ਹਰ ਸਾਲ ਵਾਂਗ ਇਸ ਵਾਰ ਵੀ ਦੁਸਹਿਰਾ ਮਨਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਖੁਲੇ ਮੈਦਾਨ ਵਿਚ ਦਸ ਸਿਰ ਵਾਲਾ ਰਾਵਣ ਦਾ ਪੁਤਲਾ ਖੜਾ ਕੀਤਾ ਹੋਇਆ ਹੈ। ਇਹ ਦਸ ਸਿਰ ਰਾਵਣ ਦੀ ਸੱਤਾ ਦੀ ਤਾਕਤ ਦੇ ਪ੍ਰਤੀਕ ਹਨ। ਉਸਦੀ ਤਾਕਤ ਹੀ ਸੀ ਜੋ ਰਾਜਭਾਗ ਚਲਾ ਰਹੀ ਸੀ ਅਤੇ ਉਸਦੇ ਅਨਿਆਏ ਤੇ ਜਬਰ ਵਿਰੁੱਧ ਕਿਸੇ ਨੂੰ ਵੀ ਉਂਗਲ ਉਠਾਉਣ ਦੀ ਜੁਰਅਤ ਨਹੀਂ ਸੀ ਕਰਨ ਦਿੰਦੀ।
ਰਾਵਣ ਦੇ ਪੁਤਲੇ ਕੋਲ ਹੀ ਪੰਡਾਲ ਵਿਚ ਰੋਜ਼ਾਨਾ ਰਾਮਲੀਲਾ ਦਾ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਅੱਜ ਰਾਵਣ ਤੇ ਰਾਮ ਦੀ ਜਿੱਤ ਹੋਣ ਵਾਲੀ ਹੈ। ਮੈਦਾਨ ਦਰਸ਼ਕਾਂ ਨਾਲ ਭਰਿਆ ਹੋਇਆ ਹੈ ਤੇ ਚਾਰੇ ਪਾਸੇਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।
ਸ਼ਾਮ ਢਲ ਗਈ ਹੈ। ਦੁਸਹਿਰਾ ਕਮੇਟੀ ਨੇ ਰਾਵਣ ਦਾ ਪੁਤਲਾ ਸਾੜਨ ਲਈ ਚੁਣੀਦਾ ਦਸ ਸਿਆਸਤਦਾਨਾਂ ਨੂੰ ਬੁਲਾਇਆ ਹੋਇਆ ਹੈ ਜੋ ਮੰਚ ਤੇ ਬੈਠੇ ਮੇਲੇ ਦਾ ਨਜ਼ਾਰਾ ਤੱਕ ਰਹੇ ਹਨ ਅਤੇ ਸੂਰਜ ਦੇ ਡੁੱਬਣ ਦੀ ਉਡੀਕ ਵਿੱਚ ਹਨ ਤਾਂ ਜੋ ਰਾਵਣ ਨੂੰ ਜਲਾਇਆ ਜਾਵੇ।
ਸੂਰਜ ਦੇ ਥੱਲੇ ਹੁੰਦਿਆਂ ਹੀ ਖਾਸ ਮਹਿਮਾਨ ਰਾਵਣ ਨੂੰ ਜਲਾ ਦਿੰਦੇ ਹਨ। ਪੁਤਲੇ ਵਿੱਚ ਰੱਖੇ ਪਟਾਕੇ ਅਤੇ ਕੱਪੜਿਆਂ ਨੂੰ ਲੱਗੀ ਅੱਗ ਤਾਕਤਵਰ ਰਾਵਣ ਦੇ ਚੀਥੜੇ ਉਡਾ ਦਿੰਦੇ ਹਨ। ਦਸ ਸਿਰਾ ਰਾਵਣ ਮਾਰਿਆ ਜਾਂਦਾ ਹੈ ਤੇ ਰਾਮ ਦੀ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
‘ਇਹ ਕਿਹੋ ਜਿਹਾ ਮੇਲਾ ਹੈ, ਇਹ ਕਿਹੋ ਜਿਹਾ ਦੁਸਹਿਰਾ ਹੈ ਜਿੱਥੇ ਅਨਿਆਏ ਤੇ ਜਬਰ ਦੀ ਇਕ ਕੁੜੀ ਖਤਮ ਕੀਤੀ ਗਈ ਹੈ ਪਰ ਉਸ ਨੂੰ ਸਾੜਣ ਵਾਲੇ ਦਸ ਹੋਰ ‘ਰਾਵਣ ਆਪਣੀ ਤਾਕਤ ਦੇ ਨਸ਼ੇ ਵਿਚ ਝੂਮਦੇ ਪੰਡਾਲ ‘ਚੋਂ ਬਾਹਰ ਨਿਕਲ ਰਹੇ ਹਨ।
Bedtime stories in Punjabi Language
ਘਰ ਵਿੱਚ ਭਜਦੌੜ ਮੱਚੀ ਹੋਈ ਸੀ। ਬੱਚੇ ਸਕੂਲ ਜਾਣ ਤੋਂ ਲੇਟ ਹੋ ਰਹੇ ਸਨ। ਕਿਸੇ ਦੀਆਂ ਕਿਤਾਬਾਂ ਗੁਮ ਸਨ ਅਤੇ ਕਿਸੇ ਨੂੰ ਵਰਦੀ ਦੇ ਕੱਪੜੇ ਨਹੀਂ ਮਿਲ ਰਹੇ ਸੀ। ਇੰਜ ਜਾਪਦਾ ਸੀ ਕਿ ਬੱਚਿਆਂ ਨੂੰ ਅੱਜ ਭੁੱਖੇ ਹੀ ਜਾਣਾ ਪਵੇਗਾ। ਹਾਲੀ ਤੱਕ ਨਾਸਤੇ ਲਈ ਕੁੱਝ ਵੀ ਤਾਂ ਤਿਆਰ ਨਹੀਂ ਹੋਇਆ ਸੀ।
