ਇੱਕ ਵਾਰ ਇੱਕ ਬੰਦਾ ਥਾਲ਼ੀ ਵਿੱਚ ਰੋਟੀ ਲੈ ਕੇ ਬੈਠਾ ਸੀ , ਪਰ ਸਬਜ਼ੀ ਕੋਈ ਨਾ ਨਸੀਬ ਹੋਈ , ਅਖੀਰ ਬੁਰਕੀ ਤੋੜ ਕੇ ਥਾਲੀ ਨਾਲ ਘਸਾ ਕੇ ਰੋਟੀ ਖਾਣ ਲੱਗ ਪਿਆ ।ਕਿਸੇ ਨੇ ਵੇਖ ਕੇ ਪੁੱਛਿਆ ਕਿ ਇਹ ਕੀ ਕਰਦਾ ਏਂ ਭਾਈ ?
ਜੁਆਬ ਦਿੱਤਾ ਕਿ ਸਬਜ਼ੀ ਤਾਂ ਹੈ ਨਹੀਂ, ਖਿਆਲਾਂ ਵਿੱਚ ਈ ਅਚਾਰ ਨਾਲ ਲਾ ਕੇ ਰੋਟੀ ਖਾ ਰਿਹਾਂ।
ਵੇਖਣ ਵਾਲੇ ਨੇ ਕਿਹਾ ਕਿ ਕਮਲਿਆ, ਜੇ ਖਿਆਲਾਂ ਚ ਈ ਖਾਣੀ ਏ ਤਾਂ ਸ਼ਾਹੀ ਪਨੀਰ ਨਾਲ ਖਾਹ, ਏਸ ਵੇਲੇ ਕਾਹਤੋਂ ਕੰਜੂਸੀ ਕਰੀ ਜਾਨਾ , ਇਹਦਾ ਕਿਹੜਾ ਬਿੱਲ ਆਉਣ ਲੱਗਾ !
ਬੇਸ਼ੱਕ ਇਹ ਇੱਕ ਬੰਦੇ ਦੀ ਗੱਲ ਏ ਪਰ ਬਹੁਤੇ ਲੋਕਾਂ ਤੇ ਢੁੱਕਦੀ ਏ । ਗੁੜ ਖਾਣ ਦੇ ਸ਼ੁਕੀਨ ਨੂੰ ਸੁਪਨੇ ਵੀ ਗੁੜ ਦੇ ਈ ਆਉਣਗੇ , ਬਰਫੀ ਦੇ ਨਹੀਂ ।
ਇੱਕ ਕਰੋੜਪਤੀ ਸੇਠ ਸੀ, ਸਿਰੇ ਦਾ ਕੰਜੂਸ, ਨੌਕਰ ਵੀ ਨੱਕੋਂ ਮੂੰਹੋਂ ਝੁੱਲ ਕੇ ਈ ਨੌਕਰੀ ਕਰਦੇ ਸਨ ਉਹਦੀ , ਸਿਹਤ ਖ਼ਰਾਬ ਹੋਈ ਵਿਚਾਰੇ ਦੀ ਤਾਂ ਖ਼ੁਦ ਦੇ ਇਲਾਜ ਵਿੱਚ ਵੀ ਹੱਥ ਘੁੱਟ ਗਿਆ। ਨਤੀਜਾ , ਰਾਮ ਨਾਮ ਸੱਤ ਹੋ ਗਿਆ ਸੇਠ ਸਾਹਬ ਦਾ। ਉਸਦੀ ਖ਼ੂਬਸੂਰਤ ਪਤਨੀ ਨੇ ਆਪਣੇ ਇੱਕ ਸੋਹਣੇ ਜਿਹੇ , ਖੁਸ਼ਮਿਜ਼ਾਜ਼ ਨੌਕਰ ਨਾਲ ਵਿਆਹ ਕਰਵਾ ਲਿਆ ਸੇਠ ਦੀ ਮੌਤ ਤੋਂ ਤੁਰੰਤ ਬਾਅਦ । ਨੌਕਰ ਵਿਆਹ ਕਰਵਾ ਕੇ ਰੱਬ ਨੂੰ ਸ਼ੁਕਰਾਨਾ ਕਰਦਿਆਂ ਕਹਿਣ ਲੱਗਾ ਕਿ
