ਸ਼ਾਮ ਦਾ ਵਕਤ ਸੀ। ਇਕ ਤੇਜ਼ ਰਫਤਾਰ ਟਰੱਕ, ਸਾਇਕਲ ਸਵਾਰ ਦੀਆਂ ਦੋਵੇਂ ਟੰਗਾਂ ਚਿੱਥ ਕੇ ਪਾਰ ਗਿਆ। ਕੁੱਝ ਨੌਜਵਾਨ ਕਣਕ ਦੀ ਵਾਢੀ ਕਰਨ ਵਾਲੇ, ਖੇਤੋਂ ਵਾਪਸ ਆ ਰਹੇ ਸਨ। ਉਨ੍ਹਾਂ ਉਹ ਤੜਫ ਰਿਹਾ ਮਨੁੱਖ ਵੇਖਿਆ, ਉਹ ਉਸ ਕੋਲ ਪਹੁੰਚੇ, ਤੇ ਉਸਨੂੰ ਇਕ ਪਾਸੇ ਕਰਕੇ ਮੂੰਹ ‘ਚ ਪਾਣੀ ਪਾਣ ਲੱਗੇ।
ਇਕ ਸਿਆਣੀ ਕਿਸਮ ਦਾ ਆਦਮੀ ਬੋਲਿਆ
– ਸਾਲਿਓ, ਆਪਾਂ ਕੀ ਲੈਣੇ ਇਸਤੋਂ, ਪੁਲੀਸ ਉਲਟਾ ਕੇਸ ਬਣਾਦੂ, ਤੇ ਹੱਡ ਕੁੱਟ ਕੁੱਟ ਕੇ ਪੋਲੇ ਕਰ ਦੇਊ!
ਸਾਰੇ ਜਣੇ ਚੌਕ ਪਏ। ਇਕ ਬੋਲਿਆ….
ਹਾਂ ਉਏ, ਗੱਲ ਤਾਂ ਠੀਕ ਐ….! ਫਿਰ ਸਭ ਜਣੇ ਫਟਾਫਟ ਆਪਣੇ ਪਿੰਡ ਵੱਲ ਜਾਣ ਲੱਗੇ। ਇਕ ਮੁੰਡੇ ਨੇ ਪਿੱਛੇ ਮੁੜ ਕੇ ਵੇਖਿਆ। ਉਹ ਅਭਾਗ ਆਦਮੀ ਅਹਿਲ ਹੋ ਗਿਆ ਸੀ!!
best punjabi novels
ਅਖੀਰ ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛ ਹੀ ਲਿਆ, ਕੀ ਗੱਲ ਅੱਜ ਕੱਲ ਤੁਸੀਂ ਬੜੀ ਪੀਣ ਲੱਗ ਪਏ ਹੋ?
ਕੀ ਕਰਾਂ?’ ਉਨ੍ਹਾਂ ਨੇ ਆਪਣੀ ਥੱਕੀ ਹੋਈ ਅਵਾਜ਼ ਨੂੰ ਲੜਖੜਾਉਣ ਤੋਂ ਰੋਕਦਿਆਂ ਹੋਇਆਂ ਕਿਹਾ, ਜਦ ਦੀ ਪਾਰਟੀ ਨੇ ਨਸ਼ਾਬੰਦੀ ਅਭਿਯਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਤਦ ਤੋਂ ਦਿਨ ਰਾਤ ਕੰਮ ਕਰ-ਕਰ ਕੇ ਥੱਕ-ਟੁੱਟ ਜਾਈਦਾ ਐ। ਬਸ ਥਕੌਣ ਮਿਟਾਉਣ ਲਈ ਹੀ ਦੋ ਘੁੱਟ ਲਾ ਲਈਦੀ ਹੈ, ਹੋਰ ਕਿਹੜਾ ਕੋਈ ਸਾਨੂੰ ਸ਼ੌਕ ਥੋੜੇ ਈ ਐ!“ ਤੇ ਉਹ ਖਚਰੀ ਜਿਹੀ ਹੱਸੀ ਹੱਸ ਪਏ।
ਡਰ
ਮਾਸਟਰ ਨੇ ਮੇਜ਼ ਤੇ ਲੱਤਾਂ ਰੱਖੀਆਂ ਤੇ ਕੁਰਸੀ ਨਾਲ ਢੋਹ ਲਗਾ ਕੇ ਇਕੱਲੇ ਇਕੱਲੇ ਬੱਚੇ ਨੂੰ ਕੋਲ ਬੁਲਾਉਣਾ ਸ਼ੁਰੂ ਕੀਤਾ।
“ਅੱਛਾ ਤੂੰ ਕੱਲ੍ਹ ਘਰ ਜਾ ਕੇ ਕੰਮ ਕੀਤੈ?” ਪਹਿਲੇ ਬੱਚੇ ਨੂੰ ਮਾਸਟਰ ਨੇ ਪੁੱਛਿਆ।
“ਮੈਂ ਜਦੋਂ ਘਰ ਪੁੱਜਾ ਤਾਂ ਮੇਰੀ ਮਾਂ ਨੇ ਮੈਨੂੰ ਖੇਤ ‘ਚੋਂ ਮੂਲੀਆਂ ਤੇ ਗਾਜਰਾਂ ਲੈਣ ਭੇਜ ਦਿੱਤਾ।”
“ਅੱਛਾ ਤੂੰ ਕੱਲ੍ਹ ਕੀ ਕੀਤਾ ਸੀ ਘਰ ਜਾਕੇ?”
“ਜੀ ਮੈਂ ਤਾਂ ਪਹਾੜੇ ਯਾਦ ਕੀਤੇ ਸੀ।”
‘‘ਤੇ ਤੂੰ।”
‘ਜੀ ਕੱਲ ਸਵੇਰੇ ਮੇਰੀ ਮਾਂ ਮੈਨੂੰ ਕਹਿ ਗਈ ਸੀ ਕਿ ਮੈਂ ਸ਼ਹਿਰ ਚੱਲੀ ਆਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਸਾਗ ਤੋੜ ਛੱਡੀ। ਸੋ ਮੈਂ ਤਾਂ ਸਾਗ।”
ਅਸੀਂ ਤਾਂ ਕੱਲ ਸਾਰੀ ਦਿਹਾੜੀ ਕਮਾਦ ਹੀ ਪੀੜਦੇ ਰਹੇ।
ਸਾਰੇ ਬੱਚਿਆਂ ਨੂੰ ਪੁੱਛਣ ਤੋਂ ਬਾਅਦ ਮਾਸਟਰ ਨੇ ਉਹਨਾਂ ਤਿੰਨ ਬੱਚਿਆਂ ਨੂੰ ਖੜ੍ਹਾ ਕਰ ਲਿਆ ਜਿਨ੍ਹਾਂ ਨੇ ਖੇਤ ‘ਚੋਂ ਗਾਜਰਾਂ, ਮੂਲੀਆਂ ਪੁੱਟ ਕੇ, ਸਾਗ ਤੋੜ ਕੇ ਲਿਆਂਦਾ ਤੇ ਕਮਾਦ ਪੀੜਿਆ ਸੀ।
ਖੜੇ ਬੱਚੇ ਡਰ ਰਹੇ ਸਨ। ਉਹ ਸੋਚ ਰਹੇ ਸਨ ਕਿ ਮਾਸਟਰ ਜ਼ਰੂਰ ਉਨ੍ਹਾਂ ਦਾ ਮੂੰਹ ਚੁਪੇ ੜਾਂ ਮਾਰ ਮਾਰ ਕੇ ਲਾਲ ਕਰ ਦੇਵੇਗਾ। ਪਰ ਇਸਦੇ ਉਲਟ ਮਾਸਟਰ ਨੇ ਉਨ੍ਹਾਂ ਤਿੰਨ ਬੱਚਿਆਂ ਨੂੰ ਕੋਲ ਬੁਲਾ ਕੇ ਹੌਲੀ ਜਿਹੇ ਕੁਝ ਕਿਹਾ ਤੇ ਉਹ ਤਿੰਨੇ ਬੱਚੇ ਆਪਣੇ ਘਰਾਂ ਵੱਲ ਜਾ ਰਹੇ ਸਨ।
