ਧਿਆਨ ਸਿੰਘ ਘਰ ਵਿੱਚ ਸਦਾ ਬੇਧਿਆਨ ਹੀ ਰਹਿੰਦਾ ਸੀ। ਉਸ ਦਾ ਸਾਰਾ ਧਿਆਨ ਆਪਣੀ ਘਰ ਵਾਲੀ ਉੱਤੇ ਹੀ ਕੇਂਦਰਤ ਹੁੰਦਾ ਸੀ। ਉਹ ਸਖਤ ਹੋਣ ਦੇ ਨਾਲ ਨਾਲ ਹੁਣ ਲੋੜ ਤੋਂ ਵੱਧ ਕੁਰਖਤ ਵੀ ਹੋ ਗਈ ਸੀ। ਘਰ ਵਿੱਚ ਉਸ ਦਾ ਹੀ ਹੁਕਮ ਚਲਦਾ ਸੀ, ਪੰਜ ਕਰੇ ਪੰਜਾਹ ਕਰੇ।
ਪਤੀ ਵੱਢੀ ਲੈਣ ਦੇ ਦੋਸ਼ ਵਿੱਚ ਨੌਕਰੀ ਤੋਂ ਕੱਢਿਆ ਜਾ ਚੁੱਕਾ ਸੀ। ਉਸ ਨੇ ਆਪਣੀ ਪਤਨੀ ਦੀਆਂ ਸਾਰੀਆਂ ਘਰੇਲੂ ਜੁਮੇਵਾਰੀਆਂ ਸੰਭਾਲ ਲਈਆਂ ਸਨ। ਰਸੋਈ ਦਾ . ਕੰਮ, ਸਫਾਈਆਂ, ਕੱਪੜੇ ਧੋਣੇ, ਬੱਚੇ ਸੰਭਾਲਣੇ ਉਸ ਨੂੰ ਕੁਝ ਵੀ ਭੁੱਲਿਆ ਨਹੀਂ ਸੀ।
ਅਫਸਰ ਪਤਨੀ ਦੇ ਘਰ ਆਉਂਦਿਆਂ ਹੀ ਉਸ ਦੀਆਂ ਮੁਸੀਬਤਾਂ ਆਰੰਭ ਹੋ ਜਾਂਦੀਆਂ ਸਨ। ਉਸ ਨੂੰ ਹੁਕਮ ਮਿਲਦੇ, ਝਾੜਾਂ ਵਰਦੀਆਂ ਅਤੇ ਕਈ ਵਾਰੀ ਗਾਲਾਂ ਦੀ ਵਰਖਾ ਵੀ ਹੋ ਜਾਂਦੀ ਸੀ। ਉਹ ਭਿੱਜੀ ਬਿੱਲੀ ਬਣਿਆ ਸਭ ਕੁਝ ਸਹਿ ਜਾਂਦਾ ਸੀ। ਜਦ ਤੋਂ ਉੱਖਲੀ ਵਿੱਚ ਸਿਰ ਆਇਆ ਏ ਉਹ ਸੱਟਾਂ ਦਾ ਡਰ ਹੀ ਭੁੱਲ ਗਿਆ ਸੀ।
“ਮੈਂ ਕਿਹਾ ਜੀ ਕੱਲ ਸੁਬਾ ਹੀ ਨਹਾਕੇ, ਟਾਈ ਵਾਲਾ ਨਵਾਂ ਸੂਟ ਪਾ ਲੈਣਾ। ਘਰ ਦਾ ਸਾਰਾ ਕੰਮ ਕੱਲ ਸੇਵਾਦਾਰਨੀ ਕਰੇਗੀ।
“ਕੱਲ ਕੋਈ ਖਾਸ ਦਿਨ ਏ?”
“ਹਾਂ ਜੀ ਕੱਲ ਕਰਵਾ ਚੌਥ ਏ, ਮੈਂ ਆਪਣੇ ਪਤੀ-ਪਰਮੇਸ਼ਰ ਨੂੰ ਰਿਝਾਕੇ ਉਸ ਤੋਂ ਸਦਾ ਸੁਹਾਗਣ ਰਹਿਣ ਦਾ ਵਰ ਮੰਗਾਂਗੀ।”
ਪਤੀ ਦਾ ਮੂੰਹ ਅੱਡਿਆ ਰਹਿ ਗਿਆ।
Bedtime stories in Punjabi Language
ਲੋਕ ਨਿਰਦਈ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਦਿਲਾਂ ਵਿੱਚ ਕਿਸੇ ਦੀ ਸਹਾਇਤਾ ਕਰਨ ਦਾ ਅਹਿਸਾਸ ਹੀ ਖਤਮ ਹੋਇਆ ਸੀ। ਬਦਲਦੇ ਹਾਲਾਤ ਮਾੜੇ, ਬਹੁਤ ਮਾੜੇ ਅਤੇ ਅੱਤ ਮਾੜਿਆਂ ਨੂੰ ਛੱਡਕੇ ਭਿਆਣਕ ਸਥਿਤੀ ਤੋਂ ਵੀ ਅੱਗੇ ਲੰਘ ਗਏ ਸਨ।
ਕੁਝ ਲੋਕ ਭੁੱਖ ਕਾਰਨ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਬਾਕੀ ਪਾਣੀ ਦੀ ਅਣਹੋਂਦ ਕਾਰਨ ਤੜਫ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਦ ਤੱਕ ਜਿੰਦਾ ਰਹਿ ਸਕੇਗਾ। ਰਿਸ਼ਤਿਆਂ ਦੀ ਪਕੜ ਕੇ ਖਤਮ ਨਹੀਂ ਹੋਈ ਸੀ ਤਾਂ ਖਤਮ ਹੋਣ ਦੀ ਸੀਮਾ ਤਕ ਜਰੂਰ ਪੁੱਜ ਗਈ ਸੀ।
ਇੱਕ ਸਾਰਾ ਪਰਿਵਾਰ ਇਸ ਭਿਆਣਕ ਕਾਲ ਨੇ ਨਿਗਲ ਲਿਆ ਸੀ। ਇੱਕ ਔਰਤ ਅਤੇ ਉਸ ਦਾ ਦੁੱਧ ਚੁੰਘਦਾ ਬੱਚਾ ਇੱਕ ਦੂਜੇ ਲਈ ਜੀਣ ਦੀ ਹਾਲੀ ਵੀ ਜਦੋ ਜਹਿਦ ਕਰ ਰਹੇ ਸਨ।
