ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋਂ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸ ਨੂੰ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ, ਉਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ।
ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸ ਨੂੰ ਹੋਰ ਪਿੱਛੇ ਲੈਕੇ ਜਾ ਰਹੀਆਂ ਸਨ। ਉਸ ਨੂੰ ਯਾਦ ਆ ਰਿਹਾ ਸੀ ਕਿਵੇਂ ਉਸ ਦੀ ਮਾਂ ਨੇ ਛੋਟੀ ਉਮਰੇ ਹੀ ਉਸ ਨੂੰ ਚੁੰਨੀ ਲੈਣ ਦਾ ਸਲੀਕਾ ਸਿੱਖਾ ਦਿੱਤਾ ਸੀ।ਇੱਕ ਵਾਰ ਰਾਣੋਂ ਦਾ ਬਾਪੂ ਘਰੋਂ ਰੁੱਸ ਕੇ ਗਿਆ ਤਾਂ ਉਹ ਕਦੇ ਨਾ ਪਰਤਿਆ। ਉਸ ਤੋਂ ਬਾਅਦ ਘਰ ਵਿੱਚ ਸਿਰਫ ਬੀਰੋ ਤੇ ਰਾਣੋਂ ਹੀ ਰਹਿ ਗੀਆਂ ਸਨ। ਬੀਰੋ ਰਾਣੋਂ ਨੂੰ ਹਮੇਸ਼ਾਂ ਲਕੋ ਕੇ ਰੱਖਦੀ।
ਉਹ ਅਕਸਰ ਕਹਿੰਦੀ ਰਹਿੰਦੀ ” ਰਾਣੋਂ ਤੇਰੀ ਚੁੰਨੀ ਕਿੱਥੇ ਆ। ਧੀਏ ਸਿਰ ਕੱਜ ਕੇ ਰੱਖੀਦਾ। ਜਿਨ੍ਹਾਂ ਦੇ ਸਿਰ ਤੇ ਬਾਪ ਨਹੀਂ ਹੁੰਦਾ ਉਹ ਧੀਆਂ ਬਹੁਤ ਰੜਕਦੀਆਂ ਲੋਕਾਂ ਦੀਆਂ ਅੱਖਾਂ ਵਿੱਚ।”
ਰਾਣੋਂ ਉਦੋਂ ਬਹੁਤ ਛੋਟੀ ਸੀ ਉਸ ਨੂੰ ਤਾਂ ਇਹ ਵੀ ਸਮਝ ਨਹੀਂ ਸੀ ਆਉਂਦਾ ਹੁੰਦਾ ਕੇ ਮਾਂ ਕੀ ਇਸ਼ਾਰੇ ਕਰ ਰਹੀ ਹੈ। ਰਾਣੋਂ ਦੀ ਮਾਂ ਉਸ ਨੂੰ ਆਪ ਸਕੂਲ ਲੈਣ ਜਾਂਦੀ ਆਪ ਹੀ ਛੱਡ ਕੇ ਆਉਂਦੀ। ਬੀਰੋ ਲਈ ਰਾਣੋਂ ਹੀ ਉਸ ਦੀ ਜ਼ਿੰਦਗੀ ਸੀ। ਉਹ ਪਰਛਾਵੇਂ ਦੀ ਤਰ੍ਹਾਂ ਉਸ ਨੂੰ ਲਿਪਟੀ ਰਹਿੰਦੀ।
ਰਾਣੋਂ ਪੜਾਈ ਵਿੱਚ ਬਹੁਤ ਹੁਸ਼ਿਆਰ ਨਿੱਕਲੀ। ਹਮੇਸ਼ਾਂ