ਕਾਤਲ/ਸੁਰਿੰਦਰ ਕੈਲੇ
ਸਵੇਰ ਦੀ ਘਟਨਾ ਸਿਪਾਹੀ ਪਾਲ ਸਿੰਘ ਦੇ ਦਿਮਾਗ ਚ ਚੱਕਰ ਕੱਟ ਰਹੀ ਸੀ ਤੇ ਘਬਰਾਹਟ ਉਸਦੇ ਦਿਮਾਗ ਵਿਚ ਵਾਵਰੋਲੇ ਵਾਂਗ ਘੁੰਮ ਰਹੀ ਸੀ।
ਵਿਖਾਵਾਕਾਰੀ ਮੁੱਖ ਮੰਤਰੀ ਨੂੰ ਬੇਰੁਜ਼ਗਾਰੀ, ਮਿਲਾਵਟ ਖੋਰੀ, ਪੁਲੀਸ ਤਸ਼ਦਦ ਤੇ ਰਿਸ਼ਵਤਖੋਰੀ ਵਿਰੁੱਧ ਯਾਦ ਪੱਤਰ ਦੇਣਾ ਚਾਹੁੰਦੇ ਸਨ। ਪੁਲੀਸ ਨੇ ਨਾਕਾਬੰਦੀ ਕਰਕੇ ਰਾਹ ਰੋਕ ਲਿਆ ਤੇ ਪਥਰਾਉ ਸ਼ੁਰੂ ਕਰ ਦਿੱਤਾ। ਵਿਖਾਵਾਕਾਰੀ ਭੜਕ ਪਏ ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਜਲੂਸ ਨਾ ਖਿੰਡਿਆ। ਕੁਝ ਚਿਰ ਦੀ ਮੁੱਠ ਭੇੜ ਬਾਅਦ ਵਿਖਾਵਾਕਾਰੀ ਬੇਬਸ ਹੋ ਗਏ ਤੇ ਇਧਰ ਉਧਰ ਭੱਜਣ ਲੱਗੇ। ਇਕ ਵਿਖਾਵਾਕਾਰੀ ਨੂੰ ਕਿਸੇ ਦੇ ਘਰ ਵੜਦਿਆਂ ਵੇਖ ਛੇ ਸੱਤ ਸਿਪਾਹੀ ਉਸਦੇ ਪਿੱਛੇ ਘਰ ਜਾ ਵੜੇ ਤੇ ਕਾਬੂ ਕਰ ਲਿਆ। ਪਾਲ ਸਿੰਘ ਸਮੇਤ ਦੂਸਰੇ ਸਿਪਾਹੀਆਂ ਨੇ ਉਸ ਉਪਰ ਡਾਂਗਾਂ ਦਾ ਅਜਿਹਾ ਮੀਂਹ ਵਰਸਾਇਆ ਕਿ ਉਹ ਅਧਮੋਇਆ ਹੋ ਕੇ ਨਿਸਲ ਹੋ ਗਿਆ। ਸਿਪਾਹੀਆਂ ਘੜੀਸ ਕੇ ਸੜਕ ਕਿਨਾਰੇ ਸੁੱਟ ਦਿੱਤਾ। ਘਰ ਵਾਲੇ ਭੈਭੀਤ ਤਾਂਡਵਨਾਚ ਦੇਖਦੇ ਰਹੇ।
ਉਸ ਵੇਲੇ ਪਾਲ ਸਿੰਘ ਨੂੰ ਅੰਤਾਂ ਦਾ ਰੋਹ ਚੜਿਆ ਹੋਇਆ ਸੀ ਉਹ ਮੱਥੇ ਵਿਚ ਲੱਗੇ ਪੱਥਰ ਕਾਰਨ ਸੱਪ ਵਾਂਗ ਵਿਸ਼ ਘੋਲਦਾ ਵਿਖਾਵਾਕਾਰੀਆਂ ਤੇ ਟੁੱਟ ਪਿਆ ਸੀ ਤੇ ਉਸਨੇ ਉਸ ਅਚਾਨਕ ਫਸ ਗਏ ਵਿਖਾਵਾਕਰੀ ਉਪਰ ਲਾਠੀਆਂ ਦਾ ਮੀਂਹ ਵਰਸਾਕੇ ਮਨ ਦਾ ਗੁਬਾਰ ਕੱਢਿਆ ਸੀ। ਹੁਣ ਉਹ ਪਛਤਾ ਰਿਹਾ ਸੀ, ਉਸਨੂੰ ਆਪਣੇ ਕੀਤੇ ਉਪਰ ਪਛਤਾਵਾ ਹੋ ਰਿਹਾ ਸੀ। ਉਸਦੇ ਦਿਮਾਗ ਵਿਚ ਇਕ ਗੱਲ ਗਹਿਰੀ ਧਸ ਗਈ ਸੀ, ਵਿਖਾਵਾਕਰੀ ਵੀ ਤਾਂ ਉਨ੍ਹਾਂ ਵਿੱਚੋਂ ਹੀ ਉਨ੍ਹਾਂ ਜਿਹੇ ਹੀ ਆਦਮੀ ਹਨ ਜੋ ਤੰਗੀ ਤੁਰਸ਼ੀ ਤੇ ਗੰਦਗੀਭਰੀ ਜਿੰਦਗੀ ਜੀ ਰਹੇ ਹਨ। ਰੋਟੀ ਦਾ ਮਸਲਾ ਸਿਰਫ ਉਨ੍ਹਾਂ ਦਾ ਹੀ ਨਹੀਂ, ਮੇਰਾ ਵੀ ਹੈ, ਮੇਰੇ ਬੱਚਿਆਂ ਦਾ ਵੀ। ਉਸਨੂੰ ਆਪਣੇ ਪੜੇ ਲਿਖੇ ਬੇਰੁਜ਼ਗਾਰ ਲੜਕੇ ਦਾ ਖਿਆਲ ਆਇਆ ਜੋ ਘਰ ਦੀ ਨਿਘਰ ਰਹੀ ਹਾਲਤ ਵਿਚ ਕੋਈ ਵੀ ਸਹਾਇਤਾ ਨਹੀਂ ਸੀ ਕਰ ਸਕਦਾ। ਉਸਨੂੰ ਲੱਗਿਆ ਜਿਵੇਂ ਦਿਮਾਗ ਫਟਿਆ ਕਿ ਫਟਿਆ। ਉਹ ਬੇਚੈਨੀ ’ਚ ਇਧਰ ਉਧਰ ਫਿਰਨ ਲੱਗਿਆ ਤੇ ਦਿਮਾਗ ਚ ਸਵੇਰ ਵਾਲੀ ਘਟਨਾ ਫਿਲਮ ਵਾਂਗ ਘੁੰਮ ਰਹੀ ਸੀ।
ਹੁਣੇ ਹੀ ਇਕ ਪੁਲੀਸ ਸਾਥੀ ਨੇ ਦੱਸਿਆ ਹੈ ਕਿ ਉਹ ਸਵੇਰ ਵਾਲਾ ਵਿਖਾਵਾਕਾਰੀ ਜਿਸਨੂੰ ਛੱਲੀਆਂ ਵਾਂਗ ਕੁੱਟਿਆ ਸੀ, ਪਰ ਬੋਲ ਗਿਆ ਹੈ। ਪਾਲ ਸਿੰਘ ਨੂੰ ਲੱਗਿਆ ਜਿਵੇਂ ਉਸਨੇ ਆਪਣੇ ਬੇਰੁਜ਼ਗਾਰ ਪੁੱਤਰ ਨੂੰ ਕਤਲ ਕਰ ਦਿੱਤਾ ਹੋਵੇ।
ਪਾਲ ਸਿੰਘ ਨੇ ਆਪਣਾ ਹੱਥ ਵਰਦੀ ਦੀ ਕਮੀਜ ਦੀ ਜੇਬ ‘ਚ ਪਾਇਆ ਤੇ ਜੋਰ ਦੀ ਝਟਕਾ ਮਾਰ ਜੇਬ ਪਾੜ ਸੁੱਟੀ ਅਤੇ ਤੇਜ਼ੀ ਨਾਲ ਬਾਹਰ ਨਿਕਲ ਗਿਆ।
“ਓਏ ਅਸੀਂ ਕਿਸੇ ਦੇ ਗੁਲਾਮ ਥੋੜੇ ਆਂ, ਅਪਣਾ ਕਮਾ ਖਾਂਦੇ ਆਂ, ਉਹ ਰਾਜਾ ਹੋਊ ਤਾਂ ਅਪਣੀ ਰਿਆਸਤ ਦਾ। ਜਾਹ ਕੋਈ ਮਾਲੀਆ ਲਗਾਣ ਨਹੀਂ ਦੇਣਾ ਦੂਣਾ, ਨਹੀਂ ਭਰਦੇ ਜ਼ੁਰਮਾਨਾ, ਨੱਸ ਜਾਓ ਇੱਥੋਂ ਜਾਨਾਂ ਬਚਾਕੇ ਨਹੀਂ ਤਾਂ ਮੌਰਾਂ ਸੇਕ ਦੇਣਗੇ ਸਾਡੇ ਆਦਮੀ।”
ਤੀਸਰੀ ਵਾਰ ਵੀ ਕਰਿੰਦੇ ਝਾੜ ਖਾ ਨਾਕਾਮ ਮੁੜਨ ਲਈ ਮਜ਼ਬੂਰ ਹੋ ਗਏ। ਰਾਜੇ ਨੂੰ ਪਤਾ ਲੱਗਾ ਤਾਂ ਉਹ ਪਰੇਸ਼ਾਨ ਹੋ ਗਿਆ। ਮੁੱਠੀ ਭਰ ਆਦਮੀ ਉਸਤੋਂ ਬਾਗੀ ਹੋ ਗਏ ਨੇ, ਦੂਸਰਿਆਂ ਤੇ ਕੀ ਅਸਰ ਪਏਗਾ? ਹੈਰਾਨੀ ਦੀ ਗੱਲ ਇਹ ਏ ਕਿ ਇੱਥੇ ਮੇਰੇ ਸਾਹਮਣੇ ਗਲਤੀਆਂ ਮੰਨਦੇ, ਮੁਆਫੀਆਂ ਮੰਗਦੇ ਨੇ, ਜੁਰਮਾਨੇ ਭਰਦੇ ਨੇ ਪਰ ਵਾਪਸ ਜਾਂਦਿਆਂ ਹੀ ਬਗਾਵਤਾਂ। ਰਾਜਾ ਸੋਚਾਂ ਵਿਚ ਗੁਆਚਿਆ ਇਸ ਦਾ ਕੋਈ ਯਥਾਰਥਿਕ ਹੱਲ ਸੋਚ ਰਿਹਾ ਸੀ। ਆਖਰ ਉਸਨੇ ਬਾਗੀਆਂ ਨੂੰ ਫੜ ਲਿਆਉਣ ਦੇ ਨਾਲ-ਨਾਲ ਉੱਥੋਂ ਦੀ ਥੋੜ੍ਹੀ ਜਿਹੀ ਮਿੱਟੀ ਲਿਆਉਣ ਦਾ ਹੁਕਮ ਆਪਣੇ ਸਿਪਾਹੀਆਂ ਨੂੰ ਕੀਤਾ।
ਉਹ ਮਿੱਟੀ ਆਪਣੇ ਤੋਂ ਕੁਝ ਦੂਰੀ ਤੇ ਵਿਛਵਾ ਬਾਗੀਆਂ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ।
“ਅੰਨ ਦਾਤਾ, ਅਸੀਂ ਬੇਗੁਨਾਹ ਹਾਂ, ਅਸਾਂ ਕੋਈ ਬਗਾਵਤ ਨਹੀਂ ਕੀਤੀ, ਲਗਾਨ ਜ਼ੁਰਮਾਨੇ ਸਮੇਤ ਤਾਰਿਆ ਫਿਰ ਵੀ ਕੈਦੀ?”
ਰਾਜੇ ਵਲ ਤੁਰੇ ਆ ਰਹੇ ਬਾਗੀਆਂ ਨੇ ਜਿਉਂ ਹੀ ਉਸ ਮਿੱਟੀ ਤੇ ਪੈਰ ਧਰਿਆ, ਅਵਾਜ਼ ਗੂੰਜੀ ‘ਓਏ ਅਸੀਂ ਕਿਸੇ ਦੇ ਗੁਲਾਮ…”
ਵੱਡੀ ਬੋਤਲ ਨੇ ਸਭਾ ਬੁਲਾਈ, ਸਭਾ ਵਿਚ ਬਹੁਤ ਸਾਰੀਆਂ ਛੋਟੀਆਂ ਬੋਤਲਾਂ ਨੇ ਭਾਗ ਲਿਆ। ਵੱਡੀ ਬੋਤਲ ਨੇ ਭਾਸ਼ਣ ਸ਼ੁਰੂ ਕੀਤਾ- “ਮੈਨੂੰ ਇਸ ਵਾਰੀ ਇਲੈਕਸ਼ਨਾਂ ‘ਚ ਪਾਰਟੀ ਦਾ ਟਿਕਟ ਨਹੀਂ ਮਿਲਿਆ। ਇਸ ਲਈ ਮੈਂ ਆਜ਼ਾਦ ਖੜੇ ਹੋਣ ਦਾ ਫੈਸਲਾ ਕੀਤਾ- ਸੋ ਮੈਨੂੰ ਆਪ ਦੇ ਸਹਿਯੋਗ ਦੀ ਲੋੜ ਹੈ। ਮੈਂ ਤੁਹਾਡੀ ਸੇਵਾ ਲਈ ਹਰ ਉਹ ਕੰਮ ਕਰਾਂਗੀ, ਜਿਸ ਦੀ ਤੁਹਾਨੂੰ ਲੋੜ ਹੋਵੇਗੀ। ਸਭਾ ਵਿਚ ਸਾਰੀਆਂ ਬੋਤਲਾਂ ਸਹਿਮਤ ਹੋ ਗਈਆਂ ਅਤੇ ਦਿਨ ਰਾਤ ਇਕ ਕਰਕੇ ਉਸ ਨੂੰ ਜਿਤਾ ਦਿੱਤਾ।
ਸੁੱਖ ਨਾਲ ਵੱਡੀ ਬੋਤਲ ਮੰਤਰੀ ਵੀ ਬਣ ਗਈ।
ਛੋਟੀਆਂ ਬੋਤਲਾਂ ਨੇ ਆਪਣਾ ਪ੍ਰਧਾਨ ਚੁਣ ਕੇ (ਵੱਡੀ ਬੋਤਲ) ਮੰਤਰੀ ਕੋਲ ਮੰਗ ਪੱਤਰ ਪੇਸ਼ ਕੀਤਾ। ਪ੍ਰਧਾਨ ਨੇ ਮੰਤਰੀ ਨੂੰ ਫੇਰ ਫੂਕ ਛਕਾਈ।
‘ਮੈਂ ਤੁਹਾਡੀ ਕੁਰਸੀ ਦੀਆਂ ਟੰਗਾਂ ਘੱਟਣ ਨੂੰ ਤਿਆਰ ਹਾਂ ਕ੍ਰਿਪਾ ਕਰਕੇ ਮੰਗ ਪੱਤਰ ਕਬੂਲ ਕਰਕੇ ਅਮਲ ਕਰਾ ਦਿਉ….’
“ਨਹੀਂ ਤੂੰ ਕੁਰਸੀ ਦੀਆਂ ਟੰਗਾਂ ਨਹੀਂ ਘੁੱਟ ਸਕਦਾ। ਕੀ ਪਤਾ ਤੂੰ ਟੰਗਾਂ ਤੋੜ ਦੇਵੇਂ..।” ਮੰਤਰੀ ਨੇ ਕਿਹਾ।
“ਨਹੀਂ ਜਨਾਬ, ਇਹ ਕਿਵੇਂ ਹੋ ਸਕਦੈ….?