ਘਰ ਦਾ ਮਾਲਕ ਤਾਂ ਪਹਿਲਾਂ ਹੀ ਮਸਾਂ ਤਿਆਰ ਹੋਇਆ ਕਰਦਾ ਸੀ। ਅੱਜ ਦੀ ਤਿਆਰੀ ਤਾਂ ਉਸ ਲਈ ਵੱਡੀ ਮੁਸੀਬਤ ਬਣੀ ਹੋਈ ਸੀ। ਬੂਟ ਤਾਂ ਉਸ ਨੇ ਬਿਨਾਂ ਪਾਲਸ਼ ਕੀਤੇ ਹੀ ਪਾ ਲਏ ਸਨ ਪਰ ਉਹ ਟਾਈ ਤੋਂ ਬਿਨਾਂ ਕਿਵੇਂ ਜਾ ਸਕਦਾ ਸੀ। ਅੱਜ ਉਹ ਦਫਤਰ ਕੁਝ ਪਹਿਲਾਂ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਲੱਗ ਰਿਹਾ ਸੀ ਕਿ ਉਹ ਤਾਂ ਅੱਜ ਸਮੇਂ ਸਿਰ ਵੀ ਨਹੀਂ ਪਹੁੰਚ ਸਕੇਗਾ।
“ਮੈਂ ਕਿਹਾ ਅੱਜ ਤੂੰ ਉਠਣਾ ਨਹੀਂ, ਉੱਠ ਆਪਣਾ ਘਰ ਸੰਭਾਲ। ਵੇਖ ਤੇਰੇ ਇਸਤਰੀ ਦਿਨ ਦੇ ਨਾਲ, ਉਸ ਦੀ ਰਾਤ ਵੀ ਖਤਮ ਹੋ ਗਈ ਏ। ਮਰਦ ਦਿਨ ਦਾ ਸੂਰਜ ਸਾਲ ਭਰ ਚਮਕ ਲਈ ਫਿਰ ਚੜ ਗਿਆ ਏ।’ ਝੁੰਜਲਾਹਟ ਵਿੱਚ ਮਰਦ ਦੀ ਹੈਂਕੜ ਬੋਲ ਰਹੀ ਸੀ।
ਇਕ ਔਰਤ ਨੂੰ ਕੁਝ ਘਰੇਲੂ ਸਮੱਗਰੀ ਦੀ ਲੋੜ ਸੀ। ਉਸ ਦੀ ਮੰਗ ਦੀ ਪੂਰਤੀ ਕਰਨ ਉਪਰੰਤ ਦੁਕਾਨਦਾਰ ਨੇ ਉਪਹਾਰ ਸਰੂਪ ਉਸ ਨੂੰ ਇਕ ਖੂਬਸੂਰਤ ਕੈਲੰਡਰ ਭੇਟ ਕੀਤਾ। ਕੈਲੰਡਰ ਸ਼ਿਵ ਜੀ ਦਾ ਸੀ। ਵੇਖਦਿਆਂ ਜੀਅ ਲਲਚਾ ਗਿਆ। “ਵੀਰ ਜੀ ਮੈਂ ਸ਼ਿਵ ਜੀ ਦੀ ਪੁਜਾਰਣ ਹਾਂ” ਕਹਿ ਕੇ ਉਸ ਨੇ ਇਕ ਹੋਰ ਕੈਲੰਡਰ ਦੀ ਮੰਗ ਕਰ ਲਈ। ਦੁਕਾਨਦਾਰ ਬੜੀ ਹੀ ਦਿਆਲੂ ਜਿਹੀ ਕਿਸਮ ਦਾ ਆਦਮੀ ਸੀ। ਉਸ ਨੇ ਔਰਤ ਦੇ ਸ਼ਬਦਾਂ ਤੇ ਫੁੱਲ ਚੜਾਏ ਤੇ ਨਿਹਾਲ ਹੋ ਕੇ ਇਕ ਨਹੀਂ ਉਸ ਨੂੰ ਦੋ-ਦੋ ਕੈਲੰਡਰ ਦੇ ਦਿੱਤੇ।
ਖੁਸ਼ੀ-ਖੁਸ਼ੀ ਉਹ ਕੈਲੰਡਰ ਲੈ ਕੇ ਆਪਣੇ ਘਰ ਗਈ।
ਅਗਲੇ ਦਿਨ ਉਸ ਨੇ ਉਹੀ ਕੈਲੰਡਰ ਆਪਣੇ ਗੁਆਂਢੀਆਂ ਨੂੰ ਵੇਚ ਦਿੱਤੇ।
ਕਾਰ ਇੱਕ ਸ਼ਾਨਦਾਰ ਹੋਟਲ ਅੱਗੇ ਜਾ ਰੁਕੀ ਸੀ।
ਮਹਾਂਨਗਰ ਵਰਗੇ ਸ਼ਹਿਰ ਵਿੱਚ ਆਪਣੇ ਮਾਮੇ ਦੇ ਮੁੰਡੇ ਦੀ ਸ਼ਾਦੀ ਦੇ ਮੌਕੇ ਮੈਂ ਤੇ ਮੇਰੀ ਪਤਨੀਦੋ ਨਿੱਕੇ ਨਿੱਕੇ ਬੱਚਿਆਂ ਸਮੇਤ ਪਹੁੰਚੇ ਹੋਏ ਸਾਂ।
ਮਾਮਾ ਜੀ ਦੇ ਦੋ ਜਵਾਈ ਸਨ। ਛੋਟਾ ਮੀਸਣਾ ਸੀ, ਪਰ ਵੱਡਾ ਚੰਗਾ ਸੀ। ਕੰਮ-ਕਾਰ ਦੋਹਾਂ ਦੇ ਵਧੀਆ ਸਨ।