ਮਾਂ ਰਾਤ ਸਮੇਂ ਪਰਾਣ ਛੱਡ ਗਈ ਸੀ। ਬੱਚਾ ਹਾਲੀ ਵੀ ਉਸ ਨੂੰ ਚੁੰਘ ਰਿਹਾ ਸੀ। ਦਿਨ ਚੜ੍ਹਦੇ ਨੂੰ ਹਰ ਕਿਸਮ ਦੀ ਸਰਕਾਰੀ ਸਹਾਇਤਾ ਪੁੱਜ ਗਈ ਸੀ। ਬੱਚੇ ਨੂੰ ਖਾਣ ਲਈ ਬਿਸਕੁਟ ਦਿੱਤਾ ਗਿਆ। ਉਸਨੇ ਪਹਿਲਾਂ ਇਹ ਆਪਣੀ ਮਾਂ ਦੇ ਮੂੰਹ ਵਿੱਚ ਪਾਉਣਾ ਚਾਹਿਆ ਪਰ ਜਦ ਉਸ ਦੀ ਮਾਂ ਨੇ ਖਾਣ ਲਈ ਮੂੰਹ ਨਾ ਖੋਲਿਆ ਤਾਂ ਬੱਚੇ ਨੇ ਦਿਲ ਚੀਰਵੀਂ ਆਖਰੀ ਚੀਕ ਮਾਰੀ।
ਸਾਹਾ
ਪਤੀ ਦੀ ਕਾਰਗਿਲ ਵਿੱਚ ਹੋਈ ਅਚਾਨਕ ਮੌਤ ਨੇ ਗੁਰਨਾਮੀ ਨੂੰ ਪੱਥਰ ਹੀ ਤਾਂ ਕਰ ਦਿੱਤਾ ਸੀ। ਕੱਲ੍ਹ ਜਿਹੜੀ ਹਿੰਮਤੀ ਔਰਤ ਪਤੀ ਦੀ ਗੈਰ ਹਾਜਰੀ ਵਿੱਚ ਆਪਣੀ ਧੀ ਦੇ ਧੁਰੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਭੱਜੀ ਫਿਰ ਰਹੀ ਸੀ, ਅੱਜ ਚੁੱਪ ਦੀ ਗੰਢੜੀ ਬਣਕੇ ਰਹਿ ਗਈ ਸੀ। ਉਸ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਅਤੇ ਨਾ ਹੀ ਜੀਭ ਉੱਤੇ ਕੋਈ ਸ਼ਬਦ। ਇਸ ਹਿਰਦੇ ਵੇਧਕ ਸਦਮੇ ਨੇ ਉਸ ਨੂੰ ਜਿੰਦਾ ਲੋਥ ਬਣਾ ਦਿੱਤਾ ਸੀ।
ਅਰਥੀ ਨੂੰ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਗੁਰਨਾਮੀ ਇੱਕ ਦਮ ਖੜੀ ਹੋ ਗਈ, ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਹੋਵੇ। ਜਨਾਨੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ।
‘ਤੁਸੀਂ ਆਪਣੇ ਮੁਰਦੇ ਨੂੰ ਬਿੱਲੇ ਲਾਓ, ਮੈਂ ਆਪਣੀ ਧੀ ਦੀਆਂ ਟੂਮਾਂ ਬਾਰੇ ਸੁਨਿਆਰੇ ਨੂੰ ਤਕੀਦ ਕਰ ਆਵਾਂ, ਹੁਣ ਸਾਹੇ ਵਿੱਚ ਦਿਨ ਵੀ ਕਿਹੜੇ ਰਹਿ ਗਏ ਨੇ। ਉਹ ਜਨਾਨੀਆਂ ਨੂੰ ਪਾਸੇ ਧੱਕਦੀ ਪਾਗਲਾਂ ਵਾਂਗ ਭੱਜੀ ਜਾਂਦੀ ਘਰ ਦਾ ਬੂਹਾ ਪਾਰ ਕਰ ਗਈ।
ਤਿੰਨ ਸਾਲ ਦਾ ਬੱਚਾ ਆਪਣੀ ਬੰਦੂਕ ਮੋਢੇ ਉੱਤੇ ਰੱਖੀ ਸ਼ਹੀਦ ਦੇ ਬਕਸੇ ਸਰਹਾਣੇ ਖੜਾ ਕਹਿ ਰਿਹਾ ਸੀ, “ਮੈਂ ਵੱਡਾ ਹੋ ਕੇ ਫੌਜੀ ਬਨੂੰਗਾ ਦੁਸ਼ਮਣਾਂ ਨੂੰ ਮਾਰਕੇ ਦੇ ਸ਼ ਬਚਾਵਾਂਗਾ……
ਬੱਚੇ ਨੂੰ ਜੋ ਕੁਝ ਵੱਡੇ ਬੋਲਣ ਲਈ ਕਹਿ ਰਹੇ ਸਨ, ਉਹ ਉਸੇ ਤਰ੍ਹਾਂ ਬੋਲਦਾ ਜਾ ਰਿਹਾ ਸੀ।ਇਹ ਸਭ ਕੁਝ ਕੀ ਹੋ ਰਿਹਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਤਾਂ ਖੁਸ਼ ਸੀ ਕਿਉਂਕਿ ਉਹ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ। ਸਾਰੇ ਉਸ ਨੂੰ ਪਿਆਰ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦੇ ਰਹੇ ਸਨ।
