ਨੱਕੋ ਨੱਕ ਸਵਾਰੀਆਂ ਨਾਲ ਭਰੀ ਬੱਸ ਚਲਦੀ ਚਲਦੀ ਅਚਾਨਕ ਰੁਕ ਗਈ। ਤਾਕੀ ਖੋਲ੍ਹ ਕੇ ਕੰਡਕਟਰ ਥੱਲੇ ਉੱਤਰਿਆ ਤਾਂ ਅੱਗੇ ਟੈਕਸ ਇੰਸਪੈਕਟਰ ਦੀ ਜੀਪ ਖੜੀ ਸੀ।
ਕਿਉਂ ਉਏ! ਗੱਡੀ ਐਨੀ ਓਵਰ-ਲੋਡ ਕਿਉਂ ਕੀਤੀ ਏ? ਟਿਕਟਾਂ ਕੱਟੀਆਂ ਨੇ ਸਭ ਦੀਆਂ? ਤੈਨੂੰ ਚੈਕਿੰਗ ਦਾ ਕੋਈ ਡਰ ਨਹੀਂ?“ ਜੀਪ ਚੋਂ ਬਾਹਰ ਨਿਕਲਦੇ ਇੰਸਪੈਕਟਰ ਨੇ ਕੰਡਕਟਰ ਤੇ ਰੋਹਬ ਨਾਲ ਸੁਆਲਾਂ ਦੀ ਝੜੀ ਲਾ ਦਿੱਤੀ।
“ਜਨਾਬ! ਟਿਕਟਾਂ ਵੀ ਕੱਟੀਆਂ ਜਾਣਗੀਆਂ ਪਰ ਤੁਸੀਂ ਐਵੇਂ ਗਰਮੀ ‘ਚ ਕਿਉਂ ਆਉਂਦੇ ਹੋ ਇੰਸਪੈਕਟਰ ਉਹਦੇ ਵੱਲ ਹੋਰ ਘੂਰ ਘੂਰ ਕੇ ਦੇਖਣ ਲੱਗਾ। ”ਹੱ ਅ ਤਾਂ ਤੁਸੀਂ ਜ਼ਰਾ ਨਵੇਂ ਆਏ ਲੱਗਦੇ ਹੋ” ਕੰਡਕਟਰ ਨੇ ਹੌਲੀ ਜਿਹੇ ਵੀਹ ਦਾ ਨੋਟ ਕੱਢ ਇੰਸਪੈਕਟਰ ਵੱਧ ਵਧਾਉਂਦੇ ਬੜੇ ਠਰੰਮੇ ਨਾਲ ਕਿਹਾ।
“ਜਾਹ ਜਾਹ ਤੋਰ ਲੈ। ਏਨਾਂ ਪੁਛਣਾ ਤਾਂ ਸਾਡਾ ਫਰਜ਼ ਈ ਹੁੰਦਾ। ਤੇ ਨਾਲੇ ਫਿਰ ‘ਹਾਜ਼ਰੀ’ ਤਾਂ ਲਾਉਣੀ ਹੀ ਪੈਂਦੀ”, ਨੋਟ ਫੜ ਕੇ ਜੇਬ ’ਚ ਪਾਉਂਦੇ ਇੰਸਪੈਕਟਰ ਢਿੱਲਾ ਜਿਹਾ ਪੈ ਪਰ ਅਫਸਰੀ ਅੰਦਾਜ਼ ਨਾਲ ਕਹਿ ਰਿਹਾ ਸੀ।
punjabi stories
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
ਇਕ ਸੇਠ ਦੇ ਚਾਰ ਲੜਕੇ ਸਨ। ਭਾਵੇਂ ਉਹ ਪੜੇ ਲਿਖੇ ਸਨ ਪਰ ਉਹਨਾਂ ਦੀ ਆਪਸ ਵਿਚ ਬਣਦੀ ਕਦੇ ਵੀ ਨਹੀਂ ਸੀ। ਸੇਠ ਨੇ ਉਹਨਾਂ ਨੂੰ ਬਹੁਤ ਸਮਝਾਇਆ, ਬੜੇ ਤਰਲੇ ਪਾਏ , ਪਰ ਉਹਨਾਂ ਤੇ ਕੋਈ ਵੀ ਅਸਰ ਨਾ ਹੋਇਆ। ਪੁੱਤਰਾਂ ਤੋਂ ਦੁੱਖੀ ਹੋ ਕੇ ਉਹ ਬੀਮਾਰ ਪੈ ਗਿਆ। ਉਸ ਨੂੰ ਲੱਗਾ ਜਿਵੇਂ ਉਸ ਦਾ ਆਖਰੀ ਸਮਾਂ ਹੁਣ ਨੇੜੇ ਆ ਗਿਆ ਹੈ।
ਇਕ ਦਿਨ ਬੀਮਾਰੀ ਦੀ ਹਾਲਤ ਵਿਚ ਹੀ ਉਸ ਨੇ ਆਪਣੇ ਮੁੰਡਿਆਂ ਨੂੰ ਆਪਣੇ ਕੋਲ ਬੁਲਾਇਆ। ਉਹ ਉਹਨਾਂ ਨੂੰ ਇੱਕਠਿਆਂ ਰਹਿਣ ਦਾ ਗੁਰ ਦੱਸਣਾ ਚਾਹੁੰਦਾ ਸੀ। ਉਸਨੇ ਪੱਤਰਾਂ ਸਾਹਮਣੇ ਬੱਸਾਂ ਅਤੇ ਤੀਲਿਆਂ ਤੋਂ ਬਣਿਆ ਇਕ ਝਾੜ ਰੱਖਿਆ। ਉਸ ਨੇ ਸਭ ਤੋਂ ਵੱਡੇ ਮੁੰਡੇ ਨੂੰ ਉਸ ਨੂੰ ਤੋੜਨ ਲਈ ਕਿਹਾ। ਪੁੱਤਰ ਨੇ ਬੜਾ ਜ਼ੋਰ ਲਾਇਆ ਪਰ ਅਸਫਲ ਰਿਹਾ। ਇਸੇ ਤਰ੍ਹਾਂ ਵਾਰੀ-ਵਾਰੀ ਸਾਰਿਆਂ ਨੇ ਉਸ ਝਾੜੂ ਨੂੰ ਇਕੱਠਿਆਂ ਹੀ ਤੋੜਨ ਦਾ ਯਤਨ ਕੀਤਾ ਪਰ ਉਹ ਸਾਰੇ ਇਸ ਵਿਚ ਨਾਕਾਮਯਾਬ ਰਹੇ।
ਅੰਤ ਵਿਚ ਸੇਠ ਨੇ ਝਾੜੂ ਖੋਲ੍ਹ ਦਿੱਤਾ ਤਾਂ ਉਸ ਦੇ ਇਕ-ਇਕ ਤੀਲੇ ਨੂੰ ਪੁੱਤਰਾਂ ਨੇ ਆਸਾਨੀ ਨਾਲ ਤੋੜ ਦਿੱਤਾ। ਤਦ ਸੇਠ ਨੇ ਕਿਹਾ ਕਿ ਜੇ ਤੁਸੀਂ ਝਾੜੂ ਵਾਂਗ ਇਕੱਠੇ ਰਹੋਗੇ ਤਾਂ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ। ਪਰ ਜੇ ਤੁਸੀਂ ਤੀਲਿਆਂ ਵਾਂਗ ਵੱਖਵੱਖ ਹੋ ਗਏ ਤਾਂ ਲੋਕੀਂ ਤੁਹਾਡਾ ਛੇਤੀ ਹੀ ਅੰਤ ਕਰ ਦੇਣਗੇ। ਮੁੰਡਿਆਂ ਨੂੰ ਗੱਲ ਸਮਝ ਆ ਗਈ। ਸੇਠ ਦੀ ਮੌਤ ਤੋਂ ਪਿਛੋਂ ਉਹ ਸਾਰੇ ਇਕੱਠੇ ਹੋ ਕੇ ਰਹਿਣ ਲੱਗ ਪਏ।
