ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ।
ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ।
ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ।
ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ।
ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ।
‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ ਕੁਸ਼ ਦੇਣੈ? ਮੈਨੂੰ ਗਾਲ੍ਹ ਦਿਓਗੇ ਮੈਂ ਥੋਡੀ ਮਾਂ ਨੂੰ ਵੀ ਹੂੰਗਾ। ਸਾਲੇ ਕੁੱਤੇ ਹਰਾਮੀ ਕਤੀੜਵਾਧਾ।”
Punjabi Kahanian
1980 ਦੀ ਗੱਲ ਆ, ਮੇਰੇ ਡੈਡੀਟਰੱਕ ਡਰਾਈਵਰ ਸੀ, ਉਹ mpਤੋਂ ਦਿੱਲੀ ਚੱਲਦੇ ਸੀ, ਉਹਨਾਂ ਦੀ ਦਿੱਲੀ ਵਾਹਵਾ ਵਾਕਬ ਬਣ ਗਏ ਸੀ ,ਇੱਕ ਮੁਸਲਮਾਨ ਵੀਰ ਨੇ ਸਲਾਹ ਦਿੱਤੀ ਕਿ ਗੱਡੀ ਛੱਡ ਕੇ ਇੱਥੇ ਟੈਕਸੀ ਪਾ ਲਵੋ ਵਧੀਆ ਕੰਮ ਆ, ਡੈਡੀ ਨੇ ਟੈਕਸੀ ਪਾਈ ਵੱਡਾ ਸ਼ਹਿਰ ਸੀ ਕੰਮ ਸੋਹਣਾ ਚੱਲ ਪਿਆ, ਜਿਸ ਵੀਰ ਨੇ ਸਲਾਹ ਦਿੱਤੀ ਸੀ ਉਹ ਆਪ ਟੈਕਸੀ ਡਰਾਇਵਰ ਸੀ ਅਕਸਰ ਡੈਡੀ ਨੂੰ ਮਿਲਦੇ ਰਹਿੰਦੇ ਸੀ,
ਜਦੋ ਇੰਦਰਾ ਗਾਂਧੀ ਦੀ ਮੌਤ ਹੋਈ ਉਹ ਡੈਡੀ ਨਾਲ ਹੀ ਸੀ , ਦੰਗਾ ਕਰਨ ਵਾਲਿਆਂ ਨੇ ਡੈਡੀ ਦੀ ਗੱਡੀ ਨੂੰ ਸਾੜ ਦਿੱਤਾਉਸ ਮੁਸਲਮਾਨ ਵੀਰ ਨੇ ਆਪਣੀ ਜਾਨ ਖ਼ਤਰੇ ਵਿੱਚ ਪਾਕੇ ਡੈਡੀ ਨੂੰ ਬਚਾਇਆ ਆਪਣੇ ਘਰ ਲੈ ਆਇਆ, 13 ਦਿਨ ਡੇਡੀ ਉਹਨਾਂ ਘਰ ਰਹੇ ਜਦੋ ਮਾਹੌਲ ਥੋੜਾ ਠੀਕ ਹੋਇਆ, ਉਹ ਡੈਡੀ ਨੂੰ ਆਪ ਅੰਬਾਲੇ ਛੱਡ ਕੇ ਗਿਆ ਤੇ ਡੈਡੀ ਅੱਗੇ ਬੱਸ ਤੇ ਘਰ ਆਏ।
ਡੈਡੀ ਸਾਨੂੰ ਦੱਸਦੇ ਕੇ ਕਿਸ ਤਰ੍ਹਾਂ ਦੰਗਾ ਕਰਨ ਵਾਲਿਆਂ ਨੇ ਘਰਾਂ ਵਿੱਚੋਂ ਕੱਢ ਕੱਢ ਸਿੱਖਾਂ ਨੂੰ ਮਾਰਿਆ, ਸਾਡੇ ਡੈਡੀ ਨੇ ਜ਼ਮੀਨ ਵੇਚ ਕੇ ਟਰੱਕ ਲਿਆ ਸੀ ਤੇ ਫੇਰ ਟੈਕਸੀ ਲੈਲਈ, ਪਰ ਉਹ ਵੀ ਸੜ ਗਈ ,ਕਮਾਈ ਦਾ ਕੋਈ ਸਾਧਨ ਨਹੀਂ ਸੀ, ਮੇਰਾ ਜਨਮ 86 ਵਿੱਚ ਹੋਇਆ, ਉਦੋ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ, ਇਸੇ ਕਰਕੇ ਮੇਰੇ ਡੈਡੀ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ।
ਉਦੋ ਇਲਾਜ ਐਨਾ ਵਧੀਆ ਨਹੀਂ ਸੀ ਹੁੰਦਾ ਸੋ ਅਖੀਰ 92 ਵਿੱਚ ਡੈਡੀ ਦੀ death ਹੋ ਗਈ, ਮੇਰੀ ਵੱਡੀ ਭੈਣ 8 ਸਾਲ ਦੀ ਸੀ ਤੇ ਤੇ ਮੈਂ 6 ਦੀ ਸੀ, ਮੇਰੀ ਮੰਮੀ ਨੇ ਬਹੁਤ ਮਿਹਨਤ ਕਰਕੇ ਸਾਨੂੰ ਪਾਲਿਆ, ਮੇਰੀ ਭੈਣ ਦਾ ਵਿਆਹ ਕੀਤਾ, ਸਾਡੇ ਹਾਲਾਤ ਮਾੜੇ ਸੀ ਤੇ ਰਿਸਤੇਦਾਰਾ ਨੇ ਮੂੰਹ ਮੋੜ ਲਿਆ ਸੀ, ਮੇਰੀ ਭੈਣ ਹੁਣ ਆਪਣੇ ਘਰ ਖੁਸ ਆ ।
ਮੈਂ ਆਪਣੀ ਮੰਮੀ ਕੋਲ ਰਹਿੰਦੀ ਆ, ਵਿਆਹ ਹੋਇਆ ਨਹੀਂ, ਕਰਵਾਇਆ ਹੀ ਨਹੀਂ , ਰੱਬ ਜਾਣੇ, ਮੰਮੀ ਦੇ ਨਾਲ ਰਹਿ ਰਹੀ ਆਉਹਨਾਂ ਨੇ ਸਾਰੀ ਉਮਰ ਸਾਡੇ ਲਈ ਇੰਨਾ ਕੀਤਾ ਹੁਣ ਮੇਰਾ ਫਰਜ਼ ਆਉਹਨਾਂ ਕੋਲ ਰਹਾਂ, ਅਸੀਂ ਅੱਜ ਵੀ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ , 84 ਦੇ ਦੰਗਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਭੈਣ ਵੱਲੋ ਦੱਸੀ ਸੱਚੀ ਕਹਾਣੀ ਤੇ ਅਧਾਰਿਤ
ਉਹ ਕਾਮਰੇਡਾਂ ਦਾ ਹਾਮੀ ਸੀ, ਵੈਸੇ ਉਹ ਮਜ਼ਦੂਰ ਸੀ ਪਰ ਵੋਟਾਂ ਦੇ ਦਿਨਾਂ ਵਿਚ ਉਹ ਕਮਿਊਨਿਸਟ ਪਾਰਟੀ ਲਈ ਪਰਾਪੇਗੰਡਾ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ। ਅੱਜ ਵੋਟਾਂ ਪੈਣ ਵਿਚ ਸਿਰਫ 5 ਦਿਨ ਬਾਕੀ ਸਨ। ਹਰ ਪਾਰਟੀ ਵੱਲੋਂ ਪੂਰਾ ਜ਼ੋਰ ਸੀ। ਉਹ ਹਰ ਰੋਜ਼ ਵਾਂਗ ਘਰ ਵਾਲੀ ਮੀਤੋ ਤੋਂ ਆਟੇ ਦਾਣੇ ਦੇ ਰੋਣੇ ਸੁਣਦਿਆਂ ਹੋਇਆਂ ਬਾਹਰ ਨਿਕਲਿਆ ਪਰ ਬੱਚੇ ਦੀ ਵੱਧਦੀ ਬਿਮਾਰੀ ਬਾਰੇ ਮੀਤੇ ਦੇ ਬੋਲ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਟੁਰਦੇ ਗਏ ਤੇ ਕਦੀ ਉਸ ਨੂੰ ਡਰਾਉਂਦੇ ਰਹੇ। ਉਸ ਨੂੰ ਤਾਂ ਸਿਰਫ 10 ਰੁਪਏ ਦੀ ਦਿਹਾੜੀ ਮਿਲਦੀ ਸੀ ਜਿਸ ਵਿੱਚੋਂ ਆਟੇ ਦਾਲ ਦਾ ਹੀ ਮਸਾਂ ਸਰਦਾ ਤੇ ਫਿਰ ਬੱਚੇ ਦੀ ਦਵਾ ਤੇ ਡਾਕਟਰ ਦੀ ਫੀਸ ਇਹ ਸੋਚਦਾ ਸੋਚਦਾ ਉਹ ਕਾਮਰੇਡ ਦੇ ਦਫਤਰ ਅੱਗੇ ਪਹੁੰਚ ਗਿਆ ਸੀ। ਹਰ ਰੋਜ਼ ਵਾਂਗ ਉਹ ਰਿਕਸ਼ੇ ਤੇ ਬੈਠ ਪ੍ਰਾਪੇਗੰਡਾ ਕਰਨ ਟੁਰ ਪਿਆ। ਅਜੇ ਕੁਝ ਹੀ ਦੂਰ ਗਿਆ ਸੀ, ਅੱਗੋਂ ਤੋਂ ਉਸ ਨੂੰ ਵਿਰੋਧੀ ਪਾਰਟੀ ਦੀ ਕਾਰ ਆਉਂਦੀ ਦਿਸੀ- ਕੋਲ ਆਉਂਦਿਆਂ ਹੀ ਉਸ ਪਾਸ ਰੁਕੀ ਤੇ ਇਕ ਨੌਜਵਾਨ ਨੇ ਨਿਕਲ ਕੇ ਉੱਚੀ ਆਵਾਜ਼ ਵਿਚ ਉਸ ਨੂੰ ਕਿਹਾ, “ਓ ਗਿੰਦਰਾ, ਤੂੰ ਕਿੱਥੇ ਇਹ ਕਾਮਰੇਡੀ ਲੈ ਲਈ ਇਹ ਤਾਂ ਆਪ ਹੀ ਭੁੱਖੇ ਮਰਦੇ ਨੇ, ਇਹਨਾਂ ਦੀ ਸਰਕਾਰ ਤੁਹਾਨੂੰ ਕਿੱਥੋਂ ਰਜਾ ਦੇ ਉਗੀ ਤੇ ਗਿੰਦਰ ਨੂੰ ਯਾਦ ਆਇਆ, ਇਹ ਨੌਜਵਾਨ ਤਾਂ ਉਸਦਾ ਪੁਰਾਣਾ ਹਮਜਮਾਤੀ ਸੀ। ਉਹ ਕੁਝ ਕਹਿਣ ਹੀ ਲੱਗਿਆ ਸੀ ਤੇ ਉਸ ਨੌਜਵਾਨ ਦੀ ਅਵਾਜ਼ ਫਿਰ ਉਸਦੀ ਕੰਨੀਂ ਪਈ “ਚਲ ਯਾਰ ਆ ਮੇਰੇ ਨਾਲ ਛੱਡ ਇਹ ਰਿਕਸ਼ਾ, ਵੋਟਾਂ `ਚ ਆਪਣਾ ਹੀ ਰਿਸ਼ਤੇਦਾਰ ਖੜਾ ਹੈ, ਤੂੰ ਆਪਣੀ ਤਰਫਦਾਰੀ ਕਰ, ਮੈਂ ਤੈਨੂੰ 50 ਰੁਪੈ ਦਿਹਾੜੀ ਦਵਾਊਂ” ਇਹ ਕਹਿ ਕੇ ਉਸ ਨੇ ਗਿੰਦਰ ਨੂੰ ਬਾਂਹ ਤੋਂ ਫੜ ਕੇ ਰਿਕਸ਼ੇ ਤੋਂ ਉਤਾਰ ਲਿਆ ਤੇ ਗਿੰਦਰ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਉਸ ਦੇ ਸਾਹਮਣੇ ਖੜਾ ਸੀ ਪਰ ਉਸਦੀ ਜ਼ਮੀਰ ਨੇ ਉਸਨੂੰ ਹਲੂਣਿਆ ਕਿ “ਤੂੰ ਖੁਦ ਕਾਮਰੇਡ ਹੈਂ, ਕੀ ਵਿਰੋਧੀ ਪਾਰਟੀ ਲਈ ਆਪਣੀ ਆਵਾਜ਼ ਵੇਚੇਗਾ? ਫਿਰ ਉਸੇ ਪਲ ਉਸ ਦੇ ਕੰਨੀਂ ਮੀਤੇ ਦੀ ਰੋਣੀ ਅਵਾਜ਼ ਪਈ ਤੇਰੀ ਕਾਮਰੇਡੀ ਨੇ ਮੇਰੇ ਬੱਚੇ ਦੀ ਜਾਨ ਲੈ ਲੈਣੀ ਹੈ, ਉਹ ਅਜੇ ਸੋਚ ਹੀ ਰਿਹਾ ਸੀ ਕਿ ਨੌਜਵਾਨ ਨੇ ਖਿੱਚ ਕੇ ਜਬਰਦਸਤੀ ਉਸ ਨੂੰ ਕਾਰ ‘ਚ ਬਿਠਾ ਲਿਆ ਤੇ ਉਸ ਅੱਗੇ ਮਾਇਕ ਕਰ ਦਿੱਤਾ ਤੇ ਹੁਣ ਉਹ ਬੜਬੜੌਦਾ ਹੋਇਆ ਬੋਲ ਰਿਹਾ ਸੀ ‘‘ਭਰਾਵੋ, ਭੈਣੋ, ਪਹਿਲੀ ਸਰਕਾਰ ਨੇ ਸਾਡੇ ਗਰੀਬਾਂ ਲਈ ਕੁਝ ਨਹੀਂ ਕੀਤਾ। ਇਹ ਗਰੀਬ ਲੋਕਾਂ ਨੂੰ ਪੈਸੇ ਦੀ ਖਾਤਰ ਆਪਣੀ ਇੱਜ਼ਤ ਵੇਚਣੀ ਪੈਂਦੀ ਹੈ। ਜ਼ਮੀਰ ਵੇਚਣੀ ਪੈਂਦੀ ਹੈ, ਆਪਣੇ ਖਿਆਲ ਵੇਚਣੇ ਪੈਂਦੇ ਹਨ.ਜਿਨ੍ਹਾਂ ਦੇ ਖਰੀਦਦਾਰ ਕੌਣ ਹੁੰਦੇ ਹਨ? ਇਹ ਅਮੀਰ ਲੋਕ ਉਹ ਬੋਲ ਹੀ ਰਿਹਾ ਸੀ, ਉਸ ਨੌਜਵਾਨ ਨੇ ਉਸ ਨੂੰ ਰੋਕ ਕੇ ਉਸ ਦੇ ਕੰਮ ਵਿਚ ਕੁਝ ਕਿਹਾ ਤੇ ਫਿਰ ਉਹ ਕੁਝ ਹੋਰ ਬੋਲਣ ਲੱਗ ਗਿਆ। ਦੂਜੇ ਪਾਸੇ ਉਸਦਾ ਪਹਿਲਾ ਰਿਕਸ਼ਾ ਚਾਲਕ ਕਾਮਰੇਡਾਂ ਦੇ ਦਫਤਰ ਅੱਗੇ ਖੜ੍ਹਾ ਕਹਿ ਰਿਹਾ ਸੀ ਕਿ ਗਿੰਦਰ ਨੇ ਆਪਣਾ ਦਲ-ਬਦਲ ਲਿਆ ਹੈ।
