ਜੀਵਤ ਕਈਂ ਹਜ਼ਾਰ

by admin

ਇਕ ਬਹੁਤ ਭੋਲੇ ਪਿਆਰੇ ਬੱਚੇ ਦੀ ਬਹੁਤ ਪਿਆਰੀ ਕਹਾਣੀ

“ਕਿਨ ਪੁਤਰਨ ਤੋਂ ਮਾਂ…. ਕਿਨ ਪੁਤਰਨ ਤੋਂ….”?, ਉਸ ਦੇ ਇਸ ਭੋਲੇ ਜਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ।
ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ।
ਸਾਰੀ ਸਾਖੀ ਉਹ ਚੁਪ ਚਾਪ ਸੁਣ ਰਿਹਾ ਸੀ ਪਰ ਜਦ ਹੀ ਮਾਂ ਨੇ ਕਿਹਾ, “ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ‘ਉਹਨਾਂ’ ਆਪਣੇ ਪੁੱਤਰਾਂ ਵਲ ਹੱਥ ਕਰਦਿਆਂ ਕਿਹਾ,
“ਇਨ ਪੁਤਰਨ ਕੇ ਸੀਸ ਪਰ”…….”
ਏਥੇ ਉਹ ਇਕ ਦਮ ਬੋਲਿਆ, “ਕਿਨ ਪੁਤਰਨ ਤੋਂ ਮਾਂ….. ਕੌਣ ਕੌਣ ਸੀ ਉੱਥੇ….”?
“ਉੱਥੇ..?”, ਮਾਤਾ ਕੁਝ ਸੋਚਦੀ ਹੋਈ ਬੋਲੀ, “ਉੱਥੇ ਭਾਈ ਦਇਆ ਸਿੰਘ ਸਨ, ਭਾਈ ਫਤਹਿ ਸਿੰਘ, ਭਾਈ ਬੀਰ ਸਿੰਘ ਧੀਰ ਸਿੰਘ, ਬਾਬਾ ਦੀਪ ਸਿੰਘ ਤੇ ਇਹਨਾਂ ਜਹੇ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤਰ, ਜਿਹੜੇ ਮਹਾਰਾਜ ਦੇ ਇਕ ਬੋਲ ‘ਤੇ ਬੰਦੂਕਾਂ ਦੇ ਅੱਗੇ ਖਲੋ ਜਾਂਦੇ ਸਨ ਤੇ ਆਪਣਾ ਸਿਰ ਤਲੀ ‘ਤੇ ਟਿਕਾਈ ਰੱਖਦੇ ਸਨ ਮਹਾਰਾਜ ਦੇ ਚਰਨਾਂ ਵਿਚ ਭੇਂਟ ਕਰਨ ਲਈ….”
“ਅੱਛਾ ਇਹਨਾਂ ਤੋਂ ਵਾਰੇ ਸਨ ਸੱਚੇ ਪਾਤਸ਼ਾਹ ਨੇ ‘ਚਾਰ’….? ਇਹਨਾਂ ਵਰਗਾ ਕਿਮੇਂ ਬਣਾ ਮਾਂ…. ਮੈਂ ਬਣ ਸਕਦਾਂ ਇਹਨਾਂ ਜਿਹਾ… ਤਾਂ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨ ਲੱਗਣ…?”
“ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ…”, ਮਾਂ ਬੋਲੀ।
“ਹਾਂ ਪਰ ਇਹਨਾਂ ਨੂੰ ਜਿਆਦਾ ਕਰਦੇ ਹੋਣਗੇ, ਜਿਹਨਾਂ ਵੱਲ ਇਸ਼ਾਰਾ ਕਰਕੇ ‘ਉਹਨਾਂ’ ਕਿਹਾ ‘ਇਨ ਪੁਤਰਨ ਕੇ ਸੀਸ ਪਰ’….. ਕਿਮੇਂ ਬਣ ਸਕਦਾਂ ਉੁਹਨਾਂ ਜਿਹਾ?”
“ਬਾਣੀ ਪੁੱਤਰ… ਬਾਣੀ ਪੜ੍ਹ… ਸ਼ਸ਼ਤਰ ਅੰਗ ਸੰਗ ਰੱਖ ਸਦਾ… ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੱਲ ਵੀ ਸਿਖ…. ਘੋੜਸਵਾਰੀ… ਘੋੜਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ… ਘੋੜਸਵਾਰੀ ਸਿਖ….”
“ਬਾਣੀ ਹੋਰ ਪੜ੍ਹਿਆ ਕਰਾਂ ਮਾਂ….” ਭੁਝੰਗੀ ਨਿਤਨੇਮ ਤੋਂ ਬਿਨਾ, ੨੨ ਵਾਰਾਂ, ਪਟੀ, ਬਾਰਾਹਮਾਹ, ਸੁਖਮਨੀ, ਅਕਾਲ ਉਸਤਤ, ਚੰਡੀ ਦੀ ਵਾਰ ਦਾ ਨਿੱਤਨੇਮੀ ਸੀ।
“ਹਾਂ ਪੁੱਤਰ ਸਵਾਸ ਸਵਾਸ ਬਾਣੀ…”, ਮਾਂ ਬੋਲੀ।
“ਠੀਕ ਆ ਮਾਂ….”, ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ।
