ਬੁੱਧੀਮਾਨ ਸੈਨਾਪਤੀ

by Sandeep Kaur

ਖ਼ਲੀਫ਼ਾ ਉਮਰ ਆਪਣੀ ਗੱਲ ਅਤੇ ਅਸੂਲ ਦੇ ਪੱਕੇ ਇਨਸਾਨ ਸਨ। ਉਹ ਬੜੇ ਅਨੁਸ਼ਾਸਨ ਪਸੰਦ, ਇਨਸਾਫ਼ਪਸੰਦ ਅਤੇ ਬਹਾਦਰ ਸਨ। ਉਹ ਆਪਣੀ ਆਖੀ ਗੱਲ ਪੂਰੀ ਤਰ੍ਹਾਂ ਨਿਭਾਉਂਦੇ।

ਇੱਕ ਵਾਰ ਇਰਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਵਿਚਾਲੇ ਜੰਗ ਛਿੜ ਗਈ। ਕਈ ਦਿਨਾਂ ਤੱਕ ਲੜਾਈ ਹੁੰਦੀ ਰਹੀ। ਅੰਤ ਵਿੱਚ ਇਰਾਨੀ ਸੈਨਾ ਨੂੰ ਗੋਡੇ ਟੇਕਣੇ ਪਏ। ਇਰਾਨੀ ਫੌਜਾਂ ਦੇ ਸੈਨਾਪਤੀ ਨੂੰ ਕੈਦ ਕਰ ਕੇ ਖ਼ਲੀਫ਼ਾ ਸਾਹਮਣੇ ਪੇਸ਼ ਕੀਤਾ ਗਿਆ। ਖ਼ਲੀਫ਼ਾ ਉਮਰ ਨੇ ਹੁਕਮ ਦਿੱਤਾ,”ਇਸ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ ਜਾਵੇ।”

ਤਦੇ ਇਰਾਨੀ ਸੈਨਾਪਤੀ ਬੋਲਿਆ, ”ਠਹਿਰੋ, ਮੈਂ ਤਿਹਾਇਆ ਹਾਂ। ਪਹਿਲਾਂ ਮੈਨੂੰ ਪਾਣੀ ਪਿਲਾਓ।”

ਖ਼ਲੀਫ਼ਾ ਨੇ ਤੁਰੰਤ ਪਾਣੀ ਮੰਗਵਾਇਆ। ਸੈਨਾਪਤੀ ਮੌਤ ਦੇ ਡਰ ਨਾਲ ਕੰਬ ਰਿਹਾ ਸੀ। ਉਹ ਖ਼ਲੀਫ਼ਾ ਸਾਹਮਣੇ ਪਾਣੀ ਦਾ ਗਿਲਾਸ ਹੱਥ ਵਿੱਚ ਲੈ ਕੇ ਕੁਝ ਚਿਰ ਉਂਜ ਹੀ ਖੜ੍ਹਾ ਰਿਹਾ। ਇਸ ‘ਤੇ ਖ਼ਲੀਫ਼ਾ ਨੇ ਕਿਹਾ,”ਕੈਦੀ, ਜਦ ਤਕ ਤੂੰ ਪਾਣੀ ਨਹੀਂ ਪੀ ਲੈਂਦਾ, ਤਦ ਤੱਕ ਤੈਨੂੰ ਨਹੀਂ ਮਾਰਿਆ ਜਾਵੇਗਾ।”

ਇਹ ਸੁਣ ਕੇ ਸੈਨਾਪਤੀ ਨੇ ਤੁਰੰਤ ਪਾਣੀ ਦਾ ਗਿਲਾਸ ਸੁੱਟ ਦਿੱਤਾ ਅਤੇ ਬੋਲਿਆ,”ਹਜ਼ੂਰ, ਹੁਣ ਮੈਂ ਪਾਣੀ ਨਹੀਂ ਪੀਣਾ। ਤੁਸੀਂ ਚਾਹੇ ਮੇਰਾ ਸਿਰ ਕਲਮ ਕਰਵਾ ਦਿਓ, ਪਰ ਆਪਣੇ ਬਚਨ ਦਾ ਖਿਆਲ ਜ਼ਰੂਰ ਰੱਖਣਾ।” ਉਸ ਦੀ ਗੱਲ ਸੁਣ ਕੇ ਖ਼ਲੀਫ਼ਾ ਬੋਲੇ,”ਹੁਣ ਤੇਰਾ ਸਿਰ ਨਹੀਂ ਲਾਹਿਆ ਜਾ ਸਕਦਾ। ਅਸੀਂ ਤੈਨੂੰ ਆਜ਼ਾਦ ਕਰਦੇ ਹਾਂ।” ਇਸ ਤਰ੍ਹਾਂ ਸੈਨਾਪਤੀ ਨੇ ਬੁੱਧੀਮਾਨੀ ਨਾਲ ਆਪਣੀ ਜਾਨ ਬਚਾਈ ਅਤੇ ਖ਼ਲੀਫ਼ਾ ਨੇ ਆਪਣੇ ਵਚਨ ਦੀ ਲਾਜ ਰੱਖੀ।

 

(ਨਿਰਮਲ ਪ੍ਰੇਮੀ)

You may also like