ਅਸੀਂ ਆਪਣੀਆਂ ਅਜੀਬੋ-ਗਰੀਬ ਜਿਹੀਆਂ ਗੱਲਾਂ ਕਰਦੇ ਤਾਂ ਉਹ ਸਾਰੇ ਬਿਲਕੁਲ ਹੀ ਨਾ ਹੱਸਦੇ, ਸਗੋਂ ਗੰਭੀਰ ਹੋ ਕੇ ਸਾਡੇ ਮੂੰਹਾਂ ਵੱਲ ਦੇਖਣ ਲੱਗਦੇ।
ਮਾਮੇ ਦੇ ਵੱਡੇ ਜਵਾਈ ਨਾਲ ਹੀ ਘੁੰਮਦੇ-ਫਿਰਦੇ ਕਾਫੀ ਕੁਵੇਲੇ ਜਿਹੇ ਇਸ ਆਲੀਸ਼ਾਨ ਹੋਟਲ ਵਿੱਚ ਜਾ ਪਹੁੰਚੇ ਸਾਂ। ਖਾਂਦੇ-ਪੀਂਦੇ ਲੋਕਾਂ ਦੀ ਖੂਬਸੂਰਤ ਭੀੜ ਸੀ। ਖਾਣੇ ਤੋਂ ਪਹਿਲਾਂ ਠੰਡੇ ਮੰਗਵਾ ਲਏ ਗਏ ਸਨ। ਖਾਣਾ ਬੇਸ਼ੱਕ “ਬੇਸੁਆਦਾ’ ਜਿਹਾ ਸੀ, ਪਰ ਪਰੋਸਿਆ ਸਲੀਕੇ ਨਾਲ ਗਿਆ ਸੀ। ਫਿਰ, ਇਸ ਦੇ ਖਾਣ ਦਾ ਢੰਗ ਵੀ ਨਵੀਨ ਕਿਸਮ ਦਾ ਸੀ, ਜਿਸ ਤੋਂ ਘੱਟੋ ਘੱਟ ਮੈਂ ਅਤੇ ਮੇਰੇ ਬਾਲ ਬੱਚੇ ਅਣਜਾਣ ਸਨ।
ਬੈਰੇ ਨੂੰ ਮੇਜ਼ ਵੱਲ ਆਉਂਦਾ ਦੇਖ ਕੇ ਮੈਂ ਜ਼ਰਾ ਕਾਹਲੀ ਨਾਲ ਕਹਿ ਦਿੱਤਾ ਸੀ, ਪੈਸੇ ਮੈਂ ਦਿਆਂਗਾ।”
ਪਰ ਮੈਂ ਦੇਖਿਆ ਸੀ, ਮਾਮੇ ਦੇ ਜਵਾਈ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਸੀ। ਮੈਂ ਕੁਝ ਝੇਪ ਜਿਹਾ ਗਿਆ ਸੀ, ਜਿਵੇਂ ਕਿਸੇ ਨੇ ਮੇਰੀ ਹੱਤਕ ਕਰ ਦਿੱਤੀ ਹੋਵੇ।
ਬਿੱਲ ਇੱਕ ਪਲੇਟ ਵਿੱਚ ਰੱਖਿਆ ਹੋਇਆ ਸੀ, ਜਿਹੜੀ ਕਿ ਬੈਰੇ ਨੇ ਮੇਜ਼ ਤੇ ਰੱਖ ਦਿੱਤਾ ਸੀ। ਮੈਂ ਟੇਢੀ ਨਜ਼ਰ ਮਾਰ ਕੇ ਦੇਖ ਲਿਆ ਸੀ। ਬਿੱਲ ਮੇਰੀ ਮਹੀਨੇ ਦੀ ਤਨਖਾਹ ਦੇ ਲਗਭਗ ਤੀਜੇ ਹਿੱਸੇ ਦੇ ਬਰਾਬਰ ਸੀ ਜਿਹੜਾ ਕਿ ਬਹੁਤ ਹੀ ਆਰਾਮ ਨਾਲ ਮਾਮੇ ਦੇ ਜਵਾਈ ਨੇ ਭਰ ਦਿੱਤਾ ਸੀ। ਉਸ ਨੇ ਬੈਰੇ ਨੂੰ “ਟਿੱਪ’ ਵੀ ਦਿੱਤੀ ਸੀ।
ਉਸ ਦਿਨ ਤੋਂ ਬਾਅਦ ਉਸ ਮੇਜ਼ਬਾਨ ਨਾਲ ਅਸੀਂ ਹੋਰ ਵੀ ਇੱਧਰ ਉਧਰ ਦੀ ਬਥੇਰੀ ਸੈਰ ਕੀਤੀ। ਹੋਟਲਾਂ ਵਿੱਚ ਵੀ ਜਾਂਦੇ ਰਹੇ ਅਤੇ ਸਿਨੇਮਾ ਘਰਾਂ ਵਿੱਚ ਵੀ। ਪਰ ਪਹਿਲੇ ਦਿਨ ਦੀ ‘ਪੈਸੇ ਮੈਂ ਦਿਆਂਗਾ’ ਵਾਲੀ ਅਸਲੀਅਤ ਨੂੰ ਮੈਂ ਦੁਬਾਰਾ ਤੁਕੱਲਫ ਵਜੋਂ ਵੀ ਨਾ ਦੁਹਰਾਇਆ।
ਹੜ੍ਹ/ਨੀਲਮ ਸੰਜੀਵ
‘ਮਾਂ ਉਹ ਪਿੰਡ ਦੀਆਂ ਕੁੜੀਆਂ, ਜਨਾਨੀਆਂ ਸਭ ਕਿੱਥੇ ਜਾ ਰਹੀਆਂ ਨੇ? ਤੇ ਉਨ੍ਹਾਂ ਨੇ ਚੁੱਕਿਆ ਕੀ ਆ?’
ਦੀਪੀ ਮਾਂ ਤੋਂ ਪੁੱਛ ਰਹੀ ਸੀ।
“ਧੀਏ ਉਹ ਗੁੱਡੀ ਫੂਕਣ ਚੱਲੀਆਂ।”
“ਕਿਉਂ, ਇਹਦੇ ਨਾਲ ਕੀ ਹੋਊ?”