ਧੁੱਪ
ਸਿਆਲ ਦੀ ਰੁੱਤੇ ਮੈਂ ਵੀ ਜੈਲਦਾਰਾਂ ਦੇ ਅਮਰੀਕ ਵਾਂਗੂੰ ਧੁੱਪੇ ਬੈਠਣਾ ਚਾਹੁੰਦਾ। ਇਸ ਕਰਕੇ ਮੈਂ ਮਾਂ ਨੂੰ ਹਰ ਰੋਜ਼ ਪੁੱਛਦਾ “ਮਾਂ ਆਪਣੇ ਵਿਹੜੇ ‘ਚ ਸਵੇਰੇ ਸਵੇਰੇ ਧੁੱਪ ਕਿਉਂ ਨਹੀਂ ਆਂਦੀ।’’ ਮਾਂ ਦਾ ਹਰ ਰੋਜ਼ ਇੱਕੋ ਜਵਾਬ ਹੁੰਦਾ, ਦੁਪਹਿਰੇ ਆਏਗੀ ਪੁੱਤਰ, ਜਦ ਸੂਰਜ ਸਿਰ ਤੇ ਆਏਗਾ।”
ਜਦ ਸੂਰਜ ਸਿਰ ਤੇ ਆਂਦਾ ਉਦੋਂ ਮੈਂ ਸਕੂਲ ਪੜ੍ਹ ਰਿਹਾ ਹੁੰਦਾ। ਜਦ ਮੈਂ ਸਕੂਲ ਵਾਪਸ ਘਰੇ ਆਂਦਾ ਤਾਂ ਸੂਰਜ ਢਲ ਚੁਕਿਆ ਹੁੰਦਾ। ਮੈਂ ਅਗਲੀ ਸਵੇਰ ਫੇਰ ਮਾਂ ਨੂੰ ਪੁੱਛਦਾ, “ਜ਼ੈਲਦਾਰਾਂ ਦੀ ਹਵੇਲੀ ’ਚ ਤਾਂ ਧੁੱਪ ਸਵੇਰੇ ਸਵੇਰੇ ਆ ਜਾਂਦੀ ਆ।” ਮਾਂ ਫੇਰ ਮੈਨੂੰ ਇੱਕ ਰਹੱਸਵਾਦੀ ਉੱਤਰ ਦੇ ਕੇ ਟਾਲ ਦਿੰਦੀ, ਇਸੇ ਕਰਕੇ ਤਾਂ ਪੁੱਤਰ ਆਪਣੇ ਵਿਹੜੇ ‘ਚ ਆਉਂਦੀ ਨਹੀਂ।
ਮੈਂ ਫੇਰ ਸਕੂਲ ਪੜ੍ਹਨ ਚਲਿਆ ਜਾਂਦਾ। ਸਾਰਾ ਦਿਨ ਸਕੂਲ ’ਚ ਬੈਠਿਆਂ ਸੋਚੀ ਜਾਂਦਾ, ਸਾਡੇ ਵਿਹੜੇ ‘ਚ ਸਵੇਰੇ ਧੁੱਪ ਕਿਉਂ ਨਹੀਂ ਆਂਦੀ। ਦੁਪਹਿਰੇ ਹੀ ਕਿਉਂ ਆਂ ਹੈ? ਪਰ ਇਸ ਸੋਚ ਦਾ ਉਦੋਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਜਦ ਮੈਂ ਵੱਡਾ ਹੋਇਆ ਇਸਦਾ ਕਾਰਣ ਮੈਨੂੰ ਉਦੋਂ ਪਤਾ ਲੱਗਿਆ। ਉਹ ਵੀ ਉਸ ਦਿਨ ਜਦ ਮੈਂ ਹਵੇਲੀ ਦੇ ਨਾਲ ਲੱਗਦੇ ਆਪਣੇ ਕੋਠੇ ‘ਤੇ ਖੜਿਆ ਪਤੰਗ ਉਡਾ ਰਿਹਾ ਸੀ, ਤਾਂ ਮੇਰਾ ਪਤੰਗ ਹਵੇਲੀ ਦੇ ਹਿਮਾਲਿਆ ਜਿੱਡੇ ਉੱਚੇ ਬਨੇਰੇ `ਚ ਜਾ ਅਟਕਿਆ। ਮੈਨੂੰ ਫੇਰ ਸਮਝ ਆਈ ਕਿ ਸਾਡੀ ਵਿਹੜੇ ਵਾਲੀ ਧੁੱਪ ਵੀ ਇੱਥੇ ਹੀ ਅਟਕੀ ਰਹਿੰਦੀ ਸੀ।
ਨੱਕੋ ਨੱਕ ਸਵਾਰੀਆਂ ਨਾਲ ਭਰੀ ਬੱਸ ਚਲਦੀ ਚਲਦੀ ਅਚਾਨਕ ਰੁਕ ਗਈ। ਤਾਕੀ ਖੋਲ੍ਹ ਕੇ ਕੰਡਕਟਰ ਥੱਲੇ ਉੱਤਰਿਆ ਤਾਂ ਅੱਗੇ ਟੈਕਸ ਇੰਸਪੈਕਟਰ ਦੀ ਜੀਪ ਖੜੀ ਸੀ।
ਕਿਉਂ ਉਏ! ਗੱਡੀ ਐਨੀ ਓਵਰ-ਲੋਡ ਕਿਉਂ ਕੀਤੀ ਏ? ਟਿਕਟਾਂ ਕੱਟੀਆਂ ਨੇ ਸਭ ਦੀਆਂ? ਤੈਨੂੰ ਚੈਕਿੰਗ ਦਾ ਕੋਈ ਡਰ ਨਹੀਂ?“ ਜੀਪ ਚੋਂ ਬਾਹਰ ਨਿਕਲਦੇ ਇੰਸਪੈਕਟਰ ਨੇ ਕੰਡਕਟਰ ਤੇ ਰੋਹਬ ਨਾਲ ਸੁਆਲਾਂ ਦੀ ਝੜੀ ਲਾ ਦਿੱਤੀ।
“ਜਨਾਬ! ਟਿਕਟਾਂ ਵੀ ਕੱਟੀਆਂ ਜਾਣਗੀਆਂ ਪਰ ਤੁਸੀਂ ਐਵੇਂ ਗਰਮੀ ‘ਚ ਕਿਉਂ ਆਉਂਦੇ ਹੋ ਇੰਸਪੈਕਟਰ ਉਹਦੇ ਵੱਲ ਹੋਰ ਘੂਰ ਘੂਰ ਕੇ ਦੇਖਣ ਲੱਗਾ। ”ਹੱ ਅ ਤਾਂ ਤੁਸੀਂ ਜ਼ਰਾ ਨਵੇਂ ਆਏ ਲੱਗਦੇ ਹੋ” ਕੰਡਕਟਰ ਨੇ ਹੌਲੀ ਜਿਹੇ ਵੀਹ ਦਾ ਨੋਟ ਕੱਢ ਇੰਸਪੈਕਟਰ ਵੱਧ ਵਧਾਉਂਦੇ ਬੜੇ ਠਰੰਮੇ ਨਾਲ ਕਿਹਾ।
“ਜਾਹ ਜਾਹ ਤੋਰ ਲੈ। ਏਨਾਂ ਪੁਛਣਾ ਤਾਂ ਸਾਡਾ ਫਰਜ਼ ਈ ਹੁੰਦਾ। ਤੇ ਨਾਲੇ ਫਿਰ ‘ਹਾਜ਼ਰੀ’ ਤਾਂ ਲਾਉਣੀ ਹੀ ਪੈਂਦੀ”, ਨੋਟ ਫੜ ਕੇ ਜੇਬ ’ਚ ਪਾਉਂਦੇ ਇੰਸਪੈਕਟਰ ਢਿੱਲਾ ਜਿਹਾ ਪੈ ਪਰ ਅਫਸਰੀ ਅੰਦਾਜ਼ ਨਾਲ ਕਹਿ ਰਿਹਾ ਸੀ।
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)
ਸਾਵਣ ਦਾ ਮਹੀਨਾ ਅਤੇ ਸ਼ਹਿਰ ਸ੍ਰੀ ਅੰਮ੍ਰਿਤਸਰ ਜੀ ਦਾ, ਮੀਂਹ ਪੈਕੇ ਹੁਣੇ ਹਟਿਆ ਸੀ, ਅਤੇ ਮੀਂਹ ਵਾਲੇ ਪਾਣੀ ਨਾਲ ਗਲੀਆਂ ਵਿਚ ਚਿੱਕੜ ਬੇਅੰਤ ਕਠਾ ਹੋ ਗਿਆ ਸੀ।
ਇਕ ਤੰਗ ਕੂਚੇ ਵਿਚ ਆਮੋਂ ਸਾਮ੍ਹਣੇ ਦੇ ਮਕਾਨ ਸਨ, ਇਨ੍ਹਾਂ ਵਿਚੋਂ ਦੋ ਕੁੜੀਆਂ ਨਿਕਲੀਆਂ। ਇਨ੍ਹਾਂ ਘਰਾਂ ਵਿਚਕਾਰ ਗਲੀ ਵਿਚ ਛੋਟਾ ਜਿਹਾ ਟੋਆ ਸੀ, ਜਿਸ ਵਿਚ ਚਿਕੜ ਵਾਲਾ ਮੈਲਾ ਪਾਣੀ ਕਠਾ ਹੋ ਗਿਆ ਸੀ। ਇਕ ਕੁੜੀ ਮਸਾਂ ਪੰਜਾਂ ਸਾਲਾਂ ਦੀ ਸੀ, ਤੇ ਦੂਜੀ ਕੋਈ ਵਰ੍ਹਾ ਕੁ ਵਡੀ ਜਾਪਦੀ ਸੀ। ਦੋਹਾਂ ਦੀਆਂ ਮਾਵਾਂ ਨੇ ਕੁੜੀਆਂ ਨੂੰ ਨਵੇਂ ਝੱਗੇ ਪਾਏ ਸਨ, ਛੋਟੀ ਦੇ ਨੀਲੇ ਰੰਗ ਦਾ ਤੇ ਵਡੀ ਦਾ ਪੀਲੀ ਦਰਿਆਈ ਦਾ ਸੀ, ਤੇ ਦੋਹਾਂ ਦੇ ਸਿਰਾਂ ਉਤੇ ਸੁੰਦਰ ਲਾਲ ਰੁਮਾਲ ਸਨ। ਆਪਣੇ ਘਰਾਂ ਵਿਚੋਂ ਨਿਕਲਦਿਆਂ ਹੀ ਕੁੜੀਆਂ ਨੇ ਇਕ ਦੂਜੀ ਨੂੰ ਸੋਹਣੇ ਝੱਗੇ ਵਿਖਾਏ ਤੇ ਫੇਰ ਖੇਡਣਾ ਸ਼ੁਰੂ ਕੀਤਾ। ਖੇਡਦਿਆਂ ੨ ਉਨ੍ਹਾਂ ਨੇ ਪਾਣੀ ਦੇ ਛਿੱਟੇ ਉਡਾਣ ਦਾ ਖਿਆਲ ਕੀਤਾ ਤੇ ਛੋਟੀ ਕੁੜੀ ਸੁਥਣ ਸਣੇ ਪਾਣੀ ਵਿਚ ਵੜਨ ਲਗੀ। ਵਡੀ ਨੇ ਆਖਿਆ: “ਨਾ ਨਾਮੋ, ਸੁਥਣ ਸਣੇ ਵਿਚ ਨਾ ਵੜ, ਮਾਂ ਦੇਖੂਗੀ ਤਾਂ ਮਾਰੂਗੀ, ਵੇਖ ਮੈਂ ਭੀ ਸੁਥਣ ਲਾਹਨੀ ਹਾਂ ਤੂੰ ਭੀ ਲਾਹ ਲੈ, ਫੇਰ ਪਾਣੀ ਵਿਚ ਵੜਾਂਗੀਆਂ।”
ਦੋਹਾਂ ਨੇ ਸੁਥਣਾਂ ਲਾਹ ਦਿਤੀਆਂ, ਝੁਗਿਆਂ ਨੂੰ ਸੰਭਾਲ ਕੇ ਪਾਣੀ ਵਿਚ ਇਕ ਦੂਜੇ ਵਲ ਤੁਰਨ ਲਗੀਆਂ। ਨ੍ਹਾਮੋ ਨੂੰ ਗਿਟਿਆਂ ਤਕ ਪਾਣੀ ਆਇਆ ਤੇ ਉਹ ਡਰ ਗਈ।
“ਮਾਇਆ, ਪਾਣੀ ਡੂੰਘਾ ਹੈ, ਮੈਨੂੰ ਡਰ ਆਂਦਾ ਹੈ।”
ਮਾਇਆ ਨੇ ਆਖਿਆ:- “ਨਾਮੋ ਡਰ ਨਾ, ਡੂੰਘਾ ਨਹੀਂ, ਤੁਰੀਆ।”
ਜਦ ਕੁੜੀਆਂ ਨੇੜੇ ਹੋਈਆਂ ਤਾਂ ਮਾਇਆ ਨੇ ਆਖਿਆ:- “ਨਾਮੋ ਪੈਰ ਹੌਲੀ ਹੌਲੀ ਰਖ, ਛਿਟੇ ਨਾ ਪਾ।”
ਇਹ ਗਲ ਅਜੇ ਮਾਇਆ ਦੇ ਮੂੰਹ ਵਿਚ ਹੀ ਸੀ ਕਿ ਨ੍ਹਾਮੋ ਨੇ ਪੈਰ ਚੁਕਕੇ ਜ਼ੋਰ ਨਾਲ ਰਖਿਆ ਤੇ ਪਾਣੀ ਉਛਲ ਕੇ ਮਾਇਆ ਦੇ ਝੱਗੇ ਤੇ ਪਿਆ ਤੇ ਕੁਝ ਛਿੱਟਾਂ ਉਸ ਦੀਆਂ ਅੱਖਾਂ ਅਤੇ ਮੂੰਹ ਉਤੇ ਜਾ ਪਈਆਂ। ਆਪਣਾ ਝੱਗਾ ਖਰਾਬ ਹੋਇਆ ਦੇਖਕੇ ਮਾਇਆ ਨਾਮੋ ਨੂੰ ਮਾਰਨ ਲਈ ਉਸ ਵਲ ਤੁਰੀ। ਨਾਮੋ ਡਰ ਗਈ ਤੇ ਪਾਣੀ ਵਿਚੋਂ ਛੇਤੀ ੨ ਨਿਕਲਣ ਦੀ ਕਰਨ ਲਗੀ। ਇਸ ਵੇਲੇ ਮਾਇਆ ਦੀ ਮਾਂ ਬਾਹਰ ਨਿਕਲੀ ਤੇ ਆਪਣੀ ਧੀ ਦਾ ਝੱਗਾ ਖਰਾਬ ਹੋਇਆ ਵੇਖਕੇ ਲਾਲ ਅੰਗਾਰ ਹੋ ਗਈ ਤੇ ਗੁਸੇ ਨਾਲ ਆਖਿਓਸੁ: “ਨੀ ਖਸਮਾਂ ਨੂੰ ਖਾਣੀਏਂ। ਝੱਗੇ ਨੂੰ ਕੀ ਕੀਤਾ ਈ?”
ਮਾਇਆ ਬੋਲੀ:- “ਨਾਮੋ ਨੇ ਜਾਣ ਬੁਝਕੇ ਪਾਣੀ ਪਾਇਆ ਹੈ।”
ਮਾਇਆ ਦੀ ਮਾਂ ਨੇ ਉਸੇ ਵੇਲੇ ਨਾਮੋ ਨੂੰ ਗੁਤੋਂ ਫੜਕੇ ਦੋ ਚਾਰ ਠੋਕ ਦਿਤੀਆਂ। ਨਾਮੋ ਨੇ ਚੀਕਣਾ ਸ਼ੁਰੂ ਕੀਤਾ ਤੇ ਉਸ ਦੀਆਂ ਚੀਕਾਂ ਨਾਲ ਮਹੱਲਾ ਗੂੰਜ ਪਿਆ ਤੇ ਉਸ ਦੀ ਮਾਂ ਛੇਤੀ ਨਾਲ ਬਾਹਰ ਆਈ: “ਨੀ ਮੇਰੀ ਧੀ ਨੇ ਤੇਰਾ ਕੀ ਚੁਕ ਲਿਆ ਹੈ?” ਇਹ ਆਖ ਕੇ ਗੁਆਂਢਣ ਨਾਲ ਲੜਾਈ ਨੂੰ ਤਿਆਰ ਹੋ ਪਈ। ਦੋਹਾਂ ਪਾਸਿਆਂ ਤੋਂ ਮੇਹਣਿਆਂ ਦੀ ਝੜੀ ਲਗੀ ਤੇ ਮਰਦ ਭੀ ਬਾਹਰ ਨਿਕਲ ਆਏ। ਗਲੀ ਵਿਚ ਦਸ ਪੰਦਰਾਂ ਬੰਦੇ ਕਠੇ ਹੋ ਗਏ। ਸਾਰੇ ਉਚੀ ਉਚੀ ਰੌਲਾ ਪਾਈ ਜਾਂਦੇ ਸਨ ਤੇ ਕੋਈ ਕਿਸੇ ਦੀ ਨਹੀਂ ਸੀ ਸੁਣਦਾ। ਚੰਗੀ ਗੜਬੜ ਚੌਥ ਮਚੀ। ਇਕ ਆਦਮੀ ਨੂੰ ਦੂਜੇ ਦਾ ਧੱਕਾ ਲਗ ਗਿਆ, ਬਸ ਫੇਰ ਕੀ ਸੀ, ਦੋਹਾਂ ਪਾਸਿਓਂ ਜੰਗ ਦੀਆਂ ਤਿਆਰੀਆਂ ਹੋਈਆਂ। ਮਾਇਆ ਦੀ ਬੁਢੀ ਦਾਦੀ ਨੇ ਵਿਚਕਾਰ ਆਕੇ ਉਨ੍ਹਾਂ ਨੂੰ ਠੰਡਿਆਂ ਕਰਨ ਦਾ ਯਤਨ ਕੀਤਾ ਤੇ ਆਖਿਓਸੁ: ਪੁਤਰੋ! ਕੀ ਕਰਨ ਲਗੇ ਹੋ, ਇਹ ਕੋਈ ਅਕਲ ਦੀ ਗਲ ਹੈ? ਅਜ ਵਾਲੇ ਸ਼ੁਭ ਦਿਹਾੜੇ ਤੁਸੀਂ ਰਬ ਦਾ ਸ਼ੁਕਰ ਕਰੋ, ਮੀਂਹ ਵਸਿਆ ਹੈ। ਲੋਕਾਂ ਨੇ ਬੁਢੀ ਮਾਈ ਦੀ ਕੋਈ ਪਰਵਾਹ ਨਾ ਕੀਤੀ, ਤੇ ਉਸ ਵਿਚਾਰੀ ਨੂੰ ਵੀ ਧੱਕਾ ਵਜਿਆ, ਪਰ ਇਸ ਵੇਲੇ ਬੁਢੀ ਮਾਈ ਨੇ ਇਕ ਅਜੀਬ ਗਲ ਦੇਖੀ। ਜਦ ਮਰਦ ਅਰ ਤੀਵੀਆਂ ਆਪਸ ਦੀ ਲੜਾਈ ਵਿਚ ਰੁਝੀਆਂ ਹੋਈਆਂ ਸਨ, ਮਾਇਆ ਆਪਣੇ ਝੱਗੇ ਤੋਂ ਚਿਕੜ ਪੂੰਝਕੇ ਮੁੜ ਪਾਣੀ ਦੇ ਲਾਗੇ ਗਈ ਤੇ ਇਕ ਲੜਕੀ ਨਾਲ ਪਾਣੀ ਦੇ ਚੁਫੇਰੇ ਵਾਲੇ ਚਿਕੜ ਨੂੰ ਇਕ ਪਾਸੋਂ ਹਟਾਕੇ ਨਾਲੀ ਬਨਾਣ ਲਗੀ, ਤਾਂ ਜੋ ਪਾਣੀ ਗਲੀ ਵਿਚੋਂ ਵੈਹ ਟੁਰੇ। ਛੇਤੀ ਨਾਲ ਨਾਮੋ ਵੀ ਉਸ ਦੇ ਨਾਲ ਆ ਰਲੀ, ਅਤੇ ਇਕ ਤ੍ਰਿਖੀ ਲਕੜੀ ਚੁਕਕੇ ਵਹਿਣੀ ਬਨਾਣ ਲਗੀ। ਜਦ ਪਾਣੀ ਇਸ ਵਹਿਣੀ ਵਿਚ ਆਇਆ ਤਾਂ ਉਥੇ ਪਹੁੰਚਿਆ ਜਿਥੇ ਬੁਢੀ ਮਾਈ ਖੜੀ ਸੀ। ਵਹਿਣੀ ਦੇ ਦੋਵੇਂ ਪਾਸੇ ਕੁੜੀਆਂ ਤਾੜੀ ਮਾਰਦੀਆਂ ਪਾਣੀ ਦੇ ਨਾਲ ਨਾਲ ਟੁਰ ਪਈਆਂ: “ਫੜੀਂ ਨਾਮੋ ਪਾਣੀ ਵਿਚ ਤਰਦੀ ਲਕੜੀ ਫੜੀਂ” ਤੇ ਇੱਦਾਂ ਦੀਆਂ ਗਲਾਂ ਕਰਕੇ ਹਸਣ ਤੇ ਗੁਟਕਣ, ਪਾਣੀ ਦੀ ਟੋਰ ਵਿਚ ਮਸਤ ਹੋਈਆਂ ਉਥੇ ਪਹੁੰਚੀਆਂ ਜਿਥੇ ਆਦਮੀ ਲੜਨ ਵਾਸਤੇ ਮੂੰਹ ਵਟੀ ਖੜੇ ਸਨ। ਕੁੜੀਆਂ ਨੂੰ ਇਸ ਅਨੰਦ ਵਿਚ ਵੇਖਕੇ ਬੁਢੀ ਮਾਈ ਨੇ ਆਖਿਆ:- “ਤੁਸੀਂ ਸ਼ਰਮ ਕਰੋ, ਇਨ੍ਹਾਂ ਕੁੜੀਆਂ ਲਈ ਲੜਦੇ ਹੋ, ਕੁੜੀਆਂ ਤਾਂ ਆਪਸ ਵਿਚ ਖੇਡਦੀਆਂ ਫਿਰਦੀਆਂ ਹਨ, ਤੇ ਚਾਉ ਚਾਈਂ ਹਨ, ਮੇਰੀਆਂ ਜੁਗਣੀਆਂ ਨੂੰ ਵੇਖੋ ਤਾਂ ਸਹੀ, ਤੁਹਾਡੇ ਨਾਲੋਂ ਕੇਡੀਆਂ ਸਿਆਣੀਆਂ ਹਨ।” ਮਰਦਾਂ ਤੇ ਤੀਵੀਆਂ ਨੇ ਕੁੜੀਆਂ ਵਲ ਵੇਖਿਆ, ਤਾਂ ਕੱਚੇ ਜਿਹੇ ਹੋ ਗਏ, ਤ ਆਪਣੀ ਮੂਰਖਤਾ ਪਰ ਹਸਦੇ ਹੋਏ ਆਪੋ ਆਪਣੇ ਘਰ ਜਾ ਵੜੇ। ਮਸੀਹ ਦਾ ਕਥਨ ਹੈ-
“ਜੇ ਰੱਬ ਦੇ ਦਰਬਾਰ ਵਿਚ ਆਉਣਾ ਜੇ
ਤਾਂ ਅੰਜਾਣੇ ਬੱਚੇ ਬਣਕੇ ਆਓ।”
(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. ‘ਚੰਬੇ ਦੀਆਂ ਕਲੀਆਂ’ ਵਿੱਚੋਂ)
ਇਕ ਸਵੇਰ ਨੂੰ ਇਕ ਗਰੀਬ ਕਿਸਾਨ, ਬਰੈੱਡ ਦਾ ਇਕ ਸੁੱਕਾ ਜਿਹਾ ਟੁੱਕੜਾ ਨਾਸ਼ਤੇ ਵਾਸਤੇ ਆਪਣੇ ਨਾਲ ਲੈ ਕੇ ਖੇਤਾਂ ’ਚ ਕੰਮ ਕਰਨ ਲਈ ਚਲਾ ਗਿਆ। ਉਸ ਨੇ ਆਪਣਾ ਹਲ ਤਿਆਰ ਕੀਤਾ, ਬਰੈੱਡ ਦਾ ਟੁਕੜਾ ਆਪਣੇ ਕੋਟ ’ਚ ਲਪੇਟ ਕੇ ਝਾੜੀ ਦੇ ਥੱਲੇ ਰੱਖ ਦਿੱਤਾ ਤੇ ਆਪਣੇ ਕੰਮ ’ਤੇ ਲੱਗ ਪਿਆ। ਕੁਝ ਚਿਰ ਬਾਅਦ, ਜਦੋਂ ਉਸ ਦਾ ਘੋੜਾ ਥੱਕ ਗਿਆ ਤੇ ਉਸ ਨੂੰ ਆਪ ਨੂੰ ਵੀ ਭੁੱਖ ਲੱਗੀ ਤਾਂ ਉਸ ਨੇ ਆਪਣਾ ਹਲ ਰੋਕਿਆ, ਘੋੜੇ ਨੂੰ ਘਾਹ ਚਰਨ ਲਈ ਛੱਡ ਦਿੱਤਾ ਤੇ ਆਪ ਨਾਸ਼ਤੇ ਵਾਸਤੇ ਆਪਣੇ ਕੋਟ ਵੱਲ ਗਿਆ।
ਉਸ ਨੇ ਕੋਟ ਉਤਾਂਹ ਕੀਤਾ, ਪਰ ਉਸ ਵਿਚ ਬਰੈੱਡ ਦਾ ਟੁੱਕੜਾ ਨਹੀਂ ਸੀ। ਉਸ ਨੇ ਵਾਰ-ਵਾਰ ਦੇਖਿਆ, ਕੋਟ ਨੂੰ ਹੇਠਾਂ ਉੱਪਰ ਕੀਤਾ, ਹਿਲਾਇਆ ਜੁਲਾਇਆ, ਪਰ ਬਰੈੱਡ ਦਾ ਟੁੱਕੜਾ ਨਾ ਮਿਲਿਆ। ਇਸ ਗੱਲ ਦੀ ਸਮਝ ਕਿਸਾਨ ਨੂੰ ਉੱਕਾ ਹੀ ਨਾ ਲੱਗੀ ਕਿ ਉਸ ਦਾ ਬਰੈੱਡ ਦਾ ਟੁੱਕੜਾ ਕਿੱਧਰ ਚਲਾ ਗਿਆ।
ਉਹ ਸੋਚਣ ਲੱਗਾ, ‘ਕਿੰਨੀ ਅਜੀਬ ਗੱਲ ਹੈ, ਮੈਂ ਇੱਥੇ ਕਿਸੇ ਨੂੰ ਨਹੀਂ ਦੇਖਿਆ, ਪਰ ਤਾਂ ਵੀ ਇੱਥੇ ਕੋਈ ਆਇਆ ਹੈ, ਮੇਰਾ ਬਰੈੱਡ ਦਾ ਟੁੱਕੜਾ ਚੁਰਾ ਲੈ ਕੇ ਗਿਆ ਹੈ।’
ਦਰਅਸਲ ਜਦੋਂ ਕਿਸਾਨ ਹਲ ਚਲਾ ਰਿਹਾ ਸੀ ਤਾਂ ਉਸ ਪਲ ਉੱਥੇ ਇਕ ਸ਼ੈਤਾਨ (ਦੁਸ਼ਟ ਆਤਮਾ) ਝਾੜੀ ਦੇ ਓਹਲੇ ਬੈਠਾ ਹੋਇਆ ਸੀ ਅਤੇ ਉਸ ਨੇ ਹੀ ਉਸ ਦਾ ਬਰੈੱਡ ਦਾ ਟੁੱਕੜਾ ਚੁਰਾਇਆ ਸੀ ਅਤੇ ਹੁਣ ਸ਼ੈਤਾਨ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਕਿਸਾਨ ਇਸ ਚੋਰੀ ਕਰਨ ਵਾਲੇ ਨੂੰ ਗਾਲ੍ਹਾਂ ਕੱਢੇ ਤੇ ਮੁਖੀਏ ਨੂੰ ਇਸ ਗੱਲ ਦੀ ਸ਼ਿਕਾਇਤ ਕਰੇ।
ਕਿਸਾਨ ਨੂੰ ਆਪਣਾ ਨਾਸ਼ਤਾ ਗੁਆਉਣ ਦਾ ਬੜਾ ਦੁੱਖ ਸੀ ਪਰ ਉਸ ਨੇ ਕਿਹਾ, ‘‘ਹੁਣ ਕੁਝ ਨਹੀਂ ਹੋ ਸਕਦਾ। ਮੈਂ ਕਿਤੇ ਭੁੱਖ ਨਾਲ ਮਰ ਤਾਂ ਨਹੀਂ ਜਾਵਾਂਗਾ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿਸ ਨੇ ਵੀ ਇਹ ਬਰੈੱਡ ਦਾ ਟੁਕੜਾ ਚੁਰਾਇਆ ਹੈ, ਉਸ ਨੂੰ ਇਸ ਦੀ ਜ਼ਰੂਰਤ ਸੀ, ਰੱਬ ਉਸ ਦਾ ਭਲਾ ਕਰੇ।’’
ਅਤੇ ਉਸ ਨੇ ਖੂਹ ’ਤੇ ਜਾ ਕੇ ਪਾਣੀ ਪੀਤਾ ਤੇ ਕੁਝ ਚਿਰ ਆਰਾਮ ਕੀਤਾ। ਫੇਰ ਉਸ ਨੇ ਆਪਣੇ ਘੋੜੇ ਨੂੰ ਫੜਿਆ, ਉਸ ਨੂੰ ਖੇਤ ਵਾਹੁਣ ਲਈ ਤਿਆਰ ਕੀਤਾ ਤੇ ਫੇਰ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ।
ਸ਼ੈਤਾਨ ਨੂੰ ਇਸ ਗੱਲ ’ਚ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਿ ਉਹ ਕਿਸਾਨ ਕੋਲੋਂ ਕੋਈ ਵੀ ਮਾੜਾ ਕੰਮ ਨਹੀਂ ਕਰਵਾ ਸਕਿਆ ਅਤੇ ਇਸ ਸਭ ਕੁਝ ਬਾਰੇ ਦੱਸਣ ਲਈ, ਉਹ ਆਪਣੇ ਮਾਲਕ, ਸ਼ੈਤਾਨਾਂ ਦੇ ਮੁਖੀਏ ਕੋਲ ਪਹੁੰਚ ਗਿਆ।
ਉਹ ਮੁਖੀਏ ਕੋਲ ਆਇਆ ਅਤੇ ਉਸ ਨੂੰ ਦੇਖਿਆ ਕਿ ਕਿਵੇਂ ਉਸ ਨੇ ਕਿਸਾਨ ਦਾ ਬਰੈੱਡ ਦਾ ਟੁੱਕੜਾ ਲੈ ਲਿਆ ਸੀ ਤੇ ਕਿਸਾਨ ਉਸ ਨੂੰ (ਬਰੈੱਡ ਦਾ ਟੁੱਕੜਾ ਲੈਣ ਵਾਲੇ ਨੂੰ) ਕੋਈ ਸਰਾਪ ਦੇਣ ਦੀ ਬਜਾਏ ਉਸ ਦਾ ਭਲਾ ਸੋਚ ਰਿਹਾ ਸੀ।
