ਨਵਪ੍ਰੀਤ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਕਿਸੇ ਕਾਰ ਵਾਲੇ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਸਮੇਂ ਸਿਰ ਪਹੁੰਚ ਜਾਣ ਕਰਕੇ ਉਹ ਬਚ ਤਾਂ ਗਿਆ ਸੀ ਪਰ ਉਸਦੀਆਂ ਦੇਵੇਂ ਲੱਤਾਂ ਬੁਰੀ ਤਰ੍ਹਾਂ ਫਿਸ ਜਾਣ ਕਰਕੇ ਕੱਟਣੀਆਂ ਪਈਆਂ ਸਨ।
ਉਸ ਦੀ ਨੌਜਵਾਨ ਅਤੇ ਖੂਬਸੂਰਤ ਪਤਨੀ ਆਪਣੇ ਅਪਾਹਜ ਪਤੀ ਨੂੰ ਵੇਖ ਕੇ ਅਸਹਿ ਪੀੜ ਨਾਲ ਤੜਫ ਉੱਠੀ ਸੀ। ਉਹ ਸੇਵਾ ਕਰਦੀ ਸੋਚਾਂ ਵਿੱਚ ਉਲਝ ਜਾਂਦੀ ਸੀ ਅਤੇ ਦਲੀਏ ਦਾ ਭਰਿਆ ਚਮਚਾ ਉਸ ਦੇ ਹੱਥ ਵਿੱਚ ਹੀ ਰੁਕ ਜਾਂਦਾ ਸੀ।
ਪਤੀ ਪ੍ਰਾਈਵੇਟ ਕਮਰੇ ਵਿੱਚ ਰਾਜੀ ਹੋ ਰਿਹਾ ਸੀ। ਉਹ ਇਕੱਲ ਵਿੱਚ ਸੋਚਦਾ ਕਿ ਆਪਣੀ ਅਪਾਹਜਤਾ ਨਾਲ ਕਿਸੇ ਦੀ ਜਿੰਦਗੀ ਨੂੰ ਨਰਕ ਬਣਾਉਣ ਨਾਲੋਂ ਕਿਤੇ ਚੰਗਾ ਏ ਆਪਾ ਵਾਰਿਆ ਜਾਵੇ।
‘ਲਓ ਜੀ ਨਵੀਂ ਗੋਲੀ ਲੈ ਲਵੋ, ਨਰਸ ਬਾਹਰ ਹੀ ਫੜਾ ਕੇ ਕਿਸੇ ਦੂਜੇ ਮਰੀਜ਼ ਵੱਲ ਚਲੀ ਗਈ ਏ। ਪਤਨੀ ਨੇ ਗੋਲੀ ਦਿੰਦਿਆਂ ਦੱਸ ਦਿੱਤਾ ਸੀ ਕਿ ਇਹ ਕੁਝ ਬੇਚੈਨੀ ਜਿਹੀ ਕਰੇਗੀ ਅਤੇ ਫਿਰ ਸਭ ਕੁਝ ਸ਼ਾਂਤ ਹੋ ਜਾਵੇਗਾ।
ਪਤਨੀ ਨੇ ਕੁਝ ਦੇਰ ਬਾਹਰ ਉਡੀਕ ਕੀਤੀ ਤਾਂ ਜੋ ਗੋਲੀ ਦਾ ਅਸਰ ਹੋ ਜਾਵੇ ਜਦ ਉਹ ਕਮਰੇ ਵਿੱਚ ਗਈ ਤਾਂ ਉਸ ਦਾ ਪਤੀ ਤੜਫ ਰਿਹਾ ਸੀ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਵਹਿ ਰਹੀ ਸੀ। ਉਸ ਨੇ ਉੱਚੀ ਚੀਕ ਮਾਰੀ।
ਨਰਸ ਨੂੰ ਸੈਲਫਾਸ ਦੀ ਗੋਲੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ।
ਨਿਰਦੋਸ਼
459
previous post