ਚਿਤਾ ਤਿਆਰ ਹੋ ਗਈ ਸੀ। ਬਿਗਲ ਦੀ ਮਾਤਮੀ ਧੁਨ ਵੱਜਣ ਨਾਲ ਬੱਚੇ ਨੂੰ ਅੱਗ ਦੇਣ ਲਈ ਕਿਹਾ ਗਿਆ।
ਮੈਂ ਕਿਉਂ ਅੱਗ ਲਾਵਾਂ??? ਬੱਚਾ ਠਠੰਬਰ ਗਿਆ।
“ਇਸ ਵਿੱਚ ਤੇਰਾ ਬਾਪੂ ਏ…ਮਰੇ ਬਾਪੂ ਨੂੰ ਪੁੱਤ ਹੀ ਅੱਗ ਲਾਉਂਦੇ ਨੇ ਕਿਸੇ ਸਿਆਣੇ ਨੇ ਕਿਹਾ।
“ਹਾਏ! ਬਾਪੂ… ਬੱਚੇ ਨੇ ਬੰਦੂਕ ਸੁੱਟਕੇ ਚੀਕ ਮਾਰੀ ਅਤੇ ਧਾਹਾਂ ਮਾਰ ਕੇ ਰੋਣ ਲੱਗ ਗਿਆ।
ਆਪਣੇ ਪਿਤਾ ਦੀ ਅਚਾਨਕ ਮੌਤ ਪਿੱਛੋਂ ਘਰ ਦੀ ਕਬੀਲਦਾਰੀ ਦਾ ਸਾਰਾ ਬੋਝ ਹੁਣ ਗਰੀਬ ਸਿੰਘ ਦੇ ਮੋਢਿਆਂ ਉੱਤੇ ਆਣ ਪਿਆ ਸੀ। ਉਸਨੇ ਪਰਿਵਾਰ ਦੀ ਪੇਟ ਪੂਰਤੀ ਲਈ ਕਈ ਪਾਪੜ ਬੇਲੇ ਪਰ ਕਮਾਈ ਅਤੇ ਖਰਚੇ ਨੂੰ ਉਹ ਕਦੇ ਵੀ ਬਰਾਬਰ ਨਾ ਕਰ ਸਕਿਆ। ਹਰ ਸਾਲ ਕਰਜ਼ੇ ਵਿੱਚ ਵਾਧਾ ਹੋ ਜਾਂਦਾ ਸੀ। ਤੰਗ ਆ ਕੇ ਉਹ ਫੌਜ ਵਿੱਚ ਭਰਤੀ ਹੋ ਗਿਆ। ਘਰ ਦਾ ਗੁਜਾਰਾ ਤਾਂ ਹੋ ਰਿਹਾ ਸੀ, ਹੁਣ ਉਸ ਨੂੰ ਵਧੇਰੇ ਫਿਕਰ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਦਾ ਸੀ।
ਕਾਰਗਿਲ ਦੇ ਸ਼ਹੀਦ ਗਰੀਬ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਚਲ ਰਿਹਾ ਸੀ। ਉਸ ਦੀ ਮਾਤਾ ਨੂੰ ਦੋ ਲੱਖ ਦਾ ਚੈੱਕ ਤਾਂ ਦਿੱਤਾ ਹੀ ਜਾਣਾ ਸੀ ਨਾਲ ਹੋਰ ਮਿਲਣ ਵਾਲੀਆਂ ਸਹੂਲਤਾਂ ਦਾ ਐਲਾਣ ਕੀਤੇ ਜਾਣ ਦੀ ਵੀ ਸੰਭਾਵਨਾ ਸੀ।
ਉਸ ਦੀ ਮਾਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਆਪਣੇ ਪੁੱਤਰ ਦੀ ਫੋਟੋ ਅੱਗੇ ਪੰਜ ਦਾ ਨੋਟ ਰੱਖਕੇ ਮੱਥਾ ਟੇਕਿਆ। ਗੋਡਿਆਂ ਪਰਨੇ ਹੋਕੇ ਪੁੱਤਰ ਨੂੰ ਅਸੀਸ ਦਿੱਤੀ, “ਸ਼ਾਬਾਸ਼ੇ ਪੁੱਤਰਾ ਦੇਸ਼ ਉੱਤੋਂ ਤੇਰਾ ਤਨ, ਮਨ ਵਾਰਿਆ ਅਜਾਂਈ ਨਹੀਂ ਗਿਆ ਵੇਖ ਤੇਰੇ ਧੰਨ ਨਾਲ ਹੁਣ ਤੇਰੀਆਂ ਭੈਣਾਂ ਦੇ ਹੱਥ ਪੀਲੇ ਵੀ ਹੋ ਜਾਣਗੇ।
ਪਿੰਡ ਦੀ ਫਿਰਨੀ ਦੇ ਨਾਲ ਕੁੱਝ ਬੱਚੇ ਖੇਡ ਰਹੇ ਸਨ। ਖੇਡਦੇ ਖੇਡਦੇ ਲੜ ਰਹੇ ਸਨ।
ਲੜਦੇ ਲੜਦੇ ਇਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ।
ਇਕ ਸਿਆਣਾ ਆਦਮੀ ਫਿਰਨੀ ਉੱਪਰ ਦੀ ਲੰਘਿਆ।
ਆਖਣ ਲੱਗਾ “ਬੱਚਿਓ! ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ। ਗਾਲ਼ ਕੱਢਣੀ ਮਾੜੀ ਆਦਤ ਹੈ।
ਇਕ ਛੋਟਾ ਜਿਹਾ ਬੱਚਾ ਬੋਲਿਆ, ਜੀ! ਅਸੀਂ ਥੋਨੂੰ ਤਾਂ ਨੀਂ ਗਾਲ਼ ਦਿੱਤੀ।
‘ਮੈਨੂੰ ਗਾਲ੍ਹ ਦਿਓਗੇ, ਕਿਉਂ? ਮੈਂ ਥੋਡੀ ਮਾਂ ਦਾ ਕੁਸ਼ ਦੇਣੈ? ਮੈਨੂੰ ਗਾਲ੍ਹ ਦਿਓਗੇ ਮੈਂ ਥੋਡੀ ਮਾਂ ਨੂੰ ਵੀ ਹੂੰਗਾ। ਸਾਲੇ ਕੁੱਤੇ ਹਰਾਮੀ ਕਤੀੜਵਾਧਾ।”
