ਕਹਿੰਦੇ ਇਕ ਵਾਰੀ ਅਕਬਰ ਬਾਦਸ਼ਾਹ ਪਾਣੀ ਪੀਣ ਲਗਾ ਤਾਂ ਬੀਰਬਲ ਨੇ ਪੁਛਿਆ ਕਿ ਰਾਜਨ ਤੈਨੂੰ ਪਤਾ ਇਸ ਪਾਣੀ ਦੇ ਗਲਾਸ ਦੀ ਕੀ ਕੀਮਤ ਹੈ ? ਉਹ ਕਹਿੰਦਾ ਇਹਦੀ ਕੀ ਕੀਮਤ ਹੈ ? ਪਾਣੀ ਬੇਹਿਸਾਬਾ ਹੈ ਦੁਨੀਆਂ ਤੇ । ਬੀਰਬਲ ਕਹਿੰਦਾ ਜੇ ਕਿਤੇ ਤੂੰ ਰੇਗਿਸਤਾਨੀ ਇਲਾਕੇ ਵਿੱਚ ਫਸ ਜਾਵੇਂ ਤੇ ਤੂੰ ਤਿਰਹਾਇਆ ਮਰ ਰਿਹਾ ਹੋਵੇਂ ਤੇ ਤੈਨੂੰ ਕੋਈ ਪਾਣੀ ਦਾ ਗਲਾਸ ਦੇਵੇ ਤੂੰ ਉਹਨੂੰ ਪਾਣੀ ਦਾ ਕੀ ਮੁੱਲ ਦੇਵੇਂਗਾ ? ਰਾਜਾ ਕਹਿੰਦਾ ਮੈ ਅੱਧਾ ਰਾਜ-ਭਾਗ ਦੇ ਦਊੰ
ਬੀਰਬਲ ਦੁਬਾਰਾ ਕਹਿੰਦਾ ਤੇ ਫੇਰ ਜੇ ਤੇਰੇ ਅੰਦਰ ਬੰਨ ਪੈ ਜਾਵੇ ਤੇ ਇਹ ਪਾਣੀ ਪਿਸ਼ਾਬ ਬਣ ਕੇ ਬਾਹਰ ਨਾ ਆਵੇ ਤੇ ਤੇਰਾ ਕੋਈ ਇਲਾਜ ਕਰਕੇ ਤੇਰੀ ਜਾਨ ਬਚਾ ਲਵੇ ਤਾਂ ਤੂੰ ਆਪ ਦੀ ਜਾਨ ਬਚਾਈ ਦਾ ਕੀ ਮੁੱਲ ਦੇਵੇਂਗਾ ? ਉਹ ਫੇਰ ਕਹਿੰਦਾ ਅੱਧਾ ਰਾਜ-ਭਾਗ । ਬੀਰਬਲ ਕਹਿੰਦਾ ਇਹਦਾ ਮਤਲਬ ਇਹ ਹੋਇਆ ਕਿ ਪਾਣੀ ਦੇ ਗਲਾਸ ਦਾ ਮੁੱਲ ਤੇਰਾ ਸਾਰਾ ਰਾਜ ਹੈ ।
ਮੈ ਖ਼ੁਦ ਦੇਖਿਆ ਜਦੋਂ ਪਾਣੀ ਪੀਣ ਲਈ ਨਾ ਮਿਲੇ ਲੋਕ ਸਾਰਾ ਕੁਝ ਦੇਣ ਲਈ ਤਿਆਰ ਹੋ ਜਾਂਦੇ ਹਨ । ਪਾਣੀ ਮਨੁੱਖ ਦੀ ਹਵਾ ਤੋਂ ਬਾਅਦ ਜ਼ਿੰਦਗੀ ਦੀ ਦੂਜੀ ਜ਼ਰੂਰਤ ਹੈ ਤੇ ਖਾਣਾ ਤੀਜੀ