ਸਿੱਖਿਆ-ਏਕੇ ਵਿਚ ਬਰਕਤ ਹੈ।
ਇਕ ਬਾਂਦਰ ਇਕ ਡਾਕੀਏ ਨੂੰ ਹਰ ਰੋਜ਼ ਉਸਤਰੇ ਨਾਲ ਆਪਣੀ ਦਾੜੀ ਬਣਾਉਂਦਿਆਂ ਵੇਖਦਾ ਸੀ। ਬਾਂਦਰ ਨੂੰ ਡਾਕੀਏ ਦੀ ਦਾੜੀ ਬਣਾਉਣਾ ਬੜਾ ਚੰਗਾ ਲੱਗਦਾ ਸੀ। ਉਹ ਰੱਮ ਤੇ ਬੇਠਾ ਝੂਠੀ ਮੂਠੀ ਦੇ ਬਰਸ਼ ਨਾਲ ਆਪਣੇ ਮੂੰਹ ਤੇ ਸਾਥਣ ਮਲਦਾ। ਫਿਰ ਉਂਗਲੀ ਨੂੰ ਤਲੀ ਤੇ ਇਸ ਤਰ੍ਹਾਂ ਘਸਾਉਂਦਾ ਜਿਵੇਂ ਉਸਤਰਾ ਤੇਜ਼ ਕਰ ਰਿਹਾ ਹੋਵੇ ਅਤੇ ਫਿਰ ਉਸ ਉਂਗਲ ਨਾਲ ਉਹ ਆਪਣੀ ਹਜਾਮਤ ਬਣਾਇਆ ਕਰਦਾ ਸੀ।
ਇਕ ਦਿਨ ਡਾਕੀਏ ਨੇ ਆਪਣੀ ਦਾੜੀ ਬਣਾਈ ਪਰ ਗਲਤੀ ਨਾਲ ਉਹ ਬੁਰਸ਼ ਧੋਣਾ ਅਤੇ ਉਸਤਰੇ ਨੂੰ ਬੰਦ ਕਰਨਾ ਭੁੱਲ ਗਿਆ। ਡਾਕੀਆ ਨਹਾ ਧੋ ਕੇ ਡਾਕਖਾਨੇ ਚਲਾ ਗਿਆ। ਬਾਂਦਰ ਨੇ ਦਾੜੀ ਦਾ ਸਮਾਨ ਖੁੱਲਾ ਵੇਖਿਆ। ਉਸ ਦੇ ਮਨ ਵਿਚ ਆਪਣੀ ਦਾੜੀ ਬਣਾਉਣ ਦਾ ਵਿਚਾਰ ਆਇਆ।
ਬਾਂਦਰ ਰੁੱਖ ਤੋਂ ਥੱਲੇ ਉਤਰਿਆ। ਉਸਨੇ ਬੁਰਸ਼ ਉੱਪਰ ਲੱਗੇ ਥੋੜੇ ਬਹੁਤ ਸਾਬਣ ਨੂੰ ਆਪਣੇ ਮੂੰਹ ਤੇ ਮੱਲਿਆ। ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਕੇ ਬਾਂਦਰ ਨੇ ਚੀਖ ਮਾਰੀ। ਫਿਰ ਉਸਨੇ ਉਸਤਰੇ ਨਾਲ ਆਪਣੀ ਦਾੜੀ ਬਣਾਉਣੀ ਚਾਹੀ। ਬਾਂਦਰ ਨੂੰ ਦਾੜੀ ਬਣਾਉਣ ਦੀ ਜਾਚ ਤਾਂ ਆਉਂਦੀ ਨਹੀਂ ਸੀ। ਉਸਤਰੇ ਨਾਲ ਉਸ ਦੀਆਂ ਗਲਾਂ ਲਹੂ-ਲੁਹਾਨ ਹੋ ਗਈਆਂ। ਦਰਦ ਨਾਲ ਚੀਕਦਾ ਬਾਂਦਰ, ਬਾਹਰ ਨੂੰ ਭੱਜ ਗਿਆ।
ਸਿੱਖਿਆ-ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ।
ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਰ ਵਿਚ ਇਕ ਵੱਡਾ ਸਾਰਾ ਬਾਗ ਸੀ।ਇਸ ਬਾਗ ਦੇ ਇਕ ਪਾਸੇ ਇਕ ਤਲਾਅ ਸੀ। ਇਸ ਤਲਾਅ ਵਿਚ ਇਕ ਬਾਦਸ਼ਾਹ ਹਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਇਸ ਤਲਾਅ ਦੇ ਇਕ ਪਾਸੇ ਇਕ ਪੁਰਾਣਾ ਬੋਹੜ ਸੀ। ਇਹ ਬੋਹੜ ਬਹੁਤ ਵੱਡਾ ਸੀ। ਇਸ ਬੋਹੜ ਦੀ ਖੋੜ ਵਿਚ ਇਕ ਕਾਲਾ ਸੱਪ ਰਹਿੰਦਾ ਸੀ। ਇਸੇ ਬੋਹੜ ਉੱਪਰ ਹੀ ਇਕ ਕਾਂ ਵੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਸੱਪ ਕਾਂ ਦੇ ਪਰਿਵਾਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਉਸ ਦੇ ਆਂਡੇ ਖਾ ਜਾਂਦਾ। ਕਾਂ ਅਤੇ ਕਾਉਣੀ ਦੋਵੇਂ ਸੱਪ ਤੋਂ ਬਹੁਤ ਦੁੱਖੀ ਸਨ।’
