ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ 

by Sandeep Kaur

ਇਕ ਵਾਰ ਗਰਮੀ ਦੇ ਮੌਸਮ ਵਿਚ ਇਕ ਬਾਰਾਂ ਸਿੰਗੇ ਨੂੰ ਪਿਆਸ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਸਿਖਰ ਦੁਪਹਿਰੇ ਪਾਣੀ ਦੀ ਭਾਲ ਕਰਦਾ-ਕਰਦਾ ਉਹ ਇਕ ਪਾਣੀ ਦੇ ਤਲਾਅ ਦੇ ਕੰਢੇ ‘ਤੇ ਪੁੱਜਿਆ। ਤਲਾਅ ਦੇ ਠੰਡੇ ਅਤੇ ਸਾਫ ਪਾਣੀ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। ਪਾਣੀ ਪੀਣ ਤੋਂ ਬਾਅਦ ਉਸ ਦੀ ਨਜ਼ਰ ਪਾਣੀ ਵਿਚਲੇ ਆਪਣੇ ਸਿਰ ਦੇ ਸਿੰਗਾਂ ਦੇ ਪਰਛਾਵੇਂ ਤੇ ਪਈ। ਸਿੰਗਾਂ ਦੀ ਖੂਬਸੂਰਤ ਬਣਤਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਆਪਣੇ ਮੁੰਹ ਮੀਆਂ ਮਿੱਠੂ ਬਣ ਕੇ ਉਸ ਨੇ ਜੀਅ ਭਰ ਕੇ ਇਹਨਾਂ ਦੀ ਪ੍ਰਸ਼ੰਸਾ ਕੀਤੀ। ਉਹ ਖੁਸ਼ੀ ‘ਚ ਪਾਗਲ ਹੋਇਆ ਊਮ ਰਿਹਾ ਸੀ ਕਿ ਉਸ ਨੇ ਪਾਣੀ ਵਿਚ ਆਪਣੀਆਂ ਲੰਮੀਆਂ-ਲੰਮੀਆਂ ਲੱਤਾਂ ਦੇ ਪਰਛਾਵੇਂ ਨੂੰ ਵੇਖਿਆ। ਇਹਨਾਂ ਨੂੰ ਵੇਖਦਿਆਂ ਹੀ ਉਸ ਦੀ ਖੁਸ਼ੀ ਦਾ ਸਾਰਾ ਨਸ਼ਾ ਜਾਂਦਾ ਰਿਹਾ । 

ਅਜੇ ਬਾਰਾਂ ਸਿੰਗੇ ਦਾ ਮਨ ਆਪਣੇ ਸਿੰਗਾਂ ਦੀ ਪ੍ਰਸ਼ੰਸਾ ਅਤੇ ਲੱਤਾਂ ਦੀ ਨਿੰਦਿਆ ਵਿਚਕਾਰ ਘੋਲ ਕਰ ਹੀ ਰਿਹਾ ਸੀ ਕਿ ਇਕ ਸ਼ਿਕਾਰੀ ਆਪਣੇ ਕੁੱਤਿਆਂ ਸਮੇਤ ਆ ਪਹੁੰਚਿਆ। ਉਸਨੂੰ ਆਪਣੀ ਰੱਖਿਆ ਲਈ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਹ ਉੱਥੇ ਉਨਾਂ ਨੂੰ ਵੇਖ ਕੇ ਦੌੜ ਗਿਆ। ਸ਼ਿਕਾਰੀ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ। ਬਾਰਾਂ ਸਿੰਗੇ ਦੀਆਂ ਭੈੜੀਆਂ ਲੱਤਾਂ, ਜਿਨ੍ਹਾਂ ਦੀ ਉਹ ਨਿੰਦਿਆ ਕਰਦਾ ਸੀ, ਉਸ ਨੂੰ ਬਚਾ ਕੇ ਕਾਫ਼ੀ ਦੂਰ ਲੈ ਗਈਆਂ। 

ਦੌੜੇ ਜਾਂਦੇ ਬਾਰਾਂ ਸਿੰਗੇ ਦੇ ਸਿੰਗ, ਜਿਨ੍ਹਾਂ ਨੂੰ ਉਹ ਬਹੁਤ ਖੂਬਸੂਰਤ ਸਮਝਦਾ ਸੀ, ਇਕ ਝਾੜੀ ਵਿਚ ਅੜ ਗਏ। ਉਸਨੇ ਝਾੜੀ ਵਿਚੋਂ ਆਪਣੇ ਸਿੰਗਾਂ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ। ਅੰਤ ਸ਼ਿਕਾਰੀ ਕੁੱਤੇ ਉਸ ਨੂੰ ਲੱਭਦੇ-ਲੱਭਦੇ ਉੱਥੇ ਆ ਗਏ। ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਮਾਰ ਸੁੱਟਿਆ। ਇਸ ਤਰ੍ਹਾਂ ਬਾਰਾਂ ਸਿੰਗੇ ਦੀਆਂ ਭੈੜੀਆਂ ਲੱਤਾਂ ਨੇ ਤਾਂ ਉਸਨੂੰ ਬਚਾਇਆ, ਪਰ ਉਸ ਦੇ ਸੁੰਦਰ ਸਿੰਗ ਉਸ ਦੀ ਮੌਤ ਦਾ ਕਾਰਨ ਬਣ ਗਏ।

You may also like