ਮੁਖੀਏ ਨੂੰ ਬੜਾ ਗੁੱਸਾ ਚੜ੍ਹਿਆ ਤੇ ਉਸ ਨੇ ਜਵਾਬ ਦਿੱਤਾ, ‘‘ਜੇ ਕਿਸਾਨ ’ਤੇ ਤੇਰੇ ਇਸ ਕਾਰਨਾਮੇ ਦਾ ਕੋਈ ਅਸਰ ਨਹੀਂ ਹੋਇਆ ਤਾਂ ਇਹ ਤੇਰਾ ਹੀ ਕਸੂਰ ਹੈ-ਤੈਨੂੰ ਹੀ ਆਪਣਾ ਕੰਮ ਕਰਨ ਦੀ ਸਮਝ ਨਹੀਂ ਹੈ। ਜੇ ਕਿਸਾਨ ਤੇ ਉਨ੍ਹਾਂ ਦੇ ਟੱਬਰ ਇੰਜ ਕਰਨ ਲੱਗ ਪਏ ਤਾਂ ਇਹ ਸਾਨੂੰ ਕੁਝ ਨਹੀਂ ਸਮਝਣਗੇ। ਇਸ ਗੱਲ ਨੂੰ ਏਦਾਂ ਹੀ ਨਹੀਂ ਛੱਡਿਆ ਜਾ ਸਕਦਾ। ਜਲਦੀ ਨਾਲ ਵਾਪਸ ਜਾਹ ਤੇ ਸਭ ਕੁਝ ਚੱਜ ਨਾਲ ਕਰ। ਜੇ ਤਿੰਨ ਸਾਲਾਂ ਵਿਚ ਤੂੰ ਉਸ ਆਦਮੀ ਨੂੰ ਆਪਣੇ ਕਾਬੂ ’ਚ ਨਾ ਕਰ ਸਕਿਆ ਤਾਂ ਮੈਂ ਤੈਨੂੰ ਪਵਿੱਤਰ ਪਾਣੀ ’ਚ ਧੱਕਾ ਦੇ ਦਿਆਂਗਾ।’’
ਸ਼ੈਤਾਨ ਡਰ ਗਿਆ। ਉਹ ਤ੍ਰਹਿ ਕੇ ਜਲਦੀ ਨਾਲ ਧਰਤੀ ’ਤੇ ਵਾਪਸ ਆ ਗਿਆ ਤੇ ਆਪਣੀ ਗਲਤੀ ਨੂੰ ਸੁਧਾਰਨ ਬਾਰੇ ਸੋਚਣ ਲੱਗਾ। ਸੋਚਦਿਆਂ-ਸੋਚਦਿਆਂ ਉਸ ਨੂੰ ਇਕ ਤਰਕੀਬ ਸੁੱਝੀ।
ਉਸ ਨੇ ਕਾਮੇ ਦਾ ਰੂਪ ਧਾਰ ਲਿਆ ਤੇ ਗਰੀਬ ਕਿਸਾਨ ਦੇ ਨਾਲ ਕੰਮ ਕਰਾਉਣ ਲੱਗ ਪਿਆ। ਪਹਿਲੇ ਸਾਲ, ਉਸ ਨੇ ਕਿਸਾਨ ਨੂੰ ਸਿੱਲੀ ਥਾਂ ’ਤੇ ਫਸਲ ਬੀਜਣ ਲਈ ਕਿਹਾ। ਕਿਸਾਨ ਨੇ ਉਸ ਦੀ ਗੱਲ ਮੰਨੀ ਤੇ ਸਿੱਲੀ ਥਾਂ ’ਤੇ ਫਸਲ ਬੀਜ ਦਿੱਤੀ। ਸਾਰਾ ਸਾਲ ਮੀਂਹ ਨਾ ਪਿਆ ਤੇ ਸਾਰੇ ਕਿਸਾਨਾਂ ਦੀਆਂ ਫਸਲਾਂ ਸੂਰਜ ਦੀ ਗਰਮੀ ਨਾਲ ਸੜ ਗਈਆਂ ਪਰ ਗਰੀਬ ਕਿਸਾਨ ਦੀ ਕਣਕ ਦੀ ਫਸਲ ਬੜੀ ਸੰਘਣੀ, ਲੰਮੀ ਤੇ ਦਾਣਿਆਂ ਨਾਲ ਭਰੇ ਹੋਏ ਸਿੱਟਿਆਂ ਵਾਲੀ ਹੋਈ।
ਸਾਰਾ ਸਾਲ ਵਰਤ ਕੇ ਵੀ ਉਨ੍ਹਾਂ ਦੀ ਫਸਲ ਦੇ ਦਾਣੇ ਉਨ੍ਹਾਂ ਲਈ ਵਾਧੂ ਸਨ।
ਅਗਲੇ ਸਾਲ, ਸ਼ੈਤਾਨ ਨੇ ਕਿਸਾਨ ਨੂੰ ਪਹਾੜੀ ਉੱਪਰ ਫਸਲ ਬੀਜਣ ਦੀ ਸਲਾਹ ਦਿੱਤੀ ਅਤੇ ਉਦੋਂ ਸਾਰੀਆਂ ਗਰਮੀਆਂ ਮੀਂਹ ਪੈਂਦਾ ਰਿਹਾ। ਹੋਰ ਲੋਕਾਂ ਦੀ ਫਸਲ ਥੱਲੇ ਵਿੱਛ ਗਈ ਅਤੇ ਖਰਾਬ ਹੋ ਗਈ ਤੇ ਸਿੱਟੇ ਵੀ ਦਾਣਿਆਂ ਤੋਂ ਖਾਲੀ ਰਹੇ ਪਰ ਕਿਸਾਨ ਦੀ ਫਸਲ ਜੋ ਕਿ ਪਹਾੜੀ ’ਤੇ ਉੱਗੀ ਸੀ, ਉਹ ਭਰਵੀਂ ਹੋਈ। ਉਸ ਕੋਲ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਦਾਣੇ ਹੋ ਗਏ, ਇਸ ਲਈ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਵਾਧੂ ਦਾਣਿਆਂ ਦਾ ਕੀ ਕਰੇ।
ਫੇਰ ਸ਼ੈਤਾਨ ਨੇ ਕਿਸਾਨ ਨੂੰ ਦਾਣਿਆਂ ਨੂੰ ਫੇਹ ਕੇ, ਉਸ ਤੋਂ ਸ਼ਰਾਬ ਬਣਾਉਣ ਦਾ ਤਰੀਕਾ ਦੱਸਿਆ। ਕਿਸਾਨ ਨੇ ਬੜੀ ਤੇਜ਼ ਸ਼ਰਾਬ ਬਣਾਈ ਤੇ ਆਪ ਵੀ ਪੀਣੀ ਸ਼ੁਰੂ ਕਰ ਦਿੱਤੀ ਤੇ ਆਪਣੀ ਦੋਸਤਾਂ ਨੂੰ ਵੀ ਪਿਆਉਣ ਲੱਗਾ।
ਸੋ, ਸ਼ੈਤਾਨ, ਆਪਣੇ ਮਾਲਕ, ਭਾਵ ਸ਼ੈਤਾਨਾਂ ਦੇ ਮੁਖੀਏ ਕੋਲ ਗਿਆ ਤੇ ਬੜੇ ਮਾਣ ਨਾਲ ਉਸ ਨੂੰ ਦੱਸਿਆ ਕਿ ਉਸ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ ਹੈ। ਮੁਖੀਏ ਨੇ ਕਿਹਾ ਕਿ ਉਹ ਆਪ ਆ ਕੇ ਆਪਣੀ ਅੱਖੀਂ ਸਾਰਾ ਮਾਮਲਾ ਦੇਖੇਗਾ।
ਉਹ (ਮੁਖੀਆ) ਸ਼ੈਤਾਨ ਦੇ ਘਰ ਆਇਆ ਤੇ ਦੇਖਿਆ ਕਿ ਕਿਸਾਨ ਨੇ ਆਪਣੇ ਅਮੀਰ ਗੁਆਂਢੀਆਂ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਸ਼ਰਾਬ ਪਿਲਾ ਰਿਹਾ ਸੀ। ਉਸ ਦੀ ਪਤਨੀ ਜੋ ਕਿ ਪ੍ਰਾਹੁਣਿਆਂ ਨੂੰ ਸ਼ਰਾਬ ਵਰਤਾ ਰਹੀ ਸੀ, ਉਸ ਨੂੰ ਮੇਜ਼ ਨਾਲ ਠੇਢਾ ਲੱਗਣ ਕਾਰਨ ਸ਼ਰਾਬ ਦਾ ਇਕ ਗਿਲਾਸ ਡੁੱਲ੍ਹ ਗਿਆ।
ਕਿਸਾਨ ਗੁੱਸੇ ’ਚ ਆ ਕੇ ਆਪਣੀ ਪਤਨੀ ਨੂੰ ਝਿੜਕਣ ਲੱਗਾ, ‘‘ਤੂੰ ਆਪਣੇ ਆਪ ਨੂੰ ਕੀ ਸਮਝਦੀ ਏਂ? ਕੀ ਤੂੰ ਲੰਗੜੀ ਲੂਲ੍ਹੀ ਔਰਤ ਏਂ? ਕੀ ਤੂੰ ਸਮਝਦੀ ਏਂ ਕਿ ਇਹ ਮਾਮੂਲੀ ਪਾਣੀ ਏ, ਜੋ ਤੂੰ ਇਸ ਏਡੀ ਵਧੀਆ ਚੀਜ਼ ਨੂੰ ਫਰਸ਼ ਉਪਰ ਡੋਲ੍ਹੀ ਜਾ ਰਹੀ ਏਂ?
ਸ਼ੈਤਾਨ ਨੇ ਆਪਣੇ ਮਾਲਕ, ਸ਼ੈਤਾਨਾਂ ਦੇ ਮੁਖੀਏ ਨੂੰ ਆਪਣੀ ਕੂਹਣੀ ਨਾਲ ਹਿਲਾਇਆ ਤੇ ਕਿਹਾ, ‘‘ਦੇਖੋ, ਇਹ ਉਹੋ ਆਦਮੀ ਜੇ, ਜਿਸ ਨੂੰ ਆਪਣੀ ਬਰੈੱਡ ਦਾ ਇਕ ਸੁੱਕਾ ਹੋਇਆ ਟੁੱਕੜਾ ਗੁਆਚਣ ’ਤੇ ਕੋਈ ਗੁੱਸਾ ਨਹੀਂ ਸੀ ਆਇਆ।’’
ਕਿਸਾਨ, ਜੋ ਕਿ ਹਾਲੀਂ ਵੀ ਆਪਣੀ ਪਤਨੀ ਨੂੰ ਗੁੱਸੇ ਹੋ ਰਿਹਾ ਸੀ, ਉਸ ਨੇ ਆਪ ਹੀ ਸ਼ਰਾਬ ਵਰਤਾਉਣੀ ਸ਼ੁਰੂ ਕਰ ਦਿੱਤੀ। ਏਨੇ ਨੂੰ ਇਕ ਗਰੀਬ ਕਿਸਾਨ, ਜੋ ਆਪਣੇ ਕੰਮ ਤੋਂ ਵਾਪਸ ਮੁੜ ਰਿਹਾ ਸੀ, ਬਿਨਾਂ ਸੱਦੇ ਤੋਂ ਹੀ ਅੰਦਰ ਆ ਗਿਆ। ਉਸ ਨੇ ਸਾਰਿਆਂ ਨੂੰ ਦੁਆ ਸਲਾਮ ਕੀਤੀ, ਉੱਥੇ ਬੈਠ ਗਿਆ ਤੇ ਦੇਖਿਆ ਕਿ ਉਹ ਸਾਰੇ ਪੀ ਰਹੇ ਸਨ। ਉਹ ਦਿਨ ਭਰ ਦੇ ਕੰਮਾਂ ਨਾਲ ਥੱਕਿਆ ਹੋਇਆ ਸੀ ਤੇ ਉਸ ਦਾ ਜੀਅ ਵੀ ਘੁੱਟ ਪੀਣ ਨੂੰ ਕਰ ਆਇਆ। ਉਹ ਬੈਠਾ ਰਿਹਾ ਤੇ ਉਸ ਦੇ ਮੂੰਹ ’ਚ ਪਾਣੀ ਆ ਗਿਆ। ਪਰ ਮੇਜ਼ਬਾਨ ਨੇ ਉਸ ਨੂੰ ਪੀਣ ਨੂੰ ਤਾਂ ਕੀ ਦੇਣੀ ਸੀ, ਸਗੋਂ ਬੁੜਬੁੜਾਇਆ, ‘‘ਮੈਂ ਇੱਥੇ ਹਰ ਐਰੇ-ਗੈਰੇ ਲਈ ਸ਼ਰਾਬ ਦਾ ਪ੍ਰਬੰਧ ਨਹੀਂ ਕਰ ਸਕਦਾ।’’
ਇਸ ’ਤੇ ਮੁਖੀਆ ਬੜਾ ਖੁਸ਼ ਹੋਇਆ, ਪਰ ਸ਼ੈਤਾਨ ਹੌਲੀ ਜਿਹੀ ਹੱਸਿਆ ਤੇ ਕਹਿਣ ਲੱਗਾ, ‘‘ਥੋੜ੍ਹੀ ਦੇਰ ਰੁਕੋ, ਹਾਲੀਂ ਹੋਰ ਬਹੁਤ ਕੁਝ ਦੇਖੋਗੇ।’’
ਅਮੀਰ ਕਿਸਾਨਾਂ ਨੇ ਵੀ ਤੇ ਮੇਜ਼ਬਾਨ ਨੇ ਵੀ ਪੀ ਲਈ ਸੀ ਅਤੇ ਫਿਰ ਉਨ੍ਹਾਂ ਨੇ ਝੂਠੀਆਂ ਤੇ ਇਕ ਦੂਜੇ ਨੂੰ ਫੂਕ ਛਕਾਉਣ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।
ਮੁਖੀਆ ਸੁਣਦਾ ਗਿਆ ਤੇ ਸ਼ੈਤਾਨ ਦੀ ਪ੍ਰਸੰਸਾ ਕਰਨ ਲੱਗਾ। ਉਹ ਕਹਿਣ ਲੱਗਾ, ‘‘ਜੇ ਸ਼ਰਾਬ, ਇਨ੍ਹਾਂ ਨੂੰ ਏਨੇ ਖਚਰੇ ਬਣਾ ਦਿੰਦੀ ਹੈ ਕਿ ਉਹ ਇਕ-ਦੂਜੇ ਨੂੰ ਧੋਖਾ ਦੇਣ ਲੱਗ ਪੈਂਦੇ ਹਨ, ਤਾਂ ਛੇਤੀ ਹੀ ਅਸੀਂ ਸਫਲ ਹੋ ਜਾਵਾਂਗੇ।’’
ਸ਼ੈਤਾਨ ਨੇ ਕਿਹਾ, ‘‘ਹੁਣੇ ਦੇਖਿਓ, ਕੀ ਹੋਵੇਗਾ। ਉਨ੍ਹਾਂ ਨੂੰ ਸ਼ਰਾਬ ਦਾ ਇਕ ਦੌਰ ਹੋਰ ਲਾ ਲੈਣ ਦਿਓ। ਹੁਣ ਉਹ ਲੂੰਬੜ ਚਾਲਾਂ ਨਾਲ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਹੁਣੇ ਤੁਸੀਂ ਦੇਖੋਗੇ ਕਿ ਇਨ੍ਹਾਂ ਦਾ ਵਰਤਾਰਾ ਜ਼ਾਲਮ ਬਘਿਆੜਾਂ ਵਰਗਾ ਹੋ ਜਾਵੇਗਾ।’’
