ਵਸ਼ਾਖੀਆਂ

by admin

ਸ਼ਾਨ-ਏ-ਪੰਜਾਬ ਦੇ AC ਕੋਚ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ ਤਾਂ ਉਤਸੁਕਤਾ ਜਿਹੀ ਜਾਗੀ ਕੇ ਨਾਲ ਦੀਆਂ ਸੀਟਾਂ ਵਾਲੇ ਹਮਸਫਰ ਕਿਹੜੇ ਕਿਹੜੇ ਨੇ ?
ਇੱਕ ਨਾਮ ਪੜਿਆ ਤਾਂ ਸੋਚਣ ਲੱਗਾ ਕੇ ਚਲੋ ਦੋ ਘੰਟੇ ਦਾ ਸਫ਼ਰ ਚੰਗਾ ਕਟ ਜਾਊਗਾ
ਅੰਦਰ ਗਿਆ ਤਾਂ ਸਾਮਣੇ ਵਾਲੀ ਸੀਟ ਤੇ ਸਧਾਰਨ ਜਿਹੇ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਦੀ ਕਿਸੇ ਖਬਰ ਤੇ ਨਜਰਾਂ ਗੱਡੀ ਬੈਠੀ ਹੋਈ ਸੀ

ਨਜਰਾਂ ਮਿਲੀਆਂ ਤੇ ਫੇਰ ਮੌਕਾ ਸੰਭਾਲਦੇ ਨੇ ਹਲਕੀ ਜਿਹੀ ਮੁਸਕਾਨ ਦੇ ਨਾਲ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਤੇ ਮਾੜੀ ਮੋਟੀ ਗੱਲਬਾਤ ਦਾ ਸਿਲਸਿਲਾ ਵੀ ਤੁਰ ਜਿਹਾ ਪਿਆ
ਫੇਰ ਗੱਲਾਂ ਗੱਲਾਂ ਵਿਚ ਪਤਾ ਲੱਗਾ ਕੇ ਮਾਲ ਮਹਿਕਮੇ ਵਿਚ ਲਾ-ਅਫਸਰ ਦੀ ਨਵੀਂ-ਨਵੀਂ ਨਿਯੁਕਤੀ ਹੋਈ ਸੀ ਤੇ ਪਹਿਲੀ ਜੋਈਨਿੰਗ ਲਈ ਵਾਇਆ ਰਾਜਪੂਰਾ ਚੰਡੀਗੜ ਜਾ ਰਹੀ ਸੀ !
ਪਿਛੋਕੜ ਪੇਂਡੂ ਪਰ ਸੀ ਜੱਟਾਂ ਦੀ ਕੁੜੀ…ਉੱਤੋਂ ਸੂਰਤ ਅਤੇ ਸੀਰਤ ਦਾ ਐਸਾ ਸੁਮੇਲ ਕੇ ਜਦੋਂ ਗੱਲ ਕਰਦੀ ਤਾਂ ਲੱਗਦਾ ਬੋਲ ਨਹੀਂ ਫੁੱਲ ਝੜਦੇ ਸਨ ਤੇ ਹੈ ਵੀ ਮਾਪਿਆਂ ਦੀ ਇਕਲੌਤੀ ਸੰਤਾਨ…!

ਮੈਂ ਗਜਟਿਡ ਕਲਾਸ ਵਾਲੀ ਆਪਣੀ ਸਰਕਾਰੀ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿਚ ਜਜਬਾਤਾਂ ਦੀ ਕਿਸ਼ਤੀ ਲੈ ਬਹੁਤ ਦੂਰ ਤੱਕ ਨਿੱਕਲ ਗਿਆ!
ਸੋਚਣ ਲੱਗਾ ਕੇ ਦੇਖਣ ਨੂੰ ਵੀ ਹੂ-ਬਹੂ ਵੈਸੀ ਹੀ ਲੱਗਦੀ ਸੀ ਜੈਸੀ ਦਾ ਜਿਕਰ ਮਾਂ ਅਕਸਰ ਹੀ ਗੱਲਾਂ ਗੱਲਾਂ ਵਿਚ ਕਰਿਆ ਕਰਦੀ ਸੀ..ਰਹੀ ਗੱਲ ਡੈਡ ਦੀ..ਓਹਨਾ ਦਾ ਕੀ ਹੈ…ਝੱਟ ਹੀ ਮੰਨ ਜਾਣਾ ਓਹਨਾ ਨੇ ਤਾਂ!

ਵਾਹ ਰੱਬਾ..ਸਦਕੇ ਜਾਵਾਂ ਤੇਰੀ ਜੋੜੀਆਂ ਘੜਨ ਵਾਲੀ ਇਸ ਅਦੁੱਤੀ ਕਲਾ ਤੇ !

