਕਟਰ ਕਿਚਲੂ ਦੀ ਜਲਾਵਤਨੀ ਦੇ ਹੁਕਮ ਡਿਪਟੀ ਕਮਿਸ਼ਨਰ ਨੂੰ ਮਿਲ ਗਏ ਸਨ। ਪਰ ਉਹ ਉਨ੍ਹਾਂ ਨੂੰ ਲਾਗੂ ਕਰਨ ਲਈ ਅਜੇ ਤਿਆਰ ਨਹੀਂ ਸੀ…। ਇਸ ਲਈ ਕਿ ਉਹਦੇ ਖ਼ਿਆਲ ਵਿੱਚ ਅੰਮ੍ਰਿਤਸਰ ਵਿੱਚ ਕਿਸੇ ਵੀ ਗੱਲ ਦਾ ਕੋਈ ਖ਼ਤਰਾ ਨਹੀਂ ਸੀ। ਲੋਕ ਬੜੇ ਪੁਰ-ਅਮਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਅਤੇ ਜਲਸੇ-ਜਲੂਸ ਕੱਢ ਰਹੇ ਸਨ। ਕਿਸੇ ਤਰ੍ਹਾਂ ਦੀ ਹਿੰਸਾ ਦਾ ਤਾਂ ਕੋਈ ਸੁਆਲ ਹੀ ਨਹੀਂ ਸੀ ਪੈਦਾ ਹੁੰਦਾ। ਮੈਂ ਆਪਣੀ ਅੱਖੀਂ ਡਿੱਠਾ ਹਾਲ ਦੱਸ ਰਿਹਾ ਹਾਂ…। ਨੌਂ ਤਰੀਕ ਨੂੰ ਰਾਮਨੌਮੀ ਸੀ। ਜਲੂਸ ਨਿਕਲਿਆ ਪਰ ਮਜਾਲ ਹੈ ਜੇ ਕਿਸੇ ਨੇ ਹਾਕਮਾਂ ਦੀ ਮਰਜ਼ੀ ਦੇ ਖ਼ਿਲਾਫ਼ ਇੱਕ ਕਦਮ ਵੀ ਚੁੱਕਿਆ ਹੋਵੇ ਪਰ ਭਾਈ ਸਾਹਿਬ ਇਹ ਸਰ ਮਾਈਕਲ ਵੀ ਬੜੀ ਪੁੱਠੀ ਖੋਪੜੀ ਵਾਲਾ ਆਦਮੀ ਸੀ…। ਉਹਨੇ ਡਿਪਟੀ ਕਮਿਸ਼ਨਰ ਦੀ ਇੱਕ ਨਾ ਸੁਣੀ। ਉਸ ‘ਤੇ ਤਾਂ ਬਸ ਇਹ ਡਰ ਸਵਾਰ ਸੀ ਕਿ ਇਹ ਪੰਜਾਬੀ ਲੀਡਰ ਮਹਾਤਮਾ ਗਾਂਧੀ ਦੇ ਇੱਕ ਇਸ਼ਾਰੇ ‘ਤੇ ਅੰਗਰੇਜ਼ਾਂ ਦਾ ਤਖ਼ਤਾ ਉਲਟਾ ਦੇਣਗੇ ਤੇ ਜਿਹੜੀਆਂ ਹੜਤਾਲਾਂ ਹੋ ਰਹੀਆਂ ਹਨ, ਜਿਹੜੇ ਜਲਸੇ ਜਲੂਸ ਨਿਕਲ ਰਹੇ ਨੇ, ਇਨ੍ਹਾਂ ਦੇ ਪਰਦੇ ਪਿੱਛੇ ਇਹੀ ਸਾਜ਼ਿਸ਼ ਕੰਮ ਕਰ ਰਹੀ ਹੈ। ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਦੀ ਜਲਾਵਤਨੀ ਦੀ ਖ਼ਬਰ ਇਕਦਮ ਸਾਰੇ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ…। ਦਿਲ ਹਰ ਜਣੇ ਦਾ ਕੁਝ ਕਰਨ ਨੂੰ ਕਰਦਾ ਸੀ ਪਰ ਹਰ ਸਮੇਂ ਧੁੜਕੂ ਜਿਹਾ ਵੀ ਲੱਗਿਆ ਰਹਿੰਦਾ ਸੀ ਕਿ ਕੋਈ ਬਹੁਤ ਵੱਡਾ ਹਾਦਸਾ ਵਾਪਰਨ ਵਾਲਾ ਹੈ…, ਪਰ ਭਾਈ ਸਾਹਿਬ ਜੋਸ਼ ਬਹੁਤ ਜ਼ਿਆਦਾ ਸੀ। ਕਾਰੋਬਾਰ ਬੰਦ ਸਨ। ਸ਼ਹਿਰ ਕਬਰਸਤਾਨ ਬਣਿਆ ਹੋਇਆ ਸੀ। ਪਰ ਇਸ ਕਬਰਸਤਾਨ ਦੀ ਖ਼ਾਮੋਸ਼ੀ ਵਿੱਚ ਇੱਕ ਸ਼ੋਰ ਸੀ। ਜਦੋਂ ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਕਿ ਸਾਰੇ ਮਿਲ ਕੇ ਡਿਪਟੀ ਕਮਿਸ਼ਨਰ ਬਹਾਦਰ ਕੋਲ ਜਾਣ ਅਤੇ ਆਪਣੇ ਪਿਆਰੇ ਲੀਡਰਾਂ ਦੀ ਜਲਾਵਤਨੀ ਦੇ ਹੁਕਮ ਰੱਦ ਕਰਾਉਣ ਲਈ ਉਨ੍ਹਾਂ ਨੂੰ ਕਹਿਣ, ਪਰ ਭਾਈ ਸਾਹਿਬ ਇਹ ਜ਼ਮਾਨਾ ਕਹਿਣ-ਸੁਣਨ ਦਾ ਨਹੀਂ ਸੀ…। ਸਰ ਮਾਈਕਲ ਵਰਗਾ ਫਿਰੌਨਾ (ਮਿਸਰ ਦਾ ਇੱਕ ਜ਼ਾਲਮ ਹਾਕਮ -ਅਨੁ.) ਦਾ ਪਿਓ ਸੀ। ਉਹਨੇ ਕਿਸੇ ਦੀ ਗੱਲ ਸੁਣਨੀ ਤਾਂ ਇੱਕ ਪਾਸੇ ਲੋਕਾਂ ਦੇ ਸ਼ਾਂਤਮਈ ਇਕੱਠ ਨੂੰ ਹੀ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਅੰਮ੍ਰਿਤਸਰ, ਉਹ ਅੰਮ੍ਰਿਤਸਰ ਜੋ ਕਦੇ ਆਜ਼ਾਦੀ ਦੀ ਲਹਿਰ ਦਾ ਸਭ ਤੋਂ ਵੱਡਾ ਕੇਂਦਰ ਸੀ, ਜਿਹਦੇ ਸੀਨੇ ‘ਤੇ ਜਲਿ੍ਹਆਂ ਵਾਲੇ ਬਾਗ਼ ਵਰਗਾ ਪਵਿੱਤਰ ਜ਼ਖ਼ਮ ਸੀ, ਅੱਜ ਕਿਹੋ ਜਿਹੀ ਹਾਲਤ ਵਿੱਚ ਹੈ…। ਉਸ ਪਵਿੱਤਰ ਸ਼ਹਿਰ ਵਿੱਚ ਜੋ ਕੁਝ ਅੱਜ ਤੋਂ ਪੰਜ ਵਰ੍ਹੇੇ ਪਹਿਲਾਂ ਵਾਪਰਿਆ, ਉਹਦੇ ਜ਼ਿੰਮੇਵਾਰ ਵੀ ਅੰਗਰੇਜ਼ ਹੀ ਰਹੇ ਹੋਣਗੇ ਭਾਈ ਸਾਹਿਬ ਪਰ ਸੱਚ ਪੁੱਛੋ ਤਾਂ ਉਸ ਲਹੂ ਵਿੱਚ ਜੋ ਉੱਥੇ ਵਗਿਆ, ਉਹਦੇ ਵਿੱਚ ਸਾਡੇ ਆਪਣੇ ਹੱਥ ਵੀ ਰੰਗੇ ਹੋਏ ਨਜ਼ਰ ਆਉਂਦੇ ਨੇ; …ਖ਼ੈਰ… ਡਿਪਟੀ ਕਮਿਸ਼ਨਰ ਸਾਹਿਬ ਦਾ ਬੰਗਲਾ ਸਿਵਲ ਲਾਈਨਜ਼ ਵਿੱਚ ਸੀ ਤੇ ਹਰ ਵੱਡਾ ਅਫ਼ਸਰ ਤੇ ਹਰ ਵੱਡਾ ਟੋਡੀ (ਅੰਗਰੇਜ਼ਾਂ ਦਾ ਭਾਰਤੀ ਪਿੱਠੂ -ਅਨੁ.) ਸ਼ਹਿਰ ਦੇ ਇਸ ਵੱਖਰੇ ਜਿਹੇ ਹਿੱਸੇ ਵਿੱਚ ਰਹਿੰਦੇ ਸਨ…। ਜੇ ਤੁਸੀਂ ਅੰਮ੍ਰਿਤਸਰ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸ਼ਹਿਰ ਅਤੇ ਸਿਵਲ ਲਾਈਨਜ਼ ਨੂੰ ਜੋੜਨ ਵਾਲਾ ਇੱਕ ਪੁਲ ਹੈ, ਜਿਸ ‘ਤੋਂ ਲੰਘ ਕੇ ਠੰਢੀ ਸੜਕ ‘ਤੇ ਪਹੁੰਚੀਦਾ ਹੈ, ਜਿੱਥੇ ਹਾਕਮਾਂ ਨੇ ਆਪਣੇ ਲਈ ਆਰਜ਼ੀ ਸਵਰਗ ਬਣਾਇਆ ਹੋਇਆ ਸੀ। ਹਜੂਮ ਜਦੋਂ ਹਾਲ ਗੇਟ ਦੇ ਕੋਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਪੁਲ ‘ਤੇ ਗੋਰੇ ਘੋੜ ਸਵਾਰਾਂ ਦਾ ਪਹਿਰਾ ਹੈ…। ਹਜੂਮ ਬਿਲਕੁਲ ਨਾ ਰੁਕਿਆ ਤੇ ਅੱਗੇ ਹੀ ਅੱਗੇ ਵਧਦਾ ਗਿਆ…। ਭਾਈ ਸਾਹਿਬ, ਭਾਈ ਸਾਹਿਬ ਮੈਂ ਇਸ ਹਜੂਮ ਵਿੱਚ ਸ਼ਾਮਲ ਸਾਂ। ਜੋਸ਼ ਏਨਾ ਸੀ ਕਿ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਸਨ ਸਾਰੇ ਹੀ ਨਿਹੱਥੇ। ਕਿਸੇ ਕੋਲ ਇੱਕ ਨਿੱਕੀ ਜਿਹੀ ਸੋਟੀ ਤਕ ਵੀ ਨਹੀਂ ਸੀ। ਅਸਲ ਵਿੱਚ ਹਜੂਮ ਤਾਂ ਸਿਰਫ਼ ਇਸ ਮਕਸਦ ਨਾਲ ਨਿਕਲਿਆ ਸੀ ਕਿ ਸਮੁੱਚੇ ਰੂਪ ਵਿੱਚ ਆਪਣੀ ਆਵਾਜ਼ ਸ਼ਹਿਰ ਦੇ ਹਾਕਮ ਤਕ ਪਹੁੰਚਾਈ ਜਾਵੇ ਅਤੇ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ ਜਾਵੇ ਕਿ ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਹਜੂਮ ਪੁਲ ਵੱਲ ਅੱਗੇ ਸਰਕਦਾ ਗਿਆ ਤੇ ਜਦੋਂ ਪੁਲ ਦੇ ਬਿਲਕੁਲ ਨੇੜੇ ਪਹੁੰਚਿਆ ਤਾਂ ਘੋੜ ਸਵਾਰ ਗੋਰਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਕਦਮ ਭਗਦੜ ਮੱਚ ਗਈ। ਗੋਰੇ ਗਿਣਤੀ ਵਿੱਚ ਕੁਝ ਕੁ ਹੀ ਸਨ ਤੇ ਹਜੂਮ ਵਿੱਚ ਸੈਂਕੜੇ ਲੋਕ ਸ਼ਾਮਲ ਸਨ। ਪਰ ਭਾਈ ਸਾਹਿਬ ਗੋਲੀ ਦੀ ਬੜੀ ਦਹਿਸ਼ਤ ਹੁੰਦੀ ਹੈ। ਅਜਿਹੀ ਹਫੜਾ-ਦਫੜੀ ਮਚੀ ਕਿ ਅੱਲ੍ਹਾ ਹੀ ਜਾਣਦਾ ਹੈ। ਕੁਝ ਲੋਕ ਗੋਲੀਆਂ ਨਾਲ ਅਤੇ ਕੁਝ ਭਗਦੜ ਵਿੱਚ ਜ਼ਖ਼ਮੀ ਹੋ ਗਏ। ਖੱਬੇ ਪਾਸੇ ਵੱਲ ਇੱਕ ਗੰਦਾ ਨਾਲਾ ਸੀ; ਇੱਕ ਧੱਕਾ ਵੱਜਿਆ ਤਾਂ ਮੈਂ ਸਿੱਧਾ ਨਾਲੇ ਵਿੱਚ ਜਾ ਡਿੱਗਿਆ। ਗੋਲੀਆਂ ਚਲਣੀਆਂ ਬੰਦ ਹੋ ਗਈਆਂ ਤਾਂ ਮੈਂ ਉੱਠ ਕੇ ਦੇਖਿਆ ਹਜੂਮ ਤਿੱਤਰ-ਬਿੱਤਰ ਹੋ ਚੁੱਕਾ ਸੀ। ਜਿਹੜੇ ਲੋਕ ਜ਼ਖ਼ਮੀ ਹੋ ਗਏ ਸਨ, ਉਹ ਸੜਕ ‘ਤੇ ਪਏ ਸਨ ਤੇ ਪੁਲ ‘ਤੇ ਗੋਰੇ ਘੋੜ ਸਵਾਰ ਹੱਸ ਰਹੇ ਸਨ। ਭਾਈ ਸਾਹਿਬ ਮੈਨੂੰ ਬਿਲਕੁਲ ਯਾਦ ਨਹੀਂ ਕਿ ਉਸ ਸਮੇਂ ਮੇਰੀ ਦਿਮਾਗ਼ੀ ਹਾਲਤ ਕਿਹੋ ਜਿਹੀ ਸੀ। ਮੇਰਾ ਖਿਆਲ ਹੈ ਕਿ ਮੇਰੇ ਹੋਸ਼ੋ-ਹਵਾਸ ਪੂਰੀ ਤਰ੍ਹਾਂ ਸਹੀ ਸਲਾਮਤ ਨਹੀਂ ਸਨ। ਨਾਲੇ ਵਿੱਚ ਡਿੱਗਦੇ ਸਮੇਂ ਤਾਂ ਮੈਂ ਬਿਲਕੁਲ ਹੀ ਹੋਸ਼ ‘ਚ ਨਹੀਂ ਸੀ। ਪਰ ਜਦੋਂ ਮੈਂ ਨਾਲੇ ਵਿੱਚੋਂ ਬਾਹਰ ਨਿਕਲਿਆ ਤਾਂ ਜਿਹੜਾ ਹਾਦਸਾ ਵਾਪਰ ਚੁੱਕਿਆ ਸੀ, ਉਹਦੇ ਧੁੰਦਲੇ ਜਿਹੇ ਨੈਣ-ਨਕਸ਼ ਹੌਲੀ-ਹੌਲੀ ਮੇਰੇ ਦਿਮਾਗ਼ ਵਿੱਚ ਉੱਭਰਨੇ ਸ਼ੁਰੂ ਹੋ ਗਏ। ਦੂਰੋਂ ਰੌਲੇ-ਰੱਪੇ ਦੀ ਆਵਾਜ਼ ਆ ਰਹੀ ਸੀ ਜਿਵੇਂ ਬਹੁਤ ਸਾਰੇ ਲੋਕ ਗੁੱਸੇ ਵਿੱਚ ਚੀਕ ਰਹੇ ਹੋਣ। ਅੱਗ ਉਗਲ ਰਹੇ ਹੋਣ। ਮੈਂ ਗੰਦਾ ਨਾਲਾ ਪਾਰ ਕਰਕੇ ਜਾਹਰਾ ਪੀਰ ਦੇ ਤਕੀਏ ਕੋਲੋਂ ਹੁੰਦਾ ਹੋਇਆ ਹਾਲ ਗੇਟ ਦੇ ਕੋਲ ਪਹੁੰਚਿਆ ਤਾਂ ਮੈਂ ਦੇਖਿਆ ਕਿ ਤੀਹ-ਚਾਲੀ ਨੌਜਵਾਨ ਜੋਸ਼ ਵਿੱਚ ਹੱਥਾਂ ਵਿੱਚ ਇੱਟਾਂ-ਰੋੜੇ ਫੜੀ ਹਾਲ ਗੇਟ ਦੇ ਘੜਿਆਲ ਵੱਲ ਮਾਰ ਰਹੇ ਸਨ। ਘੜਿਆਲ ਦਾ ਸ਼ੀਸ਼ਾ ਟੁੱਟ ਕੇ ਸੜਕ ‘ਤੇ ਖਿੱਲਰ ਗਿਆ ਤਾਂ ਇੱਕ ਨੌਜਵਾਨ ਨੇ ਬਾਕੀਆਂ ਨੂੰ ਕਿਹਾ, ”ਚਲੋ ਮਲਕਾ ਦਾ ਬੁੱਤ ਤੋੜੀਏ।” ਦੂਜੇ ਨੇ ਕਿਹਾ, ”ਨਹੀਂ, ਆਓ ਕੋਤਵਾਲੀ ਨੂੰ ਅੱਗ ਲਾਈਏ।” ਤੀਜੇ ਨੇ ਕਿਹਾ, ”ਚਲੋ ਸਾਰੇ ਬੈਂਕਾਂ ਨੂੰ ਵੀ…।” ਚੌਥੇ ਨੇ ਉਨ੍ਹਾਂ ਸਾਰਿਆਂ ਨੂੰ ਰੋਕਿਆ, ”ਠਹਿਰੋ… ਇਸ ਨਾਲ ਕੀ ਫਾਇਦਾ ਹੋਵੇਗਾ… ਚਲੋ ਪੁਲੀ ‘ਤੇ ਚੱਲ ਕੇ ਗੋਰਿਆਂ ਨੂੰ ਮਾਰੀਏ…।” ਚੌਥੇ ਨੌਜਵਾਨ ਨੂੰ ਮੈਂ ਪਛਾਣ ਲਿਆ। ਉਹ ਥੈਲਾ ਕੰਜਰ ਸੀ, ਉਹਦਾ ਨਾਂ ਮੁਹੰਮਦ ਤੁਫ਼ੈਲ ਸੀ, ਪਰ ਉਹ ਥੈਲੇ ਕੰਜਰ ਦੇ ਨਾਂ ਨਾਲ ਮਸ਼ਹੂਰ ਸੀ। ਇਸ ਲਈ ਕਿ ਉਹ ਤਵਾਇਫ਼ (ਵੇਸਵਾ) ਦੇ ਪੇਟੋਂ ਸੀ…। ਉਹ ਬੜਾ ਅਵਾਰਾਗਰਦ ਸੀ। ਛੋਟੀ ਉਮਰ ਵਿੱਚ ਹੀ ਉਹਨੂੰ ਜੂਏ ਅਤੇ ਸ਼ਰਾਬ ਦੀ ਲਤ ਲੱਗ ਗਈ ਸੀ। ਉਹਦੀਆਂ ਦੋ ਭੈਣਾਂ ਸਨ ਸ਼ਮਸ਼ਾਦ ਅਤੇ ਅਲਮਾਸ। …ਆਪਣੇ ਜ਼ਮਾਨੇ ਦੀਆਂ ਬੜੀਆਂ ਹੁਸੀਨ ਤਵਾਇਫ਼ਾਂ ਸਨ। ਸ਼ਮਸ਼ਾਦ ਦਾ ਗਲਾ ਬਹੁਤ ਵਧੀਆ ਸੀ। ਉਸ ਦਾ ਮੁਜਰਾ ਸੁਣਨ ਲਈ ਵੱਡੇ-ਵੱਡੇ ਅਮੀਰਜ਼ਾਦੇ ਬੜੀ-ਬੜੀ ਦੂਰੋਂ ਆਉਂਦੇ ਸਨ। ਦੋਵੇਂ ਭੈਣਾਂ ਆਪਣੇ ਭਰਾ ਦੀਆਂ ਕਰਤੂਤਾਂ ਤੋਂ ਦੁਖੀ ਸਨ। ਸ਼ਹਿਰ ਵਿੱਚ ਮਸ਼ਹੂਰ ਸੀ ਕਿ ਦੋਵਾਂ ਨੇ ਇੱਕ ਤਰ੍ਹਾਂ ਨਾਲ ਆਪਣੇ ਭਰਾ ਨਾਲੋਂ ਨਾਤਾ ਤੋੜਿਆ ਹੋਇਆ ਸੀ। ਫਿਰ ਵੀ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸੇ ਨਾ ਕਿਸੇ ਹੀਲੇ-ਵਸੀਲੇ ਆਪਣੀਆਂ ਭੈਣਾਂ ਕੋਲੋਂ ਕੁਝ ਨਾ ਕੁਝ ਵਸੂਲੀ ਕਰ ਹੀ ਲੈਂਦਾ ਸੀ। ਵਿਅੰਗ ਅਤੇ ਲਤੀਫ਼ੇਬਾਜੀ ਉਹਦੇ ਸੁਭਾਅ ਵਿੱਚ ਕੁੁੱਟ-ਕੁੱਟ ਕੇ ਭਰੀ ਹੋਈ ਸੀ। ਮਿਰਾਸੀਆਂ ਅਤੇ ਭੰਡਾਂ ਦੀ ਲਿਫ਼ਾਫ਼ੇਬਾਜ਼ੀ ਤੋਂ ਉਹ ਦਸ ਕਦਮ ਪਰ੍ਹੇ ਹੀ ਰਹਿੰਦਾ ਸੀ। ਲੰਬਾ ਕੱਦ, ਸੁਡੌਲ ਹੱਥ-ਪੈਰ, ਮਜ਼ਬੂਤ ਕਸਰਤੀ ਪਿੰਡਾ, ਸੋਹਣੇ ਨੈਣ-ਨਕਸ਼ ਉਹਦਾ ਖਾਸਾ ਸਨ। ਜੋਸ਼ ਵਿੱਚ ਆਏ ਮੁੰਡਿਆਂ ਨੇ ਉਹਦੀ ਗੱਲ ਨਾ ਸੁਣੀ ਤੇ ਮਲਕਾ ਦੇ ਬੁੱਤ ਵੱਲ ਜਾਣ ਲੱਗੇ। ਉਹਨੇ ਫਿਰ ਉਨ੍ਹਾਂ ਨੂੰ ਕਿਹਾ, ”ਮੇਰੀ ਗੱਲ ਸੁਣੋ, ਨਾ ਗਵਾਓ ਆਪਣਾ ਜੋਸ਼… ਏਧਰ ਆਓ ਮੇਰੇ ਨਾਲ… ਚਲੋ ਉਨ੍ਹਾਂ ਗੋਰਿਆਂ ਨੂੰ ਮਾਰੀਏ ਜਿਨ੍ਹਾਂ ਨੇ ਸਾਡੇ ਬੇਕਸੂਰ, ਨਿਹੱਥੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਕਈਆਂ ਦੀ ਜਾਨ ਲੈ ਲਈ ਹੈ। ਖ਼ੁਦਾ ਦੀ ਕਸਮ, ਅਸੀਂ ਸਾਰੇ ਰਲ ਕੇ ਉਨ੍ਹਾਂ ਦੀਆਂ ਧੌਣਾਂ ਮਰੋੜ ਸਕਦੇ ਹਾਂ… ਚਲੋ….!” ਕੁਝ ਮੁੰਡੇ ਮਲਕਾ ਦੇ ਬੁੱਤ ਵੱਲ ਜਾ ਚੁੱਕੇ ਸਨ, ਜਿਹੜੇ ਰਹਿ ਗਏ ਸਨ, ਥੈਲੇ ਦੀ ਗੱਲ ਸੁਣ ਕੇ ਰੁਕ ਗਏ। ਥੈਲਾ ਜਦੋਂ ਪੁਲ ਵੱਲ ਵਧਿਆ ਤਾਂ ਉਹ ਵੀ ਉਹਦੇ ਪਿੱਛੇ-ਪਿੱਛੇ ਚੱਲਣ ਲੱਗੇ। ਮੈਂ ਸੋਚਿਆ ਕਿ ਮਾਵਾਂ ਦੇ ਇਹ ਲਾਲ ਬੇਕਾਰ ਹੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਮੈਂ ਫੁਹਾਰੇ ਦੇ ਕੋਲ ਦੁਬਕਿਆ ਖੜਾ ਸਾਂ। ਮੈਂ ਉੱਥੋਂ ਹੀ ਥੈਲੇ ਨੂੰ ਆਵਾਜ਼ ਦਿੱਤੀ ਅਤੇ ਕਿਹਾ, ”ਨਾ ਜਾਓ ਯਾਰੋ… ਕਿਉਂ ਆਪਣੀ ਜਾਨ ਦੇ ਪਿੱਛੇ ਪਏ ਓ…?” ਥੈਲੇ ਨੇ ਮੇਰੀ ਗੱਲ ਸੁਣ ਕੇ ਇੱਕ ਅਜੀਬ ਜਿਹਾ ਠਹਾਕਾ ਮਾਰਿਆ। ਥੈਲਾ ਸਿਰਫ਼ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਗੋਲੀਆਂ ਤੋਂ ਨਹੀਂ ਡਰਦਾ। ਫਿਰ ਉਹ ਆਪਣੇ ਪਿੱਛੇ ਆ ਰਹੇ ਮੁੰਡਿਆਂ ਨੂੰ ਕਹਿਣ ਲੱਗਾ, ”ਜੇ ਤੁਸੀਂ ਡਰਦੇ ਹੋ ਤਾਂ ਵਾਪਸ ਚਲੇ ਜਾਓ।” ਅਜਿਹੇ ਮੌਕਿਆਂ ‘ਤੇ ਵਧੇ ਹੋਏ ਕਦਮ ਕਦੇ ਵੀ ਪਿੱਛੇ ਨਹੀਂ ਹਟਦੇ ਤੇ ਉਹ ਵੀ ਉਸ ਸਮੇਂ ਜਦੋਂ ਇੱਕ ਜੋਸ਼ੀਲਾ ਨੌਜਵਾਨ ਜਾਨ ਤਲੀ ‘ਤੇ ਰੱਖ ਕੇ ਅੱਗੇ ਵਧ ਰਿਹਾ ਹੋਵੇ। ਥੈਲਾ ਤੇਜ਼ ਕਦਮਾਂ ਨਾਲ ਅੱਗੇ ਵਧਣ ਲੱਗਾ। ਉਸ ਦੇ ਮਗਰ-ਮਗਰ ਨੌਜਵਾਨ ਵੀ ਤੇਜ਼ ਕਦਮਾਂ ਨਾਲ ਚੱਲਣ ਲੱਗੇ। ਹਾਲ ਗੇਟ ਤੋਂ ਪੁਲ ਦਾ ਫਾਸਲਾ ਹੈ ਹੀ ਕਿੰਨਾ ਕੁ… ਹੋਵੇਗਾ ਸੱਠ, ਸੱਤਰ ਗਜ਼ ਦੇ ਲਗਪਗ…। ਥੈਲਾ ਸਭ ਤੋਂ ਅੱਗੇ ਸੀ…। ਜਿੱਥੋਂ ਪੁਲ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ ਜੰਗਲਾ ਸ਼ੁਰੂ ਹੁੰਦਾ ਹੈ, ਉੱਥੋਂ ਕੋਈ ਪੰਦਰਾਂ-ਵੀਹ ਕਦਮਾਂ ਦੇ ਫਾਸਲੇ ‘ਤੇ ਦੋ ਘੋੜ ਸਵਾਰ ਗੋਰੇ ਖੜ੍ਹੇ ਸਨ। ਇਕਦਮ ਥੈਲੇ ਨੇ ਨਾਅਰਾ ਮਾਰਿਆ। ਜਦੋਂ ਉਹ ਜੰਗਲੇ ਦੇ ਸਿਰੇ ਕੋਲ ਪਹੁੰਚਿਆ ਤਾਂ ਉਧਰੋਂ ਫਾਇਰ ਹੋਇਆ। ਮੇਰੀਆਂ ਅੱਖਾਂ ਆਪਣੇ ਆਪ ਮਿਚ ਗਈਆਂ। ਪਤਾ ਨਹੀਂ ਮੈਨੂੰ ਇੰਜ ਲੱਗਾ ਜਿਵੇਂ ਉਹ ਡਿੱਗ ਪਿਆ ਏ। ਇਸ ਅਹਿਸਾਸ ਦੇ ਨਾਲ ਹੀ ਮੈਂ ਬੜੀ ਮੁਸ਼ਕਲ ਨਾਲ ਆਪਣੀਆਂ ਅੱਖਾਂ ਖੋਲ੍ਹੀਆਂ। ਮੈਂ ਦੇਖਿਆ ਕਿ ਉਹ ਪਿੱਛੇ ਵੱਲ ਦੇਖਦਾ ਹੋਇਆ ਅੱਗੇ ਵਧ ਰਿਹਾ ਸੀ। ਫਾਇਰ ਹੁੰਦਿਆਂ ਹੀ ਬਾਕੀ ਨੌਜਵਾਨ ਭੱਜ ਉੱਠੇ ਤੇ ਉਹ ਚੀਕ ਰਿਹਾ ਸੀ, ”ਦੌੜੋ ਨਾ… ਏਧਰ ਵੱਲ ਭੱਜੋ।” ਉਹਦਾ ਮੂੰਹ ਮੇਰੇ ਵੱਲ ਸੀ ਕਿ ਇੱਕ ਹੋਰ ਫਾਇਰ ਹੋਇਆ। ਉਹਨੇ ਆਪਣੀ ਪਿੱਠ ‘ਤੇ ਹੱਥ ਫੇਰਿਆ ਤੇ ਪਿੱਛੇ ਮੁੜ ਕੇ ਗੋਰਿਆਂ ਵੱਲ ਵੇਖਿਆ। ਹੁਣ ਉਹਦੀ ਪਿੱਠ ਮੇਰੇ ਵੱਲ ਸੀ। ਮੈਂ ਦੇਖਿਆ ਕਿ ਉਹਦੀ ਸਫ਼ੈਦ ਬੋਸਕੀ ਦੀ ਕਮੀਜ਼ ‘ਤੇ ਲਾਲ-ਲਾਲ ਧੱਬੇ ਪੈ ਗਏ ਨੇ… ਉਹ ਜ਼ਖ਼ਮੀ ਸ਼ੇਰ ਵਾਂਗ ਤੇਜ਼ੀ ਨਾਲ ਅੱਗੇ ਵਧਿਆ ਤੇ ਪਹਿਲੇ ਘੋੜ ਸਵਾਰ ਗੋਰੇ ‘ਤੇ ਝਪਟਿਆ। ਏਨੇ ਵਿੱਚ ਇੱਕ ਹੋਰ ਫਾਇਰ ਹੋਇਆ। ਫਿਰ ਅੱਖ ਦੇ ਫੋਰ ਵਿੱਚ ਪਤਾ ਨਹੀਂ ਕੀ ਹੋਇਆ ਕਿ ਘੋੜੇ ਦੀ ਪਿੱਠ ਖਾਲੀ ਸੀ। ਇੱਕ ਗੋਰਾ ਜ਼ਮੀਨ ‘ਤੇ ਪਿਆ ਸੀ ਤੇ ਥੈਲਾ ਉਹਦੀ ਛਾਤੀ ‘ਤੇ ਚੜ੍ਹਿਆ ਬੈਠਾ ਸੀ। ਦੂਜਾ ਘੋੜ ਸਵਾਰ ਗੋਰਾ ਜੋ ਨੇੜੇ ਹੀ ਖੜ੍ਹਾ ਸੀ ਜ਼ਖ਼ਮੀ ਥੈਲੇ ਦੀ ਫੁਰਤੀ ਅਤੇ ਝਪਟ ਦੇਖ ਕੇ ਬੁਖਲਾ ਗਿਆ। ਉਹਨੇ ਆਪਣੇ ਬਿਦਕਦੇ ਹੋਏ ਘੋੜੇ ਨੂੰ ਰੋਕਿਆ ਤੇ ਫਿਰ ਧੜਾ-ਧੜ ਫਾਇਰ ਕਰਨ ਲੱਗਾ। ਇਹਦੇ ਬਾਅਦ ਕੀ ਹੋਇਆ ਮੈਨੂੰ ਨਹੀਂ ਪਤਾ। ਮੈਂ ਉਸੇ ਫੁਹਾਰੇ ਕੋਲ ਬੇਹੋਸ਼ ਹੋ ਕੇ ਡਿੱਗ ਪਿਆ। ਭਾਈ ਸਾਹਿਬ, ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਦੇਖਿਆ ਕਿ ਮੈਂ ਆਪਣੇ ਘਰ ਵਿੱਚ ਹਾਂ। ਕੁਝ ਜਾਣ-ਪਛਾਣ ਵਾਲੇ ਮੈਨੂੰ ਫੁਹਾਰੇ ਕੋਲੋਂ ਚੁੱਕ ਕੇ ਲਿਆਏ ਸਨ। ਉਨ੍ਹਾਂ ਦੀ ਜ਼ਬਾਨੀ ਮੈਨੂੰ ਪਤਾ ਲੱਗਿਆ ਕਿ ਪੁਲ ‘ਤੇ ਗੋਲੀ ਚੱਲਣ ਦੀ ਖ਼ਬਰ ਸੁਣ ਕੇ ਸਾਰੇ ਸ਼ਹਿਰ ਵਿੱਚ ਬਿਖਰਿਆ ਹਜੂਮ ਭੜਕ ਪਿਆ ਤੇ ਭੜਕਾਹਟ ਦਾ ਨਤੀਜਾ ਇਹ ਨਿਕਲਿਆ ਕਿ ਟਾਊਨ ਹਾਲ ਅਤੇ ਤਿੰਨਾਂ ਬੈਂਕਾਂ ਨੂੰ ਅੱਗ ਲਗਾ ਦਿੱਤੀ ਗਈ। ਪੰਜ-ਛੇ ਗੋਰਿਆਂ ਨੂੰ ਮਾਰ ਮੁਕਾਇਆ, ਬੜੀ ਲੁੱਟ ਮਚੀ… ਅੰਗਰੇਜ਼ ਅਫ਼ਸਰਾਂ ਨੂੰ ਏਨੀ ਲੁੱਟ-ਖਸੁੱਟ ਦਾ ਅੰਦਾਜ਼ਾ ਨਹੀਂ ਸੀ। ਜਿਹੜੇ ਪੰਜ-ਛੇ ਗੋਰੇ ਉਨ੍ਹਾਂ ਨੇ ਮਾਰ ਮੁਕਾਏ ਸਨ, ਏਸੇ ਦਾ ਬਦਲਾ ਲੈਣ ਲਈ ਜਲਿ੍ਹਆਂ ਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ। ਡਿਪਟੀ ਕਮਿਸ਼ਨਰ ਬਹਾਦਰ ਨੇ ਸ਼ਹਿਰ ਦੀ ਵਾਗਡੋਰ ਜਨਰਲ ਡਾਇਰ ਦੇ ਸਪੁਰਦ ਕਰ ਦਿੱਤੀ। ਜਨਰਲ ਨੇ 12 ਅਪਰੈਲ ਨੂੰ ਫ਼ੌਜੀਆਂ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਫ਼ੌਜੀ ਮਾਰਚ ਕੀਤਾ ਅਤੇ ਦਰਜਨਾਂ ਬੇਗੁਨਾਹ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਜਲਿ੍ਹਆਂ ਵਾਲੇ ਬਾਗ਼ ਵਿੱਚ ਜਲਸਾ ਹੋਇਆ। ਲਗਪਗ ਪੰਝੀ ਹਜ਼ਾਰ ਲੋਕਾਂ ਦਾ ਇਕੱਠ ਸੀ। ਜਨਰਲ ਡਾਇਰ ਸ਼ਸ਼ਤਰਧਾਰੀ ਗੋਰਖਿਆਂ ਅਤੇ ਸਿੱਖ ਫ਼ੌਜੀਆਂ ਦੇ ਦਸਤਿਆਂ ਨਾਲ ਉੱਥੇ ਪਹੁੰਚਿਆ ਤੇ ਫਿਰ ਨਿਹੱਥੇ ਲੋਕਾਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਉਸ ਖ਼ੂਨੀ ਸਾਕੇ ਤੋਂ ਤੁਰੰਤ ਬਾਅਦ ਤਾਂ ਕਿਸੇ ਨੂੰ ਵੀ ਹੋਏ ਜਾਨੀ ਨੁਕਸਾਨ ਦਾ ਠੀਕ-ਠੀਕ ਅੰਦਾਜ਼ਾ ਨਹੀਂ ਸੀ ਪਰ ਬਾਅਦ ਵਿੱਚ ਜਦੋਂ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਇੱਕ ਹਜ਼ਾਰ ਤੋਂ ਵਧੇਰੇ ਲੋਕ ਸ਼ਹੀਦ ਹੋ ਗਏ ਤੇ ਤਿੰਨ ਹਜ਼ਾਰ ਦੇ ਲਗਪਗ ਜ਼ਖ਼ਮੀ ਹੋਏ। ਪਰ ਮੈਂ ਤਾਂ ਥੈਲੇ ਕੰਜਰ ਦੀ ਗੱਲ ਕਰ ਰਿਹਾ ਸਾਂ। ਭਾਈ ਸਾਹਿਬ ਅੱਖੀਂ ਡਿੱਠਾ ਤੁਹਾਨੂੰ ਦੱਸ ਚੁੱਕਾ ਹਾਂ। ਬੇ-ਐਬ ਹੈ ਖ਼ੁਦਾ ਦੀ ਜਾਤ; ਥੈਲੇ ਮਰਹੂਮ ਵਿੱਚ ਚਾਰੇ ਐਬ ਸ਼ਰਈ ਸਨ। ਉਹ ਇੱਕ ਪੇਸ਼ੇਵਰ ਤਵਾਇਫ ਦੀ ਕੁੱਖੋਂ ਸੀ ਪਰ ਸੀ ਉਹ ਬੜਾ ਜਿਗਰੇ ਵਾਲਾ। ਮੈਂ ਹੁਣ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਸ ਮਲੀਨ ਘੋੜ ਸਵਾਰ ਗੋਰੇ ਦੀ ਪਹਿਲੀ ਗੋਲੀ ਵੀ ਥੈਲੇ ਨੂੰ ਹੀ ਲੱਗੀ ਸੀ। ਜੋਸ਼ ਦੀ ਹਾਲਤ ਵਿੱਚ ਉਹ ਮਹਿਸੂਸ ਤਕ ਨਾ ਕਰ ਸਕਿਆ ਕਿ ਉਹਦੀ ਛਾਤੀ ਵਿੱਚ ਗਰਮ-ਗਰਮ ਬਰੂਦ ਲਹਿ ਚੁੱਕਾ ਹੈ। ਉਹ ਤਾਂ ਪਹਿਲੇ ਫਾਇਰ ਦੀ ਆਵਾਜ਼ ਸੁਣਦਿਆਂ ਹੀ ਧੌਣ ਘੁਮਾ ਕੇ ਭੱਜਦੇ ਹੋਏ ਨੌਜਵਾਨਾਂ ਨੂੰ ਆਵਾਜ਼ਾਂ ਮਾਰ ਰਿਹਾ ਸੀ। ਦੂਜੀ ਗੋਲੀ ਉਹਦੀ ਪਿੱਠ ਵਿੱਚ ਲੱਗੀ ਸੀ ਅਤੇ ਤੀਜੀ ਛਾਤੀ ਵਿਚ। ਮੈਂ ਦੇਖ ਤਾਂ ਨਹੀਂ ਸਕਿਆ ਪਰ ਸੁਣਿਆ ਹੈ ਕਿ ਜਦੋਂ ਉਹਦਾ ਮੁਰਦਾ ਜਿਸਮ ਗੋਰੇ ਦੇ ਜਿਸਮ ਤੋਂ ਵੱਖ ਕੀਤਾ ਗਿਆ ਸੀ ਤਾਂ ਉਹਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਗੋਰੇ ਦੀ ਗਰਦਨ ਵਿੱਚ ਇੰਜ ਖੁੱਭੀਆਂ ਹੋਈਆਂ ਸਨ ਕਿ ਬੜੀ ਮੁਸ਼ਕਲ ਨਾਲ ਹੀ ਉਨ੍ਹਾਂ ਨੂੰ ਵੱਖ ਕੀਤਾ ਜਾ ਸਕਿਆ। ਗੋਰਾ ਜਹੰਨਮ ਵਿੱਚ ਪਹੁੰਚ ਚੁੱਕਾ ਸੀ। ਦੂਜੇ ਦਿਨ ਜਦੋਂ ਥੈਲੇ ਦੀ ਲਾਸ਼ ਦਫਨਾਉਣ ਲਈ ਉਹਦੇ ਘਰ ਵਾਲਿਆਂ ਦੇ ਸਪੁਰਦ ਕੀਤੀ ਗਈ ਤਾਂ ਲਾਸ਼ ਗੋਲੀਆਂ ਨਾਲ ਵਿੰਨ੍ਹੀ ਪਈ ਸੀ। ਮੇਰਾ ਖ਼ਿਆਲ ਹੈ ਕਿ ਜਦੋਂ ਦੂਜੇ ਘੋੜ ਸਵਾਰ ਗੋਰੇ ਨੇ ਥੈਲੇ ‘ਤੇ ਆਪਣਾ ਪੂਰਾ ਪਿਸਤੌਲ ਖਾਲੀ ਕੀਤਾ ਤਾਂ ਉਸ ਤੋਂ ਪਹਿਲਾਂ ਹੀ ਥੈਲੇ ਦੀ ਰੂਹ ਦਾ ਭੌਰ ਇਸ ਫਾਨੀ ਪਿੰਜਰੇ ਵਿੱਚੋਂ ਪਰਵਾਜ਼ ਭਰ ਚੁੱਕਾ ਸੀ। ਉਸ ਸ਼ੈਤਾਨ ਦੇ ਬੱਚੇ ਨੇ ਸਿਰਫ਼ ਥੈਲੇ ਦੇ ਮੁਰਦਾ ਜਿਸਮ ‘ਤੇ ਹੀ ਚਾਂਦਮਾਰੀ ਕੀਤੀ ਸੀ। ਜਦੋਂ ਉਹਦੀ ਲਾਸ਼ ਮੁਹੱਲੇ ਵਿੱਚ ਲਿਆਂਦੀ ਗਈ ਤਾਂ ਚਾਰੇ ਪਾਸੇ ਕੋਹਰਾਮ ਮਚ ਗਿਆ। ਆਪਣੀ ਬਰਾਦਰੀ ਵਿੱਚ ਉਹ ਏਨਾ ਮਕਬੂਲ ਨਹੀਂ ਸੀ ਪਰ ਉਹਦੀ ਕੀਮਾ-ਕੀਮਾ ਹੋਈ ਲਾਸ਼ ਦੇਖ ਕੇ ਸਾਰੇ ਧਾਹਾਂ ਮਾਰ-ਮਾਰ ਕੇ ਰੋਣ ਲੱਗੇ। ਉਹਦੀਆਂ ਭੈਣਾਂ ਸ਼ਮਸ਼ਾਦ ਤੇ ਅਲਮਾਸ ਬੇਹੋਸ਼ ਹੋ ਗਈਆਂ। ਜਦੋਂ ਥੈਲੇ ਦਾ ਜਨਾਜ਼ਾ ਨਿਕਲਿਆ ਤਾਂ ਦੋਵਾਂ ਭੈਣਾਂ ਨੇ ਅਜਿਹੇ ਵੈਣ ਪਾਏ ਕਿ ਸੁਣਨ ਵਾਲੇ ਲਹੂ ਦੇ ਅੱਥਰੂ ਰੋਣ ਲੱਗੇ। ਭਾਈ ਸਾਹਿਬ ! ਮੈਂ ਕਿਤੇ ਪੜ੍ਹਿਆ ਸੀ ਕਿ ਫਰਾਂਸ ਦੇ ਇਨਕਲਾਬ ਵਿੱਚ ਪਹਿਲੀ ਗੋਲੀ ਉੱਥੋਂ ਦੀ ਇੱਕ ਆਮ ਵੇਸਵਾ ਨੂੰ ਲੱਗੀ ਸੀ। ਮਰਹੂਮ ਥੈਲਾ ਯਾਨੀ ਮੁਹੰਮਦ ਤੁਫ਼ੈਲ ਇੱਕ ਤਵਾਇਫ਼ ਦਾ ਮੁੰਡਾ ਸੀ। ਇਨਕਲਾਬ ਦੀ ਉਸ ਜੱਦੋ-ਜਹਿਦ ਵਿੱਚ ਪਹਿਲੀ ਗੋਲੀ, ਜੋ ਥੈਲੇ ਨੂੰ ਲੱਗੀ ਉਹ ਗੋਲੀ ਦਸਵੀਂ ਸੀ ਜਾਂ ਪੰਜਾਹਵੀਂ ਇਹਦੇ ਬਾਰੇ ਕਿਸੇ ਨੇ ਖੋਜ-ਬੀਨ ਨਹੀਂ ਕੀਤੀ। ਸ਼ਾਇਦ ਇਸ ਲਈ ਕਿ ਸਮਾਜ ਵਿੱਚ ਉਹਦੇ ਵਰਗੇ ਗ਼ਰੀਬ ਦਾ ਕੋਈ ਰੁਤਬਾ ਨਹੀਂ ਸੀ। ਮੈਂ ਸੋਚ ਰਿਹਾਂ ਕਿ ਪੰਜਾਬ ਦੇ ਉਸ ਖ਼ੂਨੀ ਇਸ਼ਨਾਨ ਵਿੱਚ ਨਹਾਉਣ ਵਾਲਿਆਂ ਦੀ ਸੂਚੀ ਵਿੱਚ ਥੈਲੇ ਕੰਜਰ ਦਾ ਨਾਮੋ-ਨਿਸ਼ਾਨ ਤਕ ਨਹੀਂ ਹੋਵੇਗਾ ਤੇ ਇਹ ਵੀ ਕੋਈ ਨਹੀਂ ਜਾਣਦਾ ਕਿ ਅਜਿਹੀ ਕੋਈ ਸੂਚੀ ਕਦੇ ਬਣਾਈ ਵੀ ਗਈ ਸੀ। ਬੜੇ ਸੰਕਟਮਈ ਦਿਨ ਸਨ। ਫ਼ੌਜੀ ਹਕੂਮਤ ਦਾ ਦੌਰ-ਦੌਰਾ ਸੀ। ਉਹ ਜਿੰਨ ਜਿਸ ਨੂੰ ਮਾਰਸ਼ਲ ਲਾਅ ਕਹਿੰਦੇ ਨੇ, ਸ਼ਹਿਰ ਦੀ ਹਰ ਗਲੀ, ਹਰ ਕੂਚੇ ਵਿੱਚ ਆਦਮ-ਬੋ, ਆਦਮ-ਬੋ ਕਰਦਾ ਫਿਰਦਾ ਸੀ। ਹਫੜਾ-ਦਫੜੀ ਵਿੱਚ ਹੀ ਥੈਲੇ ਗ਼ਰੀਬ ਨੂੰ ਜਿਵੇਂ ਕਿਵੇਂ ਜਲਦੀ-ਜਲਦੀ ਦਫ਼ਨਾ ਦਿੱਤਾ ਗਿਆ ਜਿਵੇਂ ਉਹਦੀ ਮੌਤ ਉਹਦੇ ਸੋਗੀ ਪਿਆਰਿਆਂ ਲਈ ਇੱਕ ਸੰਗੀਨ ਜੁਰਮ ਹੋਵੇ ਤੇ ਉਹ ਇਹਦੇ ਸਾਰੇ ਨਿਸ਼ਾਨ ਜਿਵੇਂ ਮਿਟਾ ਦੇਣਾ ਚਾਹੁੰਦੇ ਹੋਣ। ਬਸ ਭਾਈ ਸਾਹਿਬ, ਥੈਲਾ ਮਰ ਗਿਆ। ਥੈਲਾ ਦਫ਼ਨਾ ਦਿੱਤਾ ਗਿਆ ਤੇ… ਤੇ…।
ਮੇਰਾ ਹਮਸਫ਼ਰ ਪਹਿਲੀ ਵਾਰ ਕੁਝ ਹੋਰ ਕਹਿੰਦੇ-ਕਹਿੰਦੇ ਰੁਕ ਗਿਆ ਤੇ ਫਿਰ ਚੁੱਪ ਹੋ ਗਿਆ।
ਟਰੇਨ ਦਨਦਨਾਉਂਦੀ ਹੋਈ ਭੱਜੀ ਜਾ ਰਹੀ ਸੀ। ਮੈਨੂੰ ਕੁਝ ਅਜਿਹਾ ਲੱਗਿਆ ਕਿ ਜਿਵੇਂ ਪਟੜੀਆਂ ਦੀ ਖੜ-ਖੜ ਕਹਿ ਰਹੀ ਹੋਵੇ, ”ਥੈਲਾ ਮਰ ਗਿਆ, ਥੈਲਾ ਦਫ਼ਨਾ ਦਿੱਤਾ ਗਿਆ… ਥੈਲਾ ਮਰ ਗਿਆ… ਥੈਲਾ ਦਫ਼ਨਾ ਦਿੱਤਾ ਗਿਆ…, ਜਿਵੇਂ ਉਹਦੇ ਇਸ ਮਰਨ ਅਤੇ ਦਫ਼ਨਾਉਣ ਵਿਚਕਾਰ ਕੋਈ ਫ਼ਾਸਲਾ ਨਾ ਹੋਵੇ, ਜਿਵੇਂ ਓਧਰ ਉਹ ਮਰਿਆ, ਏਧਰ ਦਫ਼ਨਾ ਦਿੱਤਾ ਗਿਆ। ਪਟੜੀਆਂ ਦੀ ਖੜ-ਖੜ ਦੇ ਨਾਲ ਹੀ ਉਨ੍ਹਾਂ ਦੇ ਬੋਲ ਮੈਨੂੰ ਇੰਜ ਜਜ਼ਬਾਤਾਂ ਭਰੇ ਲੱਗੇ ਕਿ ਮੈਨੂੰ ਆਪਣੇ ਦਿਮਾਗ਼ ਵਿੱਚੋਂ ਪਟੜੀਆਂ ਅਤੇ ਬੋਲਾਂ ਦੋਵਾਂ ਨੂੰ ਵੱਖ-ਵੱਖ ਕਰਨਾ ਪਿਆ।
ਮੈਂ ਆਪਣੇ ਹਮਸਫ਼ਰ ਨੂੰ ਕਿਹਾ, ”ਤੁਸੀਂ ਤਾਂ ਕੁਝ ਹੋਰ ਕਹਿਣ ਵਾਲੇ ਸਓ।”
ਉਹਨੇ ਅਚਾਨਕ ਮੇਰੇ ਵੱਲ ਵੇਖਿਆ, ”ਜੀ ਹਾਂ… ਇਸ ਦਾਸਤਾਨ ਦਾ ਇੱਕ ਦਰਦਨਾਕ ਹਿੱਸਾ ਅਜੇ ਬਾਕੀ ਹੈ।”
ਮੈਂ ਪੁੱਛਿਆ,”ਉਹ ਕੀ?”
ਉਹਨੇ ਕਹਿਣਾ ਸ਼ੁਰੂ ਕੀਤਾ, ”ਮੈਂ ਤੁਹਾਡੇ ਕੋਲ ਅਰਜ਼ ਗੁਜ਼ਾਰ ਚੁੱਕਾ ਹਾਂ ਕਿ ਥੈਲੇ ਦੀਆਂ ਦੋ ਭੈਣਾਂ ਸਨ- ਸ਼ਮਸ਼ਾਦ ਤੇ ਅਲਮਾਸ। ਬੜੀਆਂ ਸੋਹਣੀਆਂ ਸੁਨੱਖੀਆਂ…। ਸ਼ਮਸ਼ਾਦ ਲੰਬੀ ਸੀ, ਪਤਲੇ ਨੈਣ-ਨਕਸ਼, ਕਾਲੀਆਂ ਮੋਟੀਆਂ ਅੱਖਾਂ, ਠੁਮਰੀ ਕਮਾਲ ਦੀ ਗਾਉਂਦੀ ਸੀ। ਸਾਰਿਆਂ ਨੂੰ ਪਤੈ ਖਾਨ ਸਾਹਿਬ ਫਤਹਿ ਅਲੀ ਖਾਂ ਕੋਲੋਂ ਸਿੱਖਦੀ ਰਹੀ ਹੈ। ਅਲਮਾਸ ਦੇ ਗਲੇ ਵਿੱਚ ਸੁਰ-ਤਾਲ ਨਹੀਂ ਸੀ ਪਰ ਨਾਜ਼-ਨਖਰੇ ਵਿੱਚ ਕੋਈ ਉਹਦਾ ਸਾਨੀ ਨਹੀਂ ਸੀ। ਮੁਜਰਾ ਕਰਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਉਹਦਾ ਅੰਗ-ਅੰਗ ਬੋਲ ਰਿਹਾ ਹੋਵੇ। ਉਹਦੇ ਹਰ ਹਾਵ-ਭਾਵ ਵਿੱਚ ਜ਼ਖ਼ਮੀ ਕਰਨ ਦੀ ਅਦਾ ਹੁੰਦੀ ਸੀ। ਉਹਦੀਆਂ ਅੱਖਾਂ ਵਿੱਚ ਜਾਦੂ ਸੀ, ਜੋ ਹਰ ਇੱਕ ਦੇ ਸਿਰ ਚੜ੍ਹ ਕੇ ਬੋਲਦਾ ਸੀ…।”
ਮੇਰੇ ਹਮਸਫ਼ਰ ਨੇ ਥੈਲੇ ਦੀਆਂ ਦੋਵੇਂ ਭੈਣਾਂ ਦੀ ਉਸਤਤ ਕਰਦਿਆਂ ਲੋੜ ਤੋਂ ਜ਼ਿਆਦਾ ਸਮਾਂ ਲਾ ਦਿੱਤਾ ਸੀ ਪਰ ਉਹਨੂੰ ਟੋਕਣਾ ਮੈਨੂੰ ਚੰਗਾ ਨਾ ਲੱਗਿਆ।
ਥੋੜ੍ਹੀ ਦੇਰ ਬਾਅਦ ਉਹ ਖ਼ੁਦ ਹੀ ਉਸ ਲੰਬੇ ਚੌੜੇ ਚੱਕਰ ਵਿੱਚੋਂ ਬਾਹਰ ਨਿਕਲਿਆ ਅਤੇ ਦਾਸਤਾਨ ਦੇ ਦਰਦਨਾਕ ਹਿੱਸੇ ਵੱਲ ਪਰਤ ਆਇਆ। ”ਬਸ ਕਿੱਸਾ ਇਹ ਹੈ ਭਾਈ ਸਾਹਿਬ ਕਿ ਉਨ੍ਹਾਂ ਆਫ਼ਤ ਦੀਆਂ ਪੁੜੀਆਂ ਦੋਵੇਂ ਭੈਣਾਂ ਦੇ ਹੁਸਨ ਦਾ ਜ਼ਿਕਰ ਕਿਸੇ ਖ਼ੁਸ਼ਾਮਦੀ ਟੋਡੀ ਨੇ ਗੋਰੇ ਫ਼ੌਜੀ ਅਫਸਰਾਂ ਅੱਗੇ ਕਰ ਦਿੱਤਾ। ਜਿਹੜੇ ਪੰਜ-ਛੇ ਗੋਰੇ ਮਾਰ ਦਿੱਤੇ ਗਏ ਸਨ, ਉਨ੍ਹਾਂ ਵਿੱਚ ਇੱਕ ਮੇਮ ਵੀ ਸੀ… ਕੀ ਨਾਂ ਸੀ ਉਸ ਚੁੜੇਲ ਦਾ… ਹਾਂ ਮਿਸ ਸ਼ੈਰੋਡ.. ਤੇ ਗੋਰੇ ਫ਼ੌਜੀ ਅਫ਼ਸਰਾਂ ਨੇ ਫ਼ੈਸਲਾ ਕੀਤਾ ਕਿ ਥੈਲੇ ਦੀਆਂ ਦੋਵੇਂ ਭੈਣਾਂ ਨੂੰ ਸੱਦਿਆ ਜਾਵੇ… ਤੇ ਉਨ੍ਹਾਂ ਕੋਲੋਂ ਦਿਲ ਖੋਲ੍ਹ ਕੇ ਬਦਲਾ ਲਿਆ ਜਾਵੇ… ਤੁਸੀਂ ਸਮਝ ਗਏ ਓ ਨਾ ਭਾਈ ਸਾਹਿਬ?”
