ਇਕ ਸ਼ਾਹੂਕਾਰ ਆਦਮੀ ਦਾ ਲੜਕਾ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਉਸ ਨੂੰ ਬਹੁਤ ਸਮਝਾਇਆ ਪਰ ਲੜਕੇ ਉੱਪਰ ਕਿਸੇ ਗੱਲ ਦਾ ਅਸਰ ਨਾ ਹੋਇਆ। ਲੜਕੇ ਦੇ ਭਵਿੱਖ ਬਾਰੇ ਸੋਚ ਕੇ ਪਿਤਾ ਬਹੁਤ ਗੰਭੀਰ ਹੋ ਗਿਆ।
ਅਖੀਰ ਉਸ ਨੇ ਲੜਕੇ ਨੂੰ ਸੁਧਾਰਣ ਲਈ ਇਕ ਵਿਉਂਤ ਬਣਾਈ। ਇਕ ਦਿਨ ਉਸ ਨੇ ਆਪਣੇ ਨੌਕਰ ਕੋਲੋਂ ਦੋ ਕਿਲੋ ਵਧੀਆ ਸੇਬ ਮੰਗਵਾਏ। ਉਸ ਨੇ ਉਸ ਨੂੰ ਇਕ ਗਲਿਆ ਸੜਿਆ ਸੇਬ ਵੀ ਲਿਆਉਣ ਲਈ ਕਿਹਾ। ਨੌਕਰ ਬਜ਼ਾਰੋਂ ਸੇਬ ਲੈ ਆਇਆ ਤਾਂ ਪਿਤਾ ਨੇ ਲੜਕੇ ਨੂੰ ਚੰਗੇ ਸੇਬਾਂ ਨਾਲ ਗਲਿਆ ਸੇਬ ਇਕ ਟੋਕਰੀ ਵਿਚ ਰੱਖਣ ਲਈ ਆਖਿਆ।ਲੜਕੇ ਨੇ ਉਵੇਂ ਹੀ ਕੀਤਾ ਜਿਵੇਂ ਉਸ ਦੇ ਪਿਤਾ ਨੇ ਆਖਿਆ ਸੀ।
ਚਾਰ ਪੰਜ ਦਿਨਾਂ ਮਗਰੋਂ ਪਿਤਾ ਨੇ ਆਪਣੇ ਲੜਕੇ ਨੂੰ ਬੁਲਾਇਆ ਅਤੇ ਉਸ ਨੂੰ ਸੇਬ ਲਿਆਉਣ ਲਈ ਆਖਿਆ। ਲੜਕੇ ਨੇ ਸੇਬਾਂ ਦੀ ਟੋਕਰੀ ਵੇਖੀ ਤਾਂ ਹੈਰਾਨ ਰਹਿ ਗਿਆ। ਸਾਰੇ ਹੀ ਸੇਬ ਗਲ ਸੜ ਗਏ ਸਨ। ਉਸ ਨੇ ਪਿਤਾ ਤੋਂ ਇਸ ਦਾ ਮਤਲਬ ਪੁੱਛਿਆ। ਪਿਤਾ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਜਿਵੇਂ ਇਕ ਗਲੇ ਸੇਬ ਨੇ ਸਾਰੇ ਹੀ ਚੰਗੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਏਦਾਂ ਹੀ ਇਕ ਮਾੜਾ ਲੜਕਾ ਸਾਰੇ ਵਧੀਆ ਲੜਕਿਆਂ ਨੂੰ ਖਰਾਬ ਕਰ ਦਿੰਦਾ ਹੈ।
ਲੜਕੇ ਨੂੰ ਪਿਤਾ ਦੀ ਆਖੀ ਗੱਲ ਦਾ ਮਤਲਬ ਸਮਝ ਆ ਗਿਆ। ਉਸ ਨੇ ਉਸੇ ਦਿਨ ਤੋਂ ਮਾੜੀ ਸੰਗਤ ਤਿਆਗ ਦਿੱਤੀ।
ਸਿੱਖਿਆ-ਭੈੜੀ ਸੰਗਤ ਤੋਂ ਇੱਕਲਾ ਚੰਗਾ।