ਦਲ-ਬਦਲੂ

by Sandeep Kaur

ਉਹ ਕਾਮਰੇਡਾਂ ਦਾ ਹਾਮੀ ਸੀ, ਵੈਸੇ ਉਹ ਮਜ਼ਦੂਰ ਸੀ ਪਰ ਵੋਟਾਂ ਦੇ ਦਿਨਾਂ ਵਿਚ ਉਹ ਕਮਿਊਨਿਸਟ ਪਾਰਟੀ ਲਈ ਪਰਾਪੇਗੰਡਾ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ। ਅੱਜ ਵੋਟਾਂ ਪੈਣ ਵਿਚ ਸਿਰਫ 5 ਦਿਨ ਬਾਕੀ ਸਨ। ਹਰ ਪਾਰਟੀ ਵੱਲੋਂ ਪੂਰਾ ਜ਼ੋਰ ਸੀ। ਉਹ ਹਰ ਰੋਜ਼ ਵਾਂਗ ਘਰ ਵਾਲੀ ਮੀਤੋ ਤੋਂ ਆਟੇ ਦਾਣੇ ਦੇ ਰੋਣੇ ਸੁਣਦਿਆਂ ਹੋਇਆਂ ਬਾਹਰ ਨਿਕਲਿਆ ਪਰ ਬੱਚੇ ਦੀ ਵੱਧਦੀ ਬਿਮਾਰੀ ਬਾਰੇ ਮੀਤੇ ਦੇ ਬੋਲ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਟੁਰਦੇ ਗਏ ਤੇ ਕਦੀ ਉਸ ਨੂੰ ਡਰਾਉਂਦੇ ਰਹੇ। ਉਸ ਨੂੰ ਤਾਂ ਸਿਰਫ 10 ਰੁਪਏ ਦੀ ਦਿਹਾੜੀ ਮਿਲਦੀ ਸੀ ਜਿਸ ਵਿੱਚੋਂ ਆਟੇ ਦਾਲ ਦਾ ਹੀ ਮਸਾਂ ਸਰਦਾ ਤੇ ਫਿਰ ਬੱਚੇ ਦੀ ਦਵਾ ਤੇ ਡਾਕਟਰ ਦੀ ਫੀਸ ਇਹ ਸੋਚਦਾ ਸੋਚਦਾ ਉਹ ਕਾਮਰੇਡ ਦੇ ਦਫਤਰ ਅੱਗੇ ਪਹੁੰਚ ਗਿਆ ਸੀ। ਹਰ ਰੋਜ਼ ਵਾਂਗ ਉਹ ਰਿਕਸ਼ੇ ਤੇ ਬੈਠ ਪ੍ਰਾਪੇਗੰਡਾ ਕਰਨ ਟੁਰ ਪਿਆ। ਅਜੇ ਕੁਝ ਹੀ ਦੂਰ ਗਿਆ ਸੀ, ਅੱਗੋਂ ਤੋਂ ਉਸ ਨੂੰ ਵਿਰੋਧੀ ਪਾਰਟੀ ਦੀ ਕਾਰ ਆਉਂਦੀ ਦਿਸੀ- ਕੋਲ ਆਉਂਦਿਆਂ ਹੀ ਉਸ ਪਾਸ ਰੁਕੀ ਤੇ ਇਕ ਨੌਜਵਾਨ ਨੇ ਨਿਕਲ ਕੇ ਉੱਚੀ ਆਵਾਜ਼ ਵਿਚ ਉਸ ਨੂੰ ਕਿਹਾ, “ਓ ਗਿੰਦਰਾ, ਤੂੰ ਕਿੱਥੇ ਇਹ ਕਾਮਰੇਡੀ ਲੈ ਲਈ ਇਹ ਤਾਂ ਆਪ ਹੀ ਭੁੱਖੇ ਮਰਦੇ ਨੇ, ਇਹਨਾਂ ਦੀ ਸਰਕਾਰ ਤੁਹਾਨੂੰ ਕਿੱਥੋਂ ਰਜਾ ਦੇ ਉਗੀ ਤੇ ਗਿੰਦਰ ਨੂੰ ਯਾਦ ਆਇਆ, ਇਹ ਨੌਜਵਾਨ ਤਾਂ ਉਸਦਾ ਪੁਰਾਣਾ ਹਮਜਮਾਤੀ ਸੀ। ਉਹ ਕੁਝ ਕਹਿਣ ਹੀ ਲੱਗਿਆ ਸੀ ਤੇ ਉਸ ਨੌਜਵਾਨ ਦੀ ਅਵਾਜ਼ ਫਿਰ ਉਸਦੀ ਕੰਨੀਂ ਪਈ “ਚਲ ਯਾਰ ਆ ਮੇਰੇ ਨਾਲ ਛੱਡ ਇਹ ਰਿਕਸ਼ਾ, ਵੋਟਾਂ `ਚ ਆਪਣਾ ਹੀ ਰਿਸ਼ਤੇਦਾਰ ਖੜਾ ਹੈ, ਤੂੰ ਆਪਣੀ ਤਰਫਦਾਰੀ ਕਰ, ਮੈਂ ਤੈਨੂੰ 50 ਰੁਪੈ ਦਿਹਾੜੀ ਦਵਾਊਂ” ਇਹ ਕਹਿ ਕੇ ਉਸ ਨੇ ਗਿੰਦਰ ਨੂੰ ਬਾਂਹ ਤੋਂ ਫੜ ਕੇ ਰਿਕਸ਼ੇ ਤੋਂ ਉਤਾਰ ਲਿਆ ਤੇ ਗਿੰਦਰ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਉਸ ਦੇ ਸਾਹਮਣੇ ਖੜਾ ਸੀ ਪਰ ਉਸਦੀ ਜ਼ਮੀਰ ਨੇ ਉਸਨੂੰ ਹਲੂਣਿਆ ਕਿ “ਤੂੰ ਖੁਦ ਕਾਮਰੇਡ ਹੈਂ, ਕੀ ਵਿਰੋਧੀ ਪਾਰਟੀ ਲਈ ਆਪਣੀ ਆਵਾਜ਼ ਵੇਚੇਗਾ? ਫਿਰ ਉਸੇ ਪਲ ਉਸ ਦੇ ਕੰਨੀਂ ਮੀਤੇ ਦੀ ਰੋਣੀ ਅਵਾਜ਼ ਪਈ ਤੇਰੀ ਕਾਮਰੇਡੀ ਨੇ ਮੇਰੇ ਬੱਚੇ ਦੀ ਜਾਨ ਲੈ ਲੈਣੀ ਹੈ, ਉਹ ਅਜੇ ਸੋਚ ਹੀ ਰਿਹਾ ਸੀ ਕਿ ਨੌਜਵਾਨ ਨੇ ਖਿੱਚ ਕੇ ਜਬਰਦਸਤੀ ਉਸ ਨੂੰ ਕਾਰ ‘ਚ ਬਿਠਾ ਲਿਆ ਤੇ ਉਸ ਅੱਗੇ ਮਾਇਕ ਕਰ ਦਿੱਤਾ ਤੇ ਹੁਣ ਉਹ ਬੜਬੜੌਦਾ ਹੋਇਆ ਬੋਲ ਰਿਹਾ ਸੀ ‘‘ਭਰਾਵੋ, ਭੈਣੋ, ਪਹਿਲੀ ਸਰਕਾਰ ਨੇ ਸਾਡੇ ਗਰੀਬਾਂ ਲਈ ਕੁਝ ਨਹੀਂ ਕੀਤਾ। ਇਹ ਗਰੀਬ ਲੋਕਾਂ ਨੂੰ ਪੈਸੇ ਦੀ ਖਾਤਰ ਆਪਣੀ ਇੱਜ਼ਤ ਵੇਚਣੀ ਪੈਂਦੀ ਹੈ। ਜ਼ਮੀਰ ਵੇਚਣੀ ਪੈਂਦੀ ਹੈ, ਆਪਣੇ ਖਿਆਲ ਵੇਚਣੇ ਪੈਂਦੇ ਹਨ.ਜਿਨ੍ਹਾਂ ਦੇ ਖਰੀਦਦਾਰ ਕੌਣ ਹੁੰਦੇ ਹਨ? ਇਹ ਅਮੀਰ ਲੋਕ ਉਹ ਬੋਲ ਹੀ ਰਿਹਾ ਸੀ, ਉਸ ਨੌਜਵਾਨ ਨੇ ਉਸ ਨੂੰ ਰੋਕ ਕੇ ਉਸ ਦੇ ਕੰਮ ਵਿਚ ਕੁਝ ਕਿਹਾ ਤੇ ਫਿਰ ਉਹ ਕੁਝ ਹੋਰ ਬੋਲਣ ਲੱਗ ਗਿਆ। ਦੂਜੇ ਪਾਸੇ ਉਸਦਾ ਪਹਿਲਾ ਰਿਕਸ਼ਾ ਚਾਲਕ ਕਾਮਰੇਡਾਂ ਦੇ ਦਫਤਰ ਅੱਗੇ ਖੜ੍ਹਾ ਕਹਿ ਰਿਹਾ ਸੀ ਕਿ ਗਿੰਦਰ ਨੇ ਆਪਣਾ ਦਲ-ਬਦਲ ਲਿਆ ਹੈ।

ਅਮਰਪ੍ਰੀਤ

You may also like