ਕਾਂ ਇਕ ਸਿਆਣਾ ਪੰਛੀ ਹੈ। ਉਹ ਸੱਪ ਤੋਂ ਨਿਜਾਤ ਪਾਉਣ ਲਈ ਕੋਈ ਨਾ ਕੋਈ ਨੁਸਖਾ ਸੋਚਦਾ ਰਹਿੰਦਾ, ਪਰ ਅਜੇ ਤੱਕ ਉਹ ਕਿਸੇ ਵੀ ਨੁਸਖੇ ਵਿਚ ਕਾਮਯਾਬ ਨਹੀਂ ਸੀ ਹੋਇਆ। ਇਕ ਦਿਨ ਉਸ ਨੂੰ ਇਕ ਵਿਉਂ ਸੁੱਝੀ।ਉਸਨੇ ਸੋਚਿਆ ਕਿਉਂ ਨਾ ਮੈਂ ਬਾਦਸ਼ਾਹ ਦਾ ਸੋਨੇ ਦਾ ਹਾਰ ਚੁੱਕ ਕੇ ਸੱਪ ਦੀ ਖੁੱਡ ਵਿਚ ਸੁੱਟ ਦੇਵਾਂ। ਉਸ ਨੇ ਅਜਿਹਾ ਹੀ ਕੀਤਾ।
ਇਕ ਦਿਨ ਬਾਦਸ਼ਾਹ ਨਹਾਉਣ ਲਈ ਆਇਆ ਅਤੇ ਉਸਨੇ ਆਪਣੇ ਕੱਪੜੇ ਅਤੇ ਸੋਨੇ ਦਾ ਹਾਰ ਲਾਹ ਕੇ ਇੱਕ ਪਾਸੇ ਰੱਖ ਦਿੱਤਾ। ਜਦੋਂ ਉਹ ਨਹਾਉਣ ਲਈ ਪਾਣੀ ਵਿਚ ਵੜਿਆ ਤਾਂ ਕਾਂ ਨੇ ਸੋਨੇ ਦਾ ਹਾਰ ਚੁੱਕ ਲਿਆ।ਉੱਧਰ ਬਾਦਸ਼ਾਹ ਨੇ ਵੀ ਕਾਂ ਨੂੰ ਹਾਰ ਚੱਕਦੇ ਵੇਖ ਲਿਆ ਸੀ। ਕਾਂ ਨੇ ਆਪਣੀ ਤਰਕੀਬ ਮੁਤਾਬਕ ਸੋਨੇ ਦਾ ਹਾਰ ਸੱਪ ਦੀ ਖੱਡ ਵਿਚ ਸੱਟ ਦਿੱਤਾ। ਬਾਦਸ਼ਾਹ ਇਹ ਸਭ ਕੁਝ ਵੇਖਦਾ ਰਿਹਾ।
ਉਸ ਨੇ ਇਸ ਬਾਰੇ ਆਪਣੇ ਨੌਕਰਾਂ ਨੂੰ ਦੱਸਿਆ। ਉਹ ਡਾਂਗਾਂ ਲੈ ਕੇ ਰੱਖ ਕੋਲ ਪੁੱਜ ਗਏ।ਉਹਨਾਂ ਦੇਖਿਆ ਕਿ ਦਰੱਖ਼ਤ ਦੇ ਹੇਠਾਂ ਸੱਪ ਸੀ। ਉਹਨਾਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਮਾਰ ਦਿੱਤਾ ਅਤੇ ਖੁੱਡ ਵਿਚੋਂ ਹਾਰ ਕੱਢ ਲਿਆ।
ਸੱਪ ਦੇ ਮਰਨ ਤੇ ਕਾਂ ਅਤੇ ਕਾਉਣੀ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦਾ ਦੁਸ਼ਮਣ ਮਰ ਗਿਆ ਸੀ। ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ।
ਸਿੱਖਿਆ-ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ।
ਇਕ ਵਾਰ ਦੀ ਗੱਲ ਹੈ ਕਿ ਇਕ ਬਘਿਆੜ ਇਕ ਨਦੀ ਤੇ ਪਾਣੀ ਪੀ ਰਿਹਾ ਸੀ। ਉਸ ਦੀ ਨਜ਼ਰ ਉਸ ਤੋਂ ਥੋੜੀ ਹੀ ਦੂਰ ਪਾਣੀ ਪੀਂਦੇ ਲੇਲੇ ਉੱਪਰ ਪਈ। ਲੇਲੇ ਨੂੰ ਵੇਖ ਕੇ ਬਘਿਆੜ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਲੇਲੇ ਨੂੰ ਖਾਣਾ ਚਾਹੁੰਦਾ ਸੀ। ਉਹ ਆਪਣੇ ਮਨ ਵਿਚ ਤਰਕੀਬ ਸੋਚਣ ਲੱਗਾ ਕਿ ਕਿਸ ਤਰ੍ਹਾਂ ਲੇਲੇ ਨੂੰ ਖਾਧਾ ਜਾਵੇ। ਜਦੋਂ ਕਿਸੇ ਪਾਪੀ ਦੇ ਮਨ ਵਿਚ ਪਾਪ ਆ ਜਾਵੇ ਤਾਂ ਨੁਸਖੇ ਆਪਣੇ-ਆਪ ਬੁੱਝਣੇ ਸ਼ੁਰੂ ਹੋ ਜਾਂਦੇ ਹਨ। ਆਖਿਰ ਉਸ ਨੇ ਲੇਲੇ ਨੂੰ ਖਾਣ ਦਾ ਬਹਾਨਾ ਲੱਭ ਹੀ ਲਿਆ।
ਉਹ ਲੇਲੇ ਕੋਲ ਪੁੱਜਾ।ਉਹ ਲੇਲੇ ਨੂੰ ਜਾ ਕੇ ਜ਼ੋਰ ਨਾਲ ਆਵਾਜ਼ ਮਾਰਨ ਲੱਗਾ। ਉਸ ਨੇ ਲੇਲੇ ਨੂੰ ਕਿਹਾ, “ਓਏ ਲੇਲੇ ਦੇ ਬੱਚੇ ! ਤੂੰ ਮੇਰਾ ਪੀਣ ਵਾਲਾ ਪਾਣੀ ਕਿਉਂ ਗੰਦਾ ਕਰ ਰਿਹਾ ਹੈਂ ?? ਲੋਲਾ ਵਿਚਾਰਾ ਮਾੜਾ ਸੀ।ਉਹ ਬਘਿਆੜ ਦਾ ਮੁਕਾਬਲਾ ਕਿੱਥੋਂ ਕਰ ਸਕਦਾ ਸੀ। ਇਸ ਲਈ ਬੜੇ ਹੀ ਪਿਆਰ ਨਾਲ ਬੋਲਿਆ, “ਹਜ਼ਰ ਮਾਈ ਬਾਪ ! ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵੱਲ ਆ ਰਿਹਾ ਹੈ। ਮੈਂ ਇਸ ਪਾਣੀ ਨੂੰ ਗੰਦਾ ਕਿਵੇਂ ਕਰ ਸਕਦਾ ਹਾਂ?
