ਮੱਘਰ ਸਿੰਘ ਆਖਰੀ ਮਿੰਨੀ ਬਸ ਤੋਂ ਉੱਤਰ ਕੇ ਸ਼ਾਮ ਦੇ ਹਨੇਰੇ ਵਿੱਚ ਆਪਣੇ ਪਿੰਡ ਵੱਲ ਜਾ ਰਿਹਾ ਸੀ। ਉਹ ਉਦਾਸ, ਟੁੱਟਿਆ ਹੋਇਆ ਅਤੇ ਬੇਵਸ ਸੀ। ਉਸ ਨੂੰ ਸਾਹਮਣੇ ਪਿੰਡ ਦੀ ਦੀਵਾਲੀ ਦੇ ਦੀਵੇ ਨਜ਼ਰ ਆਉਣ ਲੱਗ ਗਏ ਸਨ। ਕਈ ਆਤਸ਼ਬਾਜ਼ੀਆਂ ਅਸਮਾਨ ਵਿੱਚ ਉਤਾਂਹ ਚਕੇ ਉਸ ਦੀਆਂ ਬੁਝੀਆਂ ਆਸਾਂ ਵਿੱਚ ਚੰਗਿਆੜੇ ਛੱਡ ਜਾਂਦੀਆਂ ਸਨ। ਚੱਲ ਰਹੇ ਪਟਾਕੇ ਉਸ ਦੀ ਅਰਮਾਨਾ ਭਰੀ ਛਾਤੀ ਵਿੱਚ ਹਥੌੜੇ ਵਰਾ ਰਹੇ ਸਨ। ਉਹ ਧੀਮੀ ਚਾਲ ਪਿੰਡ ਦੀ ਗਲੀ ਵਿੱਚੋਂ ਲੰਘ ਰਿਹਾ ਸੀ। ਪਿੰਡ ਦੇ ਸਾਰੇ ਹੀ ਸਿਰ ਕੱਢ ਘਰਾਂ ਵਿੱਚ ਚੁੱਪ ਚਾਂਦ ਸੀ। ਹਰੀਜਨਾ ਦੀ ਵਸਤੀ ਵਿੱਚ ਕੁਝ ਚਾਨਣ ਟਿਮਟਿਮਾ ਰਿਹਾ ਸੀ। ਕਿਤੇ ਕਿਤੇ ਪਟਾਕੇ ਅਤੇ ਆਤਸ਼ਬਾਜ਼ੀਆਂ ਚੱਲ ਰਹੀਆਂ ਸਨ। ਉਸ ਦੀ ਆਪਦੀ ਗਲੀ ਵਿੱਚ ਦੁਰ ਤਾਈਂ ਹਨੇਰਾ ਪਸਰਿਆ ਹੋਇਆ ਸੀ।
ਉਹ ਸਿਰ ਝੁਕਾਈ ਆਪਣੇ ਘਰ ਅੰਦਰ ਵੜ ਗਿਆ ਸੀ। ਉਸ ਦਾ ਸਾਰਾ ਪਰਿਵਾਰ ਚੁੱਪ ਚਾਪ ਬੈਠਾ ਉਸ ਨੂੰ ਉਡੀਕ ਰਿਹਾ ਸੀ। ਕਿਸੇ ਕੋਲ ਇਹ ਪੁੱਛਣ ਦੀ ਹਿੰਮਤ ਨਹੀਂ ਸੀ ਕਿ ਝੋਨੇ ਦਾ ਕੀ ਬਣਿਆ ਜਾਂ ਫਿਰ ਆੜਤੀਏ ਦੇ ਮਨ ਵਿੱਚ ਕੋਈ ਮਿਹਰ ਪਈ ਜਾਂ ਨਹੀਂ।
ਮੱਘਰ ਸਿੰਘ ਦੀ ਚੁੱਪ ਨੇ ਪਰਿਵਾਰ ਦੀ ਕੁਝ ਟਿਮਟਮਾਉਂਦੀ ਆਸ ਦੇ ਦੀਵੇ ਉੱਤੇ ਆਖਰੀ ਫੂਕ ਮਾਰ ਦਿੱਤੀ ਸੀ।
Kahanian
ਪਹਿਲਾਂ ਉਹ ਚਾਹੇ ਆਪ ਰੋਂਦਾ ਜਾਂ ਹਸਦਾ ਉਸਦੇ ਗੀਤ ਹੱਸਦੇ ਹੀ ਰਹਿੰਦੇ ਸਨ। ਹੁਣ ਭਾਵੇ ‘ਉਹ ਆਪ ਹੱਸਦਾ ਹੈ, ਉਸ ਦੇ ਗੀਤ ਹਰ ਵੇਲੇ ਰੋਦੇ ਰਹਿੰਦੇ ਹਨ। ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਗੀਤ ਜੰਮਦਾ ਹੈ।
ਮੈਂ ਮਰੇ ਹੋਏ ਗੀਤ ਕਿਉਂ ਜੰਮਦਾ ਹਾਂ-?? ਉਹ ਹੁਣ ਹਰ ਵੇਲੇ ਸੋਚਦਾ ਆਪਣੀ ਕੋਠੀ ਦੇ ਅੰਦਰ ਝਾਤ ਮਾਰਦਾ ਰਹਿੰਦਾ ਹੈ। ਉਸਨੂੰ ਜਾਪਦਾ ਹੈ ਜਿਵੇਂ ਕੋਠੀ ਦੇ ਇਕ ਕੋਨੇ ਵਿਚ ਉਸ ਦੇ ਗੀਤ ਗਲ ਵਿਚ ਰੱਸਾ ਪਾਕੇ ਆਪੇ ਫਾਹਾ ਲਾਈ ਲਟਕ ਰਹੇ ਹੋਣ। ਉਹ ਰੋ ਪੈਂਦਾ ਹੈ।
