ਉਸ ਦਿਨ ਵੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਮਨ ਵਿਚ ਨਾਲਦੀ ਨੂੰ ਕੋਸਦਾ ਹੋਇਆ ਨੁੱਕਰ ਤੇ ਬਣੇ ਖੋਖੇ ਤੇ ਆਣ ਬੈਠਾ..!
ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਬਿਨਾ ਕੋਈ ਖਬਰ ਪੜੇ ਪਰਾਂ ਵਗਾਹ ਮਾਰੀ..
“ਏਨੀ ਠੰਡ ਵਿਚ ਬਾਹਰ ਚਾਹ ਪੀ ਰਿਹਾ ਏਂ ਪੁੱਤ”..ਕਿਧਰੋਂ ਅਵਾਜ ਪਈ
ਉਸਨੇ ਧੋਣ ਘੁਮਾਂ ਕੇ ਦੇਖਿਆ..ਪਿਛਲੇ ਬੇਂਚ ਤੇ ਬੈਠੇ ਚਿੱਟੀ ਦਾਹੜੀ ਵਾਲੇ ਬਾਬਾ ਜੀ ਉਸ ਨਾਲ ਮੁਖਾਤਿਬ ਸਨ!
“ਤੁਸੀਂ ਵੀ ਤੇ ਪੀ ਹੀ ਰਹੇ ਓ..ਇਸ ਵਿਚ ਕਿਹੜੀ ਅਜੀਬ ਗੱਲ ਏ”
“ਜੁਆਨਾਂ ਮੈਂ ਰਿਹਾ ਕੱਲਾ ਕਾਰਾ..ਨਾ ਕੋਈ ਅੱਗੇ ਤੇ ਨਾ ਪਿੱਛੇ..ਪਰ ਤੂੰ ਤੇ ਵਿਆਹਿਆ ਵਰਿਆ ਪਰਿਵਾਰ ਵਾਲਾ ਲੱਗਦਾ ਏਂ “?
“ਕੀ ਦੱਸਾਂ ਬਾਬਿਓ..ਘਰਦੀ ਜੀਣ ਨੀ ਦਿੰਦੀ..ਹਰ ਵੇਲੇ ਦਾ ਕਲਾ ਕਲੇਸ਼..ਚੋਵੀ ਘੰਟੇ ਦੀ ਕਿਚ-ਕਿਚ..ਚਾਹ ਬਾਹਰ ਨਾ ਪੀਵਾਂ ਤਾਂ ਹੋਰ ਕੀ ਕਰਾਂ..ਤੁਸੀਂ ਆਪ ਹੀ ਦੱਸੋ”
ਇਸ ਵਾਰ ਬਜ਼ੁਰਗ ਥੋੜਾ ਸੰਜੀਦਾ ਜਿਹੇ ਹੋ ਗਏ..
ਆਖਣ ਲੱਗੇ “ਜਿਉਣ ਨਹੀਂ ਦਿੰਦੀ..ਕਮਲਿਆਂ ਜਿੰਦਗੀ ਹੀ ਨਾਲਦੀ ਨਾਲ ਹੁੰਦੀ ਏ..ਦੁੱਖ-ਸੁਖ ਵੇਲੇ ਹੋਰ ਕੋਈ ਲਾਗੇ ਨਹੀਓਂ ਲੱਗਦਾ..ਪੂਰੇ ਅੱਠ ਵਰੇ ਹੋ ਗਏ ਨੇ ਗਈ ਨੂੰ..ਜਦੋਂ ਜਿਉਂਦੀ ਸੀ..ਕਦੇ ਕਦਰ ਨੀ ਪਾਈ..ਹੁਣ ਚਲੀ ਗਈ ਏ ਤਾਂ ਕਰਮਾ ਵਾਲੀ ਦਾ ਚੇਤਾ ਈ ਨੀ ਭੁੱਲਦਾ..ਖਾਲੀ ਘਰ ਖਾਣ ਨੂੰ ਦੌੜਦਾ..ਧੀਆਂ ਪੁੱਤ ਸਾਕ ਸਬੰਦੀ ਸਭ ਆਪੋ ਆਪਣੀ ਜਿੰਦਗੀ ਵਿਚ ਮਸਤ ਨੇ..ਕਿਸੇ ਕੋਲ ਦੋ ਘੜੀਆਂ ਕੋਲ ਬੈਠ ਗੱਲ ਕਰਨ ਦਾ ਟਾਈਮ ਹੈਨੀ..ਆਪਣਾ ਘਰ ਏ..ਪੈਸੇ ਧੇਲੇ ਦੀ ਕੋਈ ਕਮੀਂ ਨਹੀਂ..ਪਰ ਫੇਰ ਵੀ ਸਾਰੀ ਦਿਹਾੜੀ ਕਦੀ ਮਨ ਟਿਕਦਾ ਹੀ ਨਹੀਂ..ਅਸਲ ਵਿਚ ਉਸਦੇ ਜਾਣ ਮਗਰੋਂ ਹੀ ਇਹ ਇਹਸਾਸ ਹੋਇਆ ਕੇ ਧੜਕਣ ਸੀ ਉਹ ਮੇਰੀ ਵੀ ਤੇ ਮੇਰੇ ਰੈਣ ਬਸੇਰੇ ਦੀ ਵੀ..ਉਸਦੇ ਜਾਣਂ ਮਗਰੋਂ ਆਲ੍ਹਣੇ ਵੀ ਸੁੰਨੇ ਹੋ ਗਏ ਮੇਰੇ ਵੇਹੜੇ ਦੇ ਰੁੱਖਾਂ ਦੇ..ਸਾਰਾ ਕੁਝ ਇੱਕੋ ਝਟਕੇ ਵਿਚ ਬੇਜਾਨ ਜਿਹਾ ਕਰ ਗਈ..!
