ਘੁੱਗੀ

by Sandeep Kaur

ਹਰੀਜਨਾਂ ਦੇ ਮੀਤੇ ਨੂੰ ਜਦ ਦਸਵੀਂ ਪਾਸ ਕਰਕੇ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਆਪਣੇ ਪਿੰਡ ਦੇ ਬਾਹਰ ਪੱਕੀ ਸੜਕ ਉਤੇ ਸਾਈਕਲ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਕੰਮ ਵਿੱਚ ਆਮਦਨ ਬਹੁਤ ਘੱਟ ਹੁੰਦੀ ਸੀ। ਕਈ ਵਾਰੀ ਤਾਂ ਸਾਰਾ ਦਿਨ ਖਾਲੀ ਹੀ ਲੰਘ ਜਾਂਦਾ ਸੀ।
ਆਮਦਨ ਵਧਾਉਣ ਲਈ ਉਸ ਨੇ ਕਈ ਪੁੱਠੇ ਸਿੱਧ ਹੱਥ ਕੰਡੇ ਵਰਤਣੇ ਅਰੰਭ ਦਿੱਤੇ ਸਨ। ਉਹ ਪੈਂਚਰ ਲਾਉਂਦਾ ਇਕ, ਦੋ ਪੈਂਚਰ ਆਪ ਹੀ ਕਰ ਦਿੰਦਾ ਸੀ ਅਤੇ ਕੰਮ ਦਿੰਦੇ ਪੁਰਜਿਆਂ ਨੂੰ ਘਸੇ ਕਹਿਕੇ ਬੇਲੋੜੇ ਹੀ ਬਦਲ ਦਿੰਦਾ ਸੀ। ਉਹ ਆਪਣੀ ਦੁਕਾਨ ਤੋਂ ਕੁਝ ਦੂਰ ਪੱਕੀ ਸੜਕ ਉੱਤੇ ਤਿੱਖੇ ਮੂੰਹ ਵਾਲੇ ਕਿੱਲ, ਮੇਖਾਂ ਖਿੰਡਾ ਦਿੰਦਾ ਸੀ ਤਾਂ ਜੋ ਆਉਣ, ਜਾਣ ਵਾਲਿਆਂ ਦੇ ਸਾਈਕਲ ਪੈਂਚਰ ਹੁੰਦੇ ਰਹਿਣ। ਉਹ ਕਿੱਲਾਂ ਖਿੰਡਾਉਣ ਨੂੰ ‘ਚੋਗਾ ਪਾਉਣਾ ਅਤੇ ਕਿਸੇ ਦੇ ਪੈਂਚਰ ਹੋਏ ਨੂੰ “ਫਸ ਗਈ ਮੁਰਗੀ ਕਹਿਕੇ ਖੁਸ਼ੀ ਮਨਾਇਆ ਕਰਦਾ ਸੀ।
ਪੈਂਚਰ ਹੋਇਆ ਸਾਈਕਲ ਫੜੀ ਆਉਂਦੀ ਕੁੜੀ ਜਦ ਉਸ ਦੇ ਬਹੁਤ ਨੇੜੇ ਆ ਗਈ ਤਾਂ ਉਸ ਨੇ ਪਹਿਚਾਣਿਆ ਕਿ ਇਹ ਤਾਂ ਪਿੰਡ ਦੇ ਗਰੀਬ ਨਾਈਆਂ ਦੀ ਬਹੁਤ ਹੀ ਹੁਸ਼ਿਆਰ ਕੁੜੀ ਪੀਤੀ ਏ ਜੋ ਸ਼ਹਿਰ ਆਈ.ਟੀ.ਆਈ. ਵਿੱਚ ਪੜ੍ਹਦੀ ਏ।
ਉਸ ਨੇ ਆਪਣੇ ਮੱਥੇ ਉੱਤੇ ਹੱਥ ਮਾਰ ਕੇ ਆਪਣੇ ਕੀਤੇ ਉਤੇ ਪਸ਼ਤਾਵਾ ਪ੍ਰਗਟ ਕੀਤਾ, ਮੁਰਗੀ ਦੀ ਥਾਂ ਅੱਜ ਤਾਂ ਵਿਚਾਰੀ ਘੁੱਗੀ ਹੀ ਮਾਰੀ ਗਈ।

You may also like