ਵਾਹ ਰੱਬਾ , ਕੀ ਟੋਪੀ ਘੁਮਾਉਂਦਾ ਏਂ ਤੂੰ ਵੀ ਯਾਰਾ, ਮੈਂ ਸਮਝਦਾ ਸੀ ਕਿ ਸੇਠ ਦੀ ਨੌਕਰੀ ਕਰਦਾਂ ,ਪਰ ਅੱਜ ਸਮਝ ਆਈ ਕਿ ਉਹ ਗਰੀਬ ਤਾਂ ਸਾਰੀ ਉਮਰ ਮੇਰੀ ਨੌਕਰੀ ਕਰਦਾ ਰਿਹਾ , ਪਾਈ ਪਾਈ ਜੋੜਦਾ ਰਿਹਾ ਕੰਜੂਸੀ ਕਰ ਕਰਕੇ ।
ਤੰਗਦਿਲ ਬੰਦਾ ਹਰ ਯਗਾ ਕੰਜੂਸੀ ਕਰਦਾ ਏ ,ਕਿਸੇ ਦੀ ਬਣਦੀ ਸਿਫਤ ਕਰਨ ਵਿੱਚ ਵੀ ਕੰਜੂਸੀ, ਹੱਸਣ ਚ ਵੀ ਸਰਫ਼ਾ ,ਅਜਿਹੇ ਬੰਦੇ ਹੱਥ ਵੀ ਮਿਲਾਉਣਗੇ ਤਾਂ ਪੋਟੇ ਜਿਹੇ ਇਵੇਂ ਛੁਹਾਉਣਗੇ ਕਿ ਕਿਤੇ ਉਂਗਲਾਂ ਨਾ ਘਸ ਜਾਣ ।ਕੱਪੜੇ ਖਰੀਦਣ ਲੱਗਿਆਂ ਵੀ ਰੰਗ ਉਹ ਚੁਣਨਗੇ ਕਿ ਵੇਖਿਆਂ ਸੁਸਤੀ ਛਾ ਜੇ , ਚੂਹੇ ਰੰਗੇ, ਘਸਮੈਲੇ ਜਿਹੇ, ਜੋ ਧੋਣੇ ਨਾ ਪੈਣ ਛੇਤੀ ਕੀਤੇ,ਸਭ ਕੁਝ ਹੁੰਦੇ ਸੁੰਦੇ ਵੀ ਮਰੂੰ ਮਰੂੰ ਕਰਨ ਦੀ ਫ਼ਿਤਰਤ ਬਣ ਜਾਂਦੀ ਏ ਇਨਸਾਨ ਦੀ ।
ਮੇਰੇ ਘਰ ਸਾਹਮਣੇ ਇੱਕ ਗੋਰਿਆਂ ਦਾ ਬਜ਼ੁਰਗ ਜੋੜਾ ਰਹਿੰਦਾ ਏ ,ਵੇਖਣ ਨੂੰ ਬੜੇ ਈ ਗ਼ਰੀਬੜੇ ਜਿਹੇ ਨੇ ਦੋਵੇਂ ਜੀਅ, ਬੱਚਾ ਵੀ ਕੋਈ ਨਹੀਂ, ਸ਼ਾਇਦ ਏਸੇ ਕਰਕੇ ਨਹੀ ਜੰਮਿਆ ਹੋਣਾ ਕੇ ਖ਼ਰਚਾ ਕਰਨਾ ਪਵੇਗਾ ਪਾਲਣ ਪੋਸ਼ਣ ਤੇ ।ਘਸੇ ਜਿਹੇ ਕੱਪੜੇ ਪਾਉਂਦੇ ਨੇ ਹਮੇਸ਼ਾਂ , ਤੁਰ ਕੇ ਸੌਦਾ ਲੈਣ ਜਾਣਗੇ, ਟੈਕਸੀ ਕਰਦੇ ਕਦੀ ਨਹੀ ਵੇਖਿਆ, ਸਰਕਾਰੀ ਰਿਹਾਇਸ਼ ਵਿੱਚ ਫ੍ਰੀ ਰਹਿੰਦੇ ਨੇ, ਪੈਨਸ਼ਨ ਮਿਲਦੀ ਏ ਸੋਹਣੀ, ਦਵਾ ਦਾਰੂ, ਬੱਸਾਂ ਫ੍ਰੀ ਦੀਆਂ। ਪਰ ਇਹ ਕਰਮਾਂ ਵਾਲੇ ਸਿਰੇ ਦੇ ਲੀਚੜ ਨੇ, ਬੰਦਾ ਤਾਂ ਵਾਲ ਵੀ ਹਾੜੀ ਸਾਉਣੀ ਕਟਵਾਉਂਦਾ, ਜਦੋਂ ਸਿਰ ਤੇ ਗਟਾਰਾਂ ਬਹਿਣ ਲੱਗ ਪੈਣ। ਕਦੀ ਗੁੱਡ ਮੌਰਨਿੰਗ ਤੱਕ ਨਹੀ ਕਹਿੰਦੇ ਜਾਂ ਸਵੀਕਾਰ ਕਰਦੇ ਕਿਸੇ ਤੋਂ, ਕੋਲੋਂ ਲੰਘਣ ਵਾਲ਼ਿਆਂ ਨੂੰ ਇੰਜ ਨਜ਼ਰ ਅੰਦਾਜ਼ ਕਰਦੇ ਨੇ ਜਿਵੇਂ ਇਹਨਾਂ ਨੂੰ ਦੀਹਦੇ ਈ ਨਾ ਹੋਣ ।