ਮੈਂ ਕਿਹਾ,” ਜੀ ਹਾਂ।”
ਮੇਰੇ ਹਮਸਫ਼ਰ ਨੇ ਇੱਕ ਹਉਕਾ ਲਿਆ, ”ਮੌਤ ਦੇ ਇਸ ਸੋਗੀ ਮਾਹੌਲ ਸਮੇਂ ਤਵਾਇਫ਼ਾਂ ਵੀ ਮਾਵਾਂ, ਭੈਣਾਂ ਹੁੰਦੀਆਂ ਨੇ। … ਭਾਈ ਸਾਹਿਬ, ਇਹ ਮੁਲਕ ਆਪਣੀ ਮਾਣ-ਮਰਿਆਦਾ ਨੂੰ ਮੇਰਾ ਖ਼ਿਆਲ ਹੈ ਭੁੱਲ ਚੁੱਕਾ ਹੈ…। ਜਦੋਂ ਉਪਰੋਂ ਇਲਾਕੇ ਦੇ ਥਾਣੇਦਾਰ ਨੂੰ ਆਰਡਰ ਮਿਲਿਆ ਤਾਂ ਉਹ ਝੱਟ-ਪੱਟ ਤਿਆਰ ਹੋ ਗਿਆ। ਉਹ ਖ਼ੁਦ ਸ਼ਮਸ਼ਾਦ ਅਤੇ ਅਲਮਾਸ ਦੇ ਘਰ ਗਿਆ ਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਸਾਹਿਬ ਲੋਕਾਂ ਨੇ ਦੋਵਾਂ ਭੈਣਾਂ ਨੂੰ ਬੁਲਾਇਆ ਹੈ। ਉਹ ਤੁਹਾਡਾ ਮੁਜਰਾ ਸੁਣਨਾ ਚਾਹੁੰਦੇ ਨੇ…। ਭਰਾ ਦੀ ਕਬਰ ਦੀ ਮਿੱਟੀ ਵੀ ਅਜੇ ਸਿੱਲ੍ਹੀ ਸੀ। ਅੱਲ੍ਹਾ ਨੂੰ ਪਿਆਰਾ ਹੋਏ ਅਜੇ ਉਹਨੂੰ ਸਿਰਫ਼ ਦੋ ਦਿਨ ਹੀ ਹੋਏ ਸਨ ਕਿ… ਕਿ ਭੈਣਾਂ ਨੂੰ ਹਾਜ਼ਰ ਹੋਣ ਦਾ ਹੁਕਮ ਦੇ ਦਿੱਤਾ ਗਿਆ ਕਿ ਆਓ; ਹਾਕਮਾਂ ਦੇ ਦਰਬਾਰ ਵਿੱਚ ਨੱਚੋ… ਅਨਿਆਂ ਦਾ ਇਸ ਤੋਂ ਜ਼ਿਆਦਾ ਹੋਰ ਅਨਿਆਂਪੂਰਨ ਤਰੀਕਾ ਕੀ ਹੋ ਸਕਦਾ ਹੈ…। ਜ਼ੁਲਮ ਦੀ ਅਜਿਹੀ ਮਿਸਾਲ ਸ਼ਾਇਦ ਹੀ ਕੋਈ ਹੋਰ ਮਿਲ ਸਕੇ…। ਹੁਕਮ ਦੇਣ ਵਾਲਿਆਂ ਨੂੰ ਏਨਾ ਖ਼ਿਆਲ ਵੀ ਨਹੀਂ ਆਇਆ ਕਿ ਤਵਾਇਫ਼ਾਂ ਵਿੱਚ ਵੀ ਅਣਖ ਹੁੰਦੀ ਹੈ… ਹੋ ਸਕਦੀ ਹੈ… ਕਿਉਂ ਨਹੀਂ ਹੋ ਸਕਦੀ…?” ਮੇਰੇ ਹਮਸਫ਼ਰ ਨੇ ਇੱਕ ਵਾਰਗੀ ਆਪਣੇ ਆਪ ਨੂੰ ਸੁਆਲ ਕੀਤਾ ਪਰ ਉਹ ਸੰਬੋਧਤ ਮੈਨੂੰ ਹੀ ਸੀ।
ਮੈਂ ਕਿਹਾ, ”ਹੋ ਸਕਦੀ ਹੈ!”
”ਜੀ ਹਾਂ… ਥੈਲਾ ਉਨ੍ਹਾਂ ਦਾ ਭਰਾ ਸੀ। ਉਹਨੇ ਕਿਸੇ ਜੂਏਖਾਨੇ ਵਿੱਚ ਹੋਈ ਲੜਾਈ-ਭੜਾਈ ਵਿੱਚ ਆਪਣੀ ਜਾਨ ਨਹੀਂ ਗਵਾਈ। ਉਹ ਸ਼ਰਾਬ ਪੀ ਕੇ ਦੰਗਾ-ਫਸਾਦ ਕਰਦਾ ਹੋਇਆ ਨਹੀਂ ਸੀ ਮਰਿਆ… ਉਹਨੇ ਆਪਣੇ ਵਤਨ ਖ਼ਾਤਰ ਬੜੀ ਬਹਾਦਰੀ ਨਾਲ ਸ਼ਹਾਦਤ ਦਾ ਜਾਮ ਪੀਤਾ ਸੀ…। ਉਹ ਇੱਕ ਤਵਾਇਫ ਦੀ ਕੁੱਖੋਂ ਸੀ ਪਰ ਉਹ ਤਵਾਇਫ਼ ਮਾਂ ਵੀ ਤਾਂ ਸੀ…। ਸ਼ਮਸ਼ਾਦ ਅਤੇ ਅਲਮਾਸ ਉਸੇ ਮਾਂ ਦੀਆਂ ਧੀਆਂ ਸਨ…। ਉਹ ਥੈਲੇ ਦੀਆਂ ਭੈਣਾਂ ਪਹਿਲਾਂ ਸਨ, ਤਵਾਇਫ਼ਾਂ ਬਾਅਦ ਵਿੱਚ ਸਨ। ਉਹ ਥੈਲੇ ਦੀ ਲਾਸ਼ ਦੇਖ ਕੇ ਬੇਹੋਸ਼ ਹੋ ਗਈਆਂ ਸਨ ਤੇ ਜਦੋਂ ਥੈਲੇ ਦਾ ਜਨਾਜ਼ਾ ਨਿਕਲਿਆ ਉਨ੍ਹਾਂ ਨੇ ਅਜਿਹੇ ਵੈਣ ਪਾਏ ਸਨ ਕਿ ਸੁਣ ਕੇ ਲੋਕ ਲਹੂ ਦੇ ਅੱਥਰੂ ਰੋਣ ਲੱਗੇ ਸਨ…।”
ਮੈਂ ਪੁੱਛਿਆ, ”ਤਾਂ ਕੀ ਉਹ ਗਈਆਂ?” ਮੇਰਾ ਹਸਮਫ਼ਰ ਥੋੜ੍ਹੀ ਦੇਰ ਚੁੱਪ ਰਿਹਾ ਤੇ ਫਿਰ ਉਦਾਸ ਹੁੰਦਿਆਂ ਕਹਿਣ ਲੱਗਾ, ”ਜੀ ਹਾਂ…, ਜੀ ਹਾਂ, ਉਹ ਗਈਆਂ, ਖ਼ੂਬ ਸਜ-ਧੱਜ ਕੇ…।” ਇਕਦਮ ਮੇਰੇ ਹਮਸਫ਼ਰ ਦੀ ਉਦਾਸੀ ਤਿੱਖੀ ਹੋ ਗਈ। ”ਖੂਬ ਸੋਲਾਂ ਸ਼ਿੰਗਾਰ ਕਰਕੇ ਉਹ ਆਪਣੇ ਬੁਲਾਉਣ ਵਾਲਿਆਂ ਕੋਲ ਗਈਆਂ… ਸੁਣਨ ਵਿੱਚ ਆਇਆ ਕਿ ਖ਼ੂਬ ਮਹਿਫ਼ਲ ਜੰਮੀ…। ਦੋਵੇਂ ਭੈਣਾਂ ਨੇ ਆਪਣੇ ਜੌਹਰ ਦਿਖਾਏ…। ਚਮਕੀਲੇ ਕੱਪੜਿਆਂ ਵਿੱਚ ਉਹ ਕੋਹ ਕਾਫ਼ ਦੀਆਂ ਪਰੀਆਂ ਲੱਗ ਰਹੀਆਂ ਸਨ…। ਸ਼ਰਾਬ ਦੇ ਦੌਰ ਚਲਦੇ ਰਹੇ ਤੇ ਉਹ ਨੱਚਦੀਆਂ, ਗਾਉਂਦੀਆਂ ਰਹੀਆਂ… ਤੇ ਰਾਤ ਦੇ ਦੋ ਵਜੇ ਇੱਕ ਵੱਡੇ ਗੋਰੇ ਅਫ਼ਸਰ ਦੇ ਇਸ਼ਾਰੇ ‘ਤੇ ਮਹਿਫ਼ਲ ਖ਼ਤਮ ਹੋਈ…।” ਮੇਰਾ ਹਮਸਫ਼ਰ ਕੁਝ ਦੇਰ ਚੁੱਪ ਰਿਹਾ। ਫਿਰ ਉਹ ਉੱਠ ਖਲੋਤਾ ਅਤੇ ਝੁਕਦੇ ਹੋਏ ਬਾਰੀ ਵਿੱਚੋਂ ਪਿੱਛੇ ਵੱਲ ਭੱਜਦੇ ਹੋਏ ਦਰੱਖਤਾਂ ਅਤੇ ਖੰਭਿਆਂ ਨੂੰ ਦੇਖਣ ਲੱਗਿਆ।
ਟਰੇਨ ਦੇ ਪਹੀਆਂ ਅਤੇ ਪਟੜੀਆਂ ਦੇ ਲੋਹੇ ਦੇ ਗਾਡਰਾਂ ਦੀ ਗੜਗੜਾਹਟ ਦੀ ਤਾਲ ‘ਤੇ ਆਖ਼ਰੀ ਦੋ ਲਫ਼ਜ਼ ਨੱਚ ਰਹੇ ਸਨ, ”ਖ਼ਤਮ ਹੋਈ… ਖ਼ਤਮ ਹੋਈ…।”
ਮੈਂ ਆਪਣੇ ਦਿਮਾਗ਼ ਵਿੱਚ ਉਹਦੇ ਆਖ਼ਰੀ ਦੋ ਲਫ਼ਜ਼ ਗਾਡਰਾਂ ਦੀ ਗੜਗੜਾਹਟ ਨਾਲੋਂ ਤੋੜ ਕੇ ਵੱਖ ਕਰਦੇ ਹੋਏ ਪੁੱਛਿਆ, ”ਫਿਰ ਕੀ ਹੋਇਆ?”