ਇਸ ਗੱਲ ਨੂੰ ਵਾਪਰਿਆਂ ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ। ਉਹ ਹਰ ਵਰ੍ਹੇ ਨਾਲ ਲੱਗਦੇ ਜੰਗਲ ‘ਚ ਸ਼ਿਕਾਰ ਖੇਡਣ ਜਾਂਦਾ। ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ। ਦੂਰ-ਦੁਰਾਡਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ।
ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਖੰਭਾਂ ‘ਚ ਜਾ ਲੱਗਿਆ। ਉਹ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਆ ਡਿੱਗਿਆ। ਰਾਜਕੁਮਾਰ ਉਹਨੂੰ ਮਾਰਨ ਹੀ ਵਾਲਾ ਸੀ ਕਿ ਹੰਸ ਦੀਆਂ ਅੱਖਾਂ ‘ਚ ਅੱਥਰੂ ਆ ਗਏ। ਰਾਜਕੁਮਾਰ ਨੂੰ ਤਰਸ ਆ ਗਿਆ। ਉਹ ਉਹਨੂੰ ਚੁੱਕ ਕੇ ਆਪਣੇ ਡੇਰੇ ‘ਚ ਲੈ ਆਇਆ।
ਅਗਲੀ ਸਵੇਰ ਉਹ ਫ਼ਿਰ ਸ਼ਿਕਾਰ ਲਈ ਨਿਕਲ ਪਿਆ। ਉਹਦੇ ਜਾਂਦਿਆਂ ਸਾਰ ਜ਼ਖ਼ਮੀ ਹੰਸ ਨੇ ਆਪਣੇ ਖੰਭ ਝਾੜੇ ਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ। ਉਸ ਨੇ ਰਾਜਕੁਮਾਰ ਲਈ ਰੋਟੀ ਪਕਾਈ ਤੇ ਸਲੀਕੇ ਨਾਲ ਮੇਜ਼ ‘ਤੇ ਸਜਾ ਕੇ ਰੱਖ ਦਿੱਤੀ। ਮਗਰੋਂ ਉਹ ਫਿਰ ਹੰਸ ਬਣ ਗਈ।
ਕੁਝ ਚਿਰ ਪਿੱਛੋਂ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਪਰਤਿਆ ਤਾਂ ਉਸ ਨੇ ਮੇਜ਼ ‘ਤੇ ਸਜਾਈ ਰੋਟੀ ਨੂੰ ਦੇਖਿਆ। ਇਹ ਤੱਕ ਕੇ ਉਹ ਸੋਚੀਂ ਪੈ ਗਿਆ।
ਦੂਜੇ ਦਿਨ ਮੁੜ ਇੰਜ ਹੀ ਹੋਇਆ। ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਓਹਲੇ ਲੁਕ ਗਿਆ। ਉਹ ਹੈਰਾਨ ਸੀ ਕਿ ਆਖ਼ਰ ਉਸ ਦੇ ਜਾਣ ਪਿੱਛੋਂ ਡੇਰੇ ‘ਚ ਕੌਣ ਆਉਂਦੈ।
ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ, ਹੰਸ ਫਿਰ ਕੁੜੀ ਬਣ ਗਿਆ ਅਤੇ ਉਹਨੇ ਰੋਟੀ ਤਿਆਰ ਕੀਤੀ।
ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ। ਉਸ ਨੂੰ ਦੇਖਦਿਆਂ ਸਾਰ ਹੀ ਕੁੜੀ ਫਿਰ ਹੰਸ ਬਣ ਗਈ। ਹੁਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ।
ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ। ਹੁਣ ਉਹ ਖ਼ੁਸ਼ੀ-ਖ਼ੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ। ਫਿਰ ਉਨ੍ਹਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ, ਜਿਸ ਨੂੰ ਦੋਵੇਂ ਬੜਾ ਪਿਆਰ ਕਰਦੇ।