ਜੇ ਇਹ ਨਹੀਂ ਤਾਂ ਇਹ ਵੀ ਹੋ ਸਕਦੈ ਕਿ ਤੂੰ ਕੁਰਸੀ ਦੀਆਂ ਟੰਗਾਂ ਘੱਟਦੇ ਘੱਟਦੇ ਕੁਰਸੀ ਨਾ ਥਲਿਉਂ ਖਿੱਚ ਲਵੇਂ…. ਹਾਂ ਮੇਰੀਆਂ ਟੰਗਾਂ ਜ਼ਰੂਰ ਘਟ ਸਕਦੈ….।
ਪ੍ਰਧਾਨ (ਛੋਟੀ ਬੋਤਲ) ਮੰਨ ਗਿਆ।
ਕੁਝ ਦਿਨਾਂ ਮਗਰੋਂ ਮੰਤਰੀ ਦੇ ਖੁਸ਼ ਹੋਣ ਤੇ ਪ੍ਰਧਾਨ ਉਸ ਦਾ ਨਿਜੀ ਸਕੱਤਰ ਚੁਣ ਲਿਆ ਗਿਆ।
ਮੰਗ ਪੱਤਰ ਪ੍ਰਧਾਨ ਕੋਲੋਂ ਨਿਕਲ ਕੇ ਸਕੱਤਰ ਦੀ ਮੇਜ਼ ਦੇ ਸ਼ੀਸ਼ੇ ਥੱਲੇ ਪੁਠਾ ਚਿਪਕ ਗਿਆ।
ਕੱਪ ਅਜੇ ਬੁੱਲਾਂ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਧੌਣ ਪਿੱਛੇ ਠੰਡੀ ਨਾਲ ਦੇ ਸਪਰਸ਼ ਨੇ ਮੇਰਾ ਆਪਾ ਕੰਬਾ ਦਿੱਤਾ। ਦਿਲ ਹੀ ਦਿਲ ਪਛਤਾ ਰਿਹਾ ਸਾਂ ਕਿ ਇੱਥੇ ਚਾਹ ਪੀਣ ਲਈ ਰੁਕਣਾ ਨਹੀਂ ਸੀ ਚਾਹੀਦਾ। ਸਕੂਟਰ, ਘੜੀ, ਮੁੰਦਰੀ, ਕੈਸ਼ ਸਭ ਕੁਝ ਖੋਹ ਲਿਆ ਜਾਵੇਗਾ ਤੇ ਸ਼ਾਇਦ ਕੱਪੜੇ ਵੀ। ਦੁਕਾਨਦਾਰ ਹੱਥ ਜੋੜੀ ਖੜਾ ਸੀ ਤੇ ਉਸ ਵਲ ਵੇਖ ਹੱਥ ਵਿਚਲੇ ਕੱਪ ‘ਚੋਂ ਕੁੱਝ ਛਿੱਟਾਂ ਕਪੜਿਆਂ ਤੇ ਪੈ ਗਈਆਂ। ਛਿੱਟ, ਝਾੜਦਿਆਂ ਕਣਖੀਆਂ ਵਿਚੋਂਦੀ ਉਸ ਬਹਾਦਰ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਨਾਲ ਤੇ ਦਬਾਅ ਹੋਰ ਵਧ ਗਿਆ।
ਜੋ ਕੁਝ ਏ ਮੇਜ ਤੇ ਰਖਦੈ ਗਰਜਵੀਂ ਤੇ ਰੋਅਬ ਭਰੀ ਆਵਾਜ਼ ਨੇ ਮੇਰਾ ਹੋਸਲਾ ਤੋੜ ਦਿੱਤਾ।
ਬਈ ਇਕ ਪ੍ਰੋਫੈਸਰ ਦਾ ਤਾਂ ਲਿਹਾਜ ਕਰਨਾ ਚਾਹੀਦਾ ਆਖਰ
ਮੇਰੇ ਵਰਗਿਆਂ ਨੂੰ ਪੜਾ, ਡਿਗਰੀਆਂ ਦੁਆ ਬੇਰੁਜ਼ਗਾਰੀ ਦੇ ਸਮੁੰਦਰ ਵਿਚ ਧੱਕਣ ਦਾ ਕੰਮ ਤਾਂ ਅਸੀਂ ਹੀ ਕਰਦੇ ਹਾਂ। ਮੇਰੀ ਗੱਲ ਪੂਰੀ ਕਰਦਿਆਂ ਉਹ ਹੱਸਿਆ।
ਕਿਹੜੇ ਕਾਲਜ ਵਿਚ ਪੜ੍ਹਾਉਂਦੇ ਓ? ਧੌਣ ਪਿੱਛੋਂ ਠੰਡੀ ਨਾਲ ਲਾਹੁੰਦਿਆਂ ਉਸ ਪੁੱਛਿਆ।
ਰਾਜਿੰਦਰਾ ਕਾਲਜ ਵਿਚ।
ਤੇ ਤੁਹਾਡਾ ਨਾਂਅ ਕੀ ਏ?
ਜਾਨਕੀ ਦਾਸ ਭੰਡਾਰੀ।
ਤੁਸੀਂ ਤੁਸੀਂ? ਤੁਹਾਡੇ ਕੋਲ ਤਾਂ ਮੈਂ ਵੀ ਪੜਿਆ ਏ, ਮੇਰਾ ਨਾ ਕਸ਼ਮੀਰਾ ਏ ਕਸ਼ਮੀਰਾ। ਪੱਗ ਦਾ ਲੜ ਮੂੰਹ ਤੋਂ ਲਾਹੁੰਦਿਆਂ ਮੇਰੇ ਸਾਹਮਣੇ ਹੁੰਦਿਆਂ ਉਹ ਬੋਲਿਆ।
“ਕਸ਼ਮੀਰਾ? ਕਸ਼ਮੀਰਿਆ ਤੂੰ ਤਾਂ ਪੜ੍ਹਾਈ ਵਿਚ ਫਸਟ ਆਉਂਦਾ ਸੈਂ ਤੇ ਖੇਡਾਂ ਵਿਚ ਸਭ ਤੋਂ ਅੱਗੇ ਫਿਰ ਇਹ ਕੀ ਕੰਮ ?”
“ਪ੍ਰੋਫੈਸਰ ਸਾਹਬ, ਇਸ ਕੰਮ ਵਿਚ ਮੇਰਾ ਨੰਬਰ ਸਭ ਤੋਂ ਅੱਗੇ ਆ।’’ ਕਹਿੰਦਿਆਂ ਉਹ ਮੋਟਰ ਸਾਈਕਲ ਚਲਾ ਧੂੜ ਉਡਾਉਂਦਾ ਅੱਖਾਂ ਤੋਂ ਓਹਲੇ ਹੋ ਗਿਆ।
ਧੂੜ ਦੇ ਕਿਣਕੇ ਮੇਰੀਆਂ ਅੱਖਾਂ ਅੱਗੇ ਫੈਲਦੇ ਜਾ ਰਹੇ ਸਨ।
ਪਛਾਣ
ਦਰਵਾਜ਼ੇ ਕੋਲ ਪਹੁੰਚੀ ਹੀ ਸੀ ਕਿ ਟਿਕਟ-ਚੈਕਰ ਨੇ ਟੋਕਿਆ ‘ਟਿਕਟ ਪਲੀਜ਼! ਭੀੜ ਤੋਂ ਥੋੜੀ ਅਲੱਗ ਹੋਕੇ ਬੜੀ ਸਹਿਜਤਾ ਨਾਲ ਮੈਂ ਆਪਣਾ ‘ਵੈਨਿਟੀ-ਬੈਗ’ ਖੋਲਿਆ। ਦੇਖਿਆ, ਮੇਰਾ ਛੋਟਾ ਪਰਸ ਜਿਸ ਵਿਚ ਰੁਪਏ-ਪੈਸੇ ਤੇ ਟਿਕਟ ਪਈ ਸੀ ਗੁੰਮ ਸੀ। ਚਿਹਰਾ ਫਕ ਹੋ ਗਿਆ। ਝੱਟ ਸਮਝ ਗਈ ਕਿ ਮਾਮਲਾ ਕੀ ਹੈ ਪਰਸ ਉਡਾ ਲਿਆ ਗਿਆ ਸੀ ਪਰ ਤਾਂ ਵੀ ਮਨ ਨੂੰ ਤਸੱਲੀ ਨਹੀਂ ਸੀ ਹੋ ਰਹੀ ਗਲੀਆਂ ਬੈਗ ਦੇ ਕੋਨੇ ਕੋਨੇ ਨੂੰ ਬਾਰ ਬਾਰ ਫਰੋਲ ਰਹੀਆਂ ਸਨ। ਨਜ਼ਰ ਚੈਕਰ ਦੇ ਚਿਹਰੇ ਤੇ ਗਈ ਦੇਖਿਆ ਕਿ ਇਕ ਗੁੱਝੀ ਮੁਸਕਰਾਹਟ ਉਸ ਦੇ ਬੁਲਾਂ ਤੇ ਅੱਖਾਂ ‘ਚ ਸੀ। ਮੇਰੇ ਆਸ-ਪਾਸ ਲੋਕ ਇਕੱਠੇ ਹੋਣ ਲੱਗੇ।
“ਲਗਦੈ ਕਿਸੇ ਨੇ ਟਰੇਨ ’ਚ ਮੇਰਾ ਪਰਸ ਉਡਾ ਲਿਆ।” ਚੈਕਰ ਦੇ ਚਿਹਰੇ ਤੇ ਗੁੱਸਾ ਆ ਗਿਆ ਬਿਨਾਂ ਟਿਕਟ ਸਫਰ ਕਰਨ ਵਾਲੇ ਅਕਸਰ ਇਹੋ ਦਲੀਲ ਦਿੰਦੇ ਹਨ। ਮੈਂ ਇਹਨਾਂ ਚਮਿਆਂ ਵਿਚ ਨਹੀਂ ਆਉਣ ਵਾਲਾ, ਸਿੱਧੀ ਤਰ੍ਹਾਂ ਟਿਕਟ ਕੱਢੋ।
ਅਪਮਾਨ ਵਿਚ ਵਿੰਨੀ ਜਾ ਰਹੀ ਸਾਂ ਮੈਂ ਕੀ ਇਹੋ ਜਿਹੀ ਲਗਦੀ ਹਾਂ?