ਪਹਿਲੇ ਦਰਜ਼ੇ ਵਿੱਚ ਜਮਾਤ ਪਾਸ ਕਰਦੀ । ਵਜ਼ੀਫਾ ਲੱਗ ਗਿਆ ਸੀ ਉਸ ਨੂੰ। ਪਿੰਡ ਦੇ ਮਾਸਟਰ ਨੇ ਜਦੋਂ ਕਦੇ ਵੀ ਮਿਲਣਾ ਤਾਂ ਉਸ ਨੇ ਹਰ ਵਾਰ ਕਹਿਣਾ ” ਬੀਰੋ ਕੁੜੇ ਕੁੜੀਏ ਤੂੰ ਰਾਣੋਂ ਨੂੰ ਬਹੁਤ ਪੜਾਈਂ , ਦੇਖੀਂ ਇੱਕ ਦਿਨ ਤੇਰੀ ਤਕਦੀਰ ਬਦਲ ਦੇਵੇਗੀ ਤੇਰੀ ਧੀ।”
ਹੁਣ ਰਾਣੋਂ ਦਸਵੀਂ ਪਾਸ ਕਰ ਗਈ ਸੀ। ਇੱਕ ਦਿਨ ਉਹ ਕਹਿਣ ਲੱਗੀ ” ਬੇਬੇ ਹੁਣ ਮੈਂ ਇਕੱਲੀ ਸਕੂਲ ਜਾਇਆ ਕਰੂੰ, ਸਾਰੀਆਂ ਕੁੜੀਆਂ ਮੈਨੂੰ ਛੇੜਦੀਆਂ ਨੇ। ਮੈਨੂੰ ਬਹੁਤ ਸ਼ਰਮ ਆਉਂਦੀ ਹੈ ਜਦੋਂ ਤੂੰ ਮੈਨੂੰ ਸਕੂਲ ਲੈਣ ਆਉਂਦੀ ਹੈ।”
ਬੀਰੋ ਨੂੰ ਲੱਗਿਆ ਜਿਵੇਂ ਉਸ ਦੀ ਰੂਹ ਅੱਡ ਹੋਣ ਦੀ ਗੱਲ ਕਰ ਰਹੀ ਹੋਵੇ। ਉਹ ਦਿਲ ਤੇ ਪੱਥਰ ਰੱਖ ਕੇ ਬੋਲੀ ” ਚੰਗਾ ਧੀਏ।” ਮਾਂ ਨੂੰ ਉਦਾਸ ਦੇਖ ਰਾਣੋਂ ਨੇ ਮਾਂ ਨੂੰ ਜੱਫੀ ਵਿੱਚ ਲੈ ਲਿਆ ਤੇ ਕਹਿਣ ਲੱਗੀ ” ਬੇਬੇ ਯਕੀਨ ਰੱਖ ਆਪਣੇ ਪੁੱਤ ਤੇ ਤੈਨੂੰ ਕੋਈ ਉਲਾਂਭਾ ਨਹੀਂ ਆਉ, ਮੈਂ ਕੋਈ ਐਸਾ ਕੰਮ ਨਹੀਂ ਕਰੂੰ ਜਿਸ ਨਾਲ ਤੇਰਾ ਸਿਰ ਝੁਕ ਜਾਵੇ।”
ਪਤਾ ਹੀ ਨਹੀਂ ਲੱਗਿਆ ਕਦੋਂ ਰਾਣੋਂ 10+2 ਕਰਕੇ IeLets ਵੀ 7 band ਨਾਲ ਕਰ ਗਈ।
IeLets ਦੇ ਸਕੂਲ ਤੋਂ ਰਮੇਸ਼ ਘਰ ਆਇਆ ਤੇ ਬੀਰੋ ਨੂੰ ਕਹਿਣ ਲੱਗਾ ” ਆਂਟੀ ਜੀ ਤੁਹਾਡੀ ਬੇਟੀ ਬਹੁਤ ਹੁਸ਼ਿਆਰ ਹੈ, ਜੇ ਤੁਸੀਂ ਇਸ ਨੂੰ ਬਾਹਰ ਪੜਨ ਭੇਜਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਮੱਦਦ ਕਰ ਸਕਦਾ ਹਾਂ। ”
ਬੀਰੋ ਬੋਲੀ “ਕੀ ਮਤਲਬ ਹੈ ਤੁਹਾਡਾ”
ਉਹ ਅੱਗੇ ਬੋਲਿਆ ” ਜੀ ਮੈਨੂੰ ਗਲਤ ਨਾ ਸਮਝਣਾ ਮੇਰੇ ਕੋਲ ਇਕ ਪਰਿਵਾਰ ਹੈ ਬਹੁਤ ਪੈਸੇ ਵਾਲਾ। ਰਾਣੋਂ ਉਨ੍ਹਾਂ ਦੇ ਲੜਕੇ ਨੂੰ ਵਿਆਹ ਕੇ ਨਾਲ ਕਨੇਡਾ ਲੈ ਜਾਵੇ ਉਹ ਰਾਣੋਂ ਦੀ ਸਾਰੀ ਪੜ੍ਹਾਈ ਦਾ ਖਰਚਾ ਚੁੱਕਣ ਨੂੰ ਤਿਆਰ ਹਨ। ”