ਫੇਰ ਉਸਦਾ ਧਿਆਨ ਬਾਹਰ ਖੇਲਦੇ ਛੋਟੇ ਛੋਟੇ ਬੱਚਿਆਂ ‘ਤੇ ਪੈਂਦਾ ਹੈ ਜਿੰਨ੍ਹਾਂ ਦੇ ਗਲ ਪਾਟੀਆਂ ਲੀਰਾਂ, ਹੱਥ ਖਾਲੀ ਬਾਟੇ ਤੇ ਢਿੱਡਾਂ ਵਿਚ ਭੁੱਖ ਨਹੁੰਦਰਾਂ ਮਾਰ ਰਹੀ ਹੈ। ਉਹ ਕੁਝ ਕੁਝ ਗਾ ਰਹੇ ਹਨ। ਗੀਤਕਾਰ ਨੂੰ ਲੱਗਦਾ ਹੈ ਜਿਵੇਂ ਉਹ ਬੱਚੇ ਉਸ ਨੂੰ ਗਾ ਗਾ ਕੇ ਕੁਝ ਕਹਿ ਰਹੇ ਹੋਣ:
ਇਨ੍ਹਾਂ ਹਵੇਲੀਆਂ ਦੀ ਆਵੋ ਹਵਾ ਤੇਰੇ ਗੀਤਾਂ ਮਾਫਕ ਨਹੀਂ, ਗੀਤਕਾਰ। ਇਸੇ ਲਈ ਤੇਰੇ ਗੀਤ ਜੀਉਂਦੇ ਹੀ ਮਰ ਜਾਂਦੇ ਨੇ।…ਜੇ ਤੂੰ ਚਾਹੁੰਦਾ ਏ ਤੇਰੇ ਗੀਤ ਹੱਸਣ, ਖੇਲਣ, ਕੁੱਦਣ…ਤੂੰ ਮੁੜ ਆਪਣੀ ਪਹਿਲੀ ਦੁਨੀਆਂ ਵਿਚ ਭੱਜ ਜਾ…ਤੇਰੇ ਗੀਤ ਮੁੜ ਹੱਸਣਗੇ ਤੇ ਤੈਨੂੰ ਮੁੜ ਕੋਈ ਨਹੀਂ ਕਹੇਗਾ ਕਿ ਤੂੰ ਮਰੇ ਹੋਏ ਗੀਤ ਜੰਮਦਾ ਹੈ…..।”
…ਤੇ ਗੀਤਕਾਰ ਉਸੇ ਵੇਲੇ ਹੀ ਆਪਣੀ ਕੋਠੀ ਦੀਆਂ ਪੌੜੀਆਂ ਉਤਰ ਸ਼ਹਿਰੋਂ ਬਾਹਰ ਗੰਦੇ ਨਾਲੇ ਤੇ ਝੁੱਗੀਆਂ ਪਾ ਬੈਠੇ ਲੋਕਾਂ ਨੂੰ ਹੋ ਲੈਂਦਾ ਹੈ..।
ਗੱਜਣ ਸਿੰਘ ਮਿੰਨੀ ਬੱਸ ਤੋਂ ਉੱਤਰ ਕੇ ਆਪਣੇ ਘਰ ਨੂੰ ਜਾ ਰਿਹਾ ਸੀ। ਉਸ ਨੂੰ ਦਾਨਾ ਮੰਡੀ ਵਿੱਚ ਕਈ ਖੱਜਲ ਖੁਆਰੀਆਂ ਝੱਲਣੀਆਂ ਪਈਆਂ ਸਨ ਅਤੇ ਪਿੰਡ ਦੇ ਕਈ ਘਰਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ। ਉਹ ਖੁਸ਼ ਸੀ ਕਿਉਂਕਿ ਉਹ ਖਾਲੀ ਹੱਥ ਨਹੀਂ ਮੁੜਿਆ ਸੀ। ਉਸ ਦਾ ਝੋਲਾ ਨੋਟਾਂ ਨਾਲ ਭੁੰਨਿਆ ਹੋਇਆ ਸੀ।
ਉਸ ਨੂੰ ਆਸ ਸੀ ਕਿ ਇੱਕ ਜਾਂ ਦੋ ਦਿਨਾਂ ਵਿੱਚ ਕਣਕ ਵੇਚਕੇ ਉਹ ਪਿੰਡ ਪਰਤ ਆਏਗਾ। ਦੋ ਵਾਰੀ ਕਣੀਆਂ ਪੈ ਜਾਣ ਕਰਕੇ ਉਸ ਨੂੰ ਦਸ ਦਿਨ ਲੱਗ ਗਏ ਸਨ। ਪਹਿਲੇ ਸ਼ਰਾਟੇ ਨਾਲ ਏਜੰਸੀ ਵਾਲੇ ਕਣਕ ਖਰੀਦਣ ਤੋਂ ਸਿਰ ਹੀ ਫੇਰ ਗਏ ਸਨ ਅਤੇ ਦੂਜੇ ਮੀਂਹ ਪਿੱਛੋਂ ਪੰਜ ਦਿਨ ਮੰਡੀ ਹੀ ਨਹੀਂ ਬੜੇ ਸਨ। ਚਾਰ ਧੁੱਪਾਂ ਲੱਗੀਆਂ ਤਾਂ ਕੁਝ ਗੰਢ ਤਰੁੱਪ ਕਰਕੇ ਉਸ ਨੇ ਕਣਕ ਵੇਚ ਦਿੱਤੀ ਸੀ। ਦੂਜੇ ਦਿਨ ਰਕਮ ਮਿਲ ਜਾਣ ਦੀ ਆਸ ਉੱਤੇ ਉਸ ਨੂੰ ਸੁੱਖ ਦਾ ਸਾਹ ਆਇਆ ਸੀ।
ਜਦ ਉਹ ਘਰ ਪੁੱਜਿਆ ਤਾਂ ਸਹਿਕਾਰੀ ਬੈਂਕ ਵਾਲਿਆਂ ਨੂੰ ਬੈਠਕ ਵਿੱਚ ਵੇਖਿਆ, ਜੋ ਹੰਢੇ ਸ਼ਿਕਾਰੀ ਵਾਂਗ ਬੈਠੇ, ਆਪਣੇ ਸ਼ਿਕਾਰ ਦੀ ਉਡੀਕ ਕਰ ਰਹੇ ਸਨ।
“ਮਨਿੰਦਰ ਜੀ! (ਸ਼ਰਾਰਤੀ ਲਹਿਜੇ ’ਚ) ਹਰਜੀਤ ਅੱਜ ਦਫਤਰ ਨਹੀਂ ਆਇਆ??
