‘‘ਬੰਤਿਆ, ਕੇਨੀ ਕੁ ਤੇਲ ਤਾਂ ਦਈਂ ਕਈ ਦਿਨ ਤੋਂ ਪੰਪ ਤੇ ਤੇਲ ਨਹੀਂ ਆ ਰਿਹਾ ਤੇ ਵੱਤਰ ਮੁੱਕਦਾ ਜਾਂਦੈ।”
“ਸਰਦਾਰ ਜੀ, ਤੁਹਾਨੂੰ ਇੰਨਕਾਰੀ ਥੋੜੇ ਆਂ ਪਰ ਤੇਲ ਤਾਂ ਮੇਰੇ ਕੋਲੋਂ ਵੀ ਮੁੱਕਾਅ। ਦੋ ਦਿਨਾਂ ਤੋਂ ਚੱਕੀ ਵੀ ਬੰਦ ਪਈ ਆ। ਦਾਣੇ ਪੀਹਣ ਵਾਲੀਆਂ ਪੰਡਾਂ ਕੱਠੀਆਂ ਹੋਈਆਂ ਨੇ ਸਗੋਂ।”
‘‘ਤੇ ਜਿਹੜਾ ਓਦਨ ਕਾਟ ਤੇ ਲਿਆਂਦਾ ਸੀ।”
“ਉਹ ਤਾਂ ਮੁੰਡਾ ਰਾਹ `ਚ ਹੀ ਸਾਰਾ ਡੋਲ ਆਇਆ ਸੱਟਾਂ ਵੱਖਰੀਆਂ ਲੁਆਈ ਬੈਠੇ।”
ਤੇਲ ਵਾਲੇ ਡਰੰਮ ਨੂੰ ਉਹਨੇ ਅੰਦਾਜ਼ਾ ਲਗਾਇਆ ਕਿ ਡਰੰਮ ਅਧਿਓਂ ਜ਼ਿਆਦਾ ਭਰ ਗਿਐ। ਜਿਉਂ ਜਿਉਂ ਡਰੰਮ ਦਾ ਖਲਾਅ ਭਰਦਾ ਜਾਂਦਾ ਓਸ ਦੀਆਂ ਗੱਲਾਂ ਦਾ ਰੰਗ ਉਘੜਦਾ ਆਉਂਦਾ। ਘੜੀ ਮੁੜੀ ਉਹਦੇ ਕੰਨਾਂ ਵਿਚ ਬਾਪੂ ਦੇ ਕਹੇ ਬੋਲ ਗੂੰਜਣ ਲਗ ਪੈਂਦੇ।
“ਬਸ ਐਤਕੀ ਹਾੜੀ ਪਿੱਛੋਂ ਆਪਾਂ ਕੁੜੀ ਦੇ ਹੱਥ ਪੀਲੇ ਕਰ ਦੇਣੇ ਆ। ਪਿਛਲੀ ਵੇਰ ਡੀਜ਼ਲ ਨੇ ਧੋਖਾ ਦਿੱਤਾ ਸੀ। ਇਸੇ ਕਰਕੇ ਹੁਣ ਤੋਂ ਹੀ ਥੋੜਾ ਥੋੜਾ ਕਰਕੇ `ਕੱਠਾ ਕਰਦਾ ਪਿਆ ਹਾਂ। ਦਿਨ ਰਾਤ ਡਰੰਮੀ ਤੇ ਕਣਕ ਗਾਹ ਕੁੜੀ ਦੇ ਫੇਰਿਆਂ ਜੋਗੇ ਦਾਣੇ ਬਣਾ ਲੈਣੇ ਆ।
ਤੇ ਫਿਰ ਉਸਦਾ ਧਿਆਨ ਨੰਬਰਦਾਰ ਤੇ ਬਾਪੂ ਨਾਲ ਹੋਈ ਗੱਲਬਾਤ ਵਲ ਚਲਾ ਗਿਆ ਤੇ ਇਕ ਮੁਸਕਾਨ ਉਸਦੇ ਬੁੱਲਾਂ ਤੇ ਫੈਲ ਗਈ।
ਪੁਲੀਸ ਦੀ ਜੀਪ ਆਪਣੇ ਬੂਹੇ ਤੇ ਖਲੋਂਦੀ ਵੇਖ ਇਕ ਚੀਕ ਉਹਦੇ ਮੂੰਹ ਤੀਕ ਆਈ।
“ਓਏ ਬੰਤਿਆ, ਬਾਹਰ ਆ ਚੌਧਰੀ ਸਾਬ ਆਏ ਨੇ।’’ ਢਿਲਕੀ ਪੱਗ ਦਾ ਪੱਲਾ ਸੂਤ ਕਰਦਿਆਂ ਉਹ ਥਾਣੇਦਾਰ ਅੱਗੇ ਝੁਕ ਗਿਆ। ਉਸ ਦੀਆਂ ਅੱਖਾਂ ਅੱਗੇ ਸੁਆਲੀਏ ਨਿਸ਼ਾਨ ਘੁੰਮਣ ਲੱਗੇ।
“ਸੁਣਿਐ ਬਈ ਤੂੰ ਤੇਲ ਦਾ ਸਟਾਕ ਕੀਤੇ।” ਪੜਤਾਲਵੀ ਨਜ਼ਰ ਨਾਲ ਥਾਣੇਦਾਰ ਨੇ ਆਲੇ ਦੁਆਲੇ ਵੇਖਦਿਆਂ ਕਿਹਾ ਤੇ ਇਸ਼ਾਰਾ ਮਿਲਦਿਆਂ ਹੀ ਕੋਲ ਖੜੇ ਸਿਪਾਹੀਆਂ ਨੇ ਘਰ ਫੋਲਣਾ ਸ਼ੁਰੂ ਕਰ ਦਿੱਤਾ।
“ਓਏ ਐਹ ਕੀ ਏ ਡਰੰਮ ਵਿਚ!” ਪਾਟੀਆਂ ਬੋਰੀਆਂ ਦੇ ਢੇਰ ਹੇਠਾਂ ਡਰੰਮ ਨੰਗਾ ਹੁੰਦਾ ਵੇਖ ਥਾਣੇਦਾਰ ਕੁਕਿਆ।
“ਜਨਾਬ ਦਾਣੇ ਕੱਢਣ ਆਸਤੇ ਰਖਿਐ। ਬੱਚਿਆਂ ਆਲਿਆ ਇਸੇ ਸਿਰੋਂ ਸਾਲ ਭਰ ਦੇ ਦਾਣੇ ਕੱਢਣੇ ਆਂ।’
ਸਾਡੇ ਦਾਣਿਆਂ ਦਾ ਵੀ ਚੇਤਾ ਰੱਖਣਾ ਸੀ। ਕਹਿੰਦਿਆਂ ਡਰੰਮ ਨੰਬਰਦਾਰ ਦੇ ਟਰੈਕਟਰ ਤੇ ਰਖਵਾ ਥਾਣੇਦਾਰ ਨੇ ਬੰਤੇ ਨੂੰ ਉਸ ਦੀਆਂ ਬਾਹਵਾਂ ਉਸੇ ਦੀ ਪੱਗ ਨਾਲ ਜੁੜ ਅਗੇ ਲਾ ਲਿਆ।
Short Stories
ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ।
ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ।
ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ।
ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ।
ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ।
‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ ਕੁਸ਼ ਦੇਣੈ? ਮੈਨੂੰ ਗਾਲ੍ਹ ਦਿਓਗੇ ਮੈਂ ਥੋਡੀ ਮਾਂ ਨੂੰ ਵੀ ਹੂੰਗਾ। ਸਾਲੇ ਕੁੱਤੇ ਹਰਾਮੀ ਕਤੀੜਵਾਧਾ।”