ਕਿਸਾਨਾਂ ਨੇ ਇਕ-ਇਕ ਗਲਾਸ ਹੋਰ ਪੀਤਾ ਤੇ ਉਨ੍ਹਾਂ ਦਾ ਵਤੀਰਾ ਹੋਰ ਵੀ ਜੰਗਲੀ ਤੇ ਮਾੜਾ ਹੋ ਗਿਆ। ਹੁਣ ਉਹ ਇਕ-ਦੂਜੇ ਦੀ ਝੂਠੀ ਤਾਰੀਫ ਕਰਨ ਦੀ ਬਜਾਏ, ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ ਤੇ ਧਮਕਾਉਣ ਲੱਗ ਪਏ। ਛੇਤੀ ਹੀ ਉਹ ਲੜਨ ਲੱਗ ਪਏ ਤੇ ਹੱਥੋਪਾਈ ਹੋ ਪਏ। ਮੇਜ਼ਬਾਨ ਵੀ ਲੜਾਈ ’ਚ ਸ਼ਾਮਲ ਹੋ ਗਿਆ ਤੇ ਉਸ ਨੂੰ ਵੀ ਖੂਬ ਕੁਟਾਪਾ ਚਾੜ੍ਹਿਆ ਗਿਆ।
ਮੁਖੀਆ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, ‘‘ਇਹ ਬੜੀ ਵਧੀਆ ਗੱਲ ਏ।’’ ਪਰ ਸ਼ੈਤਾਨ ਨੇ ਜਵਾਬ ’ਚ ਕਿਹਾ, ‘‘ਹਾਲੀਂ ਕੁਝ ਚਿਰ ਉਡੀਕੋ ਸਭ ਤੋਂ ਵਧੀਆ ਗੱਲ ਤਾਂ ਹਾਲੀਂ ਹੋਣੀ ਹੈ। ਇਨ੍ਹਾਂ ਨੂੰ ਤੀਸਰਾ ਗਿਲਾਸ ਵੀ ਪੀ ਲੈਣ ਦਿਉ। ਹਾਲੀਂ ਤਾਂ ਇਹ ਬਘਿਆੜਾਂ ਵਾਂਗ ਲੜ ਰਹੇ ਹਨ, ਪਰ ਇਕ ਇਕ ਗਿਲਾਸ ਹੋਰ ਪੀਣ ਤੋਂ ਬਾਅਦ ਇਹ ਜੰਗਲੀ ਸੂਰਾਂ ਵਾਂਗ ਲੜਨਗੇ।’’
ਕਿਸਾਨਾਂ ਨੇ ਤੀਸਰਾ ਗਿਲਾਸ ਵੀ ਪੀ ਲਿਆ ਤੇ ਬਿਲਕੁਲ ਨਿਰਦਈ ਬਣ ਗਏ। ਉਹ ਬਿਨਾਂ ਕਿਸੇ ਦੀ ਕੋਈ ਗੱਲ ਸੁਣਨ ਤੋਂ ਬੁੜਬੁੜਾਉਣ ਲੱਗੇ ਤੇ ਇਕ-ਦੂਜੇ ’ਤੇ ਚੀਕਣ ਲੱਗੇ।
ਫੇਰ ਪਾਰਟੀ ਖਿੰਡ-ਪੁੰਡ ਗਈ ਤੇ ਕਈ ਜਣੇ ਇਕੱਲੇ-ਇਕੱਲੇ, ਕਈ ਦੋ-ਦੋ ਤੇ ਕਈ ਤਿੰਨ-ਤਿੰਨ ਦੇ ਗੁੱਟਾਂ ਵਿਚ ਗਲੀ ਵਿਚ ਡਗਮਗਾਉਣ ਲੱਗੇ।
ਮੇਜ਼ਬਾਨ ਵੀ ਆਪਣੇ ਪ੍ਰਾਹੁਣਿਆਂ ਨੂੰ ਛੱਡਣ ਲਈ ਤੇਜ਼ੀ ਨਾਲ ਬਾਹਰ ਆਇਆ ਪਰ ਉਹ ਮੂੰਹ ਪਰਨੇ ਗੰਦੇ ਪਾਣੀ ਵਾਲੇ ਟੋਏ ’ਚ ਡਿੱਗ ਪਿਆ ਤੇ ਸਿਰ ਤੋਂ ਮੂੰਹ ਤਕ ਲਿਬੜ ਗਿਆ ਤੇ ਉੱਥੇ ਹੀ ਸੂਰ ਵਾਂਗ ਘੁਰ-ਘੁਰ ਕਰਦਿਆਂ ਡਿੱਗ ਪਿਆ।
ਇਹ ਦੇਖ ਕੇ ਸ਼ੈਤਾਨਾਂ ਦਾ ਮੁਖੀ ਹੋਰ ਵੀ ਖੁਸ਼ ਹੋਇਆ। ਉਹ ਕਹਿਣ ਲੱਗਾ, ‘‘ਠੀਕ ਹੈ, ਤੂੰ ਉੱਤਮ ਦਰਜੇ ਦੀ ਸ਼ਰਾਬ ਬਣਵਾਉਣ ’ਚ ਸਫਲ ਰਿਹਾ ਹੈ ਅਤੇ ਆਪਣੀ ਬਰੈੱਡ ਵਾਲੀ ਗਲਤੀ ਦਾ ਬਦਲਾ ਲੈ ਲਿਆ ਹੈ। ਪਰ ਹੁਣ ਤੂੰ ਮੈਨੂੰ ਇਹ ਦੱਸ ਕੇ ਇਹ ਸ਼ਰਾਬ ਤੂੰ ਬਣਾਈ ਕਿਵੇਂ? ਤੂੰ ਜ਼ਰੂਰ ਹੀ ਪਹਿਲਾਂ ਲੂੰਬੜ ਦਾ ਲਹੂ ਲਿਆ ਹੋਵੇਗਾ ਤੇ ਇਸ ਨੇ ਕਿਸਾਨਾਂ ਨੂੰ ਲੂੰਬੜਾਂ ਵਾਂਗ ਹੀ ਚਾਲਬਾਜ਼ ਬਣਾ ਦਿੱਤਾ ਹੋਵੇਗਾ। ਫੇਰ, ਮੇਰਾ ਖਿਆਲ ਹੈ ਕਿ ਤੂੰ ਇਸ ’ਚ ਬਘਿਆੜਾਂ ਦਾ ਲਹੂ ਮਿਲਾਇਆ ਹੋਵੇਗਾ, ਜਿਸ ਨੇ ਇਨ੍ਹਾਂ ਨੂੰ ਬਘਿਆੜਾਂ ਵਰਗੇ ਭਿਅੰਕਰ ਬਣਾ ਦਿੱਤਾ ਹੋਵੇਗਾ। ਅੰਤ ਵਿਚ ਤੂੰ ਜੰਗਲੀ ਸੂਰਾਂ ਦਾ ਖੂਨ ਇਸ ’ਚ ਮਿਲਾਇਆ ਹੋਵੇਗਾ, ਜਿਸ ਕਾਰਨ ਇਨ੍ਹਾਂ ਦਾ ਵਤੀਰਾ ਉਨ੍ਹਾਂ ਜੰਗਲੀ ਸੂਰਾਂ ਵਰਗਾ ਹੋ ਗਿਆ ਹੋਵੇਗਾ।’’
ਸ਼ੈਤਾਨ ਕਹਿਣ ਲੱਗਾ, ‘‘ਨਹੀਂ, ਏਸ ਤਰ੍ਹਾਂ ਦਾ ਮੈਂ ਕੁਝ ਵੀ ਨਹੀਂ ਕੀਤਾ। ਮੈਂ ਤਾਂ ਇਹ ਦੇਖਿਆ ਕਿ ਕਿਸਾਨ ਕੋਲ ਦਾਣੇ ਉਸ ਦੀ ਜ਼ਰੂਰਤ ਤੋਂ ਵੱਧ ਹੋ ਗਏ ਸਨ। ਆਦਮੀ ਵਿਚ ਹਮੇਸ਼ਾ ਹੀ ਜੰਗਲੀ ਜਾਨਵਰਾਂ ਵਾਲਾ ਖੂਨ ਦੌੜਦਾ ਹੈ ਪਰ ਜਿੰਨਾ ਚਿਰ ਤਕ ਉਸ ਕੋਲ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਦਾਣੇ ਹੁੰਦੇ ਹਨ, ਇਹ ਖੂਨ ਆਪਣੀਆਂ ਹੱਦਾਂ ਵਿਚ ਹੀ ਰਹਿੰਦਾ ਹੈ। ਜਦੋਂ ਤਕ ਕਿਸਾਨ ਕੋਲ ਵੀ ਗੁਜ਼ਾਰੇ ਜੋਗੇ ਦਾਣੇ ਸਨ, ਉਸ ਨੇ ਬਰੈੱਡ ਦਾ ਟੁਕੜਾ ਗੁਆਚਣ ’ਤੇ ਵੀ ਕੋਈ ਗੁੱਸਾ ਨਹੀਂ ਸੀ ਕੀਤਾ। ਪਰ ਜਦੋਂ ਉਸ ਕੋਲ ਦਾਣੇ ਵਾਧੂ ਬਚ ਗਏ ਉਹ ਇਨ੍ਹਾਂ ਤੋਂ ਆਨੰਦ ਲੈਣ ਲਈ ਤਰੀਕੇ ਲੱਭਣ ਲੱਗਾ ਤੇ ਮੈਂ ਉਸ ਨੂੰ ਪੀਣ ਦਾ ਆਨੰਦ ਦਿਖਾਇਆ ਅਤੇ ਜਦੋਂ ਉਸ ਨੇ ਆਪਣੇ ਆਨੰਦ ਲਈ ਪਰਮਾਤਮਾ ਦੇ ਦਿੱਤੇ ਹੋਏ ਤੋਹਫਿਆਂ ਤੋਂ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਧੁਰ ਅੰਦਰੋਂ, ਲੂੰਬੜ ਦਾ, ਬਘਿਆੜ ਦਾ ਤੇ ਜੰਗਲੀ ਸੂਰ ਦਾ ਲਹੂ ਬਾਹਰ ਆ ਗਿਆ। ਜੇ ਹੁਣ ਇਵੇਂ ਸ਼ਰਾਬ ਪੀਂਦਾ ਗਿਆ ਤਾਂ ਉਹ ਹਮੇਸ਼ਾ ਜੰਗਲੀ ਜਾਨਵਰ ਹੀ ਬਣਿਆ ਰਹੇਗਾ।’’
ਸ਼ੈਤਾਨਾਂ ਦੇ ਮੁਖੀਏ ਨੇ ਸ਼ੈਤਾਨ ਦੀ ਪ੍ਰਸੰਸਾ ਕੀਤੀ, ਉਸ ਦੀ ਪੁਰਾਣੀ ਬੱਜਰ ਗਲਤੀ ਲਈ ਉਸ ਨੂੰ ਮੁਆਫ ਕਰ ਦਿੱਤਾ ਤੇ ਉਸ ਨੂੰ ਹੋਰ ਉੱਚਾ ਅਹੁਦਾ ਦੇ ਦਿੱਤਾ।
ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’
ਇਕ ਵਾਰੀ ਇਕ ਮੁੰਡਾ ਜਿਸਦਾ ਨਾਂ ਸਈਉਜ਼ਾ ਸੀ, ਉਸਨੂੰ ਆਪਣੇ ਜਨਮ ਦਿਨ ‘ਤੇ ਬਹੁਤ ਸਾਰੇ ਤੋਹਫ਼ੇ ਮਿਲੇ। ਇਨ੍ਹਾਂ ਵਿਚ ਤਸਵੀਰਾਂ ਵਾਲੇ ਕਾਰਡ, ਭੰਬੀਰੀਆਂ ਅਤੇ ਲੱਕੜੀ ਦੇ ਬਣੇ ਹੋਏ ਘੋੜੇ ਆਦਿ ਸਨ, ਪਰ ਸਭ ਤੋਂ ਵਧੀਆ ਤੋਹਫ਼ਾ ਉਸਨੂੰ ਆਪਣੇ ਚਾਚੇ ਵੱਲੋਂ ਦਿੱਤਾ ਪੰਛੀ ਫੜਨ ਵਾਲਾ ਜਾਲ ਹੀ ਲੱਗਾ। ਇਕ ਫਰੇਮ ਨਾਲ ਛੋਟੀ ਜਿਹੀ ਤਖ਼ਤੀ ਜੋੜ ਕੇ ਇਸਦੇ ਪਿਛਲੇ ਪਾਸੇ ਜਾਲ ਨੂੰ ਖਿੱਚ ਕੇ ਲਾਇਆ ਹੋਇਆ ਸੀ। ਸਈਉਜ਼ਾ ਬਹੁਤ ਖੁਸ਼ ਸੀ ਤੇ ਉਹ ਖੁਸ਼ੀ ਨਾਲ ਦੌੜਦਾ ਹੋਇਆ ਆਪਣੀ ਮਾਂ ਨੂੰ ਇਹ ਤੋਹਫ਼ਾ ਦਿਖਾਉਣ ਲਈ ਲਿਆਇਆ। ਉਸਦੀ ਮਾਂ ਨੂੰ ਇਹ ਤੋਹਫ਼ਾ ਪਸੰਦ ਨਹੀਂ ਆਇਆ। ਉਹ ਕਹਿਣ ਲੱਗੀ, ‘ਇਹ ਕੋਈ ਵਧੀਆ ਖਿਡੌਣਾ ਨਹੀਂ ਹੈ। ਤੂੰ ਨਿੱਕੇ ਨਿੱਕੇ ਪੰਛੀਆਂ ਦਾ ਕੀ ਕਰੇਂਗਾ? ਤੂੰ ਹੋਰਨਾਂ ਨੂੰ ਕਿਉਂ ਦੁਖੀ ਕਰਨਾ ਚਾਹੁੰਦਾ ਹੈ?’ ਪਰ ਸਈਉਜ਼ਾ ਜ਼ਿੱਦ ਕਰਨ ਲੱਗਾ, ‘ਮੈਂ ਉਨ੍ਹਾਂ ਨੂੰ ਪਿੰਜਰਿਆਂ ‘ਚ ਬੰਦ ਕਰ ਕੇ ਰੱਖਾਂਗਾ ਤੇ ਉਨ੍ਹਾਂ ਨੂੰ ਦਾਣੇ ਵੀ ਪਾਇਆ ਕਰਾਂਗਾ।’
ਅਗਲੇ ਦਿਨ ਸਈਉਜ਼ਾ ਨੇ ਤਖ਼ਤੀ ‘ਤੇ ਕੁਝ ਦਾਣੇ ਖਿਲਾਰੇ ਤੇ ਬਾਗ਼ ਵਿਚ ਜਾਲ ਲਾ ਦਿੱਤਾ। ਆਪ ਉਹ ਕੁਝ ਚਿਰ ਉੱਥੇ ਹੀ ਖੜ੍ਹਾ ਰਿਹਾ ਤਾਂ ਕਿ ਪੰਛੀਆਂ ਨੂੰ ਜਾਲ ‘ਚ ਫਸਦਿਆਂ ਦੇਖ ਸਕੇ, ਪਰ ਪੰਛੀ ਉਸ ਕੋਲੋਂ ਡਰਦਿਆਂ ਜਾਲ ਦੇ ਨੇੜੇ ਨਾ ਆਏ।
ਕੁਝ ਚਿਰ ਉਡੀਕ ਕਰਨ ਤੋਂ ਬਾਅਦ ਉਹ ਦੁਪਹਿਰ ਦੀ ਰੋਟੀ ਖਾਣ ਘਰ ਆ ਗਿਆ। ਜਦੋਂ ਉਹ ਵਾਪਸ ਬਾਗ਼ ‘ਚ ਗਿਆ ਤਾਂ ਉਸਨੇ ਦੇਖਿਆ ਕਿ ਜਾਲ ਥੱਲੇ ਡਿੱਗਿਆ ਪਿਆ ਸੀ ਤੇ ਇਕ ਨਿੱਕਾ ਜਿਹਾ ਪੰਛੀ ਜਾਲ ਅੰਦਰ ਫਸਿਆ ਹੋਇਆ ਸੀ। ਸਈਉਜ਼ਾ ਬਹੁਤ ਖੁਸ਼ ਹੋਇਆ। ਉਹ ਪੰਛੀ ਨੂੰ ਫੜ ਕੇ ਘਰ ਲੈ ਆਇਆ।
ਘਰ ਆ ਕੇ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ‘ਦੇਖ ਮਾਂ, ਮੈਂ ਇਕ ਪੰਛੀ ਫੜ ਕੇ ਲਿਆਇਆ ਹਾਂ। ਇਹ ਜ਼ਰੂਰ ਬੁਲਬੁਲ ਹੀ ਹੋਏਗੀ।’
ਉਸਦੀ ਮਾਂ ਨੇ ਕਿਹਾ, ‘ਇਹ ਤਾਂ ਗਾਉਣ ਵਾਲਾ ਪੰਛੀ ਹੈ। ਇਸਨੂੰ ਤੰਗ ਨਾ ਕਰੀਂ। ਇਸ ਨੂੰ ਛੱਡ ਦੇ।’