ਹੁਣ ਬਸੰਤ ਰੁੱਤ ਆ ਗਈ ਸੀ। ਇੱਕ ਦਿਨ ਸਵੇਰ ਸਾਰ ਇੱਕ ਹੰਸਾਂ ਦੀ ਡਾਰ ਅਸਮਾਨ ‘ਚ ਵਿਖਾਈ ਦਿੱਤੀ। ਜਿਵੇਂ ਹੀ ਬੁੱਢੇ ਹੰਸ ਨੇ ਥੱਲੇ ਦੇਖਿਆ, ਉਸ ਨੂੰ ਆਪਣੀ ਧੀ ਨਜ਼ਰ ਆਈ। ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਵਾਪਸ ਚੱਲਣ ਲਈ ਕਿਹਾ ਪਰ ਕੁੜੀ ਨਾ ਮੰਨੀ।
ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆਈ। ਉਸ ਨੇ ਵੀ ਕੁੜੀ ਨੂੰ ਘਰ ਪਰਤਣ ਲਈ ਆਖਿਆ। ਮਾਂ ਦੀ ਆਵਾਜ਼ ਸੁਣ ਕੇ ਕੁੜੀ ਬੇਚੈਨ ਹੋ ਗਈ। ਉਸ ਨੇ ਮਾਂ ਨੂੰ ਖੰਭ ਸੁੱਟਣ ਲਈ ਕਿਹਾ।
ਖੰਭ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ, ਰਾਜਕੁਮਾਰ ਨੇ ਉਹਦਾ ਹੱਥ ਕਸ ਕੇ ਫੜ ਲਿਆ। ਦੇਰ ਹੁੰਦੀ ਵੇਖ ਹੰਸਾਂ ਦੀ ਡਾਰ ਉੱਡਦੇ-ਉੱਡਦੇ ਦੂਰ ਨਿਕਲ ਗਈ।
ਕੁੜੀ ਕੁਝ ਪਲਾਂ ਲਈ ਆਪਣੇ ਪਿਆਰੇ ਪਤੀ ਤੇ ਲਾਡਲੇ ਪੁੱਤ ਨੂੰ ਭੁੱਲ ਗਈ ਸੀ। ਉਨ੍ਹਾਂ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ ‘ਚ ਪਿਆਰ ਦੇ ਹੰਝੂ ਭਰ ਗਏ ਅਤੇ ਉਹ ਰਾਜਕੁਮਾਰ ਦੇ ਨਾਲ ਆਪਣੇ ਘਰ ਖ਼ੁਸ਼ੀ-ਖ਼ੁਸ਼ੀ ਪਰਤ ਆਈ।
1980 ਦੀ ਗੱਲ ਆ, ਮੇਰੇ ਡੈਡੀਟਰੱਕ ਡਰਾਈਵਰ ਸੀ, ਉਹ mpਤੋਂ ਦਿੱਲੀ ਚੱਲਦੇ ਸੀ, ਉਹਨਾਂ ਦੀ ਦਿੱਲੀ ਵਾਹਵਾ ਵਾਕਬ ਬਣ ਗਏ ਸੀ ,ਇੱਕ ਮੁਸਲਮਾਨ ਵੀਰ ਨੇ ਸਲਾਹ ਦਿੱਤੀ ਕਿ ਗੱਡੀ ਛੱਡ ਕੇ ਇੱਥੇ ਟੈਕਸੀ ਪਾ ਲਵੋ ਵਧੀਆ ਕੰਮ ਆ, ਡੈਡੀ ਨੇ ਟੈਕਸੀ ਪਾਈ ਵੱਡਾ ਸ਼ਹਿਰ ਸੀ ਕੰਮ ਸੋਹਣਾ ਚੱਲ ਪਿਆ, ਜਿਸ ਵੀਰ ਨੇ ਸਲਾਹ ਦਿੱਤੀ ਸੀ ਉਹ ਆਪ ਟੈਕਸੀ ਡਰਾਇਵਰ ਸੀ ਅਕਸਰ ਡੈਡੀ ਨੂੰ ਮਿਲਦੇ ਰਹਿੰਦੇ ਸੀ,
ਜਦੋ ਇੰਦਰਾ ਗਾਂਧੀ ਦੀ ਮੌਤ ਹੋਈ ਉਹ ਡੈਡੀ ਨਾਲ ਹੀ ਸੀ , ਦੰਗਾ ਕਰਨ ਵਾਲਿਆਂ ਨੇ ਡੈਡੀ ਦੀ ਗੱਡੀ ਨੂੰ ਸਾੜ ਦਿੱਤਾਉਸ ਮੁਸਲਮਾਨ ਵੀਰ ਨੇ ਆਪਣੀ ਜਾਨ ਖ਼ਤਰੇ ਵਿੱਚ ਪਾਕੇ ਡੈਡੀ ਨੂੰ ਬਚਾਇਆ ਆਪਣੇ ਘਰ ਲੈ ਆਇਆ, 13 ਦਿਨ ਡੇਡੀ ਉਹਨਾਂ ਘਰ ਰਹੇ ਜਦੋ ਮਾਹੌਲ ਥੋੜਾ ਠੀਕ ਹੋਇਆ, ਉਹ ਡੈਡੀ ਨੂੰ ਆਪ ਅੰਬਾਲੇ ਛੱਡ ਕੇ ਗਿਆ ਤੇ ਡੈਡੀ ਅੱਗੇ ਬੱਸ ਤੇ ਘਰ ਆਏ।
