ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ । ਅੱਜ ਤੋਂ ਕੋਈ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਮੈ ਆਪਣੇ ਪੰਜਾਬੀ ਪ੍ਰਾਪਰਟੀ ਵੇਚਣ ਵਾਲੇ ਏਜੰਟ ਨਾਲ ਜ਼ਮੀਨ ਦੇਖ ਰਿਹਾ ਸੀ ਤਾਂ ਉਹ ਮੈਨੂੰ ਕਹਿੰਦਾ ਆਹ ਤੈਨੂੰ ਇਕ ਘਰ ਦਿਖਾਵਾਂ ਜੋ ਆਪਣਾ ਪੰਜਾਬੀ ਮੁੰਡਾ ਪਾ ਰਿਹਾ ਤੇ ਉਹਨੇ ਕਾਰ ਇਕ ਘਰ ਕੋਲ ਲਿਜਾ ਕੇ ਲਾ ਦਿੱਤੀ । ਮੈ ਕਿਹਾ ਆਹ ਕਿਹੜੀ ਵੱਡੀ ਗੱਲ ਹੈ ? ਥੋੜਾ ਵੱਡਾ ਹੈ ਪਰ ਆਮ ਘਰਾਂ ਵਰਗਾ ਹੀ ਘਰ ਹੈ । ਉਹ ਹੱਸਣ ਲੱਗ ਪਿਆ ਕਹਿੰਦਾ ਇਹ ਤਾਂ ਕਾਰਾਂ ਪਾਰਕ ਕਰਨ ਲਈ ਗੈਰਾਜ ਹੈ ਘਰ ਤਾਂ ਹੌਅ ਬਣਦਾ । ਇਹ ਘਰ ਦਸ ਏਕੜ ਜ਼ਮੀਨ ਵਿੱਚ ਬਣ ਰਿਹਾ ਸੀ । ਜਦੋਂ ਮੈ ਅੰਦਰ ਵੜ ਕੇ ਛੱਤ ਵੱਲ ਮੂੰਹ ਕੀਤਾ ਤਾਂ ਪੱਗ ਲਹਿਣ ਵਾਲੀ ਹੋ ਗਈ । ਅੰਦਰ ਵੜ ਕੇ ਸੁਰਤੀ ਭੌਂਅ ਗਈ । ਏਡਾ ਵੱਡਾ ਘਰ ? ਓ ਮੇਰੇ ਰੱਬਾ । ਸਾਡੇ ਇੱਥੇ ਘਰ ਲੱਕੜ ਦੇ ਬਣਦੇ ਹਨ ਤੇ ਉਹਦੀ ਹਾਲੇ ਫਰੇਮਿੰਗ ਹੋ ਰਹੀ ਸੀ । ਮਤਲਬ ਛੱਤ ਪੈ ਗੀ ਸੀ ਪਰ ਅੰਦਰੋਂ ਕੰਧਾਂ ਤੇ ਪੌੜੀਆਂ ਹੋਰ ਸਾਰਾ ਕੰਮ ਪਿਆ ਸੀ ।
ਖ਼ੈਰ ਮੇਰੇ ਕੋਲ ਸਾਰਾ ਘਰ ਦੇਖਣ ਦੀ ਹਿੰਮਤ ਨਹੀਂ ਪਈ । ਮੈ ਕਿਹਾ ਛੱਡ ਯਾਰ । ਇਹੋ ਜਹੇ ਘਰ ਦੀ ਮਨੁੱਖ ਨੂੰ ਕੀ ਲੋੜ ਹੈ ? ਅੰਦਰ ਕਿਹੜਾ ਹਾਥੀ ਬੰਨ੍ਹਣੇ ਹਨ ? ਉਹ ਨੌਜਵਾਨ ਮੁੰਡੇ ਦਾ ਵਾਹਵਾ ਕੰਮ ਚੱਲਦਾ ਸੀ ਤੇ ਬਹੁਤ ਸਾਰੇ ਘਰ ਤੇ ਪਲਾਟ ਵੇਚ ਚੁੱਕਾ ਸੀ । ਇਕ ਬਾਹਰ ਕੰਪਨੀ ਠੇਕੇ ਲੈਂਦੀ ਸੀ । ਤੇ ਅੰਨਾਂ ਪੈਸਾ ਸੀ ਕੋਲ ।