ਪਿੱਛੇ ਵੱਲ ਭੱਜਦੇ ਹੋਏ ਦਰੱਖਤਾਂ ਅਤੇ ਖੰਭਿਆਂ ਤੋਂ ਆਪਣੀਆਂ ਨਜ਼ਰਾਂ ਹਟਾ ਕੇ ਉਹਨੇ ਬੜੇ ਸਖ਼ਤ ਲਹਿਜੇ ਵਿੱਚ ਕਿਹਾ, ”ਫਿਰ ਉਨ੍ਹਾਂ ਨੇ ਆਪਣੀਆਂ ਚਮਕੀਲੀਆਂ ਪੁਸ਼ਾਕਾਂ ਪਾੜ ਸੁੱਟੀਆਂ ਅਤੇ ਅਲਫ਼ ਨੰਗੀਆਂ ਹੋ ਕੇ ਉਨ੍ਹਾਂ ਨੂੰ ਕਹਿਣ ਲੱਗੀਆਂ, ”ਐਹ ਲਓ ਸਾਨੂੰ ਦੇਖ ਲਓ… ਅਸੀਂ ਥੈਲੇ ਦੀਆਂ ਭੈਣਾਂ ਹਾਂ… ਉਸ ਸ਼ਹੀਦ ਦੀਆਂ ਭੈਣਾਂ ਜਿਸ ਦੇ ਖ਼ੂਬਸੂਰਤ ਜਿਸਮ ਨੂੰ ਤੁਸਾਂ ਸਿਰਫ਼ ਇਸ ਲਈ ਆਪਣੀਆਂ ਗੋਲੀਆਂ ਨਾਲ ਛਲਨੀ-ਛਲਨੀ ਕਰ ਦਿੱਤਾ ਕਿਉਂਕਿ ਉਸ ਜਿਸਮ ਵਿੱਚ ਆਪਣੇ ਵਤਨ ਨਾਲ ਮੁਹੱਬਤ ਕਰਨ ਵਾਲੀ ਰੂਹ ਵਸੀ ਹੋਈ ਸੀ… ਅਸੀਂ ਉਸੇ ਥੈਲੇ ਦੀਆਂ ਸੋਹਣੀਆਂ-ਸੁਨੱਖੀਆਂ ਭੈਣਾਂ ਹਾਂ…। ਆਓ ਅਤੇ ਆਪਣੀ ਹਵਸ ਨਾਲ ਸਾਡਾ ਖੁਸ਼ਬੂਆਂ ਵਿੱਚ ਭਿੱਜਿਆ ਜਿਸਮ ਦਾਗ਼ੀ ਕਰ ਦਿਓ…, ਪਰ ਅਜਿਹਾ ਕਰਨ ਤੋਂ ਪਹਿਲਾਂ ਸਾਨੂੰ ਸਿਰਫ਼ ਇੱਕ ਵਾਰ ਆਪਣੇ ਮੂੰਹਾਂ ‘ਤੇ ਥੁੱਕ ਲੈਣ ਦਿਓ।” ਇਹ ਕਹਿ ਕੇ ਮੇਰਾ ਹਮਸਫ਼ਰ ਚੁੱਪ ਹੋ ਗਿਆ। ਕੁਝ ਇਸ ਤਰ੍ਹਾਂ ਕਿ ਅੱਗੋਂ ਕੁਝ ਵੀ ਨਹੀਂ ਬੋਲੇਗਾ।
ਮੈਂ ਤੁਰੰਤ ਪੁੱਛਿਆ, ”ਫਿਰ ਕੀ ਹੋਇਆ?”
ਉਸ ਦੀਆਂ ਅੱਖਾਂ ਵਿੱਚ ਅੱਥਰੂ ਤਰਨ ਲੱਗੇ, ”ਉਨ੍ਹਾਂ ਨੂੰ… ਉਨ੍ਹਾਂ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ…।” ਮੈਂ ਕੁਝ ਨਹੀਂ ਕਿਹਾ।
ਟਰੇਨ ਸਟੇਸ਼ਨ ‘ਤੇ ਪਹੁੰਚ ਚੁੱਕੀ ਸੀ। ਜਦੋਂ ਟਰੇਨ ਰੁਕ ਗਈ ਤਾਂ ਉਹਨੇ ਇੱਕ ਕੁਲੀ ਨੂੰ ਬੁਲਾ ਕੇ ਆਪਣਾ ਸਾਮਾਨ ਚੁਕਵਾਇਆ। ਜਦੋਂ ਉਹ ਜਾਣ ਲੱਗਾ ਤਾਂ ਮੈਂ ਉਸ ਨੂੰ ਕਿਹਾ, ”ਤੁਸਾਂ ਜੋ ਦਾਸਤਾਨ ਸੁਣਾਈ ਹੈ, ਉਹਦਾ ਅੰਤ ਮੈਨੂੰ ਤੁਹਾਡੇ ਵੱਲੋਂ ਘੜਿਆ ਜਾਪਦਾ ਹੈ।”
ਉਹਨੇ ਹੈਰਾਨ ਹੁੰਦਿਆਂ ਮੇਰੇ ਵੱਲ ਵੇਖਿਆ, ”ਤੁਹਾਨੂੰ ਇਹਦਾ ਪਤਾ ਕਿਵੇਂ ਲੱਗਾ?”
ਮੈਂ ਕਿਹਾ, ”ਤੁਹਾਡੇ ਲਹਿਜ਼ੇ ਦੀ ਮਜ਼ਬੂਤੀ ਵਿੱਚ ਬਿਆਨ ਨਾ ਕਰਨ ਵਾਲੀ ਪੀੜ ਝਲਕ ਰਹੀ ਸੀ…।”
ਮੇਰੇ ਹਮਸਫ਼ਰ ਨੇ ਆਪਣੇ ਸੁੱਕ ਚੁੱਕੇ ਗਲੇ ਵਿੱਚੋਂ ਥੁੱਕ ਨਿਗਲਦੇ ਹੋਏ ਕਿਹਾ, ”ਜੀ ਹਾਂ… ਉਨ੍ਹਾਂ… ਉਹ ਗਾਲ੍ਹ ਕੱਢਦੇ-ਕੱਢਦੇ ਰੁਕ ਗਿਆ। ਉਨ੍ਹਾਂ ਨੇ ਆਪਣੇ ਸ਼ਹੀਦ ਭਰਾ ਦੀ ਇੱਜ਼ਤ ਨੂੰ ਵੱਟਾ ਲਾ ਦਿੱਤਾ ਸੀ।” ਇਹ ਕਹਿ ਕੇ ਉਹ ਕਾਹਲੀ ਨਾਲ ਪਲੇਟਫਾਰਮ ‘ਤੇ ਉੱਤਰ ਗਿਆ।

ਸਆਦਤ ਹਸਨ ਮੰਟੋ

(ਅਨੁਵਾਦ: ਪਰਮਜੀਤ ਢੀਂਗਰਾ)

You may also like