ਸਾਇੰਸ ਵਾਲੇ ਬਾਹਰ ਅਸਮਾਨ ਵਿੱਚ ਜੇ ਕਿਸੇ ਚੀਜ ਦੀ ਖੋਜ ਕਰ ਰਹੇ ਹਨ ਤਾਂ ਉਹ ਹੈ ਪਾਣੀ । ਦੂਜੇ ਗ੍ਰਿਹ ਦੀ ਧਰਤੀ ਦਾ ਤਾਂ ਪਤਾ ਹੈ ਕਿ ਕਿੱਡੀ ਹੈ ਕਿੱਥੇ ਹੈ ਕਿੰਨੀ ਦੂਰ ਹੈ ਪਰ ਪਾਣੀ ਦਾ ਨਹੀਂ ਪਤਾ । ਸਾਇੰਸ ਨੂੰ ਪਤਾ ਕਿ ਜਿੱਥੇ ਪਾਣੀ ਹੈ ਉੱਥੇ ਹੀ ਜ਼ਿੰਦਗੀ ਹੈ । ਇਸੇ ਕਰਕੇ ਬਾਬਾ ਬਹੁਤ ਦੇਰ ਪਹਿਲਾਂ ਲਿਖ ਗਿਆ ।
( ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ! )
ਇਸ ਧਰਤੀ ਨੂੰ ਪਾਣੀ ਦਾ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਦਾ 71% ਪਾਣੀ ਹੈ । ਜਿਹਦੇ ਵਿੱਚੋਂ 96% ਸਮੁੰਦਰ ਵਿੱਚ ਪੀਣ ਯੋਗ ਨਹੀਂ ਹੈ । 25 ਲੰਬੇ ਦਰਿਆ ਦੁਨੀਆਂ ਵਿੱਚ ਵਗਦੇ ਹਨ ਤੇ ਹੋਰ ਵੀ ਬਹੁਤ ਦਰਿਆ ਹਨ ਜਿਨਾ ਵਿੱਚੋਂ ਪੰਜਾਂ ਦੇ ਵਿਚਾਲੇ ਵਸਦੀ ਧਰਤੀ ਦੇ ਲੋਕਾਂ ਨੰੂ ਪੰਜਾਬੀ ਕਿਹਾ ਗਿਆ ਤੇ ਪੰਜਾਬ ਦਾ ਨਾਮ ਵਗਦੇ ਦਰਿਆਵਾਂ ਦੇ ਪਾਣੀ ਤੋਂ ਪਿਆ ।
ਬਾਹਰਲੇ ਮੁਲਖਾਂ ਵਿੱਚ ਪਾਣੀ ਨੂੰ ਬਹੁਤ ਸਾਵਧਾਨੀ ਨਾਲ ਵਰਤਿਆ ਜਾਂਦਾ । ਤੇ ਜੇ ਮੈ ਕੈਨੇਡਾ ਦੇਸ਼ ਦੀ ਗੱਲ ਕਰਾਂ ਤਾਂ ਇੱਥੇ ਜਿੰਨੀਆਂ ਝੀਲਾਂ ਸਾਰੀ ਦੁਨੀਆਂ ਵਿੱਚ ਹਨ ਉਹਦੇ ਤੋਂ ਵੱਧ ਕੱਲੇ ਕੈਨੇਡਾ ਦੇਸ਼ ਵਿੱਚ ਹਨ । ਫੇਰ ਵੀ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਹਰ ਘਰ ਵਿੱਚ ਮੀਟਰ ਲੱਗ ਗਏ ਹਨ ਜਾਂ ਲੱਗ ਰਹੇ ਹਨ । ਜਿੰਨਾ ਪਾਣੀ ਵਰਤੋਗੇ ਉਹਦੇ ਹਿਸਾਬ ਨਾਲ ਪਾਣੀ ਦਾ ਖ਼ਰਚਾ ਲਿਆ ਜਾਂਦਾ ਤੇ ਇਹਦੇ ਨਾਲ ਨਾਲ ਉਨਾਂ ਹੀ ਬਾਹਰ ਜਾ ਰਹੇ ਪਾਈਪ ਵਿੱਚ ਪਾਣੀ ਦਾ ਖ਼ਰਚਾ ਲਿਆ ਜਾਂਦਾ ਕਿਉਂਕਿ ਉਸ ਬਾਹਰ ਜਾ ਰਹੇ ਪਾਣੀ ਨੂੰ ਦੁਬਾਰਾ ਸਾਫ਼ ਕਰਕੇ ਸਮੁੰਦਰ ਜਾਂ ਦਰਿਆ ਵਿੱਚ ਪਾਇਆ ਜਾਂਦਾ ।
