ਤੈਨੂੰ ਕੱਲ ਸਮਝਾਇਆ ਨੀਂ ਉਇ ਇਹ ਸੁਆਲ? ਫੇਰ ਆ ਖੜੈ ਬੋਤੇ ਆੜੂ ਧੌਣ ਕੱਢਕੇ , ਦਿਮਾਗ ਐ ਕਿ ਤੂੜੀ ਭਰੀ ਐ? ਪਤਾ ਨੀਂ ਕੀ ਖਾਕੇ ਜੰਮਦੀਐ, ਜਿੰਨਾ ਮਰਜ਼ੀ ਮੱਥਾ ਮਾਰੀ ਜਾਓ, ਸਾਲਿਆਂ ਦੇ ਕੱਖ ਪੱਲੇ ਨੀਂ ਪੈਂਦਾ ਫ਼ਰ ਨਾ ਹੋਣ ਤਾਂ ਕਿਤੋਂ ਦੇ ਜਦੋਂ ਲਘੱਤਮ ਈ ਗਲਤ ਐ ਤਾਂ ਸੁਆਲ ਠੀਕ ਕਿੱਥੋਂ ਹੋ ਜੂ?
ਗ਼ਲਤ ਸੁਆਲ ਵਾਲੀ ਸਲੇਟ ਅਧਿਆਪਕ ਦੇ ਸਾਹਮਣੇ ਪਈ ਹੈ ਤੇ ਉਹ ਮੁੰਡੇ ਉਤੇ ਲਗਾਤਾਰ ਖਿਝ ਰਿਹਾ ਹੈ। ਉਸਦਾ ਸਿਰ ਦੁਖਣ ਲੱਗ ਪੈਂਦਾ ਹੈ।
ਪਤਾ ਨੀਂ ਕਿਹੜੀ ਚੰਦਰੀ ਘੜੀ ਸੀ ਜਦੋਂ ਏਸ ਮਹਿਕਮੇਂ ’ਚ ਆ ਫਸੇ ਹੁਣ ਮਾਰੀ ਜਾਓ ਮੱਥਾ ਸਾਰੀ ਉਮਰ ਇਨ੍ਹਾਂ ਡੰਗਰਾਂ ਨਾਲ ਸਾਹਮਣੇ ਨੀਵੀਂ ਪਾਈ ਖੜਾ ਮੁੰਡਾ ਉਸਨੂੰ ਵਿਹੁ ਵਰਗਾ ਲਗਦਾ ਹੈ। ਉਸਦੇ ਮੂੰਹ ਦਾ ਸੁਆਦ ਕੌੜਾ ਕੌੜਾ ਹੋ ਜਾਂਦਾ ਹੈ ਜਿਵੇਂ ਕੁਨੈਣ ਖਾਧੀ ਹੋਵੇ | ਅਚਾਨਕ ਬੜੇ ਜ਼ੋਰ ਨਾਲ ਉਸਨੂੰ ਚਾਹ ਦੀ ਤਲਬ ਮਹਿਸੂਸ ਹੁੰਦੀ ਹੈ।
‘ਦੁੱਧ ਦੀਆਂ ਵਾਰੀਆਂ ਲਾ ਤੀਆਂ ਉਇ ਚਰਨਿਆਂ? ਉਹ ਮਨੀਟਰ ਨੂੰ ਪੁੱਛਦਾ ਹੈ। ਜੀ ਵਾਰੀ ਆਲਾ ਤਾਂ ਕੋਈ ਨੀਂ ਲਿਆਇਆ।
ਮੁੰਡੇ ਵੱਲੋਂ ਜਵਾਬ।
ਕਿਉਂ?
ਜੀ! ਸਮਸ਼ੇਰ ਕੀ ਤਾਂ ਕੱਟੀ ਚੁੰਘਗੀ ਤੇ ਵਿਸਾਖੀ ਕਹਿੰਦਾ ਸਾਡੇ ਘਰੇ ਨੀਂ ਕੋਈ, ਕੁਲਵੰਤ ਕਿਆਂ ਨੇ ਥੇਈ ਕਰ ਲੀ ਜੀ।
‘ਫੇਰ?’ ਚਾਹ ਦੀ ਤਲਬ ਫੇਰ ਉਸਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ।
‘ਜੀ ਮੈਂ ਲਿਆਵਾਂ?’ ਸਾਹਮਣੇ ਖੜਾ ਗਲਤ ਸੁਆਲ ਵਾਲਾ ਮੁੰਡਾ ਆਖਦਾ ਹੈ। ਉਸਦੇ ਮਾੜਾ ਜਿਹਾ ਸਿਰ ਹਿਲਾਉਣ ਤੇ ਹੀ ਮੁੰਡਾ ਬਹੁ-ਵੀਟ ਜਾਂਦਾ ਹੈ ਜਿਵੇਂ ਕੋਈ ਕੈਦੀ ਜੇਲੋਂ ਛੁੱਟ ਗਿਆ ਹੋਵੇ। ਰੱਸਾ ਤੁੜਾ ਕੇ ਭੱਜੇ ਪਸ਼ੂ ਵਾਗ ਉਹ ਦੁੜੰਗੇ ਮਾਰਦਾ ਗੇਟੋਂ ਬਾਹਰ ਹੋ ਜਾਂਦਾ ਹੈ।
ਉਹ ਦੁੱਧ ਦੀ ਗੜਵੀ ਹਾਜ਼ਰੀ ਰਜਿਸਟਰ ਨਾਲ ਢਕ ਕੇ ਪਿਛਲੇ ਤਾਕ ਵਿਚ ਰੱਖ ਦਿੰਦਾ ਹੈ।
ਦੇਖ ਬੇਟੇ! ਜੇ ਕੋਈ ਸੁਆਲ ਨਾ ਆਵੇ ਤਾਂ ਪੁੱਛ ਲਈਦੈ ਸੰਗੀਦਾ ਨੀਂ ਅਸੀਂ ਕਾਹਦੇ ਵਾਸਤੇ ਬੈਠੇ ਆਂ ਦੇਖ! ਏਥੇ ਲਾ ਤੀਆ।
ਅਧਿਆਪਕ ਦੇ ਬੋਲਾਂ ਵਿਚ ਹੁਣ ਮਿਸਰੀ ਘੁਲਦੀ ਜਾ ਰਹੀ ਹੈ ਤੇ ਮੁੰਡਾ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕ ਰਿਹਾ ਹੈ।
punjabi short stories
ਇਲੈਕਸ਼ਨ ਖਤਮ ਹੋ ਚੁੱਕੀ ਸੀ। ਸਾਰਾ ਹੀ ਅਕਾਸ਼ ਗੂੰਜਾਊ ਵਾਤਾਵਰਣ ਸ਼ਾਂਤ ਹੋਇਆ ਪਿਆ ਸੀ। ਸਾਰੇ ਹੀ ਗਿਣਤੀ ਵਾਲੇ ਥਾਵਾਂ ਉਪਰ ਪੁਲੀਸ ਤਾਇਨਾਤ ਸੀ।
