ਅਧਿਆਪਕ ਹੋਣਾ ਕੀ ਹੁੰਦਾ ਹੈ… ਅਧਿਆਪਕ ਹੋਣਾ ਮਾਂ ਹੋਣਾ ਹੁੰਦਾ ਹੈ…ਜਿਸ ਅਧਿਆਪਕ ਵਿਚ ਮਮਤਾ ਨਹੀਂ ਉਹ ਹੋਰ ਕੁਝ ਵੀ ਹੋ ਸਕਦਾ ਹੈ, ਅਧਿਆਪਕ ਨਹੀਂ ਹੋ ਸਕਦਾ… ਅਧਿਆਪਕ ਹੋਣਾ ਮਧੂਮੱਖੀ ਹੋਣਾ ਹੁੰਦਾ ਹੈ ਜੋ ਬਹੁਤ ਸੋਮਿਆਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਸਾਂਭਦੀ ਹੈ ਤੇ ਦੂਜਿਆਂ ਦੇ ਵਰਤਣ ਲਈ ਛੱਡ ਕੇ ਮੁੜ ਇਸੇ ਕੰਮ ਤੇ ਲੱਗ ਜਾਂਦੀ ਹੈ… ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਹੈ, ਜੋ ਬੂਟੇ ਲਾਉਂਦਾ ਵੀ ਹੈ ਤੇ ਸਾਂਭਦਾ ਵੀ ਹੈ..ਲੋੜ ਪਈ ਤੋਂ ਛਾਂਗਦਾ ਵੀ ਹੈ…ਤੇ ਜਦ ਉਹ ਬੂਟੇ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਥਾਪੜਾ ਦੇ ਨਵੀਂ ਨਰਸਰੀ ਦੀ ਤਿਆਰੀ ਕਰਨ ਲਗਦਾ ਹੈ… ਅਧਿਆਪਕ ਹੋਣਾ ਦੋਸਤ ਹੋਣਾ ਵੀ ਹੁੰਦਾ ਹੈ, ਜੋ ਆਪਣੇ ਬੱਚਿਆਂ ਦੇ ਹਰ ਰਾਜ ਦਾ ਰਾਜਦਾਰ ਹੁੰਦਾ ਹੈ..ਜਿਸ ਕੋਲ ਕੋਈ ਵੀ ਬੱਚਾ ਆਪਣੀ ਗੱਲ ਕਰਨ ਤੋਂ ਝਿਜਕਦਾ ਨਹੀਂ, ਬਲਕਿ ਸਭ ਤੋਂ ਪਹਿਲਾਂ ਉਸ ਨੂੰ ਹੀ ਦੱਸਣ ਲਈ ਭਜਿਆ ਆਉਂਦਾ ਹੈ..ਜੋ ਬੱਚਿਆਂ ਨਾਲ ਖੇਡਦਾ ਵੀ ਹੈ ਤੇ ਲੋੜ ਪੈਣ ਤੇ ਉਹਨਾਂ ਨੂੰ ਸਿਆਣੇ ਦੋਸਤਾਂ ਵਾਂਗ ਵਰਜਦਾ ਵੀ ਹੈ… ਅਧਿਆਪਕ ਹੋਣਾ ਕੁੰਭਕਾਰ ਹੋਣਾ ਵੀ ਹੁੰਦਾ ਹੈ ਜੋ ਬਾਲ ਰੂਪੀ ਮਿੱਟੀ ਨੂੰ ਕੁਟਦਾ, ਭਿਉਂਦਾ, ਗੁੰਨਦਾ, ਪਰੁੰਨਦਾ, ਚੱਕ ਤੇ ਚਾੜ੍ਹਕੇ ਵੱਖ ਵੱਖ ਆਕਾਰ ਦਿੰਦਾ ਹੈ..ਅੰਦਰੋਂ ਸਹਾਰਾ ਦਿੰਦਾ ਹੈ ਤੇ ਬਾਹਰੋਂ ਥਾਪੀ ਨਾਲ ਹਲਕਾ ਹਲਕਾ ਕੁਟਦਾ ਹੈ..