ਉਹ ਘਰ ਕਈ ਸਾਲ ਬਣਦਾ ਰਿਹਾ ਤੇ ਉਹ ਸਿਟੀ ਤੋਂ ਪਾਸ ਨਹੀਂ ਕਰਾ ਸਕਿਆ । ਗਲਤੀ ਉੱਪਰ ਗਲਤੀ ਹੋ ਰਹੀ ਸੀ । ਅਖੀਰ ਉਹ ਉਵੇ ਹੀ ਖਾਲ਼ੀ ਅੱਧ ਬਣਿਆ ਘਰ ਗੋਰੇ ਨੂੰ ਵੇਚ ਗਿਆ । ਕੰਪਨੀ ਚ ਘਾਟੇ ਪੈਣੇ ਸ਼ੁਰੂ ਹੋ ਗਏ ਸੀ ਤੇ ਅਖੀਰ ਨੂੰ ਉਹ ਬੈਂਕਰਪਟ ਹੋ ਗਿਆ ।
ਇਹ ਘਰ ਗੋਰੇ ਨੇ ਪੂਰਾ ਕੀਤਾ ਤੇ ਪਿਛਲੇ ਤਿੰਨ ਕੁ ਸਾਲ ਪਹਿਲਾਂ ਉੱਥੇ ਵਾਲੀ ਜ਼ਮੀਨ ਦੇ ਲਾਗੇ ਛੋਟੇ ਛੋਟੇ ਘਰ ਪੈਣ ਲੱਗ ਪਏ ਤੇ ਇਹ ਜ਼ਮੀਨ ਦੀ ਕੀਮਤ ਕਈ ਗੁਣਾ ਵੱਧ ਗਈ । ਗੋਰੇ ਨੇ ਉਹ ਜ਼ਮੀਨ ਤੇ ਘਰ ਅੱਗੇ ਕਿਸੇ ਕੰਪਨੀ ਨੂੰ ਵੇਚ ਦਿੱਤਾ ਤੇ ਉਹ ਘਰ ਢਾਅ ਦਿੱਤਾ ਗਿਆ । ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਤੇ ਹੈਰਾਨੀ ਵੀ ਕਿ ਬੰਦਾ ਇਕ ਘਰ ਪਿੱਛੇ ਕਿੰਨੇ ਕਿੰਨੇ ਦੁੱਖ ਝੱਲਦਾ ਤੇ ਕੀ ਕੀ ਪਾਪੜ ਵੇਲਦਾ । ਸਾਡੇ ਇੱਥੇ ਘਰਾਂ ਦੀ ਮੁਨਿਆਦ ਕੋਈ 100 ਕੁ ਸਾਲ ਹੁੰਦੀ ਹੈ ਪਰ ਇਸ ਵੱਡੇ ਘਰ ਨੂੰ ਵੀਹ ਸਾਲ ਵੀ ਦੇਖਣੇ ਨਸੀਬ ਨਹੀਂ ਹੋਏ ਜਿਵੇਂ ਕਿਸੇ ਰਾਜੇ ਦੇ ਮਹਿਲਾਂ ਤੇ ਕਿਸੇ ਨੇ ਹਮਲਾ ਕਰ ਕੇ ਉਹਦਾ ਮਹਿਲ ਉਜਾੜ ਦਿੱਤਾ ਹੋਵੇ । ਇਕ ਰਾਤ ਸੌਣ ਦੀ ਖਾਤਿਰ ਬੰਦਾ ਸਾਰਾ ਦਿਨ ਪਸ਼ੂ ਹੋਇਆ ਰਹਿੰਦਾ ਤੇ ਸੁੱਤੇ ਪਏ ਮਨੁੱਖ ਨੂੰ ਆਪਦੇ ਘਰ ਦੀ ਖ਼ਬਰ ਨਹੀਂ ਹੁੰਦੀ ਕਿ ਕੁਲੀ ਵਿੱਚ ਸੁੱਤਾ ਪਿਆ ਕਿ ਮਹਿਲ ਵਿੱਚ । ਬਾਣ ਦੀ ਮੰਜੀ ਤੇ ਸੁੱਤਾ ਪਿਆ ਕਿ ਗੁਦੇਲੇ ਤੇ ।
ਦੁਨੀਆਂ ਦੀ ਸੱਭ ਤੋਂ ਹੁਸੀਨ ਔਰਤ ਨਾਲ ਪਈ ਹੈ ਕਿ ਨਾਲ ਦੇ ਕਮਰੇ ਵਿੱਚ ਆਪ ਦੇ ਬਚਿਆਂ ਦੀ ਮਾਂ ਪੁੱਤ ਨੂੰ ਨਾਲ ਲਈ ਪਈ ਹੈ ?
ਵੱਡੇ ਘਰ
644
previous post