ਸਵੇਰੇ ਗਿਣਤੀ ਦਾ ਕੰਮ ਸ਼ੁਰੂ ਹੋਇਆ। ਵਰਕਰ ਹੱਥਾਂ ਵਿਚ ਵੰਡੇ ਫੜੀ ਕਾਰਾਂ ਉਪਰ ਤੇ ਟਰੱਕਾਂ ਉੱਤੇ ਵੋਟਾਂ ਦੀ ਗਿਣਤੀ ਵਾਲੀ ਥਾਂ ਦੇ ਕੋਲ ਖੜ੍ਹੇ ਹੋ ਰਹੇ ਸਨ। ਅੰਦਰੋਂ ਗਿਣਤੀ ਦੇ ਵੇਰਵੇ ਬਾਹਰ ਆ ਰਹੇ ਸਨ। ਜਦ ਵੀ ਵੇਰਵਾ ਬਾਹਰ ਆਉਂਦਾ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਨਾਹਰੇ ਮਾਰਨ ਲੱਗ ਪੈਂਦੇ।
ਇਕ ਵੇਰਵੇ ਨਾਲ ਇਕ ਪਾਰਟੀ ਦਾ ਉਮੀਦਵਾਰ ਵੋਟਾਂ ਦੀ ਗਿਣਤੀ ਵਿਚ ਲੀਡ ਕਰਨ ਲੱਗ ਪਿਆ। ਉਸਦੇ ਵਰਕਰ ਉਸਦੇ ਹੱਕ ਵਿਚ ਨਾਹਰੇ ਲਗਾਉਣ ਲੱਗ ਪਏ। ਉਸਦੇ ਘਰ ਮਿਠਾਈ ਵੰਡੀ ਜਾਣ ਲੱਗ ਪਈ। ਢੋਲ ਵੱਜਣੇ ਸ਼ੁਰੂ ਹੋ ਗਏ, ਭੰਗੜੇ ਪੈਣ ਲੱਗ ਪਏ। ਟੈਲੀਫੋਨ ਦੀ ਘੰਟੀ ਲਗਾਤਾਰ ਵਧਾਈਆਂ ਲਈ ਖੜਕਣ ਲੱਗ ਪਈ। ਮਿੰਟਾਂ ਵਿਚ ਹੀ ਕਾਰਾਂ, ਸਕੂਟਰਾਂ ਤੇ ਸਾਈਕਲਾਂ ਨਾਲ ਕੋਠੀ ਦਾ ਬਾਹਰਲਾ ਬਾਗ ਭਰ ਗਿਆ।
ਦੂਜੇ ਵੇਰਵੇ ਨੇ ਕਮਾਲ ਹੀ ਕਰ ਦਿੱਤੀ। ਪਹਿਲਾ ਉਮੀਦਵਾਰ ਜੋ ਲੀਡ ਕਰ ਰਿਹਾ ਸੀ, ਉਹ ਹੁਣ ਦੂਸਰੇ ਉਮੀਦਵਾਰ ਤੋਂ ਕਾਫੀ ਪਿੱਛੇ ਚਲਾ ਗਿਆ। ਅਤੇ ਦੂਸਰਾ ਜਿੱਤ ਵਧ ਵਧਣ ਲੱਗਾ। ਪਹਿਲੇ ਉਮੀਦਵਾਰ ਤੇ ਜਿੰਨੀ ਲੋਕਾਂ ਦੀ ਭੀੜ ਤੇ ਰੌਣਕ ਸੀ ਇਕ ਮਿੰਟ ਵਿਚ ਖਤਮ ਹੋ ਗਈ। ਤੇ ਦੂਜੇ ਉਮੀਦਵਾਰ ਦੇ ਝੰਡੇ ਉਸਦੀ ਕੋਠੀ ਵਲ ਚੱਲਣ ਲੱਗ ਪਏ।
ਅੱਜ ਸਾਡੇ ਪਿੰਡ ਕਿਸੇ ਮਨਿਸਟਰ ਨੇ ਆਉਣਾ ਸੀ ਕਿਉਂਕਿ ਵੋਟਾਂ ਨੇੜੇ ਸਨ। ਇਸ ਲਈ ਟੋਭੇ ਵਾਲੇ ਗਰਾਊਂਡ ਨੂੰ ਖੂਬ ਸਜਾਇਆ ਗਿਆ। ਮੈਂ ਵੀ ਘਰੋਂ ਤੁਰ ਪਿਆ ਕਿ ਸ਼ਾਇਦ ਮੇਰੀ ਵੀ ਕੋਈ ਫਰਿਆਦ ਸੁਣੀ ਜਾਵੇ। ਅਤੇ ਜਾ ਕੇ ਟੋਭੇ ਦੇ ਇਕ ਪਾਸੇ ਗੱਡੇ ਲੁੱਕ ਵਾਲੇ ਖਾਲੀ ਢੋਲ ਉਪਰ ਬੈਠ ਗਿਆ।
“ਟਰਰ….ਟਰਰ…ਟਰ`, ਟੋਭੇ ਦੇ ਇਕ ਕੰਢੇ ਬੈਠਾ ਡੱਡੂ ਸ਼ਾਇਦ ਮੈਥੋਂ ਤੂੰ ਪੁੱਛ ਰਿਹਾ ਸੀ, ਕੀ ਵੀ ਬੇਰੁਜ਼ਗਾਰ ਫਿਰਦੇ?
‘ਟਰਰ.ਟਰਰ..ਟਰ’, ਕੀ ਤੁਸੀਂ ਅਜੇ ਵੀ ਇਨ੍ਹਾਂ ਸਾਰਿਆਂ ’ਚ ਰੱਖਣ ਵਾਲੇ ਮੰਤਰੀਆਂ ਤੇ ਵਿਸ਼ਵਾਸ਼ ਰੱਖਦੇ ਹੋ।
“ਟਰਰ….ਟਰਰ…ਟਰ’, ਕੀ ਤੇਰੇ ਸਾਰੇ ਦਿਨ ਦੀ ਮਿਹਨਤ ਦਾ ਮੁੱਲ ਦੋ ਰੋਟੀਆਂ ਵੀ ਨਹੀਂ ਪੈਂਦਾ?
ਏਨੇ ਵਿਚ ਇਥ ਬਗਲਾ ਡੱਡੂ ਉਤੇ ਝਪਟਿਆ ਅਤੇ ਡੱਡੂ ਦੀ ‘ਟਰਰ….ਟਰਰ….ਟਰ ਦੀ ਚੀਕ ਮੇਰੇ ਕੰਨਾਂ ਵਿਚ ਪਈ ਜਿਵੇਂ ਡੱਡੂ ਮੈਥੋਂ ਪੁੱਛ ਰਿਹਾ ਹੋਵੇ “ਕੀ ਤੇਰੇ ਪਿੰਡ ਵੀ ਹੱਕ ਮੰਗਣ ਵਾਲੇ ਦਾ ਗਲਾ, ਬਗਲਿਆਂ ਦੇ ਰੂਪ ਵਿਚ ਫਿਰਦੇ ਕਾਂ ਮੇਰੇ ਵਾਂਗ ਘੁੱਟ ਦਿੰਦੇ ਹਨ?”
ਮੈਂ ਆਉਣ ਵਾਲੇ ‘ਬਗਲੇ’ ਨੂੰ ਦੇਖਣ ਦਾ ਖਿਆਲ ਛੱਡ ਕਿਸੇ ਕੰਮ ਦੀ ਭਾਲ ਵਿਚ ਤੁਰ ਪਿਆ।
ਝਿਜਕ/ਦਰਸ਼ਨ ਮਿਤਵਾ
ਉਸ ਪੜੇ ਲਿਖੇ ਨੌਜਵਾਨ ਨੇ ਕਿਧਰੇ ਜਾਣਾ ਸੀ।
ਉਹ ਬੱਸ ਅੱਡੇ ਵਿਚ ਬੱਸਾਂ ਉਤਲੇ ਬੋਰਡ ਪੜ੍ਹਦਾ ਫਿਰਦਾ ਸੀ। ਮੂਰਖ ਵੱਜਣ ਦੇ ਡਰੋਂ ਉਸਨੇ ਕਿਸੇ ਤੋਂ ਬੱਸ ਦੇ ਕਿਧਰੇ ਜਾਣ ਬਾਰੇ ਪੁੱਛਿਆ ਵੀ ਨਾ।
ਉਹ ਬੱਸ ਬੱਸ ਕੌਂਦਾ ਰਿਹਾ। ਇਕ ਬੱਸ ਤੋਂ ਦੂਜੀ, ਦੂਜੀ ਤੋਂ ਤੀਜੀ….!
ਇਕ ਕੋਈ ਅਨਪੜ੍ਹ ਜਿਹਾ ਆਇਆ।
ਉਸਨੇ ਬੱਸ ਵਿਚ ਬੈਠੀ ਸਵਾਰੀ ਤੋਂ ਬੱਸ ਦੇ ਕਿਸੇ ਪਾਸੇ ਜਾਣ ਬਾਰੇ ਪੁੱਛਿਆ ਤੇ ਝੱਟ ਬੱਸ ਵਿਚ ਬੈਠ ਗਿਆ।
ਬੱਸ ਚਲ ਪਈ।
-ਪਰ ਉਹ ਪੜਿਆ ਲਿਖਿਆ ਨੌਜਵਾਨ ਅਜੇ ਵੀ ਹੋਰ ਬੱਸਾਂ ਦੇ ਬੋਰਡ ਪੜ੍ਹਦਾ ਅੱਡੇ ਦਾ ਚੱਕਰ ਕੱਟ ਰਿਹਾ ਸੀ।
ਜੋਕ
ਉਹ ਇਕ ਸਰਕਾਰੀ ਦਫਤਰ ਵਿਚ ਕਲਰਕ ਲੱਗਾ ਹੋਇਆ ਸੀ। ਉਹ ਬੜੇ ਹੀ ਠਾਠਬਾਠ ਨਾਲ ਦਫਤਰ ਵਿਚ ਰਹਿੰਦਾ ਸੀ। ਕਿਸੇ ਵੀ ਅਫਸਰ ਦੀ ਜੁਰਤ ਨਹੀਂ ਸੀ ਕਿ ਉਸ ਅੱਗੇ ਅੱਖ ਪੁੱਟ ਜਾਏ। ਉਹ ਦੱਬ ਕੇ ਰਿਸ਼ਵਤ ਲੈਂਦਾ ਸੀ।
ਕੁਝ ਹੀ ਦਿਨ ਹੋਏ ਸਨ ਕਿ ਉਹਨਾਂ ਦੇ ਦਫਤਰ ਵਿਚ ਇਕ ਨਵਾਂ ਅਫਸਰ ਆਇਆ ਸੀ। ਉਹ ਸੁਭਾ ਦਾ ਕੁਝ ਸਖਤ, ਇਮਾਨਦਾਰ ਤੇ ਮਿਹਨਤੀ ਆਦਮੀ ਸੀ। ਅਫਸਰ ਨੇ ਮੰਤਰੀਆਂ ਦੇ ਦਿੱਤੇ ਭਾਸ਼ਨਾਂ ਮੁਤਾਬਕ ਭ੍ਰਿਸ਼ਟਾਚਾਰ ਖਤਮ ਕਰਨ ਦਾ ਮਨ ਬਣਾ ਲਿਆ ਸੀ।
ਲੋਕਾਂ ਦੀ ਸ਼ਿਕਾਇਤ ਤੇ ਅਫਸਰ ਨੇ ਕਲਰਕ ਦੀ ਸੀਟ ਬਦਲ ਦਿੱਤੀ ਤਾਂ ਜੋ ਉਹ ਲੋਕਾਂ ਕੋਲੋਂ ਰਿਸ਼ਵਤ ਨਾ ਲੈ ਸਕੇ।
ਕਲਰਕ ਨੂੰ ਅਫਸਰ ਦੀ ਇਹ ਗੱਲ ਬਿਲਕੁਲ ਹੀ ਚੰਗੀ ਨਾ ਲੱਗੀ। ਉਹ ਕੁਝ ਸਰਦੇ -ਪੁੱਜਦੇ ਬੰਦੇ ਲੈ ਕੇ ਮਹਿਕਮੇ ਦੇ ਸਬੰਧਤ ਮੰਤਰੀ ਕੋਲ ਚਲਾ ਗਿਆ। ਉਹਨਾਂ ਨੇ ਮੰਤਰੀ ਨੂੰ ਅਫਸਰ ਸਬੰਧੀ ਸਾਰੀ ਗੱਲਬਾਤ ਦੱਸੀ। ਮੰਤਰੀ ਨੇ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਤਾਂ ਇਕ ਸੱਜਣ ਨੇ ਕਿਹਾ- ਮੰਤਰੀ ਜੀ, ਕੀ ਹੋਇਆ ਜੇ ਕਲਰਕ ਨੇ ਕੁਝ ਰਿਸ਼ਵਤ ਲੈ ਲਈ, ਆਖਰਕਾਰ ਉਸ ਨੇ ਵੀ ਤਾਂ ਚੋਣ ਵੇਲੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਤੁਹਾਡੀ ਪਾਰਟੀ ਨੂੰ ਕਾਮਯਾਬ ਬਣਾਇਆ ਸੀ।
ਮੰਤਰੀ ਨੇ ਆਪਣੇ ਪ੍ਰਾਈਵੇਟ ਸਕੱਤਰ ਤੋਂ ਕਲਰਕ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੰਤੁਸ਼ਟ ਹੋ ਗਿਆ।
ਮੰਤਰੀ ਨੇ ਇਕ ਹਫਤੇ ਦੇ ਅੰਦਰ ਅੰਦਰ ਇਮਾਨਦਾਰ ਅਫਸਰ ਨੂੰ ਪੱਛੜੇ ਇਲਾਕੇ ਵਿਚ ਤਬਦੀਲ ਕਰ ਦਿੱਤਾ ਤੇ ਕਲਰਕ ਨੂੰ ਮੁੜ ਪਹਿਲਾਂ ਵਾਲੀ ਸੀਟ ਦੇ ਦਿੱਤੀ ਗਈ।
ਮੇਰੀ ਆਤਮਾ ਦੀਆਂ ਅੱਖਾਂ ਭਰ ਆਈਆਂ। ਆਪੇ ਨਾਲ ਘਿਰਣਾ ਜਿਹੀ ਹੋਣ ਲੱਗੀ। ਇਉਂ ਜਾਪਿਆ ਜਿਵੇਂ ਮੈਥੋਂ ਵਧ ਕੋਈ ਨਿਰਦਈ ਨਹੀਂ ਹੋਣੀ। ਜੋ ਉਸਦੇ ਅੱਥਰੂ ਪੂੰਝ ਦਿੰਦੀ, ਦਿਲਾਸੇ ਦੇ ਦੋ ਸ਼ਬਦ ਕਹਿ ਦਿੰਦੀ, ਤਾਂ ਕਿਹੜੀ ਆਫਤ ਆ ਚੱਲੀ ਸੀ। ਉਹਨੇ ਤਾਂ ਕਈ ਬਾਰ ਮੇਰੇ ਕੁਆਰੇ ਅੱਥਰੂ ਆਪਣੀਆਂ ਅੱਖਾਂ ਵਿਚ ਸਮਾਏ ਹਨ। ਤੇ ਮੈਂ ਵੇਖਣ ਵਾਲਿਆਂ ਦੇ ਡਰੋਂ ਪੱਥਰ ਬਣੀ ਇਉਂ ਵੇਖਦੀ ਰਹੀ ਸੀ ਜਿਵੇਂ ਮੇਰਾ ਉਹ ਕੁਝ ਨਹੀਂ ਹੁੰਦਾ। ਜਿਵੇਂ ਪਿਆਰ ਦੇ ਗਲ ਲਗਕੇ ਮਿਲਣਾ ਪਾਪ ਹੋਵੇ।
ਮੇਰੇ ਨਾਲ ਬੈਠੀ ਅਨਪੜ੍ਹ ਗਰੀਬਣੀ ਜਿਹੀ ਜ਼ਨਾਨੀ ਨੇ ਵਗਦੇ ਅੱਥਰੂ ਵੇਖ ਲਏ ਸਨ। ਬੋਲੀ-ਏ ਬੀਬੀ! ਤੂੰ ਉੱਤਰ ਕੇ ਇਹਦੇ ਨਾਲ ਕੋਈ ਗੱਲ ਕਰ ਲੈ। ਕਿਸੇ ਨੂੰ ਕੋਈ ਦੁਖ ਹੁੰਦੈ ਤਦੇ ਰੋਂਦਾ ਏ। ਮੈਨੂੰ ਆਪਣੇ ਨਾਲੋਂ ਉਹ ਅਨਪੜ੍ਹ ਮੰਗਤੀ ਜਿਹੀ ਚੰਗੀ ਲੱਗੀ। ਜਿਸਨੂੰ ਬਿਨਾਂ ਜਾਣ-ਪਛਾਣ ਤੋਂ ਵੀ ਤਰਸ ਆਇਆ ਸੀ।
ਮੈਂ ਤੁਰੀ ਜਾਂਦੀ ਗੱਡੀ ਵਿੱਚੋਂ ਉਹਨੂੰ ਇਉਂ ਵੇਖਿਆ ਸੀ ਜਿਵੇਂ ਮੇਰੀ ਅੱਧੀ ਆਤਮਾ ਪਿੱਛੇ ਰਹਿ ਗਈ ਹੋਵੇ। ਪਰ ਅੱਗੇ ਜਿਸ ਅੱਧ ਕੋਲ ਮੇਰੇ ਜਿਸਮ ਦਾ ਰਾਤ ਹੋਣ ਤੱਕ ਪੁਜਣਾ ਜਰੂਰੀ ਸੀ, ਉਹ ਮੇਰੇ ਸਿਰ ਉਤੇ ਲਾਲ ਲਕੀਰ ਬਣਕੇ ਬੈਠਾ ਹੋਇਆ ਹੈ। ਤੇ ਮੈਂ ਸੋਚਦੀ ਹਾਂ, ਕੀ ਆਪਣੀ ਇੱਛਾ ਅਨੁਸਾਰ ਕੋਈ ਪਲ ਨਾ ਜਿਉਂ ਸਕਣਾ ਹੀ ਜ਼ਿੰਦਗੀ ਹੈ?
