ਧੁੱਪ

by Sandeep Kaur

ਸਿਆਲ ਦੀ ਰੁੱਤੇ ਮੈਂ ਵੀ ਜੈਲਦਾਰਾਂ ਦੇ ਅਮਰੀਕ ਵਾਂਗੂੰ ਧੁੱਪੇ ਬੈਠਣਾ ਚਾਹੁੰਦਾ। ਇਸ ਕਰਕੇ ਮੈਂ ਮਾਂ ਨੂੰ ਹਰ ਰੋਜ਼ ਪੁੱਛਦਾ “ਮਾਂ ਆਪਣੇ ਵਿਹੜੇ ‘ਚ ਸਵੇਰੇ ਸਵੇਰੇ ਧੁੱਪ ਕਿਉਂ ਨਹੀਂ ਆਂਦੀ।’’ ਮਾਂ ਦਾ ਹਰ ਰੋਜ਼ ਇੱਕੋ ਜਵਾਬ ਹੁੰਦਾ, ਦੁਪਹਿਰੇ ਆਏਗੀ ਪੁੱਤਰ, ਜਦ ਸੂਰਜ ਸਿਰ ਤੇ ਆਏਗਾ।”
ਜਦ ਸੂਰਜ ਸਿਰ ਤੇ ਆਂਦਾ ਉਦੋਂ ਮੈਂ ਸਕੂਲ ਪੜ੍ਹ ਰਿਹਾ ਹੁੰਦਾ। ਜਦ ਮੈਂ ਸਕੂਲ ਵਾਪਸ ਘਰੇ ਆਂਦਾ ਤਾਂ ਸੂਰਜ ਢਲ ਚੁਕਿਆ ਹੁੰਦਾ। ਮੈਂ ਅਗਲੀ ਸਵੇਰ ਫੇਰ ਮਾਂ ਨੂੰ ਪੁੱਛਦਾ, “ਜ਼ੈਲਦਾਰਾਂ ਦੀ ਹਵੇਲੀ ’ਚ ਤਾਂ ਧੁੱਪ ਸਵੇਰੇ ਸਵੇਰੇ ਆ ਜਾਂਦੀ ਆ।” ਮਾਂ ਫੇਰ ਮੈਨੂੰ ਇੱਕ ਰਹੱਸਵਾਦੀ ਉੱਤਰ ਦੇ ਕੇ ਟਾਲ ਦਿੰਦੀ, ਇਸੇ ਕਰਕੇ ਤਾਂ ਪੁੱਤਰ ਆਪਣੇ ਵਿਹੜੇ ‘ਚ ਆਉਂਦੀ ਨਹੀਂ।
ਮੈਂ ਫੇਰ ਸਕੂਲ ਪੜ੍ਹਨ ਚਲਿਆ ਜਾਂਦਾ। ਸਾਰਾ ਦਿਨ ਸਕੂਲ ’ਚ ਬੈਠਿਆਂ ਸੋਚੀ ਜਾਂਦਾ, ਸਾਡੇ ਵਿਹੜੇ ‘ਚ ਸਵੇਰੇ ਧੁੱਪ ਕਿਉਂ ਨਹੀਂ ਆਂਦੀ। ਦੁਪਹਿਰੇ ਹੀ ਕਿਉਂ ਆਂ ਹੈ? ਪਰ ਇਸ ਸੋਚ ਦਾ ਉਦੋਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਜਦ ਮੈਂ ਵੱਡਾ ਹੋਇਆ ਇਸਦਾ ਕਾਰਣ ਮੈਨੂੰ ਉਦੋਂ ਪਤਾ ਲੱਗਿਆ। ਉਹ ਵੀ ਉਸ ਦਿਨ ਜਦ ਮੈਂ ਹਵੇਲੀ ਦੇ ਨਾਲ ਲੱਗਦੇ ਆਪਣੇ ਕੋਠੇ ‘ਤੇ ਖੜਿਆ ਪਤੰਗ ਉਡਾ ਰਿਹਾ ਸੀ, ਤਾਂ ਮੇਰਾ ਪਤੰਗ ਹਵੇਲੀ ਦੇ ਹਿਮਾਲਿਆ ਜਿੱਡੇ ਉੱਚੇ ਬਨੇਰੇ `ਚ ਜਾ ਅਟਕਿਆ। ਮੈਨੂੰ ਫੇਰ ਸਮਝ ਆਈ ਕਿ ਸਾਡੀ ਵਿਹੜੇ ਵਾਲੀ ਧੁੱਪ ਵੀ ਇੱਥੇ ਹੀ ਅਟਕੀ ਰਹਿੰਦੀ ਸੀ।

ਮੋਹਨ ਸਿੰਘ ਪ੍ਰੀਤ

You may also like