ਫਾਹੇ ਟੰਗੇ ਗੀਤ

by Jasmeet Kaur

ਪਹਿਲਾਂ ਉਹ ਚਾਹੇ ਆਪ ਰੋਂਦਾ ਜਾਂ ਹਸਦਾ ਉਸਦੇ ਗੀਤ ਹੱਸਦੇ ਹੀ ਰਹਿੰਦੇ ਸਨ। ਹੁਣ ਭਾਵੇ ‘ਉਹ ਆਪ ਹੱਸਦਾ ਹੈ, ਉਸ ਦੇ ਗੀਤ ਹਰ ਵੇਲੇ ਰੋਦੇ ਰਹਿੰਦੇ ਹਨ। ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਗੀਤ ਜੰਮਦਾ ਹੈ।
ਮੈਂ ਮਰੇ ਹੋਏ ਗੀਤ ਕਿਉਂ ਜੰਮਦਾ ਹਾਂ-?? ਉਹ ਹੁਣ ਹਰ ਵੇਲੇ ਸੋਚਦਾ ਆਪਣੀ ਕੋਠੀ ਦੇ ਅੰਦਰ ਝਾਤ ਮਾਰਦਾ ਰਹਿੰਦਾ ਹੈ। ਉਸਨੂੰ ਜਾਪਦਾ ਹੈ ਜਿਵੇਂ ਕੋਠੀ ਦੇ ਇਕ ਕੋਨੇ ਵਿਚ ਉਸ ਦੇ ਗੀਤ ਗਲ ਵਿਚ ਰੱਸਾ ਪਾਕੇ ਆਪੇ ਫਾਹਾ ਲਾਈ ਲਟਕ ਰਹੇ ਹੋਣ। ਉਹ ਰੋ ਪੈਂਦਾ ਹੈ।
ਫੇਰ ਉਸਦਾ ਧਿਆਨ ਬਾਹਰ ਖੇਲਦੇ ਛੋਟੇ ਛੋਟੇ ਬੱਚਿਆਂ ‘ਤੇ ਪੈਂਦਾ ਹੈ ਜਿੰਨ੍ਹਾਂ ਦੇ ਗਲ ਪਾਟੀਆਂ ਲੀਰਾਂ, ਹੱਥ ਖਾਲੀ ਬਾਟੇ ਤੇ ਢਿੱਡਾਂ ਵਿਚ ਭੁੱਖ ਨਹੁੰਦਰਾਂ ਮਾਰ ਰਹੀ ਹੈ। ਉਹ ਕੁਝ ਕੁਝ ਗਾ ਰਹੇ ਹਨ। ਗੀਤਕਾਰ ਨੂੰ ਲੱਗਦਾ ਹੈ ਜਿਵੇਂ ਉਹ ਬੱਚੇ ਉਸ ਨੂੰ ਗਾ ਗਾ ਕੇ ਕੁਝ ਕਹਿ ਰਹੇ ਹੋਣ:
ਇਨ੍ਹਾਂ ਹਵੇਲੀਆਂ ਦੀ ਆਵੋ ਹਵਾ ਤੇਰੇ ਗੀਤਾਂ ਮਾਫਕ ਨਹੀਂ, ਗੀਤਕਾਰ। ਇਸੇ ਲਈ ਤੇਰੇ ਗੀਤ ਜੀਉਂਦੇ ਹੀ ਮਰ ਜਾਂਦੇ ਨੇ।…ਜੇ ਤੂੰ ਚਾਹੁੰਦਾ ਏ ਤੇਰੇ ਗੀਤ ਹੱਸਣ, ਖੇਲਣ, ਕੁੱਦਣ…ਤੂੰ ਮੁੜ ਆਪਣੀ ਪਹਿਲੀ ਦੁਨੀਆਂ ਵਿਚ ਭੱਜ ਜਾ…ਤੇਰੇ ਗੀਤ ਮੁੜ ਹੱਸਣਗੇ ਤੇ ਤੈਨੂੰ ਮੁੜ ਕੋਈ ਨਹੀਂ ਕਹੇਗਾ ਕਿ ਤੂੰ ਮਰੇ ਹੋਏ ਗੀਤ ਜੰਮਦਾ ਹੈ…..।”
…ਤੇ ਗੀਤਕਾਰ ਉਸੇ ਵੇਲੇ ਹੀ ਆਪਣੀ ਕੋਠੀ ਦੀਆਂ ਪੌੜੀਆਂ ਉਤਰ ਸ਼ਹਿਰੋਂ ਬਾਹਰ ਗੰਦੇ ਨਾਲੇ ਤੇ ਝੁੱਗੀਆਂ ਪਾ ਬੈਠੇ ਲੋਕਾਂ ਨੂੰ ਹੋ ਲੈਂਦਾ ਹੈ..।

ਦਰਸ਼ਨ ‘ਮਿੱਤਵਾ

You may also like