1.5K
ਬੁੱਢਾ ਬਾਪੂ ਬਾਹਰ ਡਿਓੜੀ ਵਿਚ ਖੰਘ ਰਿਹਾ ਸੀ। ਖੰਘ ਉਹਨੂੰ ਬਹੁਤ ਦਿਨਾਂ ਤੋਂ ਆ ਰਹੀ ਸੀ, ਪਰ ਦਵਾਈ ਲਈ ਪੈਸੇ ਨਹੀਂ ਸਨ। ਅੰਦਰ ਕੋਠੜੀ ਵਿਚ ਬੁੱਢੇ ਦੀ ਛੋਟੀ ਨੂੰਹ ਜੰਮਣ ਪੀੜਾ ਨਾਲ ਤੜਫ ਰਹੀ ਸੀ। ਵੱਡੀ ਨੂੰਹ ਦਾ ਚੇਹਰਾ ਉੱਤਰਿਆ ਹੋਇਆ ਸੀ। ਜਦੋਂ ਦਾ ਉਹਦਾ ਪਤੀ ਮਰਿਆ ਸੀ ਘਰ ਵਿਚ ਕਮਾਉਣ ਵਾਲਾ ਇਕਲਾ ਉਹਦਾ ਦਿਉਰ ਸੀ ਤੇ ਬਾਕੀ ਸਭ ਖਾਣ ਵਾਲੇ ਸਨ। ਘਰ ਵਿਚ ਸਵੇਰ ਦੀ ਰੋਟੀ ਨਹੀਂ ਸੀ ਪੱਕੀ। ਬਾਲ ਭੁੱਖੇ ਸਨ। ਘਰ ਦਾ ਕਮਾਊ ਜੀ ਬਾਹਰ ਨੱਠਾ ਫਿਰਦਾ ਸੀ ਤਾਂ ਕਿ ਕੋਈ ਇੰਤਜ਼ਾਮ ਕਰ ਸਕੇ। ਡਾਕਟਰਨੀ ਨੇ ਆਉਣ ਤੋਂ ਨਾਂਹ ਕਰ ਦਿੱਤੀ ਸੀ। ਉਹਨੂੰ ਪਿਛਲੇ ਜੰਮੇ ਬੱਚੇ ਦੇ ਪੈਸੇ ਅਜੇ ਤੱਕ ਨਹੀਂ ਸਨ ਮਿਲੇ। ਸ਼ਾਹ ਕਰਜ਼ਾ ਨਹੀਂ ਸੀ ਦੇਂਦਾ ਮਕਾਨ ਤਾਂ ਅੱਗੇ ਹੀ ਉਹਦੇ ਕੋਲ ਗਿਰਵੀ ਸੀ ਘਰ ਵਿਚ ਸਭ ਪਾਸੇ ਉਦਾਸੀ ਦੀਆਂ ਕੈਂਕਰਾਂ ਖਿਲਰੀਆਂ ਹੋਈਆਂ ਸਨ। ਸਿਰਫ ਕੰਧਾਂ ਤੇ ਟੰਗੇ ਹੋਏ ਗੁਰੂਆਂ ਦੇ ਕੈਲੰਡਰ ਸ਼ਾਂਤ ਸਨ। ਨੇਤਾਵਾਂ ਦੇ ਮੂੰਹ ਤੇ ਹਾਸਾ ਸੀ।
ਸ਼ਰਨ ਮੱਕੜ