ਉਹ ਕਾਮਰੇਡਾਂ ਦਾ ਹਾਮੀ ਸੀ, ਵੈਸੇ ਉਹ ਮਜ਼ਦੂਰ ਸੀ ਪਰ ਵੋਟਾਂ ਦੇ ਦਿਨਾਂ ਵਿਚ ਉਹ ਕਮਿਊਨਿਸਟ ਪਾਰਟੀ ਲਈ ਪਰਾਪੇਗੰਡਾ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ। ਅੱਜ ਵੋਟਾਂ ਪੈਣ ਵਿਚ ਸਿਰਫ 5 ਦਿਨ ਬਾਕੀ ਸਨ। ਹਰ ਪਾਰਟੀ ਵੱਲੋਂ ਪੂਰਾ ਜ਼ੋਰ ਸੀ। ਉਹ ਹਰ ਰੋਜ਼ ਵਾਂਗ ਘਰ ਵਾਲੀ ਮੀਤੋ ਤੋਂ ਆਟੇ ਦਾਣੇ ਦੇ ਰੋਣੇ ਸੁਣਦਿਆਂ ਹੋਇਆਂ ਬਾਹਰ ਨਿਕਲਿਆ ਪਰ ਬੱਚੇ ਦੀ ਵੱਧਦੀ ਬਿਮਾਰੀ ਬਾਰੇ ਮੀਤੇ ਦੇ ਬੋਲ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਟੁਰਦੇ ਗਏ ਤੇ ਕਦੀ ਉਸ ਨੂੰ ਡਰਾਉਂਦੇ ਰਹੇ। ਉਸ ਨੂੰ ਤਾਂ ਸਿਰਫ 10 ਰੁਪਏ ਦੀ ਦਿਹਾੜੀ ਮਿਲਦੀ ਸੀ ਜਿਸ ਵਿੱਚੋਂ ਆਟੇ ਦਾਲ ਦਾ ਹੀ ਮਸਾਂ ਸਰਦਾ ਤੇ ਫਿਰ ਬੱਚੇ ਦੀ ਦਵਾ ਤੇ ਡਾਕਟਰ ਦੀ ਫੀਸ ਇਹ ਸੋਚਦਾ ਸੋਚਦਾ ਉਹ ਕਾਮਰੇਡ ਦੇ ਦਫਤਰ ਅੱਗੇ ਪਹੁੰਚ ਗਿਆ ਸੀ। ਹਰ ਰੋਜ਼ ਵਾਂਗ ਉਹ ਰਿਕਸ਼ੇ ਤੇ ਬੈਠ ਪ੍ਰਾਪੇਗੰਡਾ ਕਰਨ ਟੁਰ ਪਿਆ। ਅਜੇ ਕੁਝ ਹੀ ਦੂਰ ਗਿਆ ਸੀ, ਅੱਗੋਂ ਤੋਂ ਉਸ ਨੂੰ ਵਿਰੋਧੀ ਪਾਰਟੀ ਦੀ ਕਾਰ ਆਉਂਦੀ ਦਿਸੀ- ਕੋਲ ਆਉਂਦਿਆਂ ਹੀ ਉਸ ਪਾਸ ਰੁਕੀ ਤੇ ਇਕ ਨੌਜਵਾਨ ਨੇ ਨਿਕਲ ਕੇ ਉੱਚੀ ਆਵਾਜ਼ ਵਿਚ ਉਸ ਨੂੰ ਕਿਹਾ, “ਓ ਗਿੰਦਰਾ, ਤੂੰ ਕਿੱਥੇ ਇਹ ਕਾਮਰੇਡੀ ਲੈ ਲਈ ਇਹ ਤਾਂ ਆਪ ਹੀ ਭੁੱਖੇ ਮਰਦੇ ਨੇ, ਇਹਨਾਂ ਦੀ ਸਰਕਾਰ ਤੁਹਾਨੂੰ ਕਿੱਥੋਂ ਰਜਾ ਦੇ ਉਗੀ ਤੇ ਗਿੰਦਰ ਨੂੰ ਯਾਦ ਆਇਆ, ਇਹ ਨੌਜਵਾਨ ਤਾਂ ਉਸਦਾ ਪੁਰਾਣਾ ਹਮਜਮਾਤੀ ਸੀ। ਉਹ ਕੁਝ ਕਹਿਣ ਹੀ ਲੱਗਿਆ ਸੀ ਤੇ ਉਸ ਨੌਜਵਾਨ ਦੀ ਅਵਾਜ਼ ਫਿਰ ਉਸਦੀ ਕੰਨੀਂ ਪਈ “ਚਲ ਯਾਰ ਆ ਮੇਰੇ ਨਾਲ ਛੱਡ ਇਹ ਰਿਕਸ਼ਾ, ਵੋਟਾਂ `ਚ ਆਪਣਾ ਹੀ ਰਿਸ਼ਤੇਦਾਰ ਖੜਾ ਹੈ, ਤੂੰ ਆਪਣੀ ਤਰਫਦਾਰੀ ਕਰ, ਮੈਂ ਤੈਨੂੰ 50 ਰੁਪੈ ਦਿਹਾੜੀ ਦਵਾਊਂ” ਇਹ ਕਹਿ ਕੇ ਉਸ ਨੇ ਗਿੰਦਰ ਨੂੰ ਬਾਂਹ ਤੋਂ ਫੜ ਕੇ ਰਿਕਸ਼ੇ ਤੋਂ ਉਤਾਰ ਲਿਆ ਤੇ ਗਿੰਦਰ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਉਸ ਦੇ ਸਾਹਮਣੇ ਖੜਾ ਸੀ ਪਰ ਉਸਦੀ ਜ਼ਮੀਰ ਨੇ ਉਸਨੂੰ ਹਲੂਣਿਆ ਕਿ “ਤੂੰ ਖੁਦ ਕਾਮਰੇਡ ਹੈਂ, ਕੀ ਵਿਰੋਧੀ ਪਾਰਟੀ ਲਈ ਆਪਣੀ ਆਵਾਜ਼ ਵੇਚੇਗਾ? ਫਿਰ ਉਸੇ ਪਲ ਉਸ ਦੇ ਕੰਨੀਂ ਮੀਤੇ ਦੀ ਰੋਣੀ ਅਵਾਜ਼ ਪਈ ਤੇਰੀ ਕਾਮਰੇਡੀ ਨੇ ਮੇਰੇ ਬੱਚੇ ਦੀ ਜਾਨ ਲੈ ਲੈਣੀ ਹੈ, ਉਹ ਅਜੇ ਸੋਚ ਹੀ ਰਿਹਾ ਸੀ ਕਿ ਨੌਜਵਾਨ ਨੇ ਖਿੱਚ ਕੇ ਜਬਰਦਸਤੀ ਉਸ ਨੂੰ ਕਾਰ ‘ਚ ਬਿਠਾ ਲਿਆ ਤੇ ਉਸ ਅੱਗੇ ਮਾਇਕ ਕਰ ਦਿੱਤਾ ਤੇ ਹੁਣ ਉਹ ਬੜਬੜੌਦਾ ਹੋਇਆ ਬੋਲ ਰਿਹਾ ਸੀ ‘‘ਭਰਾਵੋ, ਭੈਣੋ, ਪਹਿਲੀ ਸਰਕਾਰ ਨੇ ਸਾਡੇ ਗਰੀਬਾਂ ਲਈ ਕੁਝ ਨਹੀਂ ਕੀਤਾ। ਇਹ ਗਰੀਬ ਲੋਕਾਂ ਨੂੰ ਪੈਸੇ ਦੀ ਖਾਤਰ ਆਪਣੀ ਇੱਜ਼ਤ ਵੇਚਣੀ ਪੈਂਦੀ ਹੈ। ਜ਼ਮੀਰ ਵੇਚਣੀ ਪੈਂਦੀ ਹੈ, ਆਪਣੇ ਖਿਆਲ ਵੇਚਣੇ ਪੈਂਦੇ ਹਨ.