ਇਕ ਵਾਰ ਇਕ ਬੜਾ ਹੀ ਗਰੀਬ ਵਿਅਕਤੀ ਸੀ । ਲੱਕੜਾਂ ਕੱਟ-ਕੱਟ ਕੇ ਉਹ ਗੁਜ਼ਾਰਾ ਕਰਦਾ ਸੀ । ਸਵੇਰੇ ਤੋਂ ਸ਼ਾਮ ਤੱਕ ਉਹ ਜੰਗਲ ਵਿੱਚ ਲੱਕੜਾਂ ਕੱਟਦਾ ਤੇ ਰਾਤ ਪਈ ‘ਤੇ ਸ਼ਹਿਰ ਵਿਚ ਪਹੁੰਚ ਜਾਂਦਾ, ਉਹ ਲੱਕੜਾਂ ਵੇਚਦਾ ਤੇ ਫੇਰ ਵੱਟੇ ਪੈਸਿਆਂ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਲਿਆ ਕੇ ਉਹ ਰੋਟੀ ਪਕਾਉਂਦਾ ਸੀ। ਇਕ ਦਿਨ ਦੀ ਗੱਲ ਹੈ ਕਿ ਉਹ ਲੱਕੜਾਂ ਕੱਟ ਰਿਹਾ ਸੀ । ਜਿਸ ਦਰੱਖਤ ਤੇ ਉਹ ਲੱਕੜਾਂ ਕੱਟ ਰਿਹਾ ਸੀ, ਉਹ ਨਹਿਰ ਦੇ ਕਿਨਾਰੇ ਸੀ । ਥੋੜੀ ਦੇਰ ਬਾਅਦ ਲੱਕੜੀ ਕੱਟਦੇ ਹੋਏ ਉਸ ਦੀ ਕਹਾੜੀ ਨਹਿਰ ਵਿਚ ਡਿੱਗ ਪਈ ।
ਇਹ ਕੁਹਾੜੀ ਹੀ ਉਸ ਦਾ ਹਥਿਆਰ ਸੀ । ਜਿਸ ਨਾਲ ਉਹ ਆਪਣੇ ਜੀਵਨ ਦਾ ਨਿਰਬਾਹ ਕਰਦਾ ਸੀ । ਪਰ ਅੱਜ ਉਹ ਹਥਿਆਰ ਵੀ ਉਸ ਦੇ ਹੱਥੋਂ ਛੁੱਟ ਗਿਆ ਸੀ। ਆਪਣੇ ਆਪ ਤੇ ਤਰਸ ਕਰਦਾ ਹੋਇਆ ਉਹ ਜ਼ੋਰ ਜ਼ੋਰ ਨਾਲ ਰੋਣ ਲੱਗ ਪਿਆ। ਥੋੜੀ ਦੇਰ ਬਾਅਦ ਹੀ ਉਸ ਨੇ ਅੱਖਾਂ ਖੋਲ੍ਹ ਕੇ ਵੇਖਿਆ ਕਿ ਇਕ ਵਿਅਕਤੀ ਉਸ ਦੇ ਸਾਹਮਣੇ ਖੜ੍ਹਾ ਸੀ। ਉਹ ਵਿਅਕਤੀ ਕਹਿਣ ਲੱਗਾ “ਕਿਉਂ ਬਈ, ਰੋਂਦਾ ਕਿਉਂ ਏਂ ? ਅੱਖਾਂ ਪੂੰਝ ਕੇ ਲੱਕੜਹਾਰਾ ਕਹਿਣ ਲੱਗਾ “ਕੀ ਦਸਾਂ, ਅੱਜ ਤਾਂ ਮੈਂ ਬਰਬਾਦ ਹੀ ਹੋ ਗਿਆ ਹਾਂ” ਵਿਅਕਤੀ ਨੇ ਜਦੋਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਕੁਹਾੜੀ ਨਹਿਰ ਵਿਚ ਡਿਗ ਗਈ ਸੀ।