ਕਿਉਂ??? ਕੰਮ ਸੀ?
‘‘ਆਇਐ…ਪਰ ਹੁਣ ਪਤਾ ਨਹੀਂ ਕਿੱਥੇ ਹੈ’’ ਤੇ ਉਸ ਦੀਆਂ ਉਂਗਲਾਂ ਫਿਰ ਟਾਈਪ ਤੇ ਨੱਚਣ ਲੱਗੀਆਂ…..
“ਮੇਰਾ ਇੱਕ ਮੈਸੇਜ ਕਨਵੇਅ ਕਰ ਦੇਣਾ ਕਿ ਉਹ ਸ਼ਾਮ ਨੂੰ ਮੈਨੂੰ ਜ਼ਰੂਰ ਮਿਲੇ ਮਨਿੰਦਰ ਦੇ ਕੋਲ ਨੂੰ ਹੁੰਦਿਆਂ ਓਸਨੇ ਕਿਹਾ। ਸਰਦਾਰ ਜੀ! (ਗੁੱਸੇ ਭਰੇ ਅੰਦਾਜ਼ `ਚ)
“ਅੱਜ ਤੇ ਮੈਂ ਤੁਹਾਡਾ ਇਹ ਸੰਦੇਸ਼ਾ ਲਾ ਦੇਵਾਂਗੀ ਪਰ ਅੱਗੋਂ ਲਈ ਮੈਨੂੰ ਬੁਲਾਓਣ ਤੋਂ ਜ਼ਰਾ ਸੰਕੋਚ ਕਰਨਾ
“ਤੁਸੀਂ ਮਾਈਂਡ ਕਰ ਗਏ…ਮੈਂ ਤਾਂ ਸਹਿਜ ਸੁਭਾ ਹੀ ਜਿਵੇਂ ਫਾਰਨ ਵਗੈਰਾ ਚ ਪੁਛ ਗਿਛ ਕਰ ਲੈਂਦੇ ਹਨ, ਪੁੱਛਿਆ ਸੀ?
‘‘ਪਰ ਸ੍ਰੀਮਾਨ ਜੀ! ਇਹ ਫਾਰਨ ਨਹੀਂ…ਇਹ ਬਠਿੰਡਾ ਹੈ ਤੇ ਫਿਰ ਓਹ ਟਾਈਪ ਦੀ ਟਿਕ ਟਿਕ ਵਿਚ ਗੁੰਮ ਗਈ।
ਜੁਲਾਈ-1976
ਭਰਪੂਰ ਸਿੰਘ ਕਨੇਡੀਅਨ ਅੰਦਰੋਂ, ਬਾਹਰੋਂ ਭਰਪੂਰ ਸੀ। ਉਹ ਅਤੇ ਉਸ ਦੀ ਪਤਨੀ ਜਦ ਵੀ ਕਨੇਡਾ ਤੋਂ ਪੰਜਾਬ ਗੇੜਾ ਮਾਰਦੇ ਤਾਂ ਆਪਣੀ ਜ਼ਮੀਨ ਵਿੱਚ ਪੰਜ, ਸੱਤ ਕਿੱਲਿਆਂ ਦਾ ਵਾਧਾ ਕਰ ਜਾਂਦੇ ਸਨ।
ਉਹ ਟੇਢੇ ਹੱਥਾਂ ਨਾਲ ਸਿੱਧੀ ਕਮਾਈ ਕਰਦੇ ਸਨ। ਉਨ੍ਹਾਂ ਇੱਕ ਦੂਜੇ ਤੋਂ ਕਾਗਜ਼ੀ ਤਲਾਕ ਲੈ ਲਿਆ ਸੀ। ਪਤੀ ਕੁੜੀਆਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਕਨੇਡਾ ਪਹੁੰਚਾਣ ਦਾ ਧੰਦਾ ਕਰਦਾ ਸੀ ਅਤੇ ਪਤਨੀ ਮੁੰਡਿਆਂ ਦੇ ਅੜੇ ਬੇੜੇ ਪਾਰ ਲਗਾਇਆ ਕਰਦੀ ਸੀ। ਇੱਕ ਗੇੜੇ ਵਿੱਚ ਦੋਵੇਂ ਪੰਦਰਾਂ, ਵੀਹ ਲੱਖ ਰੁਪਏ ਕਮਾ ਲੈਂਦੇ ਸਨ।
ਪੰਜਵੇਂ ਗੇੜੇ ਦੋ ਸੱਜ-ਵਿਆਹੇ ਜੋੜੇ ਕਨੇਡਾ ਲਈ ਜਹਾਜ਼ ਉੱਤੇ ਚੜ੍ਹੇ ਸਨ। ਸ਼ਰਾਬੀ ਹੋਇਆ ਭਰਪੂਰ ਸਿੰਘ ਆਪਣੇ ਰਾਜ ਦੀ ਗੰਢ ਪਰੀਆਂ ਵਰਗੀ ਕਨੇਡੀਅਨ ਹੋਸਟੈਂਸ ਦੇ ਕੰਨਾਂ ਵਿੱਚ ਖੋਲਣ ਦੀ ਗਲਤੀ ਕਰ ਬੈਠਾ ਸੀ।
ਵੈਨਕੂਵਰ ਦੇ ਹਵਾਈ ਅੱਡੇ ਉੱਤੇ ਜਹਾਜ਼ ਉੱਤਰਦਿਆਂ ਹੀ ਸ਼ਕਾਰੀਆਂ ਨੇ ਆਪਣੇ ਸ਼ਕਾਰਾਂ ਨੂੰ ਨਿਗਾ ਹੇਠ ਕਰ ਲਿਆ ਸੀ। ਅੱਡੇ ਤੋਂ ਬਾਹਰ ਨਿਕਲਦਿਆਂ ਹੀ ਕਾਗਜ਼ੀ-ਜੋੜਿਆਂ ਨੂੰ ਪੁਲਸ ਦੀ ਵੈਨ ਵਿੱਚ ਬੈਠਣ ਦੇ ਹੁਕਮ ਮਿਲ ਗਏ ਸਨ।