‘ਕਹਿੰਦੇ ਨੇ ਅਜਿਹਾ ਕਰਨ ਤੇ ਮੀਂਹ ਪੈਂਦਾ ਆ।”
‘ਪਰ ਮਾਂ, ਇਹ ਤਾਂ ਨਕਲੀ ਗੁੱਡੀ ਆ।”
‘ਹਾਂ ਪੁੱਤਰ ਹੈ ਤਾਂ ਨਕਲੀ।
‘ਮਾਂ ਜੇ ਗੁੱਡੀ ਫੂਕਣ ਨਾਲ ਸਚਮੁਚ ਮੀਂਹ ਪੈਂਦਾ ਹੋਵੇ ਤਾਂ ਜਿਸ ਹਿਸਾਬ ਨਾਲ ਇੱਥੇ ਰੋਜ਼ ਜਿਉਂਦੀਆਂ ਜਾਗਦੀਆਂ ਹੱਸਦੀਆਂ ਤੇ ਖੇਡਦੀਆਂ ਗੁੱਡੀਆਂ ਫੂਕੀਆਂ ਜਾਂਦੀਆਂ ਨੇ ਉਸ ਹਿਸਾਬ ਨਲ ਮੀਂਹ ਤਾਂ ਕੀ ਇੱਥੇ ਹੜ੍ਹ ਆ ਜਾਣਾ ਸੀ।
ਸੰਤੂ
ਅੱਧਖੜ ਉਮਰ ਦਾ ਸਿਧਰਾ ਜਿਹਾ ਬੇ-ਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜ੍ਹਨ ਲੱਗਾ ਤਾਂ ਮੈਂ ਉਸਨੂੰ ਸੁਚੇਤ ਕੀਤਾ, ਧਿਆਨ ਨਾਲ ਚੜੀ। ਪੌੜੀਆਂ ‘ਚੋਂ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਆਂ। ਡਿੱਗ ਨਾ ਪਈ।
“ਚਿੰਤਾ ਨਾ ਕਰੋਜੀ! ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜ੍ਹਦਾ ਨਹੀਂ
ਡਿੱਗਦਾ।”
ਤੇ ਸਚਮੁਚ ਵੱਡੀਆਂ ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਫੌਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ।
ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, “ ਸੰਤੂ ਤੂੰ ਰੋਜ਼ ਆ ਕੇ ਪਾਣੀ ਭਰ ਜਿਆ ਕਰ।”
ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, “ਰੋਜ਼ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ। ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਪੀਂਦਾ। ਮੌਜਾਂ ਲੱਗ ਗਈਆਂ।”
ਉਸੇ ਦਿਨ ਨਹਿਰ ਵਿੱਚ ਪਾਣੀ ਆ ਗਿਆ ਤੇ ਟੂਟੀ ਵਿੱਚ ਵੀ।
ਅਗਲੀ ਸਵੇਰ ਪੌੜੀਆਂ ਚੜ੍ਹ , ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, “ ਹੁਣ ਤਾਂ ਲੋੜ ਨਹੀਂ। ਰਾਤ ਉੱਪਰ ਈ ਟੂਟੀ ‘ਚ ਪਾਣੀ ਆ ਗਿਆ ਸੀ।”
“ਨਹਿਰ `ਚ ਪਾਣੀ ਆ ਗਿਆ। ਸੰਤੂ ਨੇ ਹੌਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਨ ਲੱਗਾ। ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ਼ ਆਈ। ਮੈਂ ਭੱਜ ਕੇ ਦੇਖਿਆ। ਸੰਤੂ ਵਿਹੜੇ ਵਿੱਚ ਮੂਧੇ ਮੂੰਹ ਪਿਆ ਸੀ।
ਉਹ ਬਾਜ਼ਾਰ ‘ਚੋਂ ਲੰਘ ਰਿਹਾ ਸੀ। ਇਕ ਫੁੱਟਪਾਥ ਤੇ ਪਈਆਂ ਮੂਰਤੀਆਂ ਦੇਖ ਕੇ ਉਹ ਰੁਕ ਗਿਆ।
ਉਹ ਮੂਰਤੀ ਕਲਾ ਦਾ ਕਾਫ਼ੀ ਪ੍ਰੇਮੀ ਸੀ। ਉਹ ਉਹਨਾਂ ਵੱਲ ਵੱਧ ਗਿਆ।
ਫੁੱਟਪਾਥ ਤੇ ਪਈਆਂ ਉਹ ਖੂਬਸੂਰਤ ਮੂਰਤੀਆਂ। ਵਧੀਆ ਤਰਾਸ਼ੀਆਂ ਹੋਈਆਂ। ਰੰਗਾਂ ਦੇ ਸੁਮੇ ਲ ਵਿੱਚ, ਮੂਰਤੀ ਕਲਾ ਦਾ ਇਕ ਚੰਗਾ ਨਮੂਨਾ ਸਨ ਉਹ।
ਉਹ ਸੋਚ ਰਿਹਾ ਸੀ ਕਿ ਇਕ ਮੂਰਤੀ ਲੈ ਜਾਵੇ।
ਉਸ ਨੂੰ ਗੌਰ ਨਾਲ ਮੂਰਤੀਆਂ ਦੇਖਦੇ ਦੇਖ, ਮੂਰਤੀ ਵਾਲੇ ਨੇ ਕਿਹਾ, “ਲੈ ਜਾਓ ਸਾਬ, ਭਗਵਾਨ ਕ੍ਰਿਸ਼ਣ ਦੀ ਮੂਰਤੀ ਹੈ। ‘ਭਗਵਾਨ ਕ੍ਰਿਸ਼ਨ?” ਉਸ ਦੇ ਮੂੰਹੋਂ ਇਹ ਇਕ ਸਵਾਲੀਏ ਦੇ ਤੌਰ ਤੇ ਨਿਕਲਿਆ।
“ਹਾਂ ਸਾ ਬ! ਭਗਵਾਨ ਕ੍ਰਿਸ਼ਨ। ਆਪ ਤੋਂ ਹਿੰਦੂ ਹੈਂ, ਆਪ ਤੋ ਜਾਨਤੇ ਹੀ ਹੋਗੇ।”
ਉਹ ਖੜ੍ਹਾ ਮੂਰਤੀ ਵੱਲ ਦੇਖਦਾ ਰਿਹਾ। ਸੋਚਣ ਲੱਗਿਆ, ਇਹ ਮੂਰਤੀ ਤਾਂ ਆਦਮੀ ਨੂੰ ਹਿੰਦੂ ਬਣਾਉਂਦੀ ਹੈ।
‘ਸੋਚ ਕਿਆ ਰਹੇ ਹੋ, ਬਹੁਤ ਮਹਿੰਗੀ ਨਹੀਂ ਹੈ। ਪੈਕ ਕਰ ਤੂੰ ਸਾਬ। ਯੇ ਤੋ ਹਰ ਹਿੰਦੂ ਕੇ ਘਰ ਮੇਂ ਹੋਤੀ ਹੈ। ਮੂਰਤੀ ਵਾਲੇ ਨੇ ਕਿਹਾ।
‘ਨਹੀਂ ਚਾਹੀਦੀ, ਆਖ ਕੇ ਉਹ ਉਥੋਂ ਤੁਰ ਪਿਆ।
ਸਮਝ
ਹਰਨਾਮੇ ਦੇ ਚਾਰੇ ਮੁੰਡੇ ਸਰਵਿਸ ਕਰਦੇ ਸਨ। ਸਾਰੇ ਆਪਣੇ ਆਪਣੇ ਟੱਬਰਾਂ ਨੂੰ ਲੈ ਕੇ ਖਿੰਡ ਪੁੰਡ ਗਏ। ਹਰਨਾਮੇ ਦੀ ਕਿਸੇ ਵੀ ਮੁੰਡੇ ਨਾਲ ਦਾਲ ਨਾ ਗਲੀ। ਉਹ ਪਿੰਡ ਇਕੱਲਾ ਹੀ ਰਹਿ ਗਿਆ। ਆਖਰ ਉਸਦੀ ਇਕਲੌਤੀ ਧੀ ਉਸਨੂੰ ਆਪਣੇ ਪਾਸ ਲੈ ਗਈ। ਉਹ ਉਥੇ ਰਹਿਣ ਲੱਗ ਪਿਆ। ਉਸਦੀ ਧੀ ਦੇ ਦੂਜੀ ਕੁੜੀ ਨੇ ਜਨਮ ਲਿਆ ਤਾਂ ਹਰਨਾਮਾ ਬੜੀ ਨਮੋਸ਼ੀ ਨਾਲ ਧੀ ਨੂੰ ਦਿਲਾਸਾ ਦੇਣ ਲੱਗਿਆ,
ਧੀਏ ਰੱਬ ਨੇ ਬੜਾ ਮਾੜਾ ਕੀਤਾ, ਜੇ ਚੰਗਾ ਜੀਅ ਦੇ ਦਿੰਦਾ
ਧੀ ਨੇ ਟੋਕਦਿਆਂ ਅੱਗੋਂ ਝੱਟ ਕਿਹਾ, ਬਾਪੂ, ਹੁਣ ਕੀ ਤੂੰ ਆਪਣੇ ਪੁੱਤਾਂ ਕੋਲ ਹੀ ਰਹਿਨੈ?