ਡੈਡੀ ਸਾਨੂੰ ਦੱਸਦੇ ਕੇ ਕਿਸ ਤਰ੍ਹਾਂ ਦੰਗਾ ਕਰਨ ਵਾਲਿਆਂ ਨੇ ਘਰਾਂ ਵਿੱਚੋਂ ਕੱਢ ਕੱਢ ਸਿੱਖਾਂ ਨੂੰ ਮਾਰਿਆ, ਸਾਡੇ ਡੈਡੀ ਨੇ ਜ਼ਮੀਨ ਵੇਚ ਕੇ ਟਰੱਕ ਲਿਆ ਸੀ ਤੇ ਫੇਰ ਟੈਕਸੀ ਲੈਲਈ, ਪਰ ਉਹ ਵੀ ਸੜ ਗਈ ,ਕਮਾਈ ਦਾ ਕੋਈ ਸਾਧਨ ਨਹੀਂ ਸੀ, ਮੇਰਾ ਜਨਮ 86 ਵਿੱਚ ਹੋਇਆ, ਉਦੋ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ, ਇਸੇ ਕਰਕੇ ਮੇਰੇ ਡੈਡੀ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ।
ਉਦੋ ਇਲਾਜ ਐਨਾ ਵਧੀਆ ਨਹੀਂ ਸੀ ਹੁੰਦਾ ਸੋ ਅਖੀਰ 92 ਵਿੱਚ ਡੈਡੀ ਦੀ death ਹੋ ਗਈ, ਮੇਰੀ ਵੱਡੀ ਭੈਣ 8 ਸਾਲ ਦੀ ਸੀ ਤੇ ਤੇ ਮੈਂ 6 ਦੀ ਸੀ, ਮੇਰੀ ਮੰਮੀ ਨੇ ਬਹੁਤ ਮਿਹਨਤ ਕਰਕੇ ਸਾਨੂੰ ਪਾਲਿਆ, ਮੇਰੀ ਭੈਣ ਦਾ ਵਿਆਹ ਕੀਤਾ, ਸਾਡੇ ਹਾਲਾਤ ਮਾੜੇ ਸੀ ਤੇ ਰਿਸਤੇਦਾਰਾ ਨੇ ਮੂੰਹ ਮੋੜ ਲਿਆ ਸੀ, ਮੇਰੀ ਭੈਣ ਹੁਣ ਆਪਣੇ ਘਰ ਖੁਸ ਆ ।
ਮੈਂ ਆਪਣੀ ਮੰਮੀ ਕੋਲ ਰਹਿੰਦੀ ਆ, ਵਿਆਹ ਹੋਇਆ ਨਹੀਂ, ਕਰਵਾਇਆ ਹੀ ਨਹੀਂ , ਰੱਬ ਜਾਣੇ, ਮੰਮੀ ਦੇ ਨਾਲ ਰਹਿ ਰਹੀ ਆਉਹਨਾਂ ਨੇ ਸਾਰੀ ਉਮਰ ਸਾਡੇ ਲਈ ਇੰਨਾ ਕੀਤਾ ਹੁਣ ਮੇਰਾ ਫਰਜ਼ ਆਉਹਨਾਂ ਕੋਲ ਰਹਾਂ, ਅਸੀਂ ਅੱਜ ਵੀ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ , 84 ਦੇ ਦੰਗਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਭੈਣ ਵੱਲੋ ਦੱਸੀ ਸੱਚੀ ਕਹਾਣੀ ਤੇ ਅਧਾਰਿਤ
ਉਹ ਕਾਮਰੇਡਾਂ ਦਾ ਹਾਮੀ ਸੀ, ਵੈਸੇ ਉਹ ਮਜ਼ਦੂਰ ਸੀ ਪਰ ਵੋਟਾਂ ਦੇ ਦਿਨਾਂ ਵਿਚ ਉਹ ਕਮਿਊਨਿਸਟ ਪਾਰਟੀ ਲਈ ਪਰਾਪੇਗੰਡਾ ਕਰਕੇ ਹੀ ਆਪਣਾ ਗੁਜ਼ਾਰਾ ਕਰਦਾ। ਅੱਜ ਵੋਟਾਂ ਪੈਣ ਵਿਚ ਸਿਰਫ 5 ਦਿਨ ਬਾਕੀ ਸਨ। ਹਰ ਪਾਰਟੀ ਵੱਲੋਂ ਪੂਰਾ ਜ਼ੋਰ ਸੀ। ਉਹ ਹਰ ਰੋਜ਼ ਵਾਂਗ ਘਰ ਵਾਲੀ ਮੀਤੋ ਤੋਂ ਆਟੇ ਦਾਣੇ ਦੇ ਰੋਣੇ ਸੁਣਦਿਆਂ ਹੋਇਆਂ ਬਾਹਰ ਨਿਕਲਿਆ ਪਰ ਬੱਚੇ ਦੀ ਵੱਧਦੀ ਬਿਮਾਰੀ ਬਾਰੇ ਮੀਤੇ ਦੇ ਬੋਲ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਟੁਰਦੇ ਗਏ ਤੇ ਕਦੀ ਉਸ ਨੂੰ ਡਰਾਉਂਦੇ ਰਹੇ। ਉਸ ਨੂੰ ਤਾਂ ਸਿਰਫ 10 ਰੁਪਏ ਦੀ ਦਿਹਾੜੀ ਮਿਲਦੀ ਸੀ ਜਿਸ ਵਿੱਚੋਂ ਆਟੇ ਦਾਲ ਦਾ ਹੀ ਮਸਾਂ ਸਰਦਾ ਤੇ ਫਿਰ ਬੱਚੇ ਦੀ ਦਵਾ ਤੇ ਡਾਕਟਰ ਦੀ ਫੀਸ ਇਹ ਸੋਚਦਾ ਸੋਚਦਾ ਉਹ ਕਾਮਰੇਡ ਦੇ ਦਫਤਰ ਅੱਗੇ ਪਹੁੰਚ ਗਿਆ ਸੀ। ਹਰ ਰੋਜ਼ ਵਾਂਗ ਉਹ ਰਿਕਸ਼ੇ ਤੇ ਬੈਠ ਪ੍ਰਾਪੇਗੰਡਾ ਕਰਨ ਟੁਰ ਪਿਆ। ਅਜੇ ਕੁਝ ਹੀ ਦੂਰ ਗਿਆ ਸੀ, ਅੱਗੋਂ ਤੋਂ ਉਸ ਨੂੰ ਵਿਰੋਧੀ ਪਾਰਟੀ ਦੀ ਕਾਰ ਆਉਂਦੀ ਦਿਸੀ- ਕੋਲ ਆਉਂਦਿਆਂ ਹੀ ਉਸ ਪਾਸ ਰੁਕੀ ਤੇ ਇਕ ਨੌਜਵਾਨ ਨੇ ਨਿਕਲ ਕੇ ਉੱਚੀ ਆਵਾਜ਼ ਵਿਚ ਉਸ ਨੂੰ ਕਿਹਾ, “ਓ ਗਿੰਦਰਾ, ਤੂੰ ਕਿੱਥੇ ਇਹ ਕਾਮਰੇਡੀ ਲੈ ਲਈ ਇਹ ਤਾਂ ਆਪ ਹੀ ਭੁੱਖੇ ਮਰਦੇ ਨੇ, ਇਹਨਾਂ ਦੀ ਸਰਕਾਰ ਤੁਹਾਨੂੰ ਕਿੱਥੋਂ ਰਜਾ ਦੇ ਉਗੀ ਤੇ ਗਿੰਦਰ ਨੂੰ ਯਾਦ ਆਇਆ, ਇਹ ਨੌਜਵਾਨ ਤਾਂ ਉਸਦਾ ਪੁਰਾਣਾ ਹਮਜਮਾਤੀ ਸੀ। ਉਹ ਕੁਝ ਕਹਿਣ ਹੀ ਲੱਗਿਆ ਸੀ ਤੇ ਉਸ ਨੌਜਵਾਨ ਦੀ ਅਵਾਜ਼ ਫਿਰ ਉਸਦੀ ਕੰਨੀਂ ਪਈ “ਚਲ ਯਾਰ ਆ ਮੇਰੇ ਨਾਲ ਛੱਡ ਇਹ ਰਿਕਸ਼ਾ, ਵੋਟਾਂ `ਚ ਆਪਣਾ ਹੀ ਰਿਸ਼ਤੇਦਾਰ ਖੜਾ ਹੈ, ਤੂੰ ਆਪਣੀ ਤਰਫਦਾਰੀ ਕਰ, ਮੈਂ ਤੈਨੂੰ 50 ਰੁਪੈ ਦਿਹਾੜੀ ਦਵਾਊਂ” ਇਹ ਕਹਿ ਕੇ ਉਸ ਨੇ ਗਿੰਦਰ ਨੂੰ ਬਾਂਹ ਤੋਂ ਫੜ ਕੇ ਰਿਕਸ਼ੇ ਤੋਂ ਉਤਾਰ ਲਿਆ ਤੇ ਗਿੰਦਰ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਉਸ ਦੇ ਸਾਹਮਣੇ ਖੜਾ ਸੀ ਪਰ ਉਸਦੀ ਜ਼ਮੀਰ ਨੇ ਉਸਨੂੰ ਹਲੂਣਿਆ ਕਿ “ਤੂੰ ਖੁਦ ਕਾਮਰੇਡ ਹੈਂ, ਕੀ ਵਿਰੋਧੀ ਪਾਰਟੀ ਲਈ ਆਪਣੀ ਆਵਾਜ਼ ਵੇਚੇਗਾ? ਫਿਰ ਉਸੇ ਪਲ ਉਸ ਦੇ ਕੰਨੀਂ ਮੀਤੇ ਦੀ ਰੋਣੀ ਅਵਾਜ਼ ਪਈ ਤੇਰੀ ਕਾਮਰੇਡੀ ਨੇ ਮੇਰੇ ਬੱਚੇ ਦੀ ਜਾਨ ਲੈ ਲੈਣੀ ਹੈ, ਉਹ ਅਜੇ ਸੋਚ ਹੀ ਰਿਹਾ ਸੀ ਕਿ ਨੌਜਵਾਨ ਨੇ ਖਿੱਚ ਕੇ ਜਬਰਦਸਤੀ ਉਸ ਨੂੰ ਕਾਰ ‘ਚ ਬਿਠਾ ਲਿਆ ਤੇ ਉਸ ਅੱਗੇ ਮਾਇਕ ਕਰ ਦਿੱਤਾ ਤੇ ਹੁਣ ਉਹ ਬੜਬੜੌਦਾ ਹੋਇਆ ਬੋਲ ਰਿਹਾ ਸੀ ‘‘ਭਰਾਵੋ, ਭੈਣੋ, ਪਹਿਲੀ ਸਰਕਾਰ ਨੇ ਸਾਡੇ ਗਰੀਬਾਂ ਲਈ ਕੁਝ ਨਹੀਂ ਕੀਤਾ। ਇਹ ਗਰੀਬ ਲੋਕਾਂ ਨੂੰ ਪੈਸੇ ਦੀ ਖਾਤਰ ਆਪਣੀ ਇੱਜ਼ਤ ਵੇਚਣੀ ਪੈਂਦੀ ਹੈ। ਜ਼ਮੀਰ ਵੇਚਣੀ ਪੈਂਦੀ ਹੈ, ਆਪਣੇ ਖਿਆਲ ਵੇਚਣੇ ਪੈਂਦੇ ਹਨ.ਜਿਨ੍ਹਾਂ ਦੇ ਖਰੀਦਦਾਰ ਕੌਣ ਹੁੰਦੇ ਹਨ? ਇਹ ਅਮੀਰ ਲੋਕ ਉਹ ਬੋਲ ਹੀ ਰਿਹਾ ਸੀ, ਉਸ ਨੌਜਵਾਨ ਨੇ ਉਸ ਨੂੰ ਰੋਕ ਕੇ ਉਸ ਦੇ ਕੰਮ ਵਿਚ ਕੁਝ ਕਿਹਾ ਤੇ ਫਿਰ ਉਹ ਕੁਝ ਹੋਰ ਬੋਲਣ ਲੱਗ ਗਿਆ। ਦੂਜੇ ਪਾਸੇ ਉਸਦਾ ਪਹਿਲਾ ਰਿਕਸ਼ਾ ਚਾਲਕ ਕਾਮਰੇਡਾਂ ਦੇ ਦਫਤਰ ਅੱਗੇ ਖੜ੍ਹਾ ਕਹਿ ਰਿਹਾ ਸੀ ਕਿ ਗਿੰਦਰ ਨੇ ਆਪਣਾ ਦਲ-ਬਦਲ ਲਿਆ ਹੈ।
ਧੁੱਪ
ਸਿਆਲ ਦੀ ਰੁੱਤੇ ਮੈਂ ਵੀ ਜੈਲਦਾਰਾਂ ਦੇ ਅਮਰੀਕ ਵਾਂਗੂੰ ਧੁੱਪੇ ਬੈਠਣਾ ਚਾਹੁੰਦਾ। ਇਸ ਕਰਕੇ ਮੈਂ ਮਾਂ ਨੂੰ ਹਰ ਰੋਜ਼ ਪੁੱਛਦਾ “ਮਾਂ ਆਪਣੇ ਵਿਹੜੇ ‘ਚ ਸਵੇਰੇ ਸਵੇਰੇ ਧੁੱਪ ਕਿਉਂ ਨਹੀਂ ਆਂਦੀ।’’ ਮਾਂ ਦਾ ਹਰ ਰੋਜ਼ ਇੱਕੋ ਜਵਾਬ ਹੁੰਦਾ, ਦੁਪਹਿਰੇ ਆਏਗੀ ਪੁੱਤਰ, ਜਦ ਸੂਰਜ ਸਿਰ ਤੇ ਆਏਗਾ।”