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਕਈ ਵਾਰ ਅਧਿਕਾਰੀਆਂ ਨੂੰ ਜੰਗਲ ਵਿਚ ਦੌਰੇ ਤੇ ਜਾਣਾ ਪੈਂਦਾ ਹੈ। ਉਥੇ ਉਹਨਾਂ ਵਾਸਤੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੈ। ਇਸ ਲਈ ਇਹ ਚੰਗਾ ਹੋਵੇਗਾ ਕਿ ਜੇਕਰ ਉਥੇ ਇਕ ਡਾਕ ਬੰਗਲਾ ਬਣਵਾ ਦਿੱਤਾ ਜਾਵੇ ਤਾਂ ਕਿ ਜੰਗਲਾਤ ਅਧਿਕਾਰੀਆਂ ਨੂੰ ਉਥੇ ਰਹਿਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।
ਸਰਕਾਰ ਵੱਲੋਂ ਡਾਕ ਬੰਗਲੇ ਦੀ ਉਸਾਰੀ ਲਈ ਗਰਾਂਟ ਮਨਜ਼ੂਰ ਹੋ ਗਈ। ਕੁਝ ਚਿਰ ਮਗਰੋਂ ਸਰਕਾਰੀ ਕਾਗਜ਼ਾਂ ਵਿਚ ਡਾਕ ਬੰਗਲੇ ਦੀ ਉਸਾਰੀ ਪੂਰੀ ਹੋ ਗਈ।
ਕਈ ਸਾਲ ਲੰਘ ਗਏ। ਪਹਿਲਾ ਜੰਗਲਾਤ ਅਧਿਕਾਰੀ ਆਪਣੀ ਨੌਕਰੀ ਪੂਰੀ ਕਰ ਰੀਟਾਇਰ ਹੋ ਗਿਆ। ਨਵੇਂ ਜੰਗਲਾਤ ਅਧਿਕਾਰੀ ਨੇ ਆ ਕੇ ਚਾਰਜ ਸੰਭਾਲ ਲਿਆ। ਇੱਕ ਦਿਨ ਉਹਨੇ ਸੋਚਿਆ ਕਿ ਚਲੋ ਜੰਗਲ ਦਾ ਦੌਰਾ ਕੀਤਾ ਜਾਵੇ ਅਤੇ ਉਥੇ ਹੀ ਡਾਕ ਬੰਗਲੇ ਵਿਚ ਠਹਿਰਿਆ ਜਾਵੇ।
ਦੌਰੇ ਤੋਂ ਮਗਰੋਂ ਜੰਗਲਾਤ ਅਧਿਕਾਰੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਵਾਰ ਬਰਸਾਤ ਜਿਆਦਾ ਹੋਣ ਕਾਰੜ ਡਾਕ ਬੰਗਲੇ ਦੀ ਹਾਲਤ ਖ਼ਸਤਾ ਹੋ ਗਈ ਹੈ, ਇਸ ਲਈ ਉਸ ਦੀ ਮੁਰੰਮਤ ਕਰਾਉਣ ਲਈ ਗਰਾਂਟ ਮਨਜੂਰ ਕੀਤੀ ਜਾਵੇ। ਸਰਕਾਰ ਵੱਲੋਂ ਮੁਰੰਮਤ ਲਈ ਗਰਾਂਟ ਮਨਜੂਰ ਹੋ ਗਈ ਅਤੇ ਡਾਕ ਬੰਗਲੇ ਦੀ ਮੁਰੰਮਤ ਕਰਵਾ ਦਿੱਤੀ ਗਈ।
ਕੁਝ ਚਿਰ ਮਗਰੋਂ ਦੂਜਾ ਜੰਗਲਾਤ ਅਧਿਕਾਰੀ ਤਬਦੀਲ ਹੋ ਗਿਆ। ਨਵੇਂ ਅਧਿਕਾਰੀ ਨੇ ਚਾਰਜ ਸੰਭਾਲਣ ਮਗਰੋਂ ਡਾਕ ਬੰਗਲੇ ਦਾ ਦੌਰਾ ਕੀਤਾ ਅਤੇ ਸਰਕਾਰ ਨੂੰ ਰਿਪੋਰਟ ਪੇਸ਼ ਕੀਤੀ ਕਿ ਮੁਰੰਮਤ ਕਰਾਉਣ ਮਗਰੋਂ ਵੀ ਡਾਕ ਬੰਗਲੇ ਦੀ ਹਾਲਤ ਠੀਕ ਨਹੀਂ ਹੋਈ। ਸੋ ਚੰਗਾ ਹੋਵੇਗਾ ਕਿ ਡਾਕ ਬੰਗਲੇ ਨੂੰ ਢਾਹ ਦਿੱਤਾ ਜਾਵੇ ਅਤੇ ਸਾਰਾ ਮਲਬਾ ਜੰਗਲ ਤੋਂ ਬਾਹਰ ਸੁੱਟ ਦਿੱਤਾ ਜਾਵੇ, ਤੇ ਇਸ ਸਾਰੇ ਖਰਚੇ ਦੀ ਪ੍ਰਵਾਨਗੀ ਦਿੱਤੀ ਜਾਵੇ।
ਸਰਕਾਰ ਵੱਲੋਂ ਮਨਜ਼ੂਰੀ ਆਉਣ ਤੇ ਡਾਕ ਬੰਗਲਾ ਢਾਹ ਦਿੱਤਾ ਗਿਆ ਅਤੇ ਸਾਰਾ ਮਲਬਾ ਜੰਗਲ ਤੋਂ ਬਾਹਰ ਸੁਟਵਾ ਦਿੱਤਾ ਗਿਆ। ਕਾਗਜ਼ੀ ਕਾਰਵਾਈ ਪੂਰੀ ਸੀ। ਨਾ ਡਾਕ ਬੰਗਲਾ ਉਸਾਰਿਆ ਗਿਆ ਸੀ, ਨਾ ਉਸਦੀ ਮੁਰੰਮਤ ਕਰਵਾਈ ਗਈ ਸੀ, ਨਾ ਉਸ ਨੂੰ ਢਾਹ ਕੇ ਉਸਦਾ ਮਲਬਾ ਜੰਗਲ ਤੋਂ ਬਾਹਰ ਸੁੱਟਿਆ ਗਿਆ ਸੀ।
ਇਕ ਮੁੰਡੇ ਨੇ ਜਿਹੜਾ ਕਿ ਮਾਸਟਰ ਦਾ ਗੁਆਂਢੀ ਹੈ ਆ ਕੇ ਕਿਹਾ ਹੈ,‘‘ਮਾਸਟਰ ਜੀ ਤੁਹਾਡੀ ਬੀਵੀ ਦਮ ਤੋੜ ਗਈ।
ਮਾਸਟਰ ਜੀ! ਧੁਨ ਵਜਾਉਂਦੇ ਵਜਾਉਂਦੇ ਕਿਉਂ ਰੁਕ ਗਏ ਹੋ? ਟਵਿਸਟ ਕਰ ਰਹੇ ਮੁੰਡਿਆਂ ਵਿੱਚੋਂ ਇੱਕ ਨੇ ਵਾਲਾਂ ਵਿਚ ਕੰਘੀ ਫੇਰਦਿਆਂ ਸਵਾਲ ਕੀਤਾ।
ਬੈਂਡ ਮਾਸਟਰ ਸੋਚ ਰਿਹਾ ਹੈ ਵਿਆਹ ਦਾ ਕੰਮ ਹੈ, ਵਿਚੇ ਛੱਡ ਕੇ ਨਹੀਂ ਜਾਇਆ ਜਾ ਸਕਦਾ। ਪਾਰੋ ਦਾ ਬਾਲਣ-ਫੂਕਣ ਕਰਨ ਲਈ ਵੀ ਤਾਂ ਪੈਸੇ ਚਾਹੀਦੇ ਹਨ। ਲਾਲਿਆਂ ਨੇ ਪੈਸੇ ਤਾਂ ਕੰਮ ਪੂਰਾ ਹੋ ਜਾਣ ਤੋਂ ਬਾਅਦ ਦੇਣੇ ਨੇ। ਮੁੰਡੇ ਨੇ ਫਿਰ ਮਾਸਟਰ ਨੂੰ ਹਲੂਣਿਆ ਹੈ। ਮਾਸਟਰ ਨੇ ਧੁਨ ਵਜਾਉਣੀ ਸ਼ੁਰੂ ਕਰ ਦਿੱਤੀ। ਧੁਨ ਵਜਦੀ ਰਹੀ, ਉਹ ਨੱਚਦੇ ਰਹੇ। ਧੁਨ ਵਜਦੀ ਰਹੀ !