ਉਹ ਨਿਮੋਸ਼ੇ ਚੇਹਰੇ ਸਮੇਤ ਆਪਣੇ ਪੰਜਵੀਂ ਸ਼੍ਰੇਣੀ ‘ਚੋਂ ਪਾਸ ਹੋਏ ਨਿੱਕੇ ਜਿਹੇ ਪੁੱਤਰ ਨੂੰ ਲੈ ਕੇ ਮੇਰੇ ਸਾਹਮਣੇ ਆ ਖੜ੍ਹੀ ਹੋਈ ਤੇ ਬੋਲੀ, “ਵੀਰ ਜੀ! ਮੇਰੇ ਇਸ ਪੁੱਤਰ ਨੂੰ ਛੇਵੀਂ ’ਚ ਦਾਖਲ ਕਰ ਲੋ।” ਮੈਂ ਇਕ ਬੱਝਵੀਂ ਨਜ਼ਰ ਉਸ ਇਸਤਰੀ ਵੱਲ ਤੇ ਡੂੰਘੀ ਨੀਝ ਨਾਲ ਉਸ ਦੇ ਪੁੱਤ ਵੱਲ ਤੱਕਿਆ ਤੇ ਦੱਬਵੀਂ ਆਵਾਜ਼ ‘ਚ ਕਿਹਾ, ਓਏ! ਤੇਰੇ ਪੈਰਾਂ ‘ਚ ਚੱਪਲ ਬਗੈਰਾ!
ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਮੁੰਡੇ ਦੀ ਮਾਂ ਬੋਲੀ, ‘ਵੀਰ ਜੀ! ਮੈਂ ਇਹਨੂੰ ਬਹੁਤ ਔਖਿਆਈ ਨਾਲ ਪੜ੍ਹਾ ਰਹੀ ਹਾਂ। ਇਹਦਾ ਪਿਉ ਸ਼ਰਾਬੀ ਸੀ। ਸਾਰੀ ਜ਼ਮੀਨ ਸ਼ਰਾਬ `ਚ ਉਡਾਤੀ। ਪਿਛਲੇ ਸਾਲ ਦੀ ਬਹੁਤੀ ਸ਼ਰਾਬ ਪੀ ਕੇ ਮਰ ਗਿਆ। ਉਹ ਤਾਂ ਖਹਿੜਾ ਛੁਡਾ ਗਿਆ! ਐਨੀ ਮਹਿੰਗਾਈ ’ਚ ਪੰਜ ਜੀਆਂ ਦੇ ਟੱਬਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦੈ! ਮੈਂ ਮਾੜਾ-ਮੋਟਾ ਕੱਪੜੇ ਸਿਊਣ ਦਾ ਕੰਮ ਕਰਕੇ ਘਰ ਦਾ ਤੋਰਾ ਤੋਰਦੀ ਆਂ। ਉਂਝ ਚੰਦਰਾ ਪਣ ਨੂੰ ਚੰਗੈ। ਐਨਾ ਕਹਿ ਉਹ ਕਿਸੇ ਡੂੰਘੀ ਉਦਾਸੀ ਵਿਚ ਉਤਰ ਗਈ।
ਲਿਆ ਦੇਖਾਂ ਤੇਰਾ ਅੰਕ-ਬਿਊਰਾ ਮੈਂ ਕਹਿੰਦਿਆਂ ਮੁੰਡੇ ਦੇ ਹੱਥ ‘ਚ ਫੜਿਆ ਸਰਟੀਫ਼ਿਕੇਟ ਲੈ ਕੇ ਵੇਖਿਆ। ਉਹ ਸੱਚ ਮੁੱਚ ਹੀ ਵਾਹਵਾ ਚੰਗੇ ਅੰਕਾਂ ਵਿਚ ਪਾਸ ਸੀ। ਮੇ ਰੇ ਮਨ ਵਿਚ ਉਸ ਬੱਚੇ ਦੇ ਭਵਿੱਖ ਪ੍ਰਤੀ ਕਈ ਪ੍ਰਸ਼ਨ ਉਭਰੇ।
ਵੀਰ ਜੀ! ਮੈਨੂੰ ਤਾਂ ਏਹੋ ਚਿੰਤਾ ਵੱਢ ਵੱਢ ਖਾਈ ਜਾ ਰਹੀ ਐ ਕਿ ਕਿਤੇ ਇਹ ਵੀ ਆਪਣੇ ਪਿਉ ਵਰਗਾ ਈ ਨਾ ਬਣ ਜਾਵੇ। ਚਾਰ ਅੱਖਰ ਪੜਕੇ ਕਿਸੇ ਮਾੜੀ ਮੋਟੀ ਨੌਕਰੀ ‘ਤੇ ਲੱਗ ਜ। ਬੱਸ ਮੈਨੂੰ ਤਾਂ ਇਹਦੀ ਜ਼ਿੰਦਗੀ ਦਾ ਫ਼ਿਕਰ ਐ। ਫੇਰ ਏਨਾ ਕਹਿ ਉਹ ਧਰਤੀ ਵੱਲ ਤੱਕਣ ਲੱਗ ਪਈ। | ਇਕ ਮਾਂ ਦੀ ਆਪਣੇ ਪੁੱਤਰ ਦੇ ਭਵਿੱਖ ਪ੍ਰਤੀ ਰੀਝ ਨੂੰ ਮਹਿਸੂਸ ਕਰਦਿਆਂ ਮੈਂ ਦਿਲਬਰੀ ਦਿੰਦੇ ਹੋਏ ਕਿਹਾ, ਕੋਈ ਨੀਂ ਭੈਣ ਜੀ! ਤੁਸੀਂ ਫਿਕਰ ਨਾ ਕਰੋ। ਹੁਣ ਮੈਂ ਇਹਦੀਆਂ ਕਿਤਾਬਾਂ ਤੇ ਕੱਪੜਿਆਂ ਦਾ ਪ੍ਰਬੰਧ ਖੁਦ ਕਰਿਆ ਕਰਾਂਗਾ।
ਮੈਂ ਮਨ ਹੀ ਮਨ ਵਿਚ ਉਸ ਮਾਂ ਅੱਗੇ ਆਪਣਾ ਸੀਸ ਝੁਕਾ ਦਿੱਤਾ।
ਪਿੱਠ
ਬਲਵਿੰਦਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. ਪੰਜਾਬੀ ਕਰ ਰਹੀ ਸੀ। ਜਿਸ ਮੁੰਡੇ ਨਾਲ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਉਹ ਮਸਾਂ ਦੱਸਵੀਂ ਪਾਸ ਸੀ। ਵੈਸੇ ਮੁੰਡਾ ਸੋਹਣਾ, ਸੁਨੱਖਾ ਅਤੇ ਉੱਚਾ ਲੰਬਾ ਸੀ। ਬਲਵਿੰਦਰ ਦੇ ਨਾਂਹ ਨੁੱਕਰ ਕਰਦਿਆਂ ਉਸ ਦਾ ਵਿਆਹ ਉਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ। ਵਿਆਹ ਦੇ ਕਾਰਡ ਛਪਾ ਲਏ ਗਏ। ਨਾਈ ਨੂੰ ਪਿੰਡ ਵਿਚ ਵਿਆਹ ਦੇ ਕਾਰਡ ਵੰਡਣ ਲਈ ਦੇ ਦਿੱਤੇ ਗਏ, ਪਰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਬਲਵਿੰਦਰ ਦਾ ਡੈਡੀ ਜਰਨੈਲ ਸਿੰਘ ਵਿਆਹ ਦਾ ਕਾਰਡ ਆਪ ਲੈ ਕੇ ਗਿਆ। ਵਿਆਹ ਦਾ ਕਾਰਡ ਸਕੂਲ ਮੁਖੀ ਨੂੰ ਫੜਾਂਦਿਆਂ ਜਰਨੈਲ ਸਿੰਘ ਨੇ ਕਿਹਾ, “ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ, ਮੈਂ ਸੋਚਿਆ,ਉਸ ਦੇ ਵਿਆਹ ਦਾ ਕਾਰਡ ਮੈਂ ਆਪ ਦੇ ਕੇ ਆਉਨਾਂ। ਤੁਹਾਡੇ ਸਕੂਲੋਂ ਪੜੀ ਜੂ ਹੋਈ।
ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਪੁੱਛਿਆ, “ਮੁੰਡਾ ਕਿੰਨਾ ਕੁ ਪੜਿਆ ਹੋਇਐ ਅਤੇ ਕੀ ਕਰਦੈ?”
“ਸਾਹਿਬ ਜੀ ਮੁੰਡਾ ਦਸਵੀਂ ਪਾਸ ਐ ਤੇ ਆਪਣੇ ਡੈਡੀ ਨਾਲ ਖੇਤੀ ਕਰਦੈ।”
“ਪਰ ਏਨੇ ਥੋੜੇ ਪੜੇ ਮੁੰਡੇ ਨਾਲ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਐ? ਨਾਲੇ ਕਹਿੰਦੇ ਤੁਹਾਡੀ ਬਲਵਿੰਦਰ ਤਾਂ ਐਮ.ਏ. ਕਰਦੀ ਐ।”
“ਸਾਹਿਬ ਜੀ, ਮੁੰਡਾ ਪੜਿਆ ਚਾਹੇ ਘੱਟ ਐ। ਪਰ ਉਸ ਦੀ ਪਿੱਠ ਬੜੀ ਮਜ਼ਬੂਤ ਐ। ਉਸ ਦੀਆਂ ਦੋ ਭੈਣਾ ਜਰਮਨ ਚ ਐ। ਮੁੰਡੇ ਦਾ ਜਰਮਨ ਜਾਣ ਦਾ ਹੁੱਕਾ ਲੱਗ ਸਕਦੈ। ਜੇ ਨਾ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ। ਮੁੰਡੇ ਦੇ ਹਿੱਸੇ ਪੂਰੇ ਪੰਦਰਾਂ ਕਿੱਲੇ ਜ਼ਮੀਨ ਦੇ ਆਂਦੇ ਐ।” ਇਹ ਕਹਿ ਕੇ ਜਰਨੈਲ ਸਿੰਘ ਛੇਤੀ ਨਾਲ ਸਕੂਲ ਮੁਖੀ ਦੇ ਦਫਤਰ ਵਿੱਚੋਂ ਬਾਹਰ ਆ ਗਿਆ।
ਡਾ. ਮਲਹੋਤਰਾ ਸਵੇਰੇ ਮੰਦਿਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ ‘ਤੇ ਖੜ੍ਹੇ ਸੀ। ਹੱਥ ਵਿਚ ਅਖਬਾਰ, ਦਮਕਦਾ ਚਿਹਰਾ ਤੇ ਪੂਰੇ ਖੁਸ਼। ਉਹਨਾਂ ਮਾਂ ਨੂੰ ਏਨਾ ਖੁਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ, ਝਟਪਟ ਕਾਰ ਖੜੀ ਕਰਕੇ ਉਸ ਵੱਲ ਵਧੇ।
ਵੇ ਪੁੱਤ! ਵਧਾਈਆਂ, ਭਗਵਾਨ ਨੇ ਮੇਰੀ ਝੋਲੀ ‘ਚ ਬਹੁਤ ਵੱਡੀ ਖੁਸ਼ੀ ਪਾਈ ਐ, ਵੇ ਜਿਉਂਦਾ ਰਹੁ ਬੱਚਿਆ!
