ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ। ਸਾਰੇ ਜਾਨਵਰ ਉਸਤੋਂ ਬਹੁਤ ਡਰਦੇ ਸਨ । ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ। ਉਹ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਲੋੜ ਤੋਂ ਵੱਧ ਸ਼ਿਕਾਰ ਕਰਦਾ ਸੀ। ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਹੀ ਦੁਖੀ ਸਨ ।
ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ, “ਮਹਾਰਾਜ । ਤੁਸੀਂ ਸਾਡੇ ਰਾਜਾ ਹੋ, ਅਸੀਂ ਤੁਹਾਡੀ ਪਰਜਾ ਹਾਂ । ਜਿਸ ਤਰ੍ਹਾਂ ਤੁਸੀਂ ਸਾਨੂੰ ਮਾਰੀ ਜਾਂਦੇ ਹੋ, ਛੇਤੀ ਹੀ ਜੰਗਲ ਦੇ ਸਭ ਜਾਨਵਰ ਮੁੱਕ ਜਾਣਗੇ । ਤੁਸੀਂ ਵੀ ਭੁੱਖ ਨਾਲ ਮਰ ਜਾਓਗੇ । ਅਸੀਂ ਹਰ ਰੋਜ਼ ਤੁਹਾਡੇ ਖਾਣ ਲਈ ਇੱਕ ਜਾਨਵਰ ਆਪਣੇ ਆਪ ਭੇਜ ਦਿਆ ਕਰਾਂਗੇ ।” ਇਸ ਗੱਲ ਤੇ ਸ਼ੇਰ ਬਹੁਤ ਖੁਸ਼ ਹੋਇਆ । ਉਸਦੇ ਬਾਅਦ ਸ਼ੇਰ ਨੇ ਸ਼ਿਕਾਰ ਕਰਨਾ ਵੀ ਬੰਦ ਕਰ ਦਿੱਤਾ ।
ਇੱਕ ਦਿਨ ਇਕ ਖਰਗੋਸ਼ ਦੀ ਵਾਰੀ ਆ ਗਈ । ਉਹ ਜ਼ਰਾ ਦੇਰ ਨਾਲ ਸ਼ੇਰ ਕੋਲ ਪੁੱਜਿਆ । ਸ਼ੇਰ ਦਹਾੜਿਆ ਤੇ ਉਸਨੇ ਅੱਖਾਂ ਲਾਲ ਕਰਕੇ ਖਰਗੋਸ਼ ਨੂੰ ਪੁੱਛਿਆ, “ਤੂੰ ਇੰਨੀ ਦੇਰ ਕਿਉਂ ਲਾਈ ਤੇ ਤੇਰੇ ਨਾਲ ਮੇਰਾ ਢਿੱਡ ਕਿਵੇਂ ਭਰੇਗਾ ? ਖਰਗੋਸ਼ ਚਲਾਕ ਸੀ ਉਹ ਥੋੜ੍ਹਾ ਰੁਕ ਕੇ ਬੋਲਿਆ, “ਮਹਾਰਾਜ ਮੇਰੇ ਨਾਲ ਮੇਰੇ ਹੋਰ ਵੀ ਸਾਥੀ ਸਨ, ਸਾਨੂੰ ਰਾਹ ਵਿੱਚ ਇਕ ਹੋਰ ਸ਼ੇਰ ਨੇ ਰੋਕ ਲਿਆ ਅਤੇ ਮੇਰੇ ਸਾਥੀਆਂ ਨੂੰ ਖਾ ਗਿਆ, ਮੈਂ ਮਸਾਂ ਬਚ ਕੇ ਤੁਹਾਡੇ ਕੋਲ ਆਇਆ ਹਾਂ ।” ਸ਼ੇਰ ਬੋਲਿਆ, “ਇਸ ਜੰਗਲ ਦਾ ਰਾਜਾ ਤਾਂ ਮੈਂ ਹਾਂ ਇਹ ਦੂਜਾ ਸ਼ੇਰ ਕਿੱਥੋ ਆ ਗਿਆ ।” ਖਰਗੋਸ਼ ਨੇ ਕਿਹਾ, “ਮੇਰੇ ਨਾਲ ਚੱਲੋ ਮੈਂਂ ਤੁਹਾਨੂੰ ਦੱਸਦਾ ਹਾਂ ਉਹ ਕਿੱਥੇ ਹੈ ?”
ਸ਼ੇਰ ਖਰਗੋਸ਼ ਦੇ ਨਾਲ ਤੁਰ ਪਿਆ ।ਖਰਗੋਸ਼ ਸ਼ੇਰ ਨੂੰ ਇੱਕ ਖੂਹ ਕੋਲ ਲੈ ਗਿਆ ਅਤੇ ਕਹਿਣ ਲੱਗਾ, “ਮਹਾਰਾਜ ਦੂਜਾ ਸ਼ੇਰ ਇਸ ਖੂਹ ਵਿੱਚ ਰਹਿੰਦਾ ਹੈ ।” ਸ਼ੇਰ ਨੇ ਖੂਹ ਵਿੱਚ ਵੇਖਿਆ ਅਤੇ ਉਸਨੂੰ ਆਪਣਾ ਪਰਛਾਵਾਂ ਵਿਖਾਈ ਦਿੱਤਾ । ਉਹ ਸਮਝਿਆ ਦੂਜਾ ਸ਼ੇਰ ਹੈ ।ਉਹ ਜ਼ੋਰ ਦੀ ਦਹਾੜਿਆ ਖੂਹ ਵਿੱਚੋਂ ਪਰਤਵੀਂ ਦਹਾੜ ਸੁਣਾਈ ਦਿੱਤੀ । ਸ਼ੇਰ ਨੂੰ ਹੋਰ ਗੁੱਸਾ ਆਇਆ ਅਤੇ ਉਸਨੇ ਦੂਜੇ ਸ਼ੇਰ ਨੂੰ ਮਾਰਨ ਲਈ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਕੇ ਮਰ ਗਿਆ । ਇੰਜ ਜੰਗਲ ਦੇ ਹੋਰ ਜਾਨਵਰਾਂ ਨੂੰ ਉਸਤੋਂ ਮੁਕਤੀ ਮਿਲੀ ਅਤੇ ਖਰਗੋਸ਼ ਨੂੰ ਸਭ ਨੇ ਖੂਬ ਸ਼ਾਬਾਸ਼ ਦਿੱਤੀ।
ਸਿੱਖਿਆ: ਅਕਲ ਤਾਕਤ ਤੋਂ ਵੱਡੀ ਹੈ ।