ਜਿਨ੍ਹਾਂ ਦੇ ਖਰੀਦਦਾਰ ਕੌਣ ਹੁੰਦੇ ਹਨ? ਇਹ ਅਮੀਰ ਲੋਕ ਉਹ ਬੋਲ ਹੀ ਰਿਹਾ ਸੀ, ਉਸ ਨੌਜਵਾਨ ਨੇ ਉਸ ਨੂੰ ਰੋਕ ਕੇ ਉਸ ਦੇ ਕੰਮ ਵਿਚ ਕੁਝ ਕਿਹਾ ਤੇ ਫਿਰ ਉਹ ਕੁਝ ਹੋਰ ਬੋਲਣ ਲੱਗ ਗਿਆ। ਦੂਜੇ ਪਾਸੇ ਉਸਦਾ ਪਹਿਲਾ ਰਿਕਸ਼ਾ ਚਾਲਕ ਕਾਮਰੇਡਾਂ ਦੇ ਦਫਤਰ ਅੱਗੇ ਖੜ੍ਹਾ ਕਹਿ ਰਿਹਾ ਸੀ ਕਿ ਗਿੰਦਰ ਨੇ ਆਪਣਾ ਦਲ-ਬਦਲ ਲਿਆ ਹੈ।
ਧੁੱਪ
ਸਿਆਲ ਦੀ ਰੁੱਤੇ ਮੈਂ ਵੀ ਜੈਲਦਾਰਾਂ ਦੇ ਅਮਰੀਕ ਵਾਂਗੂੰ ਧੁੱਪੇ ਬੈਠਣਾ ਚਾਹੁੰਦਾ। ਇਸ ਕਰਕੇ ਮੈਂ ਮਾਂ ਨੂੰ ਹਰ ਰੋਜ਼ ਪੁੱਛਦਾ “ਮਾਂ ਆਪਣੇ ਵਿਹੜੇ ‘ਚ ਸਵੇਰੇ ਸਵੇਰੇ ਧੁੱਪ ਕਿਉਂ ਨਹੀਂ ਆਂਦੀ।’’ ਮਾਂ ਦਾ ਹਰ ਰੋਜ਼ ਇੱਕੋ ਜਵਾਬ ਹੁੰਦਾ, ਦੁਪਹਿਰੇ ਆਏਗੀ ਪੁੱਤਰ, ਜਦ ਸੂਰਜ ਸਿਰ ਤੇ ਆਏਗਾ।”
ਜਦ ਸੂਰਜ ਸਿਰ ਤੇ ਆਂਦਾ ਉਦੋਂ ਮੈਂ ਸਕੂਲ ਪੜ੍ਹ ਰਿਹਾ ਹੁੰਦਾ। ਜਦ ਮੈਂ ਸਕੂਲ ਵਾਪਸ ਘਰੇ ਆਂਦਾ ਤਾਂ ਸੂਰਜ ਢਲ ਚੁਕਿਆ ਹੁੰਦਾ। ਮੈਂ ਅਗਲੀ ਸਵੇਰ ਫੇਰ ਮਾਂ ਨੂੰ ਪੁੱਛਦਾ, “ਜ਼ੈਲਦਾਰਾਂ ਦੀ ਹਵੇਲੀ ’ਚ ਤਾਂ ਧੁੱਪ ਸਵੇਰੇ ਸਵੇਰੇ ਆ ਜਾਂਦੀ ਆ।” ਮਾਂ ਫੇਰ ਮੈਨੂੰ ਇੱਕ ਰਹੱਸਵਾਦੀ ਉੱਤਰ ਦੇ ਕੇ ਟਾਲ ਦਿੰਦੀ, ਇਸੇ ਕਰਕੇ ਤਾਂ ਪੁੱਤਰ ਆਪਣੇ ਵਿਹੜੇ ‘ਚ ਆਉਂਦੀ ਨਹੀਂ।
ਮੈਂ ਫੇਰ ਸਕੂਲ ਪੜ੍ਹਨ ਚਲਿਆ ਜਾਂਦਾ। ਸਾਰਾ ਦਿਨ ਸਕੂਲ ’ਚ ਬੈਠਿਆਂ ਸੋਚੀ ਜਾਂਦਾ, ਸਾਡੇ ਵਿਹੜੇ ‘ਚ ਸਵੇਰੇ ਧੁੱਪ ਕਿਉਂ ਨਹੀਂ ਆਂਦੀ। ਦੁਪਹਿਰੇ ਹੀ ਕਿਉਂ ਆਂ ਹੈ? ਪਰ ਇਸ ਸੋਚ ਦਾ ਉਦੋਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਜਦ ਮੈਂ ਵੱਡਾ ਹੋਇਆ ਇਸਦਾ ਕਾਰਣ ਮੈਨੂੰ ਉਦੋਂ ਪਤਾ ਲੱਗਿਆ। ਉਹ ਵੀ ਉਸ ਦਿਨ ਜਦ ਮੈਂ ਹਵੇਲੀ ਦੇ ਨਾਲ ਲੱਗਦੇ ਆਪਣੇ ਕੋਠੇ ‘ਤੇ ਖੜਿਆ ਪਤੰਗ ਉਡਾ ਰਿਹਾ ਸੀ, ਤਾਂ ਮੇਰਾ ਪਤੰਗ ਹਵੇਲੀ ਦੇ ਹਿਮਾਲਿਆ ਜਿੱਡੇ ਉੱਚੇ ਬਨੇਰੇ `ਚ ਜਾ ਅਟਕਿਆ। ਮੈਨੂੰ ਫੇਰ ਸਮਝ ਆਈ ਕਿ ਸਾਡੀ ਵਿਹੜੇ ਵਾਲੀ ਧੁੱਪ ਵੀ ਇੱਥੇ ਹੀ ਅਟਕੀ ਰਹਿੰਦੀ ਸੀ।
ਨੱਕੋ ਨੱਕ ਸਵਾਰੀਆਂ ਨਾਲ ਭਰੀ ਬੱਸ ਚਲਦੀ ਚਲਦੀ ਅਚਾਨਕ ਰੁਕ ਗਈ। ਤਾਕੀ ਖੋਲ੍ਹ ਕੇ ਕੰਡਕਟਰ ਥੱਲੇ ਉੱਤਰਿਆ ਤਾਂ ਅੱਗੇ ਟੈਕਸ ਇੰਸਪੈਕਟਰ ਦੀ ਜੀਪ ਖੜੀ ਸੀ।
ਕਿਉਂ ਉਏ! ਗੱਡੀ ਐਨੀ ਓਵਰ-ਲੋਡ ਕਿਉਂ ਕੀਤੀ ਏ? ਟਿਕਟਾਂ ਕੱਟੀਆਂ ਨੇ ਸਭ ਦੀਆਂ? ਤੈਨੂੰ ਚੈਕਿੰਗ ਦਾ ਕੋਈ ਡਰ ਨਹੀਂ?“ ਜੀਪ ਚੋਂ ਬਾਹਰ ਨਿਕਲਦੇ ਇੰਸਪੈਕਟਰ ਨੇ ਕੰਡਕਟਰ ਤੇ ਰੋਹਬ ਨਾਲ ਸੁਆਲਾਂ ਦੀ ਝੜੀ ਲਾ ਦਿੱਤੀ।
“ਜਨਾਬ! ਟਿਕਟਾਂ ਵੀ ਕੱਟੀਆਂ ਜਾਣਗੀਆਂ ਪਰ ਤੁਸੀਂ ਐਵੇਂ ਗਰਮੀ ‘ਚ ਕਿਉਂ ਆਉਂਦੇ ਹੋ ਇੰਸਪੈਕਟਰ ਉਹਦੇ ਵੱਲ ਹੋਰ ਘੂਰ ਘੂਰ ਕੇ ਦੇਖਣ ਲੱਗਾ। ”ਹੱ ਅ ਤਾਂ ਤੁਸੀਂ ਜ਼ਰਾ ਨਵੇਂ ਆਏ ਲੱਗਦੇ ਹੋ” ਕੰਡਕਟਰ ਨੇ ਹੌਲੀ ਜਿਹੇ ਵੀਹ ਦਾ ਨੋਟ ਕੱਢ ਇੰਸਪੈਕਟਰ ਵੱਧ ਵਧਾਉਂਦੇ ਬੜੇ ਠਰੰਮੇ ਨਾਲ ਕਿਹਾ।
“ਜਾਹ ਜਾਹ ਤੋਰ ਲੈ। ਏਨਾਂ ਪੁਛਣਾ ਤਾਂ ਸਾਡਾ ਫਰਜ਼ ਈ ਹੁੰਦਾ। ਤੇ ਨਾਲੇ ਫਿਰ ‘ਹਾਜ਼ਰੀ’ ਤਾਂ ਲਾਉਣੀ ਹੀ ਪੈਂਦੀ”, ਨੋਟ ਫੜ ਕੇ ਜੇਬ ’ਚ ਪਾਉਂਦੇ ਇੰਸਪੈਕਟਰ ਢਿੱਲਾ ਜਿਹਾ ਪੈ ਪਰ ਅਫਸਰੀ ਅੰਦਾਜ਼ ਨਾਲ ਕਹਿ ਰਿਹਾ ਸੀ।