“ਕੁਝ ਦੱਸੋਂ ਵੀ, ਕਿਹੜੀ ਖੁਸ਼ੀ ਨੇ ਮੇਰੀ ਮਾਂ ਨੂੰ”
“ਲੈ ਜਿਵੇਂ ਪਤਾ ਈ ਨੀ ਆਪਣੀ ਕਮਲ” ਸਾਹੋ-ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ ਵਿੱਚ ਲੈ ਲਿਆ, ਆਪਣੀ ਕਮਲ ਆਈ.ਏ.ਐਸ. ਵਿਚ ਸੈਕਿੰਡ ਆਈ ਐ` ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਚਣ ਹੀ ਲੱਗ ਪਈ।
ਬੀ ਜੀ! ਤੁਹਾਨੂੰ ਵੀ ਬਹੁਤ ਵਧਾਈਆਂ..ਸਭ ਤੁਹਾਡੀਆਂ ਅਸੀਸਾਂ ਦਾ ਫਲ ਐ? ਡਾਕਟਰ ਤੇ ਮਿਸਿਜ਼ ਮਲਹੋਤਰਾ ਮਾਂ ਦੇ ਪੈਰਾਂ ਉਤੇ ਝੁਕ ਗਏ।
ਮਾਂ ਨੇ ਫਿਰ ਪੁੱਤਰ ਨੂੰ ਜੱਫੀ ਪਾ ਲਈ, ਪੁੱਤਰ ਨੇ ਹੌਲੀ ਜਿਹੀ ਮਾਂ ਦੇ ਕੰਨ ਵਿਚ ਕਿਹਾ, ਜਿਸ ਦਿਨ ਕਮਲ ਜੰਮੀ ਸੀ, ਉਸ ਦਿਨ ਤਾਂ ਬੀ ਜੀ! ਤੁਸੀਂ ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ ਯਾਦ ਐ?
ਪਰ ਮਾਂ ਉਸੇ ਲੋਰ ਵਿਚ ਬੋਲੀ, ਭਗਵਾਨ ਵੀ ਪਹਿਲਾਂ ਪੱਥਰ ਹੀ ਹੁੰਦੈ, ਉਸ ਨੂੰ ਘੜਤਰਾਸ਼ ਕੇ ਪੂਜਣਯੋਗ ਬਣਾ ਲਿਆ ਜਾਂਦੈ।
ਮਨਪਸੰਦ ਦਾ ਘਰ ਸ਼ਰਨਜੀਤ ਦਾ ਬਚਪਨ ਤੋਂ ਹੀ ਸੁਪਨਾ ਸੀ। ਬਚਪਨ ਤੋਂ ਜਵਾਨੀ, ਤੇ ਜਵਾਨੀ ਚ ਸ਼ਾਦੀ ਹੋ ਜਾਣ ਪਿੱਛੋਂ ਉਸਦਾ ਸੁਪਨਾ ਵਾਰ-ਵਾਰ ਉਸਦੇ ਮਸਤਕ `ਚ ਦਸਤਕ ਦਿੰਦਾ ਰਿਹਾ। ਉਹ ਤੇ ਉਸਦਾ ਪਤੀ ਘਰ ਦੀ ਪ੍ਰਾਪਤੀ ਲਈ ਪੈਸਾ ਜੋੜਨ ਦੀ ਕੋਸ਼ਿਸ਼ ਕਰਦੇ ਪਰ ਬੈਂਕ ਬੈਲੈਂਸ ਉੱਥੇ ਦਾ ਉੱਥੇ ਹੀ ਰਹਿੰਦਾ। ਬੱਚਿਆਂ ਦੀ ਪਾਲਣਾ, ਪੜ੍ਹਾਈ, ਵਿਆਹ ਆਦਿ ਦੇ ਖ਼ਰਚਿਆਂ ਨੇ ਉਨ੍ਹਾਂ ਦੇ ਹੱਥ ਬੰਨੀ ਰੱਖੇ। ਉਹ ਮਕਾਨ ਤਾਂ ਬਦਲਦੇ ਰਹੇ ਪਰ ਘਰ ਨਸੀਬ ਨਾ ਹੋਇਆ। ਕਿਰਾਏ ਦੇ ਘਰਾਂ ਵਿਚ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਇਹ ਮਕਾਨ ਉਸ ਨੂੰ ਕਦੀ ਵੀ ਘਰ ਨਾ ਲੱਗਦੇ।
‘ਆਪਣੇ ਘਰ ਮੈਂ ਮਨ ਪਸੰਦ ਦਾ ਰੰਗ ਕਰਵਾ ਸਕਾਂਗੀ। ਜਿਸ ਦੀਵਾਰ ਤੇ ਚਾਹਾਂ ਮੇਖਾਂ ਲਗਾ ਕੇ ਫ਼ੋਟੋਆਂ ਟੰਗ ਸਕਾਂਗੀ। ਲੋੜ ਮੁਤਾਬਕ ਅਲਮਾਰੀਆਂ, ਖੁਲੀ ਰਸੋਈ ਤੇ ਬਾਥਰੂਮ ਬਣਵਾ ਸਕਾਂਗੀ। ਹੋਰ ਤਾਂ ਹੋਰ ਆਪਣੇ ਘਰ ਵਿਚ ਜਿਵੇਂ ਮਰਜ਼ੀ ਰਹਿ ਸਕਾਂਗੀ, ਜੋ ਚਾਹਾਂ ਕਰ ਸਕਾਂਗੀ। ਉੱਚੀ ਉੱਚੀ ਬੋਲਾਂਗੀ, ਨੱਚਾਂਗੀ, ਗਾਵਾਂਗੀ ਸ਼ੋਰ ਮਚਾਵਾਂਗੀ ਤੇ ਜਿਵੇਂ ਜੀ ਕਰੂ ਖਰੂਦ ਪਾਵਾਂਗੀ। ਕੋਈ ਮੈਨੂੰ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ। ਮਕਾਨ ਮਾਲਕਾਂ ਦੀਆਂ ਬੰਦਸ਼ਾਂ ਤੇ ਰੋਕਾਂ ਤੋਂ ਮੁਕਤ ਮੈਂ ਆਪਣੀ ਮਰਜੀ ਦੇ ਮਾਲਕ ਹੋਵਾਂਗੀ।