‘ਨਹੀਂ, ਮੈਂ ਤਾਂ ਇਸਨੂੰ ਪਿੰਜਰੇ ‘ਚ ਬੰਦ ਕਰ ਕੇ ਚੋਗਾ ਵੀ ਪਾਵਾਂਗਾ ਤੇ ਇਸਦਾ ਪੂਰਾ ਖਿਆਲ ਵੀ ਰੱਖਾਂਗਾ।’
ਸਈਉਜ਼ਾ ਨੇ ਉਸਨੂੰ ਪਿੰਜਰੇ ‘ਚ ਬੰਦ ਕਰ ਦਿੱਤਾ ਅਤੇ ਦੋ ਦਿਨ ਉਸਨੂੰ ਦਾਣੇ ਤੇ ਪਾਣੀ ਪਾਉਂਦਾ ਰਿਹਾ ਤੇ ਪਿੰਜਰੇ ਨੂੰ ਸਾਫ਼ ਵੀ ਕਰਦਾ ਰਿਹਾ। ਪਰ ਤੀਸਰੇ ਦਿਨ ਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਗਿਆ। ਉਸਨੇ ਨਾ ਤਾਂ ਉਸ ਪੰਛੀ ਦਾ ਪਾਣੀ ਹੀ ਬਦਲਿਆ ਤੇ ਨਾ ਹੀ ਪਿੰਜਰਾ ਸਾਫ਼ ਕੀਤਾ।
ਫੇਰ ਉਸਦੀ ਮਾਂ ਨੇ ਕਿਹਾ, ‘ਦੇਖ, ਤੂੰ ਉਸ ਨਿੱਕੇ ਪੰਛੀ ਬਾਰੇ ਬਿਲਕੁਲ ਹੀ ਭੁੱਲ ਗਿਆ। ਮੇਰਾ ਖਿਆਲ ਹੈ ਕਿ ਚੰਗਾ ਹੋਏਗਾ ਜੇ ਤੂੰ ਉਸ ਨੂੰ ਆਜ਼ਾਦ ਕਰ ਦੇਵੇਂ।’
ਉਹ ਬੋਲਿਆ, ‘ਨਹੀਂ, ਮੈਂ ਅੱਗੇ ਤੋਂ ਨਹੀਂ ਭੁੱਲਾਗਾਂ। ਮੈਂ ਹੁਣੇ ਇਸ ਨੂੰ ਤਾਜ਼ਾ ਪਾਣੀ ਪਾਉਂਦਾ ਹਾਂ ਤੇ ਪਿੰਜਰਾ ਵੀ ਸਾਫ਼ ਕਰਦਾ ਹਾਂ।’
ਸਈਉਜ਼ਾ ਪਿੰਜਰੇ ‘ਚ ਹੱਥ ਪਾ ਕੇ ਸਫ਼ਾਈ ਕਰਨ ਲੱਗਾ, ਪਰ ਪੰਛੀ ਡਰ ਗਿਆ ਤੇ ਉਸਦੇ ਫੜਫੜਾਉਂਦੇ ਹੋਏ ਖੰਭ ਪਿੰਜਰੇ ਨਾਲ ਵੱਜਣ ਲੱਗੇ। ਸਈਉਜ਼ਾ ਪਿੰਜਰੇ ਨੂੰ ਬਾਹਰੋਂ ਸਾਫ਼ ਕਰ ਕੇ ਆਪ ਪਾਣੀ ਲੈਣ ਚਲਾ ਗਿਆ।
ਉਸਦੀ ਮਾਂ ਨੇ ਦੇਖਿਆ ਕਿ ਉਹ ਪਿੰਜਰੇ ਦਾ ਛੋਟਾ ਜਿਹਾ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਹੈ। ਉਸਨੇ ਉਸਨੂੰ ਪਿੱਛੋਂ ਆਵਾਜ਼ ਮਾਰੀ, ‘ਸਈਉਜ਼ਾ, ਪਿੰਜਰੇ ਦਾ ਦਰਵਾਜ਼ਾ ਬੰਦ ਕਰ ਦੇ, ਨਹੀਂ ਤਾਂ ਤੇਰਾ ਪੰਛੀ ਬਾਹਰ ਉੱਡ ਜਾਏਗਾ ਤੇ ਉਸਨੂੰ ਕੋਈ ਸੱਟ ਲੱਗ ਜਾਏਗੀ।’
ਜਦੋਂ ਹੀ ਮਾਂ ਨੇ ਏਨੀ ਗੱਲ ਕਹੀ, ਪੰਛੀ ਖੁਸ਼ੀ ਨਾਲ ਖੰਭ ਫੈਲਾਅ ਕੇ ਕਮਰੇ ‘ਚ ਉੱਡਦਾ ਹੋਇਆ ਬਾਰੀ ਵੱਲ ਗਿਆ, ਪਰ ਬਾਰੀ ਦਾ ਸ਼ੀਸ਼ਾ ਨਾ ਦਿਸਣ ਕਰਕੇ ਉਹ ਸ਼ੀਸ਼ੇ ਨਾਲ ਟਕਰਾ ਗਿਆ ਤੇ ਬਾਰੀ ਦੇ ਥੱਲੇ ਵਾਲੇ ਹਿੱਸੇ ‘ਚ ਡਿੱਗ ਪਿਆ।
ਸਈਉਜ਼ਾ ਦੌੜਿਆ ਆਇਆ, ਨਿੱਕੇ ਪੰਛੀ ਨੂੰ ਚੁੱਕਿਆ ਅਤੇ ਉਸਨੂੰ ਫੇਰ ਪਿੰਜਰੇ ਅੰਦਰ ਰੱਖ ਦਿੱਤਾ। ਪੰਛੀ ਜਿਊਂਦਾ ਸੀ,ਪਰ ਉਹ ਛਾਤੀ ਪਰਨੇ ਪਿਆ ਹੋਇਆ ਸੀ। ਉਸਦੇ ਛੋਟੇ ਛੋਟੇ ਖੰਭ ਬਾਹਰ ਨੂੰ ਖਿੱਲਰੇ ਹੋਏ ਸਨ ਤੇ ਉਹ ਔਖੇ ਜਿਹੇ ਸਾਹ ਲੈ ਰਿਹਾ ਸੀ। ਸਈਉਜ਼ਾ ਚੀਕਿਆ, ‘ਮਾਂ! ਹੁਣ ਮੈਂ ਕੀ ਕਰਾਂ?’
‘ਤੂੰ ਕੁਝ ਵੀ ਨਹੀਂ ਕਰ ਸਕਦਾ।’
ਉਸ ਦਿਨ ਸਈਉਜ਼ਾ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਨਿਕਲਿਆ। ਉਹ ਨਿੱਕੇ ਪੰਛੀ ਵੱਲ ਹੀ ਦੇਖਦਾ ਰਿਹਾ। ਪੰਛੀ ਉਸੇ ਤਰ੍ਹਾਂ ਹੀ ਆਪਣੀ ਛਾਤੀ ਪਰਨੇ ਪਿਆ ਹੋਇਆ ਔਖੇ ਔਖੇ ਸਾਹ ਲੈ ਰਿਹਾ ਸੀ। ਰਾਤ ਨੂੰ ਜਦੋਂ ਸਈਉਜ਼ਾ ਆਪਣੇ ਬੈੱਡ ‘ਤੇ ਗਿਆ ਤਾਂ ਪੰਛੀ ਉਦੋਂ ਵੀ ਜਿਊਂਦਾ ਸੀ। ਸਈਉਜ਼ਾ ਕਾਫ਼ੀ ਦੇਰ ਸੌਂ ਨਹੀਂ ਸਕਿਆ। ਜਦੋਂ ਹੀ ਉਹ ਅੱਖਾਂ ਬੰਦ ਕਰਦਾ, ਉਸੇ ਵੇਲੇ ਉਸ ਦੀਆਂ ਅੱਖਾਂ ਅੱਗੇ ਉਹ ਨਿੱਕਾ ਪੰਛੀ, ਔਖੇ ਸਾਹ ਲੈਂਦਾ ਦਿਸਣ ਲੱਗ ਪੈਂਦਾ।
ਜਦੋਂ ਅਗਲੀ ਸਵੇਰ ਨੂੰ ਸਈਉਜ਼ਾ ਪਿੰਜਰੇ ਵੱਲ ਗਿਆ ਤਾਂ ਉਹ ਨਿੱਕਾ ਪੰਛੀ ਆਪਣੀ ਪਿੱਠ ਪਰਨੇ ਪਿਆ ਹੋਇਆ ਸੀ ਤੇ ਉਸ ਦੀਆਂ ਲੱਤਾਂ ਉੱਪਰ ਵੱਲ ਮੁੜੀਆਂ ਹੋਈਆਂ ਸਨ। ਉਹ ਹੁਣ ਮਰ ਚੁੱਕਾ ਸੀ। ਇਸ ਤੋਂ ਬਾਅਦ ਸਈਉਜ਼ਾ ਨੇ ਕਦੀ ਵੀ ਕਿਸੇ ਪੰਛੀ ਨੂੰ ਨਹੀਂ ਫੜਿਆ।
(ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’)
ਇੱਕ ਵਾਰੀ ਕਿਸੇ ਬਾਦਸ਼ਾਹ ਨੂੰ ਇੱਕ ਖਿਆਲ ਆਇਆ ਕਿ ਜੇ ਉਸ ਨੂੰ ਪਹਿਲਾਂ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਢੁੱਕਵੇਂ ਸਮੇਂ ਦਾ ਪਤਾ ਲੱਗ ਜਾਵੇ, ਜੇ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਹੜੇ ਉਚਿਤ ਲੋਕਾਂ ਦੀ ਗੱਲ ਨੂੰ ਮੰਨੇ ਤੇ ਕਿਹੜੇ ਲੋਕਾਂ ਤੋਂ ਬਚੇ ਤੇ ਸਭ ਤੋਂ ਜ਼ਿਆਦਾ ਇਹ ਕਿ ਜੇ ਉਸ ਨੂੰ ਹਮੇਸ਼ਾਂ ਇਹ ਪਤਾ ਲੱਗ ਜਾਇਆ ਕਰੇ ਕਿ ਉਸ ਲਈ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ਤਾਂ ਉਹ ਕਦੀ ਵੀ ਕਿਸੇ ਕੰਮ ’ਚ ਅਸਫ਼ਲ ਨਹੀਂ ਹੋਵੇਗਾ।
ਇਹ ਖਿਆਲ ਆਉਂਦਿਆਂ ਹੀ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਮੁਨਾਦੀ ਕਰਵਾ ਦਿੱਤੀ ਕਿ ਉਹ ਉਸ ਆਦਮੀ ਨੂੰ ਬਹੁਤ ਵੱਡਾ ਇਨਾਮ ਦੇਵੇਗਾ ਜਿਹੜਾ ਉਸ ਨੂੰ ਇਹ ਦੱਸੇਗਾ ਕਿ ਉਸ ਲਈ ਕੰਮ ਕਰਨ ਵਾਸਤੇ ਢੁਕਵਾਂ ਸਮਾਂ ਕਿਹੜਾ ਹੈ। ਉਸ ਵਾਸਤੇ ਕਿਹੜੇ ਮਹੱਤਵਪੂਰਨ ਲੋਕ ਹਨ ਤੇ ਸਭ ਤੋਂ ਮਹੱਤਵਪੂਰਨ ਕੰਮ ਉਸ ਲਈ ਕਿਹੜਾ ਹੈ। ਬਹੁਤ ਸਾਰੇ ਵਿਦਵਾਨ ਲੋਕ ਰਾਜੇ ਕੋਲ ਆਏ ਪਰ ਸਭ ਨੇ ਉਸ ਦੇ ਪ੍ਰਸ਼ਨਾਂ ਦੇ ਵੱਖ-ਵੱਖ ਜੁਆਬ ਦਿੱਤੇ।
ਸਭ ਪ੍ਰਸ਼ਨਾਂ ਦੇ ਜੁਆਬ ਕਿਉਂਕਿ ਇੱਕ ਦੂਜੇ ਤੋਂ ਅਲੱਗ ਸਨ ਇਸ ਲਈ ਬਾਦਸ਼ਾਹ ਕਿਸੇ ਨਾਲ ਵੀ ਸਹਿਮਤ ਨਾ ਹੋਇਆ ਤੇ ਕਿਸੇ ਨੂੰ ਵੀ ਕੋਈ ਇਨਾਮ ਨਾ ਦਿੱਤਾ। ਹਾਲੇ ਵੀ ਆਪਣੇ ਪ੍ਰਸ਼ਨਾਂ ਦੇ ਠੀਕ ਉੱਤਰਾਂ ਦੀ ਤਲਾਸ਼ ਦਿਲ ’ਚ ਰੱਖ ਕੇ ਬਾਦਸ਼ਾਹ ਨੇ ਇੱਕ ਮਹਾਤਮਾ ਕੋਲੋਂ ਸਲਾਹ ਲੈਣ ਦਾ ਫ਼ੈਸਲਾ ਕੀਤਾ ਜੋ ਕਿ ਆਪਣੀ ਸਿਆਣਪ ਲਈ ਦੂਰ-ਦੂਰ ਤਕ ਮਸ਼ਹੂਰ ਸੀ।
ਮਹਾਤਮਾ ਜੰਗਲ ਵਿੱਚ ਰਹਿੰਦਾ ਸੀ ਤੇ ਜੰਗਲ ’ਚੋਂ ਕਿਤੇ ਨਹੀਂ ਸੀ ਜਾਂਦਾ ਅਤੇ ਸਿਰਫ਼ ਆਮ ਲੋਕਾਂ ਤੋਂ ਬਿਨਾਂ ਉਹ ਕਿਸੇ ਨੂੰ ਨਹੀਂ ਮਿਲਦਾ ਸੀ। ਇਸ ਕਰਕੇ ਬਾਦਸ਼ਾਹ ਨੇ ਸਾਧਾਰਨ ਜਿਹੇ ਕੱਪੜੇ ਪਾਏ ਤੇ ਮਹਾਤਮਾ ਦੀ ਝੌਂਪੜੀ ’ਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਘੋੜੇ ਤੋਂ ਹੇਠਾਂ ਉਤਰਿਆ ਅਤੇ ਆਪਣੇ ਅੰਗ-ਰੱਖਿਅਕ ਨੂੰ ਪਿੱਛੇ ਛੱਡ ਕੇ, ਇਕੱਲਾ ਹੀ ਝੌਂਪੜੀ ਵੱਲ ਚੱਲ ਪਿਆ। ਜਦੋਂ ਬਾਦਸ਼ਾਹ ਨੇੜੇ ਆਇਆ ਤਾਂ ਮਹਾਤਮਾ ਆਪਣੀ ਝੌਂਪੜੀ ਦੇ ਸਾਹਮਣੇ ਜ਼ਮੀਨ ਪੁੱਟ ਰਿਹਾ ਸੀ। ਬਾਦਸ਼ਾਹ ਨੂੰ ਵੇਖ ਕੇ ਉਸ ਨੇ ਉਸ ਦਾ ਸਵਾਗਤ ਕੀਤਾ ਤੇ ਜ਼ਮੀਨ ਪੁੱਟਦਾ ਰਿਹਾ। ਮਹਾਤਮਾ ਸਿਹਤ ਪੱਖੋਂ ਨਿਰਬਲ ਤੇ ਕਮਜ਼ੋਰ ਜਿਹਾ ਸੀ ਅਤੇ ਹਰ ਵਾਰੀ ਜਦੋਂ ਉਹ ਜ਼ਮੀਨ ’ਚ ਆਪਣੀ ਕਹੀ ਮਾਰਦਾ ਤਾਂ ਥੋੜ੍ਹੀ ਜਿਹੀ ਮਿੱਟੀ ਉਪਰ ਆਉਂਦੀ ਤਾਂ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ।