” ਪਤਾ ਨਹੀਂ ਕਿਹੋ ਜਿਹਾ ਮੁੰਡਾ ਮੈਂ ਬਗੈਰ ਦੇਖਿਆਂ ਕਿਵੇਂ ਹਾਂ ਕਰ ਦੇਵਾਂ।” ਬੀਰੋ ਬੋਲੀ।
ਉਹ ਝੱਟ ਬੋਲਿਆ ” ਜੀ ਕਹਿੜਾ ਸੱਚੀਂ ਵਿਆਹ ਕਰਨਾ। ਕਨੇਡਾ ਪਹੁੰਚ ਕੇ ਮੁੰਡਾ ਆਪਣੀ ਭੈਣ ਦੇ ਘਰ ਰਹੇਗਾ ਤੁਹਾਡੀ ਬੇਟੀ ਆਪਣਾ ਅੱਡ ਰਹੇਗੀ।”
ਬੀਰੋ ਕਹਿਣ ਲੱਗੀ ” ਮੈਂ ਕਿਸੇ ਸਿਆਣੇ ਨਾਲ ਗੱਲ ਕਰਕੇ ਦੱਸੂੰ ਭਾਈ।”
ਬੀਰੋ ਮਾਸਟਰ ਜੀ ਕੋਲ ਗਈ ਸਲਾਹ ਕਰਨ, ਤਾਂ ਮਾਸਟਰ ਜੀ ਨੇ ਹਾਂ ਕਰ ਦਿੱਤੀ। ਨਾਲੇ ਸਲਾਹ ਦਿੱਤੀ ਬੀਰੋ ਓਥੇ ਰਹਿਣ ਦੇ ਖਰਚੇ ਦੀ ਵੀ ਗੱਲ ਕਰ ਲਵੀਂ।
ਜਦੋਂ ਬੀਰੋ ਨੇ ਰਮੇਸ਼ ਨੂੰ ਕਿਹਾ ਕੇ ਓਥੇ ਰਹਿਣ ਦਾ ਖਰਚਾ ਵੀ ਦੇਣਾ ਪੈਣਾ ਤਾਂ ਰਮੇਸ਼ ਕਹਿਣ ਲੱਗਾ ਆਂਟੀ ਜੀ ਮੈਂ ਤੁਹਾਨੂੰ ਤੀਹ ਲੱਖ ਰੁਪਏ ਦਵਾ ਦਿੰਦਾ ਹਾਂ ਸਭ ਕੁੱਝ ਹੋ ਜਾਣਾ ਐਨੇ ਪੈਸਿਆਂ ਨਾਲ ਬੱਸ ਤੁਸੀਂ ਦੋ ਲੱਖ ਵਿੱਚੋਂ ਮੈਨੂੰ ਦੇਣੇ ਹਨ।
ਐਨੇ ਪੈਸਿਆਂ ਦੀ ਗੱਲ ਸੁਣ ਕੇ ਬੀਰੋ ਨੇ ਝੱਟ ਹਾਂ ਕਰ ਦਿੱਤੀ। ਰਾਣੋਂ ਅੰਦਰ ਬੈਠੀ ਸਭ ਸੁਣ ਰਹੀ ਸੀ। ਉਹ ਹੈਰਾਨ ਸੀ ਕੇ ਬੀਰੋ ਜਿਸ ਨੇ ਉਸ ਨੂੰ ਕਦੇ ਵੀ ਅੱਡ ਨਹੀਂ ਸੀ ਕੀਤਾ ਉਸ ਨੇ ਕਿਵੇਂ ਹਾਂ ਕਰ ਦਿੱਤੀ।
ਰਾਣੋਂ ਨੂੰ ਯਾਦ ਆ ਰਿਹਾ ਸੀ ਕਿਵੇਂ ਹਮੇਸ਼ਾਂ ਸੱਚ ਤੇ ਖੜਨਾ ਸਿਖਾਉਣ ਵਾਲੀ ਮਾਂ ਨੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਉਸ ਦੀਆਂ ਝੂਠੀਆਂ ਲਾਵਾਂ ਪੜ੍ਹਾਈਆਂ ਸਨ।
