446
ਪਤੀ ਦੀ ਕਾਰਗਿਲ ਵਿੱਚ ਹੋਈ ਅਚਾਨਕ ਮੌਤ ਨੇ ਗੁਰਨਾਮੀ ਨੂੰ ਪੱਥਰ ਹੀ ਤਾਂ ਕਰ ਦਿੱਤਾ ਸੀ। ਕੱਲ੍ਹ ਜਿਹੜੀ ਹਿੰਮਤੀ ਔਰਤ ਪਤੀ ਦੀ ਗੈਰ ਹਾਜਰੀ ਵਿੱਚ ਆਪਣੀ ਧੀ ਦੇ ਧੁਰੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਭੱਜੀ ਫਿਰ ਰਹੀ ਸੀ, ਅੱਜ ਚੁੱਪ ਦੀ ਗੰਢੜੀ ਬਣਕੇ ਰਹਿ ਗਈ ਸੀ। ਉਸ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਅਤੇ ਨਾ ਹੀ ਜੀਭ ਉੱਤੇ ਕੋਈ ਸ਼ਬਦ। ਇਸ ਹਿਰਦੇ ਵੇਧਕ ਸਦਮੇ ਨੇ ਉਸ ਨੂੰ ਜਿੰਦਾ ਲੋਥ ਬਣਾ ਦਿੱਤਾ ਸੀ।
ਅਰਥੀ ਨੂੰ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਗੁਰਨਾਮੀ ਇੱਕ ਦਮ ਖੜੀ ਹੋ ਗਈ, ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਹੋਵੇ। ਜਨਾਨੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ।
‘ਤੁਸੀਂ ਆਪਣੇ ਮੁਰਦੇ ਨੂੰ ਬਿੱਲੇ ਲਾਓ, ਮੈਂ ਆਪਣੀ ਧੀ ਦੀਆਂ ਟੂਮਾਂ ਬਾਰੇ ਸੁਨਿਆਰੇ ਨੂੰ ਤਕੀਦ ਕਰ ਆਵਾਂ, ਹੁਣ ਸਾਹੇ ਵਿੱਚ ਦਿਨ ਵੀ ਕਿਹੜੇ ਰਹਿ ਗਏ ਨੇ। ਉਹ ਜਨਾਨੀਆਂ ਨੂੰ ਪਾਸੇ ਧੱਕਦੀ ਪਾਗਲਾਂ ਵਾਂਗ ਭੱਜੀ ਜਾਂਦੀ ਘਰ ਦਾ ਬੂਹਾ ਪਾਰ ਕਰ ਗਈ।