ਹੁਣ ਬਜ਼ੁਰਗ ਦੇ ਦਿਲ ਵਿਚੋਂ ਬਿਰਹੋ ਵਾਲੀ ਵੇਦਨਾ ਸਮੁੰਦਰ ਬਣ ਅੱਖੀਆਂ ਵਿਚੋਂ ਵਗਦੀ ਹੋਈ ਸਾਫ ਸਾਫ ਨਜਰ ਆ ਰਹੀ ਸੀ..!
ਉਹ ਇੱਕਦੰਮ ਝਟਕੇ ਨਾਲ ਉਠਿਆ..ਚਾਹ ਦਾ ਅੱਧ ਭਰਿਆ ਗਿਲਾਸ ਥੱਲੇ ਰੱਖਿਆ..ਪੈਸੇ ਦਿੱਤੇ..ਬਜ਼ੁਰਗਾਂ ਵੱਲ ਇੱਕ ਨਜਰ ਜਿਹੀ ਭਰ ਕੇ ਦੇਖਿਆ ਅਤੇ ਫੇਰ ਵਾਹੋ ਦਾਹੀ ਘਰ ਵੱਲ ਨੂੰ ਹੋ ਤੁਰਿਆ..!
ਚਿੰਤਾ ਦੇ ਸਮੁੰਦਰ ਵਿਚ ਡੁੱਬੀ ਹੋਈ ਫ਼ਿਕਰਮੰਦ ਨਾਲਦੀ ਬਰੂਹਾਂ ਤੇ ਖਲੋਤੀ ਉਸਨੂੰ ਉਡੀਕ ਰਹੀ ਸੀ
“ਏਨਾ ਗੁੱਸਾ ਵੀ ਕਾਹਦਾ..ਜਾਣ ਲਗਿਆ ਤੁਸਾਂ ਨਾ ਜੈਕਟ ਪਾਈ ਤੇ ਨਾ ਹੀ ਜੁਰਾਬਾਂ..ਜੇ ਠੰਡ ਲੱਗ ਜਾਂਦੀ ਤਾਂ..”
“ਤੂੰ ਵੀ ਤੇ ਪਤਾ ਨਹੀਂ ਕਦੋਂ ਦੀ ਬਿਨਾ ਸਵੈਟਰ ਪਾਏ ਤੋਂ ਇਥੇ ਖਲੋਤੀ ਏ ਠੰਡ ਵਿਚ..”
ਦੋਹਾਂ ਨੇ ਵਰ੍ਹਿਆਂ ਬਾਅਦ ਸ਼ਾਇਦ ਇੱਕ ਦੂਜੇ ਨੂੰ ਏਨੇ ਗਹੁ ਨਾਲ ਤੱਕਿਆ..ਨੈਣਾ ਨੇ ਇੱਕ ਦੂਜੇ ਦੇ ਦਿਲਾਂ ਵਿਚੋਂ ਚਿਰਾਂ ਤੋਂ ਗੁਆਚ ਗਈ ਮੁਹੱਬਤ ਪੜ ਲਈ..
ਥੋੜੇ ਚਿਰ ਮਗਰੋਂ ਹੀ ਨਿੱਘੇ ਥਾਂ ਬੈਠੇ ਹੋਏ ਉਹ ਦੋਵੇਂ ਅਦਰਕ ਇਲੈਚੀਆਂ ਵਾਲੀ ਗਰਮ ਚਾਹ ਦਾ ਲੁਤਫ਼ ਲੈਂਦੇ ਹੋਏ ਪੂਰਾਣੀਆਂ ਯਾਦਾਂ ਦੀਆਂ ਪਰਤਾਂ ਫਰੋਲ ਰਹੇ ਸਨ..ਕੋਲ ਹੀ ਟੀ ਵੀ ਤੇ ਚੱਲ ਰਹੇ ਯਮਲੇ ਜੱਟ ਦੇ ਇੱਕ ਪੂਰਾਣੇ ਗੀਤ ਦੇ ਕੁਝ ਬੋਲ ਖੁਸ਼-ਗਵਾਰ ਮਾਹੌਲ ਵਿਚ ਮਿਸ਼ਰੀ ਘੋਲ ਰਹੇ ਸਨ..
“ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ..ਜੋ ਅੱਲੜ ਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ”
ਹਰਪ੍ਰੀਤ