ਉਹ ਵਿਅਕਤੀ ਥੋੜਾ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ ‘ਮੈਂ ਜਲ-ਦੇਵਤਾ ਹਾਂ, ਮੈਂ ਹੁਣੇ ਹੀ ਪਾਣੀ ਵਿਚੋਂ ਤੇਰੀ ਕੁਹਾੜੀ ਕੱਢ ਦੇਂਦਾ ਹਾਂ।” ਲੱਕੜਹਾਰਾ ਬਹੁਤ ਖੁਸ਼ ਹੋਇਆ । ਜਲ ਦੇਵਤਾ ਨੇ ਪਾਣੀ ਵਿੱਚ ਡੁਬਕੀ ਲਾਈ ਤੇ ਥੋੜੀ ਦੇਰ ਬਾਅਦ ਬਾਹਰ ਆ ਗਿਆ । ਜਿਹੜੀ ਕੁਹਾੜੀ ਉਹ ਲੈ ਕੇ ਆਇਆ ਉਹ ਸੋਨੇ ਦੀ ਕੁਹਾੜੀ ਸੀ ।
ਲੱਕੜਹਾਰੇ ਨੂੰ ਉਹ ਸੋਨੇ ਦੀ ਕੁਹਾੜੀ ਦੇਣ ਲੱਗਾ ਤਾਂ ਲੱਕੜਹਾਰੇ ਨੇ ਹੱਥ ਪਿੱਛੇ ਕਰ ਲਿਆ। ਉਸ ਨੇ ਜਲ ਦੇਵਤਾ ਨੂੰ ਕਿਹਾ ਕਿ ਇਹ ਉਸ ਦੀ ਕੁਹਾੜੀ ਨਹੀਂ ਹੈ । ਦੇਵਤਾ ਮੁਸਕਰਾ ਕੇ ਫੇਰ ਪਾਣੀ ਵਿਚ ਵੜ ਗਿਆ । ਦੂਜੀ ਵਾਰ ਜਦੋਂ ਉਹ ਪਾਣੀ ਵਿੱਚੋਂ ਨਿਕਲਿਆ ਤਾਂ ਉਸਦੇ ਹੱਥ ਵਿਚ ਚਾਂਦੀ ਦੀ ਕੁਹਾੜੀ ਸੀ । ਲੱਕੜਹਾਰੇ ਨੇ ਉਹ ਕੁਹਾੜੀ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਤੀਸਰੀ ਵਾਰੀ ਜਦੋਂ ਜਲ ਦੇਵਤਾ ਬਾਹਰ ਆਇਆ ਤਾਂ ਉਸ ਦੇ ਹੱਥ ਵਿਚ ਲੋਹੇ ਦੀ ਕੁਹਾੜੀ ਸੀ । ਲੱਕੜਹਾਰਾ ਇਸ ਕੁਹਾੜੀ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਉਸਨੇ ਆਪਣੀ ਕੁਹਾੜੀ ਦੀ ਮੰਗ ਕੀਤੀ । ਜਲ ਦੇਵਤਾ ਨੇ ਉਹ ਕੁਹਾੜੀ ਉਸ ਨੂੰ ਦੇ ਦਿੱਤੀ। ਜਦੋਂ ਉਹ ਹੱਥ ਜੋੜ ਕੇ ਪੰਨਵਾਦ ਕਰਨ ਲੱਗਾ ਤਾਂ ਜਲ-ਦੇਵਤਾ ਨੇ ਉਸ ਦੀ ਇਮਾਨਦਾਰੀ ਵਜੋਂ ਦੂਸਰੀਆਂ ਦੋਵੇਂ ਕੁਹਾੜੀਆਂ ਵੀ ਉਸਨੂੰ ਦੇ ਦਿੱਤੀਆਂ।
ਸਿੱਟਾ : ਇਮਾਨਦਾਰੀ ਉੱਤਮ ਨੀਤੀ ਹੈ ।