ਦੇਖੋ, ਮੈਨੂੰ ਟਿਕਟ ਨਾਲ ਮਤਲਬ ਹੈ, ਨਹੀਂ ਲਿਆ ਤਾਂ ਕੋਈ ਗੱਲ ਨਹੀਂ ਪੈਨੇਲਿਟੀ ਭਰ ਦਿਓ।
ਪਰਸ ਹੀ ਕੱਟ ਗਿਆ ਤਾਂ ਪੈਨੇਲਿਟੀ ਕਿਵੇਂ ਭਰਾਂ?
ਭਰੇ ਗਲੇ ਨੂੰ ਖੁਸ਼ਕ ਕਰਕੇ ਕਿਹਾ, ਬਾਲੀਵ ਮੀ ਮੇਰਾ ਪਤਾ ਨੋਟ ਕਰ ਲਵੋ, ਪੈਨੇਲਿਟੀ ਸਮੇਤ ਘਰੋਂ ਪੈਸੇ ਭਿਜਵਾ ਦੇਵਾਂਗੀ।
ਟਰਕਾ ਦੇਣ ਦੀ ਕੋਸ਼ਿਸ਼ ਨਾ ਕਰੋ` ਚੈਕਰ ਦੀ ਆਵਾਜ਼ ਗੁੱਸੇ ਨਾਲ ਭਰੀ ਸੀ, ਤੁਹਾਡੇ ਵਰਗੀਆਂ ਆਪ-ਟੂ-ਡੇਟ ਕੁੜੀਆਂ ਦੇ ਨਖਰਿਆਂ ਤੋਂ ਮੈਂ ਚੰਗੀ ਤਰ੍ਹਾਂ ਵਾਕਫ ਹਾਂ, ਚਾਰ ਸੌ ਰੁਪਏ ਦੀ ਸਾੜੀ ਲਪੇਟ, ਸਿੰਧੂਰ ਭਰ, ਲੋਕਾਂ ਦੀਆਂ ਜੇਬਾਂ ਕੱਟਦੀਆਂ ਫਿਰਦੀਆਂ ਹਨ।
ਦਿਲ ਵਿਚ ਆਇਆ ਚੀਕ ਕੇ ਕਹਾਂ, “ਸ਼ਿਸਟਾ ਨਾਮ ਦੀ ਚੀਜ਼ ਤੋਂ ਵਾਕਫ ਹੋ? ਅਤੇ ਤਾੜ ਕਰਕੇ ਥੱਪੜ ਇਸਦੇ ਮੂੰਹ ਤੇ ਮਾਰਾਂ।
“ਕਿੰਨੀ ਪੈਨੇਲਿਟੀ ਭਰਨੀ ਹੈ?” ਇਕ ਕੋਮਲ ਆਵਾਜ਼ ਨੇ ਮੈਨੂੰ ਚੌਕਾ ਦਿੱਤਾ- ਮੇਰੀ ਨਜ਼ਰ ਉਸ ਵਿਅਕਤੀ ਉਤੇ ਰੁਕ ਗਈ ‘ਤੁਸੀਂ ਭਰੋਗੇ? ਚੈਕਰ ਦੀ ਆਵਾਜ਼ ਵਿਚ ਵਿਅੰਗ ਸੀ।
‘‘ਜੀ ਮੈਂ ਭਰਾਂਗਾ।”
‘‘ਕਲਿਆਨ ਲੋਕਲ ਹੈ ਫਾਇਨ ਦੇ ਨਾਲ ਪੰਦਰਾਂ ਰੁਪਏ ਵੀਹ ਪੈਸੇ ਹੋਏ ਕੱਢੋ।
‘ਰਸੀਦ ਕੱਟੋ।’
ਪੈਸੇ ਕਰਕੇ ਉਹਨੇ ਮੈਨੂੰ ਕਿਹਾ, ਲਉ ਭੈਣ ਜੀ।
ਰਸੀਦ ਉਸਨੇ ਮੇਰੇ ਵਲ ਵਧਾ ਦਿੱਤੀ, ਇਹ ਇੱਕੋ ਹੀ ਸੋਟੀ ਨਾਲ ਸਾਰਿਆਂ ਨੂੰ ਹੱਕਦੇ ਹਨ।
ਅਹਿਸਾਨ-ਮੰਦ ਹੋਈ ਨੇ ਮੈਂ ਜ਼ੋਰ ਪਾ ਕੇ ਕਿਹਾ, “ਕੋਲ ਹੀ ਘਰ ਹੈ, ਥੋੜੀ ਦੇਰ ਲਈ ਚਲੋ ਮੈਂ ਰੁਪਏ ਵੀ।”
ਮੇਰੀ ਗਲ ਪੂਰੀ ਵੀ ਨਹੀਂ ਹੋਈ ਸੀ ਕਿ ਪਿੱਛੋਂ ਆਵਾਜ਼ ਆਈ, ਅਰੇ ਗੈਂਗ ਚਲਦਾ ਹੈ। ਇਹਨਾਂ ਦਾ ਇੱਕ ਫੜਿਆ ਜਾਏ ਤਾਂ ਦੂਸਰਾ ਛੁਡਾ ਲੈਂਦਾ ਹੈ?
“ਅੰਮਾਂ! ਚੱਲ ਵੋਟਾਂ ਪੈਂਦੀ-ਐਂ-ਚੱਲ-ਚੱਲ-ਚੱਲ ਮੈਂ ਆਖਿਆ ਅੰਮਾਂ ਨੂੰ ਲੈ ਅੰਮਾਂ-ਚੱਲਚੱਲ-ਚੱਲ ਫਲੇ `ਚ ਟਰਾਲੀ ਖੜੀ ਐ।” ਗੁਰੂ-ਬਖਸ਼ੇ ਨੇ “ਅੰਮਾਂ ਵਾਲੀ ਕੋਠੜੀ ’ਚ ਨਿਉਂਕੇ ਵੜਦਿਆਂ ਗੋਡਿਆਂ ਤੋਂ ਹੇਠਾਂ ਲਮਕਦੇ ਨਾਲੇ ਨੂੰ ਬੋਚਿਆ।
‘‘ਚੱਲ- ਚੱਲਦੀ ਐ!…ਬਿੰਦ ਕੁ ਪਹਿਲਾਂ ਅਪਣਾ ਅਪਣੇ ਰੰਜੀਤ ਸੁੰਹ ਕਾ ਛੋਟਾ ਹਰਬਖ਼ਸ਼ਾ ਵੀ ਆਇਆ ਸੀ-। ਅੰਮਾਂ ਨੇ ਐਨਕ ਬੋਚਦਿਆਂ, ਬਾਹੀ ਨਾਲ ਪਿਆ ਬੱਠਲ ਧੱਕ ਕੇ ਮੰਜੇ ਥੱਲੇ ਕਰਦਿਆਂ ਜੁੱਤੀ ਟੋਹੀ।
“ਹੈਂ-ਟੈਂ-ਟੈਂ-ਹੂੰ-ਤੂੰ-ਤੂੰ-ਹਾਂ ਅੰਮਾਂ! ਤੋਕੀ (ਐਤਕੀ) ਉਹ ਬਾਬਿਆਂ ਤੋਂ ‘ਬੇ-ਮੁੱਖ` ਹੋਏ ਫਿਰਦੇ- ਐ। ਲੈ ਦੇਖ ਅੰਮਾਂ! ਆਹ! ਐਹੋ ਜਿਹੀ ਹੋਊ ਪਰਚੀ-ਤੋਂ ਐਥੇ ਮੋਹਰ ਲਾਉਣੀ ਐਂ‘ਬੇਬੇ ਦੀ ਤੱਕੜੀ’ ’ਤੇ…।”
ਅੰਮਾਂ ਦੇ ਨਾਲ ਬਾਹਰ ਨੂੰ ਆਉਂਦਿਆਂ ਉਹਨੇ ਅੰਮਾਂ ਨੂੰ ਮੋਹਰ ਲਾਉਣ ਬਾਰੇ ‘ਸਮਝਾਉਤੀ ਦਿੱਤੀ।
“ਭਾਈ ਨਿੱਕਿਆ! ਉਹ! (ਹਰਬਖ਼ਸ਼ਾ) ਆਂਹਦਾ ਸੀ ‘ਹੱਥ’ ’ਤੇ ਲਾਈਂ ਅੰਮਾਂ। -“ਪੰਜਾ’ ਐ ਬਾਬੇ ਦਾ, ਤੂੰ ਆਹਨੇਂ ਤੱਕੜੀ ’ਤੇ ਲਾਂਮਾਂ-! ਦੇਖੇ ਨਾ ਡੱਡੇ! ਮੈਂ ਤਾਂ ਭਾਈ ਜਾਏ ਨੂੰ ਖਾਬੇ ਦੋਹਾਂ ਤੇ ਲਾ ਦੂ-ਤੂੰ ਵੀ ਪੋਤਾ- ਉਹ ਵੀ ਪੋਤਾ-!” ਅੰਮਾਂ ਦੇ ਸ਼ਬਦਾਂ ’ਚ ਮੋਹ ਭਿੱਜੀ ਭੋਲੇ-ਪਣ ਦੀ ਭਿੰਨੀ “ਮਹਿਕ ਸੀ।
ਹੈ-ਹੈ-ਹੈ- ਲੈ ਹੈ ਸਹੁਰੀ ਕਮਲੀ ਅੰਮਾਂ! ਨਾਂ-ਨਾਂ-ਨਾਂ ਦੋਹਾਂ ’ਤੇ ਨੀ ਲਾਉਣੀ। ਇਹ ‘ਆਪਣੀ-ਤੱਕੜੀ- ਤੇਰਾਂ-ਤੇਰਾਂ ਆਲੀ ਬਾਬੇ ਨਾਨਕ ਆਲੀ ਤੱਕੜੀ ਐ- ਉਹ ਤਾਂ ਐਮੇਂ ਤੇਰੇ ਕੋਲ ‘ਟਰੱਪਲ ਮਾਰ ਗਿਆ…।” ਤੇ ਹੁਣ ਮਨ ਹੀ ਮਨ `ਚ ਮਿੰਨਾਂ-ਮਿੰਨ੍ਹਾਂ ‘ਮੁਸਕਰਾਉਂਦਾ ਗੁਰੂਬਖ਼ਸ਼ਾ ਅੰਮਾਂ ਨੂੰ ਫਲ੍ਹੇ `ਚ ਖੜੀ ਟਰਾਲੀ ਵੱਲ ਲਈ ਜਾ ਰਿਹਾ ਸੀ…. ।
ਤੈਨੂੰ ਕੱਲ ਸਮਝਾਇਆ ਨੀਂ ਉਇ ਇਹ ਸੁਆਲ? ਫੇਰ ਆ ਖੜੈ ਬੋਤੇ ਆੜੂ ਧੌਣ ਕੱਢਕੇ , ਦਿਮਾਗ ਐ ਕਿ ਤੂੜੀ ਭਰੀ ਐ? ਪਤਾ ਨੀਂ ਕੀ ਖਾਕੇ ਜੰਮਦੀਐ, ਜਿੰਨਾ ਮਰਜ਼ੀ ਮੱਥਾ ਮਾਰੀ ਜਾਓ, ਸਾਲਿਆਂ ਦੇ ਕੱਖ ਪੱਲੇ ਨੀਂ ਪੈਂਦਾ ਫ਼ਰ ਨਾ ਹੋਣ ਤਾਂ ਕਿਤੋਂ ਦੇ ਜਦੋਂ ਲਘੱਤਮ ਈ ਗਲਤ ਐ ਤਾਂ ਸੁਆਲ ਠੀਕ ਕਿੱਥੋਂ ਹੋ ਜੂ?
ਗ਼ਲਤ ਸੁਆਲ ਵਾਲੀ ਸਲੇਟ ਅਧਿਆਪਕ ਦੇ ਸਾਹਮਣੇ ਪਈ ਹੈ ਤੇ ਉਹ ਮੁੰਡੇ ਉਤੇ ਲਗਾਤਾਰ ਖਿਝ ਰਿਹਾ ਹੈ। ਉਸਦਾ ਸਿਰ ਦੁਖਣ ਲੱਗ ਪੈਂਦਾ ਹੈ।
ਪਤਾ ਨੀਂ ਕਿਹੜੀ ਚੰਦਰੀ ਘੜੀ ਸੀ ਜਦੋਂ ਏਸ ਮਹਿਕਮੇਂ ’ਚ ਆ ਫਸੇ ਹੁਣ ਮਾਰੀ ਜਾਓ ਮੱਥਾ ਸਾਰੀ ਉਮਰ ਇਨ੍ਹਾਂ ਡੰਗਰਾਂ ਨਾਲ ਸਾਹਮਣੇ ਨੀਵੀਂ ਪਾਈ ਖੜਾ ਮੁੰਡਾ ਉਸਨੂੰ ਵਿਹੁ ਵਰਗਾ ਲਗਦਾ ਹੈ। ਉਸਦੇ ਮੂੰਹ ਦਾ ਸੁਆਦ ਕੌੜਾ ਕੌੜਾ ਹੋ ਜਾਂਦਾ ਹੈ ਜਿਵੇਂ ਕੁਨੈਣ ਖਾਧੀ ਹੋਵੇ | ਅਚਾਨਕ ਬੜੇ ਜ਼ੋਰ ਨਾਲ ਉਸਨੂੰ ਚਾਹ ਦੀ ਤਲਬ ਮਹਿਸੂਸ ਹੁੰਦੀ ਹੈ।
‘ਦੁੱਧ ਦੀਆਂ ਵਾਰੀਆਂ ਲਾ ਤੀਆਂ ਉਇ ਚਰਨਿਆਂ? ਉਹ ਮਨੀਟਰ ਨੂੰ ਪੁੱਛਦਾ ਹੈ। ਜੀ ਵਾਰੀ ਆਲਾ ਤਾਂ ਕੋਈ ਨੀਂ ਲਿਆਇਆ।
ਮੁੰਡੇ ਵੱਲੋਂ ਜਵਾਬ।
ਕਿਉਂ?