ਬਾਦਸ਼ਾਹ ਉਸ ਕੋਲ ਆਇਆ ਤੇ ਕਿਹਾ, ‘‘ਮਹਾਂਪੁਰਖੋ, ਮੈਂ ਤੁਹਾਡੇ ਕੋਲ ਤਿੰਨ ਪ੍ਰਸ਼ਨਾਂ ਦੇ ਉੱਤਰ ਪੁੱਛਣ ਆਇਆ ਹਾਂ। ਮੈਨੂੰ ਦੱਸੋ ਕਿ ਮੈਂ ਠੀਕ ਸਮੇਂ ’ਤੇ ਠੀਕ ਕੰਮ ਕਿਵੇਂ ਕਰਾਂ? ਕਿਹੜੇ ਲੋਕ ਹਨ, ਜਿਨ੍ਹਾਂ ਦੀ ਮੈਨੂੰ ਜ਼ਿਆਦਾ ਜ਼ਰੂਰਤ ਹੈ ਤੇ ਕਿਹੜੇ ਲੋਕਾਂ ਵੱਲ ਮੈਂ ਦੂਜਿਆਂ ਨਾਲੋਂ ਜ਼ਿਆਦਾ ਧਿਆਨ ਦੇਵਾਂ। ਕਿਹੜੇ ਕੰਮ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਤੇ ਪਹਿਲ ਦੇ ਆਧਾਰ ’ਤੇ ਕਰਨੇ ਚਾਹੀਦੇ ਹਨ।’’
ਮਹਾਤਮਾ ਨੇ ਬਾਦਸ਼ਾਹ ਦੀ ਗੱਲ ਸੁਣੀ ਪਰ ਕੋਈ ਜੁਆਬ ਨਾ ਦਿੱਤਾ। ਉਸ ਨੇ ਸਿਰਫ਼ ਆਪਣੇ ਹੱਥ ’ਤੇ ਥੁੱਕਿਆ ਅਤੇ ਫੇਰ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਬਾਦਸ਼ਾਹ ਬੋਲਿਆ, ‘‘ਤੁਸੀਂ ਥੱਕ ਗਏ ਹੋ, ਲਿਆਓ ਇਹ ਕਹੀ ਮੈਨੂੰ ਦੇ ਦਿਓ ਤਾਂ ਕਿ ਕੁਝ ਚਿਰ ਮੈਂ ਤੁਹਾਡੇ ਲਈ ਕੰਮ ਕਰਾਂ।’’
ਮਹਾਤਮਾ ਨੇ ਰਾਜੇ ਨੂੰ ਕਹੀ ਫੜਾਉਂਦਿਆਂ ਹੋਇਆਂ ਕਿਹਾ, ‘‘ਧੰਨਵਾਦ’’ ਅਤੇ ਆਪ ਜ਼ਮੀਨ ’ਤੇ ਬੈਠ ਗਿਆ।
ਜਦੋਂ ਉਸ ਨੇ ਦੋ ਕਿਆਰੀਆਂ ਪੁੱਟ ਲਈਆਂ ਤਾਂ ਬਾਦਸ਼ਾਹ ਕੰਮ ਕਰਨੋਂ ਰੁਕ ਗਿਆ ਤੇ ਆਪਣੇ ਪ੍ਰਸ਼ਨ ਦੁਹਰਾਉਣ ਲੱਗਾ। ਮਹਾਤਮਾ ਨੇ ਫਿਰ ਕੋਈ ਜੁਆਬ ਨਾ ਦਿੱਤਾ ਪਰ ਖੜ੍ਹਾ ਹੋ ਕੇ ਆਪਣਾ ਹੱਥ ਕਹੀ ਲੈਣ ਲਈ ਅੱਗੇ ਵਧਾਇਆ ਤੇ ਕਿਹਾ, ‘‘ਹੁਣ ਤੁਸੀਂ ਕੁਝ ਚਿਰ ਆਰਾਮ ਕਰੋ ਅਤੇ ਥੋੜ੍ਹਾ ਕੰਮ ਮੈਨੂੰ ਕਰ ਲੈਣ ਦਿਓ।’’
ਬਾਦਸ਼ਾਹ ਨੇ ਆਪਣੀ ਕਹੀ ਮਹਾਤਮਾ ਨੂੰ ਨਾ ਦਿੱਤੀ ਤੇ ਜ਼ਮੀਨ ਪੁੱਟਣੀ ਜਾਰੀ ਰੱਖੀ। ਇੱਕ ਘੰਟਾ ਬੀਤ ਗਿਆ ਅਤੇ ਫੇਰ ਦੂਜਾ ਵੀ। ਸੂਰਜ ਦਰੱਖਤਾਂ ਦੇ ਪਿੱਛੇ ਅਸਤ ਹੋਣਾ ਸ਼ੁਰੂ ਹੋ ਗਿਆ ਅਤੇ ਅਖੀਰ ’ਚ ਬਾਦਸ਼ਾਹ ਨੇ ਜ਼ਮੀਨ ’ਤੇ ਕਹੀ ਮਾਰੀ ਤੇ ਕਿਹਾ, ‘‘ਮਹਾਂਪੁਰਖੋ, ਮੈਂ ਤੁਹਾਡੇ ਕੋਲ ਆਪਣੇ ਪ੍ਰਸ਼ਨਾਂ ਦੇ ਜੁਆਬ ਲੈਣ ਲਈ ਆਇਆ ਹਾਂ। ਜੇ ਤੁਸੀਂ ਕਿਸੇ ਦਾ ਵੀ ਜੁਆਬ ਦੇਣੋਂ ਅਸਮਰਥ ਹੋ ਤਾਂ ਮੈਨੂੰ ਦੱਸ ਦਿਓ ਅਤੇ ਆਪਣੇ ਘਰ ਵਾਪਸ ਜਾਵਾਂ।’’
ਮਹਾਤਮਾ ਬੋਲਿਆ, ‘‘ਔਹ ਦੇਖੋ ਕੋਈ ਭੱਜਿਆ ਆ ਰਿਹੈ, ਚਲੋ ਦੇਖੀਏ ਕੌਣ ਹੈ।’’
ਬਾਦਸ਼ਾਹ ਪਿੱਛੇ ਮੁੜਿਆ ਤੇ ਇੱਕ ਦਾੜ੍ਹੀ ਵਾਲੇ ਆਦਮੀ ਨੂੰ ਜੰਗਲ ਵਿੱਚੋਂ ਬਾਹਰ ਭੱਜਦਿਆਂ ਦੇਖਿਆ। ਆਦਮੀ ਨੇ ਆਪਣੇ ਦੋਵੇਂ ਹੱਥ, ਆਪਣੇ ਪੇਟ ’ਤੇ ਕੱਸ ਕੇ ਰੱਖੇ ਹੋਏ ਸਨ ਅਤੇ ਉਨ੍ਹਾਂ ਦੇ ਥੱਲਿਓਂ ਲਹੂ ਵਗ ਰਿਹਾ ਸੀ। ਜਦੋਂ ਉਹ ਬਾਦਸ਼ਾਹ ਕੋਲ ਪਹੁੰਚਿਆ ਤਾਂ ਉਹ ਬੇਹੋਸ਼ ਜਿਹਾ ਹੋ ਕੇ ਹੌਲੀ ਜਿਹੀ ਆਵਾਜ਼ ’ਚ ਕੁਝ ਬੋਲਦਾ ਹੋਇਆ ਜ਼ਮੀਨ ’ਤੇ ਡਿੱਗ ਪਿਆ। ਬਾਦਸ਼ਾਹ ਤੇ ਮਹਾਤਮਾ ਨੇ ਉਸ ਆਦਮੀ ਦੇ ਕੱਪੜੇ ਢਿੱਲੇ ਕੀਤੇ। ਉਸ ਦੇ ਪੇਟ ਵਿੱਚ ਵੱਡਾ ਸਾਰਾ ਜ਼ਖ਼ਮ ਸੀ। ਬਾਦਸ਼ਾਹ ਨੇ, ਜਿੰਨੀ ਚੰਗੀ ਤਰ੍ਹਾਂ ਹੋ ਸਕਦਾ ਸੀ ਉਸ ਜ਼ਖ਼ਮ ਨੂੰ ਧੋਤਾ ਅਤੇ ਆਪਣੇ ਰੁਮਾਲ ਤੇ ਮਹਾਤਮਾ ਦੇ ਤੋਲੀਏ ਨਾਲ ਉਸ ’ਤੇ ਪੱਟੀ ਕਰ ਦਿੱਤੀ ਪਰ ਲਹੂ ਵਗਣੋਂ ਹਟ ਨਹੀਂ ਸੀ ਰਿਹਾ ਅਤੇ ਬਾਦਸ਼ਾਹ ਘੜੀ-ਘੜੀ ਗਰਮ ਲਹੂ ਨਾਲ ਲਿੱਬੜੀ ਹੋਈ ਪੱਟੀ ਉਤਾਰਦਾ ਤੇ ਜ਼ਖ਼ਮ ਧੋਂਦਾ ਅਤੇ ਫੇਰ ਦੁਬਾਰਾ ਜ਼ਖ਼ਮ ’ਤੇ ਪੱਟੀ ਕਰਦਾ। ਜਦੋਂ ਜ਼ਖ਼ਮ ’ਚੋਂ ਲਹੂ ਵਗਣਾ ਬੰਦ ਹੋ ਗਿਆ, ਆਦਮੀ ਨੂੰ ਹੋਸ਼ ਆਈ ਤਾਂ ਉਸ ਨੇ ਕੁਝ ਪੀਣ ਲਈ ਮੰਗਿਆ। ਬਾਦਸ਼ਾਹ ਨੇ ਤਾਜ਼ਾ ਪਾਣੀ ਲਿਆਂਦਾ ਤੇ ਉਸ ਨੂੰ ਦਿੱਤਾ। ਇਸ ਸਮੇਂ ਦੌਰਾਨ ਸੂਰਜ ਅਸਤ ਹੋ ਚੁੱਕਾ ਸੀ ਤੇ ਵਾਤਾਵਰਣ ਠੰਢਾ ਹੋ ਗਿਆ ਸੀ। ਇਸ ਲਈ ਬਾਦਸ਼ਾਹ ਨੇ ਮਹਾਤਮਾ ਦੀ ਮਦਦ ਨਾਲ ਜ਼ਖ਼ਮੀ ਆਦਮੀ ਨੂੰ ਝੌਂਪੜੀ ਵਿੱਚ ਪਹੁੰਚਾਇਆ ਤੇ ਬਿਸਤਰੇ ’ਤੇ ਲਿਟਾ ਦਿੱਤਾ। ਬਿਸਤਰੇ ’ਤੇ ਲੇਟਦਿਆਂ ਹੀ ਆਦਮੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚੁੱਪ ਹੋ ਗਿਆ। ਬਾਦਸ਼ਾਹ ਪੈਦਲ ਤੁਰਨ ਅਤੇ ਕੰਮ ਕਰਨ ਕਰਕੇ ਇੰਨਾ ਥੱਕ ਚੁੱਕਾ ਸੀ ਕਿ ਉਹ ਝੌਂਪੜੀ ਦੀਆਂ ਦਹਿਲੀਜ਼ਾਂ ’ਤੇ ਹੀ ਝੁਕ ਗਿਆ ਅਤੇ ਸੌਂ ਵੀ ਗਿਆ। ਉਸ ਨੂੰ ਗਰਮੀਆਂ ਦੀ ਇਸ ਛੋਟੀ ਜਿਹੀ ਰਾਤ ਨੂੰ ਬਹੁਤ ਵਧੀਆ ਨੀਂਦ ਆਈ। ਜਦੋਂ ਸਵੇਰੇ, ਉਸ ਨੂੰ ਜਾਗ ਆਈ, ਉਸ ਨੂੰ ਬੜੀ ਦੇਰ ਬਾਅਦ ਚੇਤਾ ਆਇਆ ਕਿ ਉਹ ਕਿੱਥੇ ਸੀ ਜਾਂ ਅਜੀਬ ਜਿਹੀ ਦਾੜ੍ਹੀ ਵਾਲਾ ਆਦਮੀ ਬਿਸਤਰੇ ’ਚ ਲੇਟਿਆ ਸੀ, ਉਹ ਕੌਣ ਸੀ ਅਤੇ ਬੜੇ ਧਿਆਨ ਨਾਲ ਆਪਣੀ ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ। ‘‘ਮੈਨੂੰ ਮਾਫ਼ ਕਰ ਦਿਓ’’, ਦਾੜ੍ਹੀ ਵਾਲੇ ਆਦਮੀ ਨੇ ਕਮਜ਼ੋਰ ਜਿਹੀ ਆਵਾਜ਼ ’ਚ ਕਿਹਾ, ਜਦੋਂ ਉਸ ਨੇ ਦੇਖਿਆ ਕਿ ਬਾਦਸ਼ਾਹ ਜਾਗ ਰਿਹਾ ਸੀ ਤੇ ਉਸ ਵੱਲ ਹੀ ਦੇਖ ਰਿਹਾ ਸੀ।
‘‘ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਕੋਈ ਗ਼ਲਤੀ ਨਹੀਂ ਕੀਤੀ, ਜਿਸ ਲਈ ਮੈਂ ਤੈਨੂੰ ਮੁਆਫ਼ੀ ਦੇਵਾਂ’’, ਬਾਦਸ਼ਾਹ ਨੇ ਕਿਹਾ।
‘‘ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾਂ। ਮੈਂ ਤੁਹਾਡਾ ਉਹ ਦੁਸ਼ਮਣ ਹਾਂ, ਜਿਸ ਨੇ ਤੁਹਾਡੇ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਸੀ, ਕਿਉਂਕਿ ਤੁਸੀਂ ਮੇਰੇ ਭਰਾ ਨੂੰ ਮਾਰ ਦਿੱਤਾ ਸੀ ਤੇ ਉਹਦੀ ਸਾਰੀ ਜਾਇਦਾਦ ਆਪਣੇ ਕਬਜ਼ੇ ’ਚ ਕਰ ਲਈ ਸੀ। ਮੈਨੂੰ ਪਤਾ ਸੀ ਕਿ ਤੁਸੀਂ ਮਹਾਤਮਾ ਨੂੰ ਮਿਲਣ ਇਕੱਲੇ ਹੀ ਗਏ ਹੋ ਤੇ ਮੈਂ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਵਾਪਸ ਆਉਂਦੇ ਸਮੇਂ ਤੁਹਾਨੂੰ ਰਸਤੇ ’ਚ ਹੀ ਮਾਰ ਮੁਕਾਉਣਾ ਹੈ ਪਰ ਦਿਨ ਬੀਤ ਗਿਆ ਤੇ ਤੁਸੀਂ ਵਾਪਸ ਨਹੀਂ ਆਏ। ਇਸ ਲਈ ਮੈਂ ਤੁਹਾਨੂੰ ਲੱਭਣ ਲਈ ਆਪਣੀ ਘਾਤ ਲਗਾਉਣ ਵਾਲੀ ਥਾਂ ਤੋਂ ਬਾਹਰ ਆਇਆ ਅਤੇ ਤੁਹਾਡੇ ਅੰਗ ਰੱਖਿਅਕਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਜ਼ਖ਼ਮੀ ਕਰ ਦਿੱਤਾ। ਮੈਂ ਉਨ੍ਹਾਂ ਕੋਲੋਂ ਬਚ ਗਿਆ। ਮੈਂ ਤਾਂ ਤੁਹਾਨੂੰ ਮਾਰਨਾ ਚਾਹੁੰਦਾ ਸੀ ਪਰ ਤੁਸੀਂ ਮੇਰਾ ਜੀਵਨ ਬਚਾਇਆ ਹੁਣ ਜੇ ਮੈਂ ਜ਼ਿੰਦਾ ਰਿਹਾ ਤੇ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਭ ਤੋਂ ਜ਼ਿਆਦਾ ਵਫ਼ਾਦਾਰ ਗੁਲਾਮ ਰਹਾਂਗਾ ਅਤੇ ਆਪਣੇ ਪੁੱਤਰਾਂ ਨੂੰ ਵੀ ਤੁਹਾਡੇ ਗੁਲਾਮ ਬਣਾਵਾਂਗਾ। ਮੈਨੂੰ ਮੁਆਫ਼ ਕਰ ਦਿਓ।’’