ਐਨੇ ਨੂੰ ਉਸ ਦੇ ਆਰਜ਼ੀ ਘਰ ਵਾਲੇ ਨੇ ਉਸ ਨੂੰ ਕਲਾਵੇ ਵਿੱਚ ਲੈ ਕੇ ਕਿਹਾ ” ਰਾਣੋਂ ਏਥੇ ਥਾਂ ਥਾਂ ਤੇ ਕੈਮਰੇ ਲੱਗੇ ਹਨ ਇਮੀਗਰੇਸ਼ਨ ਵਾਲੇ ਨਿਗਾਹ ਰੱਖਦੇ ਹਨ। ਤੂੰ ਮੇਰੇ ਨਾਲ ਲੱਗ ਕੇ ਰਹਿ।” ਉਹ ਉਸ ਨੂੰ ਇਮੀਗਰੇਸ਼ਨ ਦਾ ਡਰਾਬਾ ਦੇ ਕੇ ਉਸ ਦੇ ਅੰਗਾਂ ਨੂੰ ਟੋਹ ਰਿਹਾ ਸੀ। ਰਾਣੋਂ ਦੇ ਇਤਰਾਜ਼ ਕਰਨ ਤੇ ਉਹ ਬੋਲਿਆ ਤੀਹ ਲੱਖ ਦਿੱਤਾ ਹੈ ਹੁਣ ਡਰਾਮਾ ਤਾਂ ਕਰਨਾ ਪੈਣਾ।
ਕਿਵੇਂ ਅੱਖ ਦੇ ਫੋਰੇ ਵਿੱਚ ਸੱਚਾਈ ਤੋਂ ਉਸ ਦੀ ਜ਼ਿੰਦਗੀ
ਡਰਾਮੇ ਵਿੱਚ ਬਦਲ ਗਈ ਸੀ, ਉਹ ਹੈਰਾਨ ਸੀ …. ਉਸ ਨੂੰ ਲੱਗ ਰਿਹਾ ਸੀ ਬਾਹਰ ਉਸ ਦੇ ਮਾਂ ਦੇ ਆਦਰਸ਼ਾਂ ਦੀ ਹਾਰ ਹੋਈ ਹੈ ਤੇ ਅੰਦਰ ਉਸ ਦੀ ਲਿਆਕਤ ਦੀ ਹਾਰ ਹੋਈ ਹੈ।
ਪੈਸਿਆਂ ਵਾਲਿਆਂ ਦਾ ਨਾਲਾਇਕ ਪੁੱਤ ਜੋ ਆਪ, IeLets ਵੀ ਪਾਸ ਨਹੀਂ ਕਰ ਸਕਿਆ ਅੱਜ ਉਸ ਸਿਰੇ ਦੇ ਵਿਗੜੇ ਹੋਏ ਅਮੀਰਜ਼ਾਦੇ ਨਾਲ ਉਸ ਨੂੰ ਤੋਰ ਦਿੱਤਾ ਗਿਆ ਜਿਸ ਨੂੰ ਕਦੇ ਲੋਕਾਂ ਦਿਆਂ ਨਜ਼ਰਾਂ ਤੋਂ ਵੀ ਮਹਿਫੂਜ਼ ਰੱਖਿਆ ਗਿਆ ਸੀ। ਉਹ ਭਾਰੇ ਕਦਮਾਂ ਅੱਥਰੂ ਭਰੀਆਂ ਅੱਖਾਂ ਨਾਲ ਪਤਾ ਨਹੀਂ ਕਿਸ ਮੁਕਾਮ ਵੱਲ ਤੁਰ ਰਹੀ ਸੀ । ਜਿਵੇਂ ਜਿਵੇਂ ਉਹ ਉਸ ਨੂੰ ਛੂਹ ਰਿਹਾ ਸੀ ਤੇ ਉਹ ਮਜਬੂਰ ਹੋਈ ਸੋਚ ਰਹੀ ਸੀ ਕਿ ਇਹ ਨਵੇਂ ਤਰ੍ਹਾਂ ਦਾ ਹਵਸ ਦਾ ਬਜਾਰ ਪੈਦਾ ਹੋਇਆ ਹੈ ਜੋ ਸਮਾਜ ਨੂੰ ਵੀ ਕਬੂਲ ਹੈ। ਜਿਸ ਵਿੱਚ ਮਾਪੇ ਧੀਆਂ ਨੂੰ ਆਪ ਤੋਰ ਰਹੇ ਹਨ। ਉਸ ਨੇ ਕਿਤੇ ਰਘਵੀਰ ਵੜੈਚ ਦਿਆਂ ਸਤਰਾਂ ਪੜ੍ਹੀਆਂ ਸਨ ਉਹ ਉਸ ਨੂੰ ਬਹੁਤ ਯਾਦ ਆ ਰਹੀਆਂ ਸਨ।
ਜਦੋਂ ਦਰਾਂ ਦੀਆਂ ਝੀਖਾਂ ‘ਚੋਂ ਕੋਈ ਫੁੱਲ ਨਜ਼ਰ ਪਿਆ,
ਕਿੰਨੀ ਜਲਦੀ ਬੇ ਸਬਰਿਆਂ ਦਾ ਟੁੱਟ ਸਬਰ ਗਿਆ ।
ਰਘਵੀਰ ਵੜੈਚ।