ਜ਼ਨਾਨੀ ਸਿਰੇ ਦੀ ਲਕੀਰ ਦੀ ਫਕੀਰ ਏ, ਇੱਕ ਦਿਨ ਮਿਥਿਆ ਏ ਉਹਨੇ , ਘਰੋਂ ਬਾਹਰਲੇ ਬੂਟਿਆਂ ਨੂੰ ਪਾਣੀ ਪਾਉਣ ਲਈ , ਉਸ ਦਿਨ ਹਰ ਹਾਲਤ ਵਿੱਚ ਪਾਣੀ ਪਾਉਂਦੀ ਏ, ਬੇਸ਼ੱਕ ਮੀਂਹ ਪੈਂਦਾ ਹੋਵੇ ਤਾ ਵੀ ਪਾਣੀ ਪਾਉਂਦੀ ਏ ,ਛਤਰੀ ਲੈ ਕੇ ਸਿਰ ਤੇ ।
ਲੰਘੀ ਚਾਰ ਤਾਰੀਖ਼ ਨੂੰ ਸ਼ਾਮ ਪੰਜ ਕੁ ਵਜੇ ਕੁਝ ਲੁਟੇਰੇ ਇਹਨਾਂ ਘਰ ਆਣ ਵੜੇ , ਸੁਣਨ ਵਿੱਚ ਆਇਆ ਏ ਕਿ ਦੋ ਬੈਗ ਨਕਦੀ ਦੇ ਖੋਹ ਲੈ ਕੇ ਗਏ ਇਸ ਚਿੜੀ ਚੱਬ ਜੋੜੀ ਕੋਲੋਂ ।ਦੋ ਕਮਰਿਆਂ ਦੇ ਘਰ ਚੋਂ ਲੱਖਾਂ ਪਾਊੰਡ ਲੁੱਟ ਕੇ ਲੈ ਗਏ ਲੁਟੇਰੇ , ਘਸੁੰਨ ਮੁੱਕੀ ਵੱਖਰਾ ਕਰ ਗਏ ਜਾਂਦੇ ਜਾਂਦੇ ।
ਸਾਰੀ ਉਮਰ ਬੈਂਕ ਚ ਪੈਸਾ ਨਹੀ ਰਹਿਣ ਦਿੱਤਾ ਇਸ ਹੰਸਾਂ ਦੀ ਜੋੜੀ ਨੇ, ਸਭ ਕੁਝ ਧੂ ਧੂ ਕੇ ਘਰੇ ਵਾੜ ਛੱਡਿਆ । ਨਾ ਕਦੀ ਚੱਜ ਦਾ ਖਾਧਾ , ਨਾ ਹੰਢਾਇਆ ,ਹੁਣ ਸਭ ਕੁਝ ਖੁਹਾ ਕੇ ਸਦਮੇ ਨਾਲ ਮਰਨ ਨੂੰ ਫਿਰਦੇ ਆ ਕਮਲੇ ।
ਸੁਣ ਕੇ ਦੁੱਖ ਵੀ ਬਹੁਤ ਹੋਇਆ ਪਰ ਸਿੱਖਿਆ ਵੀ ਮਿਲਦੀ ਏ ਕਿ ਜਿੰਦਗੀ ਜੀਅ ਲੈਣੀ ਚਾਹੀਦੀ ਏ, ਹਸਬ ਗੁੰਜਾਇਸ਼ , ਜੇ ਕਰ ਅੱਜ ਖੁਸ਼ ਨਹੀ ਓ ਤਾਂ ਕੱਲ੍ਹ ਨੂੰ ਸਵਾਹ ਖੁਸ਼ ਹੋਣਾ ਏ।
ਗੋਰਿਆਂ ਦੀ ਇੱਕ ਕਹਾਵਤ ਏ ਕਿ Life is just like an ice cream, you can taste it , or waste it.
ਤੀਲੇ ਵਾਲੀ ਕੁਲਫ਼ੀ ਵਰਗੀ ਏ ਜਿੰਦਗੀ, ਆਪਣੀ ਮਰਜ਼ੀ ਏ ਬੰਦੇ ਦੀ, ਸਵਾਦ ਲੈ ਲੈ ਕੇ ਖਾਵੇ ਜਾਂ ਵੇਂਹਦਾ ਰਹੇ ਇਹਦੀ ਵੱਲ ਕਿ ਅਗਲੇ ਸਾਲ ਖਾਊੰਗਾ , ਜਦੋਂ ਕਿਸੇ ਮੁਕਾਮ ਤੇ ਪਹੁੰਚ ਲਵਾਂਗਾ ।
ਤੇ ਯਕੀਨ ਜਾਣਿਓ, ਅਜਿਹੀ ਸੋਚ ਵਾਲੇ ਦਾ ਉਹ ਸਾਲ ਜਾ ਪਲ ਕਦੀ ਨਹੀ ਆਉਣਾ ।
ਖ਼ਰਬੂਜ਼ਿਆਂ ਜਾਂ ਜਾਮਨੂੰਆਂ ਦਾ ਸਵਾਦ ਉਹਨਾ ਦੀ ਰੁੱਤ ਵਿੱਚ ਈ ਲੈ ਲੈਣਾ ਬਣਦਾ ਏ , ਬਾਅਦ ਵਿੱਚ ਨਹੀਂ । ਇਨਸਾਨ ਹਾਲਾਤਾਂ ਤੋਂ ਘੱਟ ਪਰ ਆਪਣੀ ਦਕੀਆਨੂਸੀ ਸੋਚ ਕਰਕੇ ਵੱਧ ਨਰਕ ਭੋਗਦਾ ਏ ਅਕਸਰ ।
ਆਪਣੇ ਆਪ ਲਈ ਵਕਤ ਕੱਢਣਾ ਬੇਹੱਦ ਜ਼ਰੂਰੀ ਏ, ਕਾਦਰ ਦੀ ਕੁਦਰਤ ਨੂ ਮਾਨਣਾ , ਉਸਦੀ ਸਿਫ਼ਤ ਸਲਾਹ ਕਰਨੀ, ਮਸਤੀ ਵਿੱਚ ਗੁਣਗੁਣਾਉਣਾ , ਚੰਗਾ ,ਸਾਫ ਸੁਥਰਾ ਖਾਣਾ, ਹੰਢਾਉਣਾ ਤੇ ਖੁਸ਼ ਰਹਿਣਾ ਵੀ ਇਬਾਦਤ ਈ ਏ , ਉਸ ਪਰਵਰਦਿਗਾਰ ਦਾ ਸ਼ੁਕਰਾਨਾ ਈ ਏ ਮਨੁੱਖਾ ਜੀਵਨ ਦੇਣ ਲਈ , ਤੰਦਰੁਸਤੀ ਲਈ । ਸ਼ੁਕਰਾਨੇ ਤੇ ਮੁਸਕਾਨ ਵੇਲੇ ਤਾਂ ਕਦੀ ਵੀ ਕੰਜੂਸੀ ਨਹੀ ਵਰਤਣੀ ਬਣਦੀ ,ਜਿਉਂਦੇ ਹਾਂ ਤਾਂ ਜਿੰਦਗੀ ਧੜਕਣੀ ਵੀ ਚਾਹੀਦੀ ਏ, ਜਿਉਂਦੇ ਦਿਸਣਾ ਵੀ ਬਣਦਾ ਏ । ਵਰਾਛਾਂ ਘੁੱਟ ਕੇ ਹੱਸਿਆ ਹਾਸਾ ਵੇਖਣ ਨੂੰ ਸੋਹਣਾ ਵੀ ਨਹੀ ਲੱਗਦਾ ਤੇ ਰੂਹ ਨੂੰ ਖੇੜਾ ਵੀ ਨਹੀਂ ਦੇਂਦਾ ।
