ਰੰਗ ਰੂਪ

by Jasmeet Kaur

ਵੱਡੀ ਬੋਤਲ ਨੇ ਸਭਾ ਬੁਲਾਈ, ਸਭਾ ਵਿਚ ਬਹੁਤ ਸਾਰੀਆਂ ਛੋਟੀਆਂ ਬੋਤਲਾਂ ਨੇ ਭਾਗ ਲਿਆ। ਵੱਡੀ ਬੋਤਲ ਨੇ ਭਾਸ਼ਣ ਸ਼ੁਰੂ ਕੀਤਾ- “ਮੈਨੂੰ ਇਸ ਵਾਰੀ ਇਲੈਕਸ਼ਨਾਂ ‘ਚ ਪਾਰਟੀ ਦਾ ਟਿਕਟ ਨਹੀਂ ਮਿਲਿਆ। ਇਸ ਲਈ ਮੈਂ ਆਜ਼ਾਦ ਖੜੇ ਹੋਣ ਦਾ ਫੈਸਲਾ ਕੀਤਾ- ਸੋ ਮੈਨੂੰ ਆਪ ਦੇ ਸਹਿਯੋਗ ਦੀ ਲੋੜ ਹੈ। ਮੈਂ ਤੁਹਾਡੀ ਸੇਵਾ ਲਈ ਹਰ ਉਹ ਕੰਮ ਕਰਾਂਗੀ, ਜਿਸ ਦੀ ਤੁਹਾਨੂੰ ਲੋੜ ਹੋਵੇਗੀ। ਸਭਾ ਵਿਚ ਸਾਰੀਆਂ ਬੋਤਲਾਂ ਸਹਿਮਤ ਹੋ ਗਈਆਂ ਅਤੇ ਦਿਨ ਰਾਤ ਇਕ ਕਰਕੇ ਉਸ ਨੂੰ ਜਿਤਾ ਦਿੱਤਾ।
ਸੁੱਖ ਨਾਲ ਵੱਡੀ ਬੋਤਲ ਮੰਤਰੀ ਵੀ ਬਣ ਗਈ।
ਛੋਟੀਆਂ ਬੋਤਲਾਂ ਨੇ ਆਪਣਾ ਪ੍ਰਧਾਨ ਚੁਣ ਕੇ (ਵੱਡੀ ਬੋਤਲ) ਮੰਤਰੀ ਕੋਲ ਮੰਗ ਪੱਤਰ ਪੇਸ਼ ਕੀਤਾ। ਪ੍ਰਧਾਨ ਨੇ ਮੰਤਰੀ ਨੂੰ ਫੇਰ ਫੂਕ ਛਕਾਈ।
‘ਮੈਂ ਤੁਹਾਡੀ ਕੁਰਸੀ ਦੀਆਂ ਟੰਗਾਂ ਘੱਟਣ ਨੂੰ ਤਿਆਰ ਹਾਂ ਕ੍ਰਿਪਾ ਕਰਕੇ ਮੰਗ ਪੱਤਰ ਕਬੂਲ ਕਰਕੇ ਅਮਲ ਕਰਾ ਦਿਉ….’
“ਨਹੀਂ ਤੂੰ ਕੁਰਸੀ ਦੀਆਂ ਟੰਗਾਂ ਨਹੀਂ ਘੁੱਟ ਸਕਦਾ। ਕੀ ਪਤਾ ਤੂੰ ਟੰਗਾਂ ਤੋੜ ਦੇਵੇਂ..।” ਮੰਤਰੀ ਨੇ ਕਿਹਾ।
“ਨਹੀਂ ਜਨਾਬ, ਇਹ ਕਿਵੇਂ ਹੋ ਸਕਦੈ….?
ਜੇ ਇਹ ਨਹੀਂ ਤਾਂ ਇਹ ਵੀ ਹੋ ਸਕਦੈ ਕਿ ਤੂੰ ਕੁਰਸੀ ਦੀਆਂ ਟੰਗਾਂ ਘੱਟਦੇ ਘੱਟਦੇ ਕੁਰਸੀ ਨਾ ਥਲਿਉਂ ਖਿੱਚ ਲਵੇਂ…. ਹਾਂ ਮੇਰੀਆਂ ਟੰਗਾਂ ਜ਼ਰੂਰ ਘਟ ਸਕਦੈ….।
ਪ੍ਰਧਾਨ (ਛੋਟੀ ਬੋਤਲ) ਮੰਨ ਗਿਆ।
ਕੁਝ ਦਿਨਾਂ ਮਗਰੋਂ ਮੰਤਰੀ ਦੇ ਖੁਸ਼ ਹੋਣ ਤੇ ਪ੍ਰਧਾਨ ਉਸ ਦਾ ਨਿਜੀ ਸਕੱਤਰ ਚੁਣ ਲਿਆ ਗਿਆ।
ਮੰਗ ਪੱਤਰ ਪ੍ਰਧਾਨ ਕੋਲੋਂ ਨਿਕਲ ਕੇ ਸਕੱਤਰ ਦੀ ਮੇਜ਼ ਦੇ ਸ਼ੀਸ਼ੇ ਥੱਲੇ ਪੁਠਾ ਚਿਪਕ ਗਿਆ।

ਬਿਪਨ ਗੋਇਲ

You may also like