ਸ਼ਰਨਜੀਤ ਆਪਣੇ ਨਵੇਂ ਬਣਾਏ ਵਧੀਆ ਘਰ ਦੇ ਲਾਅਨ ਵਿਚ ਚਹਿਲ ਕਦਮੀ ਕਰਦੀ, ਬਚਪਨ ਦੇ ਸੁਪਨੇ ਨੂੰ ਯਾਦ ਕਰ ਰਹੀ ਸੀ। ਇਹ ਘਰ ਉਨ੍ਹਾਂ ਨੂੰ ਸੇਵਾ ਮੁਕਤੀ ਦੇ ਮਿਲੇ ਪੈਸਿਆਂ ਕਰਕੇ ਹੀ ਸੰਭਵ ਹੋ ਸਕਿਆ ਸੀ।
ਹੁਣ ਉਹ ਖ਼ੁਸ਼ ਹੈ ਕਿ ਇਹ ਨਵਾਂ ਮਕਾਨ ਉਸ ਦਾ ਆਪਣਾ ਘਰ ਹੈ। ਨਰਮ ਨਰਮ ਘਹ ਤੇ ਚਹਿਲ ਕਦਮੀ ਕਰਨਾ ਉਸਨੂੰ ਚੰਗਾ ਚੰਗਾ ਲੱਗਦਾ ਹੈ। ਉਹ ਅੰਤਰੀਵ ਖ਼ੁਸ਼ੀ ਵਿਚ ਮਸਤ ਹੈ। ਇਸੇ ਮਸਤੀ ਦੇ ਆਲਮ ਵਿਚ, ਉਸਨੇ ਕਿਸੇ ਗੀਤ ਦਾ ਮੁੱਖੜਾ, ਉੱਚੀ ਸੁਰ ਵਿਚ ਛੋਹ ਲਿਆ ਹੈ।
“ਮੰਮੀ ਪਲੀਜ਼! ਚੁੱਪ ਕਰੋ, ਉਸਦੇ ਪੁੱਤਰ ਨੇ ਅੰਦਰੋਂ ਚੀਕਦਿਆਂ ਕਿਹਾ”
“ਰੌਲਾ ਸੁਣਕੇ ਮੁੰਨੀ ਜਾਗ ਪਵੇਗੀ।”
ਉਹ ਚੁੱਪ ਕਰ ਗਈ। ਉਸਦੇ ਅੰਦਰੋਂ ਇਕ ਚੀਸ ਜਿਹੀ ਉੱਠੀ, ਮੇਰਾ ਗੁਣਗਣਾਉਣਾ ਵੀ ਬੱਚਿਆਂ ਨੂੰ ਰੌਲਾ ਲਗਦਾ ਹੈ।
ਦਰਦ ਭਰੇ ਮਨ ਨਾਲ ਉਹ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਵਿਡੰਬਣਾ ਹੈ ਕਿ ਮੈਂ ਆਪਣੇ ਘਰ ਵਿਚ ਉੱਚੀ ਵਾਜ ਵੀ ਨਹੀਂ ਕੱਢ ਸਕਦੀ। ਪੈਰਾਂ ਹੇਠਲਾ ਨਰਮ ਨਰਮ ਘਾਹ ਉਸਨੂੰ ਸੂਲਾਂ ਵਾਂਗ ਚੁੱਭਣ ਲੱਗਾ। ਟੁੱਟਦੇ ਸੁਪਨੇ ਦਾ ਹੌਕਾ ਭਰਦਿਆਂ ਉਸਨੇ ਆਪਣੇ ਆਪ ਨੂੰ ਕਿਹਾ, ‘‘ਮੈਂ ਤਾਂ ਅੱਜ ਵੀ ਆਪਣੇ ਘਰ ਨਹੀਂ, ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹਾਂ!”
ਸੜਕ ਕਿਨਾਰੇ ਖੜੀ ਫਰੂਟ ਦੀ ਰੇਹੜੀ ਕੋਲ ਜਦੋਂ ਮੈਂ ਮੋਟਰ ਸਾਈਕਲ ਰੋਕੀ ਤਾਂ ਉਥੇ ਇੱਕ ਅਧੇੜ ਉਮਰ ਦੀ ਔਰਤ ਅਤੇ ਇੱਕ ਸੁਨੱਖੀ ਮੁਟਿਆਰ ਵੀ ਫਲ ਖੀਦ ਰਹੀਆਂ ਸਨ। ਮੈਂ ਵੀ ਕੁਝ ਸੇਬ ਚੁਨਣ ਲੱਗਾ। ਇੰਨੇ ਵਿਚ ਔਰਤ ਨੇ ਇਕ ਰਿਕਸ਼ੇ ਵਾਲੇ ਨੂੰ ਅਵਾਜ਼ ਦਿੱਤੀ ਅਤੇ ਕਹਿਣ ਲੱਗੀ, ਸੁਲਤਾਨਵਿੰਡ ਰੋਡ ਟਾਹਲੀ ਵਾਲੇ ਚੌਕ ਦੇ ਕਿੰਨੇ ਪੈਸੇ। ਅੱਠ ਰੁਪਏ ਬੀਬੀ ਜੀ ਰਿਕਸ਼ੇ ਵਾਲੇ ਦਾ ਉੱਤਰ ਸੀ। ਕੋਈ ਅੱਠ ਉਠ ਨਹੀਂ ਮਿਲਣੇ, ਪੰਜ ਰੁਪਏ ਦੇ ਵਾਂਗੀ। ਔਰਤ ਨੇ ਕਿਹਾ। ਮੈਂ ਉਨ੍ਹਾਂ ਦੀ ਵਾਰਤਾਲਾਪ ਸੁਣ ਰਿਹਾ ਸਾਂ। ਮੈਂ ਔਰਤ ਨੂੰ ਕਿਹਾ ‘‘ਭੈਣ ਜੀ ਮੈਂ ਉਧਰ ਹੀ ਜਾਣਾ ਹੈ, ਤੁਸੀਂ ਮੇਰੇ ਨਾਲ ਬੈਠ ਸਕਦੇ ਹੋ।’’ ਜਾਹ ਭਰਾ ਜਾਹ ਕੰਮ ਕਰ। ਔਰਤ ਦਾ ਖਵਾ ਉੱਤਰ ਸੁਣ ਕੇ ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸਾਂ। ਮੈਂ ਮੋਟਰ ਸਾਈਕਲ ਸਟਾਰਟ ਕਰ ਚੱਲਣ ਹੀ ਲੱਗਾ ਸੀ ਕਿ ਕੋਲ ਖੜੀ ਮੁਟਿਆਰ ਮੋਟਰ ਸਾਈਕਲ ਪਿੱਛੇ ਬੈਠਦੀ ਕਹਿਣ ਲੱਗੀ “ਅੰਕਲ ਜੀ ਚਲੋ ਮੈਂ ਵੀ ਉਧਰ ਹੀ ਜਾਣਾ ਹੈ। ਮੇਰੀ ਸ਼ਰਮਿੰਦਗੀ ਖਤਮ ਹੋ ਚੁੱਕੀ ਸੀ।