ਜਦ ਸੂਰਜ ਸਿਰ ਤੇ ਆਂਦਾ ਉਦੋਂ ਮੈਂ ਸਕੂਲ ਪੜ੍ਹ ਰਿਹਾ ਹੁੰਦਾ। ਜਦ ਮੈਂ ਸਕੂਲ ਵਾਪਸ ਘਰੇ ਆਂਦਾ ਤਾਂ ਸੂਰਜ ਢਲ ਚੁਕਿਆ ਹੁੰਦਾ। ਮੈਂ ਅਗਲੀ ਸਵੇਰ ਫੇਰ ਮਾਂ ਨੂੰ ਪੁੱਛਦਾ, “ਜ਼ੈਲਦਾਰਾਂ ਦੀ ਹਵੇਲੀ ’ਚ ਤਾਂ ਧੁੱਪ ਸਵੇਰੇ ਸਵੇਰੇ ਆ ਜਾਂਦੀ ਆ।” ਮਾਂ ਫੇਰ ਮੈਨੂੰ ਇੱਕ ਰਹੱਸਵਾਦੀ ਉੱਤਰ ਦੇ ਕੇ ਟਾਲ ਦਿੰਦੀ, ਇਸੇ ਕਰਕੇ ਤਾਂ ਪੁੱਤਰ ਆਪਣੇ ਵਿਹੜੇ ‘ਚ ਆਉਂਦੀ ਨਹੀਂ।
ਮੈਂ ਫੇਰ ਸਕੂਲ ਪੜ੍ਹਨ ਚਲਿਆ ਜਾਂਦਾ। ਸਾਰਾ ਦਿਨ ਸਕੂਲ ’ਚ ਬੈਠਿਆਂ ਸੋਚੀ ਜਾਂਦਾ, ਸਾਡੇ ਵਿਹੜੇ ‘ਚ ਸਵੇਰੇ ਧੁੱਪ ਕਿਉਂ ਨਹੀਂ ਆਂਦੀ। ਦੁਪਹਿਰੇ ਹੀ ਕਿਉਂ ਆਂ ਹੈ? ਪਰ ਇਸ ਸੋਚ ਦਾ ਉਦੋਂ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਜਦ ਮੈਂ ਵੱਡਾ ਹੋਇਆ ਇਸਦਾ ਕਾਰਣ ਮੈਨੂੰ ਉਦੋਂ ਪਤਾ ਲੱਗਿਆ। ਉਹ ਵੀ ਉਸ ਦਿਨ ਜਦ ਮੈਂ ਹਵੇਲੀ ਦੇ ਨਾਲ ਲੱਗਦੇ ਆਪਣੇ ਕੋਠੇ ‘ਤੇ ਖੜਿਆ ਪਤੰਗ ਉਡਾ ਰਿਹਾ ਸੀ, ਤਾਂ ਮੇਰਾ ਪਤੰਗ ਹਵੇਲੀ ਦੇ ਹਿਮਾਲਿਆ ਜਿੱਡੇ ਉੱਚੇ ਬਨੇਰੇ `ਚ ਜਾ ਅਟਕਿਆ। ਮੈਨੂੰ ਫੇਰ ਸਮਝ ਆਈ ਕਿ ਸਾਡੀ ਵਿਹੜੇ ਵਾਲੀ ਧੁੱਪ ਵੀ ਇੱਥੇ ਹੀ ਅਟਕੀ ਰਹਿੰਦੀ ਸੀ।
ਨੱਕੋ ਨੱਕ ਸਵਾਰੀਆਂ ਨਾਲ ਭਰੀ ਬੱਸ ਚਲਦੀ ਚਲਦੀ ਅਚਾਨਕ ਰੁਕ ਗਈ। ਤਾਕੀ ਖੋਲ੍ਹ ਕੇ ਕੰਡਕਟਰ ਥੱਲੇ ਉੱਤਰਿਆ ਤਾਂ ਅੱਗੇ ਟੈਕਸ ਇੰਸਪੈਕਟਰ ਦੀ ਜੀਪ ਖੜੀ ਸੀ।
ਕਿਉਂ ਉਏ! ਗੱਡੀ ਐਨੀ ਓਵਰ-ਲੋਡ ਕਿਉਂ ਕੀਤੀ ਏ? ਟਿਕਟਾਂ ਕੱਟੀਆਂ ਨੇ ਸਭ ਦੀਆਂ? ਤੈਨੂੰ ਚੈਕਿੰਗ ਦਾ ਕੋਈ ਡਰ ਨਹੀਂ?“ ਜੀਪ ਚੋਂ ਬਾਹਰ ਨਿਕਲਦੇ ਇੰਸਪੈਕਟਰ ਨੇ ਕੰਡਕਟਰ ਤੇ ਰੋਹਬ ਨਾਲ ਸੁਆਲਾਂ ਦੀ ਝੜੀ ਲਾ ਦਿੱਤੀ।
“ਜਨਾਬ! ਟਿਕਟਾਂ ਵੀ ਕੱਟੀਆਂ ਜਾਣਗੀਆਂ ਪਰ ਤੁਸੀਂ ਐਵੇਂ ਗਰਮੀ ‘ਚ ਕਿਉਂ ਆਉਂਦੇ ਹੋ ਇੰਸਪੈਕਟਰ ਉਹਦੇ ਵੱਲ ਹੋਰ ਘੂਰ ਘੂਰ ਕੇ ਦੇਖਣ ਲੱਗਾ। ”ਹੱ ਅ ਤਾਂ ਤੁਸੀਂ ਜ਼ਰਾ ਨਵੇਂ ਆਏ ਲੱਗਦੇ ਹੋ” ਕੰਡਕਟਰ ਨੇ ਹੌਲੀ ਜਿਹੇ ਵੀਹ ਦਾ ਨੋਟ ਕੱਢ ਇੰਸਪੈਕਟਰ ਵੱਧ ਵਧਾਉਂਦੇ ਬੜੇ ਠਰੰਮੇ ਨਾਲ ਕਿਹਾ।
“ਜਾਹ ਜਾਹ ਤੋਰ ਲੈ। ਏਨਾਂ ਪੁਛਣਾ ਤਾਂ ਸਾਡਾ ਫਰਜ਼ ਈ ਹੁੰਦਾ। ਤੇ ਨਾਲੇ ਫਿਰ ‘ਹਾਜ਼ਰੀ’ ਤਾਂ ਲਾਉਣੀ ਹੀ ਪੈਂਦੀ”, ਨੋਟ ਫੜ ਕੇ ਜੇਬ ’ਚ ਪਾਉਂਦੇ ਇੰਸਪੈਕਟਰ ਢਿੱਲਾ ਜਿਹਾ ਪੈ ਪਰ ਅਫਸਰੀ ਅੰਦਾਜ਼ ਨਾਲ ਕਹਿ ਰਿਹਾ ਸੀ।
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”