ਹੁਣ ਉਹ ਘੋੜਿਆਂ ਦੇ ਤਬੇਲੇ ਅੱਗੇ ਖਲੋਤਾ ਸੀ… “ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ…”। ਜਿਹੜਾ ਸਿੰਘ ਘੋੜਿਆਂ ਦੀ ਦੇਖ ਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮੁਹਿੰਮ ‘ਤੇ ਗਏ ਹਨ ਸੋ ਉਹ ਸਾਰੇ ਘੋੜੇ ਲੈ ਗਏ ਹਨ।
ਭੁਝੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਈ ਸੀ ਕਿ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ, “ਉਹ ਦੇਖੋ…. ਔਹ ਫਿਰਦਾ ਇੱਕ ਘੋੜਾ…”।
“ਹਾ ਹਾ ਹਾ…. ਓ ਨਹੀਂ ਨਿੱਕੇ ਭੁਝੰਗੀ…. ਉਹ ਤਾਂ ਬਾਹਲਾ ਅੱਥਰਾ ਘੋੜਾ… ਉਸ ਤਾਂ ਅੱਜ ਤੱਕ ਆਪਣੇ ‘ਤੇ ਕਾਠੀ ਨਹੀਂ ਪੈਣ ਦਿੱਤੀ… ਤੂੰ ਕਿਵੇਂ ਉਸ ‘ਤੇ ਸਵਾਰੀ ਕਰ ਲਵੇਂਗਾ।”
“ਮੈਂ ਉਸ ਕੋਲ ਚਲਾ ਜਾਵਾਂ…. ਕੁਝ ਨਹੀਂ ਕਰਦਾ ਬਸ ਕੋਲ ਜਾਣਾ ਹੈ…”।
“ਜਾਹ ਚਲਾ ਜਾਹ ਪਰ ਬਹੁਤੀ ਨੇੜ ਨਾ ਜਾਈਂ”, ਸਿੰਘ ਨੇ ਮੁਸਕੁਰਾਉਂਦਿਆਂ ਹੋਇਆ ਕਿਹਾ।
ਹੁਣ ਉਹ ਘੋੜੇ ਕੋਲ ਖਲੋਤਾ ਸੀ। ਸਚਮੁੱਚ ਏਡੇ ਕੱਦ ਦਾ ਘੋੜਾ ਅੱਜ ਤਕ ਉਸ ਨੇ ਨਹੀਂ ਦੇਖਿਆ ਸੀ। ਕਾਫੀ ਚਿਰ ਉਹ ਉਸ ਦੇ ਆਲ ਦੁਆਲ ਫਿਰਦਾ ਰਿਹਾ। ਹੌਲੀ ਹੌਲੀ ਨੇੜੇ ਹੋਇਆ। ਹੱਥ ਫੇਰਿਆ, ਫਿਰ ਮੂੰਹ ਕੋਲ ਆਇਆ। ਮੂੰਹ ‘ਤੇ ਹੱਥ ਫੇਰ ਲੱਗਾ।
“ਪਤੈ ਮੈਂ ਤੇਰੇ ਕੋਲ ਕਿਉਂ ਆਇਆਂ….”? ਉਸ ਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, “ਮੈਨੂੰ ਮਾਂ ਨੇ ਕਿਹੈ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਸ ਸਿਖ ਨੂੰ, ਜੋ ਬਾਣੀ ਪੜ੍ਹੇ, ਸ਼ਸ਼ਤਰ ਸੰਗ ਰੱਖੇ, ਸੇਵਾ ਕਰੇ ਤੇ ਘੋੜ ਸਵਾਰੀ ਕਰੇ। ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾਂ ਪਰ ਮੈਨੂੰ ਘੋੜਸਵਾਰੀ ਨਹੀਂ ਆਉਂਦੀ…. ਤੇ ਤੈਨੂੰ ਪਤੈ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਜੋ ਭੁਝੰਗੀਆਂ ਨੂੰ ਆਪਣੇ ‘ਤੇ ਸਵਾਰੀ ਕਰਨ ਦੇਵੇ…. ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ…. ਸੱਚੀਂ, ਮੈਂ ਕਹਾਂਗਾ ਕਿ ਇਹ ਤੁਰੰਗ ਭੁਝੰਗੀਆਂ ਨੂੰ ਬਹੁਤ ਪਿਆਰ ਕਰਦਾ… ਦੇਖ ਲਈਂ ਮਹਾਰਾਜ ਤੈਨੂੰ ਸਿਰ ‘ਤੇ ਹੱਥ ਫੇਰ ਕੇ ਪਿਆਰ ਦੇਣਗੇ….”
‘ਤੇ ਅਗਲੇ ਹੀ ਪਲ ਭੁਝੰਗੀ ਘੋੜੇ ਦੇ ਉੱਪਰ ਸੀ ਤੇ ਕਿਸੇ ਤਜ਼ਰਬੇਕਾਰ ਘੋੜਸਵਾਰ ਵਾਂਗ ਸਵਾਰੀ ਕਰ ਰਿਹਾ ਸੀ। ਸਭ ਹੈਰਾਨ ਸਨ, ਜਿਸ ਅੱਥਰੇ ਘੋੜੇ ‘ਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਸੀ, ਉਸ ‘ਤੇ ਭੁਝੰਗੀ ਬਿਨਾ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕੰਨੀਂ ਨਿਕਲ ਗਿਆ….
ਦੂਰੋਂ ਆਵਾਜ਼ ਆ ਰਹੀ ਸੀ,

“ਚਾਰ ਮੂਏ ਤੋ ਕਯਾ ਭਇਆ,
ਜੀਵਤ ਕਈ ਹਜ਼ਾਰ……”

Unknown

You may also like