ਬਘਿਆੜ ਲੇਲੇ ਦੀ ਗੱਲ ਸੁਣ ਕੇ ਥੋੜਾ ਝੂਠਾ ਜਿਹਾ ਤਾਂ ਹੋ ਗਿਆ ਪਰ ਉਹ ਤਾਂ ਉਸ ਲੇਲਾ ਨੂੰ ਮਾਰਨਾ ਚਾਹੁੰਦਾ ਸੀ। ਥੋੜ੍ਹੀ ਦੇਰ ਬਾਅਦ ਉਹ ਫਿਰ ਗੱਜ ਕੇ ਬੋਲਿਆ, ਪਿਛਲੇ ਸਾਲ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ ਸਨ ?” ਚਾਰਾ ਫਿਰ ਗੱਜ ਕੇ ਬੋਲਿਆ, ‘ਹਜ਼ੂਰ ! ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸੀ। ਮੈਂ ਤਾਂ ਅਜੇ ਸਿਰਫ ਛੇ ਮਹੀਨੇ ਦਾ ਹੀ ਹਾਂ।
ਹੁਣ ਬਘਿਆੜ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ ਤੇ ਉਹ ਖਿੱਝ ਕੇ ਬੋਲਿਆ, ਤੂੰ ਨਹੀਂ ਤਾਂ ਤੇਰੇ ਪਿਉ-ਦਾਦੇ ਨੇ ਗਾਲਾਂ ਕੱਢੀਆਂ ਹੋਣਗੀਆਂ। ਕੁਝ ਵੀ ਹੋਵੇ ਤੁਸੀਂ ਕਸੂਰ ਜ਼ਰੂਰ ਕੀਤਾ ਹੈ। ਇਸ ਲਈ ਮੈਂ ਤੈਨੂੰ ਸਜ਼ਾ ਦੇਵਾਂਗਾ।’ ਇਹ ਕਹਿੰਦੇ ਹੀ ਉਹ ਲੇਲੇ ਤੇ ਝੱਪਟਿਆ ਤੇ ਉਸਨੂੰ ਮਾਰ ਕੇ ਖਾ ਗਿਆ।
ਸਿੱਖਿਆ-ਜਿਸ ਦੀ ਲਾਠੀ ਉਸ ਦੀ ਮੱਝ
ਇਕ ਵਾਰ ਦੀ ਗੱਲ ਹੈ ਕਿ ਇਕ ਰਾਜੇ ਦਾ ਕੀਮਤੀ ਹਾਰ ਚੋਰੀ ਹੋ ਗਿਆ। ਰਾਜੇ ਨੇ ਉਸ ਚੋਰ ਦੀ ਬਹੁਤ ਤਲਾਸ਼ ਕੀਤੀ ਪਰ ਉਸਦਾ ਕੋਈ ਪਤਾ ਨਾ ਲੱਗਾ। ਆਖਿਰ ਸੋਚਦਿਆਂ ਸੋਚਦਿਆਂ ਰਾਜੇ ਨੂੰ ਇਕ ਗੱਲ ਸੁਝੀ। ਉਸ ਨੇ ਸ਼ਹਿਰ ਦੇ ਸਾਰੇ ਲੋਕ ਆਪਣੇ ਦਰਬਾਰ ਵਿਚ ਇਕੱਠੇ ਕਰ ਲਏ। ਹਰ ਇਕ ਨੂੰ ਇਕੋ ਜਿੰਨੀ ਲੰਮੀ ਇਕ-ਇਕ ਸੋਟੀ ਦੇ ਕੇ ਕਿਹਾ, “ਕਲ ਨੂੰ ਸਾਰੇ ਜਣੇ ਸੋਟੀਆਂ ਲੈ ਕੇ ਦਰਬਾਰ ਵਿਚ ਹਾਜ਼ਰ ਹੋਣ। ਨਾਲ ਹੀ ਇਹ ਵੀ ਆਖ ਦਿੱਤਾ ਕਿ ਇਸ ਸੋਟੀ ਦੀ ਇਕ ਖ਼ਾਸ ਗੱਲ ਇਹ ਹੈ ਕਿ ਜਿਹੜਾ ਚੋਰ ਹੋਵੇਗਾ, ਉਸ ਦੀ ਸੋਟੀ ਇਹ ਰਾਤੋ-ਰਾਤ ਇਕ ਸੈਂਟੀਮੀਟਰ ਵੱਧ ਜਾਂਦੀ ਹੈ।
ਸਾਰੇ ਸੋਟੀਆਂ ਲੈ ਕੇ ਆਪਣੇ-ਆਪਣੇ ਘਰ ਚਲੇ ਗਏ। ਚੋਰ ਨੇ ਸੋਚਿਆ ਕਿ ਜੇ ਮੈਂ ਆਪਣੀ ਸੋਟੀ ਕੱਟ ਕੇ ਇਕ ਸੈਂਟੀਮੀਟਰ ਛੋਟੀ ਕਰ ਲਵਾਂ ਤਾਂ ਮੈਂ ਬੱਚ ਸਕਦਾ ਹਾਂ। ਉਸ ਨੇ ਇਸੇ ਤਰ੍ਹਾਂ ਹੀ ਕੀਤਾ।
ਦੂਜੇ ਦਿਨ ਸਾਰੇ ਲੋਕ ਆਪੋ ਆਪਣੀਆਂ ਸੋਟੀਆਂ ਲੈ ਕੇ ਰਾਜੇ ਦੇ ਦਰਬਾਰ ਵਿਚ ਹਾਜ਼ਰ ਹੋਏ। ਸਾਰਿਆਂ ਦੀ ਸੋਟੀਆਂ ਦੀ ਲੰਬਾਈ ਵੇਖੀ ਗਈ ਪਰ ਚੋਰ ਦੀ ਸੋਟੀ ਸਾਰਿਆਂ ਦੀਆਂ ਸੋਟੀਆਂ ਵਿਚੋਂ ਛੋਟੀ ਸੀ। ਰਾਜੇ ਨੇ ਭਰੇ ਦਰਬਾਰ ਵਿਚ ਉਸ ਚੋਰ ਨੂੰ ਫੜ ਲਿਆ। ਉਸ ਕੋਲੋਂ ਹਾਂਰ ਬਰਾਮਦ ਕਰਕੇ ਉਸ ਨੂੰ ਕੈਦ ਕਰ ਲਿਆ। ਉਸਨੂੰ ਹੋਰ ਸਜ਼ਾ ਵੀ ਦਿੱਤੀ ਗਈ।
ਸਿੱਖਿਆ-ਚੋਰ ਦੀ ਦਾੜ੍ਹੀ ਵਿਚ ਤਿਣਕਾ।