ਤੇ ਇੰਝ ਉਸ ਮਿੱਟੀ ਨੂੰ ਕਦੇ ਗਾਗਰ ਬਣਾ ਦਿੰਦਾ ਹੈ, ਕਦੇ ਮਸ਼ਾਲ ਤੇ ਕਦੇ ਹੋਰ ਕੁਝ… ਅਧਿਆਪਕ ਹੋਣਾ ਮਨੋਵਿਗਿਆਨੀ ਹੋਣਾ ਵੀ ਹੁੰਦਾ ਹੈ, ਜੋ ਬੱਚਿਆਂ ਦੀ ਅੱਖ ਵੀ ਪਛਾਣਦਾ ਹੈ ਅਤੇ ਹੱਥ ਵੀ ਪਛਾਣਦਾ ਹੈ..ਉਹ ਮੱਛੀ ਨੂੰ ਕਦੇ ਵੀ ਰੁੱਖ ਤੇ ਚੜ੍ਹਨ ਲਈ ਤੇ ਬਾਂਦਰ ਨੂੰ ਪਾਣੀ ‘ਚ ਤਰਨ ਲਈ ਨਹੀਂ ਕਹਿੰਦਾ…ਬਲਕਿ ਬੱਚੇ ਨੂੰ ਬਿਨਾ ਦੱਸੇ ਨਿਰਖਦਾ, ਪਰਖਦਾ ਤੇ ਜੋਹੰਦਾ ਰਹਿੰਦਾ ਹੈ…ਅਤੇ ਸਹੀ ਸਮੇਂ ਸਮੇਂ ਤੇ ਉਸ ਨੂੰ ਉਹ ਰਾਹ ਤੋਰ ਦਿੰਦਾ ਹੈ,
ਜਿਸ ਰਾਹ ਉਸ ਨੂੰ ਤੁਰਨਾ ਚਾਹੀਦਾ ਹੈ.. ਅਧਿਆਪਕ ਹੋਣਾ ਕਲਾਕਾਰ ਹੋਣਾ ਵੀ ਹੁੰਦਾ ਹੈ ਜੋ ਗਿਆਨ ਨੂੰ ਕੁਨੀਨ ਵਾਂਗ ਨਹੀਂ ਦਿੰਦਾ ਬਲਕਿ ਉਸ ਨੂੰ ਏਨਾ ਸਹਿਜ ਤੇ ਸਰਲ ਬਣਾ ਦਿੰਦਾ ਹੈ ਕਿ ਵਿਦਿਆਰਥੀ ਉਸ ਨੂੰ ਗ੍ਰਹਿਣ ਵੀ ਕਰ ਲਏ ਪਰ ਉਸ ਤੇ ਕਿਸੇ ਪ੍ਰਕਾਰ ਦਾ ਬੋਝ ਵੀ ਨਾ ਪਵੇ…ਉਹ ਬੱਚਿਆਂ ਦੀ ਅੱਖ ਨਾਲ ਦੇਖਦਾ ਹੈ, ਬੱਚਿਆਂ ਦੇ ਪਰਾਂ ਨਾਲ ਉੱਡਦਾ ਹੈ, ਬੱਚਿਆਂ ਦੇ ਹੱਥਾਂ-ਪੈਰਾਂ ਨਾਲ ਖੇਡਦਾ ਹੈ, ਬੱਚਿਆਂ ਦੀਆਂ ਸ਼ਰਾਰਤਾਂ ਵਿੱਚੋਂ ਜੀਵਨ ਦੇ ਤੱਤ ਤਲਾਸ਼ ਲੈਂਦਾ ਹੈ…ਬੱਚੇ ਦੀ ਤੋਤਲੀਆਂ ਨੂੰ ਜ਼ੁਬਾਨ ਦਿੰਦਾ ਹੈ.. ਅਧਿਆਪਕ ਹੋਣਾ ਦੀਵਾ ਹੋਣਾ ਹੁੰਦਾ ਹੈ, ਜੋ ਸੂਰਜ ਤਾਂ ਭਾਵੇਂ ਨਹੀਂ ਹੁੰਦਾ, ਪਰ ਫਿਰ ਵੀ ਬੁੱਝਣ ਤੱਕ ਬਲਦਾ ਹੈ, ਖੁਦ ਜਲ ਕੇ ਹਨੇਰੇ ਨੂੰ ਦੂਰ ਕਰਦਾ ਹੈ ਤੇ ਹਨੇਰੇ ਖੂੰਜਿਆਂ ਨੂੰ ਚਾਨਣ ਨਾਲ ਭਰਦਾ ਹੈ… ਅਧਿਆਪਕ ਹੋਣਾ ਬੋਹੜ ਹੋਣਾ ਹੁੰਦਾ ਹੈ, ਜਿਸ ਦੇ ਟਾਹਣਿਆਂ ਤੇ ਕਿੰਨੇ ਹੀ ਬਾਲ ਰੁਪੀ ਪੰਛੀ ਝੂਟਦੇ ਨੇ, ਚਹਿਚਹਾਉਂਦੇ ਨੇ…ਆਉਂਦੇ ਨੇ, ਅਠਖੇਲੀਆਂ ਕਰਦੇ ਨੇ ਤੇ ਤੁਰ ਜਾਂਦੇ ਨੇ…ਇਹ ਉਹਨਾਂ ਨੂੰ ਆਸਰਾ ਵੀ ਦਿੰਦਾ ਹੈ ਤੇ ਸੰਘਣੀ ਛਾਂ ਵੀ ਦਿੰਦਾ ਹੈ.. ਅਧਿਆਪਕ ਹੋਣਾ ਆਸ, ਧਰਵਾਸ ਤੇ ਵਿਸ਼ਵਾਸ ਹੋਣਾ ਹੁੰਦਾ ਹੈ, ਬੱਚਿਆਂ ਲਈ ਵੀ ਤੇ ਉਹਨਾਂ ਦੇ ਮਾਪਿਆਂ ਦੇ ਲਈ ਵੀ….ਇਸੇ ਲਈ ਹਰ ਮਾਂ ਬਾਪ ਆਪਣੇ ਜਵਾਨ ਜਹਾਨ ਬੱਚਿਆਂ ਨੂੰ ਵੀ ਬਿਨਾ ਕਸੇ ਡਰ ਭਉ ਦੇ ਅਧਿਆਪਕ ਕੋਲ ਭੇਜ ਦਿੰਦੇ ਨੇ..ਉਂਝ ਉਹ ਪਿੰਡ ਦੇ ਵਿਚਕਾਰ ਬਣੀਂ ਹੱਟੀ ਤੇ ਵੀ ਨਹੀਂ ਤੋਰਦੇ…
ਅਧਿਆਪਕ ਹੋਣਾ ਦਰਿਆ ਹੋਣਾ ਹੁੰਦਾ ਹੈ, ਜੋ ਆਪਣੇ ਸ਼ਾਗਿਰਦਾਂ ਦੇ ਦਿਲਾਂ ਤੇ ਦਿਮਾਗਾਂ ਵਿਚ ਵਗਦਾ ਹੈ…ਇਹ ਨਾ ਆਪ ਸੁਕਦਾ ਹੈ ਤੇ ਨਾ ਇਹਨਾਂ ਨਿੱਕੇ ਖਾਲਾਂ, ਸੂਇਆਂ ਤੇ ਨਦੀਆਂ ਨੂੰ ਸੁੱਕਣ ਦਿੰਦਾ ਹੈ…ਜਦ ਨੂੰ ਇਹ ਦਰਿਆ ਸੁਕਦਾ ਹੈ ਤਦ ਤਕ ਇਹ ਖਾਲ, ਸੂਏ ਤੇ ਨਦੀਆਂ ਖੁਦ ਦਰਿਆ ਬਣ ਜਾਂਦੀਆਂ ਹਨ…ਤੇ ਇਹ ਸਿਲਸਿਲਾ ਮੁਸਲਸਲ ਚਲਦਾ ਰਹਿੰਦਾ ਹੈ…
ਅਧਿਆਪਕ ਹੋਣਾ ਜਰਨੈਲੀ ਸੜਕ ਹੁੰਦਾ ਹੈ, ਜ਼ਿੰਦਗੀ ਦੀ ਤਲਾਸ਼ ਵਿਚ ਤੁਰੇ ਹਰ ਬਸ਼ਰ ਦਾ ਇਸ ਜਰਨੈਲੀ ਸੜਕ ਤੋਂ ਬਿਨਾ ਗੁਜਾਰ ਨਹੀਂ..ਹਰ ਬੰਦਾ ਜ਼ਿੰਦਗੀ ਦੀ ਤੰਗ ਗਲੀਆਂ ਵਿੱਚੋਂ ਗੁਜਰਦਾ ਹੋਇਆ ਇਸ ਜਰਨੈਲੀ ਮਾਰਗ ਤੇ ਚੜ੍ਹਦਾ ਹੈ ਤੇ ਆਪਣੀਆਂ ਮੰਜਿਲਾਂ ਸਰ ਕਰਦਾ ਹੈ…
ਜੇ ਤੁਸੀਂ ਇਹ ਸਭ ਹੋ ਤਾਂ ਸਲਾਮ…ਨਹੀਂ ਤਾਂ ਆਓ ਅਜਿਹੇ ਬਣਨ ਦੀ ਕੋਸ਼ਿਸ਼ ਕਰੀਏ…
ਡਾ. ਕੁਲਦੀਪ ਸਿੰਘ ਦੀਪ
Dr Kuldeep Singh Deep