ਇੱਕ ਨੂੰ ਸਵਾ ਲੱਖ ਕਹਿਣ ਨਾਲ ਸਵਾ ਲੱਖ ਨਹੀ ਹੋ ਜਾਂਦਾ ਪਰ ਚੜ੍ਹਦੀ ਕਲਾ ਦਾ ਪ੍ਰਤੀਕ ਜ਼ਰੂਰ ਬਣ ਜਾਂਦਾ ਏ । ਲੰਗਰ “ਮੁੱਕ ਗਿਆ “ਕਹਿਣ ਨਾਲ਼ੋਂ ਲੰਗਰ “ਮਸਤ “ਹੋਇਆ ਕਹਿਣ ਨਾਲ ਰੋਟੀ ਨਹੀ ਮਿਲ ਜਾਂਦੀ , ਪਰ ਅਜਿਹਾ ਕਹਿਣ ਨਾਲ ਚੜ੍ਹਦੀ ਕਲਾ ਦਾ ਮਾਹੌਲ ਜ਼ਰੂਰ ਪੈਦਾ ਹੁੰਦਾ ਏ।
ਨਕਾਰਾਤਮਕ ਸੋਚ ਵਾਲੇ ਨੂੰ ਕੋਈ ਦਵਾ ਅਸਰ ਨਹੀ ਕਰਦੀ ਤੇ ਹਰ ਹਾਲ ਖੁਸ਼ ਰਹਿਣ ਵਾਲ਼ਿਆਂ ਤੋਂ ਫਿਕਰ, ਚਿੰਤਾ , ਬੀਮਾਰੀ ਵੀ ਰਾਹ ਬਦਲ ਲੈਂਦੇ ਨੇ ।
ਕੀ ਖਿਆਲ ਏ ਤੁਹਾਡਾ, ਹੈਗੇ ਨੇ ਕੁਝ ਲੋਕ ਅਜਿਹੇ ,ਸਾਡੇ ਤੁਹਾਡੇ ਇਰਦ ਗਿਰਦ ,ਮੇਰੇ ਗਵਾਂਢੀਆਂ ਵਰਗੇ , ਅਮੀਰ ਸੇਠ ਵਰਗੇ ?
ਜ਼ਰੂਰ ਹੋਣਗੇ, ਪਰ ਉਹਨਾ ਦੀ ਚਿੰਤਾ ਛੱਡ ਕੇ ਇਹ ਸੋਚਣਾ ਬਣਦਾ ਏ ਕਿ ਕਿਤੇ ਅਸੀਂ ਵੀ ਤਾ ਉਵੇਂ ਦੀ ਜਿੰਦਗੀ ਨਹੀ ਜੀਅ ਰਹੇ ।
ਅਸੀਂ ਉਹੀ ਹੁੰਦੇ ਹਾਂ , ਜੋ ਖ਼ੁਦ ਬਾਰੇ ਸੋਚਦੇ ਹਾਂ । ਜਿੰਦਗੀ ਤੋ ਵੱਧ ਕੀਮਤੀ ਹੋਰ ਕੁਝ ਵੀ ਨਹੀਂ, ਇਸਨੂੰ ਜੀਣ ਦਾ ਨਜ਼ਰੀਆ ਹੀ ਸਾਡੀ ਜਿੰਦਗੀ ਦੀ ਪੱਧਰ ਤੈਅ ਕਰਦਾ ਏ।
ਦਵਿੰਦਰ ਸਿੰਘ ਜੌਹਲ