ਇੱਕ ਕਿਸਾਨ ਦੇ ਮੁੰਡੇ ਦਾ ਭੁਲੇਖੇ ਨਾਲ ਇੱਕ ਸੱਪ ਦੀ ਪੂਛ ਉੱਤੇ ਪੈਰ ਰੱਖਿਆ ਗਿਆ, ਜਿਸ ਤੇ ਸੱਪ ਨੇ ਉਸ ਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਪਾਗਲ ਹੋਏ ਕਿਸਾਨ ਨੇ ਆਪਣੀ ਕੁਹਾੜੀ ਫੜੀ, ਅਤੇ ਸੱਪ ਦਾ ਪਿੱਛਾ ਕੀਤਾ। ਉਸ ਨੇ ਸੱਪ ਤੇ ਵਾਰ ਕੀਤਾ ਤਾਂ ਉਸਦੀ ਪੂਛ ਦਾ ਕੁਝ ਹਿੱਸਾ ਕੱਟਿਆ ਗਿਆ। ਇਸ ਦਾ ਬਦਲਾ ਲੈਣ ਲਈ ਸੱਪ ਨੇ ਕਿਸਾਨ ਦੇ ਕਈ ਪਸ਼ੂਆਂ ਨੂੰ ਡੰਗਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਭਾਰੀ ਨੁਕਸਾਨ ਪਹੁੰਚਾਇਆ। ਖੈਰ, ਕਿਸਾਨ ਨੇ ਇਹੀ ਬਿਹਤਰ ਸਮਝਿਆ ਕਿ ਸੱਪ ਨਾਲ ਵੈਰ ਛੱਡ ਕੇ ਸੁਲਹ ਕਰ ਲਈ ਜਾਵੇ, ਅਤੇ ਉਹ ਸੱਪ ਦੀ ਖੁੱਡ ਦੇ ਮੂਹਰੇ ਭੋਜਨ ਅਤੇ ਸ਼ਹਿਦ ਲੈ ਕੇ ਗਿਆ, ਅਤੇ ਉਸ ਨੂੰ ਕਿਹਾ: “ਚਲੋ ਆਪਾਂ ਸਭ ਭੁੱਲ ਜਾਈਏ ਅਤੇ ਮਾਫ ਕਰ ਦੇਈਏ; ਸ਼ਾਇਦ ਤੁਸੀਂ ਮੇਰੇ ਪੁੱਤਰ ਨੂੰ ਠੀਕ ਹੀ ਸਜ਼ਾ ਦਿੱਤੀ ਅਤੇ ਮੇਰੇ ਪਸ਼ੂਆਂ ਨੂੰ ਮਾਰ ਕੇ ਬਦਲਾ ਲੈਣਾ ਸਹੀ ਸੀ। ਹੁਣ ਜਦੋਂ ਆਪਾਂ ਦੋਵੇਂ ਆਪਣਾ ਆਪਣਾ ਬਦਲਾ ਲੈ ਕੇ ਸੰਤੁਸ਼ਟ ਹਾਂ ਤਾਂ ਕਿਉਂ ਨਾ ਆਪਾਂ ਦੁਬਾਰਾ ਦੋਸਤ ਬਣ ਜਾਈਏ?”
“ਨਹੀਂ, ਨਹੀਂ,” ਸੱਪ ਨੇ ਕਿਹਾ; “ਤੁਸੀਂ ਆਪਣੇ ਤੋਹਫ਼ੇ ਲੈ ਜਾਓ; ਤੁਸੀਂ ਆਪਣੇ ਬੇਟੇ ਦੀ ਮੌਤ ਨੂੰ ਕਦੇ ਨਹੀਂ ਭੁੱਲ ਸਕਦੇ, ਨਾ ਹੀ ਮੈਂ ਆਪਣੀ ਪੂਛ ਕਦੇ ਨਹੀਂ ਭੁੱਲ ਸਕਦਾ।
ਫੱਟ ਮਾਫ਼ ਕੀਤੇ ਜਾ ਸਕਦੇ ਹਨ, ਪਰ ਭੁੱਲੇ ਨਹੀਂ ਜਾ ਸਕਦੇ।
(ਪੰਜਾਬੀ ਰੂਪ : ਚਰਨ ਗਿੱਲ)
ਇਕ ਵਾਰ ਇਕ ਤਲਾਅ ਵਿਚ ਤਿੰਨ ਮੱਛੀਆਂ ਰਹਿੰਦੀਆਂ ਸਨ। ਇਹਨਾਂ ਮੱਛੀਆਂ ਵਿਚੋਂ ਇਕ ਭਵਿੱਖ ਤੇ ਵਿਚਾਰ ਕਰਨ ਵਾਲੀ, ਦੂਜੀ ਵੇਲੇ ਸਿਰ ਕੰਮ ਕਰਨ ਵਾਲੀ ਤੇ ਤੀਜੀ ਸਿਰਫ ਭਾਗਾਂ ‘ਤੇ ਵਿਸ਼ਵਾਸ ਰੱਖਣ ਵਾਲੀ ਸੀ। ਅਕਸਰ ਉਹਨਾਂ ਤਿੰਨਾਂ ਦੀ ਬਹਿਸ ਹੁੰਦੀ ਰਹਿੰਦੀ। ਇਕ ਦਿਨ ਕੁਝ ਮਛੇਰੇ ਉਸ ਤਲਾਅ ਕੋਲੋਂ ਲੰਘ ਰਹੇ ਸਨ। ਉਹ ਆਪਸ ਵਿਚ ਵਿਚਾਰ ਕਰ ਰਹੇ ਸਨ ਕਿ ਇਸ ਤਲਾਅ ਵਿਚ ਬਹੁਤ ਸਾਰੀਆਂ ਮੱਛੀਆਂ ਹਨ, ਕਿਉਂ ਨਾ ਕਲ ਨੂੰ ਇਸ ਤਲਾਅ ਵਿਚ ਹੀ ਜਾਲ ਸੁੱਟਿਆ ਜਾਵੇ। ਉਹਨਾਂ ਤਿੰਨਾਂ ਮੱਛੀਆਂ ਨੇ ਉਹਨਾਂ ਮਛੇਰਿਆਂ ਦੀ ਗੱਲਬਾਤ ਸੁਣ ਲਈ। ਭਵਿੱਖ ਬਾਰੇ ਵਿਚਾਰ ਕਰਨ ਵਾਲੀ ਮੱਛੀ ਨੇ ਆਪਣੀਆਂ ਸਹੇਲੀਆਂ ਨੂੰ ਬੁਲਾ ਕੇ ਕਿਹਾ, “ਕੀ ਤੁਸੀਂ ਉਹਨਾਂ ਮਛੇਰਿਆਂ ਦੀ ਗੱਲ ਸੁਣੀ ਹੈ ? ਸਾਨੂੰ ਰਾਤੋ-ਰਾਤ ਹੀ ਇਸ ਤਲਾਅ ਵਿਚੋਂ ਚਲੇ ਜਾਣਾ ਚਾਹੀਦਾ ਹੈ। ਨਿਰਸੰਦੇਹ ਮਛੇਰੇ ਕਲ੍ਹ ਨੂੰ ਆਉਣਗੇ ਅਤੇ ਸਾਨੂੰ ਫੜ ਕੇ ਲੈ ਜਾਣਗੇ। ਇਹ ਸੁਣ ਕੇ ਵਕਤ ਸਿਰ ਕੰਮ ਕਰਨ ਵਾਲੀ ਮੱਛੀ ਉਸ ਦੀ ਇਸ ਗੱਲ ਨਾਲ ਇਕਦਮ ਸਹਿਮਤ ਹੋ ਗਈ ਕਿ ਸਾਨੂੰ ਇਸ ਤਲਾਅ ਵਿਚੋਂ ਕਿਸੇ ਦੂਜੀ ਥਾਂ ਚਲੇ ਜਾਣਾ ਚਾਹੀਦਾ ਹੈ।