ਕਨੇਡਾ ਦੇ ਵੈਨਕੂਵਰ ਹਵਾਈ ਅੱਡੇ ਉੱਤੇ ਉੱਤਰਦਿਆਂ ਹੀ ਪ੍ਰਿਤਪਾਲ ਸਿੰਘ ਨੇ ਆਪਣਾ ਸਮਾਨ ਲਿਆ ਅਤੇ ਦੂਜੀਆਂ ਸਵਾਰੀਆਂ ਦੇ ਮਗਰ ਲੱਗ ਬਾਹਰ ਵੱਲ ਜਾਣ ਲਈ ਚੱਲ ਪਿਆ। ਅੱਡੇ ਤੋਂ ਬਾਹਰ ਨਿਕਲਦੇ ਨੂੰ ਹੀ ਇੱਕ ਅੱਤ ਸੋਹਣੀ ਕੁੜੀ ਨੇ ਉਸ ਦਾ ਨਾਮ ਲੈਕੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਆਪਣੀ ਜਾਣ ਪਹਿਚਾਣ ਕਰਾਉਂਦਿਆਂ ਦੱਸਿਆ ਕਿ ਉਹ ਕੁਲਦੀਪ ਏ ਉਸ ਦੀ ਭਰਜਾਈ ਦੀ ਛੋਟੀ ਭੈਣ।
ਕੁਲਦੀਪ ਨੂੰ ਇਕੱਲਿਆਂ ਹੀ ਅੱਡੇ ਉਤੇ ਆਈ ਤੱਕ ਕੇ ਪ੍ਰਿਤਪਾਲ ਦਾ ਮੱਥਾ । ਠਣਕਿਆ। ਇਹ ਸੋਚਕੇ ਕਿ ਹੋ ਸਕਦਾ ਏ ਪਰਿਵਾਰ ਦਾ ਕੋਈ ਹੋਰ ਮੈਂਬਰ ਵਿਹਲਾ ਨਾ ਹੋਵੇ ਅਤੇ ਉਸ ਦੀ ਸੁਵਿਧਾ ਲਈ ਇਸ ਨੂੰ ਭੇਜ ਦਿੱਤਾ ਹੋਵੇ। ਉਹ ਕਾਰ ਵਿੱਚ ਬੈਠੇ ਸਧਾਰਨ ਗੱਲਾਂ ਕਰਦੇ ਘਰ ਪਹੁੰਚ ਗਏ ਸਨ।
ਘਰ ਵਿੱਚ ਸਾਰਾ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਸੀ ਅਤੇ ਪਰਿਵਾਰ ਦਾ ਹਰ ਮੈਂਬਰ ਲੋੜ ਤੋਂ ਵੱਧ ਉਸ ਦਾ ਸਤਿਕਾਰ ਕਰ ਰਿਹਾ ਸੀ। ਚਾਹ ਪੀਣ ਸਮੇਂ ਕੁਲਦੀਪ ਉਸ ਦੇ ਨਾਲ ਬੈਠੀ ਸੀ। ਸੰਕੇਤ ਮਿਲਣੇ ਅਰੰਭ ਹੋ ਗਏ ਸਨ ਕਿ ਜੋੜੀ ਸੋਹਣੀ ਫੱਬਦੀ ਹੈ। ਉਸ ਦੀ ਸਮਝ ਵਿੱਚ ਹੁਣ ਸਭ ਕੁਝ ਸਾਫ ਹੋਣ ਲੱਗ ਗਿਆ ਸੀ ਕਿ ਟਿਕਟ ਭੇਜ ਕੇ ਉਸ ਨੂੰ ਕਿਉਂ ਸੈਰ ਕਰਨ ਲਈ ਕਨੇਡਾ ਸੱਦਿਆ ਗਿਆ ਸੀ। ਉਸ ਦੀ ਭਰਜਾਈ ਉਸ ਨਾਲ ਮਿੱਠੀਆਂ ਅਤੇ ਗੁੱਝੀਆਂ ਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਉਸ ਦਾ ਭਰਾ ਵੀ ਕਨੇਡਾ ਨੂੰ ਕਿਉਂ ਬੜਾ ਸੋਹਣਾ ਅਤੇ ਪਿਆਰਾ ਦੱਸ ਰਿਹਾ ਸੀ।
ਕਨੇਡਾ ਦੀ ਪਹਿਲੀ ਰਾਤ ਹੀ ਉਸ ਲਈ ਸੂਲਾਂ ਦੀ ਸੇਜ ਸੀ। ਉਸ ਨੇ ਫੈਸਲਾ ਕਰਨਾ ਸੀ ਕਿ ਉਸ ਨੇ ਜਿੰਦਗੀ ਆਪਣੀ ਜੀਣੀ ਏ ਜਾਂ ਫਿਰ ਘਰ ਜਵਾਈ ਦੀ।
“ਹੁਣ ਫੇਰ ਤੇਰਾ ਕੀ ਇਰਾਦਾ ਹੈ?”
“ਕਿਉਂ? ਕਿਸ ਗੱਲ ਦਾ ਇਰਾਦਾ?”
“ਮੈਂ ਤੈਨੂੰ ਰਾਵਣ ਦੇ ਪੰਜੇ ’ਚੋਂ ਛੁਡਾ ਕੇ ਨਹੀਂ ਲਿਆਇਆ?”
