ਮੱਘਰ ਸਿੰਘ ਆਖਰੀ ਮਿੰਨੀ ਬਸ ਤੋਂ ਉੱਤਰ ਕੇ ਸ਼ਾਮ ਦੇ ਹਨੇਰੇ ਵਿੱਚ ਆਪਣੇ ਪਿੰਡ ਵੱਲ ਜਾ ਰਿਹਾ ਸੀ। ਉਹ ਉਦਾਸ, ਟੁੱਟਿਆ ਹੋਇਆ ਅਤੇ ਬੇਵਸ ਸੀ। ਉਸ ਨੂੰ ਸਾਹਮਣੇ ਪਿੰਡ ਦੀ ਦੀਵਾਲੀ ਦੇ ਦੀਵੇ ਨਜ਼ਰ ਆਉਣ ਲੱਗ ਗਏ ਸਨ। ਕਈ ਆਤਸ਼ਬਾਜ਼ੀਆਂ ਅਸਮਾਨ ਵਿੱਚ ਉਤਾਂਹ ਚਕੇ ਉਸ ਦੀਆਂ ਬੁਝੀਆਂ ਆਸਾਂ ਵਿੱਚ ਚੰਗਿਆੜੇ ਛੱਡ ਜਾਂਦੀਆਂ ਸਨ। ਚੱਲ ਰਹੇ ਪਟਾਕੇ ਉਸ ਦੀ ਅਰਮਾਨਾ ਭਰੀ ਛਾਤੀ ਵਿੱਚ ਹਥੌੜੇ ਵਰਾ ਰਹੇ ਸਨ। ਉਹ ਧੀਮੀ ਚਾਲ ਪਿੰਡ ਦੀ ਗਲੀ ਵਿੱਚੋਂ ਲੰਘ ਰਿਹਾ ਸੀ। ਪਿੰਡ ਦੇ ਸਾਰੇ ਹੀ ਸਿਰ ਕੱਢ ਘਰਾਂ ਵਿੱਚ ਚੁੱਪ ਚਾਂਦ ਸੀ। ਹਰੀਜਨਾ ਦੀ ਵਸਤੀ ਵਿੱਚ ਕੁਝ ਚਾਨਣ ਟਿਮਟਿਮਾ ਰਿਹਾ ਸੀ। ਕਿਤੇ ਕਿਤੇ ਪਟਾਕੇ ਅਤੇ ਆਤਸ਼ਬਾਜ਼ੀਆਂ ਚੱਲ ਰਹੀਆਂ ਸਨ। ਉਸ ਦੀ ਆਪਦੀ ਗਲੀ ਵਿੱਚ ਦੁਰ ਤਾਈਂ ਹਨੇਰਾ ਪਸਰਿਆ ਹੋਇਆ ਸੀ।
ਉਹ ਸਿਰ ਝੁਕਾਈ ਆਪਣੇ ਘਰ ਅੰਦਰ ਵੜ ਗਿਆ ਸੀ। ਉਸ ਦਾ ਸਾਰਾ ਪਰਿਵਾਰ ਚੁੱਪ ਚਾਪ ਬੈਠਾ ਉਸ ਨੂੰ ਉਡੀਕ ਰਿਹਾ ਸੀ। ਕਿਸੇ ਕੋਲ ਇਹ ਪੁੱਛਣ ਦੀ ਹਿੰਮਤ ਨਹੀਂ ਸੀ ਕਿ ਝੋਨੇ ਦਾ ਕੀ ਬਣਿਆ ਜਾਂ ਫਿਰ ਆੜਤੀਏ ਦੇ ਮਨ ਵਿੱਚ ਕੋਈ ਮਿਹਰ ਪਈ ਜਾਂ ਨਹੀਂ।
ਮੱਘਰ ਸਿੰਘ ਦੀ ਚੁੱਪ ਨੇ ਪਰਿਵਾਰ ਦੀ ਕੁਝ ਟਿਮਟਮਾਉਂਦੀ ਆਸ ਦੇ ਦੀਵੇ ਉੱਤੇ ਆਖਰੀ ਫੂਕ ਮਾਰ ਦਿੱਤੀ ਸੀ।
ਆਖਰੀ ਫੂਕ
876
previous post