ਨਵਿਆਂ ਰਾਹਾਂ ਨੇ ਮੈਨੂੰ ਕਿਸੇ ਸਵੇਰ ਨਵੀਂ ਆਸ ਦਿੱਤੀ ਸੀ ਤੇ ਵਾਦਿਆਂ ਦੀ ਗਵਾਹੀ ਹੇਠ ਆਪਣੇ ਮਹਿਲ ਮੁਨਾਰੇ ਤੇ ਆਪਣੇ ਲੋਕਾਂ ਨੂੰ ਮੋਹ ਭਿੱਜੀ ਅਲਵਿਦਾ ਕਹਿ ਆਇਆ ਸੀ। ਉਸ ਵਕਤ ਚਾਈਂ-ਚਾਈਂ ਮੈਂ ਆਉਣ ਵਾਲੇ ਕੱਲ੍ਹ ਦੀ ਪਿੱਠ ਤੇ ਲਿਖੇ ਸੁਆਲ ਪੜ ਨਾ ਪਾਇਆ। ਪਰ ਅੱਜ……… ਅੱਜ ਲੱਗਦਾ ਜਿਵੇਂ ਮੇਰੇ ਪਿੰਡ ਦੀ ਫਿਰਨੀ ਤੇ ਇਸ ਨਵੇਂ ਸ਼ਹਿਰ ਦੀ ਬਾਲਕੋਨੀ ਦੀ ਜੰਗ ਨੇ ਮੈਨੂੰ ਹਰਾ ਦਿੱਤਾ ਹੋਵੇ। ਘਟਾਉ ਵਿੱਚ ਗਏ ਤਾਪਮਾਨ ਵਿੱਚ ਮੈਨੂੰ ਭਾਦੋਂ ਦੀ ਗਰਮੀ ਜਿਹੇ ਵੱਟ ਆ ਰਹੇ ਨੇ। ਮੈਂ ਅੱਗੇ ਵਧਣ ਦੇ ਮਨਸੂਬੇ ਲੈ ਕੇ ਸ਼ਹਿਰ ਆਇਆ ਸਾਂ ਪਰ ਪਿੰਡ ਤੇ ਉੱਥੋ ਦੀ ਮਹਿਕ ਆਪਦੀ ਗੰਢੜੀ ਨਾਲ ਬੰਨ ਲਿਆਇਆ। ਹੁਣ ਭੀੜੀਆਂ ਪੈਟਾਂ ਮੇਰੇ ਖੁੱਲੇ ਪਜਾਮੇ ਨੂੰ ਟਿੱਚਰਾਂ ਕਰਦੀਆਂ ਨੇ ਤਾਂ ਮੈਂ ਰੰਗਾਂ ਭਰੀ ਬੁਰਸ਼ਟ ਦੇ ਉਲਟ ਆਪਣੇ ਖਾਕੀ ਕੁੜਤੇ ਦੀ ਹਿਮਾਇਤ ਵਿੱਚ ਡਟ ਜਾਂਦਾ ਹਾਂ। ਸ਼ਾਇਦ ਇਹਨਾਂ ਮਹਾਂਨਗਰਾ ਦਾ ਦਸਤੂਰ ਏ ਜੋ ਛੇਤੀ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੇ, ਪਰ ਮੈਂ ਤਾਂ ਜੜ੍ਹਾਂ ਲਾਉਣੀਆਂ ਨੇ…….
ਮੇਰੀ ਅਸਲ ਜੜ ਨਾਲ ਜੁੜੇ ਰਹਿੰਦਿਆਂ ਨਵੀਆਂ ਸ਼ਾਖਾਵਾਂ ਨਾਲ ਯਾਰੀ ਦੀ ਇਸ ਜੱਦੋ ਜਹਿਦ ਵਿੱਚ ਮੈਂ ਹਾਰਦਾ ਜਾਪ ਰਿਹਾ। ਹਨੇਰਿਆਂ ਦਾ ਪੁੱਤ ਚਾਨਣ ਅੱਗੇ ਅੱਖਾਂ ਘੁੱਟ ਲੈਂਦਾ ਜੋ ਆਪੇ ਨੂੰ ਤਸੱਲੀ ਰਹੇ, ਪਰ ਹਕੀਕਤਾਂ ਦੇ ਦੀਵੇ ਬੰਦ ਅੱਖਾਂ ਨੂੰ ਵੀ ਚਾਨਣ ਕਰਕੇ ਡਰਾਉਦੇ ਰਹਿੰਦੇ ਨੇ। ਮੇਰਾ ਹਰ ਕਦਮ ਮੇਰੇ ਪਿੰਡ ਦੇ ਕੱਚੇ ਰਾਹਾਂ ਨੇ ਹਿੱਕ ਨਾਲ ਲਾ ਕੇ ਸਾਂਭਿਆ ਹੋਇਆ ਏ ਪਰ ਵਰਿਆਂ ਬਾਅਦ ਵੀ ਇਸ ਸ਼ਹਿਰ ਦੀਆਂ ਪੱਕੀਆਂ ਇੱਟਾਂ ਮੇਰੇ ਕਦਮਾਂ ਨੂੰ ਬੇਪਛਾਣਣਿਆਂ ਹੀ ਦੱਸਦੀਆਂ ਨੇ। ਆਪਣੀ ਮੌਜੂਦਗੀ ਨੂੰ ਸਾਬਿਤ ਕਰਨ, ਆਪਣੇ ਇਰਾਦਿਆਂ ਨੂੰ ਉਸਾਰੂ ਬਣਾਉਣ ਤੇ ਆਪੇ ਨੂੰ ਬਚਾਉਣ ਦਾ ਇਹ ਸਫਰ ਦਿਨੋ-ਦਿਨ ਬੜਾ ਰੋਚਕ ਹੁੰਦਾ ਜਾਂਦਾ ਏ। ਸਆਦਤ ਦੀ ਗੱਲ ਵੀ ਗੂੜਾ ਸੱਚ ਨਿੱਕਲੀ, “ਮੈਂ ਵੀ ਆਪਣੇ ਮੁਲਖ ਵਾਂਗ ਕੱਟ ਕੇ ਆਜ਼ਾਦ ਹੋਇਆ ਪਰ ਤੁਸੀਂ ਜਾਣਦੇ ਹੀ ਹੋ ਕਿ ਕੱਟੇ ਖੰਭਾਂ ਨਾਲ ਪਰਿੰਦੇ ਦੀ ਆਜ਼ਾਦੀ ਕਿਹੋ ਜਿਹੀ ਹੁੰਦੀ ਏ।”
Jashandeep Singh Brar