ਉਹਨਾਂ ਦੋਵਾਂ ਦੀ ਗੱਲ ਸੁਣ ਕੇ ਤੀਜੀ ਮੱਛੀ ਜ਼ੋਰ-ਜ਼ੋਰ ਦੀ ਹੱਸੀ। ਉਸ ਨੂੰ ਪਹਿਲੀਆਂ ਦੋਵੇਂ ਮੱਛੀਆਂ ਬੇਵਕੂਫ ਨਜ਼ਰ ਆ ਰਹੀਆਂ ਸਨ। ਉਹ ਉਹਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਆਪਣੇ ਪਿਓ-ਦਾਦੇ ਦਾ ਤਲਾਅ ਕਿਸੇ ਕੀਮਤ ‘ਤੇ ਵੀ ਛੱਡਣ ਲਈ ਤਿਆਰ ਨਹੀਂ ਸੀ। ਉਸ ਦੀ ਸੋਚ ਇਹੀ ਸੀ ਕਿ ਜੇ ਅਸੀਂ ਮਰਨਾ ਹੀ ਹੈ, ਮੌਤ ਜਾ ਕੇ ਵੀ ਆ ਜਾਵੇਗੀ। ਇਸ ਲਈ ਉਸ ਨੇ ਉਹਨਾਂ ਨੂੰ ਆਖਿਆ, “ਮੈਂ ਤਾਂ ਦੂਜੀ ਥਾਂ ਨਹੀਂ ਜਾਵਾਂਗੀ, ਤੁਹਾਨੂੰ ਦੋਹਾਂ ਨੂੰ ਜੋ ਚੰਗਾ ਲੱਗਦਾ ਹੈ ਕਰੋ। ਉਸ ਦੀ ਗੱਲ ਸੁਣ ਕੇ ਪਹਿਲੀਆਂ ਦੋਵੇਂ ਮੱਛੀਆਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਾਤੋ-ਰਾਤ ਤਲਾਅ ਖਾਲੀ ਕਰ ਗਈਆਂ।
ਦੂਜੇ ਦਿਨ ਮਛੇਰੇ ਆਏ। ਉਹਨਾਂ ਨੇ ਜਾਲ ਸੁੱਟਿਆ ਤੇ ਵਿਸ਼ਵਾਸ ਕਰਨ ਵਾਲੀ ਮੱਛੀ ਨੂੰ ਉਸ ਦੇ ਪਰਿਵਾਰ ਸਮੇਤ ਫੜ ਲਿਆ। ਹੁਣ ਉਹ ਪਛਤਾ ਰਹੀ ਸੀ।
ਸਿੱਖਿਆ-ਨਿਰੇ ਕਰਮਾਂ ’ਤੇ ਵਿਸ਼ਵਾਸ ਕਰਨ ਵਾਲੇ ਮੂਰਖ ਹੁੰਦੇ ਹਨ।
ਇਕ ਵਾਰੀ ਇਕ ਪਿੰਡ ਵਿਚ ਇਕ ਦੋਧੀ ਰਹਿੰਦਾ ਸੀ। ਉਹ ਬੜਾ ਲਾਲਚੀ ਸੀ। ਉਹ ਹਮੇਸ਼ਾ ਹੀ ਦੁੱਧ ਵਿਚ ਪਾਣੀ ਰਲਾ ਕੇ ਵੇਚਦਾ ਸੀ। ਲੋਕ ਉਸ ਦੇ ਦੁੱਧ ਵਿਚ ਪਾਣੀ ਰਲਾ ਕੇ ਵੇਚਣ ਤੋਂ ਬੜੇ ਦੁਖੀ ਸਨ ਪਰ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਕਰਦਾ।
ਇਕ ਵਾਰ ਉਸ ਨਜ਼ਦੀਕੀ ਸ਼ਹਿਰ ਵਿਚ ਪਸ਼ੂਆਂ ਦੀ ਮੰਡੀ ਲੱਗੀ! ਉਹ ਕੁਝ ਗਊਆਂ ਅਤੇ ਮੱਝਾਂ ਹੋਰ ਖਰੀਦਣਾ ਚਾਹੁੰਦਾ ਸੀ। ਇਸ ਲਈ ਉਹ ਕਾਫੀ ਸਾਰੇ ਪੈਸੇ ਇਕ ਝੋਲੇ ਵਿਚ ਪਾ ਕੇ ਪਸ਼ ਖਰੀਦਣ ਲਈ ਤੁਰ ਪਿਆ। ਰਾਹ ਵਿਚ ਇਕ ਨਦੀ ਪੈਂਦੀ ਸੀ। ਗਰਮੀ ਬਹੁਤ ਜ਼ਿਆਦਾ ਸੀ। ਜਦੋਂ ਉਹ ਨਦੀ ਕੋਲ ਪਹੁੰਚਿਆ ਤਾਂ ਉਸ ਨੇ ਸੋਚਿਆ ਕੁਝ ਦੇਰ ਨਦੀ ਵਿਚ ਨਹਾ ਕੇ ਅੱਗੇ ਚੱਲਿਆ ਜਾਵੇ।
ਉਸ ਨੇ ਨਦੀ ਕਿਨਾਰੇ ਜਾ ਕੇ ਆਪਣਾ ਰੁਪਿਆ-ਪੈਸਿਆਂ ਵਾਲਾ ਝੋਲਾ ਨਦੀ ਦੇ ਕਿਨਾਰੇ ਰੱਖ ਦਿੱਤਾ। ਉਸਨੇ ਕੱਪੜੇ ਉਤਾਰੇ ਅਤੇ ਨਦੀ ਵਿਚ ਨਹਾਉਣ ਲਈ ਵੜ ਗਿਆ।
ਉਸੇ ਹੀ ਜਗਾ ਰੱਖ ਉਪਰ ਕੁਝ ਬਾਂਦਰ ਰਹਿੰਦੇ ਸਨ। ਬਾਂਦਰਾਂ ਨੇ ਉਸ ਦੇ ਪਿਆਂ ਪੈਸਿਆਂ ਵਾਲਾ ਝੋਲਾ ਚੁੱਕਿਆ ਅਤੇ ਰੁੱਖ ਉੱਪਰ ਲੈ ਗਏ। ਬਾਂਦਰਾਂ ਨੇ ਉਸ ਝੋਲੇ ਵਿਚੋਂ ਰੁਪਏ ਕੱਢ-ਕੱਢ ਕੇ, ਚੱਬ-ਚੱਬ ਕੇ ਨਦੀ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ। ਦੋਧੀ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਾ ਲੱਗਾ। ਬਾਂਦਰਾਂ ਨੇ ਜਿੰਨੇ ਨੋਟ ਸਨ ਚੱਬ-ਚੱਬ ਕੇ ਨਦੀ ਵਿਚ ਸੁੱਟ ਦਿੱਤੇ। ਹੁਣ ਥੈਲੀ ਵਿਚ ਸਿਰਫ ਕੁਝ ਸਿੱਕੇ ਹੀ ਬਚੇ ਸਨ। ਉਹਨਾਂ ਨੇ ਸਿੱਕਿਆਂ ਵਾਲਾ ਝੋਲਾ ਉੱਥੇ ਹੀ ਸੁੱਟ ਦਿੱਤਾ।