ਬਾਦਸ਼ਾਹ ਨੂੰ ਆਪਣੇ ਦੁਸ਼ਮਣ ਨਾਲ ਏਨੀ ਸੌਖੀ ਤਰ੍ਹਾਂ ਸੁਲ੍ਹਾ ਕਰਕੇ ਅਤੇ ਇੱਕ ਹੋਰ ਮਿੱਤਰ ’ਚ ਵਾਧਾ ਕਰਕੇ ਬੜੀ ਖੁਸ਼ੀ ਹੋਈ ਤੇ ਉਸ ਨੇ ਸਿਰਫ਼ ਮੁਆਫ਼ ਹੀ ਨਹੀਂ ਕੀਤਾ ਬਲਕਿ ਉਸ ਨੂੰ ਕਿਹਾ ਕਿ ਉਹ ਆਪਣੇ ਨੌਕਰ ਤੇ ਹਕੀਮ ਉਸ ਦਾ ਧਿਆਨ ਰੱਖਣ ਲਈ ਭੇਜੇਗਾ ਤੇ ਵਾਅਦਾ ਕੀਤਾ ਕਿ ਉਸ ਦੀ ਸਾਰੀ ਜਾਇਦਾਦ ਵਾਪਸ ਮੋੜ ਦੇਵੇਗਾ।
ਜ਼ਖ਼ਮੀ ਆਦਮੀ ਤੋਂ ਵਿਹਲਾ ਹੋ ਕੇ, ਬਾਦਸ਼ਾਹ ਦਰਵਾਜ਼ੇ ’ਚ ਗਿਆ ਤੇ ਮਹਾਤਮਾ ਨੂੰ ਲੱਭਣ ਲੱਗਾ। ਵਾਪਸ ਜਾਣ ਤੋਂ ਪਹਿਲਾਂ, ਉਹ ਇੱਕ ਵਾਰੀ ਹੋਰ ਆਪਣੇ ਪ੍ਰਸ਼ਨਾਂ ਦੇ ਜੁਆਬ ਪੁੱਛਣਾ ਚਾਹੁੰਦਾ ਸੀ। ਮਹਾਤਮਾ ਬਾਹਰ, ਗੋਡਿਆਂ ਭਾਰ ਹੋ ਕੇ ਉਨ੍ਹਾਂ ਕਿਆਰੀਆਂ ਵਿੱਚ ਬੀਜ ਬੋ ਰਿਹਾ ਸੀ ਜਿਹੜੀਆਂ ਕਿ ਉਸ ਨੇ ਇੱਕ ਦਿਨ ਪਹਿਲਾਂ ਪੁੱਟੀਆਂ ਸਨ।
ਬਾਦਸ਼ਾਹ ਉਸ ਕੋਲ ਆਇਆ ਤੇ ਕਹਿਣ ਲੱਗਾ,‘‘ਮਹਾਂਪੁਰਖੋ, ਅਖੀਰਲੀ ਵਾਰੀ ਮੈਂ ਆਪਣੇ ਪ੍ਰਸ਼ਨਾਂ ਦੇ ਜੁਆਬਾਂ ਲਈ ਆਪ ਨੂੰ ਬੇਨਤੀ ਕਰਦਾ ਹਾਂ।
‘‘ਤੁਹਾਨੂੰ ਤਾਂ ਤੁਹਾਡੇ ਪ੍ਰਸ਼ਨਾਂ ਦੇ ਜੁਆਬ ਪਹਿਲਾਂ ਹੀ ਮਿਲ ਗਏ ਹਨ’’, ਮਹਾਤਮਾ ਨੇ ਹਾਲੇ ਵੀ ਆਪਣੀਆਂ ਪਤਲੀਆਂ ਲੱਤਾਂ ’ਤੇ ਝੁਕਦੇ ਹੋਏ ਤੇ ਬਾਦਸ਼ਾਹ ਵੱਲ ਦੇਖਦਿਆਂ ਕਿਹਾ।
‘‘ਕਿਵੇਂ ਜੁਆਬ ਮਿਲ ਗਏ? ਤੁਹਾਡਾ ਕੀ ਮਤਲਬ ਹੈ।’’ ਬਾਦਸ਼ਾਹ ਨੇ ਪੁੱਛਿਆ।
ਮਹਾਤਮਾ ਨੇ ਕਿਹਾ, ‘‘ਕੀ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਜੇ ਤੁਸੀਂ ਮੇਰੀ ਕਮਜ਼ੋਰੀ ’ਤੇ ਤਰਸ ਨਾ ਕਰਦੇ ਅਤੇ ਮੇਰੇ ਲਈ ਕਿਆਰੀਆਂ ਨਾ ਪੁੱਟਦੇ ਅਤੇ ਵਾਪਸ ਆਪਣੇ ਰਸਤੇ ਚਲੇ ਜਾਂਦੇ ਤਾਂ ਉਹ ਆਦਮੀ ਤੁਹਾਡੇ ’ਤੇ ਹਮਲਾ ਕਰ ਦਿੰਦਾ ਤੇ ਤੁਹਾਨੂੰ ਮੇਰੇ ਕੋਲ ਨਾ ਠਹਿਰਨ ਦਾ ਪਛਤਾਵਾ ਹੁੰਦਾ। ਇਸ ਲਈ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਕਿਆਰੀਆਂ ਪੁੱਟ ਰਹੇ ਸੀ ਅਤੇ ਮੈਂ ਤੁਹਾਡੇ ਲਈ ਮਹੱਤਵਪੂਰਨ ਆਦਮੀ ਸਾਂ ਅਤੇ ਮੇਰੇ ਵਾਸਤੇ ਚੰਗਾ ਕੰਮ ਕਰਨਾ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ। ਉਸ ਤੋਂ ਬਾਅਦ ਜਦੋਂ ਉਹ ਆਦਮੀ ਦੌੜਦਾ ਹੋਇਆ ਸਾਡੇ ਵੱਲ ਆਇਆ ਸਭ ਤੋਂ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਉਸ ਦੀ ਮਰਹੱਮ ਪੱਟੀ ਕਰ ਰਹੇ ਸੀ ਕਿਉਂਕਿ ਜੇ ਤੁਸੀਂ ਉਸ ਦੇ ਜ਼ਖ਼ਮਾਂ ’ਤੇ ਪੱਟੀ ਨਾ ਕਰਦੇ ਤਾਂ ਉਸ ਨੇ ਤੁਹਾਡੇ ਨਾਲ ਸੁਲ੍ਹਾ ਕੀਤੇ ਬਿਨਾਂ ਹੀ ਮਰ ਜਾਣਾ ਸੀ। ਇਸ ਕਰਕੇ ਉਹ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਆਦਮੀ ਸੀ ਅਤੇ ਜੋ ਕੁਝ ਤੁਸੀਂ ਉਸ ਲਈ ਕੀਤਾ, ਉਹ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ। ਇਸ ਲਈ ਯਾਦ ਰੱਖੋ, ਸਿਰਫ਼ ਇਕੋ ਸਮਾਂ ਹੈ ਜਿਹੜਾ ਮਹੱਤਵਪੂਰਨ ਹੈ, ਉਹ ਹੈ ਹੁਣ ਦਾ ਸਮਾਂ। ਇਹ ਹੁਣ ਸਭ ਤੋਂ ਮਹੱਤਵਪੂਰਨ ਸਮਾਂ ਹੈ ਕਿਉਂਕਿ ਹੁਣ ਹੀ ਉਹ ਸਮਾਂ ਹੈ ਜਦੋਂ ਸਾਡੇ ਕੋਲ ਕੋਈ ਤਾਕਤ ਹੈ। ਸਭ ਤੋਂ ਜ਼ਰੂਰੀ ਆਦਮੀ ਸਾਡੇ ਲਈ ਉਹ ਹੈ, ਜੋ ਸਾਡੇ ਨਾਲ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਦੀ ਹੋਰ ਕਿਸੇ ਨਾਲ ਵੀ ਕੋਈ ਕੰਮ ਪੈ ਸਕੇਗਾ ਅਤੇ ਸਭ ਤੋਂ ਮਹੱਤਵਪੂਰਨ ਕੰਮ ਹੈ- ਉਸ ਨਾਲ ਚੰਗਿਆਈ ਕਰਨਾ ਕਿਉਂਕਿ ਇਸ ਦੁਨੀਆਂ ’ਚ ਸਿਰਫ਼ ਇਸ ਮੰਤਵ ਲਈ ਹੀ ਆਦਮੀ ਨੂੰ ਭੇਜਿਆ ਗਿਆ ਹੈ।’’
ਪੰਜਾਬੀ ਰੂਪ: ਬਲਰਾਜ ‘ਧਾਰੀਵਾਲ’
ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ ਦਾ ਪਿਤਾ ਮੰਨਿਆ ਹੋਇਆ ਬਿਜ਼ਨੈਸ-ਮੈਨ ਸੀ। ਉਸ ਦਾ ਕਈ ਰਾਜਨੀਤਿਕ ਪਾਰਟੀਆਂ ਨਾਲ ਬੜੇ ਨੇੜ ਦਾ ਰਿਸ਼ਤਾ ਸੀ। ਸੁਣਿਆਂ, ਉਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਉਪਰ ਪੁਲਿਟੀਕਲ-ਪ੍ਰੈਸ਼ਰ ਪਵਾ ਕੇ ਕੁੜੀ ਨੂੰ ਫਸਟ ਲਿਆਂਦਾ ਸੀ, ਰੱਬ ਜਾਣੇ।
ਅਜ, ਜਦ ਉਸ ਨੇ ਆਪਣੇ ਵੱਡੇ ਵੀਰ ਜੀ ਦੇ ਸੁਹਣੇ ਸੁਹਣੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਹਮਣੇ ਖੋਲੀਆਂ ਵਿਚ ਵਸਦੇ ਧੋਬੀਆਂ ਦੇ ਬੱਚਿਆਂ ਨਾਲ ਖੇਡਦੇ ਤੱਕਿਆ ਤਾਂ ਬੜੇ ਗੁੱਸੇ ਨਾਲ ਅਵਾਜ਼ ਲਗਾਈ, ਬੰਟੂ, ਮੋਹਣੀ ਕੀ ਗੰਦੇ-ਗੰਦੇ ਬੱਚਿਆਂ ਨਾਲ ਖੇਡਣ ਬਹਿ ਜਾਂਦੇ ਹੋ, ਚਲੋ ਇਧਰ ਆਓ, ਨਹੀਂ ਤਾਂ ਮਾਰਾਂਗੀ।” ਆਖਰ ਫੈਮਿਲੀ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ।
ਬੰਟੂ ਮੋਹਣੀ ਟੱਪਦੇ ਵਾਪਸ ਆ ਗਏ। ਧੋਬੀਆਂ ਦੇ ਦੋ ਕੁ ਸਾਲ ਦੇ ਮੁੰਡੇ ਨੂੰ ਮਗਰ ਆਉਂਦਾ ਦੇਖ ਕੇ ਉਸ ਦਬਕਾ ਮਾਰਿਆ, “ਕਿਧਰ ਮੂੰਹ ਚੁੱਕੀ ਆਉਨਾ ਏਂ, ਚਲ ਭਜ ਇੱਥੋਂ ਧੋਬੀਆਂ ਦਾ ਮੁੰਡਾ ਸਹਿਮ ਕੇ ਖੜ੍ਹ ਗਿਆ, ਆਂਟੀ ਅਸੀਂ ਗੰਦੇ ਨਹੀਂ ਗਰੀਬ ਹਾਂ ਸੁਣ ਕੇ ਉਸ ਨੂੰ ਇਵੇਂ ਲੱਗਾ ਜਿਵੇਂ ਉਸਦਾ ਅਰਥ-ਵਿਗਿਆਨ ਵਿਅਰਥ ਹੋ ਗਿਆ ਹੋਵੇ।
ਇਕ ਮਾਂ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਅੱਠ ਸਾਲ ਦਾ ਸੀ ਤੇ ਛੋਟਾ ਛੇ ਸਾਲ ਦਾ। ਦੋਨੋਂ ਹੀ ਚੰਗੇ ਤੇ ਆਗਿਆਕਾਰੀ ਬੱਚੇ ਸਨ। ਇਸ ਲਈ ਉਹਨਾਂ ਦੀ ਮਾਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ।
ਇਕ ਦਿਨ ਛੋਟਾ ਬੇਟਾ ਆਪਣੀ ਮਾਂ ਨੂੰ ਬੋਲਿਆ, “ਮੇਰੀ ਪਿਆਰੀ ਅੰਮਾਂ, ਤੂੰ ਮੈਨੂੰ ਓਨਾ ਪਿਆਰ ਨਹੀਂ ਕਰ ਸਕਦੀ, ਜਿੰਨਾਂ ਮੈਂ ਤੈਨੂੰ ਕਰਦਾ ਹਾਂ।”
“ਤੂੰ ਅਜਿਹਾ ਕਿਉਂ ਸੋਚਦਾ ਹੈਂ, ਮੇਰੇ ਪਿਆਰੇ ਬੱਚੇ?”
“ਇਸ ਲਈ ਕਿ ਤੇਰੇ ਦੇ ਪੁੱਤਰ ਹਨ, ਪਰ ਮੇਰੀ ਕੇਵਲ ਇਕ ਹੀ ਮਾਂ ਹੈ।” ਮੁੰਡਾ ਬੋਲਿਆ।