ਮੈਂ ਕਦ ਮੁੱਕਰਦੀ ਆਂ। ਇਸ ਗੱਲ ਲਈ ਮੈਂ ਤੇਰੀ ਦਿਲੋਂ ਧੰਨਵਾਦੀ ਆਂ ਤੇ ਉਮਰ ਭਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।”
“ਸੁੱਕੇ ਧੰਨਵਾਦ ਨਾਲ ਕੀ ਹੁੰਦੇ ਮਾਈ ਡੀਅਰ।”
ਤੇ ਜਦ ਉਸਨੇ ਉਸਦੀਆਂ ਅੱਖਾਂ ਵਿਚ ਵਹਿਸ਼ਤ ਦੇ ਉਹੀ ਡੋਰੇ ਉਭਰਦੇ ਦੇਖੇ! ਆਪਣੇ ਸ਼ਿਕਾਰ ਨੂੰ ਕਾਬੂ ਵਿਚ ਰੱਖ (ਉਹੀ) ਲਪਲਪਾਉਂਦੀ ਜੀਭ ਵੇਖੀ, ਉਸੇ ਪਲ ਪੁਰਾਣੇ ਨੇ ਉਸ ਨੂੰ ਦੱਸਿਆ ਕਿ ਰਾਵਣ ਹਾਲੀ ਮੋਇਆ ਨਹੀਂ, ਸਿਰ ਭੇਸ ਬਦਲ ਕੇ ਆਇਆ ਹੈ ਤੇ ਉਸਨੇ ਭੀ ਸੰਘਰਸ਼ ਦਾ ਪੈਂਤਰਾ ਬਦਲ ਲਿਆ।
“ਨਹੀਂ ਮੇਰੀ ਜਾਨ….ਸੁੱਕਾ ਧੰਨਵਾਦ ਕਿਉਂ? ਆ ਤੇਰੀ ਚਿਰਾਂ ਦੀ ਪਿਆਸੀ ਜਿੰਦ ਦੀ ਪਿਆਸ ਬੁਝਾ…
ਉਸਨੇ ਬਾਹਾਂ ਖੋਹਲ ਦਿੱਤੀਆਂ ਤੇ ਜਦ ਉਹ ਉਸਦੀ ਛਾਤੀ ਨਾਲ ਆ ਲੱਗਾ, ਲੰਮੀ ਕੈਦ ਵਿਚ ਵਧੇ ਹੋਏ ਆਪਣੇ ਨਹੁੰ ਉਸ ਪੂਰੇ ਜ਼ੋਰ ਨਾਲ ਮਰਦ ਦੀ ਗਰਦਨ ਵਿਚ ਗਡ ਦਿੱਤੇ।
“ਇਹ ਤੂੰ ਕੀ ਕੀਤਾ ਵੈਰਨੇ….?” ਕਟੇ ਹੋਏ ਰੁਖ ਵਾਂਗ ਡਿਗਦਿਆਂ ਉਹ ਬੋਲਿਆ।
“ਲੋਕ ਅਕ੍ਰਿਤਘਣ ਤਾਂ ਜ਼ਰੂਰ ਕਹਿਣਗੇ ਪਰ ਇੱਕ ਰਾਵਣ ਦੇ ਪੰਜੇ ’ਚੋਂ ਨਿਕਲ ਕੇ ਦੂਸਰੇ ਦੀ ਚੁੰਗਲ ਚ ਜਾ ਫਸਣਾ ਮੈਨੂੰ ਗਵਾਰਾ ਨਹੀਂ ਨਾਲੇ ਸੁੱਕੇ ਧੰਨਵਾਦ ਨਾਲ ਕੀ ਹੁੰਦੇ?? )
ਉਸੇ ਦੇ ਸ਼ਬਦਾਂ ਨੂੰ ਦੁਹਰਾਇਆ ਉਸ ਨੇ ਘੰਡੀ ਉੱਤੇ ਅੰਗੂਠਿਆਂ ਦਾ ਦਬਾ ਉਸ ਸਮੇਂ ‘ਤੀਕ ਜਾਰੀ ਰੱਖਿਆ ਜਦ ਤੀਕ ਕਿ ਨਵੇਂ ਖਲਨਾਇਕ ਦੀ ਜੂਨੀ-ਬਦਲ ਨਹੀਂ ਗਈ।
ਪੱਕੀ ਉਮਰ ਦਾ ਦੁਹਾਜੂ ਮੁੰਡਾ ਕਨੇਡਾ ਤੋਂ ਪਿੰਡ ਪਹੁੰਚਿਆ ਹੀ ਸੀ ਕਿ ਕੁੜੀਆਂ ਵਾਲਿਆਂ ਦੇ ਟੈਲੀਫੋਨਾਂ ਦੀ ਭਰਮਾਰ ਲੱਗ ਗਈ ਸੀ। ਦੂਜੇ ਦਿਨ ਕਾਰਾਂ ਘਰ ਪੁੱਜਣੀਆਂ ਆਰੰਭ ਹੋ ਗਈਆਂ ਸਨ। ਹਰ ਆਉਣ ਵਾਲਾ ਆਪਣੀ ਕੁੜੀ ਨੂੰ ਕੈਨੇਡਾ ਭੇਜਣ ਲਈ ਉਤਾਵਲਾ ਸੀ। ਲੋਕਾਂ ਦੀ ਕਾਹਲ ਵੇਖ ਕੇ ਮੁੰਡੇ ਵਾਲੇ ਹੋਰ ਮਹਿੰਗੇ ਹੋ ਗਏ ਸਨ।
ਵੀਹ ਲੱਖ ਦੀ ਮੰਗ ਸੁਣਕੇ ਕਾਰਾਂ ਤਾਂ ਕੁਝ ਘੱਟ ਗਈਆਂ ਸਨ ਪਰ ਸਿਫਾਰਸ਼ਾਂ ਦਾ ਆਉਣਾ ਹਾਲੀ ਵੀ ਉਸੇ ਤਰ੍ਹਾਂ ਜਾਰੀ ਸੀ। ਸਾਰਾ ਦਿਨ ਚਾਹਾਂ ਚੱਲਦੀਆਂ ਜੋੜ ਤੋੜ ਹੁੰਦੇ ਪਰ ਗੱਲ ਕਿਸੇ ਸਿਰੇ ਨਹੀਂ ਲੱਗਦੀ ਸੀ।
ਮੁੰਡੇ ਦੇ ਭਨੋਈਏ ਦੀ ਸਿਫਾਰਸ਼ ਨਾਲ ਕਿਸੇ ਦੂਰ ਦੇ ਪਿੰਡਾਂ ਕਈ ਮੁੰਡਿਆਂ ਵਾਲੇ ਇੱਕ ਸਰਦਾਰ ਪਰਿਵਾਰ ਨੇ ਆਪਣਾ ਜ਼ੋਰ ਵਧਾ ਲਿਆ ਸੀ। ਪੰਦਰਾਂ ਲੱਖ ਉੱਤੇ ਗੱਲ ਪੱਕੀ ਹੋ ਗਈ ਸੀ। ਬਾਕੀ ਸਾਰੇ ਖਰਚੇ ਕੁੜੀ ਵਾਲਿਆਂ ਨੇ ਵੱਖਰੇ ਕਰਨੇ ਸਨ।
ਵਿਆਹ ਦੀ ਰਸਮ ਕਿਸੇ ਵੱਡੇ ਸ਼ਹਿਰ ਪੂਰੀ ਕਰਕੇ ਜਾਣਦੀਆਂ ਦੂਜੀਆਂ ਸ਼ਰਤਾਂ ਨੂੰ ਮੁਕੰਮਲ ਕਰਨ ਲਈ ਬਹੁਤ ਕਾਹਲ ਕੀਤੀ ਜਾ ਰਹੀ ਸੀ। ਵੀਜ਼ਾ ਪੁਜਦਿਆਂ ਹੀ ਕੁੜੀ ਨੂੰ ਜਹਾਜ਼ ਚੜ੍ਹਾ ਦਿੱਤਾ ਸੀ।
ਗੁਰਜ਼ਾਂ ਨੇ ਇੱਕ ਹੋਰ ‘ਦੇਸ਼ ਨਿਕਾਲਾ’ ਸਿਰੇ ਚਾੜ੍ਹ ਦਿੱਤਾ ਸੀ।
ਮੈਂ ਲਾਭਾ ਪੁੱਤਰ ਸ਼ੇਰਾ (ਲੱਭੂ ਦਿਆਂ ਦਾ) ਸਕਨਾਂ ਕਾਨਾ ਜੱਟਾਂ, ਆਪਣੇ ਹੋਸ਼ ਹਵਾਸ ਕਾਇਮ ਰੱਖਦਾ ਹੋਇਆ ਵਸੀਅਤ ਕਰ ਰਿਹਾ ਹਾਂ ਤਾਂ ਕਿ ਬਾਅਦ ‘ਚ ਕਿਸੇ ਕਿਸਮ ਦਾ ਝਗੜਾ ਝਾਊਲਾ ਨਾ ਰਹੇ:-
ਵੱਡੇ ਪੁੱਤ ਮਸੰਦੇ ਨੂੰ (ਇਹ ਮੇਰਾ ਪਲੇਠੀ ਦਾ ਪੁੱਤ ਹੈ):- ਕੰਗਾਲੀ+ਲੂੰਡੀ ਪੂਛ ਵਾਲਾ ਇੱਕ ਝੋਟਾ, ਟੁੱਟੇ ਹੋਏ ਰੱਸੇ ਅਤੇ ਮੋਹੜੀ ਸਮੇਤ।
ਛੋਟੇ ਪੁੱਤ ਮਕੰਦੇ ਨੂੰ:- ਕਰਜ਼ਾ+ਚਾਰਾ ਜਿਹਦੇ ਤੇ ਕੋਈ ਛੱਤ ਨਹੀਂ+ ਟਾਹਲੀ ਦਾ ਇਕ ਖੂੰਡਾ ਬੁੰਗਿਆਂ ਸਮੇਤ+ ਸ਼ਰਾਬ ਦੇ ਦੋ ਘੁੱਟ ਜਿਹੜੇ ਪਿਛਲੇ ਸਾਲ ਮੈਂ ਆਪਣੇ ਯਾਰ ਤੋਂ ਉਧਾਰੇ ਲਏ ਸਨ।
ਛੋਟੇ ਪੁੱਤ ਸ਼ਿੰਦੇ ਨੂੰ ਇਹ ਮੇਰਾ ਲਾਡਲਾ ਪੁੱਤ ਹੈ)। ਨੀਲੀ ਛਤਰੀ ਦਾ ਸਾਇਆ (ਹੋਰ ਕੁਝ ਬਚਿਆ ਹੀ ਨਹੀਂ)
ਧੀ ਪ੍ਰੀਤੋ ਨੂੰ:- ਦੁੱਖ, ਝੋਰੇ, ਮੁਸੀਬਤਾਂ (ਆਸਾਂ ਦੇ ਸੁਪਨਿਆਂ ਦੇ ਕਤਲ ਸਮੇਤ ਸਹੀ/ਗਵਾਹੀ
ਸਹੀ/ਬਕਲਮ ਖੁਦ
ਨੱਥਾ ਸਿੰਘ ਨੰਬਰਦਾਰ
ਲਾਭਾ ਪੁੱਤਰ ਸ਼ੇਰਾ
ਸਹੀ/ਗਵਾਹੀ
ਬੂਝਾ ਪੁੱਤਰ ਢੇਰੂ
ਸਾਰੇ ਫਿਕਰ ਖਤਮ ਹੋ ਗਏ ਸਨ। ਸਾਰੀਆਂ ਅੜਚਣਾ ਦੂਰ ਹੋ ਜਾਣ ਉੱਤੇ ਰਾਹ ਸਾਫ ਹੋ ਗਿਆ ਸੀ। ਇਸ ਨਾਲੋਂ ਹੋਰ ਚੰਗਾ ਅਤੇ ਭਰੋਸੇਯੋਗ ਢੰਗ ਘੜਿਆ ਵੀ ਨਹੀਂ ਜਾ ਸਕਦਾ ਸੀ। ਗੁਰਪ੍ਰੀਤ ਸਿੰਘ ਦਾ ਕਨੇਡਾ ਪਹੁੰਚ ਜਾਣਾ ਹੁਣ ਦਿਨਾਂ ਦੀ ਗੱਲ ਹੀ ਰਹਿ ਗਿਆ ਸੀ। ਤਿਆਰੀਆਂ ਤਾਂ ਬਹੁਤ ਪਹਿਲਾਂ ਹੀ ਆਰੰਭ ਹੋ ਗਈਆਂ ਸਨ ਹੁਣ ਤਾਂ ਉਨ੍ਹਾਂ ਨੂੰ ਅੰਤਮ ਛੋਹਾਂ ਲਾਉਣੀਆਂ ਹੀ ਬਾਕੀ ਸਨ।
ਆਖਰ ਭਰਾ ਹੀ ਭਰਾਵਾਂ ਦੀ ਬਾਂਹ ਫੜਦੇ ਹਨ ਅਤੇ ਭੈਣਾਂ ਹੀ ਵੀਰਾਂ ਦੀਆਂ ਖੁਸ਼ੀਆਂ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਗੁਰਮੇਲ ਕੌਰ ਅਤੇ ਗੁਰਪ੍ਰੀਤ ਸਿੰਘ ਇੱਕ ਹੀ ਪੇਟੋਂ ਤਾਂ ਜਾਏ ਸਨ। ਗੁਰਮੇਲੋ ਨੂੰ ਛੋਟੇ ਹੁੰਦਿਆਂ ਹੀ ਉਸਦੇ ਕੈਨੇਡਾ ਰਹਿੰਦੇ ਤਾਇਆ ਜੀ ਨੇ ਗੋਦ ਲੈ ਲਿਆ ਸੀ। ਉਹ ਕਨੇਡਾ ਹੀ ਜਵਾਨ ਹੋਈ ਸੀ ਅਤੇ ਉਸ ਨੇ ਉਥੇ ਹੀ ਸ਼ਾਦੀ ਕਰਵਾ ਲਈ ਸੀ। ਆਪਣੇ ਸਕੇ ਵੀਰ ਨੂੰ ਕਨੇਡਾ ਸੱਦਣ ਲਈ ਉਸ ਨੇ ਆਪਣੇ ਪਤੀ ਨੂੰ ਕਾਗਜ਼ੀ ਤਲਾਕ ਦੇ ਦਿੱਤਾ ਸੀ ਅਤੇ ਭਰਾ ਨਾਲ ਕਾਗਜ਼ਾਂ ਵਿੱਚ ਵਿਆਹ ਕਰਕੇ ਉਸ ਨੂੰ ਕਨੇਡਾ ਲੈ ਜਾਣ ਦੀ ਸਕੀਮ ਬਣਾ ਲਈ ਸੀ। ਵੀਜਾ ਮਿਲਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋ ਚੁੱਕੀਆਂ ਸਨ। ਉਹ ਕਦੇ ਵੀ ਉਨ੍ਹਾਂ ਦੇ ਹੱਥ ਆ ਸਕਦਾ ਸੀ। ਇੱਕ ਟੈਕਨੀਕਲ ਇਤਰਾਜ਼ ਦੀ ਘੋਖ ਹੋ ਰਹੀ ਸੀ। ਦੋਵਾਂ ਦੇ ਨਾਮਾਂ ਪਿੱਛੇ ਇੱਕ ਹੀ ਗੋਤ ਲਿਖਿਆ ਹੋਇਆ ਸੀ। ਪੜਤਾਲ ਦੀ ਰਿਪੋਰਟ ਪੁੱਜਦਿਆਂ ਹੀ ਭੈਣ ਭਰਾ ਦੀ ਸੁਹਾਗ ਜੋੜੀ ਕਨੇਡਾ ਜਾਣ ਦੀ ਥਾਂ ਜ਼ੇਲ ਦੀਆਂ ਸੀਖਾਂ ਅੰਦਰ ਪੁੱਜ ਗਈ ਸੀ।
ਕਾਲਜ ਵਿਚ ਡਰਾਮਾ ਹੋ ਕੇ ਹਟਿਆ ਸੀ- ਏਕਸ ਕੇ ਹਮ ਬਾਰਿਕ।
ਇਸ ਡਰਾਮੇ ਵਿਚ ਮਨੁੱਖਤਾ ਦੀ ਬਰਾਬਰੀ ਦਰਸਾਉਣ ਤੇ ਜ਼ੋਰ ਦਿੱਤਾ ਗਿਆ ਸੀ।
ਡਰਾਮਾ ਐਨਾ ਪ੍ਰਭਾਵਸ਼ਾਲੀ ਸੀ ਕਿ ਸੜਕ ਤੇ ਤੁਰੇ ਜਾਂਦੇ ਦਰਸ਼ਕ ਅਜੇ ਵੀ ਡਰਾਮੇ ਦੀਆਂ ਹੀ ਗੱਲਾਂ ਕਰ ਰਹੇ ਸਨ।
ਮੇਰੇ ਅੱਗੇ ਅੱਗੇ ਜਾ ਰਹੀਆਂ ਮੇਰੇ ਕਾਲਜ ਦੀਆਂ ਕੁੜੀਆਂ ਵੀ ਇਸੇ ਡਰਾਮੇ ਦੇ ਹੀਰੋ ਦੀਆਂ ਗੱਲਾਂ ਕਰ ਰਹੀਆਂ ਸਨ।
ਮੈਂ ਸੁਣ ਰਹੀਂ ਸਾਂ, “ਅਮਰਿੰਦਰ ਨੇ ਕਮਾਲ ਦਾ ਰੋਲ ਕੀਤੈ।” ਇੱਕ ਆਵਾਜ਼।
“ਉਹ ਤਾਂ ਨਿਰਾ ਹਰੀਜਨ ਲੱਗਦਾ ਸੀ ਉੱਥੇ ਤਾਂ।” ਦੂਸਰੀ ਆਵਾਜ਼।
“ਚੱਲ ਨੀ ਚੱਲ, ਕੁਛ ਸੋਚ ਕੇ ਬੋਲ। ਹਰੀਜਨ ਹੋਊ ਤੇਰਾ ਕੋਈ…।” ਇੱਕ ਆਵਾਜ਼।
ਮੈਂ ਤਾਂ ਕਹਿਨੀਆਂ ਉਹ ਹੈ ਹੀ ਹਰੀਜਨ। ਦੂਸਰੀ ਆਵਾਜ਼।
“ਆਹੋ ਕੁੜੇ, ਇਹਦਾ ਫਾਦਰ ਵੀ ਪੀਅਨ ਲੱਗਿਆ ਹੋਇਆ, ਈ.ਟੀ.ਓ. ਦੇ ਦਫਤਰ ਵਿਚ।’’ ਤੀਜੀ ਆਵਾਜ਼।
‘‘ਪੀਅਨ ਸਿਰਫ ਹਰੀਜਨ ਈ ਤਾਂ ਨੀਂ ਲੱਗਦੇ। ਇੱਕ ਆਵਾਜ਼।”
‘‘ਬਹੁਤੇ ਉਹੀ ਲੋਕ ਹੁੰਦੇ ਨੇ।” ਦੂਜੀ ਆਵਾਜ਼
“ਫਿਰ ਤਾਂ ਜੇ ਇਹ ਠੀਕ ਹੋਇਆ, ਮੈਂ ਸਵੇਰੇ ਉਸ ਨੂੰ ਮਿਲੂਗੀ।” ਇੱਕ ਆਵਾਜ਼।
ਕਿਉਂ? ਦੂਜੀ ਆਵਾਜ਼।”
“ਮੇਰੇ ਨਾਲ ਉਹਨੇ ਧੋਖਾ ਕੀਤੈ।” ਪਹਿਲੀ ਆਵਾਜ਼।
‘‘ਬਿਲਕੁਲ! ਬਿਲਕੁਲ!! ਦੂਜੀ ਆਵਾਜ਼।”
“ਸਵੇਰੇ ਗੱਲ ਕਰੂੰਗੀ। ਪਹਿਲੀ ਆਵਾਜ਼।
“ਕੀ ਗੱਲ ਕਰੇਗੀ” ਮੈਥੋਂ ਹੁਣ ਰਿਹਾ ਨਾ ਗਿਆ।
ਉਸ ਨੇ ਕੁਝ ਸੋਚ ਕੇ ਕਿਹਾ, “ਮੈਡਮ ਕੋਈ ਗਊ ਗਧੇ ਦਾ ਮੇਲ ਹੁੰਦੈ?”