ਜਦੋਂ ਦੋਧੀ ਨਹਾ-ਧੋ ਕੇ ਬਾਹਰ ਆਇਆ ਤਾਂ ਉਹ ਬੜਾ ਖੁਸ਼ ਸੀ ਕਿਉਂਕਿ ਨਹਾ ਕੇ ਉਸ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਗਈ ਸੀ। ਅਚਾਨਕ ਉਸ ਦੀ ਨਿਗਾਹ ਰੁਪਿਆਂ-ਪੈਸਿਆਂ ਵਾਲੇ ਝੋਲੇ ਉੱਪਰ ਪਈ।ਉਸ ਨੂੰ ਝੋਲੇ ਵਿਚ ਪੈਸੇ ਘੱਟ ਹੋਣ ਦਾ ਸ਼ੱਕ ਜਿਹਾ ਪਿਆ। ਜਦੋਂ ਉਸ ਨੇ ਝੋਲਾ ਚੁੱਕਿਆ ਤਾਂ ਉਸ ਦਾ ਸ਼ੱਕ ਸਹੀ ਨਿਕਲਿਆ। ਝੋਲੇ ਵਿਚ ਕੁਝ ਸਿੱਕਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਦੋਧੀ ਬੜਾ ਹੈਰਾਨ ਹੋਇਆ। ਉਹ ਲੁੱਟਿਆ-ਪੱਟਿਆ ਜਾ ਚੁੱਕਾ ਸੀ। ਪਰ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਉਸ ਦੇ ਰੁਪਏ ਕਿੱਥੇ ਗਏ।ਉਸਨੇ ਆਸੇ-ਪਾਸੇ ਨਜ਼ਰ ਮਾਰੀ ਪਰ ਉਸ ਨੂੰ ਕੋਈ ਬੰਦਾ ਵੀ ਨਜ਼ਰੀਂ ਨਾ ਪਿਆ ਜਿਸ ਨੇ ਉਸ ਦੇ ਰਪਏ ਚਰਾਏ ਹੋਣਗੇ । ਅਚਾਨਕ ਹੀ ਉਸ ਦੀ ਨਜ਼ਰ ਉੱਪਰ ਰੁੱਖ ਉੱਪਰ ਗਈ। ਉਸ ਨੇ ਬਾਂਦਰਾਂ ਦੇ ਮੂੰਹ ਵਿਚ ਕੁਝ ਰੁਪਿਆਂ ਦੇ ਟੁੱਕੜੇ ਵੇਖੇ।
ਹੁਣ ਉਸ ਨੂੰ ਸਾਰੀ ਗੱਲ ਦੀ ਸਮਝ ਆ ਚੁੱਕੀ ਸੀ। ਉਸ ਨੇ ਸੋਚਿਆ ਕਿ ਜੋ ਪਿਆ ਉਸ ਨੇ ਦੁੱਧ ਵਿਚ ਪਾਣੀ ਰਲਾ ਕੇ ਕਮਾਇਆ ਸੀ ਉਹ ਬੇਈਮਾਨੀ ਦਾ ਸੀ। ਇਸ ਲਈ ਉਹ ਪਾਣੀ ਵਿਚ ਰਲ ਗਿਆ ਅਤੇ ਉਸ ਦੀ ਮਿਹਤਨ ਦੀ ਕਮਾਈ ਬੱਚ ਗਈ। ਉਸ ਦਿਨ ਤੋਂ ਉਸ ਨੇ ਦੁੱਧ ਵਿਚ ਪਾਣੀ ਮਿਲਾਉਣਾ ਬੰਦ ਕਰ ਦਿੱਤਾ।
ਸਿੱਖਿਆ-ਹਮੇਸ਼ਾ ਮਿਹਨਤ ਦੀ ਕਮਾਈ ਹੀ ਫਲਦੀ ਹੈ।
ਇਕ ਵਾਰ ਗਰਮੀ ਦੇ ਮੌਸਮ ਵਿਚ ਇਕ ਬਾਰਾਂ ਸਿੰਗੇ ਨੂੰ ਪਿਆਸ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਸਿਖਰ ਦੁਪਹਿਰੇ ਪਾਣੀ ਦੀ ਭਾਲ ਕਰਦਾ-ਕਰਦਾ ਉਹ ਇਕ ਪਾਣੀ ਦੇ ਤਲਾਅ ਦੇ ਕੰਢੇ ‘ਤੇ ਪੁੱਜਿਆ। ਤਲਾਅ ਦੇ ਠੰਡੇ ਅਤੇ ਸਾਫ ਪਾਣੀ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। ਪਾਣੀ ਪੀਣ ਤੋਂ ਬਾਅਦ ਉਸ ਦੀ ਨਜ਼ਰ ਪਾਣੀ ਵਿਚਲੇ ਆਪਣੇ ਸਿਰ ਦੇ ਸਿੰਗਾਂ ਦੇ ਪਰਛਾਵੇਂ ਤੇ ਪਈ। ਸਿੰਗਾਂ ਦੀ ਖੂਬਸੂਰਤ ਬਣਤਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਆਪਣੇ ਮੁੰਹ ਮੀਆਂ ਮਿੱਠੂ ਬਣ ਕੇ ਉਸ ਨੇ ਜੀਅ ਭਰ ਕੇ ਇਹਨਾਂ ਦੀ ਪ੍ਰਸ਼ੰਸਾ ਕੀਤੀ। ਉਹ ਖੁਸ਼ੀ ‘ਚ ਪਾਗਲ ਹੋਇਆ ਊਮ ਰਿਹਾ ਸੀ ਕਿ ਉਸ ਨੇ ਪਾਣੀ ਵਿਚ ਆਪਣੀਆਂ ਲੰਮੀਆਂ-ਲੰਮੀਆਂ ਲੱਤਾਂ ਦੇ ਪਰਛਾਵੇਂ ਨੂੰ ਵੇਖਿਆ। ਇਹਨਾਂ ਨੂੰ ਵੇਖਦਿਆਂ ਹੀ ਉਸ ਦੀ ਖੁਸ਼ੀ ਦਾ ਸਾਰਾ ਨਸ਼ਾ ਜਾਂਦਾ ਰਿਹਾ ।
ਅਜੇ ਬਾਰਾਂ ਸਿੰਗੇ ਦਾ ਮਨ ਆਪਣੇ ਸਿੰਗਾਂ ਦੀ ਪ੍ਰਸ਼ੰਸਾ ਅਤੇ ਲੱਤਾਂ ਦੀ ਨਿੰਦਿਆ ਵਿਚਕਾਰ ਘੋਲ ਕਰ ਹੀ ਰਿਹਾ ਸੀ ਕਿ ਇਕ ਸ਼ਿਕਾਰੀ ਆਪਣੇ ਕੁੱਤਿਆਂ ਸਮੇਤ ਆ ਪਹੁੰਚਿਆ। ਉਸਨੂੰ ਆਪਣੀ ਰੱਖਿਆ ਲਈ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਹ ਉੱਥੇ ਉਨਾਂ ਨੂੰ ਵੇਖ ਕੇ ਦੌੜ ਗਿਆ। ਸ਼ਿਕਾਰੀ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ। ਬਾਰਾਂ ਸਿੰਗੇ ਦੀਆਂ ਭੈੜੀਆਂ ਲੱਤਾਂ, ਜਿਨ੍ਹਾਂ ਦੀ ਉਹ ਨਿੰਦਿਆ ਕਰਦਾ ਸੀ, ਉਸ ਨੂੰ ਬਚਾ ਕੇ ਕਾਫ਼ੀ ਦੂਰ ਲੈ ਗਈਆਂ।