ਗੰਦੇ ਪਾਣੀ ਨੂੰ ਕੱਠਾ ਕਰਕੇ ਪਹਿਲਾਂ ਉਹਦੇ ਵਿੱਚੋਂ ਵੱਡੀਆਂ ਚੀਜ਼ਾਂ ਜਿਵੇਂ ਲੱਕੜ ਪੇਪਰ ਜਾਂ ਕੋਈ ਲੀਰਾਂ ਵਗੈਰਾ ਕੱਡੀਆਂ ਜਾਂਦੀਆਂ ਤੇ ਉਹ ਸਾਰਾ ਗੰਦ ਸਪੈਸ਼ਲ ਥਾਂ ਤੇ ਲਿਜਾਇਆ ਜਾਂਦਾ
ਪਾਣੀ ਨੂੰ ਵੱਡੇ ਵੱਡੇ ਟੈਂਕਾਂ ਵਿੱਚ ਰੱਖ ਕੇ ਗਾਰ ਥੱਲੇ ਬਹਿ ਜਾਂਦੀ ਹੈ ਉਹਨੰੂ ਬਾਹਰ ਕੱਢ ਲਿਆ ਜਾਂਦਾ ਤੇ ਫੇਰ ਇਸ ਗੰਦੇ ਪਾਣੀ ਵਿੱਚ ਆਕਸੀਜਨ ਰਲਾਈ ਜਾਂਦੀ ਹੈ ਤਾਂ ਕਿ Microbes ਵੱਧ ਜਾਣ । ਇਹ ਬਿਕਟੇਰੀਆ ਹੁੰਦਾ ਜੋ ਗੰਦ ਨੂੰ ਖਾ ਜਾਂਦਾ । ਇਹ ਖਾ ਖਾ ਕੇ ਗੈਸ ਛੱਡਦੇ ਹਨ ਜਿੱਥੋਂ ਗੈਸ ਨੂੰ ਬਾਲ ਕੇ ਸਟੀਮ ਵੀ ਬਣਾ ਕੇ ਜਨਰੇਟਰ ਚਲਾ ਕੇ ਬਿਜਲੀ ਬਣਾਈ ਜਾਂਦੀ ਹੈ ( ਇੰਜੀਨੀਅਰ ਦੇ ਦੱਸਣ ਅਨੁਸਾਰ ) ਫੇਰ ਜੋ ਟੈਂਕ ਦੇ ਥੱਲੇ ਬਹਿ ਜਾਂਦਾ ਫੇਰ ਉਹ ਬਾਹਰ ਕੱਢ ਲਿਆ ਜਾਂਦਾ ਤੇ ਸਾਫ਼ ਪਾਣੀ ਸਮੁੰਦਰ ਜਾਂ ਦਰਿਆਵਾਂ ਵਿੱਚ ਚਲੇ ਜਾਂਦਾ ।ਤੇ ਜੋ ਗੰਦ ਬਚਦਾ ਹੈ ਉਹਨੂੰ ਸੁੱਕਾ ਕੇ ਖੇਤੀ ਕਰਨ ਲਈ ਫ਼ਾਰਮਾਂ ਵਿੱਚ ਵਰਤਿਆ ਜਾਂਦਾ ।
ਘਰਾਂ ਵਿੱਚ ਜੋ ਮੀਂਹ ਦਾ ਪਾਣੀ ਹੁੰਦਾ ਉਹਨੰੂ ਵੱਖਰੇ ਪਾਈਪਾਂ ਰਾਹੀਂ ਲੈ ਜਾ ਕੇ ਦਰਿਆ ਜਾਂ ਨਹਿਰ ਵਿੱਚ ਪਾਇਆ ਜਾਂਦਾ । ਇਸ ਪਾਣੀ ਵਿੱਚ ਮਿੱਟੀ ਦਾ ਕਿਣਕਾ ਤੇਲ ਜਾਂ ਕਿਸੇ ਵੀ ਕਿਸਮ ਦਾ ਹੋਰ ਪਾਣੀ ਨੂੰ ਖ਼ਰਾਬ ਕਰਨ ਵਾਲਾ ਪਲੂਸ਼ਨ ਨਹੀਂ ਜਾਣ ਦਿੱਤਾ ਜਾਂਦਾ । ਸੜਕ ਦੇ ਪਾਣੀ ਨੂੰ ਪਹਿਲਾਂ ਥਾਂ ਥਾਂ ਤੇ ਲੱਗੇ ਟੈਂਕਾਂ ਵਿੱਚ ਨਿਤਾਰਿਆ ਜਾਂਦਾ ਤੇ ਇਵੇਂ ਹੀ ਹਰ ਘਰ ਦੇ ਬਾਹਰ ਧਰਤੀ ਵਿੱਚ ਟੈਂਕ ਦੱਬੇ ਹੁੰਦੇ ਹਨ ਜਿੱਥੇ ਪਾਣੀ ਨਿੱਤਰ ਕੇ ਬਾਹਰ ਸਿਟੀ ਦੇ ਪਾਈਪ ਵਿੱਚ ਜਾਂਦਾ ।
ਘਾਹ ਨੂੰ ਪਾਣੀ ਲਾਉਣ ਲਈ ਖ਼ਾਸ ਸਮਾਂ ਨਿਸ਼ਚਿਤ ਹੈ । ਜੇ ਪਾਣੀ ਘਟਦਾ ਲੱਗੇ ਤਾਂ ਇਕ ਦਮ ਬੰਦਸ਼ ਲਾ ਦਿੱਤੀ ਜਾਂਦੀ ਹੈ । ਮਜਾਲ ਹੈ ਕੋਈ ਲਾਪਰਵਾਹੀ ਕਰ ਜਾਵੇ । ਸਾਡੇ ਬੱਸਾਂ ਵਿੱਚ ਰੰੂ ਦੇ ਬਣੇ ਪੈਡ ਹੁੰਦੇ ਹਨ ਤੇ ਜੇ ਕਿਤੇ ਤੇਲ ਲੀਕ ਕਰ ਜਾਵੇ ਤਾਂ ਉਹ ਪੈਡ ਥੱਲੇ ਰੱਖ ਦਿੱਤੇ ਜਾਂਦੇ ਹਨ ਤਾਂ ਕਿ ਸੜਕ ਤੇ ਡਿਗ ਨਾ ਪਵੇ ਤੇ ਉਹ ਮੀਂਹ ਦੇ ਪਾਣੀ ਵਿੱਚ ਰਲ ਜਾਵੇ ।
ਛੋਟੇ ਤੇ ਨਵੇ ਦਰਖ਼ਤਾਂ ਨੂੰ ਪਾਣੀ ਲੋਹੇ ਦੇ ਪਾਈਪ ਨਾਲ ਗੱਡ ਕੇ ਜੜਾਂ ਵਿੱਚ ਦੋ ਫੁੱਟ ਥੱਲੇ ਦਿੱਤਾ ਜਾਂਦਾ ਤਾਂ ਕਿ ਪਾਣੀ ਬਾਹਰ ਨਾ ਡੁੱਲੇ ਜਾਂ ਹੁਣ ਪਲਾਸਟਿਕ ਦੇ ਵੱਡੇ ਵੱਡੇ ਬੈਗ ਬੰਨ ਕੇ ਭਰ ਦਿੱਤੇ ਜਾਂਦੇ ਹਨ ਜਿਨਾ ਵਿੱਚ ਥੱਲੇ ਬਰੀਕ ਬਰੀਕ ਗਲ਼ੀਆਂ ਹਨ ਜਿੱਥੋਂ ਪਾਣੀ ਰਿਸਦਾ ਰਹਿੰਦਾ ਹੌਲੀ ਹੌਲੀ । ਇਉਂ ਪਾਣੀ ਬਾਹਰ ਨਹੀਂ ਡੁੱਲਦਾ । ਪਾਣੀ ਨੂੰ ਲੋਕ ਪੂਜਦੇ ਨਹੀਂ ਪਰ ਪੂਜਣ ਵਾਲ਼ਿਆਂ ਨਾਲ਼ੋਂ ਕਿਤੇ ਵੱਧ ਸਾਫ਼ ਰੱਖਦੇ ਹਨ ਤੇ ਪਾਣੀ ਨੂੰ ਸਹੀ ਰੂਪ ਵਿੱਚ ਪਿਉ ਮੰਨਦੇ ਹਨ ।
977
previous post