ਰਾਖੇ
ਰਾਮੂ ਰਿਕਸ਼ਾ ਚਾਲਕ ਸੀ। ਉਹ ਮੁਸ਼ਕਿਲ ਨਾਲ ਹੀ ਇੰਨਾਂ ਕਮਾਉਂਦਾ ਸੀ ਜਿੰਨੇ ਨਾਲ ਆਪਣੇ ਟੱਬਰ ਦਾ ਢਿੱਡ ਭਰ ਸਕੇ।
ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਉਸ ਕੋਲ ਪੈਸੇ ਨਹੀਂ ਸਨ। ਉਸ ਛੋਟੀ ਬੱਚੀ ਨਿੱਮੀ ਸੀ- ਇਕ ਦਿਨ ਨਵ-ਵਿਆਹੀ ਕੁੜੀ ਦੀ ਲਾਲ ਚੁੰਨੀ ਵੇਖ ਕੇ ਜ਼ਿਦ ਕਰਨ ਲੱਗ ਪਈ ਕਿ ਉਸਨੂੰ ਵੀ ਉਹੋ ਜਿਹੀ ਲਾਲ ਚੁੰਨੀ ਚਾਹੀਦੀ ਹੈ।
ਮਾਪੇ ਬੱਚਿਆਂ ਦੀ ਰੀਝ ਪੂਰੀ ਕਰਨ ਲਈ ਆਪਣੀ ਵਾਹ ਲਾਉਂਦੇ ਹਨ। ਪਰ ਕਈ ਵਾਰੀ ਉਹ ਬੇਵਸ ਵੀ ਹੋ ਜਾਂਦੇ ਹਨ। ਇਸ ਲਈ ਰਾਮੂੰ ਦੂਸਰੇ ਦਿਨ ਘਰੋਂ ਸਵਖਤੇ ਹੀ ਚੱਲ ਪਿਆ ਤਾਂ ਜੋ ਨਿੰਮੀ ਲਈ ਲਾਲ ਚੁੰਨੀ ਪ੍ਰੀਦਣ ਲਈ ਵੱਧ ਤੋਂ ਵੱਧ ਪੈਸੇ ਕਮਾ ਸਕੇ।
ਤ੍ਰਿਕਾਲਾਂ ਨੂੰ ਜਦੋਂ ਰਾਮੂੰ ਆਪਣੇ ਸੁਪਨਿਆਂ ਵਿਚ ਮਗਨ ਘਰ ਨੂੰ ਆ ਰਿਹਾ ਸੀ ਤਾਂ ਚੌਕ ਵਿੱਚ ਖੜੇ ਸਿਪਾਹੀ ਨੇ ਉਸ ਤੋਂ ਸਾਰੇ ਦਿਨ ਦੀ ਕਮਾਈ ਇਹ ਕਹਿ ਕੇ ਖੋਹ ਲਈ ਕਿ ਉਸਨੇ ਕਈ ਦਿਨਾਂ ਤੋਂ ਉਸਨੂੰ ਸਲਾਮ ਨਹੀਂ ਕੀਤਾ।
ਨਿੰਮੀ ਦੀ ਜਦੋਂ ਉਸਨੂੰ ਯਾਦ ਆਈ ਤਾਂ ਉਹ – ਇਹ ਸੋਚ ਕੇ ਉਦਾਸ ਹੋ ਗਿਆ ਜੇ ਕੌਮ ਦੇ ਰਾਖਿਆਂ ਦਾ ਇਹ ਹਾਲ ਹੈ ਤਾਂ ਗਰੀਬ ਵਿਚਾਰੇ ਕਿਵੇਂ ਜੀਉਣਗੇ।
ਦੋ ਪਰਿਵਾਰਾਂ ਵਿਚ ਵਿਆਹ ਦੀ ਗੱਲ ਬਾਤ ਚੱਲ ਰਹੀ ਸੀ। ਲੜਕਾ ਸਿੰਚਾਈ ਵਿਭਾਗ ਵਿਚ ਕਿਸੇ ਚੰਗੀ ਥਾਂ ਤੇ ਲੱਗਿਆ ਹੋਇਆ ਸੀ ਅਤੇ ਲੜਕੀ ਕਿਸੇ ਬੈਂਕ ਵਿਚ ਸਰਵਿਸ ਕਰਦੀ ਸੀ। ਲੜਕੀ ਵਾਲਿਆਂ ਰਿਸ਼ਤੇ ਲਈ ਹਾਂ ਕਰ ਦਿੱਤੀ ਪਰ ਨਾਲ ਹੀ ਉਹਨਾਂ ਲੜਕੇ ਵਾਲਿਆਂ ਨੂੰ ਇਕ ਸ਼ਰਤ ਮੰਨਣ ਲਈ ਆਖਿਆ। ਲੜਕੀ ਵਾਲਿਆਂ ਇਹ ਸ਼ਰਤ ਰੱਖੀ ਕਿ ਉਹਨਾ ਦੀ ਲੜਕੀ ਘਰ ਦਾ ਕੰਮ ਕਾਰ ਨਹੀਂ ਕਰਿਆ ਕਰੇਗੀ। ਇੱਥੋਂ ਤੱਕ ਕਿ ਪਾਣੀ ਦਾ ਗਿਲਾਸ ਵੀ ਮੰਜੇ ਉੱਤੇ ਬੈਠਿਆਂ ਨੌਕਰ ਦਿਆ ਕਰੇਗਾ।
ਲੜਕੇ ਵਾਲਿਆਂ ਉਹਨਾਂ ਦੀ ਸ਼ਰਤ ਤੇ ਵਿਚਾਰ ਕਰਨ ਮਗਰੋਂ ਇਹ ਸੁਨੇਹਾ ਭੇਜਿਆ ਕਿ ਦਾਜ ਵਿਚ ਇਕ ਸ਼ੋਅ ਕੇਸ ਜਰੂਰ ਦੇਣ ਦੀ ਕ੍ਰਿਪਾ ਕਰਨੀ। ਦਫਤਰੋਂ ਪਰਤਣ ਤੇ ਤੁਹਾਡੀ ਲੜਕੀ ਨੂੰ ਸ਼ੋਅ ਕੇਸ ਵਿਚ ਸਜਾ ਦਿੱਤਾ ਜਾਇਆ ਕਰੇਗਾ।
ਸਵੇਰੇ ਦਸ ਵਜਦਿਆਂ ਹੀ ਉਹ ਦਫਤਰ ਆਇਆ ਤੇ ਆਉਂਦਿਆਂ ਸਾਰ ਇਕ ਲੰਮੀ ਘੰਟੀ ਮਾਰੀ- ਚਪੜਾਸੀ ਨਸ ਕੇ ਅੰਦਰ ਦਾਖਲ ਹੋਇਆ।
ਦਫਤਰ ਦੇ ਸਾਰੇ ਅਮਲੇ ਨੂੰ ਬੁਲਾਓ! ਹੁਕਮ ਹੋਇਆ।