ਦੌੜੇ ਜਾਂਦੇ ਬਾਰਾਂ ਸਿੰਗੇ ਦੇ ਸਿੰਗ, ਜਿਨ੍ਹਾਂ ਨੂੰ ਉਹ ਬਹੁਤ ਖੂਬਸੂਰਤ ਸਮਝਦਾ ਸੀ, ਇਕ ਝਾੜੀ ਵਿਚ ਅੜ ਗਏ। ਉਸਨੇ ਝਾੜੀ ਵਿਚੋਂ ਆਪਣੇ ਸਿੰਗਾਂ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ। ਅੰਤ ਸ਼ਿਕਾਰੀ ਕੁੱਤੇ ਉਸ ਨੂੰ ਲੱਭਦੇ-ਲੱਭਦੇ ਉੱਥੇ ਆ ਗਏ। ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਮਾਰ ਸੁੱਟਿਆ। ਇਸ ਤਰ੍ਹਾਂ ਬਾਰਾਂ ਸਿੰਗੇ ਦੀਆਂ ਭੈੜੀਆਂ ਲੱਤਾਂ ਨੇ ਤਾਂ ਉਸਨੂੰ ਬਚਾਇਆ, ਪਰ ਉਸ ਦੇ ਸੁੰਦਰ ਸਿੰਗ ਉਸ ਦੀ ਮੌਤ ਦਾ ਕਾਰਨ ਬਣ ਗਏ।
ਖ਼ਲੀਫ਼ਾ ਉਮਰ ਆਪਣੀ ਗੱਲ ਅਤੇ ਅਸੂਲ ਦੇ ਪੱਕੇ ਇਨਸਾਨ ਸਨ। ਉਹ ਬੜੇ ਅਨੁਸ਼ਾਸਨ ਪਸੰਦ, ਇਨਸਾਫ਼ਪਸੰਦ ਅਤੇ ਬਹਾਦਰ ਸਨ। ਉਹ ਆਪਣੀ ਆਖੀ ਗੱਲ ਪੂਰੀ ਤਰ੍ਹਾਂ ਨਿਭਾਉਂਦੇ।
ਇੱਕ ਵਾਰ ਇਰਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਵਿਚਾਲੇ ਜੰਗ ਛਿੜ ਗਈ। ਕਈ ਦਿਨਾਂ ਤੱਕ ਲੜਾਈ ਹੁੰਦੀ ਰਹੀ। ਅੰਤ ਵਿੱਚ ਇਰਾਨੀ ਸੈਨਾ ਨੂੰ ਗੋਡੇ ਟੇਕਣੇ ਪਏ। ਇਰਾਨੀ ਫੌਜਾਂ ਦੇ ਸੈਨਾਪਤੀ ਨੂੰ ਕੈਦ ਕਰ ਕੇ ਖ਼ਲੀਫ਼ਾ ਸਾਹਮਣੇ ਪੇਸ਼ ਕੀਤਾ ਗਿਆ। ਖ਼ਲੀਫ਼ਾ ਉਮਰ ਨੇ ਹੁਕਮ ਦਿੱਤਾ,”ਇਸ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ ਜਾਵੇ।”
ਤਦੇ ਇਰਾਨੀ ਸੈਨਾਪਤੀ ਬੋਲਿਆ, ”ਠਹਿਰੋ, ਮੈਂ ਤਿਹਾਇਆ ਹਾਂ। ਪਹਿਲਾਂ ਮੈਨੂੰ ਪਾਣੀ ਪਿਲਾਓ।”
ਖ਼ਲੀਫ਼ਾ ਨੇ ਤੁਰੰਤ ਪਾਣੀ ਮੰਗਵਾਇਆ। ਸੈਨਾਪਤੀ ਮੌਤ ਦੇ ਡਰ ਨਾਲ ਕੰਬ ਰਿਹਾ ਸੀ। ਉਹ ਖ਼ਲੀਫ਼ਾ ਸਾਹਮਣੇ ਪਾਣੀ ਦਾ ਗਿਲਾਸ ਹੱਥ ਵਿੱਚ ਲੈ ਕੇ ਕੁਝ ਚਿਰ ਉਂਜ ਹੀ ਖੜ੍ਹਾ ਰਿਹਾ। ਇਸ ‘ਤੇ ਖ਼ਲੀਫ਼ਾ ਨੇ ਕਿਹਾ,”ਕੈਦੀ, ਜਦ ਤਕ ਤੂੰ ਪਾਣੀ ਨਹੀਂ ਪੀ ਲੈਂਦਾ, ਤਦ ਤੱਕ ਤੈਨੂੰ ਨਹੀਂ ਮਾਰਿਆ ਜਾਵੇਗਾ।”
ਇਹ ਸੁਣ ਕੇ ਸੈਨਾਪਤੀ ਨੇ ਤੁਰੰਤ ਪਾਣੀ ਦਾ ਗਿਲਾਸ ਸੁੱਟ ਦਿੱਤਾ ਅਤੇ ਬੋਲਿਆ,”ਹਜ਼ੂਰ, ਹੁਣ ਮੈਂ ਪਾਣੀ ਨਹੀਂ ਪੀਣਾ। ਤੁਸੀਂ ਚਾਹੇ ਮੇਰਾ ਸਿਰ ਕਲਮ ਕਰਵਾ ਦਿਓ, ਪਰ ਆਪਣੇ ਬਚਨ ਦਾ ਖਿਆਲ ਜ਼ਰੂਰ ਰੱਖਣਾ।” ਉਸ ਦੀ ਗੱਲ ਸੁਣ ਕੇ ਖ਼ਲੀਫ਼ਾ ਬੋਲੇ,”ਹੁਣ ਤੇਰਾ ਸਿਰ ਨਹੀਂ ਲਾਹਿਆ ਜਾ ਸਕਦਾ। ਅਸੀਂ ਤੈਨੂੰ ਆਜ਼ਾਦ ਕਰਦੇ ਹਾਂ।” ਇਸ ਤਰ੍ਹਾਂ ਸੈਨਾਪਤੀ ਨੇ ਬੁੱਧੀਮਾਨੀ ਨਾਲ ਆਪਣੀ ਜਾਨ ਬਚਾਈ ਅਤੇ ਖ਼ਲੀਫ਼ਾ ਨੇ ਆਪਣੇ ਵਚਨ ਦੀ ਲਾਜ ਰੱਖੀ।
(ਨਿਰਮਲ ਪ੍ਰੇਮੀ)