ਇਸ ਗੱਲ ਨੂੰ ਵਾਪਰਿਆਂ ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ। ਉਹ ਹਰ ਵਰ੍ਹੇ ਨਾਲ ਲੱਗਦੇ ਜੰਗਲ ‘ਚ ਸ਼ਿਕਾਰ ਖੇਡਣ ਜਾਂਦਾ। ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ। ਦੂਰ-ਦੁਰਾਡਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ।
ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਖੰਭਾਂ ‘ਚ ਜਾ ਲੱਗਿਆ। ਉਹ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਆ ਡਿੱਗਿਆ। ਰਾਜਕੁਮਾਰ ਉਹਨੂੰ ਮਾਰਨ ਹੀ ਵਾਲਾ ਸੀ ਕਿ ਹੰਸ ਦੀਆਂ ਅੱਖਾਂ ‘ਚ ਅੱਥਰੂ ਆ ਗਏ। ਰਾਜਕੁਮਾਰ ਨੂੰ ਤਰਸ ਆ ਗਿਆ। ਉਹ ਉਹਨੂੰ ਚੁੱਕ ਕੇ ਆਪਣੇ ਡੇਰੇ ‘ਚ ਲੈ ਆਇਆ।
ਅਗਲੀ ਸਵੇਰ ਉਹ ਫ਼ਿਰ ਸ਼ਿਕਾਰ ਲਈ ਨਿਕਲ ਪਿਆ। ਉਹਦੇ ਜਾਂਦਿਆਂ ਸਾਰ ਜ਼ਖ਼ਮੀ ਹੰਸ ਨੇ ਆਪਣੇ ਖੰਭ ਝਾੜੇ ਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ। ਉਸ ਨੇ ਰਾਜਕੁਮਾਰ ਲਈ ਰੋਟੀ ਪਕਾਈ ਤੇ ਸਲੀਕੇ ਨਾਲ ਮੇਜ਼ ‘ਤੇ ਸਜਾ ਕੇ ਰੱਖ ਦਿੱਤੀ। ਮਗਰੋਂ ਉਹ ਫਿਰ ਹੰਸ ਬਣ ਗਈ।
ਕੁਝ ਚਿਰ ਪਿੱਛੋਂ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਪਰਤਿਆ ਤਾਂ ਉਸ ਨੇ ਮੇਜ਼ ‘ਤੇ ਸਜਾਈ ਰੋਟੀ ਨੂੰ ਦੇਖਿਆ। ਇਹ ਤੱਕ ਕੇ ਉਹ ਸੋਚੀਂ ਪੈ ਗਿਆ।
ਦੂਜੇ ਦਿਨ ਮੁੜ ਇੰਜ ਹੀ ਹੋਇਆ। ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਓਹਲੇ ਲੁਕ ਗਿਆ। ਉਹ ਹੈਰਾਨ ਸੀ ਕਿ ਆਖ਼ਰ ਉਸ ਦੇ ਜਾਣ ਪਿੱਛੋਂ ਡੇਰੇ ‘ਚ ਕੌਣ ਆਉਂਦੈ।
ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ, ਹੰਸ ਫਿਰ ਕੁੜੀ ਬਣ ਗਿਆ ਅਤੇ ਉਹਨੇ ਰੋਟੀ ਤਿਆਰ ਕੀਤੀ।
ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ। ਉਸ ਨੂੰ ਦੇਖਦਿਆਂ ਸਾਰ ਹੀ ਕੁੜੀ ਫਿਰ ਹੰਸ ਬਣ ਗਈ। ਹੁਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ।
ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ। ਹੁਣ ਉਹ ਖ਼ੁਸ਼ੀ-ਖ਼ੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ। ਫਿਰ ਉਨ੍ਹਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ, ਜਿਸ ਨੂੰ ਦੋਵੇਂ ਬੜਾ ਪਿਆਰ ਕਰਦੇ।
ਹੁਣ ਬਸੰਤ ਰੁੱਤ ਆ ਗਈ ਸੀ। ਇੱਕ ਦਿਨ ਸਵੇਰ ਸਾਰ ਇੱਕ ਹੰਸਾਂ ਦੀ ਡਾਰ ਅਸਮਾਨ ‘ਚ ਵਿਖਾਈ ਦਿੱਤੀ। ਜਿਵੇਂ ਹੀ ਬੁੱਢੇ ਹੰਸ ਨੇ ਥੱਲੇ ਦੇਖਿਆ, ਉਸ ਨੂੰ ਆਪਣੀ ਧੀ ਨਜ਼ਰ ਆਈ। ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਵਾਪਸ ਚੱਲਣ ਲਈ ਕਿਹਾ ਪਰ ਕੁੜੀ ਨਾ ਮੰਨੀ।
ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆਈ। ਉਸ ਨੇ ਵੀ ਕੁੜੀ ਨੂੰ ਘਰ ਪਰਤਣ ਲਈ ਆਖਿਆ। ਮਾਂ ਦੀ ਆਵਾਜ਼ ਸੁਣ ਕੇ ਕੁੜੀ ਬੇਚੈਨ ਹੋ ਗਈ। ਉਸ ਨੇ ਮਾਂ ਨੂੰ ਖੰਭ ਸੁੱਟਣ ਲਈ ਕਿਹਾ।
ਖੰਭ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ, ਰਾਜਕੁਮਾਰ ਨੇ ਉਹਦਾ ਹੱਥ ਕਸ ਕੇ ਫੜ ਲਿਆ। ਦੇਰ ਹੁੰਦੀ ਵੇਖ ਹੰਸਾਂ ਦੀ ਡਾਰ ਉੱਡਦੇ-ਉੱਡਦੇ ਦੂਰ ਨਿਕਲ ਗਈ।
ਕੁੜੀ ਕੁਝ ਪਲਾਂ ਲਈ ਆਪਣੇ ਪਿਆਰੇ ਪਤੀ ਤੇ ਲਾਡਲੇ ਪੁੱਤ ਨੂੰ ਭੁੱਲ ਗਈ ਸੀ। ਉਨ੍ਹਾਂ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ ‘ਚ ਪਿਆਰ ਦੇ ਹੰਝੂ ਭਰ ਗਏ ਅਤੇ ਉਹ ਰਾਜਕੁਮਾਰ ਦੇ ਨਾਲ ਆਪਣੇ ਘਰ ਖ਼ੁਸ਼ੀ-ਖ਼ੁਸ਼ੀ ਪਰਤ ਆਈ।