ਇਕ ਕਹਿਰਾਂ ਦੀ ਹਵਾ ਸਾਰੇ ਦਫਤਰ ‘ਚ ਜ਼ਹਿਰੀਲੇ ਮੁਸ਼ਕ ਵਾਂਗ ਘੁੰਮ ਗਈ। ਇਸ ਅਫ਼ਸਰ ਨੂੰ ਇਸ ਦਫ਼ਤਰ ਵਿਚ ਬਦਲ ਕੇ ਆਇਆਂ ਥੋੜੇ ਹੀ ਦਿਨ ਹੋਏ ਸਨ। ਅੱਠਾਂ ਦਿਨਾਂ ਵਿਚ ਦੋ ਵਾਰੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਫਤਰ ਦੇ ਦੋ ਸੀਨੀਅਰ ਕਲਰਕਾਂ ਨੂੰ ਨੋਟਿਸ ਦਿੱਤੇ ਜਾ ਚੁੱਕੇ ਸਨ।
ਆਖਰ ਕੀ ਕੋਤਾਹੀ ਹੋ ਗਈ ਹੋਵੇਗੀ? ਅੱਜ ਕਿਸੇ ਦੇ ਪਿੜ-ਪੱਲੇ ਨਹੀਂ ਸੀ ਪੈ ਰਿਹਾਸਭ ਇਕ ਦੂਜੇ ਤੋਂ ਪੁੱਛਦੇ ਇਕ ਦੂਜੇ ਵਲ ਘੂਰ-ਘੂਰ ਦੇਖਦੇ, ਅਫਸਰ ਦੇ ਕਮਰੇ ਵਿਚ ਇਕੱਠੇ ਹੋ ਗਏ।
ਅਫ਼ਸਰ ਦੇ ਚਿਹਰੇ ਤੇ ਕੁਝ ਚਮਕ ਸੀ। ਉਸਨੇ ਇਕ ਬੰਡਲ ਜਿਹਾ ਖੋਲਿਆ- ਕੁਝ ਕਿਤਾਬਾਂ ਕੱਢੀਆਂ ਗਈਆਂ, ਚਪੜਾਸੀ ਨੂੰ ਹੁਕਮ ਹੋਇਆ- ਸਭ ਨੂੰ ਇੱਕ ਇੱਕ ਵੰਡ ਦੇ ਅਤੇ ਆਖਰੀ ਤੂੰ ਆਪ ਰੱਖ ਲਵੀਂ।
ਕਿਤਾਬਾਂ ਜਿਹੀਆਂ ਦੀ ਗਿਣਤੀ, ਅਮਲੇ ਦੀ ਗਤੀ ਜਿੰਨੀ ਹੀ ਸੀ, ਸਮੇਤ ਤਿੰਨਾਂ ਚਪੜਾਸੀਆਂ ਦੇ ਜਿਨ੍ਹਾਂ ਵਿਚ ਦੋ ਤਾਂ ਕੋਰੇ ਅਨਪੜ੍ਹ ਸਨ। ਵੰਡ-ਵੰਡਾਈ ਮੁਕੰਮਲ ਹੋ ਗਈ।
‘ਇਨਾਂ ਨੂੰ ਕੀ ਕਰਨੈ ਜਨਾਬ?’
ਇਕ ਕਲਰਕ ਨੇ ਹਿੰਮਤ ਕੀਤੀ।
ਹੁਣੇ ਦਸਦਾਂ!
ਫਿਰ ਇਕ ਦਮ ਚੁੱਪ ਛਾ ਗਈ।
ਹਾਂ! ਸਾਰੇ ਇਸਦਾ ਸਫਾ ਨੰਬਰ 39 ਕੱਢੋ- ਇਹ ਵਾਲਾ ਉਸਨੇ ਆਪਣੇ ਹੱਥ ਵਾਲੀ ਕਿਤਾਬ ਜਿਹੀ ਦਾ ਉਹ ਸਫਾ ਕੱਢੇ ਕੇ ਵਿਖਾਉਂਦਿਆਂ ਕਿਹਾ। ਇਸ ਨੂੰ ਸਾਰੇ ਆਪਣੇ ਘਰੀਂ ਲੈ ਜਾਓ ਤੇ ਇਸ ਨੂੰ ਜ਼ਰੂਰ ਪੜਣਾ- ਇਨ੍ਹਾਂ ਦੀ ਕੀਮਤ ਤੁਹਾਡੀਆਂ ਤਨਖਾਹਾਂ ‘ਚੋਂ ਕੱਟ ਲਈ ਜਾਵੇਗੀ।
ਰਸਾਲੇ ਦੇ ਇਸ ਸਫੇ ਤੇ ਇਸ ਅਫਸਰ ਦੀ ਮੂਰਤ ਸਮੇਤ ਕਹਾਣੀ ਛਪੀ ਸੀ।
ਬਸ ਕਾਫੀ ਭਰ ਚੁਕੀ ਸੀ। ਭਾਵੇਂ ਸਾਰੀਆਂ ਸੀਟਾਂ ‘ਤੇ ਸਵਾਰੀਆਂ ਬੈਠੀਆਂ ਸਨ ਪਰ ਹਾਲੇ ਵੀ ਦੋ ਸੀਟਾਂ ਵਾਲੀ ਇਕ ਸੀਟ ਖਾਲੀ ਸੀ। ਕਈ ਸਵਾਰੀਆਂ ਨੇ ਉਸ ਸੀਟ ਦੀ ਕੋਸ਼ਿਸ਼ ਕੀਤੀ ਪਰ ਉਸ ਖਾਲੀ ਪਈ ਸੀਟ ਦੇ ਨਾਲ ਬੈਠਾ ਬਜ਼ੁਰਗ ਸਰਦਾਰ ‘ਸਵਾਰੀ ਬੈਠੀ ਹੈ` ਆਖ ਕੇ ਸਿਰ ਹਿਲਾ ਦਿੰਦਾ।
ਜਿੰਨਾ ਚਿਰ ਬਸ ਨਹੀਂ ਚੱਲੀ, ਸਾਰੀਆਂ ਖੜੀਆਂ ਸਵਾਰੀਆਂ ਸਵਾਰੀ ਬੈਠੀ ਹੈ’ ਸੁਣ ਕੇ ਚੁਪ ਕਰਕੇ ਖੜੀਆਂ ਰਹੀਆਂ। ਕਿਸੇ ਨੇ ਖਾਲੀ ਪਈ ਸੀਟ ‘ਤੇ ਬੈਠਣ ਦੀ ਜ਼ਿਦ ਨਹੀਂ ਕੀਤੀ।