ਜੀ! ਸਮਸ਼ੇਰ ਕੀ ਤਾਂ ਕੱਟੀ ਚੁੰਘਗੀ ਤੇ ਵਿਸਾਖੀ ਕਹਿੰਦਾ ਸਾਡੇ ਘਰੇ ਨੀਂ ਕੋਈ, ਕੁਲਵੰਤ ਕਿਆਂ ਨੇ ਥੇਈ ਕਰ ਲੀ ਜੀ।
‘ਫੇਰ?’ ਚਾਹ ਦੀ ਤਲਬ ਫੇਰ ਉਸਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ।
‘ਜੀ ਮੈਂ ਲਿਆਵਾਂ?’ ਸਾਹਮਣੇ ਖੜਾ ਗਲਤ ਸੁਆਲ ਵਾਲਾ ਮੁੰਡਾ ਆਖਦਾ ਹੈ। ਉਸਦੇ ਮਾੜਾ ਜਿਹਾ ਸਿਰ ਹਿਲਾਉਣ ਤੇ ਹੀ ਮੁੰਡਾ ਬਹੁ-ਵੀਟ ਜਾਂਦਾ ਹੈ ਜਿਵੇਂ ਕੋਈ ਕੈਦੀ ਜੇਲੋਂ ਛੁੱਟ ਗਿਆ ਹੋਵੇ। ਰੱਸਾ ਤੁੜਾ ਕੇ ਭੱਜੇ ਪਸ਼ੂ ਵਾਗ ਉਹ ਦੁੜੰਗੇ ਮਾਰਦਾ ਗੇਟੋਂ ਬਾਹਰ ਹੋ ਜਾਂਦਾ ਹੈ।
ਉਹ ਦੁੱਧ ਦੀ ਗੜਵੀ ਹਾਜ਼ਰੀ ਰਜਿਸਟਰ ਨਾਲ ਢਕ ਕੇ ਪਿਛਲੇ ਤਾਕ ਵਿਚ ਰੱਖ ਦਿੰਦਾ ਹੈ।
ਦੇਖ ਬੇਟੇ! ਜੇ ਕੋਈ ਸੁਆਲ ਨਾ ਆਵੇ ਤਾਂ ਪੁੱਛ ਲਈਦੈ ਸੰਗੀਦਾ ਨੀਂ ਅਸੀਂ ਕਾਹਦੇ ਵਾਸਤੇ ਬੈਠੇ ਆਂ ਦੇਖ! ਏਥੇ ਲਾ ਤੀਆ।
ਅਧਿਆਪਕ ਦੇ ਬੋਲਾਂ ਵਿਚ ਹੁਣ ਮਿਸਰੀ ਘੁਲਦੀ ਜਾ ਰਹੀ ਹੈ ਤੇ ਮੁੰਡਾ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕ ਰਿਹਾ ਹੈ।
ਇਲੈਕਸ਼ਨ ਖਤਮ ਹੋ ਚੁੱਕੀ ਸੀ। ਸਾਰਾ ਹੀ ਅਕਾਸ਼ ਗੂੰਜਾਊ ਵਾਤਾਵਰਣ ਸ਼ਾਂਤ ਹੋਇਆ ਪਿਆ ਸੀ। ਸਾਰੇ ਹੀ ਗਿਣਤੀ ਵਾਲੇ ਥਾਵਾਂ ਉਪਰ ਪੁਲੀਸ ਤਾਇਨਾਤ ਸੀ।
ਸਵੇਰੇ ਗਿਣਤੀ ਦਾ ਕੰਮ ਸ਼ੁਰੂ ਹੋਇਆ। ਵਰਕਰ ਹੱਥਾਂ ਵਿਚ ਵੰਡੇ ਫੜੀ ਕਾਰਾਂ ਉਪਰ ਤੇ ਟਰੱਕਾਂ ਉੱਤੇ ਵੋਟਾਂ ਦੀ ਗਿਣਤੀ ਵਾਲੀ ਥਾਂ ਦੇ ਕੋਲ ਖੜ੍ਹੇ ਹੋ ਰਹੇ ਸਨ। ਅੰਦਰੋਂ ਗਿਣਤੀ ਦੇ ਵੇਰਵੇ ਬਾਹਰ ਆ ਰਹੇ ਸਨ। ਜਦ ਵੀ ਵੇਰਵਾ ਬਾਹਰ ਆਉਂਦਾ ਦੋਹਾਂ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਨਾਹਰੇ ਮਾਰਨ ਲੱਗ ਪੈਂਦੇ।
ਇਕ ਵੇਰਵੇ ਨਾਲ ਇਕ ਪਾਰਟੀ ਦਾ ਉਮੀਦਵਾਰ ਵੋਟਾਂ ਦੀ ਗਿਣਤੀ ਵਿਚ ਲੀਡ ਕਰਨ ਲੱਗ ਪਿਆ। ਉਸਦੇ ਵਰਕਰ ਉਸਦੇ ਹੱਕ ਵਿਚ ਨਾਹਰੇ ਲਗਾਉਣ ਲੱਗ ਪਏ। ਉਸਦੇ ਘਰ ਮਿਠਾਈ ਵੰਡੀ ਜਾਣ ਲੱਗ ਪਈ। ਢੋਲ ਵੱਜਣੇ ਸ਼ੁਰੂ ਹੋ ਗਏ, ਭੰਗੜੇ ਪੈਣ ਲੱਗ ਪਏ। ਟੈਲੀਫੋਨ ਦੀ ਘੰਟੀ ਲਗਾਤਾਰ ਵਧਾਈਆਂ ਲਈ ਖੜਕਣ ਲੱਗ ਪਈ। ਮਿੰਟਾਂ ਵਿਚ ਹੀ ਕਾਰਾਂ, ਸਕੂਟਰਾਂ ਤੇ ਸਾਈਕਲਾਂ ਨਾਲ ਕੋਠੀ ਦਾ ਬਾਹਰਲਾ ਬਾਗ ਭਰ ਗਿਆ।
ਦੂਜੇ ਵੇਰਵੇ ਨੇ ਕਮਾਲ ਹੀ ਕਰ ਦਿੱਤੀ। ਪਹਿਲਾ ਉਮੀਦਵਾਰ ਜੋ ਲੀਡ ਕਰ ਰਿਹਾ ਸੀ, ਉਹ ਹੁਣ ਦੂਸਰੇ ਉਮੀਦਵਾਰ ਤੋਂ ਕਾਫੀ ਪਿੱਛੇ ਚਲਾ ਗਿਆ। ਅਤੇ ਦੂਸਰਾ ਜਿੱਤ ਵਧ ਵਧਣ ਲੱਗਾ। ਪਹਿਲੇ ਉਮੀਦਵਾਰ ਤੇ ਜਿੰਨੀ ਲੋਕਾਂ ਦੀ ਭੀੜ ਤੇ ਰੌਣਕ ਸੀ ਇਕ ਮਿੰਟ ਵਿਚ ਖਤਮ ਹੋ ਗਈ। ਤੇ ਦੂਜੇ ਉਮੀਦਵਾਰ ਦੇ ਝੰਡੇ ਉਸਦੀ ਕੋਠੀ ਵਲ ਚੱਲਣ ਲੱਗ ਪਏ।
ਅੱਜ ਸਾਡੇ ਪਿੰਡ ਕਿਸੇ ਮਨਿਸਟਰ ਨੇ ਆਉਣਾ ਸੀ ਕਿਉਂਕਿ ਵੋਟਾਂ ਨੇੜੇ ਸਨ। ਇਸ ਲਈ ਟੋਭੇ ਵਾਲੇ ਗਰਾਊਂਡ ਨੂੰ ਖੂਬ ਸਜਾਇਆ ਗਿਆ। ਮੈਂ ਵੀ ਘਰੋਂ ਤੁਰ ਪਿਆ ਕਿ ਸ਼ਾਇਦ ਮੇਰੀ ਵੀ ਕੋਈ ਫਰਿਆਦ ਸੁਣੀ ਜਾਵੇ। ਅਤੇ ਜਾ ਕੇ ਟੋਭੇ ਦੇ ਇਕ ਪਾਸੇ ਗੱਡੇ ਲੁੱਕ ਵਾਲੇ ਖਾਲੀ ਢੋਲ ਉਪਰ ਬੈਠ ਗਿਆ।
“ਟਰਰ….ਟਰਰ…ਟਰ`, ਟੋਭੇ ਦੇ ਇਕ ਕੰਢੇ ਬੈਠਾ ਡੱਡੂ ਸ਼ਾਇਦ ਮੈਥੋਂ ਤੂੰ ਪੁੱਛ ਰਿਹਾ ਸੀ, ਕੀ ਵੀ ਬੇਰੁਜ਼ਗਾਰ ਫਿਰਦੇ?
‘ਟਰਰ.ਟਰਰ..ਟਰ’, ਕੀ ਤੁਸੀਂ ਅਜੇ ਵੀ ਇਨ੍ਹਾਂ ਸਾਰਿਆਂ ’ਚ ਰੱਖਣ ਵਾਲੇ ਮੰਤਰੀਆਂ ਤੇ ਵਿਸ਼ਵਾਸ਼ ਰੱਖਦੇ ਹੋ।
“ਟਰਰ….ਟਰਰ…ਟਰ’, ਕੀ ਤੇਰੇ ਸਾਰੇ ਦਿਨ ਦੀ ਮਿਹਨਤ ਦਾ ਮੁੱਲ ਦੋ ਰੋਟੀਆਂ ਵੀ ਨਹੀਂ ਪੈਂਦਾ?
ਏਨੇ ਵਿਚ ਇਥ ਬਗਲਾ ਡੱਡੂ ਉਤੇ ਝਪਟਿਆ ਅਤੇ ਡੱਡੂ ਦੀ ‘ਟਰਰ….ਟਰਰ….ਟਰ ਦੀ ਚੀਕ ਮੇਰੇ ਕੰਨਾਂ ਵਿਚ ਪਈ ਜਿਵੇਂ ਡੱਡੂ ਮੈਥੋਂ ਪੁੱਛ ਰਿਹਾ ਹੋਵੇ “ਕੀ ਤੇਰੇ ਪਿੰਡ ਵੀ ਹੱਕ ਮੰਗਣ ਵਾਲੇ ਦਾ ਗਲਾ, ਬਗਲਿਆਂ ਦੇ ਰੂਪ ਵਿਚ ਫਿਰਦੇ ਕਾਂ ਮੇਰੇ ਵਾਂਗ ਘੁੱਟ ਦਿੰਦੇ ਹਨ?”
ਮੈਂ ਆਉਣ ਵਾਲੇ ‘ਬਗਲੇ’ ਨੂੰ ਦੇਖਣ ਦਾ ਖਿਆਲ ਛੱਡ ਕਿਸੇ ਕੰਮ ਦੀ ਭਾਲ ਵਿਚ ਤੁਰ ਪਿਆ।
ਝਿਜਕ/ਦਰਸ਼ਨ ਮਿਤਵਾ
ਉਸ ਪੜੇ ਲਿਖੇ ਨੌਜਵਾਨ ਨੇ ਕਿਧਰੇ ਜਾਣਾ ਸੀ।
ਉਹ ਬੱਸ ਅੱਡੇ ਵਿਚ ਬੱਸਾਂ ਉਤਲੇ ਬੋਰਡ ਪੜ੍ਹਦਾ ਫਿਰਦਾ ਸੀ। ਮੂਰਖ ਵੱਜਣ ਦੇ ਡਰੋਂ ਉਸਨੇ ਕਿਸੇ ਤੋਂ ਬੱਸ ਦੇ ਕਿਧਰੇ ਜਾਣ ਬਾਰੇ ਪੁੱਛਿਆ ਵੀ ਨਾ।
ਉਹ ਬੱਸ ਬੱਸ ਕੌਂਦਾ ਰਿਹਾ। ਇਕ ਬੱਸ ਤੋਂ ਦੂਜੀ, ਦੂਜੀ ਤੋਂ ਤੀਜੀ….!
ਇਕ ਕੋਈ ਅਨਪੜ੍ਹ ਜਿਹਾ ਆਇਆ।
ਉਸਨੇ ਬੱਸ ਵਿਚ ਬੈਠੀ ਸਵਾਰੀ ਤੋਂ ਬੱਸ ਦੇ ਕਿਸੇ ਪਾਸੇ ਜਾਣ ਬਾਰੇ ਪੁੱਛਿਆ ਤੇ ਝੱਟ ਬੱਸ ਵਿਚ ਬੈਠ ਗਿਆ।
ਬੱਸ ਚਲ ਪਈ।
-ਪਰ ਉਹ ਪੜਿਆ ਲਿਖਿਆ ਨੌਜਵਾਨ ਅਜੇ ਵੀ ਹੋਰ ਬੱਸਾਂ ਦੇ ਬੋਰਡ ਪੜ੍ਹਦਾ ਅੱਡੇ ਦਾ ਚੱਕਰ ਕੱਟ ਰਿਹਾ ਸੀ।
ਜੋਕ
ਉਹ ਇਕ ਸਰਕਾਰੀ ਦਫਤਰ ਵਿਚ ਕਲਰਕ ਲੱਗਾ ਹੋਇਆ ਸੀ। ਉਹ ਬੜੇ ਹੀ ਠਾਠਬਾਠ ਨਾਲ ਦਫਤਰ ਵਿਚ ਰਹਿੰਦਾ ਸੀ। ਕਿਸੇ ਵੀ ਅਫਸਰ ਦੀ ਜੁਰਤ ਨਹੀਂ ਸੀ ਕਿ ਉਸ ਅੱਗੇ ਅੱਖ ਪੁੱਟ ਜਾਏ। ਉਹ ਦੱਬ ਕੇ ਰਿਸ਼ਵਤ ਲੈਂਦਾ ਸੀ।
ਕੁਝ ਹੀ ਦਿਨ ਹੋਏ ਸਨ ਕਿ ਉਹਨਾਂ ਦੇ ਦਫਤਰ ਵਿਚ ਇਕ ਨਵਾਂ ਅਫਸਰ ਆਇਆ ਸੀ। ਉਹ ਸੁਭਾ ਦਾ ਕੁਝ ਸਖਤ, ਇਮਾਨਦਾਰ ਤੇ ਮਿਹਨਤੀ ਆਦਮੀ ਸੀ। ਅਫਸਰ ਨੇ ਮੰਤਰੀਆਂ ਦੇ ਦਿੱਤੇ ਭਾਸ਼ਨਾਂ ਮੁਤਾਬਕ ਭ੍ਰਿਸ਼ਟਾਚਾਰ ਖਤਮ ਕਰਨ ਦਾ ਮਨ ਬਣਾ ਲਿਆ ਸੀ।
ਲੋਕਾਂ ਦੀ ਸ਼ਿਕਾਇਤ ਤੇ ਅਫਸਰ ਨੇ ਕਲਰਕ ਦੀ ਸੀਟ ਬਦਲ ਦਿੱਤੀ ਤਾਂ ਜੋ ਉਹ ਲੋਕਾਂ ਕੋਲੋਂ ਰਿਸ਼ਵਤ ਨਾ ਲੈ ਸਕੇ।
ਕਲਰਕ ਨੂੰ ਅਫਸਰ ਦੀ ਇਹ ਗੱਲ ਬਿਲਕੁਲ ਹੀ ਚੰਗੀ ਨਾ ਲੱਗੀ। ਉਹ ਕੁਝ ਸਰਦੇ -ਪੁੱਜਦੇ ਬੰਦੇ ਲੈ ਕੇ ਮਹਿਕਮੇ ਦੇ ਸਬੰਧਤ ਮੰਤਰੀ ਕੋਲ ਚਲਾ ਗਿਆ। ਉਹਨਾਂ ਨੇ ਮੰਤਰੀ ਨੂੰ ਅਫਸਰ ਸਬੰਧੀ ਸਾਰੀ ਗੱਲਬਾਤ ਦੱਸੀ। ਮੰਤਰੀ ਨੇ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਤਾਂ ਇਕ ਸੱਜਣ ਨੇ ਕਿਹਾ- ਮੰਤਰੀ ਜੀ, ਕੀ ਹੋਇਆ ਜੇ ਕਲਰਕ ਨੇ ਕੁਝ ਰਿਸ਼ਵਤ ਲੈ ਲਈ, ਆਖਰਕਾਰ ਉਸ ਨੇ ਵੀ ਤਾਂ ਚੋਣ ਵੇਲੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਤੁਹਾਡੀ ਪਾਰਟੀ ਨੂੰ ਕਾਮਯਾਬ ਬਣਾਇਆ ਸੀ।
ਮੰਤਰੀ ਨੇ ਆਪਣੇ ਪ੍ਰਾਈਵੇਟ ਸਕੱਤਰ ਤੋਂ ਕਲਰਕ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੰਤੁਸ਼ਟ ਹੋ ਗਿਆ।
ਮੰਤਰੀ ਨੇ ਇਕ ਹਫਤੇ ਦੇ ਅੰਦਰ ਅੰਦਰ ਇਮਾਨਦਾਰ ਅਫਸਰ ਨੂੰ ਪੱਛੜੇ ਇਲਾਕੇ ਵਿਚ ਤਬਦੀਲ ਕਰ ਦਿੱਤਾ ਤੇ ਕਲਰਕ ਨੂੰ ਮੁੜ ਪਹਿਲਾਂ ਵਾਲੀ ਸੀਟ ਦੇ ਦਿੱਤੀ ਗਈ।