ਸ਼ੱਟ ਅੱਪ!” ਮੈਂ ਸਾਰਾ ਗੁੱਸਾ ਬਾਹਰ ਕੱਢਿਆ।
ਰੈਨੂੰ ਵਾਤਸ ਬੁੜ ਬੁੜਾ ਰਹੀ ਸੀ।
ਮੈਂ ਵੀ ਬੁੜ ਬੁੜਾ ਰਹੀ ਸੀ, ਆਈਆਂ ਨੇ ਡਰਾਮਾ ਦੇਖ ਕੇ, ਨਾ ਅਕਲ, ਨਾ ਮੌਤ।”
ਹਰੀਜਨਾਂ ਦੇ ਮੀਤੇ ਨੂੰ ਜਦ ਦਸਵੀਂ ਪਾਸ ਕਰਕੇ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਆਪਣੇ ਪਿੰਡ ਦੇ ਬਾਹਰ ਪੱਕੀ ਸੜਕ ਉਤੇ ਸਾਈਕਲ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਕੰਮ ਵਿੱਚ ਆਮਦਨ ਬਹੁਤ ਘੱਟ ਹੁੰਦੀ ਸੀ। ਕਈ ਵਾਰੀ ਤਾਂ ਸਾਰਾ ਦਿਨ ਖਾਲੀ ਹੀ ਲੰਘ ਜਾਂਦਾ ਸੀ।
ਆਮਦਨ ਵਧਾਉਣ ਲਈ ਉਸ ਨੇ ਕਈ ਪੁੱਠੇ ਸਿੱਧ ਹੱਥ ਕੰਡੇ ਵਰਤਣੇ ਅਰੰਭ ਦਿੱਤੇ ਸਨ। ਉਹ ਪੈਂਚਰ ਲਾਉਂਦਾ ਇਕ, ਦੋ ਪੈਂਚਰ ਆਪ ਹੀ ਕਰ ਦਿੰਦਾ ਸੀ ਅਤੇ ਕੰਮ ਦਿੰਦੇ ਪੁਰਜਿਆਂ ਨੂੰ ਘਸੇ ਕਹਿਕੇ ਬੇਲੋੜੇ ਹੀ ਬਦਲ ਦਿੰਦਾ ਸੀ। ਉਹ ਆਪਣੀ ਦੁਕਾਨ ਤੋਂ ਕੁਝ ਦੂਰ ਪੱਕੀ ਸੜਕ ਉੱਤੇ ਤਿੱਖੇ ਮੂੰਹ ਵਾਲੇ ਕਿੱਲ, ਮੇਖਾਂ ਖਿੰਡਾ ਦਿੰਦਾ ਸੀ ਤਾਂ ਜੋ ਆਉਣ, ਜਾਣ ਵਾਲਿਆਂ ਦੇ ਸਾਈਕਲ ਪੈਂਚਰ ਹੁੰਦੇ ਰਹਿਣ। ਉਹ ਕਿੱਲਾਂ ਖਿੰਡਾਉਣ ਨੂੰ ‘ਚੋਗਾ ਪਾਉਣਾ ਅਤੇ ਕਿਸੇ ਦੇ ਪੈਂਚਰ ਹੋਏ ਨੂੰ “ਫਸ ਗਈ ਮੁਰਗੀ ਕਹਿਕੇ ਖੁਸ਼ੀ ਮਨਾਇਆ ਕਰਦਾ ਸੀ।
ਪੈਂਚਰ ਹੋਇਆ ਸਾਈਕਲ ਫੜੀ ਆਉਂਦੀ ਕੁੜੀ ਜਦ ਉਸ ਦੇ ਬਹੁਤ ਨੇੜੇ ਆ ਗਈ ਤਾਂ ਉਸ ਨੇ ਪਹਿਚਾਣਿਆ ਕਿ ਇਹ ਤਾਂ ਪਿੰਡ ਦੇ ਗਰੀਬ ਨਾਈਆਂ ਦੀ ਬਹੁਤ ਹੀ ਹੁਸ਼ਿਆਰ ਕੁੜੀ ਪੀਤੀ ਏ ਜੋ ਸ਼ਹਿਰ ਆਈ.ਟੀ.ਆਈ. ਵਿੱਚ ਪੜ੍ਹਦੀ ਏ।
ਉਸ ਨੇ ਆਪਣੇ ਮੱਥੇ ਉੱਤੇ ਹੱਥ ਮਾਰ ਕੇ ਆਪਣੇ ਕੀਤੇ ਉਤੇ ਪਸ਼ਤਾਵਾ ਪ੍ਰਗਟ ਕੀਤਾ, ਮੁਰਗੀ ਦੀ ਥਾਂ ਅੱਜ ਤਾਂ ਵਿਚਾਰੀ ਘੁੱਗੀ ਹੀ ਮਾਰੀ ਗਈ।