ਬਸ ਤੁਰ ਪਈ। ਖ਼ਾਲੀ ਪਈ ਸੀਟ ‘ਤੇ ਜਿੱਥੇ ਬਜ਼ੁਰਗ ਸਰਦਾਰ ਨੇ ਕੇਵਲ ਇਕ ਝੋਲਾ ਹੀ ਰੱਖਿਆ ਹੋਇਆ ਸੀ, ਕੋਈ ਵੀ ਨਾ ਆ ਕੇ ਬੈਠਿਆ, ਤਾਂ ਕਈ ਸਵਾਰੀਆਂ ਨੇ ਬੈਠਣ ਲਈ ਜਿੱਦ ਕੀਤੀ। ਪਰ ਬਜ਼ੁਰਗ ਦਾ ਇਹੋ ਇੱਕੋ ਉੱਤਰ ਸੀ ਕਿ ਸਵਾਰੀ ਬੈਠੀ ਹੈ। ਜਦੋਂ ਕੋਈ ਪੁੱਛਣ ਕਿ ਸਵਾਰੀ ਕਿੱਥੇ ਹੈ ਤਾਂ ਬਜ਼ੁਰਗ ਉਸ ਵੇਲੇ ਝੋਲੇ ਵੱਲ ਇਸ਼ਾਰਾ ਕਰ ਦੇਂਦਾ। ਅਸਲ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ।
ਕਈ ਸਵਾਰੀਆਂ ਅਬਾ ਤਬਾ ਵੀ ਬੋਲਣ ਲੱਗੀਆਂ। ਨੇੜੇ ਬੈਠੀਆਂ ਸਵਾਰੀਆਂ ਨੇ ਵੀ ਸਰਦਾਰ ਜੀ ਨੂੰ ਨਾਲ ਦੀ ਖਾਲੀ ਪਈ ਸੀਟ ਤੇ ਹੋਰ ਸਵਾਰੀ ਬਹਿ ਜਾਣ ਲਈ ਬੇਨਤੀ ਕੀਤੀ ਪਰ ਸਰਦਾਰ ਜੀ ਨੇ ‘ਸਵਾਰੀ ਬੈਠੀ ਹੈ ਦਾ ਇੱਕ ਹੀ ਨੰਨਾ ਫੜੀ ਰੱਖਿਆ।
ਗੱਲ ਕਾਫੀ ਵਧ ਗਈ। ਸਵਾਰੀਆਂ ਨੇ ਜਬਰਦਸਤੀ ਬੈਠਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਨੇ ਕਿਸੇ ਨੂੰ ਬੈਠਣ ਨਹੀਂ ਦਿੱਤਾ। ਜਦੋਂ ਸਵਾਰੀਆਂ ਨੇ ਕੰਡਕਟਰ ਨੂੰ ਇਸ ਬਾਰੇ ਆਖਿਆ ਤਾਂ ਉਹ ਉਸ ਬਜ਼ੁਰਗ ਨਾਲ ਖਹਿਬੜ ਪਿਆ।
ਆਖਰ ਜਦੋਂ ਗੱਲ ਕਾਫੀ ਵਧ ਗਈ ਤਾਂ ਬਜ਼ੁਰਗ ਨੇ ਜੇਬ ਚੋਂ ਦੋ ਟਿਕਟ ਕੱਢ ਕੇ ਕੰਡਕਟਰ ਨੂੰ ਫੜਾ ਦਿੱਤੇ। ਬਜ਼ੁਰਗ ਦੀਆਂ ਅੱਖਾਂ ‘ਚੋਂ ਅੱਥਰੂ ਵਗ ਤੁਰੇ। ਅੱਥਰੂ ਪੂੰਝਦਿਆਂ ਉਸ ਬਜ਼ੁਰਗ ਨੇ ਆਖਿਆ, ਨਾਲ ਦੀ ਸੀਟ ਦਾ ਟਿਕਟ ਮੇਰੀ ਜੀਵਣ ਸਾਥਣ ਦਾ ਹੈ। ਉਹ ਹੁਣ ਇਸ ਦੁਨੀਆਂ ਵਿਚ ਨਹੀਂ ਰਹੀ। ਇਹ ਉਸ ਦੇ ਫੁੱਲ ਨੇ ਜਿਹਨਾਂ ਨੂੰ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਜਾ ਰਿਹਾ ਹਾਂ। ਇਹ ਮੇਰਾ ਆਪਣੀ ਜੀਵਨ ਸਾਥਣ ਨਾਲ ਆਖ਼ਰੀ ਸਫਰ ਹੈ।
ਸਾਰੀਆਂ ਸਵਾਰੀਆਂ ਦੀਆਂ ਅੱਖਾਂ ਭਰ ਆਈਆਂ। ਸੀਟ ਦਾ ਝਗੜਾ ਖਤਮ ਹੋ ਗਿਆ।
ਉਹ ਮੰਦਰ ਚ ਉਤਰੇ ਹਰਦੁਆਰ ਵਾਲੇ ਜੋਤਸ਼ੀ ਤੋਂ ਪੁੱਛ ਲੈਣ ਗਈ ਕਿਉਂਕਿ ਕਈ ਦਿਨਾਂ ਤੋਂ ਉਸ ਦੇ ਪਤੀ ਦੇਵ ਨੂੰ ‘ਕੁੱਝ’ ਬਣਿਆ ਨਹੀਂ ਸੀ ਭਾਵ ਦਫਤਰ `ਚ ਕੋਈ ਚੰਗੀ ਅਸਾਮੀ ਨਹੀਂ ਸੀ ਫਸੀ।
ਜੋਤਸ਼ੀ ਨੇ ਪੁੱਛ ਵੀ ਦਿੱਤੀ ਤੇ ਹੱਥ ਵੀ ਦੇਖਿਆ। ਆਦਤ ਅਨੁਸਾਰ ਘਰ ਵੀ ਪੂਰਾ ਕਰ ਦਿੱਤਾ। ਉਸ ’ਚੋਂ ਆਉਂਦੀਆਂ ਅਮੀਰੀ ਲਪਟਾਂ ਸੁੰਘ ਕੇ ਲਟਬੌਰਾ ਹੋਇਆ ਜੋਤਸ਼ੀ ਚਾਹੁੰਦਾ ਹੋਇਆ ਵੀ ਆਪਣੇ ਸਟੈਂਡਰਡ ਰੇਟ ਤੋਂ ਵੱਧ ਦਾਣ-ਦੱਖਣਾ ਨਾ ਮੰਗ ਸਕਿਆ।
ਉਹ ਵਾਪਸ ਪਰਤ ਰਹੀ, ਆਪਣੀ ਸਾਥਣ ਨੂੰ ਕਹਿ ਰਹੀ ਸੀ, ਲੈ ਅਸੀਂ ਐਡੇ ਅਫਸਰ ਹੋ ਕੇ ਸਵਾ ਰੁਪਈਆ ਦਿੰਦੇ ਚੰਗੇ ਲੱਗਦੇ ਸੀ, ਹੁਣ ਕੱਲ ਨੂੰ ਆਵਾਂਗੇ, ਪੰਡਿਤ ਜੀ ਲਈ ਫਲ ਲੈ ਕੇ ਨਾਲੇ ਸਵਾ ਗਿਆਰਾਂ ਦਾਨ ਵਜੋਂ ਦੇਵਾਂਗੇ।