ਖਿਆਲਾਂ ਦੇ ਘੋੜੇ ਤੇ ਚੜੇ ਹੋਏ ਨੂੰ ਪਤਾ ਹੀ ਨੀ ਲੱਗਾ ਕਦੋ ਰਾਜਪੂਰਾ ਆ ਗਿਆ ਅਫਸੋਸ ਜਿਹਾ ਹੋਇਆ ਪਰ ਪਿੰਡ ਅਤੇ ਐਡਰੈੱਸ ਦਾ ਪਤਾ ਲੱਗ ਚੁਕਾ ਸੀ ਤੇ ਹੁਣ ਬੱਸ ਅਗਲੀ ਮੁਲਾਕਾਤ ਦਾ ਇੰਤਜਾਰ ਸੀ

ਜਾਂਦੀ ਵਾਰੀ ਮੈਂ ਸ਼ਿਸ਼ਟਾਚਾਰ ਵੱਜੋਂ ਉਸਦਾ ਸਮਾਨ ਕੱਢਣ ਵਿਚ ਮਦਦ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ !

ਉਸਨੇ ਵੀ ਮੁਸ੍ਕੁਰਾਉਂਦੀ ਹੋਈ ਨੇ ਸੀਟ ਦੇ ਹੇਠਾਂ ਪਏ ਆਪਣੇ ਸਮਾਨ ਵੱਲ ਇਸ਼ਾਰਾ ਕਰ ਦਿੱਤਾ!

ਹੇਠਾਂ ਪਏ ਸਮਾਨ ਤੇ ਜਦੋਂ ਨਜਰ ਪਈ ਤਾਂ ਅਚਾਨਕ ਜ਼ੋਰਦਾਰ ਚੱਕਰ ਜਿਹਾ ਆਇਆ..ਅੱਖਾਂ ਅੱਗੇ ਹਨੇਰੀ ਜਿਹੀ ਛਾ ਗਈ ਤੇ ਮੇਰੀ ਸੋਚਣ ਸਮਝਣ ਤੇ ਦੇਖਣ ਦੀ ਸ਼ਕਤੀ ਇੱਕਦਮ ਜਾਂਦੀ ਰਹੀ !

ਥੋੜੇ ਚਿਰ ਮਗਰੋਂ ਜਦੋਂ ਹੋਸ਼ ਆਈ ਤਾਂ ਦੇਖਿਆ ਉਹ ਪਲੇਟ ਫਾਰਮ ਤੇ “ਵਸ਼ਾਖੀਆਂ” ਦੇ ਸਹਾਰੇ ਤੁਰੀ ਜਾ ਰਹੀ ਸੀ…ਸ਼ਾਇਦ ਲੱਤਾਂ ਵਿਚ ਕੋਈ ਜਮਾਂਦਰੂ ਨੁਕਸ ਸੀ…ਸਾਰੇ ਸੁਫ਼ਨੇ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਏ!

ਪਦਾਰਥਵਾਦ ਦੇ ਇਸ ਯੁੱਗ ਵਿਚ ਹੁਸਨ ਜਵਾਨੀ ਪਿਆਰ ਮੁਹੱਬਤ ਅਤੇ ਰੂਹ ਦੀਆਂ ਖ਼ੁਸ਼ਬੋਈਆਂ…ਇਸ ਸਭ ਕੁਝ ਦਾ ਬੜੀ ਚਲਾਕੀ ਨਾਲ ਬਾਜ਼ਾਰੀਕਰਨ ਕਰ ਦਿੱਤਾ ਗਿਆ ਏ…
ਕਿਸੇ ਵੇਲੇ ਦੇ ਹੁੰਦੇ ਵਿਆਹ ਸਾਰੀ ਉਮਰਾਂ ਦੇ ਪੱਕੇ-ਪੀਠੇ ਸੌਦੇ ਹੋਇਆ ਕਰਦੇ ਸਨ..
ਜੋ ਜਿੱਦਾਂ ਦਾ ਇੱਕ ਵਾਰ ਮਿਲ ਗਿਆ ਬਸ ਮਿਲ ਗਿਆ..ਕਿਸੇ ਨਾਲ ਕੋਈ ਰੰਜ ਨੀ…ਕੋਈ ਗਿਲਾ ਸ਼ਿਕਵਾ ਨੀ….

ਪਰ ਅੱਜ ਕੱਲ ਫੇਸਬੂਕ ਸਨੈਪ-ਚੈਟ ਅਤੇ ਇੰਸਟਾਗ੍ਰਾਮ ਦੇ ਜਮਾਨੇ…ਨਾਲ ਤੁਰੀ ਜਾਂਦੀ ਬਸ ਸੋਹਣੀ ਜਿਹੀ ਮਾਡਲ ਲੱਗਣੀ ਚਾਹੀਦੀ ਏ..ਅਸਲੀ ਚੇਹਰਾ ਭਾਵੇਂ ਮੇਕਅੱਪ ਦੀ ਮੋਟੀ ਤਹਿ ਹੇਠ ਦੱਬਿਆ ਹੋਵੇ…ਦਿਲ-ਵਿਲ ਪਿਆਰ-ਵਿਆਰ ਅਤੇ ਜਜਬਾਤਾਂ ਦੀ ਸੁੰਦਰਤਾ ਜਾਵੇ ਭਾਵੇਂ ਢੱਠੇ ਖੂਹ ਵਿਚ..ਉਸਦੀ ਪ੍ਰਵਾਹ ਕੌਣ ਕਰਦਾ ਏ !

ਹਰਪ੍ਰੀਤ ਸਿੰਘ ਜਵੰਦਾ

You may also like