ਦੋ ਸਾਲ ਪਹਿਲਾਂ ਫਰਵਰੀ ਮਹੀਨੇ ਦੀ ਗੱਲ ਏ
ਸਟੋਰ ਦੇ ਅੰਦਰ ਵੜਨ ਲੱਗਾ ਹੀ ਸਾਂ ਕੇ ਪਿੱਛੋਂ ਅਵਾਜ ਜਿਹੀ ਆਈ !
ਮੁੜ ਕੇ ਦੇਖਿਆਂ ਤਾਂ ਬਜ਼ੁਰਗ ਗੋਰਾ ਸ਼ਾਇਦ ਕਿਸੇ ਕਾਰਨ ਪਾਰਕਿੰਗ ਵਿਚ ਠੇਡਾ ਖਾ ਕੇ ਡਿਗ ਪਿਆ ਸੀ
ਮੈਂ ਭੱਜ ਕੇ ਜਾ ਆਸਰਾ ਜਿਹਾ ਦੇ ਕੇ ਉਠਾਇਆ ਤੇ ਇੱਕ ਪਾਸੇ ਬਿਠਾ ਦਿੱਤਾ!
ਗਹੁ ਨਾਲ ਦੇਖਿਆਂ ਤਾਂ ਉਹ ਕੰਬਦੇ ਹੱਥਾਂ ਨਾਲ ਨੱਕ ਚੋ ਵਗਦਾ ਹੋਇਆ ਖੂਨ ਪੂੰਝ ਰਿਹਾ ਸੀ
ਮੈਨੂੰ ਪਹਿਲੀ ਨਜ਼ਰੇ ਲੱਗਾ ਕੇ ਸ਼ਾਇਦ ਡਰਿੰਕ ਕੀਤੀ ਹੋਈ ਹੈ ਪਰ ਅਸਲ ਵਿਚ ਉਹ ਵਡੇਰੀ ਉਮਰ ਵਾਲਾ ਕਾਂਬਾ ਸੀ!
ਮੈਂ ਕੋਲ ਖਲਿਆਰੇ ਆਪਣੇ ਟਰੱਕ ਵਿਚੋਂ ਨੈਪਕਿਨ ਕੱਢ ਲਿਆਇਆ ਤੇ ਨਾਲ ਹੀ ਪਾਣੀ ਦੀ ਬੋਤਲ ਫੜਾਉਂਦੇ ਹੋਏ ਨੇ ਪੁੱਛ ਲਿਆ ਕੇ ਮਿੱਤਰਾ ਜੇ ਸੱਟ ਜਿਆਦਾ ਏ ਤਾਂ ਐਮਬੂਲੈਂਸ ਬੁਲਾ ਦੇਵਾਂ?
ਅੱਗੋਂ ਆਖਣ ਲੱਗਾ ਕੇ “ਨੋ ਥੈਂਕ ਯੂ ਮੈਨ…ਹੁਣ ਮੈੰ ਠੀਕ ਹਾਂ “
ਅੱਧੇ ਘੰਟੇ ਮਗਰੋਂ ਹੀ ਅੰਦਰ ਘੁੰਮਦੇ ਘੁਮਾਉਂਦੇ ਨੂੰ ਗ੍ਰੀਟਿੰਗ ਕਾਰਡ ਵਾਲੇ ਸੈਕਸ਼ਨ ਵਿਚ ਕਾਰਡ ਫਰੋਲਦਾ ਇੱਕ ਵਾਰ ਫੇਰ ਟੱਕਰ ਗਿਆ…ਨੱਕ ਅਜੇ ਵੀ ਇੱਕ ਹੱਥ ਨਾਲ ਢਕਿਆ ਹੋਇਆ ਸੀ…!
ਮੈਂ ਇੱਕ ਵਾਰ ਫੇਰ ਪੁੱਛ ਲਿਆ….ਹੁਣ ਕੀ ਹਾਲ ਹੈ ਤੇਰਾ ਮਿੱਤਰਾ ਤੇਰਾ ਤੇ ਨਾਲੇ ਇਥੇ ਕਾਰਡ ਸੈਕਸ਼ਨ ਵਿਚ ਕੀ ਲੱਭੀ ਜਾਂਦਾ ਏ?
ਕਹਿੰਦਾ ਨਾਲਦੀ ਵਾਸਤੇ ਵੈਲੇਨਟਾਈਨ ਕਾਰਡ ਲੈਣ ਆਇਆ ਹਾਂ..ਨਾ ਦੇਵਾਂ ਤਾਂ ਗੁੱਸਾ ਕਰ ਜਾਂਦੀ ਏ..ਤੇ ਆਖ ਦਿੰਦੀ ਏ ਕੇ ਮੈਨੂੰ ਤਲਾਕ ਦੇ ਦੇਣਾ ਏ..ਭਾਵੇਂ ਕੈਂਸਰ ਦੀ ਆਖਰੀ ਸਟੇਜ ਏ ਪਰ ਫੇਰ ਵੀ ਇਹ ਕਾਰਡ ਲਏ ਬਗੈਰ ਨਹੀਂ ਜਾਂਦੀ ਇਸ ਜਹਾਨ ਤੋਂ..ਅੜਬ ਸੁਭਾ ਦੀ ਏ ਪਰ ਦਿਲ ਦੀ ਹੈ ਬੜੀ ਹੀ ਚੰਗੀ ”
ਪੂਰਾਣਾ ਗੀਤ ਯਾਦ ਆ ਗਿਆ..
“ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ”..ਤੇ ਨਾਲ ਹੀ ਇਹ ਸਮਝ ਵੀ ਆ ਗਈ ਕੇ ਚੰਗੇ ਭਲੇ ਤੁਰੇ ਜਾਂਦੇ ਨੂੰ ਅਚਾਨਕ ਠੇਡਾ ਕਿਓਂ ਲੱਗ ਗਿਆ ਸੀ !